KulwinderBathDr7ਜੀਵਨ ਜਿਊਂਦਿਆਂ ਅਤੇ ਸਮਾਜ ਵਿੱਚ ਵਿਚਰਦਿਆਂ ਹੋ ਰਹੀ ਨਾ-ਇਨਸਾਫ਼ੀਧੱਕੇਸ਼ਾਹੀ ਅਤੇ ਜ਼ੁਲਮ ...KavinderChand7
(27 ਜੁਲਾਈ 2025)

 

KavinderChandMuafinamaਅਜੋਕੇ ਸਮੇਂ ਦੌਰਾਨ ਸੋਸ਼ਲ ਮੀਡੀਆ ਦੇ ਨੁਕਸਾਨਾਂ ਜਾਂ ਫ਼ਾਇਦਿਆਂ ਵਿੱਚੋਂ ਇੱਕ ਮਹੱਤਵਪੂਰਨ ਫ਼ਾਇਦਾ ਇਹ ਹੈ ਕਿ ਕਦੇ-ਕਦਾਈਂ ਕੋਈ ਮਿਆਰੀ ਅਤੇ ਪਿਆਰੀ ਸਾਹਿਤਕ ਰਚਨਾ ਉਡਦੀ-ਉਡਾਉਂਦੀ, ਘੁੰਮਦੀ-ਘੁਮਾਉਂਦੀ ਧੁਰ ਸਾਡੇ ਕੋਲ ਪਹੁੰਚ ਜਾਂਦੀ ਹੈਫਿਰ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਖੂਹ ਖ਼ੁਦ ਹੀ ਪਿਆਸੇ ਦੀ ਬਗਲ ਵਿੱਚ ਪਹੁੰਚ ਗਿਆ ਹੋਵੇਇੰਜ ਹੀ ਕੁਝ ਸਮਾਂ ਪਹਿਲਾਂ ਕੁਝ ਕੁ ਸਤਰਾਂ ਕਿਸੇ ਮਿੱਤਰ ਪਿਆਰੇ ਵੱਲੋਂ ਉਡਦੀਆਂ-ਉਡਦੀਆਂ ਮੇਰੀ ਝੋਲੀ ਆ ਪਈਆਂ…

ਸੁੱਕਿਆ ਦਰਿਆ, ਬੜਾ
ਗ਼ਮਗੀਨ ਹੋ ਕੇ ਪੁੱਛਦੈ
ਜੋ ਪਹਾੜੋਂ ਲੱਥਦੀ ਸੀ
ਉਹ ਨਦੀ ਕਿੱਧਰ ਗਈ…
ਬਣ ਗਿਆ ਚਮਕੌਰ ਸਾਹਿਬ
ਦਰਸ਼ਨੀ, ਸੰਗਮਰਮਰੀ
ਹਾਏ ਮੇਰੇ ਰਹਿਬਰੋ
ਕੱਚੀ ਗੜ੍ਹੀ ਕਿੱਧਰ ਗਈ…

ਐਨੀ ਪਿਆਰੀ ਅਤੇ ਰੂਹ ਨੂੰ ਧੂਹ ਪਾਉਂਦੀ ਗ਼ਜ਼ਲ ਦੇ ਲਫ਼ਜ਼ਾਂ ਨੂੰ ਪੜ੍ਹਦਿਆਂ, ਜਾਣਦਿਆਂ, ਅਤੇ ਮਾਣਦਿਆਂ ਇਸਦੇ ਰਚਨਹਾਰ ਦੀ ਖ਼ੂਬਸੂਰਤ ਰੂਹ, ਉਸਾਰੂ ਬਿਰਤੀ, ਭਾਵੁਕ ਅਤੇ ਸੰਵੇਦਨਸ਼ੀਲ ਮਨ ਦੀ ਝਲਕ ਸਹਿਜੇ ਹੀ ਪੈ ਜਾਂਦੀ ਹੈਦੋਸਤੋ, ਇਹ ਵਿਲੱਖਣ ਸ਼ਖ਼ਸੀਅਤ ਵਿਰਲਿਆਂ ਵਿੱਚੋਂ ਵਿਰਲੇ, ਮੁਹੱਬਤੀ ਰੂਹ, ਅਤੇ ‘ਅਸ਼ਰਫ਼ੀਆਂ ਵਾਲੇ’ ਕਵਿੰਦਰ ਚਾਂਦ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜਿਸਦਾ ਦੇਸ ਅਤੇ ਪਰਦੇਸ ਦੇ ਪੰਜਾਬੀ ਸਾਹਿਤਕ ਖੇਤਰ ਵਿੱਚ ਨਵੇਕਲਾ ਸਥਾਨ ਹੈਤਾਰਿਆਂ ਵਿੱਚ ਧਰੂ ਤਾਰਾ! ਅੱਜ-ਕੱਲ੍ਹ ਸਮੁੰਦਰੋਂ ਪਾਰ ਦੇ ਪੰਜਾਬ, ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈਦੇਸ਼ ਵਿਦੇਸ਼ ਦੇ ਸਾਹਿਤਕ ਹਲਕਿਆਂ ਵਿੱਚ ਊੜੇ-ਐੜੇ ਅਤੇ ਪੈਂਤੀ ਦੇ ਛੱਟੇ ਦੇ ਰਿਹਾ ਹੈਪੰਜਾਬ ਭਵਨ ਸਰੀ ਵਿੱਚ ਵੱਡੇ ਭਾਈ ਸੁੱਖੀ ਬਾਠ ਅਤੇ ਅਮਰੀਕ ਪਲਾਹੀ ਸੰਗ ਮਿਲ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਯਤਨਾਂ ਵਿੱਚ ਆਪਣਾ ਬਣਦਾ-ਸਰਦਾ ਯੋਗਦਾਨ ਪਾ ਰਿਹਾ ਹੈ

ਮੁਆਫ਼ੀਨਾਮਾ…

ਦੋਸਤੋ, ਕਵਿੰਦਰ ਦੇਮੁਆਫੀਨਾਮਾਬਾਰੇ ਕੁਝ ਗੱਲਾਂਬਾਤਾਂ ਕਰਨ ਤੋਂ ਪਹਿਲਾਂ ਆਪ ਜੀ ਤੋਂ ‘ਮੁਆਫ਼ੀ ਮੰਗਦਿਆਂ’ ਮੈਂ ਆਪਣੇ ਮਨ ਦੀ ਗੱਲ ਸਾਂਝੀ ਕਰ ਰਿਹਾ ਹਾਂਅਜੋਕੇ ਸਮੇਂ ਵਿੱਚ ਪੰਜਾਬੀ ਸਾਹਿਤ ਪੜ੍ਹਿਆ ਕੁਝ ਘੱਟ, ਪਰ ਲਿਖਿਆ ਬਹੁਤਾਤ ਵਿੱਚ ਜਾ ਰਿਹਾ ਹੈਕੋਈ ਸ਼ੱਕ ਨਹੀਂ ਕਿ ‘ਕੁਝ ਕੁ’ ਮਿਆਰੀ ਅਤੇ ਪੜ੍ਹਨ ਦੇ ਯੋਗ ਵੀ ਲਿਖਿਆ ਜਾ ਰਿਹਾ ਹੈ ਅਤੇ ਲਿਖਣਾ ਕੋਈ ਮਾੜੀ ਗੱਲ ਵੀ ਨਹੀਂ ਹੈਕਈ ਪੁਰਾਣੇ ਅਤੇ ਨਵੇਂ ਵਿਦਵਾਨ ‘ਚੰਗਾ ਲਿਖਣ’ ਦੇ ਬਾਵਜੂਦ ਵੀ ਮੈਨੂੰ ਅਕਸਰ ‘ਟਟੀਹਰੀ ਵਿਦਵਾਨ’ ਜਾਪਣ ਲੱਗ ਜਾਂਦੇ ਹਨ, ਜੋ ਮੁਹੱਬਤੀ ਟਾਹਰਾਂ ਅਤੇ ਸ਼ਹਿਦ ਵਰਗੇ ਅਲਫ਼ਾਜ਼ਾਂ ਨਾਲ ਲੱਦੀਆਂ ਰਚਨਾਵਾਂ ਤਾਂ ਰਚਦੇ ਅਤੇ ਪ੍ਰਚਾਰਦੇ ਜਾਂਦੇ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਖ਼ੁਦ ਕੌੜੇ ਤੁੰਮੇ ਵਾਂਗ ਹੀ ਹੁੰਦੇ ਨੇਸ਼ਾਇਦ ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਵਿਸ਼ਾਲ ਸੰਸਾਰ ਖ਼ੁਦ ਦੀਆਂ ਟੰਗਾਂ ਉੱਪਰ ਹੀ ਅੜਿਆ ਅਤੇ ਟਿਕਿਆ ਮਹਿਸੂਸ ਹੁੰਦਾ ਰਹਿੰਦਾ ਹੈਉਨ੍ਹਾਂ ਦੇ ਭੰਬਲਭੂਸੇ ਵਾਲੇ ਕਿਰਦਾਰ ਦੋਗਲੀ ਭਾਅ ਮਾਰਦੇ ਹਨਉਹ ਖ਼ੁਦ ਖ਼ੁਦ ਦੇ ਹੀ ਕਹੇ, ਲਿਖੇ ਅਤੇ ਪ੍ਰਚਾਰੇ ਅਲਫ਼ਾਜ਼ਾਂ ਨੂੰ ਅਪਣਾਉਂਦੇ ਨਹੀਂ, ਜਿਉਂਦੇ ਨਹੀਂਇਸਦੇ ਵਿਪਰੀਤ, ਜ਼ਿੰਦਾਦਿਲੀ ਅਤੇ ਸੂਖ਼ਮ ਬਿਰਤੀ ਵਾਲਾ ਕਵਿੰਦਰ ਚਾਂਦ ਆਪਣੇ ਮਨ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਸਿਰਫ਼ ਲਫ਼ਜ਼ਾਂ ਅਤੇ ਸ਼ਬਦਾਂ ਵਿੱਚ ਪਰੋਂਦਾ ਹੀ ਨਹੀਂ, ਬਲਕਿ ਉਨ੍ਹਾਂ ਦੇ ਅਰਥਾਂ ਅਤੇ ਰੂਹ ਨੂੰ ਜੀਵਨ ਵਿੱਚ ਢਾਲਦਿਆਂ ਜਿਊਂਦਾ ਹੈ ਅਤੇ ਹੰਢਾਉਂਦਾ ਵੀ ਹੈਉਸਦੀ ਜ਼ਿੰਦਾ-ਦਿਲ ਸ਼ਾਇਰੀ ਜ਼ਿੰਦਗੀ ਦੇ ਜਸ਼ਨਾਂ ਨਾਲ ਕਿੱਕਲੀਆਂ ਪਾਉਂਦੀ ਹੈਸ਼ਾਇਰੀ ਤਾਂ ਉਸਦੇ ਜੀਨਸ (genes) ਵਿੱਚ ਹੈ, ਵਿਰਾਸਤ ਵਿੱਚੋਂ ਹੀ ਮਿਲੀ ਸੁਗਾਤ ਹੈਕਵਿੰਦਰ ਬੜਾ ਘੱਟ ਲਿਖਦਾ ਹੈ, ਸਹਿਜ ਨਾਲ ਲਿਖਦਾ ਹੈ, ਪਰ ਜੋ ਵੀ ਲਿਖਦਾ ਹੈ, ਉਹ ਜੀਵਨ ਜਾਚ ਜਿਹਾ ਮਹਿਸੂਸ ਹੁੰਦਾ ਹੈਸੱਚਮੁੱਚ ਹੀ ਪੜ੍ਹਨ, ਜਾਣਨ ਅਤੇ ਮਾਣਨ ਵਾਲਾ ਹੁੰਦਾ ਹੈਸੁਨੇਹਾ ਸਕਾਰਾਤਮਕ ਹੁੰਦਾ ਹੈ, ਜਿਸ ਤੋਂ ਕੁਝ ਸਿੱਖਿਆ ਜਾ ਸਕਦਾ ਹੈ

ਅਸ਼ਰਫ਼ੀਆਂ, ਬੰਸਰੀ ਕਿੱਧਰ ਗਈ ਅਤੇ ਕਣ ਕਣ ਨਾਲ ਸਾਹਿਤਕ ਪੈੜਾਂ ਪਾਉਂਦਾ ਇਹ ਸਮਰੱਥ ਕਵੀ ਅਤੇ ਗ਼ਜ਼ਲਗੋ ਮੁਆਫ਼ੀਆਂ ਮੰਗਦਾਮੁਆਫ਼ੀਨਾਮਾਲੈ ਕੇ ਸੁਹਿਰਦ ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਦੇ ਵਿਹੜੇ ਪਹੁੰਚ ਗਿਆ ਹੈ

“ਕੁਦਰਤ ਕੁੜੀ ਦੀ ਨਿਰਮਲਤਾ ਦੇ ਨਾਂਨੂੰ ਸਮਰਪਤ ਮੁਆਫ਼ੀਨਾਮਾ ਗ਼ਜ਼ਲਾਂ ਅਤੇ ਨਜ਼ਮਾਂ ਦਾ ਖ਼ੂਬਸੂਰਤ ਸੰਗ੍ਰਹਿ ਹੈ, ਜਿਸ ਨੂੰ ਆੱਟਮ ਆਰਟ, ਪਟਿਆਲਾ ਨੇ ਛਾਪਿਆ ਹੈ

ਮਹਾਨ ਫਿਲਾਸਫਰ ‘ਅਰਸਤੂ’ ਅਨੁਸਾਰ ਮਨੁੱਖ ਇੱਕ ‘ਸਮਾਜਕ ਜੀਵ’ ਹੈ, ਜੋ ਮਨੁੱਖੀ ਰਿਸ਼ਤਿਆਂ ਦੀਆਂ ਤੰਦਾਂ ਦੇ ਤਾਣੇ-ਬਾਣੇ ਵਿੱਚ ਵਿਚਰਦਾ ਹੈਇੰਜ ਉਸਦੇ ਜੀਵਨ ਦੀਆਂ ਤੰਦਾਂ ਕੁਦਰਤ, ਆਲੇ-ਦੁਆਲੇ, ਧਰਮ, ਸਮਾਜ, ਸੱਭਿਆਚਾਰ ਦੇ ਤਾਣਿਆਂ-ਬਾਣਿਆਂ ਨਾਲ ਜੁੜੀਆਂ ਹੁੰਦੀਆਂ ਹਨਕਵਿੰਦਰ ਚਾਂਦ ਬਹੁਤ ਸੰਵੇਦਨਸ਼ੀਲ ਸ਼ਾਇਰ ਹੈ, ਜਿਸਦਾ ਕਵੀ ਦਿਲ ਨਿੱਘਰਦੇ ਅਤੇ ਟੁੱਟਦੇ ਮਨੁੱਖੀ ਰਿਸ਼ਤਿਆਂ ਦਾ ਦਰਦ ਮਹਿਸੂਸ ਕਰਦਾ ਰਹਿੰਦਾ ਹੈਇਨ੍ਹਾਂ ਅਨੁਭਵਾਂ ਨੂੰ ਉਹ ‘ਪੂਰੀ ਉਮਰ ਦੇ ਰਿਸ਼ਤੇ…’ ਵਿੱਚ ਇੰਜ ਲਫ਼ਜ਼ਾਂ ਦੇ ਬਸਤਰ ਪਾ ਕੇ ਉਤਾਰਦਾ ਹੈ…

ਪੂਰੀ ਉਮਰ ਦੇ ਰਿਸ਼ਤੇ
ਵਿਚਕਾਰ ਟੁੱਟ ਰਹੇ ਨੇ
ਸਾਰੰਗੀਆਂ ਸਲਾਮਤ
ਪਰ ਤਾਰ ਟੁੱਟ ਰਹੇ ਨੇ
ਅੰਨ੍ਹੀ ਹੈ ਦੌੜ ਫਿਰ ਵੀ
ਸਾਰੇ ਨੇ ਇਸ ਵਿੱਚ ਸ਼ਾਮਲ
ਇੱਕ ਭੀੜ ਜੁੜ ਰਹੀ ਹੈ
ਪਰਿਵਾਰ ਟੁੱਟ ਰਹੇ ਨੇ

ਗੁਰੂ ਅਤੇ ਚੇਲੇ ਦੇ ਰੂਹਾਨੀ ਰਿਸ਼ਤੇ ਅਤੇ ਅਮਰ ਮੁਹੱਬਤ ਨੂੰ ਕਵਿੰਦਰ ਚਾਂਦ ਨੇ ਇੰਜ ਬਿਆਨ ਕੀਤਾ ਹੈ:

ਮਰਦਾਨਾ ਕਦੇ
ਨਾਨਕ ਜਿਹਾ ਲਗਦਾ
ਨਾਨਕ ਮਰਦਾਨੇ ਜਿਹਾ ਦਿਸਦਾ

ਨਾਨਕ ਸੰਗ
ਤੁਰਿਆ ਮਰਦਾਨਾ ਮੁੜ ਨਾ ਵਿਛੜਿਆ
ਦੂਰ ਮੁਲਕ
ਰਬਾਬ ਚੁੱਪ ਹੋਈ,
ਨਾਨਕ ਫਰਮਾਇਆ
‘ਸੱਜਣ ਮੇਰੇ ਰੰਗੁਲੇ
ਜਾਇ ਸੁੱਤੇ ਜੀਰਾਣੁ’

ਗੁਰਬਾਣੀ ਕਹਿੰਦੀ ਹੈ ਕਿ… ਮਨੁੱਖ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ‘ਪਸ਼ੂ’ ਘਰ ਕਰੀ ਬੈਠੇ ਹਨ, ਜਿਨ੍ਹਾਂ ਨੂੰ ਮਾਰਨ ਤੋਂ ਬਗੈਰ ਬੰਦਾ ਇਨਸਾਨ ਨਹੀਂ ਬਣ ਸਕਦਾਹਉਮੈਂ/ਹੰਕਾਰ ਇੱਕ ਅਜਿਹਾ ਵਿਕਾਰ ਹੈ ਜਿਸਦੇ ਹੁੰਦਿਆਂ ਹਲੀਮੀ ਅਤੇ ਮੁਆਫ਼ੀ ਦਾ ਹਾਜ਼ਿਰ ਹੋਣਾ ਨਾਮੁਮਕਿਨ ਬਣ ਜਾਂਦਾ ਹੈਹੰਕਾਰ ਬੰਦੇ ਨੂੰ ਨਾ ਮੁਆਫ਼ੀ ਮੰਗਣ ਦਿੰਦਾ ਹੈ ਅਤੇ ਨਾ ਹੀ ਮੁਆਫ਼ੀ ਦੇਣ ਦਿੰਦਾ ਹੈਮੁਆਫ਼ੀ ਮੰਗਣ ਅਤੇ ਮੁਆਫ਼ੀ ਦੇਣ ਲਈ ਹੰਕਾਰ ਦਾ ਮਰਨਾ ਬੜਾ ਜ਼ਰੂਰੀ ਹੈਕਵਿੰਦਰ ਚਾਂਦ ਨੇ ‘ਆਦਮ-ਜ਼ਾਤ’ ਦੀ ਇਸ ਗੰਭੀਰ ਚੁਣੌਤੀ ਅਤੇ ਕਸ਼ਮਕਸ਼ ਨੂੰ ਇੱਕ ਲੰਮੀ ਅਤੇ ਭਾਵਪੂਰਤ ਰਚਨਾ ‘ਮੁਆਫੀਨਾਮੇ’ ਵਿੱਚ ਇੰਜ ਸ਼ਬਦਾਂ ਵਿੱਚ ਪ੍ਰੋਇਆ ਹੈ…

ਜਦੋਂ ਕੁਝ ਉਲਝਦਾ ਹੋਵੇ
ਨਾ ਮਸਲਾ ਸੁਲਝਦਾ ਹੋਵੇ
ਜਦੋਂ ਸਭ ਦੇਖਦੇ ਹੁੰਦੇ
ਕਿ ਪਹਿਲੋਂ ਕੌਣ ਝੁਕਦਾ ਹੈ
ਝਿਜਕ ਜਦੋਂ ਰੋਕਦੀ ਹੁੰਦੀ ਹੈ
ਸਭ ਨੂੰ ਪਹਿਲ ਕਦਮੀ ਤੋਂ
ਮੇਰਾ ਕੁਝ ਵੀ ਨਹੀਂ ਘਟਦਾ
ਮੈਂ, ਮੁਆਫ਼ੀ ਮੰਗ ਲੈਂਦਾ ਹਾਂ…
ਮੁਆਫ਼ੀ ਮੰਗ ਕੇ ਇੱਕ ਆਮ ਬੰਦਾ
ਖ਼ਾਸ ਹੋ ਜਾਂਦਾ ਹੈ
ਮੁਆਫ਼ੀ ਮੰਗਿਆਂ

ਧਰਤੀ ਜਿਹਾ ਧਰਵਾਸ ਹੋ ਜਾਂਦਾ ਹੈ
ਮੁਆਫ਼ੀ ਨਫ਼ਰਤਾਂ ਦੇ ਬੀਜ ਸਾਰੇ

ਸਾੜ ਸਕਦੀ ਹੈ
ਇਹ ਚਾਲੀ ਮੁਕਤਿਆਂ ਵਾਲਾ ਬੇਦਾਵਾ
ਪਾੜ ਸਕਦੀ ਹੈ…
ਸੰਤਾਲੀ ਤੋਂ, ਚੁਰਾਸੀ ਤੋਂ
ਇਹ ਆਦਮ ਜਾਤ ਦੇ
ਰਿਸਦੇ ਹੋਏ ਨਾਸੂਰ ਨੇ ਜਿਹੜੇ
ਮੈਂ ਆਪਣੀ ਆਤਮਾ ਦਾ ਬੋਝ
ਕੁਝ ਹੌਲਾ ਕਰਨ ਖ਼ਾਤਰ
ਸੁਰਖ਼ਰੂ ਹੋਣ ਦੀ ਖ਼ਾਤਰ
ਮੁਆਫ਼ੀ ਮੰਗ ਲੈਂਦਾ ਹਾਂ
ਤੁਸੀਂ ਮੰਗੋ ਜਾਂ ਨਾ ਮੰਗੋ
ਮੈਂ ਮੁਆਫ਼ੀ ਮੰਗ ਲੈਂਦਾ ਹਾਂ…

ਸਿਆਣੇ ਕਹਿੰਦੇ ਨੇ ਲੰਘ ਗਏ ਸੱਪ ਦੀ ਲਕੀਰ ਨੂੰ ਕੁੱਟਣ ਨਾਲ ਸੱਪ ਕਦੇ ਨਹੀਂ ਮਰਦੇ ਹੁੰਦੇਜੀਵਨ ਜਿਊਂਦਿਆਂ ਅਤੇ ਸਮਾਜ ਵਿੱਚ ਵਿਚਰਦਿਆਂ ਹੋ ਰਹੀ ਨਾ-ਇਨਸਾਫ਼ੀ, ਧੱਕੇਸ਼ਾਹੀ ਅਤੇ ਜ਼ੁਲਮ ਦੇ ਵਿਰੁੱਧ ਇਨਸਾਨ ਦਾ ਆਵਾਜ਼ ਨਾ ਉਠਾਉਣਾ ਉਸਦੇ ਮਰਨ ਦੇ ਬਰਾਬਰ ਹੀ ਹੁੰਦਾ ਹੈਕਵਿੰਦਰ ਚਾਂਦ ਦੀ ਇਨਕਲਾਬੀ ਸੋਚ ਸਮਾਜ ਦੀਆਂ ਮੂੰਹ ਮੁਹਾਂਦਰੇ ਵਾਲੀਆਂ ਹਸਤੀਆਂ ਦੀ ਜ਼ਮੀਰ ਨੂੰ ਸ਼ਰੇਆਮ ਵੰਗਾਰ ਅਤੇ ਫਿਟਕਾਰ ਰਹੀ ਹੈ

ਸਮਾਂ ਬੋਲਣ ਦਾ ਹੈ…
ਬੜੀ ਦੁਬਿਧਾ ਵਿੱਚ ਨੇ ਲੋਕੀਂ
ਤੁਹਾਡੇ ਵੱਲ ਤੱਕਦੇ ਨੇ
ਨਹੀਂ ਤਾਂ ਜੋ ਦਿਖਾਇਆ ਜਾ ਰਿਹਾ ਹੈ,
ਉਹ ਸੱਚ ਸਮਝਣਗੇ
ਸਮਾਂ ਬੋਲਣ ਦਾ ਹੈ
ਬੋਲੋ!
ਜੇ ਹੁਣ ਨਹੀਂ ਬੋਲੇ ਤਾਂ

ਫਿਰ ਕਿਸੇ ਨੇ ਬੋਲਣ ਨਹੀਂ ਦੇਣਾ
ਤੇ ਉਸ ਤੋਂ ਬਾਦ ਫਿਰ
ਬੋਲਣ ਲਈ ਕੁਝ ਨਹੀਂ ਰਹਿਣਾ!
ਜ਼ੁਬਾਨਾਂ ਵਾਲਿਉ ਗੁੰਗਿਉ
,
ਤੁਸਾਂ ਜੇ ਅੱਜ ਵੀ
ਇਹ ਧੁੰਦਕਾਰ ਸਾਫ਼ ਨਹੀਂ ਕਰਨਾ,
ਤਾਂ ਫਿਰ ਇਤਿਹਾਸ ਨੇ
ਸਾਨੂੰ ਤੁਹਾਨੂੰ ਮਾਫ਼ ਨਹੀਂ ਕਰਨਾ
ਸਮਾਂ ਬੋਲਣ ਦਾ ਹੈ,
ਬੋਲੋ!

ਮਾਂ ਬੋਲੀ ਇੱਕ ਛੋਟਾ ਜਿਹਾ ਸ਼ਬਦ ਹੈ ਜੋ ਆਪਣੀ ਰੂਹ ਅੰਦਰ ਗਹਿਰੇ ਅਰਥ ਸੰਭਾਲੀ ਬੈਠਾ ਹੈਬੋਲੀ ਮਨੁੱਖੀ ਸੱਭਿਅਤਾ ਅਤੇ ਸੱਭਿਆਚਾਰ ਦੇ ਅਨਮੋਲ ਜ਼ਖ਼ੀਰੇ ਦੀ ਨਿਸ਼ਾਨਦੇਹੀ ਕਰਦੀ ਹੈਪ੍ਰਸਿੱਧ ਸਾਹਿਤਕਾਰ ‘ਰਸੂਲ ਹਮਜ਼ਾਤੋਵ’ ਦੀ ਸੰਸਾਰ ਪ੍ਰਸਿੱਧ ਵਾਰਤਕਮੇਰਾ ਦਾਗ਼ਿਸਤਾਨਨੂੰ ਬਹੁਤ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਪੜ੍ਹਿਆ ਹੋਵੇਗਾਇਸ ਕਿਤਾਬ ਵਿੱਚ ਰਸੂਲ ਹਮਜ਼ਾਤੋਵ ਨੇ ਦਾਗ਼ਿਸਤਾਨ ਦੇ ਇਲਾਕੇ, ਸੱਭਿਆਚਾਰ ਅਤੇ ਮਾਂ ਬੋਲੀ ਨੂੰ ਬਾਖ਼ੂਬੀ ਬਰੀਕੀ ਨਾਲ ਪੇਸ਼ ਕੀਤਾ ਹੈਮਾਂ ਬੋਲੀ ਪ੍ਰਤੀ ਉਸਦਾ ਇਹ ਵੀ ਮੰਨਣਾ ਹੈ ਕਿ ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਇੱਕ ਬਦਅਸੀਸ ਦੇ ਸਮਾਨ ਹੁੰਦਾ ਹੈਕਵਿੰਦਰ ਚਾਂਦ ਨੇ ਵੀ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਮੋਹ ਅਤੇ ਫਿਕਰ ਪਾਠਕਾਂ ਨਾਲ ਸਾਂਝਾ ਕੀਤਾ ਹੈ

ਮੇਰੇ ਆਪਣੇ ਧੀਆਂ ਪੁੱਤਰ
ਮੇਰਾ ਹੁਸਨ ਵਿਗਾੜ ਰਹੇ ਨੇ
ਮੈਨੂੰ ਮੇਰੇ ਆਪਣੇ ਜਾਏ
ਹੌਲੀ ਹੌਲੀ ਮਾਰ ਰਹੇ ਨੇ
ਹਰ ਬੋਲੀ ਦੀ ਆਪਣੀ ਫੱਬਤ
ਹਰ ਬੋਲੀ ਦਾ ਆਪਣਾ ਰੁਤਬਾ
ਮੈਂ ਹਾਂ ਪਰ ਬੋਲੀ ਪੰਜਾਬੀ

ਮੇਰੀ ਸਭ ਤੋਂ ਸ਼ਾਨ ਨਿਰਾਲੀ
ਜੇ ਮੈਂ ਇੰਜ ਕਰੂਪ ਹੋ ਗਈ
ਜ਼ਹਿਰ ਦਾ ਘੁੱਟ ਵੀ ਪੀ ਨਹੀਂ ਹੋਣਾ
ਪਰ ਮੈਥੋਂ ਫਿਰ ਜੀ ਨਹੀਂ ਹੋਣਾ...
ਸੱਚੀਂ ਮੈਥੋਂ ਜੀ ਨਹੀਂ ਹੋਣਾ...

ਪਿਛਲੇ ਕਾਫੀ ਅਰਸੇ ਤੋਂ ਕਵਿੰਦਰ ਆਪਣੇ ਪਰਿਵਾਰ ਸਮੇਤ ਪਰਦੇਸ ਵਿੱਚ ਰਹਿ ਰਿਹਾ ਹੈਬਹੁਤੇ ਪਰਦੇਸੀ ਦੋਹਰੀ ਜ਼ਿੰਦਗੀ ਜਿਊਣ ਦੀ ਤ੍ਰਾਸਦੀ ਭੋਗਦੇ ਹਨਸਰੀਰ ਪਰਦੇਸ ਅਤੇ ਮਨ ਦੇਸ ਵਿੱਚ ਪਰਵਾਜ਼ਾਂ ਭਰਦਾ ਰਹਿੰਦਾ ਹੈਮਿੱਟੀ ਦਾ ਮੋਹ ਉਸ ਨੂੰ ਘੇਰ-ਘੇਰ ਕਹਿੰਦਾ ਰਹਿੰਦਾ ਹੈ…ਚੱਲ ਪੰਜਾਬ ਨੂੰ ਚੱਲੀਏ…”

ਦਿਲ ਦਰਿਆਵਾਂ ਵਿੱਚੋਂ ਪਾਣੀ
ਸੁੱਕਦੇ ਸੁੱਕਦੇ ਸੁੱਕ ਜਾਂਦੇ ਨੇ
ਰਿਸ਼ਤੇ ਨਾਤੇ ਪਿਆਰ ਮੁਹੱਬਤ
ਮੁੱਕਦੇ ਮੁੱਕਦੇ ਮੁੱਕ ਜਾਂਦੇ ਨੇ
ਟੁੱਟੀਆਂ ਬਾਹਵਾਂ ਗਲ਼ ਨੂੰ ਆਈਆਂ
ਮੁੜਕੇ ਜੋੜਨ ਚੱਲੀਏ, ਝੱਲੀਏ
ਚੱਲ ਪੰਜਾਬ ਨੂੰ ਚੱਲੀਏ…

ਆਪਣੇ ਸਵਰਗੀ ਸ਼ਾਇਰ ਪਿਤਾ ਨੂੰ ਯਾਦ ਕਰਦਿਆਂ ਕਵਿੰਦਰ ਉਦਾਸ ਵੀ ਹੋ ਜਾਂਦਾ ਹੈ…

ਕੱਲ੍ਹ ਰਾਤ
ਮੈਂ ਖਾਮੋਸ਼ ਅਵਾਜ਼ ਮਾਰੀ
ਪਿਤਾ ਅੰਗ ਸੰਗ ਮਹਿਸੂਸ ਹੋਏ
ਆਪਣੀ ਨਵੀਂ ਕਵਿਤਾ
ਸ਼ਾਇਰ ਪਿਤਾ ਨੂੰ ਸੁਣਾਈ
ਸੁਣਾਉਂਦਿਆਂ
ਮੇਰੀਆਂ ਅੱਖਾਂ ਭਰ ਆਈਆਂ ਤੇ
ਪਿਤਾ ਦੀਆਂ ਸੁਣਦਿਆਂ…

ਖ਼ੂਬਸੂਰਤ ਸ਼ਾਇਰੀ ਕਵਿੰਦਰ ਚਾਂਦ ਦਾ ਹਾਸਲ ਹੈਇਹ ਕਿਸੇ ਕਿਸੇ ਦੇ ਹਿੱਸੇ ਹੀ ਆਉਂਦਾ ਹੈਇਸਦੀ ਸ਼ਾਇਰੀ ਮਨ ਨੂੰ ਸਕੂਨ ਪ੍ਰਦਾਨ ਕਰਦੀ ਹੈਕਦੇ-ਕਦੇ ਉਸਦਾ ਜੀਅ ਇੰਜ ਵੀ ਕਰਦੈ…

ਉਦਾਸੇ ਮੌਸਮਾਂ ਅੰਦਰ
ਮੇਰਾ ਹੱਸਣ ਨੂੰ ਜੀਅ ਕਰਦਾ
ਗ਼ਮਾਂ ਦੀ ਪੰਡ ’ਤੇ ਖੜ੍ਹਕੇ
ਮੇਰਾ ਨੱਚਣ ਨੂੰ ਜੀਅ ਕਰਦਾ
ਜ਼ਮਾਨੇ ਭਰ ਦੇ ਸਾਕਾਂ ਤੋਂ
ਇੱਕਦਮ ਸੁਰਖ਼ਰੂ ਹੋ ਕੇ
ਕਵਿੰਦਰ ਨਾਲ ਬਾਕੀ ਦੀ ਉਮਰ
ਵਸਣ ਨੂੰ ਜੀਅ ਕਰਦਾ

ਕਵਿੰਦਰ ਚਾਂਦ ‘ਆਪਣਾ ਮੂਲ ਪਛਾਣਦਿਆਂ’ ਖ਼ੁਦ ਦੇ ਮਨ ਦੀਆਂ ਰਮਜ਼ਾਂ ਖੋਲ੍ਹਦਾ ਹੈ, ਹੋਕਾ ਦਿੰਦਾ ਹੈ ਅਤੇ ਪੈਂਤੀ ਦਾ ਛੱਟਾ ਦਿੰਦਾ ਆਪਣੀ ਮਸਤੀ… ਤੇ ਆਪਣੀ ਤੋਰੇ… ਤੁਰਿਆ ਜਾਂਦਾ ਹੈ…

ਅਸੀਂ ਓਂਕਾਰ ਦੇ ਬੱਚੇ
ਅਸੀਂ ਊੜੇ ਦੇ ਜਾਏ ਹਾਂ
ਅਸੀਂ ਪੈਂਤੀ ਦਾ ਛੱਟਾ ਦੇਣ
ਇਸ ਦੁਨੀਆਂ ’ਤੇ ਆਏ ਹਾਂ
ਅਸੀਂ ਪੰਜਾਬ ਦੇ ਪੁੱਤਰ ਹਾਂ
ਵਗਦੇ ਪਾਣੀਆਂ ਵਰਗੇ
ਗੁਰੂ ਪੌਣਾਂ ਨੂੰ ਮੰਨਦੇ ਹਾਂ
ਤੇ ਮਾਂ ਮਿੱਟੀ ਦੇ ਜਾਏ ਹਾਂ

ਕਵਿੰਦਰ ਚਾਂਦ ਦੀ ਰੂਹ ਨਾਲ ਲਿਖੀ ਅਤੇ ਮਕਬੂਲ ਹੋਈ ਨਵੀਂ ਰਚਨਾਗੁਰੂ ਮਾਨਿਓ… ਗੁਰੂ ਮਾਨਿਓ ਗ੍ਰੰਥ”… ਵੀ ਮੈਨੂੰ ਉਸਦੀ ਸੁੰਦਰ ਰੂਹ ਦਾ ਅਗਲਾ ਹੋਕਾ ਲਗਦੀ ਹੈ… ਗੁਰੂ ਮਾਨਿਓ… ਗ੍ਰੰਥ…

ਮਾਂ ਬੋਲੀ ਨੂੰ ਮੁਹੱਬਤ ਕਰਨ ਵਾਲੇ ਦੋਸਤੋ, ਇਸ ਸ਼ਾਹਕਾਰ ਪੁਸਤਕ ਵਿੱਚ ਬਹੁਤ ਕੁਝ ਹੋਰ ਤੁਹਾਡੇ ਪੜ੍ਹਨ ਅਤੇ ਮਾਣਨ ਵਾਲਾ ਹੈ! ਮੈਨੂੰ ਆਸ ਹੀ ਨਹੀਂ, ਬਲਕਿ ਉਮੀਦ ਵੀ ਹੈ ਕਿ ਸਾਡੇ ਸਭ ਦੇ ਅਜ਼ੀਜ਼ ਕਵਿੰਦਰ ਚਾਂਦ ਇੰਜ ਹੀ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਨੂੰ ਆਪਣੀ ਸ਼ਾਇਰੀ ਨਾਲ ਮਹਿਕਾਉਂਦੇ ਰਹਿਣਗੇ ਅਤੇ ਮੁਹੱਬਤੀ ਚਾਨਣ ਨਾਲ ਰੁਸ਼ਨਾਉਂਦੇ ਵੀ ਰਹਿਣਗੇਅਗਲੇ ਅਤੇ ਅਗਲੇਰੇ ਸਾਹਿਤਕ ਪੈਂਡਿਆਂ ’ਤੇ ਚਲਦਿਆਂ ਨਵੀਂਆਂ ਮੰਜ਼ਿਲਾਂ ਨੂੰ ਸਰ ਕਰਨ ਲਈ ਮੇਰੇ ਵੱਲੋਂ ਕਵਿੰਦਰ ਚਾਂਦ ਨੂੰ ਸ਼ੁਭ ਕਾਮਨਾਵਾਂ!

ਭੁੱਲ ਚੁੱਕ ਦੀ ‘ਮੁਆਫ਼ੀ’।

ਜ਼ਿੰਦਗੀ ਜ਼ਿੰਦਾਬਾਦ!

*       *       *

ਕਵਿੰਦਰ ਚਾਂਦ ! … ਮੁਆਫ਼ੀਨਾਮਾ !! … ਤੇ ਬਾਬਾ ਨਾਨਕ !!! --- ਡਾ. ਸਾਹਿਬ ਸਿੰਘ
https://sarokar.ca/2015-04-08-03-15-11/2015-05-04-23-41-51/4642-2023-11-30-16-20-53

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)