“ਸੜਕਾਂ ਉੱਤੇ ਕਾਰਾਂ, ਸਕੂਟਰ, ਬੱਸਾਂ, ਟਰੱਕ ਅਤੇ ਹੋਰ ਵਾਹਨ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ...”
(21 ਸਤੰਬਰ 2019)
ਜੇ ਕੋਈ ਇਹ ਸਮਝੇ ਕਿ ਨਵੇਂ ਅਤੇ ਸਖ਼ਤ ਸੜਕ ਨਿਯਮ ਬਣਨ ਨਾਲ ਹੁਣ ਸਾਡੀ ਸੜਕੀ ਟਰੈਫ਼ਿਕ ਪੱਛਮੀ ਦੇਸ਼ਾਂ ਵਰਗੀ ਸਾਫ਼ ਸੁਥਰੀ ਅਤੇ ਨਾਂਹ ਦੇ ਬਰਾਬਰ ਦੁਰਘਟਨਾਵਾਂ ਵਾਲੀ ਹੋ ਜਾਵੇਗੀ ਤਾਂ ਅਜਿਹੀ ਸਮਝ ਵਾਲਾ ਵਿਅਕਤੀ ਨਾਸਮਝ ਜਾਂ ਭੋਲਾ ਹੀ ਹੈ। ਇਹ ਸੜਕ ਨਿਯਮ ਤਾਂ ਕੁਝ ਉਜੱਡ ਜਾਂ ਸਰਕਾਰੀ ਨਿਯਮ ਜਾਣਬੁੱਝ ਕੇ ਤੋੜਨ ਵਾਲਿਆਂ ਲਈ ਇੱਕ ਵਰਜਣਾ ਜਾਂ ਡਰਾਵਾ ਹੈ ਅਤੇ ਜ਼ਰੂਰੀ ਨਹੀਂ ਕਿ ਇਸ ਨਾਲ ਸੜਕ ਨਿਯਮਾਂ ਦੀਆਂ ਸਾਰੀਆਂ ਉਲੰਘਣਾਵਾਂ ਖਤਮ ਹੋ ਜਾਣ। ਗੁਜਰਾਤ ਸਰਕਾਰ ਨੇ ਕੁਝ ਜੁਰਮਾਨੇ ਘਟਾ ਦਿੱਤੇ ਹਨ, ਪੰਜਾਬ ਸਰਕਾਰ ਨੇ ਅਜੇ ਨਵੇਂ ਨਿਯਮਾਂ ਨਾਲ ਚਲਾਨ ਕੱਟਣ ਦੇ ਹੁਕਮ ਜਾਰੀ ਨਹੀਂ ਕੀਤੇ, ਮਤਲਬ ਪੁਰਾਣੇ ਰੇਟਾਂ ਤੇ ਹੀ ਜੁਰਮਾਨੇ ਹੋਣ ਹੋਣਗੇ। ਹੋਰ ਸੂਬਾਈ ਸਰਕਾਰਾਂ ਅਤੇ ਕੇਂਦਰੀ ਸਰਕਾਰ ਵੀ ਸਿਆਸੀ ਲਾਭ ਹਾਨੀ ਅਨੁਸਾਰ ਜੁਰਮਾਨੇ ਘਟਾ ਸਕਦੀ ਹੈ।
ਸਿਆਸੀ ਆਕਾਵਾਂ ਦੀ ਰਿਹਾਇਸ਼ ਜਾਂ ਕੰਮ ਕਰਨ ਦੇ ਸਥਾਨਾਂ ਨੂੰ ਛੱਡ ਕੇ ਹੋਰ ਕੋਈ ਸੜਕ ਅਜਿਹੀ ਨਹੀਂ ਜਿਸ ਵਿੱਚ ਹਰ ਮੀਟਰ ਦੋ ਮੀਟਰ ਉੱਤੇ ਛੋਟਾ ਮੋਟਾ ਜਾਂ ਕਾਫ਼ੀ ਵੱਡਾ ਟੋਇਆ ਨਾ ਹੋਵੇ। ਬੱਤੀਆਂ ਵਾਲੇ ਚੌਕਾਂ ਵਿੱਚ, ਜਿੱਥੋਂ ਕਿ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਲਾਲ ਬੱਤੀ ਹੋਣ ਤੋਂ ਪਹਿਲਾਂ ਲੰਘਿਆ ਜਾ ਸਕੇ, ਉੱਥੇ ਦਾ ਆਮ ਤੌਰ ਤੇ’ ਟੋਇਆ ਹੁੰਦਾ ਹੈ। ਬੱਤੀਆਂ ਵਾਲੇ ਚੌਕਾਂ ਵਿੱਚ ਵੀ ਕਿਤੇ ਬੱਤੀਆਂ ਜਗਦੀਆਂ ਹੀ ਨਹੀਂ, ਕਿਤੇ ਇੱਕੋ ਦਿਸ਼ਾ ਵਿੱਚ ਲਾਲ ਅਤੇ ਹਰੀ ਬੱਤੀ ਇਕੱਠੀਆਂ ਹੀ ਜਗ ਰਹੀਆਂ ਹੁੰਦੀਆਂ ਅਤੇ ਸ਼ਹਿਰ ਵਿੱਚ ਦੇ ਕੇਵਲ ਇੱਕ ਜਾਂ ਦੋ ਚੌਂਕਾਂ ਵਿੱਚ ਬੱਤੀਆਂ ਦੀ ਉਲਟੀ ਗਿਣਤੀ ਚੱਲ ਰਹੀ ਹੁੰਦੀ ਹੈ। ਜਦੋਂ ਬਿਜਲੀ ਚਲੀ ਜਾਵੇ ਤਾਂ ਕੋਈ ਬੱਤੀ ਨਹੀਂ ਜਗਦੀ ਅਤੇ ਸਾਰੇ ਚਾਲਕ ਹੀ ਸਾਰੇ ਪਾਸਿਆਂ ਤੋਂ ਚੱਲ ਪੈਂਦੇ ਹਨ। ਮਾਲ ਢੋਣ ਵਾਲੇ ਵਾਹਨ ਪੁਰਾਣੇ ਹੀ ਚਲਦੇ ਰਹਿੰਦੇ ਹਨ, ਟਾਇਰ ਘਸੇ ਹੁੰਦੇ ਹਨ, ਬਰੇਕ ਅਤੇ ਸਟੀਅਰਿੰਗ ਦਾ ਪਤਾ ਨਹੀਂ ਕਦੋਂ ਜਵਾਬ ਦੇ ਦੇਣ। ਕਦੇ ਟਾਇਰ ਬ੍ਰਸਟ ਹੋ ਜਾਂਦਾ ਹੈ, ਕਦੇ ਬਰੇਕ ਅਤੇ ਕਦੇ ਸਟੀਅਰਿੰਗ ਫੇਲ ਹੋ ਜਾਂਦਾ ਹੈ, ਜਿਸ ਕਾਰਣ ਦੁਰਘਟਨਾ ਹੋ ਜਾਂਦੀ ਹੈ। ਟਾਇਰਾਂ, ਬਰੇਕ ਅਤੇ ਸਟੀਅਰਿੰਗ ਬਾਰੇ ਨਵੇਂ ਨਿਯਮ ਚੁੱਪ ਹਨ। ਜ਼ਿਆਦਾ ਤੋਂ ਜ਼ਿਆਦਾ ਕੁਝ ਸਮੇਂ ਤੋਂ ਬਾਅਦ ਪੁਰਾਣੀਆਂ ਗੱਡੀਆਂ ਸੜਕ ਉੱਤੇ ਆਉਣ ਦੀ ਮਨਾਹੀ ਹੋ ਸਕਦੀ ਹੈ ਪਰ ਇੰਨੇ ਸਮੇਂ ਵਿੱਚ ਜੇ ਸਰਵਿਸ ਨਹੀਂ ਹੋਣੀ ਤਾਂ ਵਾਹਨ ਦਾ ਕੋਈ ਪਾਰਟ ਨਕਾਰਾ ਜਾਂ ਢਿੱਲਾ ਹੋ ਸਕਦਾ ਹੈ। ਜ਼ਿਆਦਾਤਰ ਡਰਾਈਵਰ ਵੀ ਅਜਿਹੇ ਹੁੰਦੇ ਹਨ, ਜੋ ਗੱਡੀ ਚਲਾਉਣ ਤੋਂ ਪਹਿਲਾਂ ਬਰੇਕ, ਸਟੀਰਿੰਗ ਚੈੱਕ ਨਹੀਂ ਕਰਦੇ ਅਤੇ ਡਰਾਈਵਰ ਸੀਟ ਵਾਲੀ ਖਿੜਕੀ ਉੱਤੇ ਇਹੀ ਲਿਖਿਆ ਕਾਫ਼ੀ ਸਮਝਦੇ ਹਨ – “ਵਾਹਿਗੁਰੂ ਬੋਲ ਅਤੇ ਖਿੜਕੀ ਖੋਲ੍ਹ।”
ਫ਼ਲਾਂ ਅਤੇ ਖਾਸ ਤੌਰ ’ਤੇ ਅੰਗੂਰਾਂ ਦੇ ਵਪਾਰੀ ਤਾਂ ਉਸ ਡਰਾਈਵਰ ਨੂੰ ਮਿਹਨਤਾਨੇ ਤੋਂ ਇਲਾਵਾ ਸੌ, ਦੋ ਸੌ ਰੁਪਏ ਇਨਾਮ ਵੀ ਦੇਂਦੇ ਹਨ ਜੋ ਸਭ ਤੋਂ ਪਹਿਲਾਂ ਆਪਣਾ ਟਰੱਕ ਆਪਣੀ ਮੰਜ਼ਿਲ ਤੇ ਪੁਚਾਵੇ। ਪਹਿਲਾਂ ਪਹੁੰਚਣ ਲਈ ਟਰੱਕਾਂ ਦੀ ਸਪੀਡ ਬੇਤਹਾਸ਼ਾ ਵਧਾਈ ਜਾਂਦੀ, ਜਿਸ ਕਾਰਣ ਦੁਰਘਟਨਾ ਹੋ ਜਾਂਦੀ ਹੈ। ਸਪੀਡ ਚੈੱਕ ਕਰਨ ਲਈ ਚੱਪੇ ਚੱਪੇ ਉੱਤੇ ਪੁਲਸ ਤਾਇਨਾਤ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਖੇਤਾਂ ਵਿੱਚ ਚੱਲਣ ਵਾਲੇ ਟਰੈਕਟਰ ਸ਼ਹਿਰਾਂ ਵਿੱਚ ਆ ਜਾਂਦੇ ਹਨ। ਮੰਡੀ ਵਿੱਚ ਅਨਾਜ ਜਾਂ ਸਬਜ਼ੀ ਵੇਚਣ ਲਈ ਜੇ ਸ਼ਹਿਰ ਆਉੱਣ ’ਤੇ ਕੋਈ ਨੁਕਸਾਨ ਨਹੀਂ ਪਰ ਸ਼ਹਿਰ ਦੇ ਬਾਕੀ ਇਲਾਕਿਆਂ ਵਿੱਚ ਕਈ ਵਾਰ ਟਰੈਕਟਰ ਟਿਲਰਾਂ ਸਮੇਤ ਆ ਜਾਂਦੇ ਹਨ। ਕਈ ਟਰੈਕਟਰ ਉੱਤੇ ਸਪੀਕਰ ਲਗਾ ਕੇ ਉੱਚੀ ਆਵਾਜ਼ ਵਾਲਾ ਮਿਊਜ਼ਿਕ ਚਲਾ ਕੇ ਜਦੋਂ ਸ਼ਹਿਰਾਂ ਵਿੱਚ ਆਉਂਦੇ ਹਨ ਤਾਂ ਉਸ ਆਵਾਜ਼ ਵਿੱਚ ਸਕੂਟਰਾਂ, ਕਾਰਾਂ ਦੇ ਹਾਰਨ ਸੁਣਾਈ ਹੀ ਨਹੀਂ ਦਿੰਦੇ, ਜਿਸ ਕਾਰਨ ਦੁਰਘਟਨਾ ਹੋ ਜਾਂਦੀ ਹੈ।
ਸੜਕਾਂ ਉੱਤੇ ਆਵਾਰਾ ਗਊਆਂ ਅਤੇ ਬੈਲਾਂ ਵੀ ਬੜੀ ਵੱਡੀ ਸਮੱਸਿਆ ਹਨ। ਇਹਨਾਂ ਕਾਰਣ ਟਰੈਫਿਕ ਬਹੁਤ ਹੌਲੀ ਕਰਨਾ ਪੈਂਦਾ ਹੈ ਅਤੇ ਕਈ ਵਾਰ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਜੇ ਦੋ ਬੈਲ ਆਪਸ ਵਿੱਚ ਭਿੜ ਪੈਣ ਤਾਂ ਵੀ ਕਈ ਵਾਰ ਵੱਡੀ ਦੁਰਘਟਨਾ ਕਰ ਦੇਂਦੇ ਹਨ। ਜੇ ਦੁਰਘਟਨਾ ਨਾ ਵੀ ਹੋਵੇ, ਸੜਕ ਕਿਨਾਰੇ ਖੜ੍ਹੇ ਸਾਈਕਲ ਅਤੇ ਦੁਪਹੀਆਂ, ਤਿੰਨ ਪਹੀਆ ਵਾਹਨ ਜਾਂ ਕਾਰਾਂ ਨੂੰ ਤਾਂ ਆਮ ਟੁੱਟਦੇ ਵੇਖਿਆ ਜਾ ਸਕਦਾ ਹੈ।ਹਾਲ ਦੀ ਘੜੀ ਇਸ ਸਮੱਸਿਆ ਦਾ ਕੋਈ ਹਲ ਨਜ਼ਰ ਨਹੀਂ ਆ ਰਿਹਾ ਕਿਉਂਕਿ ਭਾਜਪਾ ਦੀ ਤਾਂ ਹੋਂਦ ਹੀ ਹਿੰਦੂਵਾਦ ਅਤੇ ‘ਗਊ ਮਾਤਾ’ ਉੱਤੇ ਟਿਕੀ ਹੋਈ ਹੈ। ਇਹ ਤਾਂ ਸੁਪਣੇ ਵਿੱਚ ਵੀ ਆਵਾਰਾ ਗਊਆਂ ਨੂੰ ਬੁੱਚੜਖਾਨੇ ਨਹੀਂ ਭੇਜ ਸਕਦੀ। ਕਾਂਗਰਸ ਤੋਂ ਵੀ ਕੋਈ ਉਮੀਦ ਨਹੀਂ ਕਿਉਂਕਿ ਇਹ ਵੀ ਧਰਮ ਨਿਰਪੱਖਤਾ ਤੋਂ ਖਿਸਕ ਕੇ ਹਿੰਦੂਵਾਦ ਵਲ ਆ ਰਹੀ ਹੈ। ਦੂਜੀਆਂ ਸਿਆਸੀ ਪਾਰਟੀਆਂ ਵੀ ਆਪਣੇ ਵੋਟ ਬੈਂਕ ਨੂੰ ਖੋਰਾ ਲੱਗਣ ਦੇ ਡਰ ਕਾਰਣ ਇਸ ਮਸਲੇ ਤੇ ਘੱਟ ਹੀ ਬੋਲਦੀਆਂ ਹਨ। ਗਊ ਸੈੱਸ ਲਗਾ ਕੇ ਵੀ ਗਊਸ਼ਾਲਾਵਾਂ ਰਾਹੀਂ ਇਸ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।
ਯੂ ਪੀ ਦੀ ਯੋਗੀ ਸਰਕਾਰ ਨੇ ਇੱਕ ਅਜੀਬ ਜਿਹਾ ਹੀ ਕੰਮ ਕੀਤਾ ਹੈ। ਉਸ ਨੇ ਆਵਾਰਾ ਗਉਆਂ ਅਤੇ ਬੈਲਾਂ ਦੇ ਸਿੰਗਾਂ ਉੱਤੇ ਲਾਲ ਰੌਸ਼ਨੀ ਦੇਣ ਵਾਲੀਆਂ ਬੱਤੀਆਂ ਅਤੇ ਰਿਫਲੈੱਕਟਰ ਲਗਵਾਉਣ ਦਾ ਕੰਮ ਸਰਕਾਰੀ ਵਰਦੀਧਾਰੀਆਂ ਤੋਂ ਸ਼ੁਰੂ ਕਰਵਾ ਦਿੱਤਾ ਹੈ। ਲਾਲ ਰੌਸ਼ਨੀ ਕਾਰਣ ਸੜਕਾਂ ਉੱਤੇ ਧਰਨਾ ਲਗਾਈ ਬੈਠੇ ਬੈਲ ਜਾਂ ਗਾਵਾਂ ਦੂਰੋਂ ਹੀ ਨਜ਼ਰ ਆ ਜਾਣਗੇ ਅਤੇ ਬੈਲ, ਗਊ ਦੁਰਘਟਨਾ ਤੋਂ ਬਚ ਜਾਣਗੇ। ਮਤਲਬ ਕਿ ਗਊਆਂ ਅਤੇ ਬੈਲਾਂ ਨੂੰ ਕੋਈ ਨੁਕਸਾਨ ਨਾ ਪੁੱਜੇ, ਵਿਅਕਤੀਆਂ ਦਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਕੀ ਸਿੰਗਾਂ ਉੱਤੇ ਲਾਲ ਬੱਤੀ ਲਗਾਉਂਣ ਨਾਲ ਬੈਲ ਸੜਕਾਂ ਤੇ ਭਿੜਨਾ ਬੰਦ ਕਰ ਦੇਣਗੇ?
ਦੁਰਘਟਨਾਵਾਂ ਤੋਂ ਬਿਨਾਂ ਹੋਰ ਮਾੜੇ ਪੱਖ ਵੀ ਹਨ। ਸੜਕਾਂ ਉੱਤੇ ਕਾਰਾਂ, ਸਕੂਟਰ, ਬੱਸਾਂ, ਟਰੱਕ ਅਤੇ ਹੋਰ ਵਾਹਨ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ ਕਿ ਅੱਖਾਂ, ਸਾਹ ਅਤੇ ਚਮੜੀ ਰੋਗਾਂ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਕਈ ਵਾਰ ਤਾਂ ਕਿਸੇ ਵਾਹਨ ਵਿੱਚੋਂ ਇੰਨਾ ਧੂੰਆਂ ਨਿਕਲਦਾ ਹੈ ਕਿ ਇੱਟਾਂ ਦੇ ਭੱਠੇ ਤੋਂ ਨਿਕਲਣ ਵਾਲੇ ਧੂਏਂ ਦਾ ਮੁਕਾਬਲਾ ਕਰਦਾ ਲਗਦਾ ਹੈ। ਪ੍ਰਦੂਸ਼ਣ ਚੈੱਕ ਸਰਟੀਫਿਕੇਟ ਭਾਵੇਂ ਬਣਿਆ ਹੋਵੇ ਪਰ ਅਸਲ ਚੈੱਕ ਤਾਂ ਵਾਹਨਾ ਦੁਆਰਾ ਫੈਲਾਇਆ ਗਿਆ ਧੂੰਆਂ ਹੋਣਾ ਚਾਹੀਦਾ ਜਿਸ ਬਾਰੇ ਨਿਯਮ ਅਜੇ ਢਿੱਲਾ ਹੀ ਹੈ। ਨਿਯਮ ਅਨੁਸਾਰ ਜੇ ਟਰੈਫਿਕ ਅਫਸਰ ਸਮਝਦਾ ਹੋਵੇ ਕਿ ਵਾਹਨ ਜ਼ਿਆਦਾ ਪ੍ਰਦੂਸ਼ਣ ਛੱਡ ਰਿਹਾ ਹੈ ਤਾਂ ਉਹ ਦੋਬਾਰਾ ਪ੍ਰਦੂਸ਼ਣ ਚੈੱਕ ਦੇ ਲਿਖਤੀ ਹੁਕਮ ਜਾਰੀ ਕਰ ਸਕਦਾ ਹੈ ਅਤੇ ਨਵੇਂ ਪ੍ਰਦੂਸ਼ਣ ਚੈੱਕ ਦੀ ਰਿਪੋਰਟ ਸਤ ਦਿਨਾਂ ਵਿਚ ਪੇਸ਼ ਕਰਨੀ ਹੋਵੇਗੀ। ਵੈਸੇ ਜੇ ਕਿਸੇ ਕੋਲ ਪ੍ਰਦੂਸ਼ਣ ਚੈੱਕ ਸਰਟੀਫਿਕੇਟ ਹੋਣ ਦੇ ਬਾਵਜੂਦ ਵੀ ਸੀਮਾਂ ਨਾਲੋਂ ਵੱਧ ਪ੍ਰਦੂਸ਼ਣ ਛੱਡਿਆ ਜਾ ਰਿਹਾ ਹੋਵੇ ਤਾਂ ਪ੍ਰਦੂਸ਼ਣ ਚੈੱਕ ਸਰਟੀਫ਼ਿਕੇਟ ਜਾਰੀ ਕਰਨ ਵਾਲਿਆਂ ਦੀ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ।
ਮਿਉਨੀਸੀਪਲ ਕਾਰਪੋਰੇਸ਼ਨ ਦੇ ਟਰੱਕ ਬਿਨਾਂ ਢਕੇ ਕੂੜਾ ਕਚਰਾ ਲਿਆ ਰਹੇ ਹੁੰਦੇ ਹਨ ਅਤੇ ਨਾਲ ਹੀ ਨਾਲ ਉਹ ਕੁਝ ਕੂੜਾ ਪਿਛਲੇ ਪਾਸਿਉਂ ਖਲਾਰਦੇ ਵੀ ਜਾਂਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਕਿੰਨੇ ਹੀ ਦੇਵੀ ਦੇਵਤੇ, ਗੁਰੂ, ਪੀਰ, ਪੈਗੰਬਰ ਹਨ ਅਤੇ ਅਜੇ ਹੋਰ ਕਈ ਪੈਦਾ ਹੋ ਰਹੇ ਹਨ। ਇਹਨਾਂ ਦੇ ਨਾਮ ਨਾਲ ਸਬੰਧਤ ਕਿੰਨੇ ਹੀ ਜਲਸੇ ਜਲੂਸਾਂ, ਸ਼ੋਭਾ ਯਾਤਰਾਵਾਂ ਵਿੱਚ ਲੱਖਾਂ ਹੀ ਲੋਕ ਆਉਂਦੇ ਹਨ। ਇਹ ਸਾਰੇ ਜਲਸੇ-ਜਲੂਸ ਜੇ ਕਿਸੇ ਮੈਦਾਨ ਵਿੱਚ ਹੋਣ ਤਾਂ ਕੋਈ ਇਤਰਾਜ਼ ਨਹੀਂ ਪਰ ਇਹ ਤਾਂ ਸੜਕਾਂ ਬਜ਼ਾਰਾਂ ਵਿੱਚ ਹੋਣ ਲੱਗ ਪਏ ਹਨ। ਜਲੂਸ ਅੱਧੀ ਸੜਕ ਉੱਤੇ ਨਾ ਹੋ ਕੇ ਉਸ ਨੇ ਸਾਰੀ ਸੜਕ ਮੱਲੀ ਹੁੰਦੀ ਹੈ। ਚੌਂਕਾਂ ਵਿੱਚ ਵੱਡੇ ਵੱਡੇ ਤੰਬੂ ਲੱਗ ਜਾਂਦੇ ਹਨ। ਸਾਰੀ ਟਰੈਫਿਕ ਜਾਮ ਹੁੰਦੀ ਹੈ। ਕੋਈ ਕਿਸੇ ਜ਼ਰੂਰੀ ਕੰਮ ਜਾਂ ਮਰੀਜ਼ ਲਈ ਦਵਾਈ ਨਹੀਂ ਲੈਣ ਜਾ ਸਕਦਾ।
ਜਗਰਾਤਿਆਂ ਸਮੇਂ ਜਾਂ ਸਿਆਸੀ ਕਾਨਫਰੰਸਾਂ ਸਮੇਂ ਵੀ ਚੌਰਸਤਿਆਂ ਵਿੱਚ ਟੈਂਟ ਲਗਾ ਕੇ ਟਰੈਫਿਕ ਵਿੱਚ ਵਿਘਨ ਪਾਇਆ ਜਾਂਦਾ ਹੈ। ਇਹਨਾਂ ਸਮਿਆਂ ਵਿੱਚ ਖੜ੍ਹੇ ਖੜ੍ਹੇ ਜਾਂ ਬਹੁਤ ਹੀ ਸੁਸਤ ਰਫ਼ਤਾਰ ਨਾਲ ਚਲਣ ਵਾਲੀ ਟਰੈਫ਼ਿਕ ਕਾਰਣ ਪੈਟਰੋਲ ਜਾਂ ਡੀਜ਼ਲ ਵੀ ਤਿੰਨ ਗੁਣਾ ਬਲਦਾ ਹੈ ਅਤੇ ਜੋ ਪ੍ਰਦੂਸ਼ਣ ਫੈਲਦਾ ਹੈ ਉਹ ਵੀ ਕਾਫ਼ੀ ਜ਼ਿਆਦਾ ਹੁੰਦਾ ਹੈ। ਜਲੂਸਾਂ ਜਾਂ ਸ਼ੋਭਾ ਯਾਤਰਾਵਾਂ ਵਿੱਚ ਜੋ ਲੰਗਰ ਲਗਦੇ ਹਨ, ਉਹਨਾਂ ਦੇ ਲਿਬੜੇ ਹੋਏ ਡੂਨੇ ਜਾਂ ਡਿਸਪੋਜ਼ੇਬਲ ਕੌਲੀਆਂ ਪਲੇਟਾਂ ਦਾ ਉਹ ਗੰਦ ਪਿਆ ਹੁੰਦਾ ਹੈ ਕਿ ਦੋ ਦਿਨ ਤਕ ਸਫ਼ਾਈ ਨਹੀਂ ਹੋ ਸਕਦੀ। ਸੜਕਾਂ ਉੱਤੇ ਵੀ ਕੋਈ ਰਹਿਮ ਨਹੀਂ ਹੁੰਦਾ। ਸੜਕਾਂ ਉੱਤੇ ਟੈਂਟ ਲਗਾਉਣ ਲਈ, ਸਾਉਂਡ ਸਿਸਟਮ ਲਈ ਅਤੇ ਸਾਰੀ ਦੀ ਸਾਰੀ ਸੜਕ ਤੇ ਟੈਂਮਪ੍ਰੇਰੀ ਲਾਈਟਾਂ ਅਤੇ ਜਾੜ ਫ਼ਨੂਸ ਲਈ ਬਾਂਸ ਗੱਡਣ ਲਈ ਟੋਏ ਪੁੱਟੇ ਜਾਂਦੇ ਹਨ। ਇਹ ਟੋਏ ਫਿਰ ਸਮਾਂ ਪਾ ਕੇ ਹੌਲੀ ਹੌਲੀ ਵਧਦੇ ਜਾਂਦੇ ਹਨ।
ਟੁੱਟੀਆਂ ਸੜਕਾਂ, ਖਸਤਾਹਾਲ ਪੁਲ ਅਤੇ ਫਲਾਈਓਵਰ, ਸੜਕਾਂ ਉੱਤੇ ਆਵਾਰਾ ਪਸ਼ੂ, ਸਪੀਕਰ ਲੱਗੇ ਆਟੋ ਅਤੇ ਟਰੈਕਟਰ, ਧੂੰਆਂ ਛੱਡਦੇ ਵਾਹਨ, ਕੂੜਾ ਖਿਲਾਰਦੇ ਕਾਰਪੋਰੇਸ਼ਨ ਦੇ ਟਰੱਕ, ਜਲਸੇ-ਜਲੂਸਾਂ ਬਾਅਦ ਸੜਕਾਂ ਉੱਤੇ ਖਿਲਰੀਆਂ ਡਿਸਪੋਜ਼ੇਬਲ ਪਲੇਟਾਂ ਅਤੇ ਕੌਲੀਆਂ, ਸੜਕਾਂ ਉੱਤੇ ਸੀਸੀਟੀਵੀ ਕੈਮਰੇ ਨਾ ਹੋਣ ਜਾਂ ਘੱਟ ਹੋਣ ਕਾਰਣ ਟਰੈਫਿਕ ਨਿਯਮ ਤੋੜ ਕੇ ਵਾਹਨ ਚਾਲਕਾਂ ਦਾ ਭੱਜ ਨਿਕਲਣਾ ਅਤੇ ਕਿਧਰੇ ਕਿਧਰੇ ਦਸ ਫੁੱਟ ਤੋਂ ਵੀ ਘੱਟ ਚੌੜੀਆਂ ਸੜਕਾਂ, ਇਹਨਾਂ ਸਭਨਾਂ ਦੇ ਬਾਰੇ ਵੀ ਸਖ਼ਤ ਟਰੈਫ਼ਿਕ ਨਿਯਮਾਂ ਦੀ ਤਰ੍ਹਾਂ ਸਖ਼ਤ ਨਿਯਮ ਹੋਣੇ ਚਾਹੀਦੇ ਹਨ। ਜੇ ਅਸੀਂ ਕੇਵਲ ਕੁਝ ਲੋਕ ਸਮੂਹਾਂ ਦੀ ਆਸਥਾ ਦਾ ਹੀ ਧਿਆਨ ਰੱਖਣਾ ਹੈ, ਸੜਕ ਅਤੇ ਪੁਲ ਨਿਰਮਾਣ ਮਹਿਕਮੇ ਵਿੱਚ ਰਿਸ਼ਵਤਖੋਰੀ ਰੋਕਣ ਤੋਂ ਅਸਮਰਥ ਹਾਂ ਅਤੇ ਕੋਈ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਸਿਆਸੀ ਚੌਧਰੀਆਂ ਦੀ ਹੀ ਮੰਨਣੀ ਹੈ ਤਾਂ ਫੇਰ ਅਜੇ ਸੜਕੀ ਟਰੈਫਿਕ ਦੀ ਗੁਣਵੱਤਾ ਪੱਛਮੀ ਦੇਸ਼ਾਂ ਦੇ ਨੇੜੇ ਤੇੜੇ ਵੀ ਨਹੀਂ। ਅਜੇ ਤਾਂ ਨਿਜ਼ਾਮੂਦੀਨ ਔਲੀਆਂ ਵੱਲੋਂ ਗਿਆਸੂਦੀਨ ਮੁਹੰਮਦ ਨੂੰ ਕਹੇ ਸ਼ਬਦ ‘ਹੁਨੂਜ਼ ਦਿੱਲੀ ਦੂਰ ਅਸਤ’ ਭਾਵ ਦਿੱਲੀ ਅਜੇ ਦੂਰ ਹੈ, ਕਹਿਣਾ ਹੀ ਮੁਨਾਸਿਬ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1742)
(ਸਰੋਕਾਰ ਨਾਲ ਸੰਪਰਕ ਲਈ: