“ਸਾਇਬੇਰੀਆ ਦੇ ਪੰਛੀ, ਜਦੋਂ ਅਤਿ ਦੀ ਠੰਢ ਅਤੇ ਬਰਫ਼ ਪੈਂਦੀ ਹੈ, ਉੱਥੇ ਉਹਨਾਂ ਦੇ ਖਾਣ ਲਈ ਕੋਈ ਦਾਣਾ ਜਾਂ ਕੀੜਾ ਮਕੌੜਾ ...”
(11 ਜੂਨ 2023)
ਇਸ ਸਮੇਂ ਪਾਠਕ::203.
“ਰੱਬ ਕੀੜੀ ਨੂੰ ਵੀ ਪੱਥਰ ਵਿੱਚ ਰਿਜ਼ਕ ਦਿੰਦਾ ਹੈ” ਦੀ ਕਹਾਵਤ ਅਤੇ “ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਓਏ” ਗੀਤ ਦੇ ਬੋਲ ਬੜੇ ਗੁੰਮਰਾਹਕੁੰਨ ਹਨ। ਜਦੋਂ ਤਕ ਲੋਕਾਂ ਦੀ ਸੋਚ ਵਿਗਿਆਨਕ ਨਹੀਂ ਹੁੰਦੀ ਅਤੇ ਲੋਕ ਅਧਿਆਤਮਵਾਦ ਦੇ ਜਾਲ ਵਿੱਚ ਫਸੇ ਹੁੰਦੇ ਹਨ ਤਦ ਤਕ ਉਹ ਪੱਥਰ ਵਿੱਚ ਰਿਜ਼ਕ ਵਾਲੇ ਅਖਾਣ ਨੂੰ ਸਹੀ ਮੰਨਦੇ ਹਨ ਅਤੇ ਮੈਂ ਵੀ ਬਚਪਨ ਤੋਂ ਲੈ ਕੇ ਦਸਵੀਂ ਵਿੱਚ ਜੀਵ ਵਿਗਿਆਨ ਪੜ੍ਹਨ ਤੋਂ ਪਹਿਲਾਂ ਇਸ ਅਖਾਣ ਨੂੰ ਹੀ ਮੰਨਦਾ ਸੀ। ਜੀਵ ਵਿਗਿਆਨ ਪੜ੍ਹਨ ’ਤੇ ਪਤਾ ਲੱਗਿਆ ਕਿ ਕੀੜਾ ਪੈਦਾ ਹੀ ਉੱਥੇ ਹੁੰਦਾ ਹੈ ਜਿੱਥੇ ਉਸ ਦੇ ਖਾਣ ਦਾ ਸਮਾਨ ਪਹਿਲਾਂ ਤੋਂ ਪਿਆ ਹੋਵੇ ਜਾਂ ਕਿਤੇ ਨੇੜੇ ਤੇੜੇ ਮਿਲ ਸਕਦਾ ਹੋਵੇ ਅਤੇ ਰਾਣੀ ਕੀੜੀ ਆਂਡੇ ਵੀ ਉੱਥੇ ਹੀ ਦਿੰਦੀ ਹੈ।
ਰੱਬ ਕੀੜੀ ਨੂੰ ਵੀ ਪੱਥਰ ਵਿੱਚ ਰਿਜ਼ਕ ਦਿੰਦਾ ਹੈ, ਅਜਿਹਾ ਅਖਾਣ ਬੋਲਣ ਵਾਲੇ ਜਾਂ ਤਾਂ ਵਿਗਿਆਨਿਕ ਸੋਚ ਤੋਂ ਹੀਣੇ ਹੁੰਦੇ ਹਨ ਜਾਂ ਸਭ ਕੁਝ ਜਾਣਦੇ ਹੋਏ ਵੀ ਜਾਣ ਬੁੱਝ ਕੇ ਅੰਧ ਵਿਸ਼ਵਾਸ ਫੈਲਾ ਰਹੇ ਹੁੰਦੇ ਹਨ। ਕੋਈ ਇਹਨਾਂ ਨੂੰ ਪੁੱਛੇ ਕਿ ਜਿਹੜਾ ਰੱਬ ਕੀੜੀ ਨੂੰ ਪੱਥਰ ਵਿੱਚ ਰਿਜ਼ਕ ਦਿੰਦਾ ਹੈ, ਉਹ ਮਨੁੱਖ ਦੇ ਬੱਚਿਆਂ ਨੂੰ ਕਿਉਂ ਭੁੱਖਾ ਮਾਰਦਾ ਹੈ? ਜਿਵੇਂ ਉਹ ਕੀੜੀ ਦਾ ਪੱਥਰ ਵਿੱਚ ਪਾਲਣਹਾਰ ਬਣਦਾ ਹੈ ਉਵੇਂ ਮਨੁੱਖ ਜਾਤ ਲਈ ਕਿਉਂ ਨਹੀਂ ਬਣਦਾ? 2017 ਦੇ ਨੈਸ਼ਨਲ ਸਰਵੇ ਅਨੁਸਾਰ ਭਾਰਤ ਵਿੱਚ 19 ਕਰੋੜ ਲੋਕ ਰਾਤ ਵੇਲੇ ਭੁੱਖੇ ਸੌਂਦੇ ਹਨ। ਪੰਚ ਸਾਲ ਜਾਂ ਉਸ ਤੋਂ ਘੱਟ ਉਮਰ ਦੇ 4500 ਬੱਚੇ ਰੋਜ਼ਾਨਾ ਭੁੱਖ ਨਾਲ ਮਰਦੇ ਹਨ। ਜੇਕਰ ਰਿਜ਼ਕ ਦੇਣ ਵਾਲਾ ਆਪੇ ਰਿਜ਼ਕ ਦੇ ਦਿੰਦਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਲਈ ਦੌੜ ਭੱਜ ਨਾ ਕਰਨੀ ਪੈਂਦੀ, ਵਿਦੇਸ਼ਾਂ ਵਲ ਨਾ ਭੱਜਣਾ ਪੈਂਦਾ, ਕਿਸਾਨਾਂ ਨੂੰ ਖੇਤੀ ਨਾ ਕਰਨੀ ਪੈਂਦੀ, ਨਹਿਰਾਂ ਦੀ ਖੁਦਾਈ ਕਰਨ ਦੀ ਲੋੜ ਨਾ ਹੁੰਦੀ।
ਅਮਰੀਕਾ ਵਰਗੇ ਵਿਕਸਿਤ ਦੇਸ਼ ਵਿੱਚ ਕਾਫ਼ੀ ਜਨਤਾ ਉਹ ਸੀ, ਜਿਹੜੀ ਜਿੰਨਾ ਕਮਾਉਂਦੀ ਸੀ ਉੰਨਾ ਖਾ ਲੈਂਦੀ ਸੀ, ਬਚਦਾ ਕੁਝ ਵੀ ਨਹੀਂ ਸੀ। ਮਕਾਨਾਂ ਦੀਆਂ ਕੀਮਤਾਂ ਜਾਂ ਕਿਰਾਏ ਐਨੇ ਵਧ ਚੁੱਕੇ ਸਨ ਕਿ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਰਹੇ। ਇਸ ਲਈ ਇਹਨਾਂ ਲੋਕਾਂ ਨੇ ਮਕਾਨ ਛੱਡ ਕੇ ਸੜਕ ਤੋਂ ਥੋੜ੍ਹਾ ਹਟ ਕੇ ਟੈਂਟ ਲਗਾ ਲਏ, ਜਿੱਥੇ ਉਹ ਰਹਿੰਦੇ ਹਨ। ਰੂਸ ਯੂਕਰੇਨ ਦੀ ਇੱਕ ਸਾਲ ਤੋਂ ਵੱਧ ਚੱਲ ਰਹੀ ਜੰਗ ਕਾਰਣ ਉੱਥੋਂ ਅਨਾਜ ਬਾਹਰ ਨਾ ਜਾ ਸਕਣ ਕਰਕੇ ਗਰੀਬ ਲੋਕ ਭੁੱਖਮਰੀ ਦੇ ਕੰਢੇ ਪਹੁੰਚ ਗਏ। ਗਰੀਬ ਲੋਕ ਦਾਨੀ ਸੰਸਥਾਵਾਂ ਜਾਂ ਜਿੱਥੇ ਸਰਕਾਰ ਵੱਲੋਂ ਫਰੀ ਖਾਣਾ ਮਿਲਦਾ ਹੈ, ਉੱਥੋਂ ਖਾਣਾ ਪ੍ਰਾਪਤ ਕਰ ਰਹੇ ਹਨ। ਜਿਹੜੇ ਕੁਝ ਸੌਖੇ ਸਨ ਉਹਨਾਂ ਕੰਮਕਾਰ ’ਤੇ ਜਾਣ ਲਈ ਕਿਸ਼ਤਾਂ ’ਤੇ ਕਾਰ ਖਰੀਦ ਲਈ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਪਰ ਭੁੱਖਮਰੀ ਅਤੇ ਬੇਕਾਰੀ ਕਾਰਣ ਕਿਰਾਏ ਵਾਲਾ ਮਕਾਨ ਛੱਡ ਦਿੱਤਾ। ਹੁਣ ਕਾਰ ਹੀ ਉਹਨਾਂ ਦਾ ਘਰ ਹੈ, ਇਸਦੇ ਵਿੱਚ ਹੀ ਖਾਂਦੇ ਪੀਂਦੇ ਅਤੇ ਰਾਤ ਨੂੰ ਸੌਂਦੇ ਹਨ। ਖਾਣਾ ਜਿੱਥੋਂ ਫਰੀ ਮਿਲ ਜਾਏ ਉੱਥੋਂ ਲੈ ਕੇ ਖਾਂਦੇ ਹਨ। ਇੰਗਲੈਂਡ ਵਿੱਚ ਅਧਿਆਪਕ ਅਤੇ ਉਸ ਦੇ ਬਰਾਬਰ ਤਨਖਾਹਾਂ ਲੈਣ ਵਾਲੇ ਕਰਮਚਾਰੀਆਂ ਦਾ ਵੀ ਮਹਿੰਗਾਈ ਕਾਰਣ ਇਹ ਹਾਲ ਹੋ ਗਿਆ ਕਿ ਜਿੱਥੋਂ ਗਰੀਬਾਂ ਨੂੰ ਸਰਕਾਰੀ ਅਜੈਂਸੀ ਵੱਲੋਂ ਫਰੀ ਖਾਣਾ ਮਿਲਦਾ ਹੈ, ਉੱਥੋਂ ਖਾਣਾ ਲੈਣਾ ਸ਼ੁਰੂ ਕਰ ਦਿੱਤਾ। ਅਜੈਂਸੀ, ਜਿੰਨਾ ਉਸ ਨੂੰ ਬੱਜਟ ਅਲਾਟ ਹੁੰਦਾ ਹੈ, ਉਸ ਅਨੁਸਾਰ ਉਹ ਖਾਣੇ ਦੇ ਪੈਕਟ ਤਿਆਰ ਕਰਦੀ ਸੀ ਪਰ ਜਿਹੜੇ ਕਰਮਚਾਰੀਆਂ ਦਾ ਪਹਿਲਾਂ ਲਗਭਗ ਠੀਕ ਗੁਜ਼ਾਰਾ ਹੁੰਦਾ ਸੀ, ਜਦੋਂ ਉਹ ਵੀ ਦੇਸ਼ ਵਿੱਚ ਖਾਣੇ ਦੀਆਂ ਕੀਮਤਾਂ ਹੱਦੋਂ ਵੱਧ ਹੋਣ ਕਾਰਣ ਉੱਥੋਂ ਖਾਣੇ ਦੇ ਫਰੀ ਪੈਕਟ ਲੈਣ ਲੱਗ ਪਏ ਤਾਂ ਅਜੈਂਸੀ ਨੂੰ ਪੈਕਟਾਂ ਦਾ ਸਾਈਜ਼ ਘਟਾਉਣਾ ਪਿਆ। ਪੱਥਰ ਵਿੱਚ ਕੀੜੀ ਨੂੰ ਰਿਜ਼ਕ ਦੇਣ ਵਾਲਾ ਰੱਬ ਇੱਥੇ ਗਰੀਬਾਂ, ਲੋੜਵੰਦਾਂ ਜਾਂ ਮਜਬੂਰ ਲੋਕਾਂ ਨੂੰ ਰਿਜ਼ਕ ਕਿਉਂ ਨਹੀਂ ਦਿੰਦਾ?
ਇੱਥੇ ਅਸੀਂ ਰੱਬ ਦੀ ਹੋਂਦ ਜਾਂ ਅਣਹੋਂਦ ਦੀ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੇ ਪਰ ਇੱਕ ਗੱਲ ਪੱਕੀ ਹੈ ਕਿ ਰਿਜ਼ਕ ਦਾ ਸਬੰਧ ਰੱਬ ਨਾਲ ਬਿਲਕੁਲ ਨਹੀਂ ਹੈ। ਮਨੁੱਖ ਨੂੰ ਛੱਡ ਕੇ ਬਾਕੀ ਦੇ ਪ੍ਰਾਣੀ ਉੱਥੇ ਹੀ ਰਹਿੰਦੇ ਹਨ ਜਿੱਥੇ ਉਹ ਆਪਣੀ ਖੁਰਾਕ ਦਾ ਪ੍ਰਬੰਧ ਕਰ ਸਕਣ। ਸਾਇਬੇਰੀਆ ਦੇ ਪੰਛੀ, ਜਦੋਂ ਅਤਿ ਦੀ ਠੰਢ ਅਤੇ ਬਰਫ਼ ਪੈਂਦੀ ਹੈ, ਉੱਥੇ ਉਹਨਾਂ ਦੇ ਖਾਣ ਲਈ ਕੋਈ ਦਾਣਾ ਜਾਂ ਕੀੜਾ ਮਕੌੜਾ ਨਹੀਂ ਹੁੰਦਾ ਤਾਂ ਉਹ ਹਜ਼ਾਰਾਂ ਕਿਲੋਮੀਟਰ ਦੀ ਉਡਾਣ ਭਰ ਕੇ ਗਰਮ ਦੇਸ਼ਾਂ ਵਿੱਚ ਪਾਣੀ ਦੇ ਦਰਿਆਵਾਂ ਜਾਂ ਝੀਲਾਂ ਤਕ ਪਹੁੰਚ ਜਾਂਦੇ ਹਨ, ਜਿੱਥੋਂ ਉਹਨਾਂ ਨੂੰ ਖਾਣਾ ਸੌਖਿਆਂ ਅਤੇ ਬਹੁਤਾਤ ਵਿੱਚ ਮਿਲ ਜਾਂਦਾ ਹੈ। ਉਹਨਾਂ ਨੂੰ ਬਰਫ ਦੀ ਤਿੰਨ ਫੁੱਟ ਮੋਟੀ ਤਹਿ ਉੱਤੇ ਕੋਈ ਰੱਬ ਰਿਜ਼ਕ ਨਹੀਂ ਦਿੰਦਾ। ਮਾਸਾਹਾਰੀ ਜਾਨਵਰ ਵੀ ਉੱਥੇ ਹੀ ਵਧਦੇ ਫੁੱਲਦੇ ਹਨ, ਜਿੱਥੇ ਉਹਨਾਂ ਨੂੰ ਖਾਣ ਲਈ ਸ਼ਾਕਾਹਾਰੀ ਸ਼ਿਕਾਰ ਮਿਲਦੇ ਹਨ। ਜਿਹੜੇ ਜੰਗਲਾਂ ਵਿੱਚੋਂ ਸ਼ਿਕਾਰੀਆਂ ਨੇ ਸ਼ਾਕਾਹਾਰੀ ਪ੍ਰਾਣੀਆਂ ਦਾ ਬੇਤਹਾਸ਼ਾ ਸ਼ਿਕਾਰ ਕਰ ਲਿਆ ਜਾਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਣ ਸ਼ਾਕਾਹਾਰੀ ਜਾਨਵਰ ਵੀ ਘਟ ਗਏ ਉੱਥੋਂ ਮਾਸਾਹਾਰੀ ਜਾਨਵਰ ਨੇੜੇ ਦੇ ਪਿੰਡਾਂ ਵਿੱਚੋਂ ਪਾਲਤੂ ਜਾਨਵਰਾਂ ਦਾ ਸ਼ਿਕਾਰ ਕਰਨ ਨੂੰ ਮਜਬੂਰ ਹੋ ਗਏ।
ਮਨੁੱਖ ਨੂੰ ਕੁਦਰਤ ਤੋਂ ਬਣਿਆ ਬਣਾਇਆ ਭੋਜਨ ਨਹੀਂ ਮਿਲ ਸਕਦਾ, ਨਾ ਹੀ ਕੁਦਰਤ ਨੇ ਉਸ ਨੂੰ ਸਰਦੀ ਗਰਮੀ ਤੋਂ ਬਚਾ ਲਈ ਕੱਪੜਾ ਦੇਣਾ ਹੈ ਅਤੇ ਨਾ ਹੀ ਕੋਈ ਮਕਾਨ ਬਣਾ ਕੇ ਦੇਣਾ ਹੈ। ਕਬੀਲਾ ਯੁਗ ਤੋਂ ਪਹਿਲਾਂ ਮਨੁੱਖ ਵੀ ਕੁਦਰਤ ਤੋਂ ਜੱਦੋਜਹਿਦ ਕਰਕੇ ਭੋਜਨ ਪ੍ਰਾਪਤ ਕਰਦਾ ਸੀ ਮਤਲਬ ਸ਼ਿਕਾਰ ਕਰਕੇ ਜਾਨਵਰਾਂ ਦਾ ਕੱਚਾ ਮਾਸ ਉਵੇਂ ਹੀ ਖਾਂਦਾ ਸੀ ਜਿਵੇਂ ਸ਼ੇਰ ਚੀਤੇ ਖਾਂਦੇ ਹਨ। ਸ਼ਿਕਾਰ ਕੀਤੇ ਜਾਨਵਰ ਦੀ ਖਲ ਨਾਲ ਮਨੁੱਖ ਆਪਣਾ ਸਰੀਰ ਢਕ ਲੈਂਦਾ ਸੀ, ਸਰਦੀ, ਗਰਮੀ, ਬਰਸਾਤ ਤੋਂ ਬਚਣ ਲਈ ਗੁਫਾਵਾਂ ਵਿੱਚ ਰਹਿੰਦਾ ਸੀ। ਪਰ ਪਰ ਕਬੀਲਾ ਯੁਗ ਤੋਂ ਬਾਅਦ ਆਇਆ ਹਰ (ਰਾਜ) ਪ੍ਰਬੰਧ ਲੁੱਟਣ ਅਤੇ ਲੁੱਟੇ ਜਾਣ ਵਾਲਿਆਂ ਦਾ ਹੋ ਗਿਆ। ਇਸ ਲਈ ਆਦਮੀ ਦਾ ਰਿਜ਼ਕ ਜਿਸ ਵਿੱਚ ਰੋਟੀ, ਕੱਪੜਾ, ਮਕਾਨ, ਵਿੱਦਿਆ, ਸਿਹਤ ਸਹੂਲਤਾਂ, ਮਨੋਰੰਜਨ, ਕਾਨੂੰਨ ਪ੍ਰਬੰਧ ਅਤੇ ਨਿਆਂ ਆਦਿ ਰਾਜ ਪ੍ਰਬੰਧ ’ਤੇ ਨਿਰਭਰ ਹੋ ਗਿਆ।
ਇਸ “ਰੱਬ ਰਿਜ਼ਕ ਦਿੰਦਾ ਹੈ ਜਾਂ ਦੇਵੇਗਾ” ਦੇ ਭੁਲੇਖੇ ਵਿੱਚੋਂ ਨਿਕਲ ਕੇ ਮਿਹਨਤ ਕਰਕੇ ਆਪਣਾ ਰਿਜ਼ਕ ਕਮਾਉ ਅਤੇ ਖਾਓ। ਨਾਲ ਦੀ ਨਾਲ ਜਿਹੜੇ ਪ੍ਰਬੰਧ ਰਾਜ ਵਿੱਚ ਤੁਹਾਡਾ ਰਿਜ਼ਕ ਖੋਹਿਆ ਜਾ ਰਿਹਾ ਹੈ, ਉਸ ਬਾਰੇ ਸੁਚੇਤ ਰਹੋ, ਜਥੇਬੰਦ ਹੋਵੇ ਅਤੇ ਹਾਲਤਾਂ ਅਨੁਸਾਰ ਜਿੰਨਾ ਘੋਲ ਕਰ ਸਕਦੇ ਹੋ ਕਰੋ ਅਤੇ ਘੋਲ ਕਰ ਰਹੇ ਸਾਥੀਆਂ ਦੀ ਜਿਹੜੀ ਵੀ ਮਦਦ ਕਰ ਸਕੋ ਕਰੋ। ਜੇਕਰ ਕਿਸੇ ਦੇ ਹੱਥ ਵਿੱਚੋਂ ਕੋਈ ਅਨਾਜ ਦਾ ਲਿਫਾਫਾ ਡਿਗ ਪਿਆ ਅਤੇ ਕਿਸੇ ਪੰਛੀ ਨੇ ਕੁਝ ਦਾਣੇ ਖਾ ਲਏ ਤਾਂ ਇਸਦਾ ਮਤਲਬ ਨਹੀਂ ਕਿ “ਦਾਣਾ ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ ਓਏ” ਗੀਤ ਵੀ ਕਿਸੇ ਨੇ ਸਹੀ ਲਿਖਿਆ ਹੈ। ਦਾਣਾ ਪਾਣੀ ਕਦੇ ਖਿੱਚ ਕੇ ਨਹੀਂ ਲਿਆਉਂਦਾ, ਦਾਣੇ ਪਾਣੀ ਦਾ ਆਪ ਪ੍ਰਬੰਧ ਕਰਨਾ ਪੈਂਦਾ ਹੈ। ਕਦੇ ਵੀ ਜੰਗਲ ਵਿੱਚ ਬੈਠਾ ਹੋਇਆ ਕੋਈ ਸ਼ਾਕਾਹਾਰੀ ਜਾਨਵਰ ਕਿਸੇ ਹਿੰਸਕ ਜਾਨਵਰ ਨੂੰ ਨਹੀਂ ਮਿਲਦਾ ਕਿ ਜਿਸ ਵੱਲ ਉਹ ਖਿੱਚਿਆ ਜਾਵੇ ਅਤੇ ਜਾ ਕੇ ਉਸ ਨੂੰ ਖਾ ਲਵੇ। ਹਿੰਸਕ ਜਾਨਵਰ ਨੂੰ ਸ਼ਾਕਾਹਾਰੀ ਜਾਨਵਰ ਦੇ ਪਿੱਛੇ ਆਪਣੀ ਖੁਰਾਕ ਲਈ ਦੌੜਨਾ ਪੈਂਦਾ ਹੈ ਅਤੇ ਕਈ ਵਾਰ ਹਿੰਸਕ ਜਾਨਵਰ ਦੀ ਖੁਰਾਕ ਲਈ ਦੌੜ ਅਸਫਲ ਵੀ ਹੋ ਜਾਂਦੀ ਹੈ। ਕਦੇ ਕਿਸੇ ਪੜ੍ਹੇ ਲਿਖੇ ਬੇਰੁਜ਼ਗਾਰ ਲਈ ਕੋਈ ਨੌਕਰੀ ਨਹੀਂ ਪਈ ਹੁੰਦੀ ਜਿਸ ਵੱਲ ਉਹ ਚੁੰਬਕ ਪੱਥਰ ਵਾਂਗ ਖਿੱਚਿਆ ਜਾਵੇ ਅਤੇ ਜਾ ਕੇ ਉੱਥੇ ਕੰਮ ਕਰਨਾ ਸ਼ੁਰੂ ਕਰ ਦੇਵੇ। ਉਸ ਨੂੰ ਕਈ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ, ਇੰਟਰਵਿਊ ਦੇਣੇ ਪੈਂਦੇ ਹਨ ਅਤੇ ਫਿਰ ਜਾ ਕੇ ਕਿਤੇ ਕੋਈ ਨੌਕਰੀ ਜਾਂ ਰੁਜ਼ਗਾਰ ਮਿਲਦਾ ਹੈ। ਕਈ ਵਾਰ ਇੰਟਰਵਿਊ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ, ਪਰ ਚਿੱਠੀ ਕਦੇ ਆਉਂਦੀ ਹੀ ਨਹੀਂ। ਕਈ ਵਾਰ ਆਪਣੀ ਯੋਗਤਾ ਤੋਂ ਘੱਟ ਨੌਕਰੀ ਜਾਂ ਰੁਜ਼ਗਾਰ ’ਤੇ ਕੰਮ ਕਰਨਾ ਪੈਂਦਾ ਹੈ। ਮਤਲਬ ਦਾਣਾ ਪਾਣੀ ਕਦੇ ਖਿੱਚ ਕੇ ਨਹੀਂ ਲਿਆਉਂਦਾ। ਜੇਕਰ ਸਾਡੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਸਰਮਾਏਦਾਰੀ ਪ੍ਰਬੰਧ ਖਾ ਗਿਆ ਤਾਂ ਇਸਦਾ ਅਰਥ ਇਹ ਨਹੀਂ ਉਹ ਸਾਡੀ ਕਮਾਈ ਵੱਲ ਖਿੱਚਿਆ ਗਿਆ, ਇਸਦਾ ਅਰਥ ਲੁੱਟ ਅਤੇ ਭਾਈਵਾਲ ਸਰਕਾਰਾਂ ਨਾਲ ਮਿਲ ਕੇ ਕੇਵਲ ਲੁੱਟ ਹੈ, ਜਿਸ ਵਿਰੁੱਧ ਸਾਨੂੰ ਸੰਘਰਸ਼ ਕਰਨਾ ਪਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4025)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)