“ਨਵੇਂ ਪਾਰਲੀਮੈਂਟ ਭਵਨ ਦੀ ਉਸਾਰੀ ਤੋਂ ਲੈ ਕੇ ਉਦਘਾਟਨ ਤਕ, ਰਾਮ ਮੰਦਿਰ ਦੇ ਸ਼ਿਲਾਨਿਆਸ ਤੋਂ ਲੈ ਕੇ ...”
(22 ਜਨਵਰੀ 2024)
ਇਸ ਸਮੇਂ ਪਾਠਕ: 480.
ਇਸ ਵਕਤ ਸਾਰਾ ਗੋਦੀ ਮੀਡੀਆ ਇੱਕ ਹੀ ਪ੍ਰੋਗਰਾਮ ਵੱਖ ਵੱਖ ਤਰੀਕਿਆਂ ਨਾਲ ਵਿਖਾ ਰਿਹਾ ਹੈ, ਜਿਸ ਦਾ ਸਾਰ ਹੈ ਕਿ ਸ਼੍ਰੀ ਰਾਮ ਚੰਦਰ ਜੀ ਆ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਅਯੋਧਿਆ ਦੇ ਸ਼੍ਰੀ ਰਾਮ ਜੀ ਆ ਰਹੇ ਹਨ, ਕੋਈ ਕਹਿ ਰਿਹਾ ਹੈ ਕਿ ਮੋਦੀ ਜੀ ਦੇ ਰਾਮ ਆ ਰਹੇ ਹਨ ਅਤੇ ਮੋਦੀ ਜੀ ਕਹਿ ਰਹੇ ਹਨ ਕਿ ਜਿੱਥੇ ਮੈਂ ਭਾਰਤ ਦੇ ਹੋਰ ਲੋਕਾਂ ਲਈ ਘਰ ਬਣਾਏ ਹਨ, ਉੱਥੇ ਨਾਲ ਹੀ ਰਾਮ ਲੱਲਾ ਦਾ ਘਰ ਬਣਾਇਆ ਹੈ, ਜਿਹੜੇ ਕਿ ਪਹਿਲਾਂ ਇੱਕ ਤੰਬੂ ਵਿਚ ਰਹਿੰਦੇ ਸਨ। ਲਗਦਾ ਹੈ ਕਿ ਮੋਦੀ ਜੀ ਅਨੁਸਾਰ ਸ਼੍ਰੀ ਰਾਮ ਉਹ ਭਗਵਾਨ ਨਹੀਂ ਜਿਹੜੇ ਕਣ ਕਣ ਵਿੱਚ ਸਮਾਏ ਹਨ ਜਾਂ ਭਗਤਾਂ ਦੇ ਦਿਲਾਂ ਵਿਚ ਵਸਦੇ ਹਨ, ਬਲਕਿ ਰਾਮ ਜੀ ਪਹਿਲਾਂ ਇੱਕ ਤੰਬੂ ਵਿਚ ਰਹਿੰਦੇ ਸੀ ਅਤੇ ਹੁਣ ਮੋਦੀ ਜੀ ਨੇ ਉਹਨਾਂ ਦੇ ਰਹਿਣ ਲਈ ਇੱਕ ਆਲੀਸ਼ਾਨ ਘਰ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਰਾਮ ਲੱਲਾ ਦਾ ਆਉਣਾ, ਹਿੰਦੂ ਰਾਸ਼ਟਰ ਅਤੇ ਭਾਜਪਾ ਸਮਰਥਿਤ ਸਾਧੂਆਂ ਸੰਤਾਂ ਵੱਲੋਂ ਪ੍ਰਚਾਰਿਆ ਜਾ ਰਹੇ ਮਨੂ ਸੰਵਿਧਾਨ ਆਦਿ ਸਾਰਿਆਂ ਦੀ ਰੂਪਰੇਖਾ ਅਤੇ ਮਤਲਬ ਲਗਪਗ ਇੱਕ ਹੀ ਹੈ। ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਦੇ ਬਹਾਨੇ ਮੋਦੀ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦੇ ਹਨ। ਮੰਦਿਰ ਵਿਚ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਹਿੰਦੂ ਰਾਸ਼ਟਰ ਵੱਲ ਇੱਕ ਕਦਮ ਪੁੱਟਣਾ ਹੈ, ਜਿਸ ਨਾਲ ਆਰ ਐੱਸ ਐੱਸ ਦਾ ਅਸ਼ੀਰਵਾਦ ਮੋਦੀ ਨਾਲ ਹਮੇਸ਼ਾ ਰਹੇਗਾ ਜੋਕਿ ਉਹਨਾਂ ਦੇ ਰਾਜਨੀਤਿਕ ਭਵਿੱਖ ਲਈ ਚੰਗਾ ਹੋਵੇਗਾ। ਪ੍ਰਾਣ ਪ੍ਰਤਿਸ਼ਠਾ ਮੌਕੇ ’ਤੇ ਇੰਡੀਆ ਗਠਬੰਧਨ ਨੂੰ ਜਾਣਬੁੱਝ ਕੇ ਸੱਦਿਆ ਗਿਆ ਹੈ, ਜਿਹੜਾ ਕਿ ਲਗਪਗ ਧਰਮਨਿਰਪੱਖ ਹੈ। ਜੇਕਰ ਇੰਡੀਆ ਗਠਬੰਧਨ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ’ਤੇ ਆਉਂਦਾ ਹੈ ਤਾਂ ਮੁਸਲਿਮ, ਇਸਾਈ ਅਤੇ ਬੋਧੀ ਨਾਰਾਜ਼ ਹੁੰਦੇ ਹਨ, ਅਤੇ ਜੇਕਰ ਨਹੀਂ ਆਉਂਦਾ ਤਾਂ ਕਾਫੀ ਸਾਰੇ ਹਿੰਦੂ ਨਾਰਾਜ਼ ਹੁੰਦੇ ਹਨ। ਇਸ ਪ੍ਰਕਾਰ ਇੰਡੀਆ ਗਠਬੰਧਨ ਦੀਆਂ ਵੋਟਾਂ ਘਟਾਉਣ ਵਿਚ ਮੋਦੀ ਸਫ਼ਲ ਹੁੰਦਾ ਹੈ।
ਪਿੱਛੇ ਜਿਹੇ ਆਰ ਐੱਸ ਐੱਸ ਸਮਰਥਿਤ ਸਾਧੂਆਂ ਸਨਿਆਸੀਆਂ ਨੇ ਕਿਹਾ ਕਿ ਅਸੀਂ ਮਨੂ ਸੰਹਿਤਾ ’ਤੇ ਅਧਾਰਿਤ ਸੰਵਿਧਾਨ ਬਣਾ ਰਹੇ ਹਾਂ ਅਤੇ ਇਹ ਸੰਵਿਧਾਨ ਮੌਜਜੂਦਾ ਸੰਵਿਧਾਨ ਦੀ ਥਾਂ ਲੈ ਲਵੇਗਾ। ਉਹਨਾਂ ਉਮੀਦ ਕੀਤੀ ਕਿ ਆਰ ਐੱਸ ਐੱਸ ਦੀ ਸੌਵੀਂ ਵਰ੍ਹੇਗੰਢ (ਸਨ 2025) ਮੌਕੇ ਤਕ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਅਨੁਸਾਰ ਭਾਰਤ ਦਾ ਰਾਸ਼ਟਰੀ ਝੰਡਾ ਕੇਸਰੀ ਹੋਵੇਗਾ। ਮੁਸਲਮਾਨ ਅਤੇ ਇਸਾਈ ਜਦ ਤਕ ਹਿੰਦੂ ਧਰਮ ਨਹੀਂ ਅਪਣਾ ਲੈਂਦੇ, ਤਦ ਤਕ ਇਹ ਦੂਜੇ ਦਰਜੇ ਦੇ ਸ਼ਹਿਰੀ ਹੋਣਗੇ। ਔਰਤਾਂ ਦਾ ਕੰਮ ਕੇਵਲ ਚੁੱਲ੍ਹੇ ਚੌਂਕੇ ਤਕ ਜਾਂ ਬੱਚਿਆਂ ਦੀ ਪਰਵਰਿਸ਼ ਕਰਨਾ ਅਤੇ ਪਤੀ ਦੀ ਸੇਵਾ ਕਰਨੀ ਹੋਵੇਗਾ। ਜਦ ਤਕ ਲੜਕੀ ਵਿਆਹੀ ਨਹੀਂ ਜਾਂਦੀ ਤਦ ਤਕ ਉਹ ਆਪਣੇ ਪਿਤਾ ਦੇ ਅਧੀਨ ਰਹੇਗੀ ਅਤੇ ਜੇਕਰ ਉਸਦੀ ਸ਼ਾਦੀ ਤੋਂ ਪਹਿਲਾਂ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਆਪਣੇ ਭਰਾ ਦੇ ਅਧੀਨ ਰਹੇਗੀ। ਵਿਆਹ ਤੋਂ ਬਾਅਦ ਆਪਣੇ ਪਤੀ ਦੇ ਅਧੀਨ ਰਹੇਗੀ। ਦਲਿਤ ਔਰਤਾਂ ਦੀ ਹਾਲਤ ਉੱਚ ਸ਼੍ਰੇਣੀ ਦੀਆਂ ਔਰਤਾਂ ਤੋਂ ਹੋਰ ਵੀ ਜ਼ਿਆਦਾ ਭੈੜੀ ਹੋਵੇਗੀ। ਆਰ ਐੱਸ ਐੱਸ ਦੇ ਦੂਜੇ ਅਧਿਅਕਸ਼ ਸ਼੍ਰੀ ਮਾਧਵ ਰਾਵ ਸਦਾ ਸ਼ਿਵ ਰਾਵ ਗੋਲਵਲਕਰ ਜਿਹੜੇ ਗੁਰੂ ਜੀ ਦੇ ਤੌਰ ’ਤੇ ਜਾਣੇ ਜਾਂਦੇ ਸਨ ਉਹਨਾਂ ਅਨੁਸਾਰ ਸ਼ੂਦਰਾਂ ਅਤੇ ਇਸਾਈਆਂ ਤੋਂ ਸਾਰੇ ਹੱਕ ਖੋਹ ਲੈਣੇ ਚਾਹੀਦੇ ਹਨ। ਉਹਨਾਂ ਕੋਲ ਕੇਵਲ ਜੀਣ ਦਾ ਅਧਿਕਾਰ ਹੋਵੇ, ਐਨਾ ਹੀ ਕਾਫੀ ਹੈ। ਮਨੂ ਸਮਰਿਤੀ ਅਨੁਸਾਰ ਸ਼ੂਦਰ ਦਾ ਕੰਮ ਕੇਵਲ ਉੱਚੀਆਂ ਜਾਤਾਂ ਦੀ ਸੇਵਾ ਕਰਨਾ ਹੈ, ਸਫਾਈ ਕਰਨਾ ਹੈ ਅਤੇ ਹਰ ਪ੍ਰਕਾਰ ਦਾ ਗੰਦ ਚੁੱਕਣਾ ਹੈ। ਸ਼ੂਦਰ ਕੋਲ ਪੜ੍ਹਨ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਨਾ ਹੀ ਉਹ ਮੰਤ੍ਰ ਸੁਣ ਸਕਦਾ ਹੈ। ਜੇਕਰ ਕਿਸੇ ਬ੍ਰਾਹਮਣ ਕੋਲੋਂ ਸ਼ੂਦਰ ਦੀ ਹੱਤਿਆ ਹੋ ਜਾਂਦੀ ਹੈ ਤਾਂ ਕੋਈ ਜ਼ਿਆਦਾ ਸਜ਼ਾ ਨਹੀਂ, ਕੇਵਲ ਪਛਤਾਵਾ ਕਰਨਾ ਹੀ ਕਾਫੀ ਹੈ। ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਨੂੰ ਦਿੱਤੀਆਂ ਜਾਂਦੀਆਂ ਸਜ਼ਾਵਾਂ ਹੇਠਲੀ ਜਾਤ ਵੱਲ ਜਾਂਦਿਆਂ ਵਧਦੀਆਂ ਜਾਂਦੀਆਂ ਹਨ।
ਜੇਕਰ ਕੋਈ ਸ਼ੂਦਰ ਕਿਸੇ ਐਸੀ ਬ੍ਰਾਹਮਣ ਔਰਤ ਨਾਲ ਬਲਾਤਕਾਰ ਕਰਦਾ ਸੀ ਜਿਸ ਨੂੰ ਉਸਦੇ ਪਤੀ, ਪਿਤਾ ਜਾਂ ਭਰਾ ਵੱਲੋਂ ਕੋਈ ਸੁਰੱਖਿਆ ਨਹੀਂ ਤਾਂ ਸ਼ੂਦਰ ਦਾ ਲਿੰਗ ਕਟਿਆ ਜਾਂਦਾ ਸੀ ਪਰ ਜੇਕਰ ਕਿਸੇ ਸੁਰੱਖਿਅਤ ਬ੍ਰਾਹਮਣ ਔਰਤ ਨਾਲ ਸ਼ੂਦਰ ਬਲਾਤਕਾਰ ਕਰਦਾ ਸੀ ਤਾਂ ਸ਼ੂਦਰ ਨੂੰ ਮੌਤ ਦੀ ਸਜ਼ਾ ਹੁੰਦੀ ਸੀ। ਪਰ ਬ੍ਰਾਹਮਣ ਵਾਸਤੇ ਕੋਈ ਅਜਿਹੀ ਸਜ਼ਾ ਨਹੀਂ ਸੀ। ਸ਼ੂਦਰ ਨੂੰ ਜਾਇਦਾਦ ਬਣਾਉਣ ਜਾਂ ਧਨ ਇੱਕਠਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਬ੍ਰਾਹਮਣ ਜਦੋਂ ਚਾਹੇ ਸ਼ੂਦਰ ਦੀ ਜਾਇਦਾਦ ਉੱਤੇ ਕਬਜ਼ਾ ਕਰ ਸਕਦਾ ਸੀ ਅਤੇ ਉਸ ਦਾ ਧਨ ਲੁੱਟ ਸਕਦਾ ਸੀ। ਹੁਣ ਅਯੋਧਿਆ ਦੇ ਰਾਮ ਮੰਦਿਰ ਲਈ ਕੁਝ ਦਲਿਤਾਂ ਨੇ ਚੰਦਾ ਇੱਕਠਾ ਕੀਤਾ। ਜਦੋਂ ਉਹ ਇੱਕਠਾ ਕੀਤਾ ਚੰਦਾ ਮੰਦਿਰ ਦੇ ਟਰੱਸਟੀਆਂ ਨੂੰ ਦੇਣ ਗਏ ਤਾਂ ਉਹਨਾਂ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਚੰਦੇ ਤੋਂ ਖਰੀਦਿਆ ਗਿਆ ਪ੍ਰਸ਼ਾਦ ਅਪਵਿੱਤਰ ਹੋ ਜਾਵੇਗਾ। ਕੀ ਇਹ ਦਲਿਤਾਂ ਦਾ ਅਨਾਦਰ ਨਹੀਂ? ਜਦੋਂ ਪ੍ਰਸ਼ਾਦ ਖਰੀਦਣ ਲਈ ਧਨ ਇਕੱਠਾ ਹੋ ਗਿਆ ਤਾਂ ਇੱਕਠੇ ਹੋਏ ਰੁਪਇਆਂ ਵਿੱਚੋਂ ਕੀ ਕੋਈ ਪਛਾਣ ਕਰ ਸਕਦਾ ਹੈ ਕਿ ਇਹਨਾਂ ਵਿਚ ਉੱਚ ਜਾਤੀਆਂ ਵਾਲੇ ਨੋਟ ਕਿਹੜੇ ਹਨ ਅਤੇ ਦਲਿਤਾਂ ਵਾਲੇ ਨੋਟ ਕਿਹੜੇ ਹਨ।
ਰਾਮ ਮੰਦਿਰ ਬਣਨ ਤੋਂ ਲੈ ਕੇ ਹੁਣ ਤਕ ਸ਼ੂਦਰਾਂ (ਅਜਕਲ ਦਲਿਤਾਂ), ਮੁਸਲਮਾਨਾਂ ਅਤੇ ਇਸਾਈਆਂ ਨਾਲ ਦੁਰਵਿਵਹਾਰ ਹੀ ਹੋ ਰਿਹਾ ਹੈ। ਵੈਸੇ ਰਾਮ ਮੰਦਿਰ ਬਣਨ ਤੋਂ ਕਿੰਨੇ ਸਾਲ ਪਹਿਲਾਂ ਤੋਂ ਹੀ ਦਲਿਤਾਂ, ਇਸਾਈਆਂ ਅਤੇ ਮੁਸਲਮਾਨਾਂ ’ਤੇ ਹਮਲੇ ਹੋ ਰਹੇ ਹਨ। ਕਦੇ ਧਰਮ ਪਰਵਰਤਨ ਦੇ ਨਾਮ ’ਤੇ ਹਮਲੇ ਹੁੰਦੇ ਹਨ ਅਤੇ ਕਦੇ ਗਊ ਰੱਖਿਅਕਾਂ ਵੱਲੋਂ ਗਊ ਬਚਾਉਣ ਦੇ ਨਾਮ ’ਤੇ ਹਮਲੇ ਹੋ ਜਾਂਦੇ ਰਹੇ, ਕਦੇ ਇੱਕ ਦਲਿਤ ਵਿਦਿਆਰਥੀ ਨੂੰ ਅਧਿਆਪਕਾ ਇਸ ਕਰਕੇ ਕੁੱਟ ਦੇਂਦੀ ਹੈ ਕਿ ਦਲਿਤ ਨੇ ਉਸ ਅਧਿਆਪਿਕਾ ਦੇ ਭਾਂਡੇ ਨੂੰ ਹੱਥ ਲਗਾ ਲਿਆ। ਰਾਮ ਮੰਦਿਰ ਦੀ ਅਧਾਰ ਸ਼ਿਲਾ ਰੱਖਣ ਵੇਲੇ ਜਾਂ ਉਸ ਤੋਂ ਪਹਿਲਾਂ ਨਵੇਂ ਪਾਰਲੀਮੈਂਟ ਦੀ ਅਧਾਰ ਸ਼ਿਲਾ ਰੱਖਣ ਵੇਲੇ ਭਾਰਤ ਦੇ ਰਾਸ਼ਟਰਪਤੀ ਜੀ ਨਹੀਂ ਸੱਦੇ ਗਏ ਕਿਉਂਕਿ ਉਹ ਦਲਿਤ ਸਨ। ਨਵੇਂ ਪਾਰਲੀਮੈਂਟ ਦੇ ਉਦਘਟਨ ਵੇਲੇ ਸਾਧੂਆਂ ਸਨਿਆਸੀਆਂ ਨੂੰ ਤਾਂ ਅੰਦਰ ਸੱਦ ਲਿਆ ਗਿਆ ਪਰ ਦਲਿਤ ਰਾਸ਼ਟਰਪਤੀ ਨੂੰ ਨਹੀਂ ਸੱਦਿਆ ਗਿਆ ਜਿਸ ਦੀ ਕਿ ਪਾਰਲੀਮੈਂਟ ਵਿਚ ਸਭ ਤੋਂ ਵੱਧ ਅਹੀਮੀਅਤ ਹੁੰਦੀ ਹੈ।
ਰਾਮ ਮੰਦਿਰ ਵਿਚ ਰਾਮ ਲੱਲਾ ਦੀ ਮੂਰਤੀ ਵਿਚ ਪ੍ਰਾਣ ਪਾਉਣ ਦੀ ਰਸਮ ਵਿਚ ਪਹਿਲਾਂ ਰਾਸ਼ਟਰਪਤੀ ਮੁਰਮੂ ਜੀ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ, ਹੁਣ ਕਾਫ਼ੀ ਦੇਰ ਬਾਅਦ ਸੱਦਿਆ ਗਿਆ ਹੈ, ਪਤਾ ਨਹੀਂ ਉਹ ਜਾਣਗੇ ਜਾਂ ਨਹੀਂ ਜਾਣਗੇ। ਇਸੇ ਸੰਦਰਭ ਵਿਚ ਇੱਕ ਰਾਮ ਕਥਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਜਦੋਂ ਰਾਮ ਲਛਮਣ ਅਤੇ ਸੀਤਾ ਬਣਵਾਸ ’ਤੇ ਚਲੇ ਗਏ ਤਾਂ ਉਹਨਾਂ ਦੇ ਵਿਯੋਗ ਵਿਚ ਰਾਜਾ ਦਸ਼ਰਥ ਦੀ ਮੌਤ ਤੋਂ ਬਾਅਦ ਸਾਰਾ ਮਹਿਲ ਸ਼ੋਕ ਵਿਚ ਡੁੱਬ ਗਿਆ। ਪਰ ਕੁੱਲ ਪ੍ਰੋਹਿਤ ਰਿਸ਼ੀ ਵਸ਼ਿਸ਼ਟ ਇੱਕ ਅਲੱਗ ਹੀ ਚਿੰਤਾ ਵਿਚ ਸੀ ਜਿਸ ਦਾ ਇਜ਼ਹਾਰ ਉਸਨੇ ਰਾਜਾ ਬਣਨ ਵਾਲੇ ਭਰਤ ਨਾਲ ਸਾਂਝਾ ਕੀਤਾ। ਉਸ ਨੇ ਭਰਤ ਨੂੰ ਕਿਹਾ ਕਿ ਦਸ਼ਰਥ ਦੀ ਮੌਤ ਹੋਣੀ ਕੋਈ ਚਿੰਤਾ ਜਾਂ ਸ਼ੋਕ ਵਾਲੀ ਨਹੀਂ, ਉਹ ਕਾਫੀ ਬਜ਼ੁਰਗ ਸੀ, ਉਸ ਦੀ ਮੌਤ ਹੋਣੀ ਹੀ ਸੀ। ਚਿੰਤਾ ਵਾਲੀ ਗੱਲ ਇਹ ਹੈ ਕਿ ਕਿਤੇ ਰਾਜਾ ਦਸ਼ਰਥ ਦੀ ਮੌਤ ਤੋਂ ਬਾਅਦ ਸ਼ੂਦਰ ਆਪਣੇ ਮੂੰਹ ਆਈ ਗੱਲ ਨਾ ਕਹਿਣੀ ਸ਼ੁਰੂ ਕਰ ਦੇਣ। ਗੋਸਵਾਮੀ ਤੁਲਸੀ ਦਾਸ ਅਯੋਧਿਆ ਕਾਂਡ ਵਿਚ ਲਿਖਦੇ ਹਨ ਕਿ ਵਸ਼ਿਸ਼ਟ ਨੂੰ ਇਹ ਚਿੰਤਾ ਸੀ ਕਿ ਘਟ ਤਜ਼ਰਬੇ ਵਾਲਾ ਭਰਤ ਕਿਤੇ ਸ਼ੂਦਰਾਂ ਪ੍ਰਤੀ ਐਨਾ ਉਦਾਰ ਨਾ ਹੋ ਜਾਵੇ ਕਿ ਮੂੰਹ ਆਈਆਂ ਗੱਲਾਂ ਕਹਿਣੀਆਂ ਸ਼ੁਰੂ ਕਰਕੇ ਬ੍ਰਾਹਮਣਾਂ ਅਤੇ ਵਿਦਵਾਨਾਂ ਦੀ ਮਾਣਹਾਨੀ ਕਰ ਦੇਣ ਅਤੇ ਆਪਣੀ ਇੱਜ਼ਤ ਅਤੇ ਆਪਣੇ ਸਵੈਭਿਮਾਨ ਦੀ ਇੱਛਾ ਨਾ ਕਰਨਾ ਸ਼ੁਰੂ ਕਰ ਦੇਣ। ਅਜਿਹੇ ਸਮੇਂ ਵਿੱਚ ਜੇਕਰ ਰਾਮ ਜੀ ਦੀ ਮੂਰਤੀ ਵਿਚ ਜਾਨ ਪੈ ਜਾਂਦੀ ਹੈ (ਜੋਕਿ ਅਸੰਭਵ ਹੈ) ਜਾਂ ਹਿੰਦੂ ਰਾਸ਼ਟਰ ਵਾਲਾ ਰਾਮ ਰਾਜ ਆ ਜਾਂਦਾ ਹੈ ਤਾਂ ਤੁਸੀਂ ਆਪ ਹੀ ਸੋਚ ਲਓ ਕਿ ਭਾਰਤ ਵਿਚ ਔਰਤਾਂ, ਦਲਿਤਾਂ, ਮੁਸਲਮਾਨਾਂ, ਇਸਾਈਆਂ ਅਤੇ ਬਿਧੀਆਂ ਦੀ ਕੀ ਹਾਲਤ ਹੋਵੇਗੀ ਅਤੇ ਕੀ ਭਾਰਤ ਟੁਕੜੇ ਟੁਕੜੇ ਹੋਣ ਤੋਂ ਬਚ ਜਾਵੇਗਾ?
ਰਾਸ਼ਟਰਪਤੀਆਂ ਨੂੰ ਨਾ ਸੱਦਣਾ ਤਾਂ ਇੱਕ ਪਾਸੇ ਰਿਹਾ, ਮੋਦੀ ਜੀ ਨੇ ਅਤੇ ਰਾਮ ਮੰਦਿਰ ਦੇ ਟਰੱਸਟੀਆਂ ਨੇ ਹਿੰਦੂ ਧਰਮ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਚਾਰ ਸ਼ੰਕਰਾਚਾਰੀਆ ਨੂੰ ਵੀ ਮੂਰਤੀਆਂ ਵਿਚ ਪ੍ਰਾਣ ਪ੍ਰਤਿਸ਼ਠਾ ਲਈ ਸੱਦਣ ਦੀ ਬਜਾਏ ਕੇਵਲ ਦਰਸ਼ਕਾਂ ਦੇ ਤੌਰ ’ਤੇ ਸੱਦਿਆ ਹੈ ਅਤੇ ਉਹਨਾਂ ਨੇ ਇਹ ਕਹਿ ਕੇ ਆਉਣ ਤੋਂ ਇਨਕਾਰੀ ਕਰ ਦਿੱਤਾ ਹੈ ਕਿ ਕੀ ਅਸੀਂ ਕੇਵਲ ਤਾੜੀਆਂ ਵਜਾਉਣ ਆਉਣਾ ਹੈ? ਵੈਸੇ ਸਾਬਕਾ ਸਾਂਸਦ ਸੁਰਗਵਾਸੀ ਸਵਾਮੀ ਅਗਨੀਵੇਸ਼ ਜੀ ਦਾ ਕਹਿਣਾ ਸੀ ਕਿ ਮਰੇ ਹੋਏ ਵਿਚ ਪ੍ਰਾਣ (ਜਾਨ) ਤੁਸੀ ਪਾ ਨਹੀਂ ਸਕਦੇ ਅਤੇ ਜਿਊਂਦੇ ਵਿਚ ਪ੍ਰਾਣ ਪਾਉਣ ਦੀ ਕੋਈ ਲੋੜ ਨਹੀਂ ਹੁੰਦੀ। ਪੱਥਰ ਦੀ ਮੂਰਤੀ ਵਿਚ ਪ੍ਰਾਣ ਪਾਉਣ ਦਾ ਵੇਦਾਂ ਵਿਚ ਕੋਈ ਮੰਤਰ ਨਹੀਂ ਹੈ। ਅਜੇ ਤਕ ਤਾਂ ਚਾਰੇ ਸ਼ੰਕਰਚਾਰੀਆ ਮੋਦੀ ਦੇ ਰਾਜਨੀਤਿਕ ਡਰਾਮੇ ਦਾ ਹਿੱਸਾ ਬਣਨ ਨਹੀਂ ਆ ਰਹੇ। ਪਰ ਇਹ ਵੀ ਸੱਚ ਹੈ ਕਿ ਮੋਦੀ ਪਾੜੇ ਪਾਉਣ ਵਿਚ ਮਾਹਿਰ ਹੈ, ਜਿੱਥੇ ਉਸ ਨੇ ਹਰ ਵਰਗ ਅਤੇ ਹਰ ਪਾਰਟੀ ਵਿਚ ਪਾੜਾ ਪਾਇਆ ਹੈ, ਉੱਥੇ ਉਹ ਸ਼ੰਕਰਾਚਾਰਿਆਂ ਵਿਚ ਵੀ ਪਾੜਾ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਨਵੇਂ ਪਾਰਲੀਮੈਂਟ ਭਵਨ ਦੀ ਉਸਾਰੀ ਤੋਂ ਲੈ ਕੇ ਉਦਘਾਟਨ ਤਕ, ਰਾਮ ਮੰਦਿਰ ਦੇ ਸ਼ਿਲਾਨਿਆਸ ਤੋਂ ਲੈ ਕੇ ਰਾਮ ਲੱਲਾ ਦੀ ਮੂਰਤੀ ਸਥਾਪਨਾ ਤਕ ਆਰ ਐੱਸ ਐੱਸ ਦੀ ਪੂਰਨ ਸਹਿਮਤੀ ਨਾਲ ਹਰ ਪਾਸੇ ਮੋਦੀ ਹੀ ਛਾਇਆ ਹੋਇਆ ਹੈ। ਆਰ ਐੱਸ ਐੱਸ ਇਸ ਗੱਲ ’ਤੇ ਖੁਸ਼ ਹੈ ਕਿ ਬਾਬਰੀ ਮਸਜ਼ਿਦ ਹੇਠਾਂ ਕਿਸੇ ਮੰਦਿਰ ਦੇ ਅਵਸ਼ੇਸ਼ ਨਾ ਹੋਣ ’ਤੇ ਵੀ ਮੋਦੀ ਰਾਜ ਵਿਚ ਕੋਰਟ ਦਾ ਫੈਸਲਾ ਉਸ ਨੂੰ ਢਾਹ ਕੇ ਉੱਥੇ ਰਾਮ ਮੰਦਿਰ ਬਣਾਉਣ ਦੇ ਹੱਕ ਵਿਚ ਆ ਗਿਆ। ਨਵੇਂ ਪਾਰਲੀਮੈਂਟ ਦੀ ਉਸਾਰੀ ਤੋਂ ਉਦਘਾਟਨ ਤਕ ਜਾਂ ਰਾਮ ਮੰਦਿਰ ਦੀ ਉਸਾਰੀ ਤੋਂ ਰਾਮ ਲੱਲਾ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਠਾ ਤਕ ਉੱਚ ਹਿੰਦੂ ਜਾਤਾਂ ਤੋਂ ਇਲਾਵਾ ਕਿਸੇ ਨੂੰ ਨੇੜੇ ਫਟਕਣ ਨਹੀਂ ਦਿੱਤਾ ਗਿਆ, ਇਹ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਵੱਧਦੇ ਕਦਮ ਹਨ।
ਆਰ ਐੱਸ ਐੱਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਮੋਦੀ ਜੀ ਨੂੰ ਖੁੱਲ੍ਹੀ ਛੁੱਟ ਦੇਣ ਨਾਲ ਉਹਨਾਂ ਦੀਆਂ ਹਿੰਦੂ ਰਾਸ਼ਟਰ ਨਾਲ ਸਬੰਧਿਤ ਬੇਹੁਦਰੀਆਂ ਕਾਰਣ ਸਾਡੇ ਸਦੀਆਂ ਪੁਰਾਣੇ ਮਿੱਤਰ ਦੇਸ਼ ਨੇਪਾਲ, ਭੂਟਾਨ, ਮਲਦੀਪ, ਅਤੇ ਅਰਬ ਮੁਲਕ ਨਾਰਾਜ਼ ਹੋ ਗਏ ਹਨ। ਉਸ ਨੂੰ ਇਹ ਵੀ ਚਿੰਤਾ ਨਹੀਂ ਕਿ ਮੋਦੀ ਭਾਜਪਾ ਦੀ ਸ਼ੋਹਰਤ ਵਧਾਉਣ ਦੀ ਬਜਾਏ ਆਪਣੀ ਸ਼ੋਹਰਤ ਵਧਾ ਰਿਹਾ ਹੈ। ਹਰ ਅਖ਼ਬਾਰ, ਹਰ ਟੀ ਵੀ ਚੈਨਲ ਤੇ ਭਾਜਪਾ ਸਰਕਾਰ ਦੀ ਬਜਾਏ ਮੋਦੀ ਸਰਕਾਰ ਦੀ ਗਰੰਟੀ ਦੇ ਇਸ਼ਤਿਹਾਰ ਆ ਰਹੇ ਹਨ। ਆਰ ਐੱਸ ਐੱਸ ਤਾਂ ਇਸ ਗੱਲ ’ਤੇ ਖੁਸ਼ ਹੈ ਕਿ ਮੋਦੀ ਹਿੰਦੂ ਰਾਸ਼ਟਰ ਦੀ ਦਿਸ਼ਾ ਵੱਲ ਵਧ ਰਿਹਾ ਹੈ। ਆਰ ਐੱਸ ਐੱਸ ਦੀ ਪੂਰੀ ਕੋਸ਼ਿਸ਼ ਹੈ ਕਿ ਮੋਦੀ ਰਾਮ ਮੰਦਿਰ ਦੇ ਸਹਾਰੇ ਅਗਲੀ ਵਾਰ ਅਤੇ ਹੋ ਸਕੇ ਤਾਂ ਉਸ ਤੋਂ ਅਗਲੀ ਵਾਰ ਵੀ ਭਾਰਤ ਦੀ ਵਾਗ ਡੋਰ ਸੰਭਾਲੇ, ਜਿਸ ਨਾਲ ਹਿੰਦੂ ਰਾਸ਼ਟਰ ਛੇਤੀ ਬਣ ਜਾਵੇ। ਭਾਰਤ ਦੇ ਭਵਿੱਖ ਵਿਚ ਅਣਹੋਣੀਆਂ ਲਿਖੇ ਜਾਣ ਤੋਂ ਇਲਾਵਾ ਹੋਰ ਕੋਈ ਆਸ ਭਗਵਾ ਰਾਜ ਵਿਚ ਨਜ਼ਰ ਨਹੀਂ ਆ ਰਹੀ। ਇੰਡੀਆ ਗਠਬੰਧਨ ਦਾ ਏਕਾ ਭਾਰਤ ਨੂੰ ਅਣਹੋਣੀਆਂ ਤੋਂ ਕੁਝ ਬਚਾ ਸਕੇਗਾ ਜਾਂ ਨਹੀਂ, ਇਸ ਦੀ ਭਵਿੱਖਬਾਣੀ ਕਰਨਾ ਅਜੇ ਮੁਸ਼ਕਿਲ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4657)
(ਸਰੋਕਾਰ ਨਾਲ ਸੰਪਰਕ ਲਈ: (