“ਜਿਹੜਾ 9 ਸਾਲਾਂ ਵਿੱਚ 150 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਕੇਂਦਰ ਸਰਕਾਰ ਨੇ ਚੁੱਕਿਆ ਹੈ, ਉਹ ਖਰਚ ਕਿੱਥੇ ...”
(15 ਜੁਲਾਈ 2024)
ਇਸ ਸਮੇਂ ਪਾਠਕ: 325.
ਸਿਰਲੇਖ ਵਿੱਚ ਸੰਸਕ੍ਰਿਤ ਦਾ ਸ਼ਲੋਕ ਹੈ ਜਿਹੜਾ ਕਿ ਚਾਰਵਾਕ ਰਿਸ਼ੀ ਨੇ ਲਿਖਿਆ ਹੈ ਅਤੇ ਇਸਦਾ ਅਰਥ ਹੈ ਕਿ ਜਦੋਂ ਤਕ ਜੀਉ, ਸੁਖੀ ਜੀਉ, ਪੂਰੇ ਅਨੰਦ ਨਾਲ ਜੀਵਨ ਬਤੀਤ ਕਰੋ, ਭਾਵੇਂ ਤੁਹਾਨੂੰ ਉਧਾਰ ਲੈ ਕੇ ਘਿਓ ਪੀਣਾ ਪਾਵੇ। ਜਿਸ ਵਕਤ ਚਾਰਵਾਕ ਨੇ ਇਹ ਵਿਚਾਰ ਦਿੱਤੇ ਉਸ ਵਕਤ ਘਿਓ ਖਾਣ ਜਾਂ ਡੀਕ ਲਾ ਕੇ ਪੀਣ ਨਾਲ ਕੌਲੈਸਟਰੌਲ ਦਾ ਖਤਰਾ ਨਹੀਂ ਹੁੰਦਾ ਸੀ ਕਿਉਂਕਿ ਜਿਸਮਾਨੀ ਹਰਕਤ ਕਾਫੀ ਜ਼ਿਆਦਾ ਸੀ ਅਤੇ ਘਿਓ ਹੀ ਸਭ ਤੋਂ ਵੱਡੀ ਖੁਰਾਕ ਮੰਨੀ ਜਾਂਦੀ ਸੀ। ਚਾਰਵਾਕ ਇੱਕ ਨਾਸਤਿਕ ਰਿਸ਼ੀ ਸੀ ਜਿਸਦਾ ਕਹਿਣਾ ਸੀ ਕਿ ਇਹੋ ਇੱਕੋ ਇੱਕ ਜੀਵਨ ਹੈ, ਮੁੜ ਕੇ ਦੁਬਾਰਾ ਜੀਵਨ ਨਹੀਂ ਮਿਲਣਾ। ਕੋਈ ਸਵਰਗ ਨਰਕ ਜਾਂ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਨਹੀਂ ਹੁੰਦਾ। ਚਾਰਵਾਕ ਦੇ ਵਿਚਾਰ ਵੇਦਾਂ ਪ੍ਰਤੀ ਬੜੇ ਨਾਂਹ ਪੱਖੀ ਸਨ, ਜਿਨ੍ਹਾਂ ਦਾ ਜ਼ਿਕਰ ਮੈਂ ਇੱਥੇ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਉੱਠਦੀਆਂ ਹਨ। ਨਾ ਮੈਂ ਲੋਕਾਂ ਦੀ ਅੱਜਕਲ ਦੀ ਆਰਾਮਪ੍ਰਸਤ ਜ਼ਿੰਦਗੀ ਅਤੇ ਉਸ ਤੋਂ ਪੈਦਾ ਹੋਈਆਂ ਬਿਮਾਰੀਆਂ ਲਈ ਲਿਖਿਆ ਹੈ ਅਤੇ ਨਾ ਹੀ ਨਾਸਤਿਕਤਾ ’ਤੇ ਜ਼ੋਰ ਦੇਣ ਲਈ ਲਿਖਿਆ ਹੈ।
ਇਹ ਲੇਖ ਕੇਵਲ ਸਿਆਸਤਦਾਨਾਂ ਦੇ ਦੋਗਲੇਪਨ ਬਾਰੇ ਹੈ। ਸਿਆਸਤਦਾਨ ਵਿਖਾਵੇ ਦੇ ਤੌਰ ’ਤੇ ਬੜੇ ਧਾਰਮਿਕ ਹਨ, ਆਸਤਿਕਤਾ ਦੇ ਨਾਮ ’ਤੇ ਬੜੇ ਪੂਜਾ ਪਾਠ ਕਰਦੇ ਹਨ ਅਤੇ ਘੰਟਿਆਂ ਬੱਧੀ ਪ੍ਰਵਚਨ ਸੁਣਦੇ ਹਨ, ਧਾਰਮਿਕ ਯਾਤਰਾਵਾਂ ਕਰਦੇ ਹਨ ਅਤੇ ਕਈ ਵਾਰ ਵੋਟਾਂ ਖਾਤਿਰ ਲੋਕਾਂ ਨੂੰ ਮੁਫ਼ਤ ਧਾਰਮਿਕ ਯਾਤਰਾਵਾਂ ਕਰਵਾਉਂਦੇ ਹਨ, ਤਪੱਸਿਆ ਕਰਦੇ ਹਨ ਪਰ ਵਾਸਤਵ ਵਿੱਚ ਉਹ ਚਾਰਵਾਕ ਰਿਸ਼ੀ ਦੀ ਨਾਸਤਿਕਤਾ ’ਤੇ ਚੱਲ ਰਹੇ ਹਨ। ਲੋਕਾਂ ਨੂੰ ਭਾਵੇਂ ਸਵਰਗ ਨਰਕ, ਪਿਛਲੇ ਜਨਮਾਂ ਦੇ ਕਰਮਾਂ ਦੇ ਫਲ ਦੱਸੀ ਜਾਣ ਪਰ ਇਹਨਾਂ ਆਪ ਨੂੰ ਪਤਾ ਹੈ ਕਿ ਕੋਈ ਅਗਲਾ ਜਨਮ ਨਹੀਂ, ਕੋਈ ਸਵਰਗ ਨਰਕ ਨਹੀਂ ਹੈ, ਇਸ ਜਨਮ ਵਿੱਚ ਜਿੰਨੀ ਐਸ਼ ਕਰ ਸਕਦੇ ਹੋ ਕਰੋ, ਆਪਣੀ ਜ਼ਿੰਦਗੀ ਸਵਰਗ ਵਰਗੀ ਬਣਾਓ ਭਾਵੇਂ ਲੋਕਾਂ ਨੂੰ ਨਰਕ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿਓ। ਇਹ ਤਾਂ ਚਾਰਵਾਕ ਤੋਂ ਵੀ ਦੋ ਕਦਮ ਅੱਗੇ ਲੰਘ ਗਏ ਸਨ ਕਿਉਂਕਿ ਚਾਰਵਾਕ ਨੇ ਜਦੋਂ ਕਿਹਾ ਸੀ ਜਦੋਂ ਤਕ ਜੀਉ, ਸੁਖੀ ਜੀਉ, ਉਦੋਂ ਉਸ ਨੇ ਇਹ ਨਹੀਂ ਕਿਹਾ ਸੀ ਕਿ ਭਾਵੇਂ ਦੂਜਿਆਂ ਦੀ ਜ਼ਿੰਦਗੀ ਨਰਕ ਵਾਲੀ ਬਣਾ ਦਿਓ। ਕੁਝ ਖੱਬੇ ਪੱਖੀਆਂ ਨੂੰ ਛੱਡ ਕੇ ਬਾਕੀ ਸਾਰੇ ਸਿਆਸਤਦਾਨ ਜਿੰਨਾ ਧਰਮ ਕਰਮ ਵਿੱਚ ਲੱਗੇ ਹੋਏ ਹਨ, ਉੰਨਾ ਹੀ ਉਹ ਬੇਈਮਾਨੀ ਵਿੱਚ ਰੁੱਝੇ ਹੋਏ ਹਨ। ਪਬਲਿਕ ਦਾ ਧਨ ਉਹ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਲੁਟਾਉਂਦੇ ਹਨ ਅਤੇ ਆਪ ਵੀ ਲੁੱਟਦੇ ਹਨ ਜਾਂ ਵੋਟਾਂ ਖਾਤਿਰ ਰਿਉੜੀਆਂ ਵੰਡਣ ’ਤੇ ਖਰਚਦੇ ਹਨ। ਮੁਹਾਵਰਾ ਚੋਰੀ ਦਾ ਮਾਲ ਅਤੇ ਡਾਂਗਾਂ ਦੇ ਗਜ਼ ਇਹਨਾਂ ਉੱਤੇ ਪੂਰਾ ਢੁਕਦਾ ਹੈ।
ਭਾਜਪਾ ਸਰਕਾਰ ਨੇ ਕਿੰਨੇ ਹੀ ਮੰਦਿਰ ਬਣਵਾਏ ਹਨ ਅਤੇ ਕਿੰਨੀਆਂ ਹੀ ਮੂਰਤੀਆਂ ਬਣਵਾ ਕੇ ਸਥਾਪਿਤ ਕੀਤੀਆਂ ਹਨ। ਸਰਕਾਰ ਨੇ ਤਾਂ ਮੰਨਣਾ ਨਹੀਂ ਪਰ ਲੋਕ ਗੱਲਾਂ ਕਰਦੇ ਹਨ ਕਿ ਇਹਨਾਂ ਕੰਮਾਂ ਵਿੱਚ ਵੀ ਘਪਲੇ ਹੋਏ ਹਨ। ਉੱਤਰ ਪ੍ਰਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਸੀ ਕਿ ਜਿਹੜੀ ਜ਼ਮੀਨ ਰੀਅਲ ਇਸਟੇਟ ਵਾਲਿਆਂ ਨੇ ਕਿਸੇ ਕੋਲੋਂ 2 ਕਰੋੜ ਰੁਪਏ ਵਿੱਚ ਖਰੀਦੀ, ਉਹੀ ਜ਼ਮੀਨ ਅਯੋਧਿਆ ਵਿੱਚ ਮੰਦਿਰ ਲਈ 10 ਮਿੰਟ ਵਿੱਚ ਹੀ 18.5 ਕਰੋੜ ਵਿੱਚ ਵਿਕ ਗਈ। ਕੌਣ ਪੈਸਾ ਖਾ ਗਿਆ? ਕਿੰਨਾ ਖਾ ਗਿਆ? ਇਸ ਬਾਰੇ ਕੇਵਲ ਰੌਲਾ ਹੀ ਪੈ ਸਕਦਾ ਹੈ ਅਸਲੀਅਤ ਦਾ ਉੱਨੀ ਦੇਰ ਪਤਾ ਨਹੀਂ ਲੱਗ ਸਕਦਾ ਜਦੋਂ ਤਕ ਸੀ ਬੀ ਆਈ ਵਰਗੀਆਂ ਸੰਵਿਧਾਨਿਕ ਅਜੈਂਸਿਆਂ, ਜਿਹੜੀਆਂ ਕੇਵਲ ਕਹਿਣ ਨੂੰ ਅਜ਼ਾਦ ਹਨ ਪਰ ਵਾਸਤਵ ਵਿੱਚ ਸਰਕਾਰ ਦੀ ਮੁੱਠੀ ਵਿੱਚ ਹਨ, ਇਸ ਦੀ ਜਾਂਚ ਨਹੀਂ ਕਰਦੀਆਂ। ਇਹੋ ਚਰਚਾ ਰਾਫੇਲ ਜੰਗੀ ਜਹਾਜ਼ਾਂ ਬਾਰੇ ਹੈ। ਭਾਜਪਾ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਰਾਫੇਲ ਦੇ ਇੱਕ ਜਹਾਜ਼ ਦੀ ਕੀਮਤ 520 ਕਰੋੜ ਰੁਪਏ ਸੀ ਪਰ ਉਸ ਤੋਂ ਬਾਅਦ ਭਾਜਪਾ ਨੇ ਜਿਹੜੀ ਸੌਦੇਬਾਜ਼ੀ ਕੀਤੀ, ਉਸ ਵਿੱਚ ਕੀਮਤ ਇੱਕ ਦਮ ਵਧ ਕੇ 1600 ਕਰੋੜ ਹੋ ਗਈ। ਜਦੋਂ ਇਸ ਬਾਰੇ ਰੌਲਾ ਪਾਇਆ ਗਿਆ ਤਾਂ ਅਰੁਣ ਜੇਤਲੀ ਜੀ ਦਾ ਕਹਿਣਾ ਸੀ ਕਿ ਇਹਨਾਂ ਜਹਾਜ਼ਾਂ ਵਿੱਚ ਕੁਝ ਫਾਲਤੂ ਪੁਰਜ਼ੇ ਪਵਾਏ ਗਏ ਹਨ। ਜਦੋਂ ਪੁਰਜਿਆਂ ਬਾਰੇ ਵਿਸਥਾਰ ਮੰਗਿਆ ਗਿਆ ਤਾਂ ਜਵਾਬ ਮਿਲਿਆ ਕਿ ਮਸਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਾਰਣ ਗੁਪਤ ਰੱਖਿਆ ਗਿਆ ਹੈ, ਜਿਸ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਹੈਰਾਨਗੀ ਦੀ ਗੱਲ ਹੈ ਕਿ ਅੱਜਕਲ ਦੇ ਇੰਟਰਨੈੱਟ ਅਤੇ ਸੈਟਲਾਈਟ ਦੇ ਜ਼ਮਾਨੇ ਵਿੱਚ ਗੁਪਤ ਕੀ ਰਹਿ ਸਕਦਾ ਹੈ? ਐਵੇਂ ਗੁਪਤ, ਗੁਪਤ ਦਾ ਰੌਲਾ ਭਾਵੇਂ ਪਾਈ ਜਾਓ ਪਰ ਅੱਜਕਲ ਸਾਰੀਆਂ ਵੱਡੀਆਂ ਸ਼ਕਤੀਆਂ ਨੂੰ ਪਤਾ ਹੈ ਕਿ ਕਿਸ ਕੋਲ ਕਿੰਨੀ ਫੌਜ ਹੈ, ਕਿੰਨੇ ਹਥਿਆਰ ਹਨ, ਕਿਹੜੀ ਜੇਨਰੇਸ਼ਨ ਦੇ ਹਨ ਅਤੇ ਉਹ ਕਿੰਨੇ ਵਿਕਸਿਤ ਹਨ।
ਮੋਦੀ ਸਰਕਾਰ ਦੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਾਰਤ ਸਿਰ ਕਰਜ਼ਾ 55 ਲੱਖ ਕਰੋੜ ਸੀ, ਜਿਹੜਾ ਕਿ ਪਿਛਲੇ 70 ਸਾਲਾਂ ਵਿੱਚ ਚੜ੍ਹਿਆ ਸੀ। ਕੇਵਲ 9 ਸਾਲਾਂ ਵਿੱਚ ਹੀ (2024 ਦੇ ਆਂਕੜੇ ਅਜੇ ਆਏ ਨਹੀਂ) ਇਹ 205 ਲੱਖ ਕਰੋੜ ਹੋ ਗਿਆ। ਨਵੇਂ ਸਰਕਾਰੀ ਹਸਪਤਾਲ ਖੁੱਲ੍ਹੇ ਨਹੀਂ, ਜਿਹੜੇ ਪਹਿਲਾਂ ਦੇ ਹਨ, ਉਹਨਾਂ ਵਿੱਚ ਦਵਾਈਆਂ ਅਤੇ ਡਾਕਟਰ ਨਦਾਰਦ ਹਨ। ਨਵੇਂ ਉੱਚ ਪੱਧਰ ਦੇ ਕਾਲਜ, ਆਈ ਆਈ ਟੀ, ਜਾਂ ਯੂਨੀਵਰਸਟੀਆਂ ਖੁੱਲ੍ਹੀਆਂ ਨਹੀਂ, ਕਾਲਜਾਂ ਯੂਨੀਵਸਿਟੀਆਂ ਵਿੱਚ ਪ੍ਰੋਫੈਸਰ ਪੂਰੇ ਨਹੀਂ, 50% ਤੋਂ ਵੀ ਘੱਟ ਹਨ। ਬਿਜ਼ਨਸ ਸਟੈਂਡਰਡ ਅਨੁਸਾਰ “ਪਿਛਲੇ ਸੱਤ ਸਾਲਾਂ ਵਿੱਚ 18 ਲੱਖ ਉਦਯੋਗ ਬੰਦ ਹੋਏ ਅਤੇ 54 ਲੱਖ ਨੌਕਰੀਆਂ ਗਈਆਂ।” ਪਬਲਿਕ ਅਦਾਰੇ ਨਵੇਂ ਬਣਨ ਦੀ ਬਜਾਏ ਵਿਕ ਗਏ ਹਨ। ਨੌਕਰੀਆਂ ਦੀ ਸਿਰਜਣਾ ਨਹੀਂ ਹੋਈ, ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ। ਇਸ ਸਭ ਦੇ ਮੱਦੇਨਜ਼ਰ ਜਿਹੜਾ 9 ਸਾਲਾਂ ਵਿੱਚ 150 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਕੇਂਦਰ ਸਰਕਾਰ ਨੇ ਚੁੱਕਿਆ ਹੈ, ਉਹ ਖਰਚ ਕਿੱਥੇ ਹੋਇਆ ਹੈ, ਕੀ ਕੋਈ ਦੱਸ ਸਕਦਾ ਹੈ? ਲੋਕਾਂ ਦਾ ਜੀਵਨ ਪੱਧਰ ਵਧੀਆ ਬਣਾਉਣ ਲਈ ਤਾਂ ਕਿਸੇ ਪਾਸੇ ਖਰਚ ਨਹੀਂ ਹੋਇਆ। ਇਸ ਹਾਲਤ ਵਿੱਚ ਜੀ ਐੱਸ ਟੀ, ਆਮਦਨ ਟੈਕਸ, ਕਾਰਪੋਰੇਟ ਟੈਕਸ, ਕੁਦਰਤੀ ਸੰਸਾਧਨਾਂ ਅਤੇ ਰੇਲਵੇ ਸਟੇਸ਼ਨ, ਰੇਲ ਗੱਡੀਆਂ, ਹਵਾਈ ਅੱਡੇ ਵਿਕਣ ਤੋਂ ਹੋਈ ਆਮਦਨ ਕਾਰਣ ਕਰਜ਼ਾ 55 ਲੱਖ ਕਰੋੜ ਤੋਂ ਘਟਨਾ ਚਾਹੀਦਾ ਸੀ ਪਰ ਇਹ ਵਧ ਕਿਵੇਂ ਗਿਆ?
ਆ ਜਾ ਕੇ ਇੱਕੋ ਬਹਾਨਾ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਐਨੀਆਂ ਜ਼ਿਆਦਾ ਹਨ ਕਿ ਬੱਜਟ ਦਾ ਵੱਡਾ ਹਿੱਸਾ ਤਾਂ ਉੱਥੇ ਹੀ ਖਪ ਜਾਂਦਾ ਹੈ। ਪਰ ਜਿਹੜੇ ਵਿਧਾਨਕਾਰ, ਮੰਤਰੀ ਆਦਿ ਛੇ ਛੇ ਪੈਨਸ਼ਨਾਂ ਲੈ ਰਹੇ ਹਨ, ਕੀ ਉਨ੍ਹਾਂ ਕਾਰਣ ਦੇਸ਼ ਤੇ ਕਰਜ਼ਾ ਨਹੀਂ ਚੜ੍ਹਦਾ? ਵਿਧਾਨਕਾਰਾਂ ਦੀ ਖਰੀਦੋ ਫਰੋਖਤ ਇਹ ਆਪਣੀ ਜੇਬ ਵਿੱਚੋਂ ਖਰਚ ਕਰਕੇ ਨਹੀਂ ਕਰਦੇ, ਕੀ ਇਸ ਕਾਰਣ ਕਰਜ਼ਾ ਨਹੀਂ ਚੜ੍ਹਦਾ? ਵਿਧਾਨਕਾਰਾਂ ਦੇ ਹਵਾਈ ਸਫ਼ਰ ਮੁਫ਼ਤ ਹਨ, ਕੀ ਇਸ ਕਾਰਣ ਕਰਜ਼ਾ ਨਹੀਂ ਚੜ੍ਹਦਾ? ਵਿਧਾਨਕਾਰ ਨੂੰ ਦੋ ਨਿੱਛਾਂ ਵੀ ਆ ਜਾਣ ਤਾਂ ਵਿਦੇਸ਼ ਵਿੱਚ ਇਲਾਜ ਕਰਵਾਉਣ ਚਲੇ ਜਾਂਦੇ ਹਨ ਅਤੇ ਆ ਕੇ ਦਸ ਬਾਰਾਂ ਲੱਖ ਦਾ ਬਿੱਲ ਕਢਵਾਉਂਦੇ ਹਨ, ਕੀ ਇਸ ਨਾਲ ਕਰਜ਼ਾ ਨਹੀਂ ਚੜ੍ਹਦਾ? ਜਿਹੜੇ ਸਰਕਾਰ ਦੇ ਚੋਣ ਬਾਂਡ ਖਰੀਦਦੇ ਹਨ, ਉਨ੍ਹਾਂ ਨੂੰ ਵੀ ਤਾਂ ਕਿਸੇ ਪਾਸਿਓਂ ਬੈਂਕਾਂ ਤੋਂ ਅਸਿੱਧੇ ਢੰਗ ਨਾਲ ਲਾਭ ਪਹੁੰਚਾਉਣ ਕਾਰਣ ਕਰਜ਼ਾ ਚੜ੍ਹਦਾ ਹੈ। ਵਿਧਾਨਕਾਰਾਂ ਅਤੇ ਮੰਤਰੀਆਂ ਦੇ ਰਾਜਸੀ ਠਾਠ ਬਾਠ ਕਾਰਣ ਵੀ ਕਰਜ਼ਾ ਚੜ੍ਹਦਾ ਹੈ। ਫਿਰ ਕਹਿੰਦੇ ਹਨ ਕਿ ਇਹ ਤਾਂ ਪਿਛਲੀ ਸਰਕਾਰ ਦੀਆਂ ਨੀਤੀਆਂ ਚਲਦੀਆਂ ਆਉਣ ਕਾਰਣ ਹੋ ਰਿਹਾ ਹੈ। ਭਲੇਮਾਣਸੋ, ਇੱਕ ਪਾਸੇ ਕਹਿੰਦੇ ਹੋ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਗਲਤ ਸਨ ਦੂਜੇ ਪਾਸੇ ਆਪਣੀ ਐਸ਼ੋ ਇਸ਼ਰਤ ਵਧਾਉਣ ਲਈ ਉਹ ਨੀਤੀਆਂ ਜਾਰੀ ਵੀ ਰੱਖ ਰਹੇ ਹੋ। ਇੱਕ ਪਾਸੇ ਕਹਿੰਦੇ ਹੋ ਕਿ ਭਾਰਤ ਸੰਸਾਰ ਦੀ ਤੀਜੀ ਵੱਡੀ ਅਰਥ ਵਿਵਸਥਾ ਬਣ ਗਿਆ ਹੈ ਪਰ ਦੂਜੇ ਪਾਸੇ 80 ਕਰੋੜ ਜਨਤਾ ਐਨੀ ਗਰੀਬ ਹੈ ਕਿ ਉਹ ਤੁਹਾਡੇ ਉੱਤੇ ਹਰ ਮਹੀਨੇ ਪੰਜ ਕਿਲੋ ਰਾਸ਼ਨ ਲੈਣ ਲਈ ਨਿਰਭਰ ਹੈ। ਅਜੇ ਤਾਂ ਉਹ ਹੇਰਾਫੇਰੀਆਂ ਹੋਰ ਵੀ ਹਨ ਜਿਨ੍ਹਾਂ ਕਾਰਣ ਦੇਸ਼ ’ਤੇ ਕਰਜ਼ਾ ਚੜ੍ਹਦਾ ਹੈ, ਜਿਨ੍ਹਾਂ ਬਾਰੇ ਅਜੇ ਕੇਵਲ ਸਿਆਸਤਦਾਨਾਂ ਨੂੰ ਪਤਾ ਹੈ, ਸਾਡੇ ਵਰਗਿਆਂ ਨੂੰ ਆਰ ਟੀ ਆਈ ਨਕਾਰਾ ਹੋਣ ਕਾਰਣ ਪਤਾ ਨਹੀਂ ਲਗਦਾ।
ਕਰਜ਼ਾ ਚੁੱਕਣ ਦੇ ਮਸਲੇ ਵਿੱਚ ਸੂਬਾਈ ਸਰਕਾਰਾਂ ਵੀ ਪਿੱਛੇ ਨਹੀਂ। ਇੱਕ ਅੰਦਾਜ਼ੇ ਅਨੁਸਾਰ ਪੰਜਾਬ ਸਰਕਾਰ ਵਿਤੀ ਸਾਲ 2024/25 ਵਿੱਚ 30465 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ ਅਤੇ ਇਸ ਪ੍ਰਕਾਰ ਇਸ ਸਿਰ ਕੁੱਲ ਕਰਜ਼ਾ 3.74 ਲੱਖ ਕਰੋੜ ਰੁਪਏ ਹੋ ਜਾਵੇਗਾ। ਕਰਜ਼ੇ ਅਤੇ ਕੁੱਲ ਸੂਬਾਈ ਘਰੇਲੂ ਉਤਪਾਦ ਦਾ ਅਨੁਪਾਤ 47.6% ਹੈ। ਅਰਥ ਸ਼ਾਸਤਰੀਆਂ ਨੇ ਕਈ ਵਾਰ ਚਿਤਾਵਣੀਆਂ ਦਿੱਤੀਆਂ ਹਨ ਕਿ ਮੁਫਤ ਬਿਜਲੀ ਅਤੇ ਹੋਰ ਫਾਲਤੂ ਖਰਚੇ ਘਟਾਏ ਜਾਣ, ਪਰ ਘਟਾਏ ਕਿਵੇਂ ਜਾਣ, ਹਰ ਸਾਲ ਦੋ ਸਾਲ ਬਾਅਦ ਲੋਕ ਸਭਾ, ਵਿਧਾਨ ਸਭਾ ਜਾਂ ਮਿਉਨਿਸਿਪਲ ਕਾਰਪੋਰੇਸ਼ਨ ਦੀਆਂ ਵੋਟਾਂ ਆ ਜਾਂਦੀਆਂ ਹਨ ਅਤੇ ਵੋਟ ਬੈਂਕ ਪੰਜਾਬ ਸਮੇਤ ਕੋਈ ਵੀ ਸਰਕਾਰ ਖੁਰਨ ਨਹੀਂ ਦੇਣਾ ਚਾਹੁੰਦੀ। ਮੁਫਤ ਦੀਆਂ ਰਿਉੜੀਆਂ ਵੰਡਣ ਕਾਰਣ ਹਰ ਸਰਕਾਰ ਕਰਜ਼ਾਈ ਹੋਈ ਬੈਠੀ ਹੈ। ਸਭ ਤੋਂ ਵੱਧ ਅਰੁਣਾਚਲ ਪ੍ਰਦੇਸ਼ ਦੇ ਕਰਜ਼ੇ ਅਤੇ ਕੁੱਲ ਸੂਬਾਈ ਘਰੇਲੂ ਉਤਪਾਦ ਦਾ ਅਨੁਪਾਤ 53% ਅਤੇ ਸਭ ਤੋਂ ਘਟ ਉੜੀਸਾ ਦਾ 13% ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5134)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.