“ਚੰਗੇ ਸਾਹਿਤ ਬਾਰੇ ਕੁਝ ਜਾਣਨ ਅਤੇ ਸਿੱਖਣ ਦੇ ਮੰਤਵ ਨਾਲ ਅਜਿਹੇ ‘ਸ਼ਬਦਾਂ ਦੇ ਸਮੁੰਦਰ’ ਵਿੱਚ ...”![]()
(30 ਜੂਨ 2026)
ਕੁਛ ਦਿਨ ਪਹਿਲਾਂ ਮੈਨੂੰ ‘ਪਰਮਜੀਤ ਦਿਓਲ’ ਦੇ ਪਲੇਠੇ ਗਜ਼ਲ ਸੰਗ੍ਰਹਿ “ਕੂੰਜਾਂ ਦੇ ਰੂਬਰੂ” ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਪੁਸਤਕ ਦੇ ਨਾਂ ਦੀ ਤਰ੍ਹਾਂ ਖੂਬਸੂਰਤ ਅਤੇ ਡੂੰਘੀ ਸ਼ਾਇਰੀ ਨਾਲ ਲਬਰੇਜ਼ ਪੁਸਤਕ ਜਲਦੀ ਪੜ੍ਹੀ ਵੀ ਗਈ। ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੀ ਬਹੁਪੱਖੀ ਅਤੇ ਬਹੁਵਿਧਾਵੀ ਲੇਖਿਕਾ ‘ਪਰਮਜੀਤ ਦਿਓਲ’ ਨਿਰਸੰਦੇਹ ਹੀ ਇੱਕ ਜਾਣੀ ਪਛਾਣੀ ਅਤੇ ਸਨਮਾਨਯੋਗ ਸ਼ਖਸੀਅਤ ਹੈ। ਸਾਹਿਤ ਸਿਰਜਣਾ ਦੇ ਨਾਲ ਹੀ ਉਸ ਨੂੰ ਥੀਏਟਰ ਅਤੇ ਫਿਲਮੀ ਕਲਾਕਾਰੀ ਦਾ ਵੀ ਸ਼ੌਕ ਹੈ। ਖੂਬਸੂਰਤ ਰੂਹ ਵਾਲੀ ਪਰਮਜੀਤ ਦਿਓਲ ਆਪਣੇ ਘਰ-ਪਰਿਵਾਰ, ਸੱਭਿਆਚਾਰਕ ਅਤੇ ਸਾਹਿਤਕ-ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾ ਰਹੀ ਹੈ।
ਪਿਛਲੇ ਤਿੰਨ ਕੁ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਸਨੇ ਇੱਕ ਵਿਲੱਖਣ ਮੁਕਾਮ ਹਾਸਲ ਕਰ ਲਿਆ ਹੈ। ਸੰਵੇਦਨਸ਼ੀਲ ਕਾਵਿ-ਮਨ ਅਤੇ ਪੰਜਾਬੀ ਸਾਹਿਤ ਨਾਲ ਮੋਹ-ਮੁਹੱਬਤ ਉਸਦੇ ਖਾਨਦਾਨੀ ‘ਡੀ ਐੱਨ ਏ’ ਦੀ ਬਦੌਲਤ ਹੈ। ਉਸਦੇ ਪਿਤਾ ਜੀ ਖੁਦ ਵਧੀਆ ਕਵਿਤਾ ਲਿਖਦੇ ਸਨ। ਪਰਮਜੀਤ ਦਿਓਲ ਨੇ ਉਨ੍ਹਾਂ ਦੀਆਂ ਪੈੜਾਂ ’ਤੇ ਚਲਦਿਆਂ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਕੀਤੀ।
ਪਰਮਜੀਤ ਦੇ ਸੱਜਰੇ ਗਜ਼ਲ ਸੰਗ੍ਰਹਿ “ਕੂੰਜਾਂ ਦੇ ਰੂਬਰੂ” ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਉਸਦੀ ‘ਕਵਿਤਾ’ ਅਤੇ ‘ਸੰਪਾਦਨ’ ਦੀ ਗੱਲ ਕਰਨੀ ਬਣਦੀ ਹੈ। ਪਰਮਜੀਤ ਨੇ ਆਪਣੇ ਸਾਹਿਤਕ ਸਫਰ ਦਾ ਆਗਾਜ਼ 2013 ਵਿੱਚ ਪਲੇਠੇ ਕਾਵਿ ਸੰਗ੍ਰਹਿ “ਸਾਹਾਂ ਦੀ ਪੱਤਰੀ” ਤੋਂ ਸ਼ੁਰੂ ਕੀਤਾ। ਇਸ ਸ਼ੁਰੂਆਤ ਤੋਂ ਅੱਗੇ ਚਲਦਿਆਂ ਉਸਨੇ “ਮੈਂ ਇੱਕ ਰਿਸ਼ਮ” (2015) ਅਤੇ “ਤੂੰ ਕੱਤ ਬਿਰਹਾ” (2017) ਤੀਕ ਦਾ ਪੈਂਡਾ ਸਰ ਕੀਤਾ। ਤਕਰੀਬਨ 4 ਕੁ ਸਾਲ ਦੇ ਬਾਅਦ ਉਸਨੇ ਸਮੇਂ ਦੀ ਨਜ਼ਾਕਤ, ਸ਼ਬਦਾਂ ਦੀ ਤਾਕਤ ਨੂੰ ਸਮਝਦਿਆਂ ਅਤੇ ਆਪਣੇ ਨੈਤਿਕ ਫਰਜ਼ ਨੂੰ ਨਿਭਾਉਂਦਿਆਂ ਆਪਣੇ ਸਾਹਿਤਕ ਸਫਰ ਦਾ ‘ਕਾਂਟਾ’ ਬਦਲਿਆ। ਕਿਸਾਨ ਅੰਦੋਲਨ ਲਈ ਇੱਕ ਵਡਮੁੱਲਾ ਸਾਹਿਤਕ ਯੋਗਦਾਨ ਪਾਉਂਦਿਆਂ “ਕਿਸਾਨੀ ਇਬਾਰਤ” (2021) ਨਾਂ ਦੀ ਦਸਤਾਵੇਜ਼ੀ ਪੁਸਤਕ ਸੰਪਾਦਿਤ ਕੀਤੀ।
ਸੰਵੇਦਨਸ਼ੀਲ ਮਨੁੱਖ ਦੀ ਰੂਹ ਅੰਦਰ ਅਨੁਭਵਾਂ ਜਾਂ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਰਹਿੰਦਾ ਹੈ। ਚਾਹੁੰਦਿਆਂ ਹੋਇਆਂ ਵੀ ਉਹ ਇਸ ਪ੍ਰਕਿਰਿਆ ਨੂੰ ਜ਼ਿਆਦਾ ਦੇਰ ਤਕ ਰੋਕ-ਟੋਕ ਨਹੀਂ ਸਕਦਾ। ਇਨ੍ਹਾਂ ਅਨੁਭਵਾਂ, ਅਹਿਸਾਸਾਂ ਅਤੇ ਵਲਵਲਿਆਂ ਦਾ ਸੰਗਮ ਫਿਰ ਲਫਜ਼ਾਂ ਦਾ ਵਹਿਣ ਬਣ ਵਗ ਤੁਰਦਾ ਹੈ। ਅਗਲੇ ਪੰਜ ਕੁ ਸਾਲ ਪਰਮਜੀਤ ਵੀ ਆਪਣੇ ਅਹਿਸਾਸਾਂ, ਅਨੁਭਵਾਂ ਤੇ ਵਲਵਲਿਆਂ ਨੂੰ ਉਧੇੜਦੀ-ਬੁਣਦੀ ਰਹੀ। ਸਿਰਜਣਾ ਨੂੰ ਪਕਾਉਂਦੀ ਰਹੀ ਅਤੇ ਸ਼ਬਦਾਂ ਨੂੰ ਜਿਊਂਦੀ ਰਹੀ। ਇਸ ਵਰ੍ਹੇ ਪਰਮਜੀਤ ਦਿਓਲ ਆਪਣੇ ਸੱਜਰੇ ਗਜ਼ਲ ਸੰਗ੍ਰਹਿ “ਕੂੰਜਾਂ ਦੇ ਰੂਬਰੂ” ਨਾਲ ਪਾਠਕਾਂ ਦੇ ਰੂਬਰੂ ਹੋਈ ਹੈ!
ਜਦੋਂ ਪਰਮਜੀਤ ਦਿਓਲ ਦੀ ‘ਕਵਿਤਾ’ ਦੀ ਗੱਲ ਕਰਦੇ ਹਾਂ ਤਾਂ ਮੈਂ ਪੰਜਾਬੀ ਸਾਹਿਤ ਦੇ ਹਰਫਨਮੌਲਾ ‘ਵਰਿਆਮ ਸਿੰਘ ਸੰਧੂ’ ਦੀਆਂ ਕੁਛ ਲਾਈਨਾਂ ਪਾਠਕਾਂ ਦੇ ਰੂਬਰੂ ਕਰਨੀਆਂ ਚਾਹੁੰਦਾ ਹਾਂ, ਜੋ ਪਰਮਜੀਤ ਦਿਓਲ ਦੀ ਦਹਾਕਾ ਪਹਿਲਾਂ ਆਈ ਕਾਵਿ ਪੁਸਤਕ “ਮੈਂ ਇੱਕ ਰਿਸ਼ਮ” ਦੇ ‘ਆਸ਼ੀਰਵਾਦ!’ ਵਿੱਚ ਇੰਜ ਕਲਮਬੱਧ ਹਨ…
“ਕਵਿਤਾ ਲਿਖਣ ਲਈ ਵੀ ਖਾਸ ਪ੍ਰਤਿਭਾ ‘ਮਖਸੂਸ’ ਹੁੰਦੀ ਹੈ। ਇਹ ਤੁਕਾਂ ਘੜਨ ਜਾਂ ਵਾਰਤਕ ਦੀ ਸਤਰ ਨੂੰ ਤੋੜ ਕੇ ਵੱਧ ਸਤਰਾਂ ਵਿੱਚ ਲਿਖ ਦੇਣ ਦਾ ਨਾਂ ਨਹੀਂ। ਪੰਜਾਬੀ ਦੇ ਅੱਸੀ-ਫੀਸਦੀ ਸ਼ਾਇਰ ਇਸੇ ‘ਯੋਗਤਾ’ ਨੂੰ ਹੀ ਕਵਿਤਾ ਸਮਝੀ ਬੈਠੇ ਹਨ। ਪਰ ਕਵਿਤਾ ਦੀ ਸਮਝ ਵਿਰਲਿਆਂ ਕੋਲ ਹੈ। ਪਰਮਜੀਤ ਦਿਓਲ ਨੂੰ ਕਵਿਤਾ ਦੀ ਸਮਝ ਹੈ। ਉਹ ਕਵਿਤਾ ਘੜਦੀ ਨਹੀਂ, ਰਚਦੀ ਹੈ। ਉਹ ਕਾਹਦੀ ਕਵਿਤਾ ਜਿਸਦੇ ਅੱਖਰ ਜੁਗਨੂੰਆਂ ਵਾਂਗ ਨਾ ਜਗਦੇ ਹੋਣ! ਪਰਮਜੀਤ ਦੀ ਕਵਿਤਾ ਵਿੱਚ ‘ਕਿਤੇ, ਕਿਤੇ’ ਅਜਿਹੀ ਲਿਸ਼ਕ/ਚਮਕ ਦਿਸ ਪੈਂਦੀ ਹੈ। ਕਿਸੇ ਵੀ ਨਵੇਂ ਸ਼ਾਇਰ ਦੀ ‘ਕਿਤੇ, ਕਿਤੇ’ ਵੀ ਇਸ ਝਲਕ ਦਾ ਦਿਸ ਜਾਣਾ ਛੋਟੀ ਗੱਲ ਨਹੀਂ ਹੁੰਦੀ।”
ਪਰਮਜੀਤ ਦਿਓਲ ਦੇ “ਕੂੰਜਾਂ ਦੇ ਰੂਬਰੂ” ਗਜ਼ਲ ਸੰਗ੍ਰਹਿ ਨੂੰ ਪੜ੍ਹਦਿਆਂ ਤੇ ਮਾਣਦਿਆਂ, ਮੈਨੂੰ ਵਰਿਆਮ ਸਿੰਘ ਸੰਧੂ ਦੇ ਸ਼ਬਦਾਂ ਵਿਚਲੀ ‘ਸਦਾਕਤ’ ਬਿਲਕੁਲ ਦਰੁਸਤ ਲੱਗ ਰਹੀ ਹੈ…।
ਕੂੰਜਾਂ ਦੇ ਰੂਬਰੂ… ਭਾਵਨਾ, ਸੰਵੇਦਨਾ ਅਤੇ ਸੁਹਜਮਈ ਸ਼ਾਇਰੀ ਸੰਗਮ
ਮੇਰਾ ਮੰਨਣਾ ਹੈ ਕਿ ਕਵਿਤਾ, ਗਜ਼ਲ, ਗੀਤ, ਵਾਰਤਕ, ਕਹਾਣੀ, ਨਾਵਲ, ਸਫਰਨਾਮਾ ਜਾਂ ਫਿਰ ਕਿਸੇ ਵੀ ਰੂਪ ਵਿੱਚ ਸਿਰਜੀ ਹੋਈ ਮਿਆਰੀ ਸਾਹਿਤਕ ਸਿਰਜਣਾ ਅਗਰ ਲੇਖਕ ਦੀ ਰੂਹ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਪੜ੍ਹਨ ਵਾਲੇ ਤਕ ਪਹੁੰਚਾਉਂਦੀ ਹੈ, ਉਸ ਨਾਲ ਸੰਵਾਦ ਰਚਾਉਂਦੀ ਹੈ, ਗੱਲਬਾਤ ਕਰਦੀ ਹੈ, ਆਪਣੇ ਨਾਲ ਤੋਰਦੀ ਹੈ, ਜਾਂ ਫਿਰ ਉਹਦੀ ਰੂਹ ਨੂੰ ‘ਧੂਹ’ ਪਾਉਂਦੀ ਹੈ ਤਾਂ ਉਹ ਇੱਕ ਸੁੰਦਰ ਅਤੇ ਸ਼ਾਹਕਾਰ ਸਾਹਿਤਕ ਰਚਨਾ ਹੁੰਦੀ ਹੈ। ਪਰਮਜੀਤ ਦੀ ਪੁਸਤਕ “ਕੂੰਜਾਂ ਦੇ ਰੂਬਰੂ” ਵੀ ਇਸ ਮਿਆਰ ਦੀ ਸਿਰਜਣਾ ਹੈ ਜਿਸ ਵਿਚਲੀਆਂ ਰਚਨਾਵਾਂ ਸੂਖਮ, ਕੋਮਲ ਅਤੇ ਸੰਵੇਦਨਾ ਨਾਲ ਭਰਪੂਰ ਹਨ।
ਗਜ਼ਲ ਮੰਚ, ਸਰੀ, ਕੈਨੇਡਾ ਦੁਆਰਾ ਪ੍ਰਕਾਸ਼ਿਤ 66 ਗਜ਼ਲਾਂ ਦੇ ਸੰਗ੍ਰਹਿ ਨੂੰ ਪਰਮਜੀਤ ਨੇ ਹਰ ਉਸ ਸ਼ਖਸੀਅਤ ਨੂੰ ਸਮਰਪਤ ਕੀਤਾ ਹੋ ਜੋ ਉਸ ਨੂੰ ‘ਲਿਖਣ ਲਈ ਪ੍ਰੇਰਦਾ’ ਹੈ।
ਰਸਤਾ ਬੜਾ ਹੀ ਕਠਨ ਹੈ ਕੂੰਜਾਂ ਦੇ ਰੂਬਰੂ
ਹੋਣਾ ਪਵੇਗਾ ਕਿੰਨਿਆਂ ਦੇਸ਼ਾਂ ਦੇ ਰੂਬਰੂ
ਪੰਜਾਬੀ ਸਮਾਜ ਅਤੇ ਸੱਭਿਆਚਾਰ ’ਤੇ ਸਰਾਸਰ ਹੀ ਝਾਤੀ ਮਾਰੀਏ ਤਾਂ ਦੋ ਅੱਖਰਾਂ ਦੇ ਸ਼ਬਦ “ਕੂੰਜਾਂ” ਨੂੰ ਪੜ੍ਹਦਿਆਂ, ਕਹਿੰਦਿਆਂ ਜਾਂ ਸੁਣਦਿਆਂ ‘ਪੰਛੀ ਕੂੰਜ’ ਨਾਲੋਂ ਸਾਡੀਆਂ ਕੂੰਜਾਂ ਵਰਗੀਆਂ ਬਾਲੜੀਆਂ ਅਤੇ ਫਿਰ ਉਨ੍ਹਾਂ ਦਾ ਵੱਡੇ ਹੋ ਕੇ ਪੇਕੇ ਘਰੋਂ ਕੂੰਜਾਂ ਵਾਂਗ ਹੀ ਲੰਮੀ ਉਡਾਰੀ ਮਾਰ ਦੂਰ ਦੇਸ ਚਲੇ ਜਾਣਾ ਜ਼ਿਆਦਾ ਮਹਿਸੂਸ ਹੁੰਦਾ ਹੈ। ਜ਼ਿੰਦਗੀ ਦੇ ਪੈਂਡੇ ਕੂੰਜਾਂ ਵਾਂਗ ਹੀ ਧੀਆਂ ਦੇ ਵੀ ਕਠਿਨ ਅਤੇ ਹਰ ਮੋੜ ’ਤੇ ਚੁਨੌਤੀਆਂ ਨਾਲ ਭਰਪੂਰ ਹੁੰਦੇ ਹਨ। ਕੂੰਜਾਂ ਵਰਗੀਆਂ ਧੀਆਂ ਦੀ ਜ਼ਿੰਦਗੀ ਬਾਰੇ ਕੁਝ ਅਨੁਭਵਾਂ ਨੂੰ ਪ੍ਰਗਟਾਉਂਦੀਆਂ ਸਤਰਾਂ ਖੁਦ-ਬ-ਖੁਦ ਬੋਲ ਰਹੀਆਂ ਹਨ…
ਸੁਰਾਂ ਦੇ ਨਾਲ ਮੇਰੀ ਸਾਂਝ ਦਾ ਉਸ ਨੂੰ ਪਤਾ ਤਾਂ ਹੈ
ਪਤਾ ਨਹੀਂ ਫਿਰ ਵੀ ਕਿਉਂ ਮੈਨੂੰ ਕਦੇ ਉਹ ਗਾਉਣ ਨਹੀਂ ਦਿੰਦਾ
ਇਹ ਲੋਕਾਂ ਦਾ ਭੁਲੇਖਾ ਹੈ ਕਿ ਦੁਨੀਆ ਬਦਲ ਚੁੱਕੀ ਹੈ
ਅਜੇ ਤੀਕਰ ਵੀ ਬਾਬਲ ਧੀ ਨੂੰ ਸੁਰਮਾ ਪਾਉਣ ਨਹੀਂ ਦਿੰਦਾ
ਬਾਜ਼ਾਂ ਦੇ ਸ਼ਹਿਰ ਕਿਉਂ ਭਲਾ ਮੱਚਦੀ ਹੈ ਖਲਬਲੀ
ਚਿੜੀਆਂ ਜਦੋਂ ਉਡਾਰੀਆਂ ਅੰਬਰ ਵਿੱਚ ਭਰਦੀਆਂ
ਪਰਮਜੀਤ ਦਿਓਲ ਨੇ ਇਸ ਗਜ਼ਲ ਸੰਗ੍ਰਹਿ ਵਿੱਚ ਅਨੇਕਾਂ ਹੀ ਮਹੱਤਵਪੂਰਨ ਵਿਸ਼ਿਆਂ ਨੂੰ ਰੂਹ ਨਾਲ ਪਾਠਕਾਂ ਦੇ ਸਨਮੁਖ ਕੀਤਾ ਹੈ। ਸੰਜੀਦਾ, ਭਾਵਪੂਰਤ ਅਤੇ ਵਿਭਿੰਨ ਵਿਸ਼ਿਆਂ ਵਾਲੀ ਰਮਣੀਕ ਸ਼ਾਇਰੀ ਨੂੰ ਪੜ੍ਹਦਿਆਂ ਉਸਦੇ ਕਾਵਿ-ਮਨ ਦੀ ਭਾਵਨਾ, ਸੰਵੇਦਨਸ਼ੀਲਤਾ, ਸੂਖਮ ਬਿਰਤੀ, ਦੂਰਦਰਸ਼ੀ ਸੋਚ, ਸਮਾਜਿਕ ਤਾਣਿਆਂ-ਬਾਣਿਆਂ, ਬੇਇਨਸਾਫੀਆਂ, ਪਸ਼ੂ-ਪੰਛੀਆਂ, ਵਾਤਾਵਰਣ ਅਤੇ ਹੋਰ ਸਮਾਜਿਕ ਸਰੋਕਾਰਾਂ ਪ੍ਰਤੀ ਸਮਝ ਅਤੇ ਜਾਗਰੂਕਤਾ ਦੀ ਝਲਕ ਪੈਂਦੀ ਹੈ। ਸਮੁੱਚੀ ਕਾਇਨਾਤ ਪ੍ਰਤੀ ਮੁਹੱਬਤ ਦਾ ਇਜ਼ਹਾਰ ਵੀ ਹੈ।
ਤੇਜ਼ੀ ਨਾਲ ਬਦਲਦੇ ਵਕਤ ਨੇ ਬੜਾ ਕੁਛ ਬਦਲ ਦਿੱਤਾ ਅਤੇ ਬਦਲ ਰਿਹਾ ਹੈ। ਇਸ ਬਦਲਾਓ ਨੂੰ ਰੋਕਣਾ ਮੁਸ਼ਕਿਲ ਹੀ ਨਹੀਂ, ਬਲਕਿ, ਨਾਮੁਮਕਿਨ ਹੈ। ਸੱਚ ਹੈ ਕਿ ਅੱਜ ਕੱਲ੍ਹ ਤਾਂ- ਨਾ ਹੀ ਬਹਿਣ ਬਨੇਰੇ ਕਾਂ… ਤੇ ਤੁਰ ਗਈ ਬੋਹੜਾਂ ਦੇ ਸੰਗ ਛਾਂ…।
ਪਰਮਜੀਤ ਦਿਓਲ ਦਾ ਖੂਬਸੂਰਤ ਸ਼ੇਅਰ ਬਦਲਦੇ ਜ਼ਮਾਨੇ ਨੂੰ ਇੰਜ ਪਾਠਕਾਂ ਦੇ ਰੂਬਰੂ ਕਰਦਾ ਹੈ…
ਰੁੱਖਾਂ ਬਨੇਰਿਆਂ ਦੇ ਜ਼ਮਾਨੇ ਚਲੇ ਗਏ
ਤਾਰਾਂ ਤੇ ਖੰਭੇ ਰਹਿ ਗਏ ਕਾਵਾਂ ਦੇ ਰੂਬਰੂ
ਨੈਪੋਲੀਅਨ ਕਹਿ ਗਿਆ ਕਿ ਅਸੰਭਵ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਬਦ ਹੈ। ਜ਼ਿੰਦਗੀ ਵਿੱਚ ਕੁਛ ਪਾਉਣ ਲਈ ਹਿੰਮਤ ਕਰਨੀ ਬੇਹੱਦ ਜ਼ਰੂਰੀ ਹੈ। ਹਿੰਮਤੀ ਅਤੇ ਮੁਸ਼ੱਕਤੀ ਲੋਕਾਂ ਲਈ ਮੰਜ਼ਿਲਾਂ ਸਰ ਕਰਨੀਆਂ ਮੁਸ਼ਕਿਲ ਤਾਂ ਹੋ ਸਕਦੀਆਂ ਹਨ, ਪਰ ਅਸੰਭਵ ਨਹੀਂ ਹੁੰਦੀਆਂ। ਹਿੰਮਤੀ ਲੋਕ ‘ਭਾਈ ਵੀਰ ਸਿੰਘ’ ਦੇ ‘ਚਸ਼ਮੇ ਦੇ ਜਵਾਬ’ ਵਰਗੀ ਸੋਚ ਰੱਖਦੇ ਹਨ, … ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ…
ਪਰਮਜੀਤ ਦਿਓਲ ਵੀ ਆਪਣੀ ਸ਼ਾਇਰੀ ਵਿੱਚ ਸਫਲਤਾ ਨੂੰ ਪਾਉਣ ਵਾਸਤੇ ਕੋਸ਼ਿਸ਼ਾਂ ਦੀ ਗੱਲ ਕਰਦੀ ਹੈ।
ਜੇ ਕਰੀਏ ਕੋਸ਼ਿਸ਼ਾਂ ਤਾਂ ਸਫਲਤਾ ਹੁੰਦੀ ਸਦਾ ਹਾਸਲ
ਉਹ ਤਾਹੀਉਂ ਜਿੱਤ ਗਿਆ ਅਨੇਕਾਂ ਵਾਰ ਹਰ ਹਰ ਕੇ
ਚੜ੍ਹੇ ਦਰਿਆ ਨੂੰ ਤਕ ਤਕ ਕੇ ਤੁਸੀਂ ਘਬਰਾ ਗਏ ਐਵੇਂ
ਜਿਨ੍ਹਾਂ ਨੇ ਹੌਸਲਾ ਕੀਤਾ ਉਹ ਹੋਏ ਪਾਰ ਤਰ ਤਰ ਕੇ
ਅਜੋਕੇ ਸਮੇਂ ਵਿੱਚ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਲੱਗੇ ਖੋਰੇ ਅਤੇ ਨਿਘਾਰ ਨੂੰ ਉਸਨੇ ਖੂਬਸੂਰਤ ਲਫਜ਼ਾਂ ਵਿੱਚ ਪਰੋਇਆ ਹੈ…
ਵਿਕਾਊ ਹੋ ਗਈ ਹਰ ਚੀਜ਼ ਤੇ ਜਜ਼ਬਾਤ ਵੀ ਵਿਕਦੇ ਨੇ
ਚੁਫੇਰੇ ਹਰ ਸਮੇਂ ਸਜਿਆ ਇਹੋ ਬਜ਼ਾਰ ਹੀ ਰਹਿਣਾ
ਕਦੋਂ ਤਕ ਜਿਸਮ ਤੇ ਪੈਸਾ ਖਰੀਦਣਗੇ ਭਲਾ ਡਿਗਰੀ
ਕਦੋਂ ਤਕ ਇਸ ਵਿੱਦਿਆ ਨੇ ਬਣ ਵਿਉਪਾਰ ਹੀ ਰਹਿਣਾ
ਪਰਮਜੀਤ ਦਿਓਲ ਭਾਵੇਂ ਖੁਦ ਨੂੰ ਇੱਕ ਗਜ਼ਲਗੋ ਦੇ ਬਜਾਏ ਗਜ਼ਲ ਦੀ ਸਿਖਿਆਰਥੀ ਹੀ ਮੰਨ ਰਹੀ ਹੈ… ਜੋ ਉਸਦਾ ਵਡੱਪਣ ਹੈ, ਪਰ ਮੇਰੀ ਜਾਚੇ ਕਵਿਤਾ ਦੀ ਪੱਕੇ ਪੈਰੀਂ ਕੀਤੀ ਸ਼ੁਰੂਆਤ ਤੋਂ ਬਾਅਦ ਉਹ ਗਜ਼ਲ ਵੀ ਗਜ਼ਬ ਦੀ ਲਿਖ ਰਹੀ ਹੈ। ਉਸਦੀ ਸ਼ਾਇਰੀ ਸ਼ਾਨਦਾਰ ਹੈ ਅਤੇ ਜਾਨਦਾਰ ਵੀ! ਸ਼ਾਇਰੀ ਵਿੱਚ ਮਿਠਾਸ ਹੈ ਅਤੇ ਜ਼ਿੰਦਗੀ ਦੇ ਅਨੇਕਾਂ ਰੰਗ ਰਸ ਸਮੋਏ ਹੋਏ ਹਨ। ਪੜ੍ਹਦੇ ਵਕਤ ਪਾਠਕ ਨੂੰ ਤਰਲੋਮੱਛੀ ਨਹੀਂ ਹੋਣਾ ਪੈਂਦਾ।
ਅਜੇ ਸਿਖਿਆਰਥੀ ਹਾਂ ਸਿੱਖ ਰਹੀ ਬਾਰੀਕੀਆਂ ਹਾਲੇ
ਯਕੀਨਨ ਮੇਰੀਆਂ ਗਜ਼ਲਾਂ ਵਿੱਚ ਆਉਣੀ ਪੁਖਤਗੀ ਇੱਕ ਦਿਨ
ਮਨ ਵਿੱਚੋਂ ਜਦੋਂ ਸੁੱਚੇ ਨਗਮੇ ਫੁੱਟਣਗੇ
ਫਿਰ ਹੀ ਸਾਡੇ ਸਾਰੇ ਸੰਸੇ ਟੁੱਟਣਗੇ
ਜੇਕਰ ਮੇਰੀਆਂ ਗਜ਼ਲਾਂ ਨੂੰ ਅਵਾਜ਼ ਮਿਲੀ
ਸਿਫਤਾਂ ਦੀ ਥਾਂ ਬਹੁਤੇ ਚਿੱਕੜ ਸੁੱਟਣਗੇ
“ਕੂੰਜਾਂ ਦੇ ਰੂਬਰੂ” ਦੇ ਵਿਭਿੰਨ ਅਤੇ ਖੂਬਸੂਰਤ ਰੰਗਾਂ, ਰਸਾਂ, ਲਫਜ਼ਾਂ, ਮਿਸਰਿਆਂ ਅਤੇ ਸ਼ੇਅਰਾਂ ਨੂੰ ਪੜ੍ਹਦਿਆਂ ਅਤੇ ਗਜ਼ਲ ਦੀ ਮਿਠਾਸ ਅਤੇ ਮਿਜ਼ਾਜ ਨੂੰ ਮਾਣਦਿਆਂ ਮੇਰੇ ਵਾਂਗ ਹੋਰ ਪਾਠਕ ਵੀ ਮਹਿਸੂਸ ਕਰਨਗੇ ਕਿ ਪਰਮਜੀਤ ਦਿਓਲ ਦੀ ਗਜ਼ਲ ਵਿਚਲੀ ‘ਪੁਖਤਗੀ’ ਦੇ ਦਿਨ ਆ ਗਏ ਹਨ। ਉਸਦੀ ਖੂਬਸੂਰਤ ਸ਼ਾਇਰੀ ਦੀ ਝਲਕ ਸੁਹਿਰਦ ਪਾਠਕਾਂ ਨਾਲ ਸਾਂਝੀ ਕਰਦੇ ਹਾਂ…
ਹਵਾ ਉੱਤੇ ਜਾਂ ਲਹਿਰਾਂ ’ਤੇ ਤਾਂ ਐਵੇਂ ਦੋਸ਼ ਲਗਦਾ ਹੈ
ਕੋਈ ਪਾਣੀ ’ਤੇ ਬਣਿਆ ਬੁਲਬੁਲਾ ਸੀ ਮਰ ਗਿਆ ਆਪੇ
ਜੋ ਮੇਰੇ ਵਾਸਤੇ ਕੱਲ੍ਹ ਤੀਕ ਸਾਹਾਂ ਤੋਂ ਜ਼ਰੂਰੀ ਸੀ
ਹੈਰਾਨੀ ਹੈ ਕਿ ਅੱਜ ਤਕ ਉਸ ਤੋਂ ਬਿਨਾਂ ਕਿੰਝ ਸਰ ਗਿਆ ਆਪੇ
ਵੰਨ ਸੁਵੰਨੇ ਗਹਿਣੇ ਘੜਦਾ ਮੇਰੇ ਲਈ ਉਹ ਸੋਚਾਂ ਦੇ
ਐਪਰ ਉਸਨੇ ਅੱਜ ਤਕ ਘੜਿਆ ਇੱਕ ਵੀ ਰਾਣੀਹਾਰ ਨਹੀਂ
ਉਹ ਕੀ ਅਲਖ ਜਗਾਊ ਤੇਰੇ ਦਰ ’ਤੇ ਆ ਕੇ ਬੇਦਰਦੀ
ਇਸ਼ਕ ਮੁਹੱਬਤ ਦੀ ਹੀ ਜਿਹੜਾ ਰੱਖਦਾ ਕੋਈ ਸਾਰ ਨਹੀਂ
ਉਹ ਸਾਨੂੰ ਕੰਢਿਆਂ ’ਤੇ ਛੱਡ ਕੇ ਖੁਦ ਪਾਰ ਹੋ ਗਏ
ਤੇ ਵਸਤਰ ਰਿਸ਼ਤਿਆਂ ਦੇ ਪਲ ਵਿੱਚ ਤਾਰੋ-ਤਾਰ ਹੋ ਗਏ
ਜੋ ਫਿਰਦਾ ਸੀ ਫਿਦਾ ਹੋਇਆ ਮੇਰੇ ਹਰ ਬੋਲ ਉੱਤੇ
ਉਹਦੇ ਸਾਰੇ ਹੀ ਰਿਸ਼ਤੇਦਾਰ ਉੱਤੇ ਭਾਰ ਹੋ ਗਏ
ਡਿੱਕੋ-ਡੋਲੇ ਖਾਂਦੀ ਥਲ ਵਿੱਚ ਤੇਰੀਆਂ ਪੈੜਾਂ ਲੱਭਾਂ
ਮਾਰੂਥਲ ਦੀ ਤਪਦੀ ਰੇਤ ਵੀ ਮੇਰੇ ਗਲ ਲੱਗ ਰੋਈ
ਠੰਢੀ ਪੌਣ ਨੇ ਇੱਕ ਦਿਨ ਸਾਰੇ ਸ਼ਹਿਰ ਵਿੱਚ ਆਖ ਸੁਣਾਇਆ
ਜਦੋਂ ਵੀ ਲਿਖਦੀ ਦਿਓਲ ਹਮੇਸ਼ਾ ਲਿਖਦੀ ਨਜ਼ਮ ਨਰੋਈ
ਦੋਸਤੋ, ਅਜੋਕੇ ਸਮਿਆਂ ਵਿੱਚ ‘ਬੰਦਿਆਂ’ ਦੀਆਂ ਲੰਮੀਆਂ-ਚੌੜੀਆਂ ਭੀੜਾਂ ਅਤੇ ਕਾਵਾਂ-ਰੌਲੀ ਵਿੱਚੋਂ ਭਲੇ ਇਨਸਾਨ ਲੱਭਣੇ ਮੁਸ਼ਕਿਲ ਹੋਈ ਜਾਂਦੇ ਹਨ। ਬੌਧਿਕਤਾ ਤੋਂ ਵੀ ਕੁਝ ਭੈਅ ਆਉਣ ਲੱਗ ਪਿਆ ਹੈ। ਚਿੰਤਨ ਅਤੇ ਚੇਤਨਾ ਨੂੰ ਚਿੰਤਾ ਨੇ ਘੇਰਿਆ ਹੋਇਆ ਹੈ। ਪਰਮਜੀਤ ਦਿਓਲ ਦੀਆਂ ਦਰਪਣ ਵਰਗੀਆਂ ਲਾਈਨਾਂ ਬੰਦੇ ਨੂੰ ਖੁਦ ਦੇ ਚਿਹਰੇ ਦੀ ਧੂੜ ਸਾਫ ਕਰਨ ਲਈ ਪ੍ਰੇਰਿਤ ਕਰਦੀਆਂ ਹਨ…
ਆਪਾਂ ਇੱਥੋਂ ਚੱਲੀਏ ਹੁਣ ਤਾਂ ਇੱਥੇ ਵੀ
ਹਰ ਇੱਕ ਛੋਟੀ ਗੱਲ ਦੇ ਵੱਡੇ ਰੌਲੇ ਨੇ
ਸਿਰ ਦੇ ਅੰਦਰ ਅਕਲ ਵਸੇਬਾ ਨਾ ਕਰਿਆ
ਭਾਵੇਂ ਸਿਰ ਦੇ ਉੱਤੇ ਆ ਗਏ ਧੌਲੇ ਨੇ
ਆਪਣਾ ਦੇਸ, ਆਪਣੀ ਜਨਮ-ਭੋਏਂ ਨੂੰ ਤਿਆਗ ਕੇ ਸ਼ਾਇਦ ਹੀ ਕੋਈ ਮਨੁੱਖ ਪਰਵਾਸ ਦੀ ਪਰਵਾਜ਼ ਭਰਨੀ ਚਾਹੁੰਦਾ ਹੋਵੇ। ਰਿਸ਼ਤੇ ਅਤੇ ਪਰਿਵਾਰ ਵੰਡੇ ਜਾਂਦੇ ਹਨ। ਪਰਵਾਸ ਨੂੰ ਸਮੇਂ ਦੇ ਹਾਲਾਤ ਅਤੇ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ। ਪਰਵਾਸੀ ਸਾਰੀ ਉਮਰ ਦੋਹਰੀ ਜ਼ਿੰਦਗੀ ਦਾ ਸੰਤਾਪ ਭੋਗਦੇ ਹਨ। ਉਨ੍ਹਾਂ ਦਾ ਤਨ ਪਰਦੇਸ ਵਿੱਚ ਅਤੇ ਮਨ ਹਮੇਸ਼ਾ ਦੇਸ ਵਿੱਚ ਰਹਿੰਦਾ ਹੈ। ਸਿਆਣੇ ਆਖਦੇ ਨੇ ਜੁੱਤੀ ਕਿੱਥੋਂ ’ਤੇ ਕਿੰਨੀ ਘੁੱਟਦੀ ਹੈ ਅਤੇ ਤੰਗ ਕਰਦੀ ਹੈ, ਉਸਦਾ ਸਹੀ ਅੰਦਾਜ਼ਾ ਸਿਰਫ ਪਹਿਨਣ ਵਾਲਾ ਹੀ ਲਾ ਸਕਦਾ ਹੈ। ਪਰਮਜੀਤ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ। ਪਰਵਾਸ ਦੀ ਤ੍ਰਾਸਦੀ ਨੂੰ ਬਿਆਨਦੀਆਂ ਉਹਦੀਆਂ ਖੂਬਸੂਰਤ ਸਤਰਾਂ ਖੁਦ-ਬ-ਖੁਦ ਬੋਲ ਰਹੀਆਂ ਹਨ…
ਮਾਂ ਪਿਉ ਨੇ ਸੀ ਜਿਸ ਬੂਟੇ ਤੋਂ ਛਾਂ ਦੀ ਕੀਤੀ ਆਸ ਕਦੇ
ਹੱਥੀਂ ਤੋਰ ਕੇ ਉਸ ਪੁੱਤਰ ਨੂੰ ਆਉਂਦਾ ਨਾ ਧਰਵਾਸ ਕਦੇ
ਪਰਦੇਸਾਂ ਵਿੱਚ ਬੈਠਾ ਬੰਦਾ ਰੱਬ ਤੋਂ ਇਹ ਕਿਉਂ ਮੰਗ ਰਿਹੈ
ਹੋਰ ਕਿਸੇ ਨੂੰ ਮੇਰੇ ਵਾਂਗ ਦੇਵੀਂ ਨਾ ਪਰਵਾਸ ਕਦੇ
ਪਰਮਜੀਤ ਦੀਆਂ ਮੁਹੱਬਤੀ ਰੂਹਾਂ ਨੂੰ ਸਮਰਪਤ ਗਜ਼ਲਾਂ ਵੀ ਇਸ ਗਜ਼ਲ ਸੰਗ੍ਰਹਿ ਦੇ ਅੰਤ੍ਰੀਵੀ ਰੰਗ-ਰਸ ਨੂੰ ਪਾਠਕਾਂ ਦੀ ਰੂਹ ਤਕ ਪਹੁੰਚਾਉਂਦੀਆਂ ਹਨ…
ਰੇਤਾ ਉੱਤੇ ਮੈਂ ਉਸਦੀ ਤਸਵੀਰ ਬਣਾਉਂਦੀ ਹਾਂ ਅਕਸਰ
ਉਸ ਲਈ ਮੈਂ ਜੰਗਲ ਬੇਲੇ ਕਿੰਨੇ ਗਾਹੁੰਦੀ ਹਾਂ ਅਕਸਰ
ਵਾਪਸ ਆਉਣ ਦਾ ਕਹਿ ਕੇ ਮਾਹੀ ਜਿਸ ਦਿਨ ਤੋਂ ਹੈ ਦੂਰ ਗਿਆ
ਬੈਠ ਬਨੇਰੇ ’ਤੇ ਜੋ ਬੋਲਣ ਕਾਗ ਬੁਲਾਉਂਦੀ ਹਾਂ ਅਕਸਰ
ਉਸ ਨੂੰ ਵਰ੍ਹਿਆਂ ਪਿੱਛੋਂ ਮਿਲ ਕੇ ਪੂਰੀ ਹੋਈ ਆਸ ਜਿਹੀ
ਨੂਰ ਜਿਹਾ ਨੈਣਾਂ ਨੂੰ ਮਿਲਿਆ ਤੇ ਦਿਲ ਨੂੰ ਧਰਵਾਸ ਜਿਹੀ
ਤੇਰੇ ਬਿਨ ਹੀ ਜੀਅ ਨਹੀਂ ਲਗਦਾ ਹੁਣ ਕੀ ਹੋਵੇ
ਤੇਰੇ ਬਿਨਾਂ ਦੀਵਾ ਨਾ ਜਗਦਾ ਹੁਣ ਕੀ ਹੋਵੇ
ਹੁਣ ਤਕ ਇੱਕੋ ਭੇਤ ਲੁਕੋਇਆ ਮੈਂ ਉਸ ਕੋਲੋਂ
ਪਰ ਉਹ ਭੇਤੀ ਹੈ ਰਗ-ਰਗ ਦਾ ਹੁਣ ਕੀ ਹੋਵੇ
ਅਜੇ ਤਕ ਨਾ ਨਿਮੋਹਾ ਪਰਤਿਆ ਤੇ ਨਾ ਖਬਰ ਕੋਈ
ਮੇਰੇ ਨਾਲੋਂ ਮੇਰਾ ਆਪਣਾ ਸਵੈ ਹੁਣ ਰੋਜ਼ ਭੁਰਦਾ ਹੈ
ਆਵੇ ਕਦੇ ਨਾ ਨੇੜੇ ਓਦਾਂ ਉਹ ਬਿਨ ਬੁਲਾਇਆਂ
ਫਿਰ ਪੰਨਿਆਂ ’ਤੇ ਕਾਹਤੋਂ ਆਵੇ ਖਿਆਲ ਬਣ ਕੇ
ਸੂਰਤ ਵੀ ਭੁੱਲ ਬੈਠੇ ਭੁੱਲੇ ਹਾਂ ਨਾਂ ਵੀ ਜਿਸ ਦਾ
ਉਹ ਅੱਜ ਉੱਠਿਆ ਹੈ ਦਿਲ ਵਿੱਚੋਂ ਉਬਾਲ ਬਣ ਕੇ
ਜਾਂਦੇ-ਜਾਂਦੇ… ਪਰਮਜੀਤ ਦੇ ਇਸ ਸੰਗ੍ਰਹਿ ਦੀ ਸੰਵੇਦਨਸ਼ੀਲ ਅਤੇ ਸੁਹਜਮਈ ਝਲਕ ਸੁਹਿਰਦ ਪਾਠਕਾਂ ਨਾਲ ਸਾਂਝੀ ਕਰਦਿਆਂ…
ਗਏ ਪਰਦੇਸੀਆਂ ਦੇ ਮੁੜ ਕੇ ਪਰਤਣ ਦੀ ਲਾ ਕੇ ਆਸ
ਸਦਾ ਕਿਉਂ ਵਿਲਕਦੇ ਰਹੇ ਦਰ, ਸਮਾਂ ਆਇਆ ਤਾਂ ਦੱਸਾਂਗੇ
ਕਿਵੇਂ ਉੱਚੇ ਚੁਬਾਰੇ ਹੋ ਗਏ ਅੰਬਰ ਦੇ ਦਾਅਵੇਦਾਰ
ਕਿਵੇਂ ਘਰ ਹੋ ਗਏ ਖੰਡਰ, ਸਮਾਂ ਆਇਆ ਤਾਂ ਦੱਸਾਂਗੇ
ਦੋਸਤੋ, ਚੰਗੇ ਸਾਹਿਤ ਬਾਰੇ ਕੁਝ ਜਾਣਨ ਅਤੇ ਸਿੱਖਣ ਦੇ ਮੰਤਵ ਨਾਲ ਅਜਿਹੇ ‘ਸ਼ਬਦਾਂ ਦੇ ਸਮੁੰਦਰ’ ਵਿੱਚ ਡੁਬਕੀਆਂ ਮਾਰਦੇ ਰਹਿਣਾ ਚਾਹੀਦਾ ਹੈ, ਭਾਵੇਂ ਕਦੇ-ਕਦਾਈਂ ਹੀ ਸਹੀ! ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚੋਂ ਗਜ਼ਲ ਨੂੰ ਕਠਿਨ ਮੰਨਿਆ ਗਿਆ ਹੈ। ਇਸਦਾ ਇਜ਼ਹਾਰ ਖੁਦ ਪਰਮਜੀਤ ਦਿਓਲ ਨੇ ਵੀ ਆਪਣੇ ‘ਇਕਬਾਲਨਾਮੇ’ ਵਿੱਚ ਕੀਤਾ ਹੈ। ਗਜ਼ਲ ਵਿਧਾ ਦੀਆਂ ਬਰੀਕੀਆਂ ਜਾਂ ਮਾਪ-ਦੰਡਾਂ ਦੇ ਚੱਕਰਾਂ ਵਿੱਚ ਪੈਣ ਦੇ ਬਜਾਏ ਮੈਂ ਇਸ ਗਜ਼ਲ ਸੰਗ੍ਰਹਿ ਨੂੰ ਇੱਕ ‘ਪਾਠਕ’ ਦੇ ਤੌਰ ’ਤੇ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਆਪਣਾ ਪ੍ਰਤੀਕਰਮ ਦੇ ਰਿਹਾ ਹਾਂ। “ਕੁੰਜਾਂ ਦੇ ਰੂਬਰੂ” ਪੁਸਤਕ ‘ਗਜ਼ਲ ਵਿਧਾ’ ਦੇ ਮਾਪ-ਦੰਡਾਂ ਦੀ ਕਸਵੱਟੀ ’ਤੇ ਕਿਵੇਂ ਉੱਤਰਦੀ ਹੈ, ਇਸ ਨੂੰ ਸਨਮਾਨਯੋਗ ਅਤੇ ਸਮਰੱਥ ਗਜ਼ਲ ਸਮੀਖਿਅਕਾਂ ਦੇ ਹਵਾਲੇ ਛੱਡਦਾ ਹੋਇਆ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਇੱਕ ਪੜ੍ਹਨਯੋਗ ਅਤੇ ਮਾਣਨਯੋਗ ਪੁਸਤਕ ਹੈ।
ਮੈਨੂੰ ਉਮੀਦ ਹੀ ਨਹੀਂ, ਬਲਕਿ ਯਕੀਨ ਵੀ ਹੈ ਕਿ ਪਾਠਕ ਅਤੇ ਸਾਹਿਤ ਪ੍ਰੇਮੀ ਪਰਮਜੀਤ ਦਿਓਲ ਦੀ ਇਸ ਕੋਸ਼ਿਸ਼ ਨੂੰ ਕਬੂਲ ਕਰਦਿਆਂ ਚੰਗੇਰਾ ਹੁੰਗਾਰਾ ਦੇਣਗੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



















































































































