“ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ ਸਾਰੇ ਲੇਖਕ, ਕਵੀ, ਪ੍ਰੋਫੈਸਰ ਅਤੇ ਵਿਦਿਆਰਥੀ ਕਿਸੇ ਨਾ ਕਿਸੇ ਕੇਸ ਵਿੱਚ ...”
(22 ਜੁਲਾਈ 2020)
ਜਦੋਂ ਕੋਈ ਵਿਅਕਤੀ ਕਿਸੇ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਅਗਲਾ ਕਹਿੰਦਾ ਹੈ, “ਕੀ ਤੇਰਾ ਘਰ ਦਾ ਰਾਜ ਹੈ।” ਹੁਣ ਜਿਸ ਤਰ੍ਹਾਂ ਭਾਜਪਾ ਰਾਜ ਵਿੱਚ ਮੰਤਰੀ ਅਤੇ ਹੋਰ ਭਗਵਾ ਸਿਆਸਤਦਾਨ ਧੱਕੇਸ਼ਾਹੀਆਂ ਕਰ ਰਹੇ ਹਨ ਤਾਂ ਇਵੇਂ ਲਗਦਾ ਹੈ ਜਿਵੇਂ ਭਾਰਤ ਵਿੱਚ ਸੰਵਿਧਾਨਿਕ ਰਾਜ ਨਹੀਂ ਬਲਕਿ ਇਹਨਾਂ ਦਾ ਘਰ ਦਾ ਰਾਜ ਹੈ। ਸੰਵਿਧਾਨ, ਕਾਨੂੰਨ, ਵਿਰੋਧੀਆਂ ਜਾਂ ਪਬਲਿਕ ਦੀ ਕੋਈ ਪਰਵਾਹ ਨਹੀਂ, ਜੋ ਦਿਲ ਵਿੱਚ ਆਇਆ ਤੁਰੰਤ ਲਾਗੂ ਕਰ ਦਿੱਤਾ ਜਾਂਦਾ ਹੈ। ਮੋਹਨ ਭਾਗਵਤ ਕੇਵਲ ਆਰ ਐੱਸ ਐੱਸ ਦਾ ਮੁਖੀ ਹੈ, ਉਸ ਕੋਲ ਕੋਈ ਕਾਰਜਕਾਰੀ ਜਾਂ ਸਿਆਸੀ ਅਹੁਦਾ ਨਹੀਂ ਹੈ ਪਰ ਉਸ ਨੂੰ ਇਸਲਾਮੀ ਦਹਿਸ਼ਤਗਰਦਾਂ ਦੇ ਖਤਰੇ ਕਾਰਣ ਸੀ. ਆਈ. ਐੱਸ. ਐੱਫ ਦੀ ਜ਼ੈੱਡ ਅਤੇ ਵੀ ਵੀ ਆਈ ਪੀ ਸਕਿਉਰਟੀ ਦਿੱਤੀ ਹੋਈ ਹੈ। ਉਸ ਨੂੰ ਸਕਿਉਰਟੀ ਦੇਣ ਦੀ ਸਮਝ ਨਹੀਂ ਲਗਦੀ ਜਦ ਕਿ ਉਸ ਕੋਲ ਲੱਖਾਂ ਲੱਠਮਾਰਾਂ ਦੀ ਫੌਜ ਹੈ ਅਤੇ ਰਾਇਫਲਾਂ ਵਾਲੇ ਵੀ ਹਨ। ਦੂਜੇ ਪਾਸੇ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲੇ, ਜੋ ਕਿਸੇ ਸਮੇਂ ਸਾਂਸਦ ਜਾਂ ਵਿਧਾਇਕ ਸਨ, ਉਹਨਾਂ ਦੀ ਸਕਿਉਰਟੀ ਵਾਪਸ ਲੈ ਲਈ ਹੈ। ਕੀ ਉਹਨਾਂ ਨੂੰ ਆਤੰਕਵਾਦ ਦਾ ਕੋਈ ਖਤਰਾ ਨਹੀਂ? ਵਿਚਾਰਾਂ ਦਾ ਵਿਰੋਧ ਤਾਂ ਹੋ ਸਕਦਾ ਹੈ ਪਰ ਵਿਚਾਰਧਾਰਕ ਵਿਰੋਧੀ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ।
ਕੱਚੇ ਤੇਲ ਦੀਆਂ ਕੀਮਤਾਂ ਡਿਗਣ ਨਾਲ ਸਾਰੇ ਸੰਸਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟ ਗਏ ਹਨ ਅਤੇ ਇੱਕ ਸਾਲ ਪਹਿਲਾਂ ਜਿਸ ਰੇਟ ’ਤੇ ਪੈਟਰੋਲ ਡੀਜ਼ਲ ਵਿਕ ਰਹੇ ਸਨ ਹੁਣ ਉਸ ਤੋਂ ਅੱਧੀ ਕੀਮਤ ਜਾਂ ਘੱਟ ’ਤੇ ਵਿਕ ਰਹੇ ਹਨ। ਪਰ ਮੋਦੀ ਸਰਕਾਰ ਹੈ ਕਿ ਮਨ ਮਰਜ਼ੀ ਨਾਲ ਰੇਟ ਵਧਾਈ ਹੀ ਜਾ ਰਹੀ ਹੈ ਅਤੇ ਖਾਸ ਤੌਰ ’ਤੇ ਹੁਣ ਜਦੋਂ ਕਰੋਨਾ ਮਹਾਂਮਾਰੀ ਕਾਰਣ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ, ਉਦੋਂ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਲਾਕ ਡਾਊਨ ਕਾਰਣ ਬੇਰੁਜ਼ਗਾਰ ਹੋਏ ਸਬਜ਼ੀ ਦੀਆਂ ਰੇਹੜੀਆਂ ਲਗਾ ਕੇ ਗੁਜ਼ਾਰਾ ਕਰ ਰਹੇ ਹਨ। ਫੈਕਟਰੀਆਂ ਦੇ ਬੇਰੁਜ਼ਗਾਰ ਕਾਮੇ ਜਿਹੜੇ ਚੰਗੇ ਭਲੇ ਇੱਜ਼ਤ ਦੀ ਰੋਟੀ ਖਾ ਰਹੇ ਸਨ, ਭਿੱਖਿਆ ਮੰਗਦੇ ਵੇਖੇ ਗਏ ਅਤੇ ਇਹਨਾਂ ਹਾਲਾਤ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੋਇਆ ਹੈ ਜਿਸ ਨਾਲ ਬਾਕੀ ਵਸਤਾਂ ਵੀ ਮਹਿੰਗੀਆਂ ਹੋ ਜਾਂਦੀਆਂ ਹਨ।
ਸਭ ਤੋਂ ਵੱਧ ਧੱਕੇਸ਼ਾਹੀ ਤਾਂ ਪ੍ਰਧਾਨ ਮੰਤਰੀ ਕੇਅਰ ਫੰਡ ਹੈ। ਇਸ ਤੋਂ ਵੱਧ ਹੋਰ ਧੱਕੇਸ਼ਾਹੀ ਕੀ ਹੋ ਸਕਦੀ ਹੈ ਕਿ ਇਸ ਫੰਡ ਦਾ ਆਡਿਟ ਨਹੀਂ ਹੋ ਸਕਦਾ। ਕੋਈ ਹਿਸਾਬ ਨਹੀਂ ਕਿ ਕਿੰਨਾ ਧੰਨ ਆਇਆ, ਕਿੱਥੋਂ ਆਇਆ, ਕਿੰਨਾ ਖਰਚ ਹੋਇਆ, ਕਿੱਥੇ ਖਰਚ ਹੋਇਆ ਅਤੇ ਕਿੰਨਾ ਬਾਕੀ ਹੈ। ਇਸ ਤੋਂ ਪਹਿਲਾਂ ਵੀ ਇੱਕ ਫੰਡ ਚਾਲੂ ਹੈ ਜਿਸਦਾ ਨਾਮ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਜਾਂ ਫੰਡ ਹੈ। ਇਸ ਫੰਡ ਵਿੱਚ ਜਿੰਨਾ ਪੈਸਾ ਆਇਆ ਹੈ, ਜਾਂ ਖਰਚ ਹੋਇਆ ਹੈ ਉਸ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਇਸ ਫੰਡ ਦੀ ਸਥਾਪਨਾ 1948 ਵਿੱਚ ਹੋਈ ਸੀ ਅਤੇ ਇਹ ਫੰਡ ਰਫਿਊਜ਼ੀਆਂ ਦੀ ਸਹਾਇਤਾ ਸਹਾਇਤਾ, ਹੜ੍ਹ, ਤੂਫਾਨ, ਸੁਨਾਮੀ, ਭੂਚਾਲ ਵਰਗੀਆਂ ਤਬਾਹੀਆਂ ਵੇਲੇ ਰਾਹਤ ਦੇ ਕੰਮਾਂ ਲਈ ਵਰਤਿਆ ਜਾਂਦਾ ਸੀ। ਇਸ ਫੰਡ ਦਾ ਕਰਤਾ ਧਰਤਾ ਕੇਵਲ ਪ੍ਰਧਾਨ ਮੰਤਰੀ ਹੀ ਨਹੀਂ ਹੁੰਦਾ ਸੀ, ਬਕਾਇਦਾ ਪ੍ਰਧਾਨ ਮੰਤਰੀ ਦੇ ਨਾਲ ਉਪ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਕਾਂਗਰਸ ਪ੍ਰਧਾਨ, ਟਾਟਾ ਦਾ ਟ੍ਰਸਟੀ ਅਤੇ ਇੰਡਸਟਰੀ ਦੇ ਨੁਮਾਇੰਦੇ ਦੀ ਕਮੇਟੀ ਹੁੰਦੀ ਸੀ ਜੋ ਕਿੱਥੇ ਖਰਚ ਕਰਨਾ ਹੈ, ਉਸ ਦਾ ਫੈਸਲਾ ਕਰਦੀ ਸੀ। ਜਿਹੜੇ ਗਰੀਬ ਆਪਣੇ ਦਿਲ ਦੇ ਅਪ੍ਰੇਸ਼ਨ ਜਾਂ ਗੁਰਦਿਆਂ ਦੇ ਅਪ੍ਰੇਸ਼ਨ ਦਾ ਪੂਰਾ ਖਰਚਾ ਨਹੀਂ ਝੱਲ ਸਕਦੇ ਸਨ ਉਹਨਾਂ ਦੀ ਵੀ ਸਹਾਇਤਾ ਇਸ ਫੰਡ ਵਿੱਚੋਂ ਕੀਤੀ ਜਾਂਦੀ ਸੀ। 1985 ਵਿੱਚ ਇਹ ਸਿੱਧਾ ਹੀ ਪ੍ਰਧਾਨ ਮੰਤਰੀ ਕੋਲ ਆ ਗਿਆ ਪਰ ਬਕਾਇਦਾ ਹਿਸਾਬ ਕਿਤਾਬ ਹੁੰਦਾ ਸੀ। ਮੋਦੀ ਜੀ ਦੇ ਸੱਤਾ ਵਿੱਚ ਆਉਣ ਤਕ ਇਸ ਵਿੱਚ ਅਠੱਤੀ ਹਜ਼ਾਰ ਕਰੋੜ ਰੁਪਏ ਸਨ। ਵਿਰੋਧੀ ਪੁੱਛਦੇ ਹਨ ਕਿ ਜੇ ਇਹ ਫੰਡ ਚੱਲ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਕੇਅਰ ਫੰਡ ਦੀ ਕੀ ਲੋੜ ਸੀ, ਇਸੇ ਫੰਡ ਵਿੱਚ ਹੀ ਹੋਰ ਸਹਾਇਤਾ ਆ ਸਕਦੀ ਸੀ। ਇਸੇ ਫੰਡ ਵਿੱਚੋਂ ਕਰੋਨਾ ਕਾਲ ਵਿੱਚ ਬੇਰੁਜ਼ਗਾਰਾਂ ਅਤੇ ਬੇਘਰਾਂ ਦੀ ਸਹਾਇਤਾ ਹੋ ਸਕਦੀ ਸੀ ਅਤੇ ਲੋਕਾਂ ਨੇ ਵੀ ਵੱਧ ਚੜ੍ਹ ਕੇ ਇਸ ਫੰਡ ਵਿੱਚ ਹਿੱਸਾ ਪਾਉਣਾ ਸੀ ਕਿਉਂਕਿ ਇਹ ਫੰਡ ਭਾਵੇਂ ਪ੍ਰਧਾਨ ਮੰਤਰੀ ਕੋਲ ਹੁੰਦਾ ਹੈ ਪਰ ਇਸਦਾ ਹਿਸਾਬ ਕਿਤਾਬ ਹੋਣਾ ਸੀ।
ਇਸ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਤੋਂ ਧੱਕੇ ਨਾਲ ਇੱਕ ਲੱਖ ਛਿਹੱਤਰ ਹਜ਼ਾਰ ਕਰੋੜ ਲੈ ਲਏ ਜਦ ਕਿ ਉਦੋਂ ਦੇਸ਼ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੰਕਟ ਨਹੀਂ ਸੀ। ਕੇਵਲ ਨੋਟਬੰਦੀ ਅਤੇ ਜੀ.ਐੱਸ.ਟੀ ਵਰਗੀਆਂ ਨਲਾਇਕੀਆਂ ਕਾਰਣ ਕੇਂਦਰੀ ਖਜ਼ਾਨੇ ਵਿੱਚ ਆਮਦਨ ਘੱਟ ਹੋਈ ਸੀ। ਜੇ ਉਦੋਂ ਇਹ ਧਨ ਨਾ ਲਿਆ ਹੁੰਦਾ ਤਾਂ ਹੁਣ ਕਰੋਨਾ ਸੰਕਟ ਵੇਲੇ ਵਰਤਿਆ ਜਾ ਸਕਦਾ ਸੀ। ਵੈਸੇ ਕਰੋਨਾ ਸੰਕਟ ਵੀ ਇੰਨਾ ਵਿਸ਼ਾਲ ਨਹੀਂ ਸੀ ਹੋਣਾ ਜੇਕਰ ਮੋਦੀ ਜੀ ਆਪਣੀ ਮਨਮਰਜ਼ੀ ਨਾ ਕਰਦੇ। ਜਿਸ ਸਮੇਂ ਲਾਕ ਡਾਊਨ ਦੀ ਲੋੜ ਸੀ ਉਸ ਵੇਲੇ ਇਸਦੀ ਪ੍ਰਵਾਹ ਕੀਤੇ ਬਿਨਾ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਡੇਗਣ ਅਤੇ ਟਰੰਪ ਦੀ ਆਓ ਭਗਤ ’ਤੇ ਲੱਗੇ ਰਹੇ। ਉੱਨੀ ਦੇਰ ਵਿੱਚ ਕਰੋਨਾ ਇੰਨਾ ਜ਼ਿਆਦਾ ਫੈਲ ਗਿਆ ਅਤੇ ਵਿਸ਼ਾਲ ਸੰਕਟ ਬਣ ਗਿਆ।
ਭਾਜਪਾ ਸਰਕਾਰ ਦੀ ਛਤਰ ਛਾਇਆ ਹੇਠ ਇੱਕ ਆਈ.ਟੀ. ਸੈੱਲ ਚੱਲ ਰਿਹਾ ਹੈ ਜਿਸਦਾ ਕੰਮ ਲੋਕਾਂ ਅਤੇ ਵਿਰੋਧੀਆਂ ਵਿੱਚ ਭਰਮ ਭੁਲੇਖੇ ਪਾਉਣ ਲਈ ਝੂਠੀਆਂ ਖਬਰਾਂ ਭਿੰਨ ਭਿੰਨ ਢੰਗ ਅਪਣਾ ਕੇ ਗੋਦੀ ਮੀਡੀਆ ਅਤੇ ਫੇਸਬੁੱਕ ’ਤੇ ਭੇਜਣਾ ਹੈ ਅਤੇ ਇਸ ਕੰਮ ਲਈ ਹਜ਼ਾਰਾਂ ਵਿਅਕਤੀ ਰੱਖੇ ਹੋਏ ਹਨ। ਕਈ ਵਾਰ ਇਹ ਇੱਕੋ ਝੂਠ ਭਿੰਨ ਭਿੰਨ ਢੰਗਾਂ ਨਾਲ ਐਨੀ ਵਾਰ ਭੇਜਦੇ ਹਨ ਕਿ ਲੋਕ ਉਸ ਨੂੰ ਉਵੇਂ ਹੀ ਸੱਚ ਮੰਨ ਲੈਂਦੇ ਹਨ ਜਿਵੇਂ ਕਿ ਜਰਮਨੀ ਦੇ ਲੋਕ ਗੋਬਲਜ਼ ਦੇ ਝੂਠਾਂ ਨੂੰ ਸੱਚ ਮੰਨਦੇ ਸਨ। ਜਰਮਨੀ ਵਿੱਚ ਨਾਜ਼ੀ ਪਾਰਟੀ ਦੇ ਸਿਆਸਤਦਾਨ ਗੋਬਲਾਜ਼ ਦਾ ਮੰਨਣਾ ਸੀ ਕਿ ਜੇਕਰ ਇੱਕ ਝੂਠ ਸੌ ਵਾਰ ਬੋਲਿਆ ਜਾਵੇ ਤਾਂ ਲੋਕ ਉਸ ਨੂੰ ਸੱਚ ਮੰਨ ਲੈਂਦੇ ਹਨ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਝੂਠੀ ਖਬਰ ਗੋਦੀ ਮੀਡੀਆ ਅਤੇ ਫੇਸਬੁੱਕ ’ਤੇ ਆਈ ਸੀ ਕਿ ਅਖਿਲੇਸ਼ ਯਾਦਵ ਨੇ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਨੂੰ ਥੱਪੜ ਮਾਰ ਦਿੱਤਾ। ਬਾਅਦ ਵਿੱਚ ਪਤਾ ਲੱਗਾ ਕਿ ਖਬਰ ਝੂਠੀ ਸੀ ਪਰ ਇਸ ਰੌਲੇ ਰੱਪੇ ਕਾਰਣ ਭਾਜਪਾ ਜਿੱਤ ਗਈ। ਇਸ ਆਈ ਟੀ ਸੈੱਲ ਵਿੱਚ ਕਿੰਨੇ ਵਿਅਕਤੀ ਰੱਖੇ ਹਨ, ਉਹਨਾਂ ਨੂੰ ਕਿੰਨੀ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਇਹ ਤਨਖਾਹਾਂ ਬਜਟ ਦੀ ਕਿਹੜੀ ਮਦ ਵਿੱਚੋਂ ਦਿੱਤੀਆਂ ਜਾਂਦੀਆਂ ਹਨ, ਇਸਦਾ ਕੋਈ ਜਵਾਬ ਨਹੀਂ ਅਤੇ ਨਾ ਹੀ ਕੋਈ ਪੁੱਛ ਸਕਦਾ ਹੈ, ਨਹੀਂ ਤਾਂ ਗੱਦਾਰੀ, ਦੇਸ਼ ਧ੍ਰੋਹੀ ਦੇ ਸਰਟੀਫਿਕੇਟ ਹਾਜ਼ਰ ਹਨ।
25 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਅਤੇ ਖਬਰ ਨਸ਼ਰ ਹੋਣ ਤੋਂ ਪਹਿਲਾਂ ਹੀ ਉਸ ਨੇ ਆਪਣੇ ਸਾਰੇ ਸਿਆਸੀ ਵਿਰੋਧੀ ਜਿਹਲਾਂ ਵਿੱਚ ਡੱਕ ਦਿੱਤੇ। ਪ੍ਰੈੱਸ ’ਤੇ ਸੈਂਸਰ ਲਗਾ ਦਿੱਤਾ, ਆਲ ਇੰਡੀਆ ਰੇਡੀਓ ‘ਆਲ ਇੰਦਿਰਾ ਰੇਡੀਓ’ ਬਣ ਗਿਆ ਅਤੇ ਭਾਰਤ ਵਿੱਚ ਕਿੱਥੇ ਅਤੇ ਕੀ ਵਾਪਰ ਰਿਹਾ ਹੈ, ਇਸ ਬਾਰੇ ਅਸੀਂ ਬੀ.ਬੀ. ਸੀ. ਲੰਡਨ ਦੀਆਂ ਖਬਰਾਂ ਤੋਂ ਜਾਣਕਾਰੀ ਲੈਂਦੇ ਸੀ। ਹੁਣ ਹਾਲਾਤ ਉਸ ਐਮਰਜੈਂਸੀ ਤੋਂ ਬਦਤਰ ਹੋ ਚੁੱਕੇ ਹਨ। ਵਿਰੋਧੀਆਂ ਤੇ ਬੇਲੋੜੇ ਅਤੇ ਬਿਨਾ ਅਧਾਰ ਵਾਲੇ ਕੇਸ ਬਣਾਏ ਜਾ ਰਹੇ ਹਨ ਜਾਂ ਉਹਨਾਂ ’ਤੇ ਇਨਕਮ ਟੈਕਸ ਜਾਂ ਸੀ.ਬੀ.ਆਈ. ਦੇ ਛਾਪੇ ਪਵਾਏ ਜਾ ਰਹੇ ਹਨ। ਟੀ.ਵੀ. ਅਤੇ ਰੇਡੀਓ ਸਭ ਸਰਕਾਰ, ਅਤੇ ਖਾਸਕਰ ਮੋਦੀ ਦੇ ਗੁਣਗਾਨ ’ਤੇ ਹੀ ਲੱਗੇ ਰਹਿੰਦੇ ਹਨ। ਸਕੂਲਾਂ ਦੇ ਸਿਲੇਬਸਾਂ ਵਿੱਚੋਂ ਧਰਮ ਨਿਰਪੇਖਤਾ, ਫੈਡਰੇਲਿਜ਼ਮ, ਸਥਾਨਿਕ ਸਰਕਾਰਾਂ, ਗੁਆਂਢੀਆਂ ਨਾਲ ਸਬੰਧਾਂ ਵਰਗੇ ਪਾਠ ਇਸ ਲਈ ਕੱਢ ਦਿੱਤੇ ਹਨ ਕਿਉਂਕਿ ਇਹ ਆਰ ਐੱਸ ਐਸ ਦੀ ਨੀਤੀ ਦੇ ਵਿਰੋਧੀ ਸਨ ਅਤੇ ਇਹ ਪੜ੍ਹ ਕੇ ਨੌਜਵਾਨ ਫਿਰਕੂ ਦੰਗਿਆਂ ਦੇ ਵਿਰੋਧੀ, ਧਰਮ ਨਿਰਪੱਖ ਅਤੇ ਭਾਈਚਾਰਕ ਸਾਂਝ ਦੇ ਹਾਮੀ ਹੋ ਜਾਂਦੇ ਹਨ। ਜਿਹੜਾ ਕੋਈ ਐੱਨ.ਡੀ ਟੀ.ਵੀ ਵਰਗਾ ਸਰਕਾਰ ਦੇ ਕੰਮਾਂ ’ਤੇ ਸਵਾਲ ਕਰਦਾ ਹੈ ਉਸ ’ਤੇ ਸੀ.ਬੀ.ਆਈ. ਦੇ ਛਾਪੇ ਪੈ ਜਾਂਦੇ ਹਨ। ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ ਸਾਰੇ ਲੇਖਕ, ਕਵੀ, ਪ੍ਰੋਫੈਸਰ ਅਤੇ ਵਿਦਿਆਰਥੀ ਕਿਸੇ ਨਾ ਕਿਸੇ ਕੇਸ ਵਿੱਚ ਅੰਦਰ ਕੀਤੇ ਹੋਏ ਹਨ। ਅੰਦਰ ਵੀ ਯੂ.ਏ.ਪੀ.ਏ. ਵਿੱਚ ਕੀਤੇ ਹਨ ਜਿਸ ਦੀ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਜ਼ਮਾਨਤ ਨਹੀਂ, ਮਤਲਬ ਕਿ ਅੰਗਰੇਜ਼ੀ ਕਾਲ ਵਾਲਾ ਰੌਲਟ ਐਕਟ ਲਗਾ ਦਿੱਤਾ। ਅੱਸੀ ਸਾਲਾ ਕਵੀ ਵਰਵਰਾ ਰਾਓ ,ਜਿਸ ਨੂੰ ਕਿ ਕਿੰਨੀਆਂ ਹੀ ਸਿਹਤ ਸਮੱਸਿਆਵਾਂ ਹਨ, ਕਰੋਨਾ ਵਾਇਰਸ ਦੇ ਸਮੇਂ ਵਿੱਚ ਵੀ ਜੇਲ ਵਿੱਚ ਕਾਫ਼ੀ ਸਮੇਂ ਤੋਂ ਰੱਖਿਆ ਹੋਇਆ ਸੀ। ਪਰਿਵਾਰਿਕ ਮੈਂਬਰਾਂ ਅਤੇ ਹੋਰ ਕਈ ਜਥੇਬੰਦੀਆਂ ਦੇ ਦਬਾਅ ਪਾਉਣ ’ਤੇ ਪਿਛਲੇ ਹਫ਼ਤੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਹੀ ਹੋਇਆ ਜਿਸਦਾ ਡਰ ਸੀ, ਹਸਪਤਾਲ ਵਿੱਚ ਵਰਵਰ ਰਾਓ ਕਰੋਨਾ ਪੌਜ਼ੇਟਿਵ ਪਾਇਆ ਗਿਆ। ਪ੍ਰੋਫੈਸਰ ਸਾਈਂ ਬਾਬਾ ਜੋ ਕਿ ਚੱਲ ਫਿਰ ਨਹੀਂ ਸਕਦੇ ਅਤੇ ਵੀਲ ਚੇਅਰ ਦਾ ਸਹਾਰਾ ਲੈਂਦੇ ਹਨ ਉਹਨਾਂ ਨੂੰ ਖਤਰਨਾਕ ਨਕਸਲਵਾਦੀ ਦੇ ਤੌਰ ’ਤੇ ਜੇਲ ਵਿੱਚ ਪਿਛਲੇ ਕਈ ਸਾਲਾਂ ਤੋਂ ਰੱਖਿਆ ਹੋਇਆ ਹੈ। ਹੋਰ ਤਾਂ ਹੋਰ ਡਾਕਟਰ ਕਫ਼ੀਲ ਖਾਂ, ਜਿਹੜੇ ਬੱਚਿਆਂ ਦੇ ਮੰਨੇ ਪ੍ਰਮੰਨੇ ਡਾਕਟਰ ਹਨ, ਜਿਹਨਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰ ਕੇ ਆਕਸੀਜਨ ਦੇ ਸਲੈਂਡਰ ਲਿਆ ਕੇ ਮਰ ਰਹੇ ਬੱਚਿਆਂ ਦੀ ਜਾਨ ਬਚਾਈ, ਨੂੰ ਵੀ ਫੜ ਕੇ ਫਿਰਕੂ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਅੰਦਰ ਕੀਤੇ ਹੋਏ ਹਨ ਜਦ ਕਿ ਜੋ ਭਾਸ਼ਣ ਉਹਨਾਂ ਜਾਮਿਆ ਮਿਲਿਯਾ ਯੂਨੀਵਰਸਟੀ ਵਿੱਚ ਦਿੱਤਾ, ਉਸ ਦਾ ਸਾਰ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਸ਼੍ਰੀ ਕਾਟਜੂ ਅਨੁਸਾਰ ਇਹ ਸੀ- ਭਾਰਤ ਵਿੱਚ 25 ਕਰੋੜ ਮੁਸਲਮਾਨ ਹਨ, ਕੋਈ ਥੋੜ੍ਹੇ ਨਹੀਂ ਅਤੇ ਇਹਨਾਂ ਨੂੰ ਭੀੜ ਵੱਲੋਂ ਮਾਰੇ ਜਾਣ ਦੀ ਜ਼ਰੂਰਤ ਤੋਂ ਵੱਧ ਚਿੰਤਾ ਕਰਨ ਦੀ ਲੋੜ ਨਹੀਂ। ਕੋਈ ਦੱਸ ਸਕਦਾ ਹੈ ਕਿ ਇਸ ਵਿੱਚ ਭੜਕਾਹਟ ਵਾਲੀ ਕਿਹੜੀ ਗੱਲ ਸੀ। ਕੀ ਇਹ ਸਾਰੀਆਂ ਗ੍ਰਿਫਤਾਰੀਆਂ ਧੱਕੇਸ਼ਾਹੀ ਨਹੀਂ? ਕੀ ਇਹ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਨਾਲੋਂ ਜ਼ਿਆਦਾ ਖਤਰਨਾਕ ਨਹੀਂ? ਸਮਝ ਨਹੀਂ ਆਉਂਦੀ ਕਿ ਹਰ ਸਾਲ ਇਹ ਕੇਵਲ ਪੱਚੀ ਜੂਨ ਨੂੰ ਗਲਾ ਫਾੜ ਫਾੜ ਕੇ ਇੰਦਰਾ ਗਾਂਧੀ ਵਾਲੀ ਐਮਰਜੈਂਸੀ ਦਾ ਹੀ ਪਿੱਟ ਸਿਆਪਾ ਕਿਉਂ ਕਰਦੇ ਹਨ ਅਤੇ ਆਪਣੀਆਂ ਜ਼ਿਆਦਤੀਆਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਦੇ। ਖੱਬੇ ਪੱਖੀ ਵੀ ਹਰ ਸਾਲ 25 ਜੂਨ ਵਿੱਚ ਨੂੰ ਐਮਰਜੈਂਸੀ ਦੇ ਵਿਰੋਧ ਵਿੱਚ ਬੋਲਦੇ ਹਨ ਪਰ ਨਾਲ ਹੀ ਦੱਸਦੇ ਹਨ ਕਿ ਹੁਣ ਦੇ ਹਾਲਾਤ ਉਸ ਐਮਰਜੈਂਸੀ ਤੋਂ ਵੀ ਬਦਤਰ ਹਨ।
ਕਰੋਨਾ ਸੰਕਟ ਕਾਲ ਜਿਸ ਵਿੱਚ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੇ, ਉਦੋਂ ਬਿਨਾ ਵਿਰੋਧੀਆਂ ਨਾਲ ਸਲਾਹ ਕੀਤੇ, ਬਿਨਾ ਮਜ਼ਦੂਰਾਂ ਦੇ ਨੇਤਾਵਾਂ ਨਾਲ ਸਲਾਹ ਕੀਤੇ ਅਤੇ ਬਿਨਾ ਲੇਬਰ ਕਮਿਸ਼ਨਰਾਂ ਦੀ ਰਾਏ ਜਾਨਣ ਦੇ ਮਜ਼ਦੂਰਾਂ ਦੇ ਕਈ ਉਹ ਹੱਕ ਖੋਹ ਲਏ ਜੋ ਕਿ ਪਿਛਲੇ ਡੇਢ ਸੌ ਸਾਲਾਂ ਵਿੱਚ ਕੁਰਬਾਨੀਆਂ ਦੇ ਕੇ ਲਏ ਸਨ। ਇਹ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ ਕਿ ਇੱਕ ਬੱਸ ਵਿੱਚ ਬਵੰਜਾ ਵਿਅਕਤੀ ਬੈਠ ਸਕਦੇ ਹਨ ਪਰ ਪੰਜ ਤੋਂ ਵੱਧ ਵਿਅਕਤੀ ਇਕੱਠੇ ਕਿਸੇ ਥਾਂ ’ਤੇ ਨਹੀਂ ਬੈਠ ਸਕਦੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਇਕੱਠੇ ਹੋ ਕੇ ਮਹਿੰਗਾਈ, ਬੇਰੁਜ਼ਗਾਰੀ ਜਾਂ ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਕਰ ਸਕਣ। ਕਰੋਨਾ ਸੰਕਟ ਤੋਂ ਪਹਿਲਾਂ ਵੀ ਗੈਰ ਸਰਕਾਰੀ ਤੌਰ ’ਤੇ ਇਸ ਸਰਕਾਰ ਦੇ ਸਾਂਸਦ ਪਾਬੰਦੀਆਂ ਲਗਾਉਂਦੇ ਰਹੇ ਕਿ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਹੈ। ਕੀ ਪਹਿਨਣਾ ਹੈ ਅਤੇ ਕੀ ਨਹੀਂ ਪਹਿਨਣਾ ਹੈ, ਅਤੇ ਸਾਰਿਆਂ ਨੇ ਭਾਰਤ ਮਾਤਾ ਕੀ ਜੈ ਜਾਂ ਜੈ ਸ਼੍ਰੀ ਰਾਮ ਕਹਿਣਾ ਹੈ, ਭਾਵੇਂ ਕਿਸੇ ਦਾ ਕੋਈ ਧਰਮ ਹੋਵੇ ਅਤੇ ਭਾਵੇਂ ਕੋਈ ਨਾਸਤਿਕ ਹੋਵੇ।
2017 ਵਿੱਚ ਯੋਗੀ ਆਦਿੱਤਯ ਨਾਥ ਨੇ ਧੱਕੇ ਨਾਲ ਲਖਨਊ ਵਿੱਚ ਬਹੁਤ ਸਾਰੀਆਂ ਇਮਾਰਤਾਂ ’ਤੇ ਭਗਵਾ ਰੰਗ ਫਿਰਵਾ ਦਿੱਤਾ। ਲਾਲ ਬਹਾਦਰ ਸ਼ਾਸਤਰੀ ਭਵਨ, ਜਿਸਦਾ ਰੰਗ ਪਹਿਲਾਂ ਚਿੱਟਾ ਅਤੇ ਨੀਲਾ ਸੀ ਅਤੇ ਜਿਸ ਵਿੱਚ ਰਾਜਧਾਨੀ ਦਾ ਸਚਿਵਾਲਆ (ਸੈਕਟਰੀਏਟ) ਹੈ ਉਸ ਦਾ ਰੰਗ ਵੀ ਭਗਵਾ ਕਰ ਦਿੱਤਾ। ਉਸ ਅੰਦਰ ਸਾਰੀਆਂ ਕੁਰਸੀਆਂ ਦੀਆਂ ਢੋਆਂ ਅਤੇ ਮੇਜ਼ਾਂ ਦੇ ਕਵਰ ਵੀ ਭਗਵਾ ਰੰਗ ਦੇ ਲਗਾ ਦਿੱਤੇ। ਪਰਦੇ ਜੇਕਰ ਬਿਲਕੁਲ ਭਗਵਾ ਨਹੀਂ ਸਨ ਤਾਂ ਉਸ ਦੇ ਨਾਲ ਮਿਲਦੇ ਜੁਲਦੇ ਰੰਗ ਵਾਲੇ ਕਰ ਦਿੱਤੇ। ਬੱਸਾਂ ਅਤੇ ਸਕੂਲੀ ਬੱਚਿਆਂ ਦੇ ਬਸਤੇ ਵੀ ਭਗਵੇਂ ਰੰਗ ਦੇ ਹੋ ਗਏ। ਕੇਵਲ ਕੁਝ ਬਿਲਡਿਗਾਂ ਬਚੀਆਂ ਜਿਨ੍ਹਾਂ ਦੇ ਮਾਲਕਾਂ ਨੇ ਬਹੁਤ ਵਿਰੋਧ ਕੀਤਾ ਜਾਂ ਲੜਾਈ ਮੁੱਲ ਲੈ ਲਈ। ਹੁਣ 2020 ਵਿੱਚ ਇੱਕ ਵਾਰ ਫੇਰ ਭਗਵੇਂ ਰੰਗ ਦਾ ਫਤੂਰ ਦਿਮਾਗ ਵਿੱਚ ਉੱਠਿਆ ਅਤੇ ਯੋਗੀ ਦੇ ਹੀ ਮੰਤਰੀ ਨੰਦ ਗੋਪਾਲ ਨੰਦੀ ਨੇ ਆਪਣੇ ਇਲਾਕੇ ਬਹਾਦਰਗੜ੍ਹ ਵਿੱਚ ਕੁਝ ਵਿਅਕਤੀ ਭੇਜ ਕੇ ਲੋਕਾਂ ਦੇ ਘਰਾਂ ’ਤੇ ਭਗਵਾ ਰੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕਿਸੇ ਨੇ ਅਣਪਛਾਤੇ ਵਿਅਕਤੀਆਂ ਨੂੰ ਪੁੱਛਿਆ ਕਿ ਤੁਸੀਂ ਘਰਾਂ ਦੇ ਮਾਲਕਾਂ ਦੀ ਇਜਾਜ਼ਤ ਤੋਂ ਬਿਨਾ ਰੰਗ ਕਿਉਂ ਕਰ ਰਹੇ ਹੋ ਤਾਂ ਉਹਨਾਂ ਪੁੱਛਣ ਵਾਲਿਆਂ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੇਕਰ ਔਰਤਾਂ ਬਾਹਰ ਆਈਆਂ ਤਾਂ ਉਹਨਾਂ ਨੂੰ ਵੀ ਗਾਹਲਾਂ ਕੱਢੀਆਂ। ਜਦੋਂ ਮਕਾਨ ਮਾਲਕਾਂ ਨੇ ਮੰਤਰੀ ਜੀ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਰਾ ਕੁਝ ਭਗਵਾ ਹੋਣ ਦਾ ਮਤਲਬ ਹੈ ਕਿ ਵਿਕਾਸ ਦਾ ਦਰਿਆ ਵਗ ਰਿਹਾ ਹੈ।
ਧੱਕੇਸ਼ਾਹੀ ਦਾ ਆਲਮ ਇਹ ਹੈ ਕਿ ਹਰ ਖੇਤਰ ਵਿੱਚ ਜਿਹੜੇ ਅਫਸਰ ਭਾਜਪਾ ਦੀ ਸੁਰ ਨਾਲ ਸੁਰ ਮਿਲਾ ਕੇ ਨਹੀਂ ਚੱਲ ਰਹੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਜਾਂ ਮਹੱਤਵਹੀਣ ਅਹੁਦਿਆਂ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਥਾਂ ’ਤੇ ਆਰ ਐੱਸ ਐਸ ਦੇ ਪਰਖੇ ਹੋਏ ਅਫਸਰ ਲਗਾਏ ਜਾ ਰਹੇ ਹਨ। ਜਿਹੜੇ ਅਹੁਦਿਆਂ ਲਈ ਆਈ.ਏ.ਐੱਸ ਅਫਸਰਾਂ ਦੀ ਲੋੜ ਹੈ, ਉੱਥੇ ਬਿਨਾ ਆਈ.ਏ.ਐੱਸ. ਲਗਾਏ ਜਾ ਰਹੇ ਹਨ ਪਰ ਸ਼ਰਤ ਇਹ ਹੈ ਕਿ ਉਹ ਭਾਜਪਾ ਦੀ ਬੋਲੀ ਬੋਲਦਾ ਹੋਵੇ। ਜੇਲ ਅੰਦਰ ਡੱਕੇ ਗਏ ਡਾਕਟਰ ਕਾਫ਼ੀਲ ਦਾ ਕਸੂਰ ਵੀ ਕੇਵਲ ਇੰਨਾ ਸੀ ਕਿ ਉਹ ਭਾਜਪਾ ਦੀ ਬੋਲੀ ਨਹੀਂ ਬੋਲਦਾ ਸੀ। ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੂੰ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਉਪ ਡਾਇਰੈਕਟਰ ਲਗਾ ਦਿੱਤਾ ਕਿਉਂਕਿ ਉਸ ਨੇ 2019 ਦੀ ਚੋਣਾਂ ਵਿੱਚ ਮੋਦੀ ਅਤੇ ਅਮਿਤ ਸ਼ਾਹ ਨੂੰ ਚੋਣ ਜਾਬਤੇ ਦੀ ਉੁਲੰਘਣਾ ਬਾਰੇ ਕਲੀਨ ਚਿੱਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਧੱਕੇ ਨਾਲ ਹਰ ਖੇਤਰ ਵਿੱਚ ਭਾਜਪਾ ਜਾਂ ਆਰਐੱਸਐੱਸ ਦੇ ਸੈੱਲ ਫਿੱਟ ਕੀਤੇ ਜਾ ਰਹੇ ਹਨ ਅਤੇ ਜਿਹੜੇ ਅਧਿਕਾਰੀ ਸਰਕਾਰ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ। ਇਸ ਸਾਰਾ ਕੁਝ ਇਸ ਲਈ ਹੋ ਰਿਹਾ ਹੈ ਤਾਂ ਕਿ ਭਵਿੱਖੀ ਚੋਣਾਂ ਵਿੱਚ ਹਰ ਹੱਥ ਅਤੇ ਹਰ ਦਿਮਾਗ ਚੋਣਾਂ ਵਿੱਚ ਭਾਜਪਾ ਦਾ ਸਹਾਈ ਹੋਵੇ ਅਤੇ ਵਿਰੋਧੀ ਹੱਥ ਅਤੇ ਦਿਮਾਗ ਨਕਾਰਾ ਹੋਣ। ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਧੱਕੇਸ਼ਾਹੀ ਦੀ ਪੌੜੀ ’ਤੇ ਇੱਕ ਸਰਕਾਰ ਜਿੰਨੇ ਡੰਡੇ ਉੱਪਰ ਚੜ੍ਹ ਜਾਂਦੀ ਹੈ ਜਦੋਂ ਕੋਈ ਦੂਜੀ ਸਰਕਾਰ ਆਉਂਦੀ ਹੈ ਤਾਂ ਉਹ ਉਸੇ ਡੰਡੇ ’ਤੇ ਬਣਦੀ ਹੈ। ਉਹ ਉਸ ਤੋਂ ਉੱਪਰਲੇ ਡੰਡੇ ’ਤੇ ਤਾਂ ਜਾ ਸਕਦੀ ਹੈ ਪਰ ਹੇਠਲੇ ਡੰਡੇ ’ਤੇ ਨਹੀਂ ਆਉਂਦੀ। ਇਸ ਹਾਲਤ ਵਿੱਚ ਭਾਜਪਾ ਨੂੰ ਆਪਣੀਆਂ ਕੀਤੀਆਂ ਜਾਂ ਉਸ ਤੋਂ ਵੱਧ ਭੁਗਤਣੀਆਂ ਪੈ ਸਕਦੀਆਂ ਹਨ। ਹਾਂ, ਜੇਕਰ ਖੱਬੇ ਪੱਖੀ ਸੱਤਾ ਵਿੱਚ ਆ ਜਾਣਗੇ, ਉਹ ਅਜਿਹੀ ਪੌੜੀ ਨੂੰ ਅੱਗ ਹੀ ਲਗਾ ਦੇਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2263)
(ਸਰੋਕਾਰ ਨਾਲ ਸੰਪਰਕ ਲਈ: