KulwinderBathDr7ਲੱਭਿਆ ਖ਼ੁਦਾ  ਨਾ ਖ਼ੁਦਾ ਦਾ ਬੰਦਾ ਮੈਨੂੰ  ਐਵੇਂ ਰਾਤ ਦਿਨ  ਬੰਦਗੀ ਮੈਂ ਕਰਦਾ ਰਿਹਾ ...
(17 ਅਗਸਤ 2026)


1. ਸੁਪਨਿਆਂ ਦੇ ਸੌਦਾਗਰ

ਵੇਚਦੇ ਰਹੇ
ਖ਼ੁਦ ਦੇ ਰੰਗੀਨ ਸੁਪਨੇ
ਜਿਨ੍ਹਾਂ ਦੀ ਖ਼ਾਤਰ
ਉਮਰ ਭਰ
ਪੁੱਛ ਰਹੇ ਨੇ ਓਹੀ ਅੱਜ

ਇਹ ਕੇਹਾ ਵਣਜ ਕਰਦੇ ਰਹੇ?

ਜਿਊਂਦੇ ਜੀਅ ਵੀ ਮਰਦੇ ਰਹੇ
ਜਿਨ੍ਹਾਂ ਦੀ ਖ਼ਾਤਰ
ਉਮਰ ਭਰ
ਪੁੱਛ ਰਹੇ ਓਹੀ ਅੱਜ

ਇਹ ਕੇਹਾ ਜੀਵਨ ਜਿਉਂਦੇ ਰਹੇ?

       *    *    *

2.   ਰੋਸ
ਲੱਭਿਆ ਖ਼ੁਦਾ
ਨਾ ਖ਼ੁਦਾ ਦਾ ਬੰਦਾ ਮੈਨੂੰ
ਐਵੇਂ ਰਾਤ ਦਿਨ
ਬੰਦਗੀ ਮੈਂ ਕਰਦਾ ਰਿਹਾ

ਮੈਲ਼ ਮਨ ਅੰਦਰ

ਪਰ ਮਨ ਹੀ ਮੰਨਦਾ ਨਾ
ਧੁੱਪ ਵਿੱਚ ਬੈਠਾ

ਅੰਦਰੋਂ ਮੈਂ ਠਰਦਾ ਰਿਹਾ

ਪੰਡ ਫ਼ਿਕਰਾਂ ਦੀ
ਸਿਰ ’ਤੇ ਧਰ ਭਾਰੀ

ਲੰਮੇ ਪੈਂਡਿਆਂ ’ਤੇ
ਰੋਸ ਮੈਂ ਕਰਦਾ ਰਿਹਾ

ਅੱਧੀ ਲੰਘ ਗਈ
ਤੇ ਬਾਕੀ ਵੀ ਲੰਘ ਜਾਣੀ
ਜਿਉਂਦੇ ਜੀਅ ਵੀ

ਅੰਦਰੋਂ ਮੈਂ ਮਰਦਾ ਰਿਹਾ

    *    *    *

3. ਆਸ ਦਾ ਦੀਵਾ

ਫੇਰ ਕੀ ਹੋਇਆ
ਜੇਕਰ ਅਣਜਾਣ
ਰਾਹਾਂ ’ਤੇ
ਸਾਥ-ਸਾਥ
ਤੁਰਦਿਆਂ ਵੀ
ਮੰਜ਼ਿਲ
ਨਜ਼ਰੀਂ ਨਹੀਂ ਪਈ ਅਜੇ
ਤੂੰ ਐਵੇਂ

ਹੌਸਲਾ ਨਾ ਹਾਰ
ਅਸੀਂ ਬਾਲ਼ਾਂਗੇ
ਆਸ ਦਾ ਦੀਵਾ
ਆਪਣੇ ਮੱਥਿਆਂ ਵਿੱਚ
ਚਾਨਣ ਚਾਨਣ ਹੋ ਜਾਵੇਗਾ
ਦਿਸਹੱਦਿਆਂ ਤੱਕ
ਉਸ ਤੋਂ ਵੀ ਪਾਰ
ਜਿੱਥੇ ਸਾਡੀਆਂ ਪੈੜਾਂ ਚੁੰਮ ਕੇ,
ਅਣਜਾਣ ਰਾਹ ਹੱਸਣਗੇ,
ਸੰਗਦੇ ਸੰਗਦੇ

*    *    *

4. ਜੀਵਨ ਦੇ ਰੰਗ

ਨਿੱਕੇ ਹੁੰਦਿਆਂ, ਮੈਂ
ਬਾਪੂ ਦੇ ਮੋਢਿਆਂ ’ਤੇ ਬੈਠ
ਹਵਾ ਵਿੱਚ ਬਾਹਾਂ ਉਛਾਲਦਾ,
ਕਿਲਕਾਰੀਆਂ ਮਾਰਦਾ,
ਸੁਪਨਈ ਅੰਬਰੀਂ ਪਰਵਾਜ਼ਾਂ ਭਰਦਾ।

ਧੁਰ ਅੰਦਰੋਂ
ਖੁਸ਼ ਹੁੰਦਾ,
ਬਾਪੂ ਵੀ ਖਿੜ ਉੱਠਦਾ, ਹੱਸਦਾ
ਅਸਮਾਨੋ ਉੱਚਾ

ਵੱਡੇ ਹੋਇਆਂ,
ਬਾਪੂ ਨੂੰ ਮੋਢਿਆਂ ’ਤੇ ਬਿਠਾ,
ਸਿਵਿਆਂ ਦੇ ਰਾਹ,
ਬਾਪ ਸਦਾ ਲਈ ਚੁੱਪ

ਮੇਰੀ ਚੁੱਪ ਵਿੱਚੋਂ
ਖਾਮੋਸ਼ ਤੂਫ਼ਾਨ ਉੱਠਦਾ
ਅਸਮਾਨ ਪਾਟਦਾ

 *    *    *

5. ਸੁੰਨੇ ਰਸਤੇ
ਮਾਰ
ਉਡਾਰੀ ਲੰਮੀ ਸਾਰੀ
ਰਹਿ ਕਿਉਂ ਤੂੰ ਵਿੱਚ ਪਰਦੇਸ ਗਿਓਂ?

ਇੰਜ ਜਾਪੇ ਜਿਉਂ ਤੇਰੇ-ਮੇਰੇ
ਰਿਸ਼ਤੇ ਈ ਕਦ ਦੇ ਮੁੱਕ ਗਏ ਨੇ

ਪਿੰਡ ਦੇ ਖੰਡਰ-ਖੋਲ਼ੇ ਪੁੱਛਣ
ਇੱਕ ਦਿਨ ਸੁੰਨੀਆਂ ਗਲੀਆਂ ਤੋਂ

ਵੱਸਦੇ ਸਨ ਜੋ ਸੱਜਣ ਏਥੇ
ਦੱਸ ਖਾਂ ਕਿੱਧਰ ਨੱਠ ਗਏ?

ਪਿੰਡ ਨੂੰ ਜਾਂਦੇ ਸੁੰਨੇ ਰਸਤੇ
ਅੱਜ ਵੀ ਹੈਨ ਉਦਾਸ ਜਿਹੇ

ਖ਼ੁਦਗ਼ਰਜ਼ੀ ਬਾਠਾਂ’ ਨੂੰ ਤੱਕਦੇ
ਥੱਕ ਗਏ ਨੇ ਤੇ ਅੱਕ ਗਏ ਨੇ

     *    *    *

6. ਪੰਜ-ਆਬ

ਪੰਜਾਂ ਵਿੱਚੋਂ
ਤਿੰਨ ਤਾਂ ਭਾਵੇਂ
ਚਿਰ ਦੇ ਖੁੱਸ ਗਏ ਨੇ

ਤਿੰਨਾਂ ਵਿੱਚੋਂ
ਤਿੰਨੋਂ ਹੀ ਭਾਵੇਂ
ਕਦ ਦੇ ਸੁੱਕ ਗਏ ਨੇ

ਫੁੱਲ ਮੁਹੱਬਤੀ ਟਾਹਣੀ ਉੱਤੋਂ
ਕਦ ਦੇ ਮੁੱਕ ਗਏ ਨੇ

ਇੱਲ੍ਹਾਂ ਚਿੜੀਆਂ ਕਾਂ ਕਬੂਤਰ
ਕਦ ਦੇ ਉੱਡ ਗਏ ਨੇ

ਚੀਚ ਵਹੁਟੀਆਂ’
ਕੱਕੇ ਰੇਤੇ
ਕਦ ਦੇ ਮੁੱਕ ਗਏ ਨੇ

ਫਿਰ ਵੀ
ਰੀਸਾਂ ਕੀ ਨੇ
ਦੇਸ ਪੰਜਾਬ ਦੀਆਂ

ਸੌਂਦਿਆਂ ਉੱਠਦਿਆਂ
ਮਨ ਮੇਰੇ ਦੇ ਧੁਰ ਅੰਦਰ
ਮੁੜ-ਮੁੜ ਆਉਂਦੇ

ਰੰਗ-ਰੰਗੀਲੇ ਖ਼ਾਬ ਦੀਆਂ

ਫਿਰ ਵੀ
ਰੀਸਾਂ ਕੀ ਨੇ
ਦੇਸ ਪੰਜਾਬ ਦੀਆਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author