VishvamitterBammi7ਅੱਜ ਲੋੜ ਹੈ ਕਿ ਸੜਕਾਂ ਉੱਤੇ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਬਚਾਈਏ ...
(11 ਸਤੰਬਰ 2019)

 

ਭਾਰਤ ਦੇ ਵਾਸੀਆਂ ਦੀ ਔਸਤ ਉਮਰ ਪੱਛਮੀ ਦੇਸ਼ਾਂ ਦੇ ਵਾਸੀਆਂ ਨਾਲੋਂ ਬਹੁਤ ਘੱਟ ਹੈ ਔਸਤ ਉਮਰ ਘੱਟ ਹੋਣ ਦੇ ਕੁਝ ਪ੍ਰਮੁੱਖ ਕਾਰਣ ਹਨ ਜੋ ਕਿ ਕਾਫ਼ੀ ਸਮੇਂ ਤੋਂ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਜਿਵੇਂ ਕਿ ਸੜਕਾਂ ਉੱਤੇ ਹੋ ਰਹੀਆਂ ਦੁਰਘਟਨਾਵਾਂ, ਟੁੱਟੀਆਂ ਅਤੇ ਟੋਇਆਂ ਵਾਲੀਆਂ ਸੜਕਾਂ, ਪ੍ਰਦੂਸ਼ਿਤ ਖਾਣਾ, ਪਾਣੀ ਅਤੇ ਹਵਾ, ਨਕਲੀ ਅਤੇ ਘਟੀਆ ਦਵਾਈਆਂ, ਝੋਲਾ ਛਾਪ ਡਾਕਟਰ, ਮਹਿੰਗੀਆਂ ਸਿਹਤ ਸੇਵਾਵਾਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਕਾਰਣ ਟੈਨਸ਼ਨ, ਨਸਲੀ ਦੰਗੇ ਆਦਿ ਹੁਣ ਕੁਝ ਸਮੇਂ ਤੋਂ ਗਊ ਰੱਖਿਅਕਾਂ ਵਲੋਂ ਵੀ ਕੁਝ ਲੋਕਾਂ ਦਾ ਜੀਵਨ ਬੇਰਹਿਮੀ ਨਾਲ ਖਤਮ ਕੀਤਾ ਜਾ ਰਿਹਾ ਹੈ

ਹੁਣ ਸੜਕ ਟਰੈਫਿਕ ਨਿਯਮ ਤੋੜਨ ਉੱਤੇ ਭਾਰੀ ਜੁਰਮਾਨੇ ਨਿਸ਼ਚਿਤ ਕੀਤੇ ਹਨ। ਇਸਦੇ ਵਿਰੋਧ ਵਿੱਚ ਕਈ ਦਲੀਲਾਂ ਆ ਰਹੀਆਂ ਹਨ। ਕੋਈ ਕਹਿ ਰਿਹਾ ਹੈ ਕਿ ਦਸ ਹਜ਼ਾਰ ਤਕ ਜੁਰਮਾਨਾ ਹੋਣ ਉੱਤੇ ਕੌਣ ਦੇਵੇਗਾ, ਪੁਲਸ ਨੂੰ ਕੁਝ ਪਹਿਲਾਂ ਤੋਂ ਵੱਧ ਰਿਸ਼ਵਤ ਦੇ ਕੇ ਭਾਰੀ ਜੁਰਮਾਨੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਤਲਬ ਪੁਲਸ ਦਾ ਰਿਸ਼ਵਤ ਰੇਟ ਵਧ ਜਾਵੇਗਾ ਕੀ ਅਹਿਮ ਸਵਾਲ ਲੋਕਾਂ ਦੀ ਜ਼ਿੰਦਗੀ ਬਚਾਉਣਾ ਹੈ ਜਾਂ ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਜੋ ਕਿ ਹਰ ਖੇਤਰ ਵਿੱਚ ਫੈਲਿਆ ਹੋਇਆ ਹੈ? ਭ੍ਰਿਸ਼ਟਾਚਾਰ ਦੇ ਕੈਂਸਰ ਦਾ ਇਲਾਜ ਤਾਂ ਜਰੂਰ ਹੋਣਾ ਚਾਹੀਦਾ ਹੈ ਪਰ ਪਹਿਲ ਕੀਮਤੀ ਜਾਨਾਂ ਬਚਾਉਣ ਦੀ ਹੋਣੀ ਚਾਹੀਦੀ ਹੈ, ਭਾਵੇਂ ਭਾਰੀ ਤੋਂ ਭਾਰੀ ਜੁਰਮਾਨੇ ਹੋਣ

ਰਿਸ਼ਵਤ ਰੋਕਣ ਲਈ ਜਿਨ੍ਹਾਂ ਥਾਵਾਂ ਉੱਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾਵਾਂ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ, ਉੱਥੇ ਵੀਡੀਓ ਕੈਮਰੇ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਰਾ ਨਜ਼ਾਰਾ ਕਿਸੇ ਸਮੇਂ ਵੀ ਵੇਖਿਆ ਜਾ ਸਕੇ ਅਤੇ ਲੋੜ ਪੈਣ ਉੱਤੇ ਦੋਬਾਰਾ ਵੇਖਿਆ ਜਾ ਸਕੇ। ਰਿਸ਼ਵਤ ਲੈਣ ਵਾਲੇ ਨੂੰ ਵੀ ਕਾਬੂ ਕਰਕੇ ਉਸਨੂੰ ਭਾਰੀ ਸਜ਼ਾ ਦਿੱਤੀ ਜਾਵੇ ਕਰੋੜਾਂ ਰੁਪਏ ਬੁੱਤਾਂ ਉੱਤੇ ਖਰਚਣ ਦੀ ਬਜਾਏ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਰਿਸ਼ਵਤ ਰੋਕਣ ਲਈ ਲੱਖਾਂ ਰੁਪਏ ਖਰਚ ਕਰ ਕੇ ਸੜਕਾਂ ਉੱਤੇ ਵੀਡੀਓ ਕੈਮਰੇ ਲਗਾਉਣ ਵਿੱਚ ਹੀ ਅਕਲਮੰਦੀ ਹੈ ਅਜਿਹਾ ਪ੍ਰਬੰਧ ਸਾਰੇ ਪੱਛਮੀ ਦੇਸ਼ਾਂ ਵਿੱਚ ਹੈ, ਇਸ ਲਈ ਨਾ ਕੋਈ ਛੇਤੀ ਨਿਯਮ ਤੋੜਦਾ ਹੈ, ਨਾ ਸੜਕ ਉੱਤੇ ਰਿਸ਼ਵਤ ਹੁੰਦੀ ਹੈ ਅਤੇ ਨਾ ਹੀ ਭਾਰਤ ਵਾਂਗ ਰੋਜ਼ਾਨਾ 400 ਲੋਕ ਸੜਕਾਂ ਉੱਤੇ ਮਰਦੇ ਹਨ

ਇੱਕ ਹੋਰ ਨੇ ਕਿਹਾ ਕਿ ਮੇਰੀ ਸਕੂਟੀ 15000 ਰੁਪਏ ਦੀ ਹੈ ਅਤੇ ਚਲਾਨ 23, 000 ਰੁਪਏ ਦਾ ਹੋ ਗਿਆ, ਅਖੇ ਮੈਂ ਸਾਰੇ ਕਾਗਜ਼ ਅਤੇ ਹੈਲਮੈਟ ਘਰ ਭੁੱਲ ਗਿਆ ਕੀ ਕਾਗਜ਼ ਪੱਕੇ ਤੌਰ ’ਤੇ ਸਕੂਟੀ ਵਿੱਚ ਨਹੀਂ ਰੱਖੇ ਜਾ ਸਕਦੇ ਅਤੇ ਡਰਾਈਵਿੰਗ ਲਾਈਸੈਂਸ ਪਰਸ ਵਿੱਚ ਨਹੀਂ ਰੱਖਿਆ ਜਾ ਸਕਦਾ ਜੋ ਕਿ ਹਰ ਵਕਤ ਜੇਬ ਵਿੱਚ ਰਹਿੰਦਾ ਹੈ? ਵੈਸੇ ਸਕੂਟੀ ਵਿੱਚ ਜਾਂ ਹੋਰ ਕਿਸੇ ਵਾਹਨ ਵਿੱਚ ਜਿੱਥੇ ਕਾਗਜ਼ ਰੱਖਣੇ ਹਨ, ਉੱਥੇ ਲਾਈਸੈਂਸ ਵੀ ਰੱਖਿਆ ਜਾ ਸਕਦਾ ਹੈ ਜੇ ਤੁਹਾਡੇ ਕੋਲ ਸਾਰੇ ਕਾਗਜ਼ ਪੱਤਰ ਅਤੇ ਡਰਾਈਵਿੰਗ ਲਾਈਸੈਂਸ ਹਨ ਤਾਂ ਉਹਨਾਂ ਨੂੰ ਜ਼ਰੂਰ ਵਾਹਨ ਵਿੱਚ ਉਹਨਾਂ ਲਈ ਨਿਯਤ ਥਾਂ ਉੱਤੇ ਰੱਖੋ ਪਹਿਲਾਂ ਆਪਣੇ ਕੋਲ ਜ਼ਰੂਰੀ ਕਾਗਜ਼ਾਤ ਨਾ ਰੱਖਣਾ, ਲਾਲ ਬੱਤੀ ਟੱਪਣਾ, ਰੈਸ਼ ਚਲਾਉਣਾ, ਹੈਲਮੈਟ ਨਾ ਪਾਉਣਾ, ਗਲਤ ਹੱਥ ਡਰਾਈਵ ਕਰਨਾ ਅਤੇ ਬਾਅਦ ਵਿੱਚ ਕਹਿਣਾ ਕਿ ਇੰਨਾ ਭਾਰੀ ਜੁਰਮਾਨਾ ਨਹੀਂ ਹੋਣਾ ਚਾਹੀਦਾ, ਅਜਿਹੀ ਦਲੀਲ ਜਾਂ ਫ਼ਰਿਆਦ ਵਿੱਚ ਕੋਈ ਦਮ ਨਹੀਂ ਹੁੰਦਾ

ਜਦੋਂ ਅਸੀਂ ਸਰਕਾਰ ਜਾਂ ਪੁਲਿਸ ਦੀ ਬਿਨਾ ਮਤਲਬ ਆਲੋਚਨਾ ਕਰਦੇ ਹਾਂ ਤਾਂ ਸਾਡੇ ਵੱਲੋਂ ਕੀਤੀ ਗਈ ਸਹੀ ਅਲੋਚਨਾ ਉੱਤੇ ਵੀ ਲੋਕ ਭਰੋਸਾ ਨਹੀਂ ਕਰਦੇ ਜੇ ਗਲਤੀ ਨਾਲ ਸਰਕਾਰ ਕੋਲੋਂ ਕੋਈ ਚੰਗਾ ਕੰਮ ਹੋ ਗਿਆ ਤਾਂ ਉਸ ਦੀ ਆਲੋਚਨਾ ਨਾ ਕਰੋ ਜੇ ਆਲੋਚਨਾ ਕਰਨੀ ਹੀ ਹੈ ਤਾਂ ਟੁੱਟੀਆਂ ਸੜਕਾਂ ਅਤੇ ਸੜਕਾਂ ਵਿੱਚ ਪਏ ਟੋਇਆਂ ਦੀ ਕਰੋ, ਜਿਨ੍ਹਾਂ ਕਾਰਣ ਦੁਰਘਟਨਾਵਾਂ ਹੁੰਦੀਆਂ ਹਨ ਆਲੋਚਨਾ ਕਰੋ ਕਿ ਘਟੀਆ ਮਟੀਰੀਅਲ ਕਾਰਣ ਸੜਕ ਬਣਨ ਤੋਂ ਇੱਕ ਮਹੀਨੇ ਬਾਅਦ ਹੀ ਸੜਕ ਕਿਉਂ ਟੁੱਟ ਜਾਂਦੀ ਹੈ ਅਤੇ ਬਾਕੀ ਬਚੀ ਬਜਰੀ ਤੋਂ ਵਾਹਨ ਸਲਿੱਪ ਕਰਕੇ ਦੁਰਘਟਨਾ ਗ੍ਰਸਤ ਹੋ ਜਾਂਦੇ ਹਨ ਜਾਂ ਕਿਸੇ ਵਿੱਚ ਜਾ ਵੱਜਦੇ ਹਨ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗੀ ਸਿੱਖਿਆ ਅਤੇ ਮਹਿੰਗੀਆਂ ਸਿਹਤ ਸੇਵਾਵਾਂ ਵਿਰੁੱਧ ਆਵਾਜ਼ ਉਠਾਉ। ਪ੍ਰਦੂਸ਼ਿਤ ਹਵਾ, ਪਾਣੀ, ਅਤੇ ਖਾਣੇ ਵਿਰੁੱਧ ਆਵਾਜ਼ ਉਠਾਉ। ਦਿਵਾਲੀ, ਦਸ਼ਹਿਰੇ ਜਾਂ ਹੋਰ ਤਿਉਹਾਰਾਂ ਉੱਤੇ ਕਰੋੜਾਂ ਰੁਪਏ ਫੂਕ ਕੇ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਆਵਾਜ਼ ਉਠਾਉ। ਰਿਹਾਇਸ਼ੀ ਇਲਾਕਿਆਂ ਵਿੱਚ ਲੱਗ ਰਹੀਆਂ ਪਟਾਕਿਆਂ ਦੀਆਂ ਫ਼ੈਕਟਰੀਆਂ ਅਤੇ ਉੱਥੇ ਕੰਮ ਉੱਤੇ ਬੱਚੇ ਰੱਖਣ ਦੇ ਵਿਰੁੱਧ ਆਵਾਜ਼ ਉਠਾਉ। ਕੁਝ ਪ੍ਰਤੀਸ਼ਤ ਬੇਈਮਾਨ ਡਾਕਟਰਾਂ ਅਤੇ ਦਵਾ ਕੰਪਨੀਆਂ ਦੇ ਗਠਜੋੜ ਵਿਰੁੱਧ ਆਵਾਜ਼ ਉਠਾਉ। ਸਿਆਸਤਦਾਨਾਂ, ਗੁੰਡਾ ਅਨਸਰ ਅਤੇ ਮਾਫ਼ੀਏ ਦੇ ਗੱਠਜੋੜ ਵਿਰੁੱਧ ਆਵਾਜ਼ ਉਠਾਉ। ਸਵੇਰੇ ਸ਼ਾਮ ਟੀ ਵੀ ਉੱਤੇ ਜੋ ਕੁਝ ਗ੍ਰਹਿ ਰਾਸ਼ੀਆਂ, ਜੋਤਿਸ਼, ਵਸਤੂ ਸ਼ਾਸਤਰ ਅਤੇ ਨਗਾਂ ਬਾਰੇ ਗੈਰ ਵਿਗਿਆਨਿਕ ਪਰੋਸਿਆ ਜਾ ਰਿਹਾ ਹੈ, ਉਸ ਵਿਰੁੱਧ ਆਵਾਜ਼ ਉਠਾਉ। ਸੜਕਾਂ ਉੱਤੇ ਫਿਰਦੇ ਆਵਾਰਾ ਪਸ਼ੂਆਂ ਕਾਰਣ ਹੋਣ ਵਾਲੀਆਂ ਦੁਰਘਟਨਾਵਾਂ ਨਾਲ ਜਾਨੀ ਅਤੇ ਮਾਲੀ ਨੁਕਸਾਨ ਨਾ ਰੋਕੇ ਜਾਣ ਵਿਰੁੱਧ ਆਵਾਜ਼ ਉਠਾਓ। ਪਸ਼ੂਆਂ ਵੱਲੋਂ ਫ਼ਸਲਾਂ ਤਬਾਹ ਕੀਤੇ ਜਾਣ ਵਿਰੁੱਧ ਆਵਾਜ਼ ਉਠਾਉ ਅਤੇ ਹੋਰ ਵੀ ਜੋ ਸਮਾਜਿਕ ਬੁਰਾਈਆਂ ਹਨ, ਉਹਨਾਂ ਵਿਰੁੱਧ ਆਵਾਜ਼ ਉਠਾਉ ਪਰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਬਣੇ ਸਖ਼ਤ ਕਾਨੂਨਾਂ ਦਾ ਵਿਰੋਧ ਨਾ ਕਰੋ ਤੁਹਾਡੇ ਵਿੱਚ ਕਾਫ਼ੀ ਲੋਕਾਂ ਕੋਲ ਅਜਿਹੇ ਮੋਬਾਇਲ ਹਨ ਜਿਨ੍ਹਾਂ ਉੱਤੇ ਵੀਡੀਓ ਬਣ ਸਕਦੀ ਹੈ। ਜੇ ਤੁਸੀਂ ਪੁਲਿਸ ਰਿਸ਼ਵਤ ਬਾਰੇ ਚਿੰਤਿਤ ਹੋ ਤਾਂ ਕਦੀ ਸਮਾਂ ਕੱਢ ਕੇ ਉੱਥੇ ਖੜ੍ਹੇ ਹੋ ਜਾਉ, ਜਿੱਥੇ ਸੜਕ ਨਿਯਮ ਟੁੱਟਣ ਦੀਆਂ ਸੰਭਾਵਨਾਵਾਂ ਹਨ ਅਤੇ ਰਿਸ਼ਵਤ ਲੈਣ ਦੇਣ ਵਾਲਿਆਂ ਦੀ ਵੀਡੀਓ ਬਣਾ ਕੇ ਕਿਸੇ ਵੀ ਨਿਊਜ਼ ਚੈਨਲ ਨੂੰ ਭੇਜ ਦਿਓ, ਉਹ ਹਸ ਕੇ ਲੈਣਗੇ ਅਤੇ ਪ੍ਰਸਾਰਿਤ ਕਰਨਗੇ ਅਜਿਹੀਆਂ ਵੀਡੀਓ ਕਈ ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆਂ ਉੱਤੇ ਆ ਵੀ ਚੁੱਕੀਆਂ ਹਨ

ਅੱਜ ਲੋੜ ਹੈ ਕਿ ਸੜਕਾਂ ਉੱਤੇ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਬਚਾਈਏ। ਮਹਿੰਗੀਆਂ ਸਿਹਤ ਸੇਵਾਵਾਂ, ਪ੍ਰਦੂਸ਼ਿਤ ਹਵਾ, ਪਾਣੀ, ਖੁਰਾਕ ਅਤੇ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਾਲਾ ਸਿਸਟਮ ਬਦਲੀਏ ਸਿਸਟਮ ਬਦਲਣ ਨਾਲ ਹੀ ਸਭ ਬੁਰਾਈਆਂ ਖਤਮ ਹੋ ਸਕਦੀਆਂ ਹਨ ਅਤੇ ਸਾਨੂੰ ਭਰ ਜਵਾਨੀ ਵਿੱਚ ਜਾਂ ਉਸ ਤੋਂ ਪਹਿਲਾਂ ਇਹ ਨਹੀਂ ਸੁਣਨਾ ਪਵੇਗਾ ਕਿ ਜਿੰਨੇ ਇਹ ਸਾਹ ਲਿਖਵਾ ਕੇ ਲਿਆਇਆ ਸੀ, ਉਹ ਪੂਰੇ ਹੋ ਜਾਣ ਤੇ ਅੱਖਾਂ ਮੀਟ ਗਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1732)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author