“ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ’ਤੇ ਵੀ ਮੁੱਖ ਮੰਤਰੀ ਦੀ ਫੋਟੋ ...”
(5 ਮਈ 2023)
ਇਸ ਸਮੇਂ ਪਾਠਕ: 224.
ਹਰ ਭਾਰਤੀ ਅਤੇ ਖਾਸ ਤੌਰ ’ਤੇ ਟੈਕਸ ਦੇਣ ਵਾਲੇ ਇਸ ਗੱਲ ਨਾਲ ਸਹਿਮਤ ਹਨ ਕਿ ਲੋਕਾਂ ਤੋਂ ਟੈਕਸਾਂ ਰਾਹੀਂ ਉਗਰਾਹਿਆ ਗਿਆ ਧਨ ਕੇਵਲ ਵਿਕਾਸ ਕਾਰਜਾਂ ’ਤੇ ਹੀ ਲਗਾਇਆ ਜਾਵੇ ਅਤੇ ਵੋਟਾਂ ਲਈ ਕੀਤੇ ਜਾਣ ਵਾਲੇ ਪਰਚਾਰ ਜਾਂ ਜਲਸੇ ਜਲੂਸਾਂ ਉੱਤੇ ਨਾ ਖਰਚਿਆ ਜਾਵੇ। ਪਰ ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਲੋਕਾਂ ਤੋਂ ਪ੍ਰਾਪਤ ਟੈਕਸਾਂ ਵਾਲਾ ਧਨ ਸਿਆਸੀ ਰੈਲੀਆਂ, ਪੋਸਟਰਾਂ ਅਤੇ ਰਾਜ ਕਰਦੀਆਂ ਪਾਰਟੀਆਂ ਵੱਲੋਂ ਆਪਣਾ ਵੋਟ ਬੈਂਕ ਕਾਇਮ ਰੱਖਣ ਲਈ ਆਟਾ ਦਾਲ ਵਰਗੀਆਂ ਸਕੀਮਾਂ, ਬਜ਼ੁਰਗਾਂ ਨੂੰ ਪੈਨਸ਼ਨਾਂ ਅਤੇ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦਾ ਲਾਭ ਦੇਣ ਲਈ ਵਰਤਿਆ ਜਾਂਦਾ ਹੈ। ਹੋਰ ਤਾਂ ਹੋਰ ਸਰਕਾਰੀ ਖਰਚੇ ’ਤੇ ਮਿਲਣ ਵਾਲੇ ਲੋਕਾਂ ਨੂੰ ਲਾਭ ਜਿਹੜੇ ਕਿ ਟੈਕਸਾਂ ਤੋਂ ਪ੍ਰਾਪਤ ਧਨ ਤੋਂ ਹੀ ਹੋ ਸਕਦੇ ਹਨ, ਉਹਨਾਂ ’ਤੇ ਵੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਫੋਟੋ ਵੀ ਟੈਕਸ ਧਨ ਵਿੱਚੋਂ ਹੀ ਲਗਾਈ ਜਾਂਦੀ ਹੈ। ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ’ਤੇ ਵੀ ਮੁੱਖ ਮੰਤਰੀ ਦੀ ਫੋਟੋ ਹੁੰਦੀ ਸੀ ਜਿਵੇਂ ਕਿ ਮੁੱਖ ਮੰਤਰੀ ਐਂਬੂਲੈਂਸਾਂ ’ਤੇ ਹੋਇਆ ਸਾਰਾ ਖਰਚ ਆਪਣੀ ਜੇਬ ਵਿੱਚੋਂ ਦੇ ਰਹੇ ਹੋਣ। ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਕਿ ਗਰੀਬਾਂ ਦੀ ਸਹਾਇਤਾ ਕਿਉਂ ਹੁੰਦੀ ਹੈ, ਗਰੀਬਾਂ ਦੀ ਸਹਾਇਤਾ ਹੋਣੀ ਹੀ ਚਾਹੀਦੀ ਹੈ ਪਰ ਇਸਦੇ ਨਾਲ ਪਰਚਾਰ ਇਵੇਂ ਕਰਨਾ ਜਿਵੇਂ ਸੱਤਾ ’ਤੇ ਕਾਬਜ਼ ਸਿਆਸੀ ਪਾਰਟੀ ਨੇ ਆਪਣੇ ਪਾਰਟੀ ਫੰਡ ਵਿੱਚੋਂ ਖਰਚ ਕੀਤਾ ਹੈ, ਇਹ ਬੰਦ ਹੋਣਾ ਚਾਹੀਦਾ ਹੈ।
ਸਿਵਲ ਸਰਵਿਸਿਜ਼ ਦਿਹਾੜੇ ਤੇ ਪ੍ਰਧਾਨ ਮੰਤਰੀ ਜੀ ਨੇ ਸਿਵਲ ਸਰਵੈਂਟਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਟੈਕਸ ਦੇਣ ਵਾਲਿਆਂ ਦਾ ਧਨ ਸਿਆਸੀ ਪਾਰਟੀਆਂ ਦੇ ਲਾਭ ਲਈ ਨਾ ਵਰਤਿਆ ਜਾਵੇ। ਬਿਲਕੁਲ ਸਹੀ ਕਿਹਾ ਅਤੇ ਇਸ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਪਰ ਵੇਖਣਾ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਦੇ ਇਹ ਸ਼ਬਦ ਅਮਲੀ ਰੂਪ ਵਿੱਚ ਕਿੰਨਾ ਤਬਦੀਲ ਹੁੰਦੇ ਹਨ। ਕੀ ਸਿਆਸੀ ਪਰਚਾਰ ’ਤੇ ਕੀਤਾ ਗਿਆ ਖਰਚ ਸਿਆਸੀ ਲੋਕਾਂ ਦੇ ਨਿੱਜੀ ਖਾਤੇ ਵਿੱਚੋਂ ਵਸੂਲ ਕੀਤਾ ਜਾਏਗਾ ਜਾਂ ਸਿਆਸੀ ਪਾਰਟੀ ਦੇ ਫੰਡ ਵਿੱਚੋਂ ਲਿਆ ਜਾਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇੱਕ ਤਾਜ਼ਾ ਉਦਾਹਰਣ ਲੈਂਦੇ ਹਾਂ। ਪਿੱਛੇ ਜਿਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਰਗੜ ਵਿਖੇ ਇੱਕ ਖੁੱਲ੍ਹੇ ਮੈਦਾਨ ਵਿੱਚ ਮਹਾਰਾਸ਼ਟਰ ਭੂਸ਼ਣ ਅਵਾਰਡ ਦੇਣ ਦੇ ਫੰਕਸ਼ਨ ਵਿੱਚ ਪ੍ਰਧਾਨਗੀ ਭਾਸ਼ਣ ਦਿੱਤਾ। ਅੱਤ ਦੀ ਗਰਮੀ ਵਿੱਚ ਲੱਖਾਂ ਲੋਕ ਸ਼ਾਹ ਜੀ ਦੇ ਵਿਚਾਰ ਸੁਣਨ ਲਈ ਇਕੱਠੇ ਹੋ ਗਏ। ਸਟੇਜ ਬਹੁਤ ਚੰਗੀ ਤਰ੍ਹਾਂ ਸਜਾਈ ਗਈ ਅਤੇ ਹਜ਼ਾਰਾਂ ਸਪੀਕਰ ਲਗਾਏ ਗਏ ਅਤੇ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਪਰਚਾਰ ਲਈ ਬੇਤਹਾਸ਼ਾ ਖਰਚ ਕੀਤਾ ਗਿਆ ਪਰ ਭਾਸ਼ਣ ਸਥਲ ’ਤੇ ਨਾ ਕੋਈ ਛਾਂ ਦਾ ਇੰਤਜ਼ਾਮ ਸੀ ਅਤੇ ਨਾ ਕੋਈ ਪਾਣੀ ਦਾ ਇੰਤਜ਼ਾਮ ਸੀ। ਭਾਸ਼ਣ ਚਲਦਾ ਰਿਹਾ, ਲੋਕ ਗਰਮੀ ਨਾਲ ਅਤੇ ਪਿਆਸ ਨਾਲ ਮਰਦੇ ਰਹੇ। ਪਰਬੰਧਕਾਂ, ਸਰਕਾਰ ਜਾਂ ਅਫਸਰਾਂ ਵਿੱਚੋਂ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਤੇਰ੍ਹਾਂ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਜਾਂ ਬੁੱਢੇ ਸਨ। ਇਹ ਐਵਾਰਡ ਦੇਣ ਵਾਲਾ ਫੰਕਸ਼ਨ ਪਹਿਲਾਂ ਗਵਰਨਰ ਭਵਨ ਵਿੱਚ ਹੁੰਦਾ ਸੀ ਅਤੇ ਗਵਰਨਰ ਹੀ ਅਵਾਰਡ ਦਿੰਦਾ ਹੁੰਦਾ ਸੀ। ਪਰ ਗਵਰਨਰ ਭਵਨ ਦੇ ਬਾਗ਼ ਵਿੱਚ ਕੇਵਲ ਕੁਝ ਸੈਂਕੜੇ ਹੀ ਲੋਕ ਬੈਠ ਸਕਦੇ ਸਨ, ਇਸ ਲਈ ਇਹ ਫੰਕਸ਼ਨ ਅੱਪਾ ਸਾਹਿਬ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਸਟੇਟ ਅਵਾਰਡ ਦੇਣ ਲਈ ਖਾਰਗੜ ਦੇ ਖੁੱਲ੍ਹੇ ਮੈਦਾਨ ਵਿੱਚ ਰੱਖਿਆ ਗਿਆ, ਜਿੱਥੇ ਪੰਜ ਲੱਖ ਲੋਕ ਇਕੱਠੇ ਬੈਠ ਸਕਣ ਅਤੇ ਭਾਜਪਾ ਨੂੰ 2024 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਇਸਦਾ ਲਾਭ ਮਿਲ ਸਕੇ। ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਕਾਰਾਂ ਜਾਂ ਉਹਨਾਂ ਦੇ ਮੰਤਰੀਆਂ ਅਤੇ ਅਫਸਰਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਅਜਿਹੀਆਂ ਰੈਲੀਆਂ ਵਿੱਚ ਲੋਕਾਂ ਦੇ ਟੈਕਸਾਂ ਦਾ ਕਿੰਨਾ ਧਨ ਬਰਬਾਦ ਹੋ ਗਿਆ ਅਤੇ ਕਿੰਨੇ ਵਿਅਕਤੀ ਅਤੇ ਕਿਸ ਕਾਰਣ ਮਰਦੇ ਹਨ; ਉਹ ਤਾਂ ਇਸ ਗੱਲ ਦੇ ਜਸ਼ਨ ਮਨਾਉਂਦੇ ਹਨ ਕਿ ਪੰਜ ਲੱਖ ਵਿਅਕਤੀਆਂ ਵਾਲਾ ਫੰਕਸ਼ਨ ਬੜਾ ਸਫਲ ਰਿਹਾ। ਕਿਸੇ ਪਰਬੰਧਕ ’ਤੇ ਕੋਈ ਆਂਚ ਨਹੀਂ ਆਵੇਗੀ ਕਿ ਉਸ ਨੇ ਛਾਂ ਅਤੇ ਪਾਣੀ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ। ਵੱਧ ਤੋਂ ਵੱਧ ਅਫਸਰਾਂ ਦੇ ਮਹਿਕਮੇ ਬਦਲ ਦਿੱਤੇ ਜਾਣਗੇ ਜਾਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਹੋ ਜਾਣਗੇ। ਲੋਕ ਮਰਦੇ ਹਨ ਤਾਂ ਮਰਨ, ਪ੍ਰਬੰਧਕਾਂ ਨੂੰ ਆਪਣੀ ਵਾਹ ਵਾਹ ਕਰਵਾਉਣ ਨਾਲ ਮਤਲਬ ਹੁੰਦਾ ਹੈ।
ਜੇਕਰ ਲੋਕਾਂ ਦੇ ਟੈਕਸਾਂ ਤੋਂ ਪ੍ਰਾਪਤ ਧਨ ਨੂੰ ਸਿਆਸੀ ਪਾਰਟੀਆਂ ਦੇ ਪ੍ਰੋਗਰਾਮਾਂ ਉੱਤੇ ਖਰਚ ਨਹੀਂ ਕਰਨਾ ਚਾਹੀਦਾ ਤਾਂ ਪ੍ਰਧਾਨ ਮੰਤਰੀ ਜੀ ਦੀ “ਮਨ ਕੀ ਬਾਤ” ਵੀ ਬੰਦ ਹੋਣੀ ਚਾਹੀਦੀ ਹੈ। ਇਸ ਮਨ ਕੀ ਬਾਤ ’ਤੇ ਪ੍ਰਸਾਰ ਭਾਰਤੀ ਦਾ ਲੱਖਾਂ ਰੁਪਏ ਖਰਚ ਹੁੰਦਾ ਹੈ ਅਤੇ ਇਹ ਖਰਚਾ ਵੀ ਲੋਕਾਂ ਦੇ ਟੈਕਸਾਂ ਵਾਲੇ ਧਨ ਤੋਂ ਹੀ ਹੁੰਦਾ ਹੈ। ਕੇਵਲ ਪ੍ਰਸਾਰ ਭਾਰਤੀ ਦੇ ਪ੍ਰਸਾਰਨ ’ਤੇ ਹੀ ਖਰਚਾ ਨਹੀਂ ਹੁੰਦਾ ਬਲਕਿ ਭਾਜਪਾ ਦੇ ਸਾਰੇ ਮੰਤਰੀ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਮਨ ਦੀ ਗੱਲ ਸੁਣਾਉਂਦੇ ਹਨ ਅਤੇ ਇਸ ਤੋਂ ਬਾਅਦ ਉਹਨਾਂ ਦੀ ਵੀਡਿਓ ਦਾ ਵੀ ਪ੍ਰਸਾਰਨ ਹੁੰਦਾ ਹੈ। ਇਹ ਕੰਮ ਵੀ ਕੋਈ ਮੁਫ਼ਤ ਵਿੱਚ ਨਹੀਂ ਹੁੰਦਾ। ਮਨ ਕੀ ਬਾਅਦ ਦਾ ਪ੍ਰਸਾਰਣ ਕੇਵਲ ਅੰਗਰੇਜ਼ੀ, ਹਿੰਦੀ ਸਮੇਤ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਹੀ ਨਹੀਂ ਹੁੰਦਾ ਬਲਕਿ ਚੀਨੀ, ਤਿੱਬਤੀ, ਫਰੈਂਚ, ਅਰਬੀ, ਪਸ਼ਤੋ, ਬਰਮੀ, ਬਲੋਚੀ, ਇੰਡੋਨੇਸ਼ੀ ਵਰਗੀਆਂ 11 ਵਿਦੇਸ਼ੀ ਭਸ਼ਾਵਾਂ ਵਿੱਚ ਵੀ ਹੁੰਦਾ ਹੈ। ਜਦੋਂ ਸਾਰੇ ਭਾਰਤੀ ਇਸ ‘ਮਨ ਕੀ ਬਾਤ’ ਨੂੰ ਨਹੀਂ ਸੁਣਦੇ ਅਤੇ ਕਈ ਭਾਰਤੀ ਇਸ ਪ੍ਰਸਾਰਣ ਲਈ ਆਪਣੇ ਮੋਬਾਈਲਾਂ ’ਤੇ ਨਾਪਸੰਦਗੀ ਦਾ ਬਟਨ ਦਬਾ ਦਿੰਦੇ ਰਹੇ ਤਾਂ ਵਿਦੇਸ਼ੀ ਕੀ ਸੁਣਦੇ ਹੋਣਗੇ। ਹੁਣ ਤਕ ‘ਮਨ ਕੀ ਬਾਤ’ ਦੇ 99 ਐਪੀਸੋਡ ਹੋ ਚੁੱਕੇ ਹਨ। ਸੌਵੇਂ ਐਪੀਸੋਡ ਦੀ ਤਿਆਰੀ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਵਿਦੇਸ਼ਾਂ ਵਿੱਚ ਸਾਰੇ ਭਾਰਤੀ ਰਾਜਦੂਤਾਂ ਨੂੰ ਹਿਦਾਇਤ ਹੋ ਗਈ ਹੈ ਕਿ ਆਪਣੇ ਆਪਣੇ ਦੇਸ਼ ਵਿੱਚ ਸਿਆਸੀ ਨੇਤਾ ਇਕੱਠੇ ਕਰਕੇ ਉਹਨਾਂ ਨੂੰ ਮੋਦੀ ਜੀ ਦੇ ‘ਮਨ ਕੀ ਬਾਤ’ ਸੁਣਾਓ। ਪ੍ਰਸਾਰ ਭਾਰਤੀ ਨੂੰ ਵੀ ਹਿਦਾਇਤ ਹੈ ਕਿ ਸੌਵੇਂ ਐਪੀਸੋਡ ਦੇ ਪ੍ਰਸਾਰਣ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ।
ਹਮੇਸ਼ਾ ‘ਮਨ ਕੀ ਬਾਤ. ਵਿੱਚ ਪ੍ਰਧਾਨ ਮੰਤਰੀ ਜੀ ਕੇਵਲ ਆਪਣੇ ਮਨ ਦੀ ਗੱਲ ਕਰਦੇ ਹਨ, ਕਦੇ ਵੀ ਲੋਕਾਂ ਦੇ ਮਨ ਦੀ ਗੱਲ ਜਿਵੇਂ ਕਿ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਘਟੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਅਤੇ ਅਮੀਰੀ-ਗਰੀਬੀ ਦੇ ਵਧ ਰਹੇ ਪਾੜੇ ਬਾਰੇ ਗੱਲ ਨਹੀਂ ਕਰਦੇ। ਜਦੋਂ ਲੋਕਾਂ ਦੇ ਮਨ ਦੀ ਗੱਲ ਨਾ ਸੁਣਨੀ ਅਤੇ ਨਾ ਕਰਨੀ ਤਾਂ ਲੋਕਾਂ ਦੇ ਧਨ ਨਾਲ ਕੇਵਲ ਆਪਣੇ ਸਿਆਸੀ ਪ੍ਰੋਗਰਾਮ ਵਾਲਾ ਪਰਚਾਰ ਬੰਦ ਹੋਣਾ ਚਾਹੀਦਾ ਹੈ।
ਜੇ ਆਪਾਂ ਪ੍ਰਧਾਨ ਮੰਤਰੀ ਜੀ ਦੇ ਉਸ ਭਾਸ਼ਣ ਦੀ ਗੱਲ ਕਰੀਏ ਜਿਹੜਾ ਉਹਨਾਂ ਸਿਵਲ ਸਰਵਿਸਿਜ਼ ਦਿਹਾੜੇ ’ਤੇ ਦਿੱਤਾ. ਕੀ ਇਹ ਭਾਸ਼ਣ ਕੇਵਲ ਭਾਸ਼ਣ ਹੀ ਰਹੇਗਾ ਜਾਂ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਇਸ ਬਾਰੇ ਪਾਰਲੀਮੈਂਟ ਵਿੱਚ ਕੋਈ ਬਿੱਲ ਪਾਸ ਕਰਕੇ ਕਾਨੂੰਨ ਬਣੇਗਾ? ਕੀ ਅਜਿਹਾ ਬਿੱਲ ਸਾਫ਼ ਨੀਤ ਨਾਲ ਪੇਸ਼ ਕੀਤਾ ਜਾਵੇਗਾ ਜਾਂ ਜਾਣ ਬੁੱਝ ਕੇ ਅਜਿਹੀ ਸ਼ਬਦਾਵਲੀ ਪਾਈ ਜਾਵੇਗੀ ਕਿ ਪਾਰਲੀਮੈਂਟ ਵਿੱਚ ਰੌਲਾ ਪੈ ਜਾਵੇ ਅਤੇ ਬਿੱਲ ਪਾਸ ਨਾ ਹੋ ਸਕੇ। ਹੁਣ ਤਾਂ ਭਾਜਪਾ ਪਾਰਲੀਮੈਂਟ ਵਿੱਚ ਬਹੁਮਤ ਵਿੱਚ ਹੈ, ਕੋਈ ਵੀ ਬਿੱਲ ਪਾਸ ਕਰਵਾ ਸਕਦੀ ਹੈ ਅਤੇ ਇਹ ਬਿੱਲ ਬੜੀ ਅਸਾਨੀ ਨਾਲ ਪਾਸ ਹੋ ਸਕਦਾ ਹੈ। ਕੋਈ ਵੀ ਵਿਰੋਧੀ ਪਾਰਟੀ ਇਸ ਬਿੱਲ ਦਾ ਵਿਰੋਧ ਨਹੀਂ ਕਰ ਸਕਦੀ ਕਿਉਂਕਿ ਵਿਰੋਧ ਕਰਨ ’ਤੇ ਉਹ ਆਮ ਜਨਤਾ ਦੇ ਵਿਰੋਧ ਦੀ ਭਾਗੀ ਹੋਵੇਗੀ। ਜੇਕਰ ਹੁਣ ਵੀ ਸਿਆਸੀ ਫੰਕਸ਼ਨਾਂ ’ਤੇ ਹੋਣ ਵਾਲਾ ਖਰਚ ਸਿਆਸੀ ਪਾਰਟੀਆਂ ਦੇ ਫੰਡ ਵਿੱਚੋਂ ਹੋਣ ਬਾਰੇ ਬਿੱਲ ਪਾਸ ਨਹੀਂ ਹੁੰਦਾ ਤਾਂ ਇਸਦਾ ਅਰਥ ਇਹੋ ਹੋਵੇਗਾ ਕਿ ਭਾਸ਼ਣ ਕੇਵਲ ਭਾਸ਼ਣ ਹੀ ਹੁੰਦੇ ਹਨ, ਇਸ ਤੋਂ ਵੱਧ ਕੁਝ ਨਹੀਂ ਹੁੰਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3953)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)