“24 ਘੰਟੇ ਬੀਤਣ ’ਤੇ ਵੀ ਜਦੋਂ ਹੋਸ਼ ਨਾ ਆਇਆ ਤਾਂ ਡਾਕਟਰ ਸਾਹਿਬ ਨੇ ਇੱਕ ਹੋਰ ਇੰਜੈਕਸ਼ਨ ਲਗਾ ਕੇ ਕਿਹਾ ...”
(22 ਜਨਵਰੀ 2022)
5 ਜਨਵਰੀ ਨੂੰ ਮੋਦੀ ਜੀ ਨੇ ਬਠਿੰਡਾ ਤੋਂ ਹੈਲੀਕਾਪਰ ਰਾਹੀਂ ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਸੀ ਅਤੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਨਾ ਸੀ। ਬਠਿੰਡਾ ਤੋਂ ਓੜਾਨ ਭਰਨ ਵੇਲੇ ਮੌਸਮ ਖਰਾਬ ਹੋ ਜਾਣ ਕਾਰਣ ਅਚਾਨਕ ਫਿਰੋਜ਼ਪੁਰ ਪਹੁੰਚਣ ਲਈ ਹਵਾਈ ਰਸਤੇ ਦੀ ਬਜਾਏ ਸੜਕ ਰਸਤੇ ਜਾਣ ਦਾ ਪ੍ਰੋਗਰਾਮ ਬਣ ਗਿਆ। ਜਿਸ ਰਸਤੇ ਰਹੀਂ ਮੋਦੀ ਜੀ ਨੇ ਫਿਰੋਜ਼ਪੁਰ ਜਾਣਾ ਸੀ ਉਸ ਰਸਤੇ ’ਤੇ ਕਿਸਾਨ ਆਪਣੀਆਂ ਮੰਗਾਂ ਲਈ ਕਈ ਦਿਨਾਂ ਤੋਂ ਧਰਨਾ ਲਗਾਈ ਬੈਠੇ ਸਨ। ਪੁਲਿਸ ਨੇ ਉਹਨਾਂ ਨੂੰ ਸਮਝਾ ਬੁਝਾ ਕੇ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਮੋਦੀ ਜੀ ਇਸ ਰਸਤੇ ਆ ਰਹੇ ਹਨ ਕਿਉਂਕਿ ਪਹਿਲੀਆਂ ਖਬਰਾਂ ਅਨੁਸਾਰਉਹਨਾਂਹਵਾਈ ਰਸਤੇ ਰਾਹੀਂ ਜਾਣਾ ਸੀ। ਪੁਲਿਸ ਵੀ ਇਸ ਮੌਕੇ ਲਾਠੀ ਚਾਰਜ ਜਾਂ ਕੋਈ ਹੋਰ ਸਖ਼ਤੀ ਨਹੀਂ ਵਰਤਣਾ ਚਾਹੁੰਦੀ ਸੀ। ਮੋਦੀ ਜੀ ਦੇ ਕਾਫਲੇ ਨੂੰ ਲਗਭਗ 20 ਮਿੰਟ ਲਈ ਰੁਕਣਾ ਪਿਆ।
ਦੂਜੇ ਪਾਸੇ ਫਿਰੋਜ਼ਪੁਰ ਵਿਖੇ ਜਨ ਸਭਾ ਲਈ 65 ਹਜ਼ਾਰ ਕੁਰਸੀਆਂ ਲੱਗੀਆਂ ਹੋਈਆਂ ਸਨ ਅਤੇ ਸਰੋਤੇ ਕੇਵਲ 700 ਸਨ। ਅਜਿਹੀ ਸਥਿਤੀ ਵਿੱਚ ਮੋਦੀ ਜੀ ਛੱਡ ਕੇ ਹੋਰ ਵੀ ਕੋਈ ਵੱਡਾ ਨੇਤਾ ਸਟੇਜ ’ਤੇ ਆ ਕੇ ਬੋਲਣਾ ਪਸੰਦ ਨਹੀਂ ਕਰੇਗਾ। ਬਹੁਤ ਘੱਟ ਸਰੋਤਿਆਂ ਦੀ ਸੂਚਨਾ ਵਾਇਰਲੈੱਸ ਜਾਂ ਮੋਬਾਇਲ ਫੋਨ ਰਾਹੀਂ ਮੋਦੀ ਜੀ ਤਕ ਜ਼ਰੂਰ ਪਹੁੰਚ ਗਈ ਹੋਵੇਗੀ ਅਤੇ ਮੋਦੀ ਜੀ ਨੇ ਰੁਕਣ ਵਾਲੀ ਥਾਂ ’ਤੇ ਜਾਂ ਉਸ ਤੋਂ ਪਹਿਲਾਂ ਹੀ ਜਨ ਸਭਾ ਅਤੇ ਹੋਰ ਸਾਰੇ ਪ੍ਰੋਗਰਾਮ ਰੱਦ ਕਰਕੇ ਵਾਪਸ ਜਾਣ ਦਾ ਮਨ ਬਣਾ ਲਿਆ ਹੋਵੇਗਾ। ਪਰ ਵਾਪਸ ਮੁੜਨ ਦਾ ਕੋਈ ਨਾ ਕੋਈ ਬਹਾਨਾ ਤਾਂ ਚਾਹੀਦਾ ਸੀ, ਇਸ ਲਈ ਵਾਪਸ ਬਠਿੰਡੇ ਜਾ ਕੇ ਕਿਸੇ ਅਫਸਰ ਨੂੰ ਕਿਹਾ, “ਮੁੱਖ ਮੰਤਰੀ ਚੰਨੀ ਨੂੰ ਦਸ ਦੇਣਾ ਕਿ ਮੈਂ ਬਚ ਕੇ ਵਾਪਸ ਆ ਗਿਆ ਹਾਂ।” ਇਸ ਤੋਂ ਬਾਅਦ ਭਾਜਪਾ ਦੇ ਹਰ ਛੋਟੇ ਵੱਡੇ ਨੇਤਾ, ਗੋਦੀ ਮੀਡੀਆ ਅਤੇ ਸੁਰੱਖਿਆ ਅਜੈਂਸੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੋਦੀ ਜੀ ਦੀ ਸੁਰੱਖਿਆ ਵਿੱਚ ਪਾੜ ਪੈ ਗਿਆ ਸੀ ਜੋ ਕਿ ਬਹੁਤ ਘਾਤਕ ਹੋ ਸਕਦਾ ਸੀ।
ਜੇਕਰ ਮੌਸਮ ਖਰਾਬ ਸੀ ਤਾਂ ਮੋਦੀ ਜੀ ਨੂੰ ਆਪਣਾ ਪ੍ਰੋਗਰਾਮ ਕੈਂਸਲ ਕਰ ਦੇਣਾ ਚਾਹੀਦਾ ਸੀ, 2024 ਤਕ ਮੁੜ ਕੇ ਅਨੇਕਾਂ ਮੌਕੇ ਆਉਣੇ ਹਨ ਜਿਨ੍ਹਾਂ ’ਤੇ ਉਹ ਫਿਰ ਪੰਜਾਬ ਆ ਸਕਦੇ ਹਨ। ਜੇਕਰ ਨਿਸਵਾਰਥ ਭਾਵ ਨਾਲ ਪੰਜਾਬ ਨੂੰ ਕੁਝ ਦੇਣਾ ਹੈ ਤਾਂ ਦਿੱਲੀ ਤੋਂ ਵੀ ਐਲਾਨਿਆ ਜਾ ਸਕਦਾ ਹੈ। ਖਰਾਬ ਮੌਸਮ ਦੇ ਹੁੰਦੇ ਹੋਏ ਉਹਨਾਂ ਨੂੰ ਸਰਹੱਦੀ ਇਲਾਕੇ ਵਿੱਚ 120 ਕਿਲੋਮਟਰ ਵਾਲੇ ਰਸਤੇ ’ਤੇ ਹਰਗਿਜ਼ ਨਹੀਂ ਜਾਣਾ ਚਾਹੀਦਾ ਸੀ। ਜੇਕਰ ਉਹ ਧਰਨਾਕਾਰੀ ਕਿਸਾਨਾਂ ਤਕ ਪਹੁੰਚ ਵੀ ਜਾਂਦੇ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਸੀ। ਇਹ ਉਹੀ ਕਿਸਾਨ ਸਨ ਜਿਹੜੇ ਲਾਠੀਆਂ ਚਲਾਉਣ ਵਾਲਿਆਂ ਨੂੰ ਵੀ ਲੰਗਰ ਖੁਆਉਂਦੇ ਹਨ। ਚਲੋ ਜੇਕਰ ਵਾਪਸ ਚਲੇ ਹੀ ਗਏ ਤਾਂ ਬਚ ਕੇ ਆਉਣ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਹਿਣ ਦੀ ਬਜਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਂ ਦਾ ਧੰਨਵਾਦ ਕਰਦੇ ਕਿਉਂਕਿ ਸਰਹੱਦੀ ਇਲਾਕੇ ਵਿੱਚੋਂ ਸੜਕੀ ਮਾਰਗ ’ਤੇ ਜਾਣ ’ਤੇ ਵੀ ਬਚ ਕੇ ਆ ਗਏ। ਬਿਨਾ ਕਿਸੇ ਲੜਾਈ ਝਗੜੇ, ਬਿਨਾ ਕਿਸੇ ਉਕਸਾਹਟ ਦੇ ਵਾਪਸ ਆ ਕੇ ਕਹਿਣਾ ਕਿ ਮੈਂ ਬਚ ਕੇ ਆ ਗਿਆ ਹਾਂ, ਦੁਨੀਆਂ ਦੀ ਇੱਕ ਵੱਡੀ ਤਾਕਤ ਦੇ ਪ੍ਰਧਾਨ ਮੰਤਰੀ ਨੂੰ ਸ਼ੋਭਦਾ ਨਹੀਂ। ਮੋਦੀ ਜੀ ਨੂੰ ਨਹਿਰੂ ਜੀ ਦੀ ਦਲੇਰੀ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ ਜਿਨ੍ਹਾਂ ਖਤਰਨਾਕ ਸਥਿਤੀਆਂ ਵਿੱਚੋਂ ਉਹ ਲੰਘ ਕੇ ਆਏ ਪਰ ਉਹਨਾਂ ਕਦੇ ਵੀ ਰਾਸ਼ਟਰਪਤੀ (ਉਸ ਵਕਤ ਦੇ ਗਵਨਰ ਜਨਰਲ) ਨੂੰ ਇਹ ਨਹੀਂ ਕਿਹਾ ਕਿ ਉਹ ਬਚ ਕੇ ਆ ਗਏ ਹਨ।
1947 ਦੀ ਘਟਨਾ ਹੈ। ਦੇਸ਼ ਦੀ ਹੁਣੇ ਹੁਣੇ ਵੰਡ ਹੋਈ ਸੀ। ਇਨਸਾਨ, ਇਨਸਾਨ ਦੇ ਖੂਨ ਦਾ ਪਿਆਸਾ ਹੋ ਚੁੱਕਿਆ ਸੀ, ਮੌਤ ਦਾ ਨੰਗਾ ਨਾਚ ਹੋ ਰਿਹਾ ਸੀ। ਦਿੱਲੀ ਹੋਵੇ ਜਾਂ ਲਾਹੌਰ, ਕਲਕੱਤਾ ਹੋਵੇ ਜਾਂ ਕਰਾਚੀ, ਸਭ ਥਾਂਵਾਂ ’ਤੇ ਦੰਗੇ ਹੋ ਰਹੇ ਸਨ। ਨਹਿਰੂ ਜੀ ਨੂੰ ਪਤਾ ਲੱਗਾ ਕਿ ਦਿੱਲੀ ਕਨਾਟ ਪਲੇਸ ਵਿਖੇ ਹਿੰਦੂ ਅਤੇ ਸਿੱਖ ਮੁਸਲਮਾਨਾਂ ਦੀਆਂ ਦੁਕਾਨਾਂ ਲੁੱਟ ਰਹੇ ਹਨ, ਮੁਸਲਮਾਨ ਔਰਤਾਂ ਦੇ ਪਰਸ ਖੋਹ ਰਹੇ ਹਨ। ਨਹਿਰੂ ਜੀ ਨੇ ਉੱਥੇ ਜਾ ਕੇ ਵੇਖਿਆ ਕਿ ਪੁਲਿਸ ਕੋਲ ਖੜ੍ਹੀ ਤਮਾਸ਼ਾ ਵੇਖ ਰਹੀ ਹੈ। ਗੁੱਸੇ ਵਿੱਚ ਆ ਕੇ ਨਹਿਰੂ ਨੇ ਇੱਕ ਪੁਲਿਸ ਵਾਲੇ ਦੀ ਡਾਂਗ ਖੋਹੀ ਅਤੇ ਦੰਗਾਈਆਂ ’ਤੇ ਲਾਠੀ ਚਲਾਉਣ ਲੱਗ ਪਏ। ਜਦ ਦੰਗਾਈਆਂ ਨੂੰ ਪਤਾ ਲੱਗਾ ਕਿ ਇਹ ਨਹਿਰੂ ਜੀ ਹਨ ਤਾਂ ਉਹ ਭੱਜ ਖੜ੍ਹੇ ਹੋਏ। ਇਸ ਤੋਂ ਤੁਰੰਤ ਬਾਅਦ ਪਤਾ ਲੱਗਾ ਕਿ ਜਾਮਿਆ ਮਿਲੀਆਂ ਯੂਨੀਵਰਸਟੀ ਵਿੱਚ ਜ਼ਾਕਿਰ ਹੁਸੈਨ ਜੀ ਹਨ, ਸ਼ਾਇਦ ਡਰੇ ਹੋਏ ਸਨ, ਉਹਨਾਂ ਨੂੰ ਜਾ ਕੇ ਹੌਸਲਾ ਦਿੱਤਾ। ਜਦੋਂ ਗਵਰਨਰ ਜਨਰਲ ਮਾਊਂਟ ਬੈਟਨ ਨੂੰ ਪਤਾ ਲੱਗਾ ਕਿ ਨਹਿਰੂ ਜੀ ਬਿਨਾ ਕਿਸੇ ਸੁਰੱਖਿਆ ਦੇ ਭੀੜ ਵਿੱਚ ਇਕੱਲੇ ਚਲੇ ਗਏ ਹਨ ਤਾਂ ਉਸਨੇ ਕੁਝ ਮਸ਼ੀਨ ਗੰਨਾ ਉੱਤੇ ਤੋਪਾਂ ਫਿੱਟ ਕਰਵਾ ਕੇ ਨਹਿਰੂ ਜੀ ਲਈ ਬਾਡੀਗਾਰਡ ਭੇਜ ਦਿੱਤੇ। ਪਰ ਜਦੋਂ ਉੱਥੇ ਬਾਡੀਗਾਰਡਾਂ ਵਾਲੀਆਂ ਜੀਪਾਂ ਪੁੱਜੀਆਂ ਤਾਂ ਉੱਥੇ “ਨਹਿਰੂ ਜ਼ਿੰਦਾਬਾਦ” ਦੇ ਨਾਅਰੇ ਲੱਗ ਰਹੇ ਸਨ।
ਜਦੋਂ ਮੋਦੀ ਜੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਦੱਸ ਦੇਣਾ ਕਿ ਮੈਂ ਬਚ ਕੇ ਵਾਪਸ ਆ ਗਿਆ ਹਾਂ ਉਸ ਤੋਂ ਬਾਅਦ ਸਾਰੀਆਂ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਹੋਰ ਲੀਡਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਪੰਜਾਬ ਵਿੱਚ ਮੋਦੀ ਜੀ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਖਾਮੀਆਂ ਸਨ ਅਤੇ ਪੰਜਾਬ ਦੇ ਡੀ ਜੀ ਪੀ ਸਮੇਤ ਮੁੱਖ ਮੰਤਰੀ ਚੰਨੀ ਜੀ ਜ਼ਿੰਮੇਦਾਰ ਹਨ। ਕਈਆਂ ਨੇ ਤਾਂ ਇੱਥੇ ਤਕ ਕਹਿ ਦਿੱਤਾ ਕਿ ਚੰਨੀ ਨੂੰ ਗ੍ਰਿਫਤਾਰ ਕਰੋ। ਇਹ ਹਰ ਕੋਈ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕੇਵਲ ਪੰਜਾਬ ਪੁਲਿਸ ਹੀ ਜ਼ਿੰਮੇਦਾਰ ਨਹੀਂ ਹੁੰਦੀ ਬਲਕਿ ਕੇਂਦਰੀ ਸੁਰੱਖਿਆ ਅਜੈਂਸੀਆਂ ਵੀ ਜ਼ਿੰਮੇਦਾਰ ਹੁੰਦੀਆਂ ਹਨ। ਹਿੰਦੂ ਮਾਨਸਿਕਤਾ ਦਾ ਲਾਹਾ ਲੈਣ ਤੋਂ ਭਾਜਪਾ ਕਦੇ ਵੀ ਪਿੱਛੇ ਨਹੀਂ ਹਟੀ। ਸਾਰੀਆਂ ਥਾਂਵਾਂ ’ਤੇ ਮੰਦਿਰਾਂ ਦੇ ਅੰਦਰ ਅਤੇ ਬਾਹਰ ਮਹਾਂ ਮ੍ਰਿਤੁੰਜਯ ਮੰਤ੍ਰ ਦੇ ਜਾਪ ਸ਼ੁਰੂ ਹੋ ਗਏ। ਇਹ ਮੰਤ੍ਰ ਸਿਆਸੀ ਮੰਤਵ ਨੂੰ ਛੱਡ ਕੇ ਹੋਰ ਕਿੰਨਾ ਕੁ ਕਾਰਗਰ ਹੁੰਦਾ ਹੈ ਉਸ ਬਾਰੇ ਮੈਂ ਆਪਣਾ ਨਿੱਜੀ ਤਜਰਬਾ ਲਿਖ ਰਿਹਾ ਹਾਂ। ਮੇਰੇ ਇੱਕ ਕੁਲੀਗ ਦੀ ਪਤਨੀ ਮੇਰੀ ਪਤਨੀ ਦੀ ਕੁਲੀਗ ਸੀ। ਅੱਜ ਤੋਂ 20 ਸਾਲ ਪਹਿਲਾਂ ਮੇਰੇ ਕੁਲੀਗ ਦੀ ਪਤਨੀ ਡਿਊਟੀ ਖਤਮ ਹੋਣ ਤੋਂ ਬਾਅਦ ਆਪਣੀ ਐਕਟਿਵਾ ’ਤੇ ਘਰ ਜਾ ਰਹੀ ਸੀ ਕਿ ਰਸਤੇ ਵਿੱਚ ਇੱਕ ਟਰੈਕਟਰ ਨਾਲ ਟੱਕਰ ਹੋਣ ’ਤੇ ਉਸ ਦਾ ਸਿਰ ਬੁਰੀ ਤਰ੍ਹਾਂ ਫਟ ਗਿਆ। ਇੱਕ ਦਮ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰ ਨੇ ਇੰਜੈਕਸ਼ਨ ਦੇ ਕਿਹਾ ਕਿ ਜੇਕਰ 24 ਘੰਟੇ ਵਿੱਚ ਹੋਸ਼ ਆ ਗਿਆ ਤਾਂ ਠੀਕ, ਨਹੀਂ ਤਾਂ ਬਹੁਤ ਖਤਰੇ ਵਾਲੀ ਗੱਲ ਹੈ। 24 ਘੰਟੇ ਬੀਤਣ ’ਤੇ ਵੀ ਜਦੋਂ ਹੋਸ਼ ਨਾ ਆਇਆ ਤਾਂ ਡਾਕਟਰ ਸਾਹਿਬ ਨੇ ਇੱਕ ਹੋਰ ਇੰਜੈਕਸ਼ਨ ਲਗਾ ਕੇ ਕਿਹਾ ਕਿ ਹੁਣ ਸਾਡੇ ਕੋਲ ਕੇਵਲ 12 ਘੰਟੇ ਦਾ ਸਮਾਂ ਹੈ। ਜਦੋਂ 10 ਘੰਟੇ ਬੀਤੇ ਤਾਂ ਮੇਰੇ ਕੁਲੀਗ ਨੇ ਮੈਂਨੂੰ ਤੀਹ ਹਜ਼ਾਰ ਰੁਪਏ ਪਕੜਾਉਂਦੇ ਹੋਏ ਕਿਹਾ ਕਿ ਮੈਂ ਆਪਣੀ ਪਤਨੀ ਲਈ ਮਹਾਂ ਮ੍ਰਿਤਯੂੰਜਯ ਮੰਤ੍ਰ ਦਾ ਜਾਪ ਕਰਵਾਉਣ ਜਾ ਰਿਹਾ ਹਾਂ, ਸਾਡੇ ਪੰਡਿਤ ਜੀ ਦਾ ਜਾਪ ਕਦੇ ਵਿਅਰਥ ਨਹੀਂ ਜਾਂਦਾ। ਮੇਰੇ ਮਗਰੋਂ ਜੇਕਰ ਪੈਸੇ ਜਮ੍ਹਾਂ ਕਰਾਉਣ ਦੀ ਜ਼ਰੂਰਤ ਪਈ ਤਾਂ ਦੇ ਦੇਣਾ। ਉਸ ਦੀ ਮਾਨਸਿਕ ਹਾਲਤ ਨੂੰ ਵੇਖਦੇ ਹੋਏ ਮੈਂ ਇਸ ਮੌਕੇ ਉਸ ਨੂੰ ਮਹਾਂ ਮ੍ਰਿਤਯੁੰਜਯ ਮੰਤ੍ਰ ਦੀ ਨਿਰਾਰਥਕਤਾ ਬਾਰੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ।
ਮਿੱਤਰ ਦੇ ਜਾਣ ਤੋਂ ਇੱਕ ਘੰਟੇ ਬਾਅਦ ਵਿੱਚ ਹੀ ਉਸਦੀ ਪਤਨੀ ਦੀ ਮੌਤ ਹੋ ਗਈ। ਕੁਝ ਬਣਦੇ ਪੈਸੇ ਹਸਪਤਾਲ ਵਿੱਚ ਜਮ੍ਹਾਂ ਕਰਵਾ ਕੇ ਮੈਂ ਲਾਸ਼ ਨੂੰ ਐਂਬੂਲੈਂਸ ’ਤੇ ਲੈ ਕੇ ਦੋਸਤ ਦੇ ਘਰ ਵੱਲ ਚੱਲ ਪਿਆ। ਘਰ ਕੋਲ ਗਲੀ ਤੰਗ ਹੋਣ ਕਾਰਣ ਐਂਬੂਲੈਂਸ ਥੋੜ੍ਹੀ ਪਿੱਛੇ ਹੀ ਖੜ੍ਹੀ ਕਰਕੇ ਮੈਂ ਦੋਸਤ ਦੇ ਘਰ ਅੰਦਰ ਬਿਨਾ ਘੰਟੀ ਬਜਾਏ ਹੀ ਜਾ ਵੜਿਆ। ਮੈਂਨੂੰ ਵੇਖਦੇ ਹੀ ਮੇਰਾ ਦੋਸਤ ਬੜਾ ਖੁਸ਼ ਹੋ ਕੇ ਬੋਲਿਆ, “ਮੈਂਨੂੰ ਪਤਾ ਸੀ ਕਿ ਤੁਸੀਂ ਖੁਸ਼ਖਬਰੀ ਲੈ ਕੇ ਜਲਦੀ ਆਓਗੇ, ਮੰਤ੍ਰ ਬੜਾ ਸਫਲ ਰਿਹਾ।”
ਮੈਂ ਦੋਸਤ ਨੂੰ ਲੈ ਕੇ ਐਮਬੂਲੈਂਸ ਤਕ ਗਿਆ। ਇਸ ਤੋਂ ਅੱਗੇ ਲਿਖਣ ਦੀ ਹੁਣ ਕੋਈ ਜ਼ਰੂਰਤ ਹੀ ਨਹੀਂ ਕਿ ਮੇਰੀ ਅਤੇ ਮੇਰੇ ਕੁਲੀਗ ਦੀ ਐਂਬੂਲੈਂਸ ਕੋਲ ਪੁੱਜਣ’ਤੇਕੀ ਮਾਨਸਿਕ ਹਾਲਤ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3298)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)