“ਜਾਹ ਪਰੇ ਮਰ! ... ਦੌੜ ਜਾ ਇੱਥੋਂ! ਮੇਰਾ ਸਿਰ ਨਾ ਖਾ! ਕੁੱਤੇ ਦਾ ... ਕਾਨੂੰਨ ਪੜ੍ਹੌਣ ...”
(3 ਸਤੰਬਰ 2026)
ਸਾਰੀ ਉਮਰ ਅਧੂਰਾ ਰਹਿੰਦਾ ਮਨੁੱਖ; ਐਵੇਂ ਉਮਰਾਂ ਦੇ ਅੰਦਾਜ਼ੇ ਜਿਹੇ ਲਾਉਂਦਾ ਆਪਣੇ ਆਪ ਨੂੰ ਹੌਸਲਾ ਦਿੰਦਾ ਰਹਿੰਦਾ ਹੈ ਕਿ ਅਜੇ “ਟੈਮ” ਹੈਗਾ, ਮਰ ਕੇ ਪੂਰੇ ਹੋਣ ਵਿੱਚ। ਅਕਸਰ ਹੀ ਸੁਣਦੇ ਰਹਿੰਦੇ ਹਾਂ ਕਿ ਫਲਾਣਾ ਪੂਰਾ ਹੋ ਗਿਆ। ‘ਪੂਰਾ ਹੋਣਾ’ ਮਰਨ ਦਾ ਕੋਡ ਵਰਡ ਹੈ। ਕਿਵੇਂ, ਕਦੋਂ, ਕੈਸਾ ਮਰਨਾ/ਜਾਣਾ ਹੋਵੇ, ਇਸਦਾ ਇਲਮ ਤਾਂ ਕਿਸੇ ਨੂੰ ਵੀ ਨਹੀਂ ਹੈ। ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ…
ਹਮ ਆਦਮੀ ਹਾਂ ਇੱਕ ਦਮੀ ਮਹੁਲਤਿ ਮੁਹਤੁ ਨਾ ਜਾਣਾ।
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ।
ਆਪਾਂ ਸਭ ਜਾਣਦੇ ਹਾਂ ਕਿ ਜ਼ਿੰਦਗੀ ਦੇ ਪਲ ਪਲ-ਪਲ ਕਰਕੇ ਮੁੱਕ ਹੀ ਜਾਂਦੇ ਹਨ।
ਰਾਹ ਮੁੱਕ ਜਾਣੇ ਨੇ,
ਤੁਰਦਿਆਂ-ਤੁਰਦਿਆਂ, ਇੱਕ ਦਿਨ
ਸਾਹ ਰੁਕ ਜਾਣੇ ਨੇ
ਰੁਕਦਿਆਂ-ਰੁਕਦਿਆਂ, ਇੱਕ ਦਿਨ
ਪੰਜਾਬੀ ਸਾਹਿਤ ਵਿੱਚ ਦੋ ਜਾਣੇ ਪਛਾਣੇਂ ਸਾਹਿਤਕਾਰਾਂ ਦੀਆਂ ਸੰਵੇਦਨਸ਼ੀਲ ਲਿਖਤਾਂ ਵੀ ਲਾਜਵਾਬ ਹੁੰਦੀਆਂ ਹਨ। ਮੈਨੂੰ ਅਕਸਰ ਇਨ੍ਹਾਂ ਦੀਆਂ ਲਿਖਤਾਂ ਪੜ੍ਹਨ ਦਾ ਮੌਕਾ ਮਿਲਦਾ ਰਹਿੰਦਾ ਹੈ। ਯਕੀਨਨ ਹੀ ਪੰਜਾਬੀ ਸਾਹਿਤ ਦੇ ਹੋਰ ਪਾਠਕ ਪਿਆਰੇ ਵੀ ਇਨ੍ਹਾਂ ਦੀਆਂ ਕਿਤਾਬਾਂ ਲਿਖਤਾਂ ਦੀ ਗਹਿਰਾਈ ਦੀ ਗਵਾਹੀ ਭਰਦੇ ਹੋਣਗੇ। ਅੱਜ ਦਾ ਇਹ ਛੋਟਾ ਜਿਹਾ ਲੇਖ ਇਨ੍ਹਾਂ ਦੇ ਬਿਆਨ ਕੀਤੇ ‘ਪਲਾਂ’ ਨਾਲ ਹੀ ਸ਼ੁਰੂ ਕਰ ਲੈਂਦੇ ਹਾਂ…
ਕਈ ਪਲ ਚੇਤਿਆਂ ਅੰਦਰ ਸਦੀਵੀ ਠਹਿਰ ਜਾਂਦੇ ਨੇ,
ਉਵੇਂ ਪਰ ਦਿਨ ਮਹੀਨੇ, ਸਾਲ ਪਿੱਛੇ ਸਾਲ ਤੁਰਦਾ ਹੈ।
ਕਵਿੰਦਰ ਚਾਂਦ
ਪਲ ਕੁ ਪਲ ਹੀ ਪੱਲੇ…
ਜ਼ਿੰਦਗੀ ਵੰਨੀਂ ਜਾ ਭੌਂ ਕੇ ਤੱਕਿਆ
ਤਾਂ ਕੁਝ ਕੁ ਪਲ ਹੀ ਪੱਲੇ,
ਤੇ ਉਹ ਵੀ ਮੇਰੇ ਸੋਚਦਿਆਂ ਸੋਚਦਿਆਂ
ਸਾਹਾਂ ਵਿੱਚੋਂ ਕਿਰ ਚੱਲੇ।
ਗੁਰਬਖਸ਼ ਸਿੰਘ ਭੰਡਾਲ
ਜ਼ਿੰਦਗੀ ਦੇ ਰੰਗ, ਅੱਜ ਹੋਰ ਤੇ ਕੱਲ੍ਹ ਨੂੰ ਹੋਰ…
ਜੀਵਨ ਦੇ ਵੱਖ ਵੱਖ ਪਲਾਂ ਦੇ ਰੰਗ ਵੀ ਵੱਖਰੇ ਹੀ ਹੁੰਦੇ ਹਨ। ਕੁਝ ਖੁਸ਼ੀਆਂ ਭਰੇ, ਕੁਝ ਗੰਭੀਰ, ਅਤੇ ਕੁਝ ਕੁ ਹਲਕੇ-ਫੁਲਕੇ। ਜਨਮ ਤੋਂ ਸ਼ੁਰੂ ਹੋਇਆ ਜੀਵਨ ਚੱਕਰ ਬਚਪਨ, ਜਵਾਨੀ, ਅਤੇ ਬੁਢਾਪੇ ਦੀਆਂ ਦਹਿਲੀਜ਼ਾਂ ਵਿੱਚ ਦੀ ਹੁੰਦਾ ਹੋਇਆ ਭੌਰ ਉਡਾਰੀ ਮਾਰਨ ’ਤੇ ਪੂਰਾ ਹੋ ਜਾਂਦਾ ਹੈ। ਦੋ ਕੁ ‘ਹਲਕੇ-ਫੁਲਕੇ’ ਜਿਹੇ ਪਲ ਅਤੇ ਪਲਾਂ ਦੇ ਦ੍ਰਿਸ਼ ਸਾਲਾਂ ਬਾਅਦ ਵੀ ਮੇਰੇ ਮਨ ਅੰਦਰ ਠਹਿਰਦੇ-ਠਹਿਰਦੇ ਠਹਿਰ ਹੀ ਗਏ… ਅਤੇ ਕੈਦ ਹੋਏ ਪਏ ਹਨ।
ਬਚਪਨ ਦਾ ਅਟਕਿਆ ਪਲ …
ਮੇਰਾ ਨਾਨਾ ਕਿਤੇ ਬਹੁਤ ਦੇਰ ਪਹਿਲਾਂ ਅਸਟ੍ਰੇਲੀਆ ਗਿਆ ਅਤੇ ਫਿਰ ਵਾਪਸ ਪਿੰਡ ਜਾ ਕੇ ਪਿੰਡ ਵਾਲਿਆਂ ਲਈ ਅਸਟ੍ਰੇਲੀਆ ਵਾਲਾ ਤੋਂ “ਤੇਲੀਆ ਵਾਲਾ” ਬਣ ਗਿਆ। ਖੇਤਾਂ ਵਿੱਚ ਫਸਲਾਂ ਦੇ ਬਜਾਏ ਵੰਨ-ਸਵੰਨੇ ਫਲ-ਫਰੂਟ ਵਾਲੇ ਦ੍ਰਖਤਾਂ ਦਾ ਬਾਗ ਲਾ ਲਿਆ।
ਮਨੁੱਖ, ਮਿੱਟੀ, ਪਵਨ-ਪਾਣੀ, ਦ੍ਰਖਤ, ਪਸ਼ੂ-ਪੰਛੀਆਂ ਦੇ ਸੰਗੀਤ, ਜੀਵ-ਜਾਨਵਰ, ਆਲੇ-ਦੁਆਲੇ ਦਾ ਸੁਮੇਲ ਧਰਤੀ ਤੇ ਸਵਰਗ ਜਿਹਾ ਜਾਪਦਾ। ਉਸਨੇ ਕੁਝ ਕੁ ਅੰਬ ਅਤੇ ਜਾਮਣਾਂ ਦੇ ਦ੍ਰਖਤ ਪਹੇ ਕੰਢੇ ਪੈਂਦੇ ਘਰ ਵਿੱਚ ਵੀ ਲਾ ਲਏ। ਇਲਾਕੇ ਵਿੱਚ ਨਾਮ ਹੋ ਗਿਆ “ਰਾਮ ਸੌਂਹ ਬਾਗ ਵਾਲਾ।” ਨਾਨੇ ਦਾ ਛੋਟਾ ਭਰਾ ਪਿੰਡ ਹੀ ਇਸ ਘਰ ਦੇ ਇੱਕ ਪਾਸੇ ਡਾਕਖਾਨਾ ਖੋਲ੍ਹ ਕੇ ਪੋਸਟ ਮਾਸਟਰ ਬਣ ਗਿਆ। ਉਸਦੀ ਇਹ ਦਫਤਰੀ-ਬੈਠਕ ਘਰ ਤੋਂ ਵੱਖਰੀ ਸੀ, ਜਾਮਣ ਦੇ ਦ੍ਰਖਤ ਦੀ ਛਾਂ ਲਾਗੇ। ਵਿਹਲੇ ਟਾਈਮ ਮੱਖੀਆਂ ਮਾਰਨ ਦੀ ਬਜਾਏ ਉਹ ਕਿਸੇ ਵੈਦ ਜਾਂ ਡਾਕਟਰ ਕੋਲੋਂ ਕੁਝ ਨੁਸਖੇ ਸਿੱਖ ਕੇ ‘ਮਾਸਟਰ’ ਦੇ ਨਾਲ ਹੀ ‘ਡਾਕਟਰ’ ਵੀ ਬਣ ਗਿਆ।
ਸਕੂਲ ਤੋਂ ਛੁੱਟੀਆਂ ਵੇਲੇ ਨਾਨਕੇ ਜਾਣ ਤੋਂ ਵਧੀਆ ਹੋਰ ਕੁਝ ਕੀ ਹੋ ਸਕਦਾ ਸੀ ਸਾਡੇ ਵਰਗਿਆਂ ਨਿਆਣਿਆਂ ਲਈ? ਉਹ ਵੀ ਉਸ ਨਾਨਕੇ ਘਰ ਜਿੱਥੇ ਫਲ-ਫਰੂਟਾਂ ਦੀ ਕੋਈ ਘਾਟ ਨਹੀਂ ਹੁੰਦੀ ਸੀ। ਗਰਮੀਆਂ ਨੂੰ ਮੈਂ ਨਾਨਕੀਂ ਪਹੁੰਚ ਜਾਂਦਾ ਅਤੇ ਅਕਸਰ ਇਸ “ਪੋਸਟ-ਮਾਸਟਰ/ਡਾਕਟਰ” ਨਾਨੇ ਕੋਲ ਬੈਠਾ ਚਿੱਠੀਆਂ ਉੱਪਰ ਮੋਹਰਾਂ ਲਾਉਂਦੇ ਦੀ ਠਾਹ-ਠਾਹ ਅਤੇ ਮਰੀਜ਼ਾਂ ਦੀ ਹਾਏ-ਹਾਏ ਵੀ ਸੁਣਦਾ ਰਹਿੰਦਾ। ਨਾਨਾ ਪਿੰਡ ਵਿੱਚ ਕਾਰਡ-ਚਿੱਠੀਆਂ ਵੰਡਣ ਮਗਰੋਂ ਵਾਪਸ ਘਰ ਆ ਕੇ ਦਫਤਰ ਵਿੱਚ ਪਏ ਇੱਕ ਵੱਡੇ ਸਾਰੇ ਮੇਜ਼ ਦੇ ਪਿੱਛੇ ਚੀਂਕੂ-ਚੀਂਕੂ ਜਿਹੀ ਕਰਦੀ ਲੱਕੜ ਦੀ ਬਿਨ-ਬਾਂਹ ਵਾਲੀ ਕੁਰਸੀ ’ਤੇ ਬੈਠ ਜਾਂਦਾ। ਗਰਮੀ ਹੋਣ ਕਰਕੇ ਅਕਸਰ ਨਾਨਾ ਆਪਣੀ ਚਿੱਟੀ ਅਤੇ ਢਿੱਲੀ ਜਿਹੀ ਪੱਗ ਲਾਹ ਕੇ ਟੇਬਲ ਦੇ ਇੱਕ ਪਾਸੇ ਰੱਖ ਦਿੰਦਾ।
ਬਹੁਤੀ ਵਾਰ ਸਿਰ ਦੇ ਚਿੱਟੇ ਵਾਲ ਖੋਲ੍ਹ ਕੇ ਪਿੱਛੇ ਨੂੰ ਸੁੱਟ ਕੇ ਵੀ ਬੈਠ ਜਾਂਦਾ। ਕਈ ਵਾਰੀ ਮੈਨੂੰ ਉਹ ਬਾਬੇ ਨਾਨਕ ਜਾਂ ਸੋਭਾ ਸਿੰਘ ਵਰਗਾ ਵੀ ਲਗਦਾ। ਆਏ ਗਏ ਮਰੀਜ਼ ਨੂੰ ਬਿਮਾਰੀ ਪੁੱਛ ਕੇ ਲਾਗੇ ਹੀ ਪਏ ਕੂੰਡੇ-ਘੋਟਣੇ ਵਿੱਚ ਕੋਈ ਦਵਾਈ ਘੋਟ ਕੇ ਪੁੜੀਆਂ ਬਣਾ ਕੇ ਦੇ ਦਿੰਦਾ। ਅੱਧੇ ਮਰੀਜ਼ ਤਾਂ ਦਵਾਈ ਖਾਣ ਤੋਂ ਪਹਿਲਾਂ ਹੀ ਉਸਦੀਆਂ ਖੱਟੀਆਂ-ਮਿੱਠੀਆਂ ਗੱਲਾਂ-ਬਾਤਾਂ ਨਾਲ ਠੀਕ ਹੋ ਜਾਂਦੇ। ਬਹੁਤੇ ਮਰੀਜ਼ ਤੇਈਏ ਬੁਖਾਰ, ਖੰਘ ਵਾਲੇ ਜਾਂ ਸਿਰ, ਢਿੱਡ, ਢੂਹੀ ਦੁਖਣ ਵਾਲੇ ਹੀ ਹੁੰਦੇ ਜਾਂ ਕੋਈ ਵਿਰਲਾ-ਵਿਰਲਾ ਜਲਾਬਾਂ ਦਾ ਤੰਗ ਕੀਤਾ ਹੋਇਆ ਹੁੰਦਾ। ਕੈਂਸਰ, ਹਾਰਟ, ਸਟਰੋਕ, ਕਿਡਨੀ, ਲਿਵਰ ਫੇਲ੍ਹ ਵਗੈਰਾ ਮਾਰੂ ਨਾਮ ਦੀਆਂ ਬਿਮਾਰੀਆਂ ਉਸਦੇ ਖੁਦ ਅਤੇ ਪੇਂਡੂ ਲੋਕਾਂ ਲਈ ਅਜੇ ਕਿਸੇ ‘ਵੱਡੀ ਖੋਜ’ ਦੇ ਬਰਾਬਰ ਹੀ ਸਨ। ਮੈਂ ਮਨ ਹੀ ਮਨ ਸੋਚਣ ਲਗਦਾ ਕਿ ਵੱਡਾ ਹੋ ਕੇ ਮੈਂ ਵੀ ਪੋਸਟ-ਮਾਸਟਰ/ਡਾਕਟਰ ਬਣਨਾ ਹੈ।
ਇੱਕ ਦਿਨ ਨਾਨਕੇ ਪਿੰਡ ਕਿਸੇ ਦੇ ਘਰ ਵਿਆਹ ਦੀ ਰਸਮ ਚੱਲ ਰਹੀ ਸੀ। ਬਰਾਤ ਕਿਤੇ ਲਾਗਲੇ ਪਿੰਡੋਂ ਆਈ ਹੋਈ ਸੀ। ਸਿਖਰ ਦੁਪਹਿਰੇ ਤਿੰਨ ਬਰਾਤੀ ਆਪਣੀਆਂ ਧੋਤੀਆਂ ਨੂੰ ਹੱਥ ਨਾਲ ਫੜੀ ਵਾਹੋ-ਦਾਹੀ ਨਾਨੇ ਦੀ ਡਾਕਖਾਨਾ-ਕਲੀਨਿਕ ਵਿੱਚ ਆ ਵੜੇ। ਬੜੇ ਘਬਰਾਏ ਹੋਏ ਸਨ ਅਤੇ ਆਉਂਦੇ ਹੀ ਨਾਨੇ ਨੂੰ ਕਹਿਣ ਲੱਗੇ, ““ਵੈਦ ਜੀ… ਵੈਦ ਜੀ... ‘ਜਲਾਬ ਲੌਣ’ ਵਾਲੀ ਪੁੜੀ ਦੇ ਦਿਉ… ਜਲਦੀ ਕਰੋ, ਕਿਤੇ ਉਹੀ ਗੱਲ ਨਾ ਹੋਵੇ।”
ਵੈਦ-ਨਾਨਾ ਬੋਲਿਆ, “ਹੈਂਅ? ਕੀ ਕਿਹਾ? ਕੀ ਬਿਮਾਰੀ ਆ?”
ਉਹ ਤਿੰਨੇ ਇੱਕ ਦੂਸਰੇ ਤੋਂ ਕਾਹਲੇ ਹੋ ਕੇ ਫਿਰ ਬੋਲੇ, ““ਜਲਾਬ!! ਜੀ ਜਲਾਬ ਲੌਣ ਵਾਲੀ … ਪੁੜੀ!”
ਨਾਨਾ ਆਪਣੇ ਕੰਨ ਨੂੰ ਉਂਗਲੀ ਨਾਲ ਸਾਫ ਕਰਦਿਆਂ ਬੋਲਿਆ, ““ਹੱਛਾਅ… ਜਲਾਬ ਹਟਾਉਣ ਵਾਲੀ ਪੁੜੀ ਚਾਹੀਦੀ ਆ? ਟੱਟੀਆਂ ਲੱਗੀਆਂ ਹਨ?” ... ’ਕੱਠੀਆਂ ਈ ਲੱਗ ਗਈਆਂ ਸਾਰਿਆਂ ਨੂੰ?”
ਮੱਥੇ ਦੀਆਂ ਤ੍ਰੇਲੀਆਂ ਪੂੰਝਦੇ ਉਹ ਤਿੰਨੋ ਹੋਰ ਘਬਰਾ ਗਏ ਕਿ ਇਹ ‘ਬੇ-ਅਕਲਾ’ ਵੈਦ ਸਾਡੀ ਐਮਰਜੈਂਸੀ ਸਮਝ ਕਿਉਂ ਨਹੀਂ ਰਿਹਾ। ਫਿਰ ਜ਼ਰਾ ਕੁ ਕੋਲ ਹੋ ਕੇ, ਇੱਕ ਬਰਾਤੀ ਜ਼ੋਰ ਨਾਲ ਬੋਲਿਆ, “ਸਾਨੂੰ ਜਲਾਬ ਲੱਗੇ ਨਹੀਂ ਆ, … ਲੱਗੇ ਨਹੀਂ ਆ… ਅਸੀਂ ਜਲਾਬ ਲੁਆਣੇ ਆ! ਮਾਰ ਕਿਤੇ ਹੱਥ, ਭਾਈਆ! ਦੇ ਕੋਈ ਪੁੜੀ… ਮਰਨ ਤੋਂ ਬਚ ਜਾਈਏ!”
ਨਾਨੇ ਨੂੰ ਇੰਜ ਜਾਪਿਆ ਜਿਵੇਂ ਉਨ੍ਹਾਂ ਨੇ ਕਿਸੇ ‘ਸਪੈਸ਼ਲਿਸਟ’ ਨੂੰ ਵੰਗਾਰ ਦਿੱਤਾ ਹੋਵੇ, ਉਹ ਖਿਝ ਕੇ ਇੰਜ ਬੋਲਿਆ, “ਮੈਂ ਜਲਾਬ ਲਾਉਂਦਾ ਨਹੀਂ… ਠਾਉਂਦਾ ਆਂ! ਇਹ ਜਲਾਬ ਲੌਣ ਦੀ ਕੀ ਬਿਮਾਰੀ ਹੋਈ? ... ਦੌੜ ਜਾਓ, ਇੱਥੋਂ! … ਹੈ ਨਹੀਂਗੀ ਮੇਰੇ ਕੋਲ ਐਦਾਂ ਦੀ ਕੋਈ ਪੁੜੀ-ਪੜ੍ਹੀ!”
ਉਹ ਤਿੰਨੋਂ ਹੀ ਇੱਕ ਦੂਸਰੇ ਤੋਂ ਕਾਹਲੇ ਹੁੰਦਿਆਂ ਅਤੇ ਕੁਛ ਘੁਸਰ-ਮੁਸਰ ਜਿਹੇ ਕਰਦੇ ਦੌੜ ਗਏ ਕਿ ਅੱਜ ਨਹੀਂ ਬਚਦੇ। ਨਾਨਾ ਹੱਕਾ-ਬੱਕਾ ਜਿਹਾ ਰਹਿ ਗਿਆ। ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ, “ਜਾਹ, ਪੁੱਤ ਨਲਕੇ ਤੋਂ ਪਾਣੀ ਲਿਆ ਗਲਾਸ ਵਿੱਚ ਪਾ ਕੇ।”
ਬਾਅਦ ਵਿੱਚ ਬਰਾਤੀਆਂ ਦੀ ਗੱਲ ਦਾ ਪਤਾ ਲੱਗਾ ਕਿ ਵਿਆਹ ਵਾਲੇ ਘਰ ਹਲਵਾਈ ਕੋਲ ਬੈਠੇ ਕਿਸੇ ਵਿਹਲੜ ਬੰਦੇ ਨੇ ਉੱਚੀ ਸੁਰ ਵਿੱਚ ਬੋਲ ਦਿੱਤਾ, “ਛੱਤ ਨਾਲ ਚੰਬੜੀ ਕੋਹੜ-ਕਿਰਲੀ ਹੈ ਈ ਨੀ ਹੁਣ ... ਉਹ ਸਾਲੀ ਕਿਤੇ ਬਰਾਤ ਲਈ ਬਣਾਈ ਦਾਲ-ਦੂਲ ਵਿੱਚ ਹੀ ਨਾ ਪੈ-ਪੂ ਗਈ ਹੋਵੇ। ਮੈਂ ਡਿਗਦੀ ਤਾਂ ਨਹੀਂ ਦੇਖੀ… ਪਰ ਪਤਾ ਨਹੀਂ ਕਿੱਥੇ ਚਲੀ ਗਈ?”
ਇਨ੍ਹਾਂ ਬਰਾਤੀਆਂ ਨੇ ਕਿਤੇ ਲਾਗਿਉਂ ਲੰਘਦਿਆਂ ਨੇ ਸੁਣ ਲਿਆ। ਕੁਦਰਤੀ ਹੀ ਜਿਸਨੇ ਵੀ ‘ਕਿਰਲੀ ਦੇ ਸ਼ੱਕ ਵਾਲੀ ਦਾਲ’ ਖਾ ਲਈ ਹੋਵੇ ਉਨ੍ਹਾਂ ਨੂੰ ਜਲਾਬ ਲਾਉਣਾ ਜਾਨ ਬਚਾਉਣ ਵਾਂਗ ਲੱਗਾ। ਸ਼ਾਇਦ ਇਹ ਸੋਚਦਿਆਂ ਕਿ ਜੁਲਾਬਾਂ ਨਾਲ ਨਹੀਂ ਮਰਦੇ, ਪਰ ਕਿਰਲੀ ਦੀ ਜ਼ਹਿਰ ਨਾਲ ਤਾਂ ਪੱਕਾ ਮਰੇ ਹੀ ਮਰੇ!
ਜਵਾਨੀ ਵੇਲੇ ਦਾ ਅਟਕਿਆ ਇਹ ਪਲ…
ਉਸ ਦਿਨ ਕਲਾਸ ਖਤਮ ਹੋਣ ਮਗਰੋਂ ਮੈਂ ਤੇ ਮੇਰਾ ਇੱਕ ਦੋਸਤ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਣ ਲਈ ਬੱਸ ਅੱਡੇ ਪਹੁੰਚ ਗਏ। ਬੱਸ ਅੱਧ ਨਾਲੋਂ ਵੱਧ ਭਰੀ ਹੋਈ ਸੀ। ਅਸੀਂ ਬੱਸ ਦੇ ਪਿਛਲੇ ਹਿੱਸੇ ਦੀਆਂ ਸੀਟਾਂ ’ਤੇ ਬੈਠ ਗਏ। ਬੱਸ ਚੱਲ ਪਈ ਅਤੇ ਕੰਡਕਟਰ ਟਿਕਟਾਂ ਕੱਟਦਾ ਅੱਗੇ ਲੰਘ ਗਿਆ। ਅਸੀਂ ਅਕਸਰ ਦੇਖਦੇ ਹਾਂ ਕਈ ਵਾਰੀ ਸਾਨੂੰ ਆਪ ਨੂੰ ਜਾਂ ਫਿਰ ਦੂਸਰੇ ਲੋਕਾਂ ਨੂੰ ਸਫਰ ਦੌਰਾਨ ਮੁਸ਼ਕਿਲ ਹੋ ਜਾਂਦੀ ਹੈ… ਮੋਸ਼ਨ ਜਾਂ ਟਰੈਵਲ ਸਿਕਨੈੱਸ ਕਰਕੇ। ਪਰਦੂਸ਼ਨ ਅਤੇ ਪੰਜਾਬ ਦੀਆਂ ਸੜਕਾਂ ਵਿੱਚ ਪਏ ਟੋਏ ਇਸ (ਬਿਮਾਰੀ) ਸਿਕਨੈੱਸ ਨੂੰ ਦੂਣਾ-ਚੌਣਾ ਕਰ ਦਿੰਦੇ ਹਨ। ਸਾਡੇ ਤੋਂ ਇੱਕ ਸੀਟ ਅੱਗੇ ਇੱਕ ਆਦਮੀ ਅਤੇ ਔਰਤ ਬੈਠੇ ਸਨ। ਅੱਧਾ ਕੁ ਘੰਟਾ ਬੱਸ ਚਲਦੀ ਨੂੰ ਹੋਇਆ ਤਾਂ ਉਸ ਆਦਮੀ ਦਾ ਦਿਲ ਪੱਟ ਹੋਣ ਲੱਗਾ। ਉਸਨੇ ਇੱਕ ਹੱਥ ਆਪਣੇ ਮੂੰਹ ’ਤੇ ਰੱਖ ਕੇ ਦੂਸਰੇ ਹੱਥ ਨਾਲ ਇਸ਼ਾਰਾ ਕਰਦਿਆਂ ਬਾਰੀ ਦੇ ਨਾਲ ਬੈਠੀ ਔਰਤ ਨੂੰ ਕਿਹਾ ਕਿ ਬਾਰੀ ਦਾ ਸ਼ੀਸ਼ਾ ਖੋਲ੍ਹ ਦੇਵੇ। ਉਸ ਬੇਚਾਰੀ ਨੇ ਜ਼ੋਰ ਲਾਇਆ ਪਰ ਰੋਡਵੇਜ਼ ਦੀ ਬੱਸ ਦਾ ਅੜਿਆ ਹੋਇਆ ਸ਼ੀਸ਼ਾ ਨਾ ਖੁੱਲ੍ਹਾ। ਆਦਮੀ ਤੋਂ ਕੰਟਰੋਲ ਨਾ ਹੋਇਆ ਤਾਂ ਉਸਨੇ ਕੋਸ਼ਿਸ਼ ਕਰਨ ਦੇ ਬਾਵਜੂਦ ਹੀ ਬੱਸ ਦੇ ਵਿਚਕਾਰ ਹੀ ਉਲਟੀ ਕਰ ਦਿੱਤੀ…। ਵੱਸ ਨਹੀਂ ਰਿਹਾ ਉਸਦੇ। ਕੰਡਕਟਰ ਨੂੰ ਲੱਗਾ ਕਿ ਹੁਣ ਬੱਸ ਧੁਆਉਣੀ ਪਵੇਗੀ, ਇਸ ਲਈ ਉਹਨੂੰ ਇਹ ਚੰਗਾ ਨਾ ਲੱਗਾ। ਆਦਮੀ ਉਮਰ ਵਿੱਚ ਮਾੜਾ-ਮੋਟਾ ਕੰਡਕਟਰ ਨਾਲੋਂ ਵੱਡਾ ਲਗਦਾ ਸੀ ਪਰ ਇੰਨਾ ਜ਼ਿਆਦਾ ਵੀ ਵੱਡਾ ਨਹੀਂ ਸੀ। ਚਲਦੀ ਬੱਸ ਵਿੱਚ ਹੀ ਕੰਡਕਟਰ ਉਸ ਕੋਲ ਆ ਕੇ ਬੋਲਿਆ, “ਭਾਈਆ ਆਹ ਕੀ ਕਰ ਤਾ ਤੈਂ?”
ਉਸ ਆਦਮੀ ਦਾ ਦਮ ਅਜੇ ਵੀ ਟਿਕਾਣੇ ਨਹੀਂ ਆਇਆ ਸੀ। ਉਹ ਕੁਝ ਜ਼ਿਆਦਾ ਨਹੀਂ ਬੋਲ ਸਕਿਆ। ਕੰਡਕਟਰ ਫਿਰ ਬੜ੍ਹਕਿਆ, “ਜੇ ਐਦਾਂ ਦਾ ਕੰਮ ਕਰਨਾ ਹੁੰਦਾ ਆ ਤਾਂ ਅੱਗਿਓਂ ਡਰੈਵਰ ਕੋਲੋਂ ਬੈਗ ਲਓ ਜਾ ਕੇ! … ਆਹ ਬੜਾ ਸੋਹਣਾ ਲਿਖਿਆ ਤੁਹਾਡੇ ਵਰਗਿਆਂ ਲਈ!” ਕੰਡਕਟਰ ਨੇ ਬੱਸ ਵਿੱਚ ਲੱਗੇ ਬੋਰਡ ਵੱਲ ਇਸ਼ਾਰਾ ਕੀਤਾ ਜਿਸ ਉੱਪਰ ਲਿਖਿਆ ਸੀ, … “ਉਲਟੀ ਵੇਲੇ ਸਵਾਰੀ ਡਰਾਇਵਰ ਕੋਲੋਂ ਬੈਗ ਲੈ ਲਵੇ।”
ਨਾਲ ਬੈਠੇ ਮੇਰੇ ਦੋਸਤ ਨੇ ਕੰਡਕਟਰ ਨੂੰ ਕੁਝ ਕਹਿਣਾ ਚਾਹਿਆ ਪਰ ਉਹ ਉਸ ਆਦਮੀ ਦੀ ਖੱਲ ਲਾਉਣ ’ਤੇ ਤੁਲਿਆ ਹੋਇਆ ਸੀ। ਜਦੋਂ ਕੰਡਕਟਰ ਨਾ ਹੀ ਹਟਿਆ ਤਾਂ ਉਹ ਆਦਮੀ ਖਿਝ ਕੇ ਬੋਲਿਆ, “ਇਸ ਬੱਸ ਦੀ ਤਾਕੀ ਕੋਈ ਖੁੱਲ੍ਹਦੀ ਹੈਨੀ… ਆਹ ਬੀਬੀ ਨੇ ਜ਼ੋਰ ਲਾ ਲਿਆ। ਜਿਹੜੇ ਬੈਗਾਂ ਦੀਆਂ ਗੱਲਾਂ ਤੂੰ ਕਰਦਾਂ ਆਂ, ਪਹਿਲੀ ਗੱਲ ਤਾਂ ਤੇਰੇ ‘ਪਿਓ ਡਰਾਈਵਰ’ ਕੋਲ਼ ਬੈਗ ਹੋਣੇ ਹੀ ਨਹੀਂ! ਜਾ ਕੇ ਆਪ ਹੀ ਦੇਖ ਲੈ…। ਤੂੰ ਹੀ ਦੱਸ, ਜੇ ਬੈਗ ਲੈਣ ਲਈ ਮੈਂ ਉੱਠ ਕੇ ਤੁਰ ਵੀ ਪੈਂਦਾ ਤਾਂ ਰਾਹ ਵਿੱਚ ਕਿੰਨੀਆਂ ਸਵਾਰੀਆਂ ਦੇ ਕੱਪੜੇ ਖਰਾਬ ਕਰਦਾ? ਜਾਹ ਪਰੇ ਮਰ! ... ਦੌੜ ਜਾ ਇੱਥੋਂ! ਮੇਰਾ ਸਿਰ ਨਾ ਖਾ! ਕੁੱਤੇ ਦਾ ਪੁੱਤ ਨਾ ਹੋਵੇ ਤਾਂ… ਕਨੂੰਨ ਪੜ੍ਹੌਣ ਆਇਆ ਮੈਨੂੰ!”
ਲਾਹ-ਪਾਹ ਕਰਨ ਆਇਆ ਕੰਡਕਟਰ ਉਲਟੀ ਆਪਣੀ ਲਾਹ-ਪਾਹ ਕਰਵਾ ਕੇ ਵਾਪਸ ਡਰਾਈਵਰ ਵੱਲ ਨੂੰ ਚਲੇ ਗਿਆ।
ਦਹਾਕਿਆਂ ਬਾਅਦ ਵੀ ਜੀਵਨ ਦੇ ਅਜਿਹੇ ਪਲ ਅਕਸਰ ਆ ਦਸਤਕ ਦਿੰਦੇ ਹਨ। ਕੁਝ ਸਮਾਂ ਪਹਿਲਾਂ ਨਾਨਕੇ ਪਿੰਡ ਗਿਆ ਤਾਂ ‘ਤੇਲੀਆ-ਨਾਨੇ’ ਵਾਲੇ ਬਾਗ ਦੀ ਜਗ੍ਹਾ ਪੱਧਰੇ ਖੇਤ ਅਤੇ ‘ਮਾਸਟਰ-ਡਾਕਟਰ ਨਾਨੇ’ ਦੀ ਬੈਠਕ ਵਾਲੀ ਥਾਂ ਉੱਪਰ ਬਹੁਮੰਜ਼ਲੀ ਕੋਠੀ ਦੇਖ ਮੇਰੇ ਦਿਮਾਗ ਨੇ ਮਨ ਨੂੰ ਮੱਤ ਦੇਣੀ ਚਾਹੀ, … “ਬੀਤੇ ਵਿੱਚ ਹੀ ਨਾ ਮੁੜ-ਮੁੜ ਜੀਅ… ਇਹ ਤਾਂ ਜ਼ਿੰਦਗੀ ਦੇ ਰੰਗ ਹੈ, ਸੱਜਣਾ! … ਅੱਜ ਹੋਰ ਤੇ ਕੱਲ੍ਹ ਨੂੰ ਹੋਰ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































