VishvamitterBammi7ਨਹਿਰੂ ਨੇ ਜਦੋਂ ਇਹ ਤਜਵੀਜ਼ ਸੰਸਦ ਵਿਚ ਰੱਖੀ ਤਾਂ ਜਨਸੰਘ ਦਾ ਇੱਕ ਮੈਂਬਰ ਪਾਰਲੀਮੈਂਟ ਭੜਕ ਉੱਠਿਆ। ਕਹਿੰਦਾ, “ਇਹ ...
(17 ਫਰਵਰੀ 2024)
ਇਸ ਸਮੇਂ ਪਾਠਕ: 320.


ਜਦੋਂ ਮੈਂ
1950-51 ਵਿਚ ਆਪਣੇ ਪਿਤਾ ਜੀ ਨਾਲ ਅਜ਼ਾਦੀ ਦਿਵਸ ਜਾਂ ਗਣਤੰਤਰ ਦਿਵਸ ਵੇਖਣ ਲਈ ਬਰਲਟਨ ਪਾਰਕ ਜਲੰਧਰ ਜਾਂਦਾ ਸੀ ਤਾਂਇੱਕ ਗਾਣਾ ਹਰ ਵਾਰ ਸੁਣਦਾ ਸੀ. ਜਿਹੜਾ ਬਹੁਤ ਚੰਗਾ ਲਗਦਾ ਸੀ। ਗਾਣੇ ਵਿਚ ਬੱਚਿਆਂ ਨੂੰ ਦੁਨੀਆਂ ਦੇ ਦਾਓ ਪੇਚ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਗਈ ਸੀ। ਮਤਲਬ ਕਿ ਸਾਨੂੰ ਸੰਸਾਰ ਦੇ ਦੇਸ਼ਾਂ ਦੇ ਕਿਸੇ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਗਾਣੇ ਵਿਚ ਬੱਚਿਆਂ ਨੂੰ ਇਹ ਵੀ ਦਸਿਆ ਗਿਆ ਸੀ ਕਿ ਸਾਡੀ ਮੰਜ਼ਿਲ ਬਹੁਤ ਦੂਰ ਹੈ ਅਤੇ ਬੜਾ ਲੰਬਾ ਰਸਤਾ ਹੈ ਜਿਸ ’ਤੇ ਅਸੀਂ ਅਜੇ ਚੱਲਣਾ ਹੈ। ਮੰਜ਼ਿਲ ਦੂਰ ਦਾ ਮਤਲਬ ਸੀ ਕਿ ਸਾਨੂੰ ਵਿਕਸਿਤ ਮੁਲਕਾਂ ਦੇ ਬਰਾਬਰ ਆਰਥਿਕ, ਸਮਾਜਿਕ ਅਤੇ ਵਿਗਿਆਨਿਕ ਤੌਰ ’ਤੇ ਹੋਣ ਲਈ ਅਜੇ ਬੜੇ ਲੰਬੇ ਰਸਤੇ ’ਤੇ ਚੱਲਣਾ ਪੈਣਾ ਹੈ।ਗਾਣੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਾਰੀ ਦੁਨੀਆਂ ਇੱਕ ਬਾਰੂਦ ਦੇ ਢੇਰ ’ਤੇ ਬੈਠੀ ਹੈ। ਮਤਲਬ ਕਿਸੇ ਵੀ ਮੁੱਦੇ ’ਤੇ, ਕਿਸੇ ਦੇ ਪਾਗਲਪਨ ਕਾਰਣ ਕਿਸੇ ਵੇਲੇ ਵੀ ਜੰਗ ਲੱਗਣ ਦਾ ਖਤਰਾ ਹੈ। ਭਾਵੇਂ 1945 ਤੋਂ ਬਾਅਦ ਅਜੇ ਤਕ ਕੋਈ ਐਟਮੀ ਜੰਗ ਨਹੀਂ ਲੱਗੀ ਹੈ ਪਰ ਛੋਟੀਆਂ ਮੋਟੀਆਂ ਜੰਗਾਂ ਕਾਫੀ ਲੱਗ ਚੁੱਕੀਆਂ ਹਨ ਅਤੇ ਹਰ ਛੋਟੀ ਜੰਗ ਦਾ ਐਟਮੀ ਜੰਗ ਵਿੱਚ ਤਬਦੀਲ ਹੋਣ ਦਾ ਖਤਰਾ ਮੌਜੂਦ ਹੁੰਦਾ ਹੈ।

ਜਵਾਹਰ ਲਾਲ ਨਹਿਰੂ ਗੁੱਟ ਨਿਰਪੇਖਤਾ ਲਹਿਰ ਦੀ ਸਥਾਪਨਾ ਦਾ ਇੱਕ ਅਹਿਮ ਮੈਂਬਰ ਸੀ ਅਤੇ ਇਸ ਵਿਚ ਉਸਨੇ ਵੱਧ ਚੜ੍ਹ ਕੇ ਭਾਗ ਲਿਆ। ਗੁਟ ਨਿਪੇਖਤਾ ਵਾਲੀ ਸੋਚ ਕਾਰਣ ਹੀ ਨਹਿਰੂ ਨੇ ਮਿਲਖਾ ਸਿੰਘ ਨੂੰ ਪਾਕਿਸਤਾਨ ਵਿਚ ਹੋ ਰਹੀਆਂ ਦੌੜਾਂ ਵਿਚ ਭਾਗ ਲੈਣ ਲਈ ਇਹ ਕਹਿ ਕੇ ਭੇਜਿਆ ਕਿ ਇਸ ਨਾਲ ਦੋਵਾਂ ਮੁਲਕਾਂ ਵਿੱਚ ਦੋਸਤੀ ਪੈਦਾ ਹੋਵੇਗੀ, ਭਾਵੇਂ ਕਿ ਮਿਲਖਾ ਸਿੰਘ ਉੱਥੇ ਨਹੀਂ ਜਾਣਾ ਚਾਹੁੰਦਾ ਸੀ, ਉਸ ਦੇ ਦਿਲ ਵਿਚ ਪਾਕਿਸਤਾਨ ਪ੍ਰਤੀ ਨਫ਼ਰਤ ਸੀ ਕਿਉਂਕਿ ਬਚਪਨ ਵਿਚ ਹੀ ਉੱਥੇ ਉਸਦੇ ਸਾਹਮਣੇ ਉਸਦਾ ਪਰਿਵਾਰ ਕਤਲ ਹੋਇਆ ਸੀ।

ਪਰ ਆਰ ਐੱਸ ਐੱਸ ਦੇ ਕੇਡਰ ਤੋਂ ਤਿਆਰ ਭਾਰਤੀਯ ਜਨਸੰਘ ਜੋਕਿ ਸਾਡੀ ਸੰਸਦ ਵਿਚ ਅਮਰੀਕਨ ਲਾਬੀ ਦੇ ਤੌਰ ’ਤੇ ਕੰਮ ਕਰ ਰਿਹਾ ਸੀ, ਉਹ ਗੁੱਟ ਨਿਰਪੇਖਤਾ ਦੇ ਵਿਰੁੱਧ ਸੀ ਕਿਉਂਕਿ ਅਮਰੀਕਾ ਦੀ ਸ਼ੁਰੂ ਤੋਂ ਹੀ ਨੀਤੀ ਰਹੀ ਹੈ ਕਿ ਉਹ ਆਪਣੀ ਧੌਂਸ ਜਮਾਉਣ ਲਈ ਜਾਂ ਆਪਣੇ ਜੰਗੀ ਹਥਿਆਰਾਂ ਦੀ ਵਿਕਰੀ ਲਈ ਚਾਹੁੰਦਾ ਸੀ ਕਿ ਕਿਤੇ ਨਾ ਕਿਤੇ ਜੰਗ ਲੱਗੀ ਰਹੇ। ਜਦੋਂ ਭਾਰਤ ਅਤੇ ਚੀਨ ਵਿਚਕਾਰ ਸਰਹੱਦ ਦਾ ਤਕਰਾਰ ਹੋਇਆ ਉਦੋਂ ਚੂ ਐੱਨ ਲਈ ਨੇ ਨਹਿਰੂ ਨੂੰ ਕਿਹਾ, “ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ, ਬਾਰਡਰ ਭਾਵੇਂ ਅਨਿਸ਼ਚਿਤ ਹੈ ਪਰ ਇਹ ਅਹਿਮ ਮਸਲਾ ਨਹੀਂ ਹੈ ਅਤੇ ਮਿਲ ਬੈਠ ਕੇ ਇਹ ਵੀ ਨਿਸ਼ਚਿਤ ਹੋ ਜਾਏਗਾ। ਅਮਰੀਕਾ ਨੇ ਗਿਲਗਿਤ ਵਿਚ ਆਪਣਾ ਹਵਾਈ ਅੱਡਾ ਬਣਾ ਕੇ ਸਾਡੇ ਲਈ ਖਤਰਾ ਪੈਦਾ ਕਰ ਦਿੱਤਾ ਹੈ ਅਤੇ ਅਸੀਂ ਉਸ ਖਤਰੇ ਤੋਂ ਬਚਣ ਲਈ ਗਿਲਗਿਤ ਤੋਂ ਸਿਕਿਆਂਗ ਤਕ ਸੜਕ ਬਣਾ ਰਹੇ ਹਾਂ, ਜਿਹੜੀ ਕਿ ਸਾਡੀ ਸੁਰੱਖਿਆ ਲਈ ਬਹੁਤ ਅਹਿਮ ਹੈ। ਇਹ ਸੜਕ ਜਿਸ ਇਲਾਕੇ ਵਿਚ ਬਣ ਰਹੀ ਹੈ ਉਹ ਇਲਾਕਾ ਅਨਿਸ਼ਚਿਤ ਬਾਰਡਰ ਵਿਚ ਹੈ ਅਤੇ ਉਪਜਾਊ ਨਹੀਂ ਹੈ, ਉੱਥੇ ਕੇਵਲ ਬਰਫ ਅਤੇ ਕੰਕੜ ਪੱਥਰ ਹਨ। ਅਸੀਂ ਤੁਹਾਨੂੰ ਇਸ ਦੇ ਬਦਲੇ ਉਪਜਾਊ ਜਗ੍ਹਾ ਦੇਣ ਨੂੰ ਤਿਆਰ ਹਾਂ।”

ਨਹਿਰੂ ਨੇ ਜਦੋਂ ਇਹ ਤਜਵੀਜ਼ ਸੰਸਦ ਵਿਚ ਰੱਖੀ ਤਾਂ ਜਨਸੰਘ ਦਾ ਇੱਕ ਮੈਂਬਰ ਪਾਰਲੀਮੈਂਟ ਭੜਕ ਉੱਠਿਆ। ਕਹਿੰਦਾ, “ਇਹ ਵੇਖੋ ਭਾਰਤ ਮਾਤਾ ਦਾ ਸਪੂਤ, ਜਿਹੜਾ ਭਾਰਤ ਮਾਤਾ ਨੂੰ ਕੰਕੜ ਪੱਥਰ ਦੱਸ ਰਿਹਾ ਹੈ।”

ਉਸ ਜਨ ਸੰਘ ਸਾਂਸਦ ਦੇ ਸਿਰ ’ਤੇ ਕੋਈ ਵਾਲ ਨਹੀਂ ਸੀ, ਇਸ ਲਈ ਉਹ ਬੋਲਿਆ, “ਜੇਕਰ ਮੇਰੇ ਸਿਰ ’ਤੇ ਕੋਈ ਵਾਲ ਨਹੀਂ ਤਾਂ ਕੀ ਮੈਂ ਸਿਰ ਕਟਾ ਦਿਆਂ?

ਜਨਸੰਘ, ਮਤਲਬ ਕਿ ਅਮਰੀਕਨ ਲੌਬੀ ਦੀ ਪੂਰੀ ਕੋਸ਼ਿਸ਼ ਸੀ ਕਿ ਸਰਹੱਦ ਦੇ ਮਸਲੇ ’ਤੇ ਭਾਰਤ ਅਤੇ ਚੀਨ ਵਿਚ ਯੁੱਧ ਹੋ ਜਾਵੇ। ਇਸ ਨਾਲ ਅਮਰੀਕਾ ਨੂੰ ਇੱਕ ਇਹ ਲਾਭ ਸੀ ਕਿ ਬਿਨਾ ਜੰਗ ਲੜੇ ਚੀਨ ਦੀ ਜੰਗੀ ਤਾਕਤ ਦਾ ਪਤਾ ਲੱਗ ਜਾਵੇਗਾ ਅਤੇ ਦੂਜਾ ਇਸ ਜੰਗ ਨਾਲ ਸੰਸਾਰ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਬਦਨਾਮ ਕਰਨ ਦਾ ਮੌਕਾ ਮਿਲੇਗਾ ਅਤੇ ਭਾਰਤ ਵਿਚ ਵੀ ਕਮਿਊਨਿਸਟ ਬਦਨਾਮ ਹੋਣਗੇ। ਅਖੀਰ ਜੰਗ ਹੋਈ, ਜਿਸ ਵਿਚ ਸਾਡੇ ਕਾਫੀ ਸਾਰੇ ਜਵਾਨ ਸ਼ਹੀਦ ਹੋਏ ਅਤੇ ਕਾਫੀ ਮਾਲੀ ਨੁਕਸਾਨ ਹੋਣ ਦੇ ਨਾਲ ਨਾਲ ਅਸੀਂ ਕਿੰਨਾ ਸਾਰਾ ਰਕਬਾ ਗੁਆ ਬੈਠੇ।

ਇਹ ਲਾਬੀ ਅਜੇ ਵੀ ਬਾਦਸਤੂਰ ਕੰਮ ਕਰ ਰਹੀ ਹੈ। ਇਸ ਵਕਤ ਤਾਂ ਇਹ ਲਾਬੀ ਭਾਜਪਾ ਦੇ ਰੂਪ ਵਿਚ ਸੰਸਦ ਵਿਚ ਬਹੁ ਗਿਣਤੀ ਵਿਚ ਹੈ। ਰੂਸ ਅਤੇ ਯੂਕਰੇਨ ਵਿੱਚ ਜੰਗ ਸ਼ੁਰੂ ਹੋਈ, ਜਿਹੜੀ ਅਜੇ ਵੀ ਚੱਲ ਰਹੀ ਹੈ। ਜੰਗ ਦਾ ਕਾਰਣ ਸਭ ਨੂੰ ਪਤਾ ਹੈ ਕਿ ਅਮਰੀਕਾ ਨਾਟੋ ਸੰਗਠਨ ਨਾਲ ਰੂਸ ਨੂੰ ਘੇਰਨਾ ਚਾਹੁੰਦਾ ਹੈ। ਇਸ ਲਈ ਅਮਰੀਕਾ ਨੇ ਯੂਕਰੇਨ ਨੂੰ ਕੁਝ ਲਾਲਚਾਂ ਨਾਲ ਤੁਖਣਾ ਦਿੱਤੀ ਕਿ ਉਹ ਨਾਟੋ ਸੰਗਠਨ ਦਾ ਮੈਂਬਰ ਬਣੇ, ਜਿਸ ’ਤੇ ਉਹ ਰਾਜ਼ੀ ਹੋ ਗਿਆ। ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਨਾਟੋ ਦਾ ਮੈਂਬਰ ਬਣਨ ਤੋਂ ਵਰਜਿਆ ਪਰ ਜਦੋਂ ਉਹ ਨਾ ਟਲਿਆ ਤਾਂ ਰੂਸ ਨੇ ਸਾਰੇ ਪਾਸਿਓਂ ਘੇਰੇ ਜਾਣ ਤੋਂ ਬਚਣ ਲਈ ਉਸ ਉੱਤੇ ਹਮਲਾ ਕਰ ਦਿੱਤਾ। ਹੁਣ ਭਾਰਤ ਦੀ ਮੋਦੀ ਸਰਕਾਰ ਸੰਸਾਰ ਵਿਚ ਸੱਚੇ ਬਣਨ ਲਈ ਇਹ ਤਾਂ ਕਹਿ ਰਹੀ ਹੈ ਕਿ ਮਸਲੇ ਜੰਗ ਨਾਲ ਹੱਲ ਨਹੀਂ ਹੁੰਦੇ ਬਲਕਿ ਗੱਲਬਾਤ ਦੀ ਮੇਜ਼ ’ਤੇ ਹਲ ਹੁੰਦੇ ਹਨ ਪਰ ਇਹ ਬਿਲਕੁਲ ਨਹੀਂ ਕਹਿੰਦੀ ਕਿ ਜੰਗ ਖਤਮ ਕਰਨ ਲਈ ਰੂਸ ਦੀ ਨਾਟੋ ਵੱਲੋਂ ਘੇਰਾਬੰਦੀ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ। ਇਹੋ ਰਵਈਆ ਮੋਦੀ ਸਰਕਾਰ ਨੇ ਇਜ਼ਰਾਈਲ ਅਤੇ ਫਲਸਤੀਨ ਦੀ ਜੰਗ ਦੇ ਮਸਲੇ ’ਤੇ ਰੱਖਿਆ ਹੋਇਆ ਹੈ।

ਇਹ ਹਰ ਪੜ੍ਹਿਆ ਲਿਖਿਆ ਵਿਅਕਤੀ ਜਾਣਦਾ ਹੈ ਕਿ ਇੰਗਲੈਂਡ ਨੇ ਮੁਸਲਿਮ ਇਲਾਕੇ ਫਲਸਤੀਨ ਵਿਚ ਯਹੂਦੀਆਂ ਦਾ ਇੱਕ ਦੇਸ਼ ਇਜ਼ਰਾਈਲ ਇਸ ਲਈ ਬਣਾਇਆ ਤਾਂਕਿ ਮੁਸਲਿਮ ਦੇਸ਼ਾਂ ਦੇ ਤੇਲ ਦੇ ਖੂਹਾਂ ਉੱਤੇ ਕਬਜ਼ਾ ਕੀਤਾ ਜਾਵੇ ਜਾਂ ਮੁਸਲਿਮ ਦੇਸ਼ਾਂ ਨੂੰ ਤੇਲ ਦੇ ਰੇਟ ਇੰਗਲੈਂਡ ਦੀ ਮਰਜ਼ੀ ਅਨੁਸਾਰ ਤੈਅ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ। ਹੁਣ ਇਹ ਕੰਮ ਅਮਰੀਕਾ ਨੇ ਸੰਭਾਲ ਲਿਆ ਹੈ। ਅਮਰੀਕਾ ਜਦੋਂ ਦਿਲ ਕਰਦਾ ਹੈ ਇਜ਼ਰਾਈਲ ਨੂੰ ਸ਼ਿਸ਼ਕਾਰ ਦੇਂਦਾ ਹੈ ਅਤੇ ਉਹ ਫਲਸਤੀਨ ਜਾਂ ਹੋਰ ਮੁਸਲਿਮ ਮੁਲਕਾਂ ਉੱਤੇ ਹਮਲਾ ਕਰ ਦੇਂਦਾ ਹੈ। ਇਜ਼ਰਾਈਲ ਅਮਰੀਕੀ ਡਾਲਰਾਂ ਅਤੇ ਹਥਿਆਰਾਂ ਦੀ ਮਦਦ ਨਾਲ ਫਲਸਤੀਨ ਵਿਚ ਨਸਲਕੁਸ਼ੀ ਕਰ ਰਿਹਾ ਹੈ। ਭਾਰਤ ਨੇ ਇਜ਼ਰਾਈਲ ਫਲਸਤੀਨ ਜੰਗ ਵਿੱਚ ਵੀ ਉਹੋ ਪੁਰਾਣਾ ਰਵਈਆ ਰੱਖਦੇ ਹੋਏ ਕਿਹਾ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ, ਸ਼ਾਂਤੀ ਹੋਣੀ ਚਾਈਦੀ ਹੈ ਪਰ ਇਹ ਕਦੇ ਭੁੱਲ ਕੇ ਵੀ ਨਹੀਂ ਕਿਹਾ ਕਿ ਅਮਰੀਕਾ ਜੰਗਬਾਜ਼ ਇਜ਼ਰਾਈਲ ਦੀ ਮਾਇਕ ਅਤੇ ਜੰਗੀ ਸਾਜ਼ੋ ਸਾਮਾਨ ਦੀ ਮਦਦ ਨਾ ਕਰੇ। ਮੋਦੀ ਸਰਕਾਰ ਨੇ ਇਹ ਵੀ ਨਹੀਂ ਕਿਹਾ ਕਿ ਜਦੋਂ ਜੰਗਬੰਦੀ ਦਾ ਪ੍ਰਸਤਾਵ ਪੇਸ਼ ਹੁੰਦਾ ਹੈ ਤਾਂ ਅਮਰੀਕਾ ਨੂੰ ਵੀਟੋ ਨਹੀਂ ਕਰਨਾ ਚਾਹੀਦਾ। ਇੱਥੇ ਮੋਦੀ ਜੀ ਨੂੰ ਇਸ ਤੱਥ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕਾ ਕਦੇ ਵੀ ਕਿਸੇ ਦਾ ਪੱਕਾ ਜਾਂ ਵਿਸ਼ਵਾਸ ਕਰਨ ਯੋਗ ਦੋਸਤ ਨਹੀਂ ਰਿਹਾ। ਸੰਸਾਰ ਵਿੱਚ ਭਾਵੇਂ ਕੁਝ ਵੀ ਹੋ ਜਾਵੇ ਪਰ ਅਮਰੀਕਾ ਹਰ ਵਕਤ ਪਹਿਲਾਂ ਆਪਣੇ ਹਿਤਾਂ ਬਾਰੇ ਸੋਚਦਾ ਹੈ।

ਪਹਿਲੀ ਸੰਸਾਰ ਜੰਗ ਵੇਲੇ ਅਮਰੀਕਾ ਨੇ ਯੂਰਪੀ ਦੇਸ਼ਾਂ ਨੂੰ ਜੰਗੀ ਹਥਿਆਰ ਵੇਚੇ ਅਤੇ ਕਰੋੜਾਂ ਡਾਲਰ ਕਮਾਏ, ਜਿਹੜੇ ਕਿ ਉਦੋਂ ਦੇ ਖਰੀਦ ਮੁੱਲ ਅਨੁਸਾਰ ਅੱਜ ਤੇ ਅਰਬਾਂ ਡਾਲਰਾਂ ਦੇ ਬਰਾਬਰ ਹਨ। ਅਮਰੀਕਾ ਦੇ ਮਿੱਤਰ ਯੂਰਪੀ ਦੇਸ਼ ਜੰਗ ਦੀ ਭੱਠੀ ਵਿਚ ਸੜ ਰਹੇ ਸਨ ਪਰ ਅਮਰੀਕਾ ਨੇ ਜੰਗ ਵਿੱਚ ਪਹਿਲਾਂ ਹਿੱਸਾ ਨਹੀਂ ਲਿਆ ਅਤੇ ਨਿਰਪੱਖ ਰਹਿਣ ਦਾ ਫੈਸਲਾ ਲਿਆ। ਰਾਸ਼ਟਰਪਤੀ ਵੁਡਰੋ ਵਿਲਸਨ ਨੇ ਸੰਸਾਰ ਜੰਗ ਸ਼ੁਰੂ ਹੋਣ ਤੇ ਪਹਿਲਾਂ ਕਿਸੇ ਪਾਸਿਓਂ ਵੀ ਜੰਗ ਵਿਚ ਸ਼ਾਮਿਲ ਨਾ ਹੋਣ ਲਈ ਕਿਹਾ ਸੀ, “ਅਮਰੀਕੀ ਪਹਿਲਾਂ”। ਮਤਲਬ ਕਿ ਅਮਰੀਕਾ ਦੇ ਲੋਕਾਂ ਦੇ ਹਿਤ ਪਹਿਲੇ ਨੰਬਰ ’ਤੇ ਅਤੇ ਬਾਕੀ ਸਭ ਕੁਝ ਬਾਅਦ ਵਿਚ। ਪਰ ਜਦੋਂ 1917 ਵਿਚ ਜਰਮਨੀ ਨੇ ਅਮਰੀਕੀ ਵਪਾਰਿਕ ਜਹਾਜ਼ਾਂ ’ਤੇ ਹਮਲੇ ਕੀਤੇ ਤਾਂ ਅਮਰੀਕਾ ਵੀ ਪਹਿਲੀ ਸੰਸਾਰ ਜੰਗ ਵਿੱਚ ਸ਼ਾਮਿਲ ਹੋ ਗਿਆ। ਅਮਰੀਕੀ ਲੋਕਾਂ ਦੇ ਹਿਤ ਪਹਿਲੇ ਨੰਬਰ ਤੇ ਰੱਖਦੇ ਹੋਏ ਦੂਜੀ ਸੰਸਾਰ ਜੰਗ ਵਿੱਚ ਵੀ ਅਮਰੀਕਾ ਯੂਰਪ ਨੂੰ ਜੰਗੀ ਸਾਜ਼ੋ ਸਾਮਾਨ ਵੇਚਦਾ ਰਿਹਾ ਪਰ ਜੰਗ ਵਿਚ ਉੰਨੀ ਦੇਰ ਹਿੱਸਾ ਨਹੀਂ ਲਿਆ, ਜਦ ਤਕ ਜਾਪਾਨ ਨੇ ਉਸ ਦੇ ਪਰਲ ਹਾਰਬਰ ’ਤੇ ਹਵਾਈ ਹਮਲਾ ਕਰਕੇ ਤਬਾਹੀ ਨਹੀਂ ਕੀਤੀ। ਦੂਜੀ ਸੰਸਾਰ ਜੰਗ ਵਿੱਚ ਅਮਰੀਕਾ ਦਾ ਆਰਥਿਕ ਨੁਕਸਾਨ ਘੱਟ ਅਤੇ ਹਥਿਆਰਾਂ ਦੀ ਵਿਕਰੀ ਤੋਂ ਆਮਦਨ ਵੱਧ ਹੋਈ।

ਭਾਰਤ ਅਤੇ ਚੀਨ ਵਿਚ ਲੜਾਈ ਭਾਵੇਂ ਆਪਣੇ ਹਿਤਾਂ ਲਈ ਅਮਰੀਕਾ ਨੇ ਆਪਣੀ ਭਾਰਤੀ ਲਾਬੀ ਰਾਹੀਂ ਲਗਵਾਈ ਪਰ ਜੰਗ ਵਿਚ ਆਪ ਹਿੱਸਾ ਨਹੀਂ ਲਿਆ। ਅਮਰੀਕਾ ਯੂਕਰੇਨ ਅਤੇ ਇਜ਼ਰਾਈਲ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ ਜਾਂ ਵੇਚ ਰਿਹਾ ਹੈ ਤਾਂਕਿ ਉਸ ਦੀ ਯੁੱਧ ਇੰਡਸਟਰੀ ਨੂੰ ਕਮਾਈ ਹੁੰਦੀ ਰਹੇ ਪਰ ਆਪਣੇ ਲੋਕਾਂ ਦੇ ਹਿਤਾਂ ਨੂੰ ਪਹਿਲ ਦੇਂਦੇ ਹੋਏ ਆਪ ਜੰਗ ਵਿਚ ਹਿੱਸਾ ਨਹੀਂ ਲਿਆ। ਇੱਥੋਂ ਤਕ ਕਿ ਆਪ ਲੜਾਈ ਤੋਂ ਇੱਕ ਪਾਸੇ ਰਹਿਣ ਲਈ ਅਮਰੀਕਾ ਨੇ ਜਿਹੜੇ ਮਾਰੂ ਹਥਿਆਰ ਯੂਕਰੇਨ ਨੂੰ ਦਿੱਤੇ ਹਨ, ਉਹ ਕੇਵਲ ਯੂਕਰੇਨ ਆਪਣੀ ਸੁਰੱਖਿਆ ਲਈ ਵਰਤ ਸਕਦਾ ਹੈ ਪਰ ਉਹਨਾਂ ਨਾਲ ਰੂਸ ’ਤੇ ਹਮਲਾ ਨਹੀਂ ਕਰ ਸਕਦਾ। ਯੂਕਰੇਨ ਨੂੰ ਅਮਰੀਕੀ ਹਥਿਆਰਾਂ ਨਾਲ ਰੂਸ ਉੱਤੇ ਹਮਲਾ ਕਰਨ ਤੋਂ ਇਸ ਲਈ ਵਰਜਿਆ ਕਿਉਂਕਿ ਇਸ ਨਾਲ ਰੂਸ ਅਤੇ ਅਮਰੀਕਾ ਵਿਚ ਜੰਗ ਲਗਣ ਦਾ ਖਤਰਾ ਹੈ। ਜਦੋਂ ਹੂਥੀ ਸਹਾਇਤਾ ਨਾਲ ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੇ ਅਮਰੀਕਾ ਦੇ ਵਪਾਰਕ ਜਹਾਜ਼ਾਂ ਉੱਤੇ ਹਮਲਾ ਕੀਤਾ, ਉਦੋਂ ਅਮਰੀਕਾ ਨੇ ਲੁਟੇਰਿਆਂ ਉੱਤੇ ਹਵਾਈ ਹਮਲੇ ਕੀਤੇ। ਇੱਕ ਅਜਿਹਾ ਦੇਸ਼ ਜਿਹੜਾ ਕੇਵਲ ਆਪਣੇ ਹਿਤਾਂ ਬਾਰੇ ਹੀ ਸੋਚਦਾ ਹੈ, ਕੀ ਕਦੇ ਭਾਰਤ ਉੱਤੇ ਜੰਗੀ ਹਮਲਾ ਹੋਣ ’ਤੇ ਸਾਡੀ ਸਹਾਇਤਾ ਲਈ ਅੱਗੇ ਆਵੇਗਾ, ਇਸ ਬਾਰੇ ਮੋਦੀ ਜੀ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਅਮਰੀਕਾ ਤੋਂ ਕਿਸੇ ਵੀ ਮੁਸੀਬਤ ਵਿਚ ਸਹਾਇਤਾ ਦੇ ਸੁਪਨੇ ਲੈਂਦੇ ਹੋਏ ਅਸੀਂ ਰੂਸ ਅਤੇ ਅਰਬ ਦੇਸ਼ਾਂ ਨਾਲ ਆਪਣੇ ਸਬੰਧ ਵਿਗਾੜ ਲਈਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4730)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author