KulwinderBathDr7ਤੂੰ ਐਵੇਂ... ਹੌਸਲਾ ਨਾ ਹਾਰ... ਅਸੀਂ ਬਾਲਾਂਗੇ... ਆਸ ਦਾ ਦੀਵਾ... ਆਪਣੇ ਮੱਥਿਆਂ ਵਿੱਚ... ”
(22 ਜਨਵਰੀ 2026)


1. ਆਸ ਦਾ ਦੀਵਾ

ਫਿਰ
ਕੀ ਹੋਇਆ
ਜੇਕਰ ਅਣਜਾਣ
ਰਾਹਾਂ ’ਤੇ
ਸਾਥ-ਸਾਥ

ਤੁਰਦਿਆਂ ਵੀ
ਮੰਜ਼ਿਲ
ਨਜ਼ਰੀਂ ਨਹੀਂ ਪਈ, ਅਜੇ
ਤੂੰ ਐਵੇਂ
ਹੌਸਲਾ ਨਾ ਹਾਰ
ਅਸੀਂ ਬਾਲਾਂਗੇ
ਆਸ ਦਾ ਦੀਵਾ
ਆਪਣੇ ਮੱਥਿਆਂ ਵਿੱਚ
ਚਾਨਣ ਚਾਨਣ ਹੋ ਜਾਵੇਗਾ
ਦਿਸਹੱਦਿਆਂ ਤੱਕ
ਉਸ ਤੋਂ ਵੀ ਪਾਰ
ਜਿੱਥੇ ਸਾਡੀਆਂ ਪੈੜਾਂ ਚੁੰਮ ਕੇ,
ਅਣਜਾਣ ਰਾਹ ਹੱਸਣਗੇ,
ਸੰਗਦੇ ਸੰਗਦੇ...

   *  *  *

2. ਜੀਵਨ ਦੇ ਰੰਗ

ਨਿੱਕੇ ਹੁੰਦਿਆਂ, ਮੈਂ
ਬਾਪੂ ਦੇ ਮੋਢਿਆਂ ’ਤੇ ਬੈਠ
ਹਵਾ ਵਿੱਚ ਬਾਹਾਂ ਉਛਾਲਦਾ,
ਕਿਲਕਾਰੀਆਂ ਮਾਰਦਾ,
ਸੁਪਨਈ ਅੰਬਰੀਂ ਪਰਵਾਜ਼ਾਂ ਭਰਦਾ
ਧੁਰ ਅੰਦਰੋਂ
ਖੁਸ਼ ਹੁੰਦਾ,
ਬਾਪੂ ਵੀ ਖਿੜ ਉੱਠਦਾ, ਹੱਸਦਾ,
ਅਸਮਾਨੋ ਉੱਚਾ।

ਵੱਡੇ ਹੋਇਆਂ,
ਬਾਪੂ ਨੂੰ ਮੋਢਿਆਂ ’ਤੇ ਬਿਠਾ,
ਸਿਵਿਆਂ ਦੇ ਰਾਹ,
ਬਾਪ ਸਦਾ ਲਈ ਚੁੱਪ

ਮੇਰੀ ਚੁੱਪ ਵਿੱਚੋਂ
ਖਾਮੋਸ਼ ਤੂਫ਼ਾਨ ਉੱਠਦਾ
ਅਸਮਾਨ ਪਾਟਦਾ

 *    *    *

3.  ਜਿੰਦੜੀ ਪਿੰਡ ਛੱਡਿਆ

ਪਿੰਡ ਛੱਡਿਆਂ ਹੋ ਗਏ ਦਹਾਕੇ
ਯਾਦਾਂ ਦੇ ਵਿੱਚ ਅੱਜ ਵੀ ਹੱਸਦਾ,
ਪਿੰਡ ਭਾਵੇਂ ਮੈਂ ਨਾ ਹੀ ਵਸਦਾ
ਪਿੰਡ ਮੇਰੇ ਵਿੱਚ ਅੱਜ ਵੀ ਵਸਦਾ

ਭਾਵੇਂ ਹੁਣ
ਪਿੰਡ ਵੀ ਬਦਲਿਆ ਬੰਦਿਆਂ ਵਾਂਗ
ਲੁੱਟ ਗਿਆ ਕੋਈ ਏ ਰਹਿੰਦਾ ਠੱਗਦਾ

ਪਿੰਡ ਵਿੱਚੋਂ ਲੰਘਦੀਆਂ ਤੱਤੀਆਂ ’ਵਾਵਾਂ
ਮਨ ਮੇਰਾ ਡਰ-ਡਰ ਕੇ ਡਰਦਾ
ਪਿੰਡ ਮੇਰੇ ਦੇ ਪੰਛੀ ਰੁੱਸ ਗਏ
ਵਾਅ-ਪਾਣੀ ਸਭ ਜ਼ਹਿਰੀ ਹੋ ਗਿਆ
ਪਿੰਡ ਮੇਰਾ ਕੁਛ ਸ਼ਹਿਰੀ ਹੋ ਗਿਆ
ਵਿੱਚੋਂ-ਵਿੱਚੋਂ ਜ਼ਹਿਰੀ ਹੋ ਗਿਆ

ਪਿੰਡ ਦੇ ਬੰਦੇ ‘ਪੈ’ ਜਾਂਦੇ ਨੇ
ਆਪਸ ਵਿੱਚ ਵੀ ਖਹਿ ਜਾਂਦੇ ਨੇ
ਪਿੰਡ ਦੇ ਮੁੱਕਦੇ-ਸੁੱਕਦੇ ਰਿਸ਼ਤੇ
ਪਾਣੀਆਂ ਵਾਂਗ ਸੁੱਕ ਜਾਂਦੇ ਨੇ

ਦੋਸਤੋ, ਫਿਰ ਵੀ
ਪਿੰਡ ਮੇਰੇ
ਕੁਝ ਕਹਿਣ ਸਿਆਣੇ
ਕਿਉਂ ਤੂੰ ਐਵੇਂ ਡਰਦਾ ਈ ਰਹਿਨਾ?
ਪਿੰਡ ਦੀ ਜਦੋਂ ਜੋ ਗੱਲ ਇੰਜ ਕਰਦਾ

ਵਾਂਗ ਫਰਿਸ਼ਤਿਆਂ ਮੈਨੂੰ ਲਗਦਾ
ਪਿੰਡ ਵਿੱਚ ਬਲੇ ਮੁਹੱਬਤੀ ਦੀਵਾ,
ਬੁਝਦਾ-ਜਗਦਾ ਅੱਜ ਵੀ ਬਲਦਾ
ਪਿੰਡ ਦੀਆਂ ਪਿੰਡੇ ਲੂਹੰਦੀਆਂ ਰੋਹੀਆਂ
ਠੰਢ ਦਾ ਬੁੱਲਾ ਹੁਣ ਵੀ ਵਗਦਾ
ਪਿੰਡ ਭਾਵੇਂ ਮੈਂ ਨਾ ਹੀ ਵਸਦਾ,
ਪਿੰਡ ਮੇਰੇ ਵਿੱਚ ਅੱਜ ਵੀ ਵਸਦਾ

        *   *   *

4. ਮੁਹੱਬਤ ਦਾ ਦਰਿਆ

ਜੀਅ ਕਰਦੈ
ਬੇੜੀ ਬਣ ਜਾਵਾਂ
ਜਾਂ ਮੈਂ ਬਣਾ ਮਲਾਹ
ਸੁਣਿਆ ਹੈ
ਇੱਕ ਬੇੜੀ
ਤੇ ਇੱਕ ਮਲਾਹ
ਦਿੰਦੇ ਨੇ
ਪੂਰਾਂ ਦੇ ਪੂਰ ਲੰਘਾ
ਇੱਕ ਬੇੜੀ
ਤੇ ਇੱਕ ਮਲਾਹ
ਦਿੰਦੇ ਨੇ
ਪੂਰਾਂ ਦੇ ਪੂਰ ਮਿਲਾ
ਦਿੰਦੇ ਨੇ
ਵਿਛੜੇ ਯਾਰ ਮਿਲਾ
ਦੋਂਹ ਸਿਰਿਆਂ ’ਤੇ
ਬੈਠੀਆਂ ਰੂਹਾਂ

ਇੱਕ ਥਾਂ ਦੇਣ ਬਿਠਾ।

   *  *  *

5. ਜਿੰਦੜੀ

ਦੋਸਤੋ
ਦੋਸਤਾਂ ਨੂੰ
ਮਿਲਦੇ-ਗਿਲਦੇ ਰਹੋ
ਦੋਸਤਾਂ
ਦੇ ਸੰਗ ਮਿਲ
ਮਹਿਫਲਾਂ ਸਜਾਉਂਦੇ ਰਹੋ
ਤੇ ਮੋਹ-ਮੁਹੱਬਤਾਂ ਦੀ
ਅਲਖ ਜਗਾਉਂਦੇ ਰਹੋ।
ਐਸੇ
ਹੁਸੀਨ ਮੌਸਮਾਂ ਵਿੱਚ
ਮੁਹੱਬਤਾਂ ਦੀ

ਰੁੱਤ ਖਿੜ ਜਾਂਦੀ ਏ,
ਉਮਰਾਂ ਦੀ
ਕੰਜ ਲਹਿ ਜਾਂਦੀ ਏ
ਢਲੀ ਜਵਾਨੀ
ਚੜ੍ਹ ਜਾਂਦੀ ਏ
ਤੇ ਜਿੰਦੜੀ
ਵਾਪਸ ਮੁੜ ਆਉਂਦੀ ਏ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author