VishvamitterBammi7ਆਰ ਐੱਸ ਐੱਸ ਨੂੰ ਭਾਵੇਂ ਮੈਂ ਇੱਕ ਅਚਨਚੇਤ ਘਟਨਾ ਕਾਰਣ ਤਿਆਗਿਆ ਪਰ ਇਸ ਨਾਲ ...
(21 ਅਗਸਤ 2021)

 

ਜਦੋਂ ਅਜੇ ਮੈਂ ਛੇਵੀਂ ਜਮਾਤ ਵਿਚ ਹੀ ਦਾਖਲ ਹੋਇਆ ਸੀ ਤਾਂ ਇੱਕ ਆਰ ਐੱਸ ਐੱਸ ਦਾ ਸਵੈ ਸੇਵਕ ਮੈਨੂੰ ਰੋਜ਼ ਛੁੱਟੀ ਦੇ ਸਮੇਂ ਮਿਲ਼ਦਾ ਅਤੇ ਹਿੰਦੂ ਰਾਸ਼ਟਰ ਦੇ ਬਾਰੇ ਕੁਝ ਨਾ ਕੁਝ ਦੱਸਦਾ ਰਹਿੰਦਾਇੱਕ ਮਹੀਨੇ ਵਿਚ ਹੀ ਮੇਰਾ ਮਨ ਆਰ ਐੱਸ ਐੱਸ ਦੀ ਸ਼ਾਖਾ ’ਤੇ ਜਾਣ ਦਾ ਬਣ ਗਿਆ। ਰੋਜ਼ਾਨਾ ਖ਼ਾਕੀ ਨਿੱਕਰ, ਚਿੱਟੀ ਕਮੀਜ਼ ਪਹਿਨ ਕੇ ਅਤੇ ਇੱਕ ਲਾਠੀ ਲੈ ਕੇ ਸ਼ਾਖਾ ਵਿਚ ਜਾਣਾ ਸ਼ੁਰੂ ਕਰ ਦਿੱਤਾ। ਪਹਿਲਾਂ ਪ੍ਰਾਰਥਨਾ ਹੋਣੀ, ਫੇਰ ਕੁਝ ਖੇਡਣਾ ਹੁੰਦਾ, ਪਰੇਡ ਹੁੰਦੀ ਅਤੇ ਉਸ ਤੋਂ ਬਾਅਦ ਇੱਕ ਅਰਧ ਚੱਕਰ ਵਿਚ ਬੈਠ ਕੇ ਕਿਸੇ ਸੀਨੀਅਰ ਸਵੈ ਸੇਵਕ ਵੱਲੋਂ ਹਿੰਦੂ ਅਤੇ ਹਿੰਦੂ ਰਾਸ਼ਟਰ ਬਾਰੇ ਵਿਚਾਰ ਸੁਣਨੇ। ਜਿੱਥੇ ਤਕ ਵੀ ਕਿਸੇ ਹਿੰਦੂ ਨਾਮ ਦਾ ਦਰਿਆ, ਪਹਾੜ ਜਾਂ ਮੰਦਿਰ ਸਥਿਤ ਹੁੰਦਾ ਉਹ ਸਾਰਾ ਇਲਾਕਾ ਪ੍ਰਾਚੀਨ ਕਾਲ ਦਾ ਹਿੰਦੂ ਭਾਰਤ ਦੱਸਿਆ ਜਾਂਦਾ ਭਾਵ ਹਿੰਦੂਕੁਸ਼ ਪਹਾੜ ਤੋਂ ਲੈ ਕੇ ਅਫਗਾਨਿਸਤਾਨ, ਪਾਕਿਸਤਾਨ, ਹੁਣ ਦਾ ਭਾਰਤ, ਪੂਰਬੀ ਪਾਕਿਸਤਾਨ, ਜਿਹੜਾ ਹੁਣ ਬੰਗਲਾ ਦੇਸ਼ ਹੈ, ਲੰਕਾ, ਮਿਆਂਮਾਰ, ਥਾਈਲੈਂਡ ਆਦਿ ਸਾਰੇ ਦਾ ਸਾਰਾ ਹੀ ਵਿਸ਼ਾਲ ਭਾਰਤ ਸੀ ਅਤੇ ਇਸ ਨੂੰ ਮੁੜ ਕੇ ਇੱਕ ਹਿੰਦੂ ਰਾਸ਼ਟਰ ਬਣਾਇਆ ਜਾਵੇਗਾ।

ਅੱਜਕਲ ਸ਼ਾਇਦ ਹਿੰਦੂ ਰਾਸ਼ਟਰ ਕੇਵਲ ਮੌਜੂਦਾ ਭਾਰਤ ਹੀ ਬਣਾਉਣਾ ਹੈ। ਹੋ ਸਕਦਾ ਹੈ ਕਿ ਕੇਵਲ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਬਾਰੇ ਗੱਲ ਕਰਨੀ ਭਾਜਪਾ ਦੀ ਰਾਜਨੀਤਿਕ ਮਜਬੂਰੀ ਹੋਵੇ ਅਤੇ ਆਰ ਐੱਸ ਐੱਸ ਆਪਣੀਆਂ ਸ਼ਾਖਾਵਾਂ ਵਿਚ ਅਜੇ ਵੀ ਉਹੀ ਹਿੰਦੂ ਰਾਸ਼ਟਰ ਬਣਾਉਣ ਦਾ ਪਰਚਾਰ ਕਰਦਾ ਹੋਵੇ, ਜਿਹੜਾ ਮੇਰੇ ਸ਼ਾਖਾ ਵਿਚ ਜਾਣ ਦੇ ਸਮੇਂ ਹੁੰਦਾ ਸੀ। ਬੀ. ਐੱਸਸੀ ਕਰਨ ਤਕ ਮੈਂ ਇੱਕ ਸ਼ਾਖਾ ਦਾ ਸਹਿ ਸ਼ਿਕਸ਼ਕ ਬਣ ਗਿਆ। ਹਿੰਦੂ ਰਾਸ਼ਟਰ ਦੀ ਸਿੱਖਿਆ ਦੇ ਨਾਲ ਨਾਲ ਕਾਮਰੇਡਾਂ, ਕਮਿਊਨਿਸਟਾਂ, ਕਮਿਊਨਿਸਟ ਵਿਚਾਰਧਾਰਾ ਅਤੇ ਕਮਿਊਨਿਸਟ ਦੇਸ਼ਾਂ ਬਾਰੇ ਪੂਰਾ ਭੰਡੀ ਪਰਚਾਰ ਕੀਤਾ ਜਾਂਦਾ ਅਤੇ ਜੋ ਕੁਝ ਸਰਮਾਏਦਾਰੀ ਸਮਾਜਵਾਦ ਬਾਰੇ ਕੂੜ ਪ੍ਰਚਾਰ ਕਰਦੀ ਹੈ, ਉਹੀ ਸਾਨੂੰ ਵੀ ਸਮਝਾਇਆ ਜਾਂਦਾ।

ਇੱਕ ਵਾਰ ਪੰਜਾਬ ਪੱਧਰ ਦਾ ਇੱਕ ਕਾਰਜ ਕਰਤਾ ਸਾਡੀ ਸ਼ਾਖਾ ਵਿਚ ਆ ਗਿਆਉਸਨੇ ਸਾਰਿਆਂ ਦੇ ਨਾਮ ਪੁੱਛੇ ਜਦੋਂ ਮੈਂ ਆਪਣਾ ਨਾਮ ਵਿਸ਼ਵਾ ਮਿੱਤਰ ਦੱਸਿਆ ਤਾਂ ਉਹ ਇੱਕ ਦਮ ਖੁਸ਼ ਹੋ ਕੇ ਸਵਾਲੀਆ ਅੰਦਾਜ਼ ਵਿਚ ਬੋਲਿਆ, “ਬ੍ਰਾਹਮਣ ਹੋ?” ਮੈਂ ਕਿਹਾ, ਜੀ ਖਤ੍ਰੀ ਹਾਂ ਤਾਂ ਉਹ ਥੋੜੇ ਜਿਹੇ ਚਿਹਰੇ ਦੇ ਹਾਵ ਭਾਵ ਬਦਲਦੇ ਹੋਏ ਬੋਲਿਆ, “ਯੇਹ ਭੀ ਅੱਛਾ ਹੈ।”

ਮੈਂ ਸਮਝ ਗਿਆ ਕਿ ਇੱਥੇ ਬ੍ਰਾਹਮਣ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ। ਇੱਕ ਵਾਰ ਮੈਂ ਗੱਲ ਕੀਤੀ ਕਿ ਪੁਲਸ ਥਾਣਿਆਂ ਵਿਚ ਗ਼ਰੀਬਾਂ ਅਤੇ ਮਜ਼ਦੂਰਾਂ ਨਾਲ ਬਹੁਤ ਧੱਕਾ ਹੁੰਦਾ ਹੈ ਸਾਡੇ ਸੰਗਠਨ ਨੂੰ ਇਹਨਾਂ ਬਾਰੇ ਜਰੂਰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਇਹ ਲੋਕ ਵੀ ਸਾਡੇ ਨਾਲ ਆ ਜਾਣਗੇ। ਪਰ ਉੱਤਰ ਕੋਈ ਤੱਸਲੀ ਬਖਸ਼ ਨਾ ਮਿਲਿਆ। ਮੇਰੀ ਆਪਣੀ ਵੀ ਸੋਚ ਅਜੇ ਪੂਰੀ ਵਿਕਸਿਤ ਨਹੀਂ ਹੋਈ ਸੀ, ਇਸ ਲਈ ਸਮਝਿਆ ਕਿ ਸ਼ਾਇਦ ਮੈਂ ਹੀ ਗਲਤ ਹੋਵਾਂ। ਇੱਕ ਵਾਰ ਇੱਕ ਸੀਨੀਅਰ ਸਵੈ ਸੇਵਕ ਨੂੰ ਕਿਸੇ ਨੇ ਪੁੱਛਿਆ, “ਜੇਕਰ ਅਸੀਂ ਸੱਤਾ ਵਿਚ ਆ ਗਏ ਤਾਂ ਕੀ ਕਾਂਗਰਸ ਦਾ ਜੜ੍ਹ ਤੋਂ ਸਫਾਇਆ ਕਰ ਦਿਆਂਗੇ?” ਸਵੈ ਸੇਵਕ ਦਾ ਉੱਤਰ ਸੀ, “ਬਿਲਕੁਲ ਨਹੀਂਅਸੀ ਕਾਂਗਰਸ ਨੂੰ ਆਪਣੀ ਵਿਰੋਧੀ ਪਾਰਟੀ ਜਰੂਰ ਰੱਖਾਂਗੇ। ਜੇਕਰ ਕਾਂਗਰਸ ਖਤਮ ਹੋ ਗਈ ਤਾਂ ਹੋ ਸਕਦਾ ਹੈ ਕਿ ਮੁੱਖ ਵਿਰੋਧੀ ਪਾਰਟੀ ਕਮਿਊਨਿਸਟ ਪਾਰਟੀ ਬਣ ਜਾਏ ਅਤੇ ਜੇ ਕਿਧਰੇ ਕਮਿਊਨਿਸਟ ਬਹੁਮਤ ਵਿਚ ਆ ਗਏ ਤਾਂ ਉਹਨਾਂ ਨੇ ਆਰ ਐੱਸ ਐੱਸ ਨਹੀਂ ਰਹਿਣ ਦੇਣਾ ਅਤੇ ਸਾਡਾ ਕਤਲੇਆਮ ਸ਼ੁਰੂ ਹੋ ਜਾਵੇਗਾ” ਹੁਣ ਜਿਹਨਾਂ ਨੇ ਕਾਂਗਰਸ ਮੁਕਤ ਭਾਰਤ ਦਾ ਨਾਹਰਾ ਦਿੱਤਾ ਹੈ, ਪਤਾ ਨਹੀਂ ਦਿਲ ਵਿਚ ਕੀ ਸੋਚ ਰਹੇ ਹਨ।

ਆਰ ਐੱਸ ਐੱਸ ਨੂੰ ਤਿਆਗਣਾ:

ਸਾਲ ਬਾਅਦ ਮੈਂ ਬੀ. ਐੱਡ ਕਰਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਲੱਗ ਗਿਆ। ਪੂਰਾ ਸਾਲ ਮੈਂ ਅਤੇ ਮੇਰੇ ਤਿੰਨ ਹੋਰ ਵਿਗਿਆਨ ਅਧਿਆਪਕਾਂ ਨੇ ਮਿਹਨਤ ਕੀਤੀ, ਕੋਈ ਛੁੱਟੀ ਨਹੀਂ ਲਈ ਅਤੇ 100% ਨਤੀਜੇ ਦਿੱਤੇ। ਅਸੀਂ ਚਾਰੇ ਵਿਗਿਆਨ ਅਧਿਆਪਕ ਆਸ ਕਰ ਰਹੇ ਸੀ ਕਿ ਪ੍ਰਿੰਸਿਪਲ ਸਾਹਿਬ ਸਾਨੂੰ ਕਿਸੇ ਸਵੇਰ ਦੀ ਸਭਾ ਵਿੱਚ ਸ਼ਾਬਾਸ਼ ਦੇਣਗੇ ਪਰ ਹੋਇਆ ਇਹ ਕਿ ਅਚਾਨਕ ਹੀ ਸਾਨੂੰ ਚਾਰਾਂ ਅਧਿਆਪਕਾਂ ਨੂੰ ਮੈਨੇਜਰ ਸਾਹਿਬ ਦਾ ਪੱਤਰ ਮਿਲਿਆ ਕਿ ਕੱਲ੍ਹ ਤੋਂ ਤੁਹਾਡੀਆਂ ਸੇਵਾਵਾਂ ਦੀ ਕੋਈ ਲੋੜ ਨਹੀਂ ਅਤੇ ਦੂਜੇ ਦਿਨ ਸਾਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆਪ੍ਰਿੰਸੀਪਲ ਸਾਹਿਬ ਤੋਂ ਕਾਰਣ ਪੁੱਛਿਆ ਤਾਂ ਉਹਨਾਂ ਬੱਸ ਐਨਾ ਹੀ ਕਿਹਾ ਕਿ ਮੈਨੇਜਰ ਸਾਹਿਬ ਦੀ ਇੱਛਾ ਹੈ। ਜਦੋਂ ਸਾਨੂੰ ਪਤਾ ਲੱਗਾ ਕਿ ਸਾਡੀ ਥਾਂ ’ਤੇ ਚਾਰ ਹੋਰ ਸਿਫਾਰਸ਼ੀ ਅਧਿਆਪਕ ਰੱਖਣ ਲਈ ਮੈਨੇਜਰ ਸਾਹਿਬ ਨੇ ਪ੍ਰਿੰਸੀਪਲ ਨੂੰ ਉਹਨਾਂ ਦੇ ਇੰਟਰਵਿਊ ਲੈਣ ਲਈ ਕਿਹਾ ਹੈ ਤਾਂ ਅਸੀਂ ਆਪਣੇ ਨਾਲ ਇਹ ਧੱਕਾ ਮਹਿਸੂਸ ਕੀਤਾਇਸ ਧੱਕੇ ਵਿਰੁੱਧ ਅਸੀਂ ਸ਼ਹਿਰ ਦੇ ਹਰ ਮੋਹਤਬਰ ਵਿਅਕਤੀ ਨੂੰ ਮਿਲੇਐੱਮ. ਐੱਲ. ਏ ਨੂੰ ਮਿਲੇ ਪਰ ਕੋਈ ਫਾਇਦਾ ਨਾ ਹੋਇਆ। ਅੰਤ ਮੈਂ ਜਲੰਧਰ ਦੇ ਆਰ ਐੱਸ ਐੱਸ ਅਧਿਕਾਰੀ ਨੂੰ ਮਿਲਿਆ ਅਤੇ ਕਿਹਾ ਕਿ ਤੁਹਾਡੀ ਕਾਫ਼ੀ ਚੱਲਦੀ ਹੈ, ਇਸ ਕਰ ਕੇ ਮੈਨੇਜਰ ਸਾਹਿਬ ’ਤੇ ਦਬਾਅ ਪਾਓ ਤਾਂਕਿ ਸਾਨੂੰ ਕੰਮ ’ਤੇ ਰੱਖ ਲੈਣ। ਅਧਿਕਾਰੀ ਜੀ ਬੋਲੇ, “ਦੇਖੋ ਵਿਸ਼ਵਾ ਮਿੱਤਰ, ਜਲੰਧਰ ਵਿੱਚ ਕੇਵਲ ਦੋ ਤਿੰਨ ਹਿੰਦੂਆਂ ਦੇ ਸੰਸਥਾਨ ਹਨ ਅਤੇ ਅਸੀਂ ਉਹਨਾਂ ਨਾਲ ਝਗੜਾ ਨਹੀਂ ਕਰਨਾ ਚਾਹੁੰਦੇ।”

ਮੈਂ ਕਿਹਾ, “ਜੀ ਅਸੀਂ ਚਾਰੇ ਵਿਗਿਆਨ ਅਧਿਆਪਕ ਵੀ ਤਾਂ ਹਿੰਦੂ ਹੀ ਹਾਂ।”

ਚੰਗਾ ਭਲਾ ਹਿੰਦੀ ਬੋਲਦਾ ਹੋਇਆ ਹੁਣ ਉਹ ਅੰਗਰੇਜ਼ੀ ’ਤੇ ਆ ਗਿਆ ਅਤੇ ਬੋਲਿਆ, “ਨੋ ਸੌਰੀ।”

ਮੈਂ ਵੀ ਇੱਕ ਦਮ ਗੁੱਸੇ ਵੀ ਆ ਗਿਆਲਾਠੀ ਅਤੇ ਬੈਲਟ ਉਸੇ ਵਕਤ ਉਸ ਨੂੰ ਪਕੜਾਈ ਅਤੇ ਘਰ ਜਾ ਕੇ ਨਿੱਕਰ ਵੀ ਕਿਸੇ ਦੇ ਰਾਹੀਂ ਭੇਜ ਦਿੱਤੀ।

ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੀ ਜ਼ਿੰਦਗੀ ਦੇ ਕੀਮਤੀ ਨੌ ਸਾਲ ਵਿਅਰਥ ਗੁਆ ਲਏਮੈਨੂੰ ਇਹ ਵੀ ਸਮਝ ਲੱਗ ਗਈ ਕਿ ਜਦੋਂ ਮੈਂ ਗਰੀਬਾਂ ਅਤੇ ਮਜ਼ਦੂਰਾਂ ਨਾਲ ਹੁੰਦੇ ਧੱਕੇ ਬਾਰੇ ਆਵਾਜ਼ ਉਠਾਉਣ ਨੂੰ ਕਿਹਾ ਸੀ ਤਾਂ ਮੈਨੂੰ ਤਸੱਲੀਬਖ਼ਸ਼ ਉੱਤਰ ਕਿਉਂ ਨਹੀਂ ਸੀ ਮਿਲਿਆ

ਆਰ ਐੱਸ ਐੱਸ ਨੂੰ ਭਾਵੇਂ ਮੈਂ ਇੱਕ ਅਚਨਚੇਤ ਘਟਨਾ ਕਾਰਣ ਤਿਆਗਿਆ ਪਰ ਇਸ ਨਾਲ ਮੇਰੀ ਸੋਚ ਵਿਚ ਬਹੁਤ ਜ਼ਬਰਦਸਤ ਤਬਦੀਲੀ ਆ ਗਈ। ਮੇਰਾ ਕਾਮਰੇਡ ਸਾਥੀਆਂ ਨਾਲ ਸੰਪਰਕ ਹੋ ਗਿਆ ਅਤੇ ਛੇਤੀ ਹੀ ਮੇਰੇ ਦਿਮਾਗ ਵਿੱਚੋਂ ਹਿੰਦੂ ਰਾਸ਼ਟਰ ਬਣਾਉਣ ਵਾਲਾ ਭੂਤ ਨਿਕਲ ਗਿਆ। ਇਸ ਤੋਂ ਪਹਿਲਾਂ ਇਹ ਬਿਲਕੁਲ ਸਮਝ ਨਹੀਂ ਸੀ ਕਿ ਨੌਕਰੀਆਂ ਵਿਚ ਯੋਗਤਾ ਦੀ ਬਜਾਏ ਸਿਫਾਰਿਸ਼ਾਂ , ਗਰੀਬੀ, ਭੁੱਖਮਰੀ, ਬਿਮਾਰੀਆਂ, ਗਰੀਬਾਂ ਨਾਲ ਹੁੰਦਾ ਧੱਕਾ, ਚੋਰੀਆਂ, ਜ਼ਮੀਨਾਂ ’ਤੇ ਨਾਜਾਇਜ਼ ਕਬਜੇ, ਬਲਾਤਕਾਰ, ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਜਾਂ ਸਿਹਤ ਸੇਵਾਵਾਂ ਨਾਲੋਂ ਧਨ ਧਾਰਮਿਕ ਸਥਲਾਂ ’ਤੇ ਜ਼ਿਆਦਾ ਹੋਣਾ, ਪੜ੍ਹਿਆ ਲਿਖਿਆ ਸੰਤਰੀ ਅਤੇ ਅਨਪੜ੍ਹ ਮੰਤਰੀ ਹੋਣਾ, ਅਤੇ ਹੋਰ ਸਮਾਜਿਕ ਤ੍ਰਾਸਦੀਆਂ ਇਸ ਪੂੰਜੀਵਾਦੀ ਸਿਸਟਮ ਦੀ ਦੇਣ ਹਨ। ਇਹ ਵੀ ਸਮਝ ਲੱਗ ਚੁੱਕੀ ਹੈ ਕਿ ਜਿਹੜਾ ਵਿਅਕਤੀ ਅੰਤਰ ਰਾਸ਼ਟਰਵਾਦੀ ਨਹੀਂ ਹੈ, ਉਹ ਰਾਸ਼ਟਰਵਾਦੀ ਵੀ ਨਹੀਂ ਹੋ ਸਕਦਾ। ਹੁਣ ਇਹ ਵੀ ਸਮਝ ਬਣ ਚੁੱਕੀ ਹੈ ਕਿ ਹਿੰਦੂ ਰਾਸ਼ਟਰ, ਖਾਲਿਸਤਾਨ ਜਾਂ ਇਸਲਾਮਿਕ ਵਤਨ ਆਦਿ ਕੋਈ ਅਲੱਗ ਅਲੱਗ ਅੰਦੋਲਨ ਨਹੀਂ ਬਲਕਿ ਇੱਕ ਹੀ ਹਨ ਅਤੇ ਇਹ ਸਭ ਇਸ ਲੁੱਟ ਖਸੁੱਟ ਵਾਲੇ ਸਿਸਟਮ ਦੀ ਉਮਰ ਲੰਬੀ ਕਰਨ ਲਈ ਹਰਬੇ ਹਨ।

ਪਰ ਇੱਥੇ ਬੜੇ ਦੁੱਖ ਨਾਲ ਮੈਂ ਆਰ ਐੱਸ ਐੱਸ ਦੀ ਸਿਫ਼ਤ ਵੀ ਕਰ ਰਿਹਾ ਹਾਂ। ਆਰ ਐੱਸ ਐੱਸ ਅਤੇ ਕਮਿਊਨਿਸਟ ਪਾਰਟੀ ਦੋਵੇਂ ਹੀ 1925 ਤੋਂ ਹੋਂਦ ਵਿਚ ਆਏ ਮਤਲਬ ਛੇਤੀ ਹੀ ਇਹਨਾਂ ਦੋਹਾਂ ਨੂੰ ਹੋਂਦ ਵਿਚ ਆਏ ਸੌ ਸਾਲ ਹੋ ਜਾਣੇ ਹਨ। ਸੌ ਸਾਲ ਤੋਂ ਆਰ ਐੱਸ ਐੱਸ ਨੇ ਆਪਣੀ ਏਕਤਾ ਬਣਾ ਕੇ ਰੱਖੀ ਹੋਈ ਹੈ ਅਤੇ ਪੂਰੇ ਅਨੁਸ਼ਾਸਨ ਵਿਚ ਹੈ, ਜਦਕਿ ਅਸੀਂ ਲਗਪਗ ਇੱਕ ਦਰਜਨ ਹਿੱਸਿਆਂ ਵਿਚ ਵੰਡੇ ਜਾ ਚੁੱਕੇ ਹਾਂ। ਉਹ ਬਚਪਨ ਤੋਂ ਹੀ ਕਿਸੇ ਨੂੰ ਆਪਣੀ ਵਿਚਾਰਧਾਰਾ ਦੇਣੀ ਸ਼ੁਰੂ ਕਰ ਦੇਂਦੇ ਹਨ ਅਤੇ ਅਸੀਂ ਵਿਅਕਤੀ ਨੂੰ ਉਦੋਂ ਆਪਣੀ ਵਿਚਾਰਧਾਰਾ ਦੇਣੀ ਸ਼ੁਰੂ ਕਰਦੇ ਹਾਂ ਜਦੋਂ ਉਸ ਦਾ ਦਿਮਾਗ ਇੱਕ ਖਾਲੀ ਸਲੇਟ ਨਹੀਂ ਰਹਿੰਦਾ ਅਤੇ ਉਸ ਦੀ ਸੋਚ ਇਸ ਸਿਸਟਮ ਵਿਚ ਆਪਣੇ ਆਪ ਨੂੰ ਐਡਜਸਟ ਕਰਨ ਵਾਲੀ ਬਣ ਚੁੱਕੀ ਹੁੰਦੀ ਹੈ। ਅਸੀਂ ਪਹਿਲਾਂ ਉਸ ਦੀ ਸਲੇਟ ’ਤੇ ਜਿਹੜਾ ਕੁਝ ਪੱਕੀ ਤਰ੍ਹਾਂ ਲਿਖਿਆ ਹੁੰਦਾ ਹੈ, ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਹਰ ਕਿਸੇ ’ਤੇ ਸਫਲ ਨਹੀਂ ਹੁੰਦੇ। ਇਹ ਅਲੱਗ ਗੱਲ ਹੈ ਕਿ ਇਸ ਸਿਸਟਮ ਵਿਚ ਕਿਸੇ ਵਿਅਕਤੀ ਨੂੰ ਜਿਹੜੀ ਸਕੂਲੀ ਅਤੇ ਗੈਰ ਸਕੂਲੀ ਵਿੱਦਿਆ ਮਿਲਦੀ ਹੈ, ਉਸ ਵਿਚ ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਕਿਤੇ ਸਮਾਜਵਾਦੀ ਸੋਚ ਇਸ ਦੇ ਨੇੜੇ ਨਾ ਆ ਜਾਵੇ।

ਇੱਕ ਹੋਰ ਸਾਡੇ ਵਿਚ ਘਾਟ ਹੈ ਜੋ ਕਿ ਆਰ ਐੱਸ ਐੱਸ ਵਿਚ ਨਹੀਂ ਹੈ ਕਿ ਅਸੀਂ ਘਰ ਪਰਵਾਰ ਤੋਂ ਟੁੱਟੇ ਹੁੰਦੇ ਹਾਂ। ਅਸੀਂ ਜਿਸ ਵੀ ਵਿਅਕਤੀ ਨਾਲ ਸਮਾਜਵਾਦ ਬਾਰੇ ਗੱਲ ਕਰਦੇ ਹਾਂ, ਉਸਦੇ ਘਰ ਵਿਚ ਨਹੀਂ ਕਰਦੇ, ਕਿਧਰੇ ਬਾਹਰ ਘਰ ਤੋਂ ਦੂਰ ਜਾ ਕੇ ਕਰਦੇ ਹਾਂ ਜ਼ਿਆਦਾਤਰ ਘਰ ਵਾਲੇ ਵੀ ਇਸ ਸ਼ੱਕ ਵਿਚ ਹੀ ਰਹਿੰਦੇ ਹਨ ਕਿ ਉਹਨਾਂ ਦਾ ਨੌਜੁਆਨ ਪਤਾ ਨਹੀਂ ਕਿਸ ਗਲਤ ਸੁਸਾਇਟੀ ਵਿਚ ਜਾ ਰਲਿਆ ਹੈ। ਬਹੁਤ ਥੋੜ੍ਹੇ ਹੀ ਹਨ ਜਿਹਨਾਂ ਦੇ ਘਰਾਂ ਵਿੱਚ ਵੀ ਸਮਾਜਵਾਦ ਬਾਰੇ ਗੱਲਾਂ ਹੁੰਦੀਆਂ ਹਨ। ਦੁਸ਼ਮਣ ਭਾਵੇਂ ਆਪਣੇ ਇਰਾਦਿਆਂ ਵਿਚ ਸਫਲ ਨਹੀਂ ਹੋ ਸਕਦਾ ਪਰ ਸਾਨੂੰ ਉਸ ਦੀ ਇੱਕ ਜੁਟਦਾ, ਉਸਦੇ ਅਨੁਸ਼ਾਸਨ ਅਤੇ ਉਸ ਦੇ ਕੰਮ ਢੰਗ ਤੋਂ ਜਰੂਰ ਸਿੱਖਣਾ ਚਾਹੀਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2965)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author