“ਕੋਲ ਬੈਠੀ ਮੈਡਮ ਨੇ ਚੀਮਾ ਸਾਹਿਬ ਦੀ ਵੱਖੀ ਵਿੱਚ ਪੋਲੀ ਜਿਹੀ ਕੂਹਣੀ ਮਾਰੀ ਅਤੇ ਫਿਰ ...”
(31 ਜੁਲਾਈ 2025)
“ਤੁਸੀਂ ਮੇਰੀ ਗੱਲ ਸੁਣੋ ਜੀ! ਇਹ ਵੇਲਾ ਘੇਸਲ ਵੱਟਣ ਦਾ ਬਿਲਕੁਲ ਨਈਂ ... ਮੈਂ ਪਤਾ ਨਈਂ ਕਿੰਨੇ ਚਿਰ ਦੀ ਦੁਹਾਈ ਪਾਈ ਜਾਨੀ ਆਂ, ਇਨ੍ਹਾਂ ਦੇ ਕੰਨ ’ਤੇ ਜੂੰ ਤਕ ਨਹੀਂ ਸਰਕਦੀ! ਸਿਆਣੇ ਲੋਕ ਕਹਿ ਗਏ ਆ ਕਿ ਬਿਮਾਰੀ ਜਿੰਨੀ ਜਲਦੀ ਨੱਪ ਹੋ ਜਾਵੇ, ਉੰਨਾ ਈ ਚੰਗਾ ਹੁੰਦਾ। ਮੈਨੂੰ ਇਹ ਪਤਾ ਨਈਂ ਲਗਦਾ, ਇਸ ਪੜ੍ਹੇ ਲਿਖੇ ਅਨਪੜ੍ਹ ਨੂੰ ਮੈਂ ਕਿੱਦਾਂ ਸਮਝਾਵਾਂ?” ਸਵੇਰੇ ਸਵੇਰੇ ਘਰ ਤੋਂ ਯੂਨੀਵਰਸਿਟੀ ਨੂੰ ਤੁਰਦਿਆਂ ‘ਚੀਮਾ ਸਾਹਿਬ’ ਦੀ ਮੈਡਮ ਨੇ ਮਗਰੋਂ ਹਾਕ ਮਾਰਦਿਆਂ ਅੱਜ ਫਿਰ ‘ਇੱਕ ਦੂਣੀ ਦੂਣੀ - ਦੋ ਦੂਣੀ ਚਾਰ’ ਵਾਂਗ ਰਟੇ ਪਹਾੜੇ ਦੀ ਤਰ੍ਹਾਂ ਆਪਣੇ ਮਨ ਦਾ ਫਿਕਰ ਜ਼ਾਹਰ ਕਰ ਦਿੱਤਾ।
ਚੀਮਾ ਸਾਹਿਬ ਪੰਜਾਬ ਜੀ ਇੱਕ ਪ੍ਰਸਿੱਧ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਅੱਜ ਵੀ ਉਸ ਨੇ ਪਹਿਲਾਂ ਵਾਂਗ ਹੀ ਬਿਨ ਬੋਲਿਆਂ ਮੈਡਮ ਵੱਲ ਦੇਖ ਕੇ ਬੜੀ ਨਿਮਰਤਾ ਨਾਲ ਆਪਣੇ ਸਿਰ ਨੂੰ ਪੈਰਾਂ ਵੱਲ ਝੁਕਾ ਕੇ ਹਾਂ ਕਰ ਦਿੱਤੀ। ਚੀਮਾ ਸਾਹਿਬ ਦੀ ਪਤਨੀ ਇਹ ਸਿਰ ਪਹਿਲਾਂ ਵੀ ਕਈ ਵਾਰ ਹੇਠਾਂ ਨੂੰ ਝੁਕਦਾ ਦੇਖ ਚੁੱਕੀ ਸੀ ਪਰ ਪਰਨਾਲਾ ਫਿਰ ਵੀ ਅਜੇ ਤਕ ਉੱਥੇ ਦਾ ਉੱਥੇ ਹੀ ਸੀ। ਕਈ ਵਰ੍ਹਿਆਂ ਤੋਂ ਚੀਮਾ ਸਾਹਿਬ ਦੀ ਗੱਡੀ ਚਲਾਉਂਦੇ ਭਰੋਸੇਯੋਗ ਡਰਾਇਵਰ ਨੇ ਮੁਸਕਰਾਉਂਦੇ ਹੋਏ ਗੱਡੀ ਦੀ ਤਾਕੀ ਖੋਲ੍ਹ ਕੇ ਸਾਹਿਬ ਨੂੰ ਵਿੱਚ ਬਿਠਾਇਆ। ਅਕਸਰ ਹੀ ਮੈਡਮ ਦੀ ਇਹ ਤਾਕੀਦ ਸੁਣਦਿਆਂ ਅੰਦਰੋ-ਅੰਦਰੀ ਡਰਾਇਵਰ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਚੀਮਾ ਸਾਹਿਬ ਜ਼ਰੂਰ ਕਿਸੇ ‘ਮਾਰੂ ਬਿਮਾਰੀ’ ਤੋਂ ਪੀੜਿਤ ਹਨ। ਅੱਜ ਸਵੇਰੇ ਹੀ ਸੜਕ ਉੱਪਰ ਭੀੜ-ਭੜੱਕਾ ਅਤੇ ਗੱਡੀਆਂ ਦੇ ਕੰਨ ਪਾੜਵੇਂ ਹਾਰਨਾਂ ਦੇ ਮਾਹੌਲ ਦਰਮਿਆਨ ਚੀਮਾ ਸਾਹਿਬ ਨੂੰ ਡੂੰਘੀਆਂ ਸੋਚਾਂ ਵਿੱਚ ਡੁੱਬਿਆਂ ਦੇਖ ਕੇ ਡਰਾਇਵਰ ਹੌਸਲਾ ਜਿਹਾ ਕਰਕੇ ਜਕਦਿਆਂ-ਜਕਦਿਆਂ ਬੋਲਿਆ, “ਸਾਹਿਬ ਜੀ, ਛੋਟਾ ਮੂੰਹ ਬੜੀ ਬਾਤ… ਪਰ ਜੇ ਗੁੱਸਾ ਨਾ ਕਰੋਂ ਤਾਂ ਇੱਕ ਗੱਲ ਪੁੱਛਾਂ ਜੀ?”
“ਮੈਂ ਤੇਰੀ ਗੱਲ ਦਾ ਅੱਗੇ ਕਦੋਂ ਗੁੱਸਾ ਕੀਤਾ? ਹਾਂ… ਚੱਲ ਪੁੱਛ ਲੈ… ਐਵੇਂ ਆਪਣੇ ਮਨ ਉੱਪਰ ਵਾਧੂ ਦਾ ਭਾਰ ਨਾ ਪਾਇਆ ਕਰ!” ਚੀਮਾ ਸਾਹਿਬ ਬੋਲੇ।
ਤੁਸੀਂ ਮੈਡਮ ਦੀ ਗੱਲ ਨੂੰ ਲੈ ਕੇ ਚੁੱਪ-ਚਾਪ ਬੈਠਣ-ਸੋਚਣ ਨਾਲੋਂ ਉਹਨਾਂ ਨੂੰ ਇੱਕ ਵਾਰ ‘ਸੁਣ ਈ ਕਿਉਂ ਨਹੀਂ ਲੈਂਦੇ ਜੀ? ਡਾਕਟਰ ਸਚਦੇਵੇ ਨਾਲ ‘ਪੁਇੰਟਮੈਟ’ ਬਣਾ ਈ ਲਓ… ਜੀ!! ਮੈਂ ਇੱਕ ਦਿਨ ਮੈਡਮ ਨੂੰ ਉੱਥੇ ਲੈ ਕੇ ਗਿਆ ਸੀ… ਉਹ ਵੀ ਤੁਹਾਨੂੰ ਯਾਦ ਕਰਦਾ ਸੀ…।” ਵਾਰ ਵਾਰ ਬੋਲਣ ਦੀ ਇਜਾਜ਼ਤ ਲੈਣ ਦੀ ਬਜਾਏ ਡਰਾਇਵਰ ਨੇ ਡਰਦੇ ਡਰਦੇ ਇੱਕੋ ਸਾਹੇ ਆਪਣੇ ਮਨ ਦੇ ਭਾਵ ਚੀਮਾ ਸਾਹਿਬ ਵੱਲ ਨੂੰ ਉਲਾਰ ਦਿੱਤੇ।
“ਨਹੀਂ ਯਾਰ, … ਮੈਂ ਤਾਂ ਯੂਨੀਵਰਸਿਟੀ ਦੇ ਕਿਸੇ ਹੋਰ ਗੰਭੀਰ ਮਸਲੇ ਬਾਰੇ ਸੋਚ ਰਿਹਾ ਸੀ। ਪਰ ਗੱਲ ਤੇਰੀ ਵੀ ਕੰਮ ਦੀ ਆ… ਮੈਂ ਵੀ ਬੜਾ ‘ਹਾਂ-ਹਾਂ’ ਕਹਿ ਕੇ ਲਟਕਾ ਲਿਆ। ਹਾਲਾਂ ਕਿ ਮੈਨੂੰ ਲਗਦਾ ਤਾਂ ਨਹੀਂ ਕਿ ‘ਇਹ’ ਕੋਈ ਬਿਮਾਰੀ ਹੈ… ਪਰ ਫਿਰ ਵੀ… ਤੂੰ ਐਂ ਕਰ, ਅੱਜ ਡਾਕਟਰ ਸਚਦੇਵੇ ਨਾਲ ਅਪੁਆਇੰਟਮੈਂਟ ਬਣਾ ਹੀ ਦੇ…। ਸ਼ੁੱਕਰਵਾਰ ਸ਼ਾਮ ਤੋਂ ਪਹਿਲਾਂ ਨਹੀਂ ਮੈਥੋਂ ਜਾਇਆ ਜਾਣਾ… ਤੇ ਮੈਡਮ ਨੂੰ ਵੀ ਦੱਸ ਦੇਈਂ…।” ਚੀਮਾ ਸਾਹਿਬ ਨੇ ਡਰਾਇਵਰ ਨੂੰ ਤਾਕੀਦ ਕਰਦਿਆਂ ਕਿਹਾ। ਘਰ ਤੋਂ ਯੂਨੀਵਰਸਿਟੀ ਦੇ ਸਫ਼ਰ ਦੌਰਾਨ ਗੱਲਾਂ-ਬਾਤਾਂ ਮਾਰਦਿਆਂ ਅਤੇ ਨਿੱਕੇ-ਨਿੱਕੇ ਹਾਸਿਆਂ ਨੂੰ ਵੱਡੇ ਹਾਸਿਆਂ ਦੀਆਂ ਫਿਜ਼ਾਵਾਂ ਵਿੱਚ ਮਿਲਾਉਂਦਿਆਂ ਗੱਡੀ ਯੂਨੀਵਰਸਿਟੀ ਦਾ ਗੇਟ ਟੱਪ ਕੇ ਵੀ ਸੀ ਸਾਹਿਬ ਦੇ ਦਫਤਰ ਅੱਗੇ ਪਹੁੰਚ ਚੁੱਕੀ ਸੀ।
ਸ਼ੁੱਕਰਵਾਰ ਦੀ ਸਵੇਰ ਚੀਮਾ ਸਾਹਿਬ ਆਪਣੇ ਕਾਲੇ ਰੰਗ ਦੇ ਪਾਲਤੂ ‘ਜਰਮਨ ਸ਼ੈਪਰਡ’ ਕੁੱਤੇ ਨੂੰ ਖਾਣ ਲਈ ‘ਟਰੀਟ’ ਦੇ ਕੇ ਹੱਥ ਧੋ ਹੀ ਰਹੇ ਸਨ ਕਿ ਜਾਲੀ ਵਾਲਾ ਅੱਧਾ ਦਰਵਾਜ਼ਾ ਖੋਲ੍ਹ ਕੇ ਮੈਡਮ ਨੇ ਫਿਰ ਯਾਦ ਕਰਾਇਆ। ਉਹ ਤਾਕੀਦੀ ਲਹਿਜੇ ਨਾਲ ਬੋਲੀ, “Today is the day, don’t forget your appointment, ji! (ਅੱਜ ਦੀ ਅਪੁਆਇੰਟਮੈਂਟ ਦਾ ਕਿਤੇ ਚੇਤਾ ਹੀ ਨਾ ਭੁਲਾ ਦਿਓ, ਜੀ!)
“ਤੁਸੀਂ ਵੀ ਚਾਰ ਵਜੇ ਤਿਆਰ ਰਿਹੋ, ਤੁਹਾਨੂੰ ਵੀ ਨਾਲ ਈ ਲੈ ਕੇ ਜਾਵਾਂਗੇ। ਤਸੱਲੀ ਵੀ ਹੋ ਜਊ ਤੇ ਨਾਲ ਹੀ ਟਾਈਮ ਵੀ ਪਾਸ ਹੋ ਜਾਊਗਾ। ਡਾਕਟਰ ਸਚਦੇਵਾ ਕਈ ਵਾਰੀ ਗੱਲਾਂ ਕਰਦਾ ਚਿਰ ਵੀ ਬਹੁਤ ਲਾ ਦਿੰਦਾ ਆ...।” ਬਹੁਤੀ ਵਾਰੀ ਚੀਮਾ ਸਾਹਿਬ ਸਿਰ ਹਿਲਾ ਕੇ ਹੀ ਕੱਚੀ-ਪੱਕੀ ਜਿਹੀ ਹਾਂ ਕਰ ਦਿੰਦੇ ਸਨ ਪਰ ਇਸ ਵਾਰ ਉਸਦੇ ਮੂੰਹੋਂ ਬੋਲੇ ਇਹ ਸ਼ਬਦ ਮੈਡਮ ਨੂੰ ਹੌਸਲੇ ਅਤੇ ਉਮੀਦ ਦੀ ਖੁਰਾਕ ਜਿਹੇ ਅਨੁਭਵ ਹੋਏ।
ਤਿੰਨ ਵਜੇ ਤਕ ਜਦੋਂ ਵੀ ਸੀ ਸਾਹਿਬ ਦੀ ਕੋਈ ਹਲਚਲ ਨਾ ਦਿਸੀ ਤਾਂ ਡਰਾਇਵਰ ਨੇ ਜਾ ਦਰਵਾਜ਼ਾ ਖੜਕਾਇਆ, “ਚੀਮਾ ਸਾਹਿਬ! ਲਗਦਾ ਤੁਹਾਨੂੰ ਫਿਰ ਚੇਤਾ ਭੁੱਲ ਗਿਆ। ਅੱਜ ਤੁਸਾਂ ਡਾਕਟਰ ਸਚਦੇਵੇ ਦੇ ਪਹੁੰਚਣਾ ਆ, ਚਾਰ ਵਜੇ!! ਮੈਡਮ ਦਾ ਦੋ ਵਾਰ ਫੋਨ ਆ ਚੁੱਕਾ ਆ… ਉਹ ਘਰ ਤਿਆਰ ਬਰ ਤਿਆਰ ਬੈਠੇ ਹਨ!”
“ਚੱਲ ਯਾਰ… ਇਹ ਕੰਮ ਤਾਂ ਹੁੰਦੇ ਈ ਰਹਿਣੇ ਆ… ਚੱਲ ਪਹਿਲਾਂ ਸਚਦੇਵੇ ਦੇ ਜਾ ਕੇ ‘ਕੱਟਾ ਕੱਟੀ’ ਕੱਢ ਈ ਲਈਏ…।” ਕੁਰਸੀ ਤੋਂ ਉੱਠਦਿਆਂ ਚੀਮਾ ਸਾਹਿਬ ਨੇ ਆਪਣਾ ਬਰੀਫ ਕੇਸ ਚੁੱਕ ਕੇ ਡਰਾਇਵਰ ਦੇ ਹੱਥ ਫੜਾਇਆ ਤਾਂ ਸਾਹਿਬ ਦਾ ਦਫਤਰੀ ਫੋਨ ਵੱਜਣ ਲੱਗ ਪਿਆ। ਡਰਾਇਵਰ ਨੇ ਹੱਥਾਂ ਅਤੇ ਅੱਖਾਂ ਦੇ ਇਸ਼ਾਰੇ ਨਾਲ ਹੀ ਸਮਝਾਇਆ ਕਿ ਇਹ ਟਾਈਮ ਫੋਨ ਚੁੱਕਣ ਦਾ ਨਹੀਂ ਬਲਕਿ ਡਾਕਟਰ ਦੇ ਜਾਣ ਦਾ ਹੈ। ਯੂਨੀਵਰਸਿਟੀ ਦਾ ਗੇਟ ਪਾਰ ਕਰਦਿਆਂ ਹੀ ਡਰਾਇਵਰ ਨੇ ਗੱਡੀ ਜਹਾਜ਼ ਚੜ੍ਹਾਉਣ ਵਾਂਗ ਦੱਬ ਦਿੱਤੀ। ਚੀਮਾ ਸਾਹਿਬ ਬੋਲੇ, “ਗੱਡੀ ਹੌਲੀ ਚਲਾ ਯਾਰ, ਕਿਤੇ ਕਲੀਨਿਕ ਦੀ ਜਗ੍ਹਾ… ਹਸਪਤਾਲ ਈ ਨਾ ਪਹੁੰਚ ਜਾਈਏ!”
ਮੈਡਮ ਨੂੰ ਨਾਲ ਲੈ ਕੇ ਉਹ ਡਾਕਟਰ ਸਚਦੇਵੇ ਦੀ ਕਲੀਨਿਕ ’ਤੇ ਪਹੁੰਚ ਗਏ। ਫੈਮਿਲੀ ਡਾਕਟਰ ਹੋਣ ਕਰਕੇ ਫੈਮਿਲੀ ਦੀਆਂ ਗੱਲਾਂ ਕਰਦਿਆਂ ਡਾ. ਸਚਦੇਵਾ ਬੋਲੇ, “ਮੈਡਮ ਆਏ ਸੀ ਇੱਕ ਦਿਨ… ਤੇ ਕਹਿੰਦੇ ਸੀ ਤੁਹਾਨੂੰ ਭੇਜਾਂਗੀ… ਚੈੱਕ ਅੱਪ ਹੋ ਜਾਊ… ਚਿਰ ਹੋ ਗਿਆ ਤੁਹਾਨੂੰ ਆਇਆਂ ਨੂੰ।”
“ਹਾਂ... ਉਹ ਵੀ ਨਾਲ ਹੀ ਹਨ। ਬਾਹਰ ਈ ਬੈਠੇ ਹਨ।” ਚੀਮਾ ਸਾਹਿਬ ਬੋਲੇ।
ਡਾਕਟਰ ਸਚਦੇਵੇ ਨੇ ਨਰਸ ਨੂੰ ਆਵਾਜ਼ ਮਾਰ ਕੇ ਆਖਿਆ, “ਮੈਡਮ ਨੂੰ ਵੀ ਅੰਦਰ ਭੇਜ ਦਿਓ… ਮੈਂ ਫੈਮਲੀ ਡਾਕਟਰ ਹਾਂ ਇਨ੍ਹਾਂ ਦਾ… ਚੈੱਕ ਅੱਪ ਦੇ ਨਾਲ ਈ ਦੋ ਚਾਰ ਗੱਲਾਂਬਾਤਾਂ ਵੀ ਹੋ ਜਾਣਗੀਆਂ।”
ਚੀਮਾ ਸਾਹਿਬ ਦਾ ਚੈੱਕ-ਅੱਪ ਕਰਦਿਆਂ ਗਾਲੜੀ ਡਾ. ਸਚਦੇਵਾ ਗੱਲਾਂ ਵੀ ਕਰਦਾ ਰਿਹਾ। ਸਿਹਤ ਸਬੰਧੀ ਜ਼ਰੂਰੀ ਚੈੱਕ ਅੱਪ ਵਗੈਰਾ ਕਰਕੇ ਡਾ. ਸਚਦੇਵਾ ਬੋਲਿਆ, “ਮਿੱਡ-ਫਿਫਟੀ ਦੀ ਉਮਰ ਦੇ ਹਿਸਾਬ ਨਾਲ ਸਭ ਕੁਝ ਸਹੀ ਹੀ ਲੱਗ ਰਿਹਾ ਹੈ…। ਕੋਈ ਟੈੱਸਟ ਵਗੈਰਾ ਕਰਾਉਣ ਦੀ ਜ਼ਰੂਰਤ ਨਹੀਂ ਜਾਪਦੀ। ਥੋੜ੍ਹਾ ਭਾਰ ਘਟਾਓ, ਮਿੱਠਾ ਨਾ ਖਾਇਆ ਕਰੋ। ਡਾਈਟ ਦਾ ਖਿਆਲ ਰੱਖੋ। ਸੈਰ ਅਤੇ ਕਸਰਤ ਕਰਦੇ ਰਿਹਾ ਕਰੋ ਜੀ…। ਸਿਹਤ ਪੱਖੋਂ ਕੋਈ ਹੋਰ ਸ਼ਿਕਵਾ ਜਾਂ ਸ਼ਿਕਾਇਤ ਹੈ ਚੀਮਾ ਸਾਹਿਬ?””
“ਨਹੀਂ... ਕੋਈ ਖ਼ਾਸ ਨਹੀਂ।” ਚੀਮਾ ਸਾਹਿਬ ਬੋਲੇ। ਕੋਲ ਬੈਠੀ ਮੈਡਮ ਨੇ ਚੀਮਾ ਸਾਹਿਬ ਦੀ ਵੱਖੀ ਵਿੱਚ ਪੋਲੀ ਜਿਹੀ ਕੂਹਣੀ ਮਾਰੀ ਅਤੇ ਫਿਰ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, “ਸਚਦੇਵਾ ਆਪਣਾ ਫੈਮਿਲੀ ਡਾਕਟਰ ਹੈ!! ਇਸ ਕੋਲੋਂ ਲੁਕੋ ਕਾਹਦਾ?”
ਡਾ. ਸਚਦੇਵੇ ਦੀਆਂ ਅੱਡੀਆਂ ਹੋਈਆਂ ਅਤੇ ਹੈਰਾਨ ਹੋਈਆਂ ਅੱਖਾਂ ਚੀਮਾ ਸਾਹਿਬ ਦੇ ਚਿਹਰੇ ਦੀਆਂ ਤਿਊੜੀਆਂ ਵਿੱਚੋਂ ਕੋਈ ‘ਮਾਰੂ ਬਿਮਾਰੀ’ ਟਟੋਲਣ ਲੱਗੀਆਂ ਤਾਂ ਚੀਮਾ ਸਾਹਿਬ ਬੋਲੇ, “ਪਤਾ ਨਹੀਂ ਇਹ ਕੋਈ ਬਿਮਾਰੀ ਹੈ ਵੀ, ਜਾਂ ਨਹੀਂ। ਮੈਨੂੰ ਨੀਂਦ ਬਹੁਤ ਆਉਂਦੀ ਆ… ਕਈ ਵਾਰੀ ਤਾਂ ਗੱਲਾਂ ਕਰਦਿਆਂ ਅਤੇ ਹੁੰਗਾਰੇ ਭਰਦਿਆਂ ਈ ਸੌਂ ਜਾਨਾ ਆਂ ਮੈਂ ...।”
ਡਾ. ਸਚਦੇਵਾ ਲੰਮਾ ਸਾਰਾ ਸਾਹ ਖਿੱਚ ਕੇ ਠਹਾਕਾ ਮਾਰਦਿਆਂ ਬੋਲਿਆ, “ਹੈਂਅਅ…? ਤੁਸੀਂ ਤਾਂ ਭਾਗਾਂ ਵਾਲੇ ਹੋ ਬਾਦਸ਼ਾਹੋ, ਭਾਗਾਂ ਵਾਲੇ! ... ਮੇਰੇ ਕੋਲ ਮਰੀਜ਼ ਆਣ ਕੇ ਰੋਂਦੇ ਹਨ, ਪਿੱਟਦੇ ਹਨ ਕਿ ਉਨ੍ਹਾਂ ਨੂੰ ਨੀਂਦ ਆਉਂਦੀ। ਉਹ ਨੀਂਦ ਲਈ ਤਰਸਦੇ ਹਨ… ਪਤਾ ਨਹੀਂ ਕਿੱਥੇ ਖੰਭ ਲਾ ਕੇ ਉਡ ਜਾਂਦੀ ਹੈ ਉਨ੍ਹਾਂ ਦੀ ਨੀਂਦ... ਤੇ ਤੁਸੀਂ?… ਇਹ ਕੋਈ ਬਿਮਾਰੀ-ਬਿਮੂਰੀ ਨਹੀਂ ਹੈ! ਤੁਸੀਂ ਕਿਸਮਤ ਵਾਲੇ ਹੋ... ਐਵੇਂ ਨਾ ਫਿਕਰ ਕਰਿਆ ਕਰੋ!”
ਚੀਮਾ ਸਾਹਿਬ ਅਤੇ ਮੈਡਮ ਨੂੰ ਡਾ. ਸਚਦੇਵਾ ਦੀ ਇਹ ਗੱਲ ਇੱਕ ਲੰਬਾ ਮੈਚ ਜਿੱਤਣ ਦੀ ਆਖਰੀ ਸੀਟੀ ਵਾਂਗ ਲੱਗੀ।
ਬਾਹਰ ਗੱਡੀ ਵਿੱਚ ਬੈਠੇ ਡਰਾਇਵਰ ਨੇ ਚੀਮਾ ਸਾਹਿਬ ਅਤੇ ਮੈਡਮ ਦੀ ਚਾਲ-ਢਾਲ ਅਤੇ ਚਿਹਰੇ ਦੇ ਹਾਲ-ਭਾਵ ਤੋਂ ਅੰਦਾਜ਼ਾ ਲਾ ਲਿਆ ਕਿ ਬਿਮਾਰੀ ਕੋਈ ਗੰਭੀਰ ਨਹੀਂ ਹੈ ਜਾਂ ਫਿਰ ਬਿਮਾਰੀ ਹੈ ਹੀ ਨਹੀਂ ਹੈ। ਉਸਨੇ ਗੱਡੀ ਦੀਆਂ ਤਾਕੀਆਂ ਖੋਲ੍ਹ ਕੇ ਵਾਰੀ-ਵਾਰੀ ਦੋਹਾਂ ਨੂੰ ਵਿੱਚ ਬਿਠਾ ਲਿਆ ਅਤੇ ਗੱਡੀ ਛਲਾਂਗਾਂ ਮਾਰਦੀ ਚੀਮਾ ਸਾਹਿਬ ਦੀ ਕੋਠੀ ਪਹੁੰਚ ਗਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (