“ਹਰੇਕ ਦੋ-ਤਿੰਨ ਸਾਲ ਬਾਅਦ ਜਦੋਂ ਵੀ ਮੈਂ ਪਿੰਡ ਗੇੜਾ ਮਾਰਨ ਜਾਂਦਾ ਤਾਂ ਕੁਝ ਸਮਾਂ ...”
(18 ਅਕਤੂਬਰ 2026)

“ਤੂੰ ਐਂ ਕਰ ਪਾੜ੍ਹਿਆ, ਸਿੱਧਾ ਖੂਹ ਨੂੰ ਹੀ ਆ ਜਾ! ਸਾਰਾ ਸਮਾਨ ਵੀ ਉੱਥੇ ਈ ਪਿਆ ਆ। … ਤੇ ਬੁੜ੍ਹਾ ਵੀ ਅਜੇ ਲੰਮਾ ਈ ਪਿਆ ਹੋਣਾ ਆ! ਦੇਖੀਂ ਕਿਤੇ ਚਿਰ ਨਾ ਲਾਵੀਂ, ਉਹਦਾ ਕੋਈ ਪਤਾ ਨਹੀਂ ਕਦੋਂ ਉੱਠ ਕੇ, ਤਿਆਰੀ ਖਿੱਚ ਕੇ ਕਿਧਰੇ ਦੂਰ-ਨੇੜੇ ਨਿਕਲ ਜਾਵੇ!” ਸ਼ਾਮੇ ਨੇ ਸਾਇਕਲ ਨੂੰ ਸਟੈਂਡ ਤੋਂ ਲਾਹੁੰਦਿਆਂ ਮੈਨੂੰ ਸਲਾਹ ਦਿੱਤੀ ਅਤੇ ਪੈਡਲ ਮਾਰਦਾ-ਮਾਰਦਾ ਔਹ ਦਾ ਔਹ ਗਿਆ।
ਮਨੁੱਖ ਅਤੇ ਮਨੁੱਖੀ ਰਿਸ਼ਤਿਆਂ ਦੇ ਤਾਣੇਬਾਣੇ, ਘਰ ਤੇ ਘਰਾਂ ਦੇ ਵਿਹੜੇ, ਪਿੰਡ ਅਤੇ ਪਿੰਡਾਂ ਦੀਆਂ ਜੂਹਾਂ ਸਾਡੇ ਸਮਾਜ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਹਿਤਲ ਦੇ ਧੁਰੇ ਹੁੰਦੇ ਹਨ। ਆਪਣੀ ਜਨਮ ਭੋਏਂ ਅਤੇ ਆਪਣੇ ਸੰਗੀ-ਸਾਥੀ ਜਾਂ ਵੱਡੇ-ਵਡੇਰੇ ਛੱਡ ਕੇ ਮਨੁੱਖ ਭਾਵੇਂ ਕਿਤੇ ਵੀ ਚਲਿਆ ਜਾਵੇ, ਪਰ ਇੱਕ ਦਿਨ ਬੀਤੇ ਪਲਾਂ ਦਾ ਪਰਛਾਵਾਂ ਉਸਦੇ ਮਨ ਦੇ ਕੈਨਵਸ ਉੱਪਰ ਤਸਵੀਰ ਬਣ ਕੇ ਜ਼ਰੂਰ ਦਸਤਕ ਦਿੰਦਾ ਹੈ।
‘ਮਨ’ ਵੀ ਅਜੀਬ ਚੀਜ਼ ਹੈ! ਦੁਨੀਆ ਦੀਆਂ ਤੇਜ਼ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਵੀ ਮਾਤ ਪਾ ਦਿੰਦਾ ਹੈ। ਅੱਖ ਝਮਕਦੇ ਹੀ ਮਨੁੱਖ ਨੂੰ ਕਿੱਥੋਂ ਕਿੱਥੇ ਲੈ ਜਾ ਖੜ੍ਹਾ ਕਰਦਾ ਹੈ। ਪਿੰਡ ਦੇ ਬਜ਼ੁਰਗ ਅਤੇ ਸਾਬਕਾ ਸਰਪੰਚ ਦੇ ਇਸ ਜਹਾਨ ਤੋਂ ਰੁਖਸਤ ਹੋ ਜਾਣ ਦੇ ਸੰਦੇਸ਼ ਨੂੰ ਸੁਣਦਿਆਂ ਹੀ ਮੇਰੇ ਮਨ ਨੇ ਹਜ਼ਾਰਾਂ ਮੀਲ ਦੂਰ ਪਰਦੇਸ ਵਿੱਚ ਬੈਠਿਆਂ ਵੀ ਮੈਨੂੰ ਸਕਿੰਟ ਵਿੱਚ ਹੀ ਪਿੰਡ ਦੀ ਬਾਹਰਲੀ ਫਿਰਨੀ ਉੱਪਰ ਲੈ ਜਾ ਕੇ ਖੜ੍ਹਾ ਕਰ ਦਿੱਤਾ।
ਗੱਲ ਬਹੁਤ ਨਵੀਂ ਤਾਂ ਨਹੀਂ, ਪਰ ਐਨੀ ਪੁਰਾਣੀ ਵੀ ਨਹੀਂ ਹੈ ਕਿ ਯਾਦਾਂ ਦੇ ਕੈਨਵਸ ਵਿੱਚੋਂ ਮਿਟਣ ਨੂੰ ਕਾਹਲੀ ਪੈ ਰਹੀ ਹੋਵੇ। ਪਿੰਡਾਂ ਵਿੱਚ ਅਤੇ ਖਾਸ ਕਰਕੇ ਪਛੜੇ ਹੋਏ ਪਿੰਡਾਂ ਵਿੱਚ ਪੜ੍ਹਾਈ ਦਾ ਰੁਝਾਨ ਮੱਠਾ ਜਾਂ ਨਾ-ਬਰਾਬਰ ਹੋਣ ਕਰਕੇ ਕਾਲਜ ਵਿੱਚ ਪੜ੍ਹਦੇ ਵਿਰਲੇ-ਟਾਵੇਂ ਮੁੰਡਿਆਂ ਨੂੰ ਪਿੰਡਾਂ ਵਾਲੇ ਉਨ੍ਹਾਂ ਦੇ ਨਾਂਵਾਂ ਨਾਲੋਂ ਅਕਸਰ ‘ਪਾੜ੍ਹਾ’ ਕਹਿ ਕੇ ਬੁਲਾਉਂਦੇ ਸਨ। ਅੰਨ੍ਹਿਆਂ ਵਿੱਚ ਕਾਣੇ ਰਾਜਿਆਂ ਦੀ ਤਰ੍ਹਾਂ। ਸ਼ਾਮਾ ਭਾਵੇਂ ਪਿੰਡ ਦੇ ਸਕੂਲ ਤਕ ਮੇਰਾ ਜਮਾਤੀ ਹੀ ਸੀ ਪਰ ਉਸ ਤੋਂ ਬਾਅਦ ਉਸਨੇ ਪੜ੍ਹਨ ਦੀਆਂ ਬਰੇਕਾਂ ਪੂਰੀਆਂ ਖਿੱਚ ਲਈਆਂ ਅਤੇ ਪੜ੍ਹਾਈ ਵਿੱਚ ਅੱਗੇ ਤੁਰਨ ਤੋਂ ਬਿਲਕੁਲ ਇਨਕਾਰੀ ਹੋ ਗਿਆ। ਖੈਰ, ਉਹਦੇ ਬਾਪ, ਜਿਸਨੂੰ ਉਹ ਪਿਆਰ ਨਾਲ ‘ਬੁੜ੍ਹਾ’ ਕਹਿ ਕੇ ਬੁਲਾਉਂਦਾ ਅਤੇ ਖਿਝਾਉਂਦਾ ਸੀ, ਨੇ ਵੀ ਬਾਹਲਾ ਜ਼ੋਰ ਨਾ ਪਾਇਆ ਤੇ ਨਾ ਹੀ ਧੱਕ-ਚੁੱਕ ਕੇ ਸਕੂਲ ਦੇ ਗੇਟ ਅੰਦਰ ਧੱਕਣ ਲਈ ਜ਼ੋਰ ਅਜ਼ਮਾਇਆ। ਸ਼ਾਮੇ ਦਾ ਅੱਗੇ ਨਾ ਪੜ੍ਹਨਾ ਉਸਦੇ ਟੱਬਰ ਨੂੰ ਕੋਈ ਜੱਗੋਂ ਤੇਰ੍ਹਵੀਂ ਗੱਲ ਵੀ ਨਾ ਲੱਗੀ, ਸ਼ਾਇਦ ਇਹ ਸੋਚ ਕਿ ਕਿਸਪਨਾਂ ਦੇ ਮੁੰਡਿਆਂ ਨੇ ਬਹੁਤਾ ਲਿਖ ਪੜ੍ਹ ਕੇ ਕੀ ਲੈਣਾ, ਆਖਰ ਕਰਨੀ ਤਾਂ ਖੇਤੀ ਹੀ ਹੁੰਦੀ ਹੈ!
ਉਸ ਸਮੇਂ, ਤੇ ਸ਼ਾਇਦ ਅੱਜ ਵੀ, ਪ੍ਰੀ-ਮੈਡੀਕਲ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਦੇ ਇਮਤਿਹਾਨ ਵਾਸਤੇ ਵਿਦਿਆਰਥੀਆਂ ਨੂੰ ਪੰਜਾਬ ਡੌਮੀਸਾਈਲ (ਸਥਾਈ ਨਿਵਾਸੀ/ਬਾਸ਼ਿੰਦਾ) ਦਾ ਸਰਟੀਫਿਕੇਟ ਲੈਣਾ ਪੈਂਦਾ ਸੀ। ਇਸ ‘ਬਲਾਅ’ ਨੂੰ ਹਾਸਲ ਕਰਨ ਵਾਸਤੇ ਤਹਿਸੀਲਦਾਰ ਕੋਲ ਜਾਣਾ ਪੈਂਦਾ ਸੀ। ਚੜ੍ਹਦੀ ਜਵਾਨੀ ਦੇ ਜੋਸ਼ ਵਿੱਚ ਮੈਂ ਖੁਦ ਨੂੰ ਸਵਾਲ ਕੀਤਾ, ਇਹ ਕਿੱਡੀ ਕੁ ਗੱਲ ਆ? ਮੈਂ ਮੋਟਰਸਾਇਕਲ ’ਤੇ ਲੱਤ ਦੇ ਕੇ ਤਹਿਸੀਲ ਪਹੁੰਚ ਗਿਆ। ਤਹਿਸੀਲਦਾਰ ਦੇ ਕਲਰਕ ਨੇ ਪਟਵਾਰੀ ਦੀ ਨਿਸ਼ਾਨਦੇਹੀ ਕਰ ਕੇ ਉੱਥੋਂ ਬੇਰੰਗ ਚਿੱਠੀ ਵਾਂਗ ਮੋੜ ਦਿੱਤਾ।
ਪਟਵਾਰੀਆਂ ਦੇ ਵਿਵਹਾਰ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਪਿੰਡਾਂ ਵਿੱਚ ਉਹ ਡੀ ਸੀ (ਡਿਪਟੀ ਕਮਿਸ਼ਨਰ) ਤੋਂ ਵੀ ਤਾਕਤਵਰ ਹੁੰਦੇ ਹਨ ਅਤੇ ‘ਵਾਢੂ ਤੇ ਜ਼ਹਿਰੀ’ ਕੁੱਤੇ ਜਿੰਨਾ ਭੈਅ ਵੀ ਪਾਉਂਦੇ ਹਨ। ਬੜੀ ਮੁਸ਼ਕਿਲ ਨਾਲ ਪਟਵਾਰੀ ਨੂੰ ਲੱਭਿਆ। ਗੱਲਾਂ ਗੱਲਾਂ ਵਿੱਚ ਜਦੋਂ ਉਸ ਨਾਲ ਮਾੜੀ ਮੋਟੀ ਰਿਸ਼ਤੇਦਾਰੀ ਨਿਕਲ ਆਈ ਤਾਂ ਜਾ ਕੇ ਉਸਨੇ ਇੱਕ ਫਾਰਮ ਭਰਨ ਨੂੰ ਦਿੱਤਾ ਅਤੇ ਪਿੰਡ ਦੇ ਸਰਪੰਚ ਦੀ ਮੋਹਰ ਅਤੇ ਦਸਤਖਤਾਂ ਦਾ ਭੰਬਲਭੂਸਾ ਵੀ ਨਾਲ ਹੀ ਪਾ ਦਿੱਤਾ।
ਪਿੰਡ ਦੇ ਸਰਪੰਚ ‘ਕੇਸਰਾ ਸਹੁੰ’ ਦਾ ਪਤਾ ਕਰਨ ਲਈ ਮੈਂ ਸਵੇਰੇ ਸਾਝਰੇ ਹੀ ਘਰੋਂ ਨਿਕਲਿਆ ਤਾਂ ਉਸਦਾ ਵੱਡਾ ਮੁੰਡਾ, ਮੇਰਾ ਪੁਰਾਣਾ ਜਮਾਤੀ ‘ਸ਼ਾਮਾ’ ਪਿੰਡ ਦੀ ਬਾਹਰਲੀ ਫਿਰਨੀ ’ਤੇ ਆਉਂਦਾ ਨਜ਼ਰੀਂ ਪਿਆ। ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਬੋਲਿਆ, “ਫਾਰਮ ਲੈ ਕੇ ਖੂਹ ਨੂੰ ਆਜਾ, ਕੰਮ ਬਣ ਜਾਵੇਗਾ!”
ਘਰੋਂ ਫਾਰਮ ਝੋਲੇ ਵਿੱਚ ਪਾ ਕੇ ਮੈਂ ਜਲਦੀ ਹੀ ਸ਼ਾਮੇ ਦੇ ਖੂਹ ’ਤੇ ਪਹੁੰਚ ਗਿਆ। “ਤੱਤੀ ਚਾਹ ਪੀਣੀ ਆ… ਕਿ ਠੰਢੀ ਗੰਨੇ ਰਸ?” ਸ਼ਾਮੇ ਨੇ ਪੁੱਛਿਆ।
“ਚਾਹ-ਚੂਹ ਰਹਿਣ ਦੇ… ਤੂੰ ਸਰਪੰਚ ਸਾਹਿਬ ਨੂੰ ਜਲਦੀ ਉਠਾ ਕੇ ਮੋਹਰ ਲੁਆ ਤੇ ਦਸਤਖਤ ਕਰਾ, ... ਮੈਂ ਛੇਤੀ ਫਾਰਮ ਜਮ੍ਹਾਂ ਕਰਵਾਉਣਾ।” ਮੈਂ ਇੱਕੋ ਸਾਹੇ ਕਿਹਾ।
“ਯਾਰ, ਗੱਲ ਐਦਾਂ ਆ ਕਿ ਭਾਪਾ ਤਾਂ ਲਗਦਾ ਤੜਕੇ ਦਾ ਈ ਕਿਤੇ ਰਿਸ਼ਤੇਦਾਰੀ ਵਿੱਚ ਨਿਕਲ ਗਿਆ! ਕਿਸੇ ਨੂੰ ਦੱਸ ਕੇ ਵੀ ਨੀ ਗਿਆ। ਤੈਨੂੰ ਤਾਂ ਪਤਾ ਈ ਹੈ, ਆਉਣ ਨੂੰ ਭਾਵੇਂ ਅੱਜ ਈ ਆ ਜਾਵੇ। ਨਾ ਆਵੇ ਤਾਂ ਹਫਤਾ ਭਰ ਵੀ ਨਾ ਆਵੇ। ਪਰ ਮੈਨੂੰ ਲਗਦਾ ਤੈਨੂੰ ‘ਪੇਪਰ’ ਛੇਤੀ ਚਾਹੀਦਾ ਹੋਣਾ, ਤੂੰ ਠਹਿਰ… ਕਰਦੇ ਹਾਂ ਕੁਛ ਨਾ ਕੁਛ!” ਸ਼ਾਮੇ ਨੇ ਮੇਰੇ ਮੋਢੇ ’ਤੇ ਪੋਲਾ ਜਿਹਾ ਹੱਥ ਰੱਖ ਕੇ ਇਹ ਨਵਾਂ ਭੰਬਲਭੂਸਾ ਪਾ ਦਿੱਤਾ। ਮੇਰੇ ਮਨ ਨੂੰ ਇਹ ਸੋਚ ਕੇ ਹੌਲ ਜਿਹਾ ਪੈਣਾ ਸ਼ੁਰੂ ਹੋ ਗਿਆ ਕਿ ਇਹ ਕੰਮ ਤਾਂ ਲੰਮਾ ਪੈ ਜਾਣਾ ਹੈ। ਸਧਾਰਨ ਜਿਹੇ ਫਾਰਮ ਦੀ ਤਸਦੀਕ ਦਾ ਕੰਮ ਮੈਨੂੰ ਕਿਸੇ ਦਰਿਆ ਦਾ ਦੂਸਰਾ ਕਿਨਾਰਾ ਜਾਪਣ ਲੱਗਾ।
ਇੰਨੇ ਨੂੰ ਹੀ ਨਾਲ ਦੇ ਕਮਰੇ ਵਿੱਚੋਂ ਸ਼ਾਮਾਂ ਇੱਕ ਡੱਬਾ ਹੱਥ ਵਿੱਚ ਫੜ ਕੇ ਖੜਕਾਉਂਦਾ ਹੋਇਆ ਬੋਲਿਆ, “ਲਗਦਾ ਉਹਦੀਆਂ ਸਰਪੰਚੀ ਦੀਆਂ ਮੋਹਰਾਂ ਤਾਂ ਲੱਭ ਪਈਆਂ! ਇਸ ਡੱਬੇ ਵਿੱਚ ਈ ਸਾਰਾ ਸਮਾਨ ਲਗਦਾ ਹੈ।”
ਲਾਗੇ ਹੀ ਮੰਜੇ ’ਤੇ ਬੈਠਦਿਆਂ ਇੱਕ ਪੁਰਾਣੀ ਜਿਹੀ ਕਾਪੀ ਖੋਲ੍ਹ ਕੇ ਸ਼ਾਮਾ ਬੋਲਿਆ, “ਪਹਿਲਾਂ ਇੱਥੇ ਮੋਹਰ ਲਾ ਕੇ ਦੇਖਦੇ ਆਂ। ਕਿਤੇ ‘ਉਹੀ’ ਗੱਲ ਨਾ ਹੋਵੇ! ਸਾਲਾ ਫਾਰਮ ਜਿਹਾ ਕਿਤੇ ਖਰਾਬ ਹੀ ਨਾ ਹੋ ਜਾਵੇ!”
ਮੋਹਰ ਪੈਡ ਉੱਤੇ ਘਸਾ ਕੇ ਸ਼ਾਮੇ ਨੇ ਜਦੋਂ ਕਾਪੀ ਦੇ ਖਾਲੀ ਵਰਕੇ ਉੱਪਰ ਠਾਹ ਕਰਕੇ ਲਾਈ ਤਾਂ ‘ਕੇਸਰ ਸਿੰਘ ਸਰਪੰਚ’ ਦੇ ਨਾਲ ਹੀ ਪਿੰਡ ਦਾ ਨਾਮ ਵੀ ਛਪ ਗਿਆ। ਸਾਡੇ ਦੋਹਾਂ ਦੀ ਰੂਹ ਖੁਸ਼ ਹੋ ਗਈ।
ਫਾਰਮ ਨੂੰ ਕਾਪੀ ਉੱਪਰ ਰੱਖ ਕੇ ਸ਼ਾਮਾ ਬੋਲਿਆ, “ਮੈਨੂੰ ਬਾਹਲਾ ਪੜ੍ਹਨਾ ਨਹੀਂ ਆਉਂਦਾ… ਤੂੰ ਜਿੱਥੇ ਮੋਹਰ ਲੱਗਣੀ ਹੈ ਐਨ ਉੱਥੇ ਉਂਗਲੀ ਰੱਖ!”
ਮੈਂ ਸੱਜੇ ਹੱਥ ਦੀ ਪਹਿਲੀ ਉਂਗਲੀ ਲਾਈਨ ’ਤੇ ਰੱਖ ਦਿੱਤੀ ਤੇ ਸ਼ਾਮੇ ਨੇ ਠਾਹ ਕਰਦੀ ਮੋਹਰ ਜੜ ਦਿੱਤੀ।
“ਮੋਹਰ ਤਾਂ ਲੱਗ ਗਈ, ਪਰ ਹੁਣ ਦਸਤਖਤ ਕਿੱਦਾਂ ਹੋਣਗੇ?” ਮੈਂ ਕੁਛ ਫਿਕਰ ਜ਼ਾਹਰ ਕੀਤਾ। ਮੋਹਰ ਵਾਲੇ ਡੱਬੇ ਵਿੱਚੋਂ ਬਾਲ ਪੈੱਨ ਕੱਢ ਕੇ ਸ਼ਾਮੇ ਨੇ ਫਾਰਮ ’ਤੇ ਛਪੀ ਮੋਹਰ ਦੇ ਬਿਲਕੁਲ ਉੱਪਰ ਘੁੱਗੀ ਜਿਹੀ ਮਾਰਦਿਆਂ ਕਿਹਾ, “ਮੈਂ ਆਪ ਈ ਉਹਨੂੰ ਦੱਸ ਦਊਂਗਾ, … ਇਹ ਸਾਲਾ ਫਾਰਮ ਹੀ ਆ, ਤੂੰ ਕਿਹੜੀ ਕਿਸੇ ਦੀ ਜ਼ਮੀਨ ਆਪਣੇ ਨਾਂਅ ਲੁਆਉਣੀ ਆ! ਤੂੰ ਜਾਹ, ਆਪਣਾ ਕੰਮ ਸਾਰ!”
ਕੁਝ ਕੁ ਵਰ੍ਹੇ ਪਹਿਲਾਂ ਦੀ ਪਿੰਡ ਫੇਰੀ ਦੌਰਾਨ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ ਇਹ ਸਾਰੀ ਗੱਲ ਸਾਂਝੀ ਕਰਦਿਆਂ ਮੈਂ ਸਰਪੰਚ ਨੂੰ ਪੁੱਛਿਆ, “ਸਰਪੰਚ ਸਾਹਿਬ, ਸ਼ਾਮੇ ਨੇ ਇਹ ਗੱਲ ਤੁਹਾਨੂੰ ਦੱਸ ਵੀ ਦਿੱਤੀ ਸੀ ਕਿ ਨਹੀਂ?”
ਪੱਗ ਦੇ ਥੱਲੇ ਸੱਜੇ ਕੰਨ ਨੂੰ ਮੁੜੀ ਹੋਈ ਉਂਗਲੀ ਨਾਲ ਖੁਰਕਦਿਆਂ ਤੇ ਜ਼ਰਾ ਕੁ ਸੋਚ ਕੇ ਅਤੇ ਦਿਮਾਗ ’ਤੇ ਜ਼ੋਰ ਪਾ ਕੇ ਬੋਲਿਆ, “ਮੱਲ… ਗੱਲ ਇੱਦਾਂ ਐ… ਕਿ ਜੇਕਰ ਉਹਨੇ ਕਿਹਾ ਸੀ… ਤਾਂ ਸ਼ਾਇਦ ਦੱਸਿਆ ਵੀ ਹੋਣਾ ਐ। ਪਰ ਕੁਛ ਚੇਤਾ ਨਹੀਂ ਆਉਂਦਾ, ਚਿਰ ਪਹਿਲਾਂ ਦੀਆਂ ਗੱਲਾਂ-ਬਾਤਾਂ ਆ। ਹੁਣ ਤਾਂ ਕੱਲ੍ਹ ਦੀ ਗੱਲ ਦਾ ਚੇਤਾ ਭੁੱਲਣਾ ਸ਼ੁਰੂ ਹੋ ਗਿਆ!”
ਅਜੋਕੇ ਸਮੇਂ ਵਿੱਚ ਭਾਵੇਂ ਰਲ-ਮਿਲ ਬੈਠਣ ਦੀ ਜਾਚ ਅਤੇ ਜੁਸਤਜੂ ਖੰਭ ਲਾ ਕੇ ਉਡ ਗਈ ਹੈ ਅਤੇ ਪੰਚਾਇਤੀ ਚੋਣਾਂ ਖਰਚੀਲੀਆਂ ਅਤੇ ਲੜਾਈ ਦੇ ਮੈਦਾਨ ਵੀ ਬਣ ਜਾਂਦੀਆਂ ਹਨ, ਪਰ ਕੇਸਰਾ ਸਹੁੰ ਉਸ ਭਲੇ ਜ਼ਮਾਨੇ ਵੇਲੇ ਪਿੰਡ ਵਾਲਿਆਂ ਵੱਲੋਂ ਚੁਣੇ ਹੋਏ ਸਰਪੰਚਾਂ ਦੀ ਕਤਾਰ ਵਿੱਚੋਂ ਸੀ ਜੋ ਹਮੇਸ਼ਾ ਲੋਕਾਂ ਦੀ ਭਲਾਈ ਵਿੱਚ ਜੁੜੇ ਰਹਿੰਦੇ ਸਨ। ਉਸਨੇ ਆਪਣੀ ਸਰਪੰਚੀ ਦੌਰਾਨ ਚੰਗੇ ਕੰਮ ਕਾਰਜ ਕੀਤੇ। ਅੱਖਰੀ ਪੜ੍ਹਾਈ ਤੋਂ ਵਾਂਝਿਆਂ ਵੀ ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹਦਿਆਂ ਹੋਇਆਂ ਅਤੇ ਖੱਟੇ-ਮਿੱਠੇ ਤਜਰਬਿਆਂ ਤੋਂ ਸਿੱਖਦਿਆਂ ਪਿੰਡ ਦੇ ਲੋਕਾਂ ਦੀ ਭਲਾਈ ਵਿੱਚ ਜੁਟਿਆ ਰਿਹਾ। ਸਾਰੀ ਜ਼ਿੰਦਗੀ ਪਿੰਡ ਅਤੇ ਪੇਂਡੂਆਂ ਦੀ ਬਿਹਤਰੀ ਲਈ ਬਣਦਾ ਯੋਗਦਾਨ ਪਾਉਂਦਾ ਰਿਹਾ। ਨੌਜਵਾਨਾਂ ਦੀ ਸਿਹਤ ਵਾਸਤੇ ਕਬੱਡੀ ਅਤੇ ਛਿੰਝ ਮੁਕਾਬਲੇ ਕਰਵਾਉਂਦਾ ਰਿਹਾ ਅਤੇ ਗੌਰਮਿੰਟ ਤੋਂ ਮਿਲੀਆਂ ਗਰਾਂਟਾਂ ਨੂੰ ਪਿੰਡ ਦੀ ਬਿਹਤਰੀ ਦੇ ਲੇਖੇ ਲਾਉਂਦਾ ਰਿਹਾ। ਆਪਣੀ ਕਾਬਲੀਅਤ ਅਤੇ ਪੰਚਾਇਤ ਦੇ ਸਹਿਯੋਗ ਨਾਲ ਸੁਚੱਜੇ ਫੈਸਲੇ ਵੀ ਕਰਦਾ ਰਿਹਾ।
ਕੇਸਰਾ ਸਹੁੰ ਨੂੰ ਪਹਿਲੋਂ-ਪਹਿਲ “ਨਸਵਾਰ ਲੈਣ” ਦੀ ਆਦਤ ਹੁੰਦੀ ਸੀ, ਜਿਸਦਾ ਪ੍ਰਮਾਣ ਉਸਦੇ ਕੁੜਤੇ ’ਤੇ ਥਾਂ-ਥਾਂ ਪਈਆਂ ਨਸਵਾਰੀ ਰੰਗ ਦੀਆਂ ਵੱਡੀਆਂ-ਛੋਟੀਆਂ ਬੂਟੀਆਂ ਤੋਂ ਮਿਲ ਜਾਂਦਾ ਸੀ। ਦੂਜੀ ਗੱਲ, ਉਸ ਨੂੰ ਹਾਸੇ-ਮਜ਼ਾਕ ਦੇ ‘ਤੀਰਾਂ ਦੀ ਵਾਛੜ’ ਕਰਨ ਦੀ ਆਦਤ ਵੀ ਹੁੰਦੀ ਸੀ। ਇੱਕ ਦਿਨ ਬਿਲਕੁਲ ਨਾਲ ਪੈਂਦੇ ਖੂਹ-ਖੇਤਾਂ ਵਾਲੇ ਬੰਦਿਆਂ ਦੀ ਢਾਣੀ ਕੋਲ ਬੈਠਿਆਂ ਅਤੇ ਗੱਲਾਂ-ਬਾਤਾਂ ਮਾਰਦਿਆਂ ਉਸਨੇ ਦੇਖਿਆ ਕਿ ਇੱਕ ਬੰਦੇ ਨੇ ਘਰ ਦੇ ਬਣੇ ਸਾਗ ਨਾਲ ਅਣਗਿਣਤ ਮੱਕੀ ਦੀਆਂ ਰੋਟੀਆਂ ਢਿੱਡ ਵਿੱਚ ਸੁੱਟ ਕੇ ਉੱਪਰੋਂ ਲੱਸੀ ਦਾ ਤਕੜਾ ਗਲਾਸ ਵੀ ਚਾੜ੍ਹ ਲਿਆ। ਡਕਾਰ ਮਾਰ ਕੇ ਬੈਠ ਗਿਆ ਤਾਂ ਸਰਪੰਚ ਮਜ਼ਾਕੀਆ ਅੰਦਾਜ਼ ਵਿੱਚ ਬੋਲਿਆ, “ਵਾਹ ਬਈ ਵਾਹ… ਐਨੀਆਂ ਰੋਟੀਆਂ? ਕਿੱਥੇ ਸੁੱਟ ਲਈਆਂ ਸਾਰੀਆਂ? ਇਹ ਤੇਰਾ ਢਿੱਡ ਆ ਕਿ ਸੰਦੂਕ?”
ਉਸ ਦਿਨ ਤੋਂ ਬਾਅਦ ਉਹ ਆਦਮੀ ‘ਸੰਦੂਕ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪਿੰਡ ਦੇ ਨਿੱਕੇ-ਵੱਡੇ ਉਸ ਨੂੰ ਸੰਦੂਕ ਕਹਿ ਕਿ ਬੁਲਾਉਂਦੇ ਅਤੇ ਬਹੁਤਿਆਂ ਨੂੰ ਉਸਦੇ ਅਸਲੀ ਨਾਮ ਦਾ ਪਤਾ ਵੀ ਨਾ ਲੱਗਾ।
ਹਰੇਕ ਦੋ-ਤਿੰਨ ਸਾਲ ਬਾਅਦ ਜਦੋਂ ਵੀ ਮੈਂ ਪਿੰਡ ਗੇੜਾ ਮਾਰਨ ਜਾਂਦਾ ਤਾਂ ਕੁਝ ਸਮਾਂ ਸਰਪੰਚ ਨਾਲ ਬਿਤਾਉਣ ਦੀ ਜ਼ਰੂਰ ਕੋਸ਼ਿਸ਼ ਕਰਦਾ। ਉਹ ਦੂਰੋਂ ਦੇਖਦਿਆਂ ਹੀ ਆਪਣੇ ਪਰਿਵਾਰ ਨੂੰ ਆਖਣ ਲੱਗ ਪੈਂਦਾ, “ਉਏ ਆਉ ਬਈ ਮੁੰਡਿਓ, ਚਾਹ ਬਣਾਓ। ਅੱਜ ਦਿਨ ਵਧੀਆ ਚੜ੍ਹਿਆ। ਦੇਖੋ ‘ਮਰੀਕਾ’ ਤੋਂ ਪ੍ਰਾਹੁਣਾ ਆਇਆ।”
ਸਰਪੰਚ ਨੇ ਜੱਗ-ਬੀਤੀਆਂ ਅਤੇ ਹੱਡ-ਬੀਤੀਆਂ, ਰਸੀਲੀਆਂ ਗੱਲਾਂ ਸੁਣਾਉਣੀਆਂ ਜੋ ਕਦੇ ਹਾਸਾ ਮਜ਼ਾਕ ਅਤੇ ਕਦੇ ਦਾਰਸ਼ਨਿਕ ਮਹਿਸੂਸ ਹੋਣੀਆਂ। ਫਿਰ ਆਪਣੇ ਘਰ ਦੇ ਖੁੱਲ੍ਹੇ ਵਿਹੜੇ ਦੇ ਪਿਛਲੇ ਪਾਸੇ ਬੀਜੀ ਹੋਈ ਸਬਜ਼ੀ ਅਤੇ ਫੁੱਲ ਬੂਟੇ ਦਿਖਾਉਣ ਲੈ ਜਾਣਾ ਅਤੇ ਕਹਿਣਾ, “ਮੱਲਾ, ਮੇਰੀ ਖੇਤੀ ਤਾਂ ਹੁਣ ਇਹੀ ਰਹਿ ਗਈ ਆ…। ਖੂਹ ’ਤੇ ਨਹੀਂ ਜਾ ਹੁੰਦਾ ਹੁੰਦਾ ਹੁਣ ... ਹਿੰਮਤ ਨਹੀਂ। ਇਨ੍ਹਾਂ ਫੁੱਲ ਬੂਟਿਆਂ ਤੇ ਪੰਛੀਆਂ ਨਾਲ ਗੱਲਾਂ-ਬਾਤਾਂ ਵੀ ਮਾਰਦਾ ਰਹਿੰਦਾ ਹਾਂ… ਨਿਆਣੇ ਭਾਵੇਂ ਸਮਝਦੇ ਹੋਣ ਕਿ ਬੁੜ੍ਹਾ ਝੱਲਾ ਹੋ ਗਿਆ… ਹਾ… ਹਾ… ਹਾ। ਕੁਦਰਤ ਵਿੱਚ ਰੱਬ ਵਸਦਾ ਹੈ! ਕੁਦਰਤ ਵਿੱਚ ਕਾਦਰ ਐ। ਬਾਣੀ ਵੀ ਤਾਂ ਇਹੀ ਕਹਿੰਦੀ ਹੈ… ‘ਬਲਿਹਾਰੀ ਕੁਦਰਤਿ ਵਸਿਆ’ …।”
ਮੇਰੇ ਵਾਪਸ ਤੁਰਨ ਲੱਗਿਆਂ ਸਰਪੰਚ ਮੇਰੀ ਬਾਂਹ ਫੜ ਲੈਂਦਾ ਅਤੇ ਅੱਖਾਂ ਵੀ ਭਰ ਲੈਂਦਾ, ਇੰਜ ਕਹਿੰਦੇ ਹੋਏ, “ਜਦੋਂ ਢਲਦੇ ਪ੍ਰਛਾਵੇਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੂਰਜ ਅਸਤ ਹੋਣ ਵਾਲਾ ਹੈ। ਮੇਰਾ ਹਾਲ ਵੀ ਕੁਝ ਇੰਜ ਹੀ ਹੈ! ... ਸ਼ਾਇਦ ਇਹ ਆਪਣਾ ਅਖੀਰਲਾ ਮੇਲਾ ਈ ਹੋਵੇ! ਨਦੀ ਦੇ ਕਿਨਾਰੇ ਵਾਲਾ ਰੁੱਖ ਹਾਂ ਹੁਣ ਮੈਂ! ਛੇਤੀ-ਛੇਤੀ ਗੇੜਾ ਮਾਰ ਲਿਆ ਕਰੋ! ... ਆਪਣੀ ਮਿੱਟੀ ਫਿਰ ਵੀ ਆਪਣੀ ਹੀ ਹੁੰਦੀ ਆ! ... ਇਹ ਐਨੀ ਮਾੜੀ ਨਹੀਂ… ਇਹਨੂੰ ਛੱਡ ਹੀ ਨਾ ਜਾਇਓ, ਪੁੱਤਰੋ!”
ਢਲਦੇ ਪ੍ਰਛਾਵੇਂ ਹੋਈ ਖੁਦ ਤੋਂ ਵੀ ਲੰਮੇ ਜਾਣ
ਚੜ੍ਹਿਆ ਜੋ ਦਿਨ ਉਹਨੇ ਢਲਣਾ ਹੈ ਸੱਜਣਾ।
ਭਰਮ-ਭੁਲੇਖਾ ਜੇ ਹੈ ਉਮਰਾਂ ਲਮੇਰੀਆਂ ਦਾ
ਪਲ ਪਲ… ਦਾ ਪਲ ਬੱਸ ਪੱਲੇ ਤੇਰੇ ਸੱਜਣਾ।
ਹੱਸ ਲੈ, ਖੇਡ ਲੈ, ਤੇ ਮੌਜਾਂ ਤੂੰ ਮਾਣ ਲੈ,
ਪਲ ਨੇ ਹੀ ਪਲ ਵਿੱਚ ਛੱਡ ਜਾਣਾ ਸੱਜਣਾ।...
ਕਹਿਣ, ਦੱਸਣ, ਦੇਖਣ ਜਾਂ ਸੁਣਨ ਨੂੰ ਇਹ ਗੱਲਾਂ ਸ਼ਾਇਦ ਕੋਈ ਵੱਡੀਆਂ ਨਾ ਲਗਦੀਆਂ ਹੋਵਣ, ਪਰ ਇਹੀ ਸਾਡਾ ਵਿਰਸਾ ਹੈ। ਮੋਹ-ਮੁਹੱਬਤ ਦੇ ਤਾਣੇਬਾਣੇ ਦੀਆਂ ਤੰਦਾਂ ਦਾ ਰਿਸ਼ਤਾ ਹੈ ਜੋ ਅਜੋਕੇ ਪਦਾਰਥਵਾਦੀ ਯੁਗ ਵਿੱਚ ਵਿਸਰ ਰਹਾ ਹੈ ... ਅਲੋਪ ਹੋ ਰਿਹਾ ਹੈ। ਇਹ ਸੱਚ ਹੈ ਕਿ ਅਸੀਂ ਅਤੀਤ ਵਿੱਚ ਜੀਅ ਤਾਂ ਨਹੀਂ ਸਕਦੇ, ਅਤੇ ਜਿਊਣਾ ਵੀ ਨਹੀਂ ਚਾਹੀਦਾ, ਪਰ ਬੀਤੇ ਵਕਤ ਤੋਂ ਕੁਛ ਸਿੱਖ ਜ਼ਰੂਰ ਸਕਦੇ ਹਾਂ, ਸਰੋਕਾਰਾਂ ਨੂੰ ਬਰਕਰਾਰ ਰੱਖ ਸਕਦੇ ਹਾਂ।
ਜ਼ਿੰਦਗੀ ਦੇ ਪ੍ਰਛਾਵੇਂ ਤੁਰਦੇ ਤਾਂ ਨਾਲ-ਨਾਲ ਹੀ ਨੇ, ਪਰ ਕਦੇ ਦਿਖਾਈ ਦਿੰਦੇ ਹਨ ਤੇ ਕਦੇ ਨਹੀਂ, ਕਦੇ ਛੋਟੇ ਹੁੰਦੇ ਜਾਂਦੇ ਹਨ ਅਤੇ ਕਦੇ ਲੰਮੇ। ਇਸ ਚਲੋ ਚਲੀ ਦੇ ਮੇਲੇ ਵਿੱਚ ਬੜਾ ਕੁਛ ਬਦਲ ਰਿਹਾ ਹੈ…
ਜਦ
ਹੱਸਦੇ ਵਸਦੇ ਘਰ
ਇੱਕ ਦਿਨ ਕੰਧਾਂ-ਖੋਲ੍ਹੇ ਬਣ ਜਾਵਣ
ਜਦ
ਝੂਮਦੇ ਝੂਲਦੇ ਬਿਰਖਾਂ ਨੂੰ
ਬੰਦੇ ਆਰੀ ਬਣ ਕੇ ਵੱਢ ਜਾਵਣ
ਜਦ
ਬੇਘਰ ਨਿਰਾਸ ਹੋਏ ਪਰਿੰਦੇ
ਕਿਸੇ ਦੂਰ-ਦੁਰਾਡੇ ਦੇਸ ਨੂੰ ਉਡ ਜਾਵਣ
ਜਦ
ਪਿੰਡ ਦੇ ਉਦਾਸ ਰਾਹ
ਪਿੰਡ ਦੇ ਜਾਇਆਂ ਨੂੰ ਤੱਕਦੇ ਅੱਕ ਜਾਵਣ
ਜਦ
ਰਹਿਤਲ ਦੇ ਸਾਰੇ ਧੁਰੇ
ਖੁਰਦਿਆਂ ਖੁਰਦਿਆਂ ਮੁੱਕ ਹੀ ਜਾਵਣ
ਤਦ ਲਗਦਾ ਹੈ
ਸਮਾਂ ਬਦਲ ਰਿਹਾ ਹੈ
ਸੱਚਮੁੱਚ ਹੀ ਯੁਗ ਬਦਲ ਗਿਆ ਹੈ।
ਪਿਛਲੀ ਵਾਰ ਦਾ ਪਿੰਡ ਦਾ ਗੇੜਾ ਸੱਚਮੁੱਚ ਹੀ ਸਾਡਾ ਆਖਰੀ ਮੇਲਾ ਹੋ ਨਿੱਬੜਿਆ। ਮੈਨੂੰ ਆਪਣੀ ਮਿੱਟੀ ਨਾ ਛੱਡਣ ਦੀਆਂ ਨਸੀਹਤਾਂ ਦੇਣ ਵਾਲਾ ਅਤੇ ਤਾਕੀਦਾਂ ਕਰਨ ਵਾਲਾ ‘ਸਰਦਾਰ ਕੇਸਰ ਸਿੰਘ ਸਰਪੰਚ’ ਆਖਰ ਆਪਣੇ ਗਰਾਂ ਦੀ ਮਿੱਟੀ ਵਿੱਚ ਮਿਲਦਿਆਂ ਮਿੱਟੀ ਦਾ ਹੋ ਗਿਆ ਅਤੇ ਜੀਵਨ ਦੀ ਅਟੱਲ ਸਚਾਈ ਯਾਦ ਕਰਾ ਗਿਆ…
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
ਜ਼ਿੰਦਗੀ ਦੇ ਅਗਲੇ ਵਰਕੇ ਉਲੱਦਦਿਆਂ, ਭਾਵੇਂ ਕਦੇ ਕਦਾਈਂ ਹੀ ਸਹੀ, ਆਪਣੀ ਮਿੱਟੀ ਨੂੰ ਫਰੋਲਦੇ ਰਹਿਣਾ ਚਾਹੀਦਾ ਹੈ।
ਮਿੱਟੀ ਨੂੰ ਫਰੋਲ ਜੋਗੀਆਂ,
ਲੱਭ ਜਾਣਗੇ ਲਾਲ ਗੁਆਚੇ!
ਸਿਆਣੇ ਕਹਿ ਗਏ ਹਨ…
ਜ਼ਰਾ ਲਾ ਕੇ ਕੰਨ ਸੁਣੋ,
ਮਿੱਟੀ ਵਿੱਚੋਂ ਬੋਲਣ ਵੱਡ ਵਡੇਰੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































