“ਇਹ ਤਾਂ ਬਹੁਤ ਵਧੀਆ ਗੱਲ ਆ, ਸਰਦਾਰ ਜੀ। ... ਪਰ ਜੇ ਮੇਰੀ ਗੱਲ ਮੰਨੋ ਤਾਂ ...”
(11 ਅਗਸਤ 2025)
ਸ਼ਾਇਦ ਤੁਸੀਂ ਵੀ ਕਦੇ ਸੋਚਿਆ ਜਾਂ ਆਪਣੇ ਮਨ ਨੂੰ ਸਵਾਲ ਕੀਤਾ ਹੋਵੇ, “ਜੇਕਰ ਜ਼ਿੰਦਗੀ ਵਿੱਚ ਰੰਗ ਹੀ ਨਾ ਹੁੰਦੇ ਤਾਂ ਇਹ ਮਨੁੱਖ ਦਾ ਜੀਵਨ ਕਿੰਨਾ ਉਦਾਸ ਅਤੇ ਖ਼ਾਲੀ-ਖ਼ਾਲੀ ਜਿਹਾ ਹੁੰਦਾ? ਜੀਵਨ ਜਸ਼ਨ ਕਿਵੇਂ ਬਣਦਾ?”
ਰੰਗ ਅਤੇ ਰੰਗਾਂ ਦੀ ਵੰਨਗੀ ਦਾ ਇਨਸਾਨ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਮਨੁੱਖ ਦਾ ਮਨ ਕੁਦਰਤ ਦੇ ਵੰਨ-ਸੁਵੰਨੇ ਰੰਗਾਂ ਨੂੰ ਦੇਖਣ ਅਤੇ ਮਾਣਨ ਲਈ ਸੋਚਦਾ ਅਤੇ ਲੋਚਦਾ ਹੀ ਰਹਿੰਦਾ ਹੈ। ਕੁਦਰਤ ਵੀ ਭਿੰਨ ਭਿੰਨ ਤਰ੍ਹਾਂ ਦੇ ਕੱਚੇ-ਪੱਕੇ ਅਤੇ ਫਿੱਕੇ-ਗੂੜ੍ਹੇ ਰੰਗਾਂ ਦੇ ਨਾਲ ਭਰਪੂਰ ਹੈ। ਅੱਖਾਂ ਨੂੰ ਦਿਖਾਈ ਦੇਣ ਵਾਲੇ ਰੰਗ ਹੋਣ। ਵੱਖ-ਵੱਖ ਤਰ੍ਹਾਂ ਦੇ ਰੰਗ-ਬਰੰਗੇ ਫੁੱਲ, ਬੂਟੇ, ਫੁਲਵਾੜੀਆਂ, ਦਰੱਖਤ, ਪੰਛੀ, ਜਾਨਵਰ, ਪਸ਼ੂ, ਕੱਪੜੇ, ਮਕਾਨ, ਪਹਾੜ, ਜੰਗਲ, ਧੁੱਪ, ਛਾਂ, ਦਿਨ, ਰਾਤ, ਪਤਝੜ, ਸਾਵਣ, ਬਸੰਤ ਵਗੈਰਾ ਵਗੈਰਾ ਅਤੇ ਹੋਰ ਅਣਗਿਣਤ… ਰੰਗ ਹੀ ਰੰਗ। ਇਸ ਤੋਂ ਅਗਾਂਹ ਦੀ ਗੱਲ ਕਰੀਏ ਤਾਂ ਸਮੇਂ ਨਾਲ ਬਦਲਦੇ ਮਨੁੱਖੀ ਜ਼ਿੰਦਗੀ ਦੇ ਰੰਗਲੇ ਚਰਖੇ ਦੇ ਰੰਗ ਜਿਵੇਂ ਕੱਲ੍ਹ, ਅੱਜ, ਬਚਪਨ, ਜਵਾਨੀ, ਬੁਢਾਪਾ, ਖ਼ੁਸ਼ੀਆਂ, ਗ਼ਮੀਆਂ, ਹਾਸੇ, ਰੋਣੇ, ਪਿਆਰ, ਮੁਹੱਬਤ, ਨਫ਼ਰਤ… ਵਗੈਰਾ। ਅੱਖਾਂ ਨਾਲ ਦਿਖਾਈ ਦਿੰਦੇ ਰੰਗ ਸਾਡੀ ਰੂਹ ਨੂੰ ਧੂਹ ਪਾਉਂਦੇ ਹਨ ਅਤੇ ਜ਼ਿੰਦਗੀ ਦੇ ਦਿਖਾਏ ਰੰਗ ਸਾਨੂੰ ਸਬਕ ਵੀ ਸਿਖਾਉਂਦੇ ਹਨ।
ਰੰਗਾਂ ਦੀ ਗੱਲ ਹੋਰ ਅਗਾਂਹ ਤੋਰੀਏ ਤਾਂ ਪਤਾ ਲਗਦਾ ਹੈ ਕਿ ਸਾਇੰਸ ਅਨੁਸਾਰ ਰੰਗ ਤਾਂ ਸੱਤ ਹੀ ਹਨ। ਇਨ੍ਹਾਂ ਸੱਤ ਰੰਗਾਂ ਨੂੰ ਰਲਾ-ਮਿਲਾ ਕੇ ਸੈਂਕੜੇ ਹੀ ਨਵੇਂ ਤੇ ਵੰਨ-ਸਵੰਨੇ ਮਨਮੋਹਕ ਰੰਗ ਬਣ ਜਾਂਦੇ ਹਨ। ਰੰਗ ਸਾਨੂੰ ਅਤੇ ਸਾਡੇ ਸੱਭਿਆਚਾਰ ਨੂੰ ਵੀ ਨਿਖਾਰਦੇ ਹਨ। ਕੱਪੜਿਆਂ ਨੂੰ ਭਾਵੇਂ ਮਸ਼ੀਨਾਂ ਨਾਲ ਵੀ ਰੰਗਿਆ ਜਾਂਦਾ ਹੈ, ਪਰ ਫਿਰ ਵੀ ਆਪਣੇ ਮਨ ਪਸੰਦ ਰੰਗ ਲਈ ਕਈ ਵਾਰੀ ਅਸੀਂ ਕਿਸੇ ‘ਲਲਾਰੀ ਜਾਂ ਰੰਗਸਾਜ਼’ ਕੋਲ ਜਾ ਪਹੁੰਚਦੇ ਹਾਂ। ਲਲਾਰੀ ਦੇ ਸੰਵੇਦਨਸ਼ੀਲ ਮਨ ਅੰਦਰ ਰੰਗਾਂ ਨੂੰ ਪਛਾਣਨ ਅਤੇ ਨਿਖਾਰਨ ਦੀ ਅਥਾਹ ਕਾਬਲੀਅਤ ਹੁੰਦੀ ਹੈ। ਉਸਦੇ ਅੰਦਰ ਰੰਗਾਂ ਦਾ ਵੱਡਾ ਖ਼ਜ਼ਾਨਾ ਹੁੰਦਾ ਹੈ। ਆਪਣੀ ਰਚਨਾਤਮਿਕ ਕਾਬਲੀਅਤ ਨਾਲ ਉਹ ਕੁਝ ਕੁ ਰੰਗਾਂ ਨੂੰ ਹੀ ਜ਼ਰਬਾਂ ਤਕਸੀਮਾਂ ਦੇ ਕੇ ਅਨੇਕ ਰੰਗ ਪੈਦਾ ਕਰ ਦਿੰਦਾ ਹੈ। ਆਪਣੇ ਖ਼ੁਦ ਦੇ ਜੀਵਨ ਦੇ ਰੰਗਾਂ ਵਿੱਚ ਵਿਅਸਤ ਹੁੰਦਾ ਹੋਇਆ ਵੀ ਲੋਕਾਂ ਵਾਸਤੇ ਰੰਗਾਂ ਵਿੱਚ ਰੰਗ ਮਿਲਾ ਕੇ ਉਹਨਾਂ ਨੂੰ ਖੁਸ਼ ਕਰਦਾ ਰਹਿੰਦਾ ਹੈ ਅਤੇ ਉਹਨਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਦਿੰਦਾ ਹੈ।
ਚੁੰਨੀ ਰੰਗ ਦੇ ਲਲਾਰੀਆ ਮੇਰੀ
ਮਿੱਤਰਾਂ ਦੀ ਪੱਗ ਵਰਗੀ।
ਸੱਤ ਰੰਗੀ ਚੁੰਨੀ ਬੋਲ ਗਈ
ਮੇਰੇ ਸੱਤ ਰੰਗ ਜ਼ਿੰਦਗੀ ਦੇ।
ਲਲਾਰੀ ਆਪ ਵੀ ਰੰਗਾਂ ਦਾ ਸੁਮੇਲ ਹੁੰਦਾ ਹੈ।
ਚੁੰਨੀ ਉਡਦੀ ਸਰ੍ਹੋਂ ਦੇ ਫੁੱਲ ਵਰਗੀ
ਰੰਗੀ ਹੋਈ ਲਲਾਰੀ ਦੀ।
ਸਮਾਂ ਭਾਵੇਂ ਬਦਲ ਗਿਆ ਹੈ ਅਤੇ ਬਦਲ ਵੀ ਰਿਹਾ ਹੈ, ਪਰ ਬਦਕਿਸਮਤੀ ਨਾਲ ਬਹੁਤੇ ਲਲਾਰੀ ਅਜੇ ਵੀ ਕਿਸੇ ਬੱਸ ਅੱਡੇ ਦੇ ਖੋਖਿਆਂ ਜਾਂ ਦੁਕਾਨਾਂ ਦੇ ਦਰਵਾਜ਼ਿਆਂ ਜਾਂ ਫਿਰ ਇੱਧਰ ਉੱਧਰ ਦੇ ਘੁਰਨਿਆਂ ਵਿੱਚੋਂ ਤਰੱਕੀ ਕਰਕੇ ਆਪਣੀ ਖੁਦ ਦੀ ਦੁਕਾਨ ਨਹੀਂ ਬਣਾ ਸਕੇ। ‘ਇਸ ਮਾਇਆ ਦੇ ਤਿੰਨ ਨਾਮ - ਪਰਸੂ, ਪਰਸਾ, ਪਰਸ ਰਾਮ’ ਦੇ ਜ਼ਮਾਨੇ ਵਿੱਚ ਲਲਾਰੀਆਂ ਦੇ ਕੋਮਲ, ਮੁਹੱਬਤੀ ਅਤੇ ਰੰਗ-ਬਰੰਗੇ ਮਨ ਅੰਦਰ ਤਾਂ ਕੀ ਝਾਕਣਾ, ਬਹੁਤੀ ਵਾਰ ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਾਬਲੀਅਤ ਨੂੰ ਜ਼ਿਆਦਾ ਅਹਿਮੀਅਤ ਵੀ ਨਹੀਂ ਦਿੱਤੀ ਜਾਂਦੀ।
ਸੱਤੀ ਲਲਾਰੀ…
ਸੱਤੀ ਨਾਮ ਦੇ ਲਲਾਰੀ ਦੀ ‘ਦੁਕਾਨ’ ਸ਼ਹਿਰ ਦੇ ਬੱਸ ਅੱਡੇ ਦੇ ਬਿਲਕੁਲ ਬਾਹਰ ਹੀ ਸੀ। ਦੁਕਾਨ ਕਾਹਦੀ ਸੀ, ਇੱਕ ਟੈਲੀਫ਼ੋਨ ਦੇ ਖੰਭੇ ਦੇ ਨਜ਼ਦੀਕ ਕੱਚੀ ਥਾਂ ਉੱਪਰ ਬਣਾਈ ਮਿੱਟੀ ਦੀ ਭੱਠੀ ਜਾਂ ਕਹਿ ਲਵੋ ਚੁੱਲ੍ਹਾ, ਰੰਗ ਰੰਗਣ ਵਾਲੀ ਕੜਾਹੀ, ਪਤੀਲਾ, ਰੰਗਾਂ ਵਾਲੀ ਰੰਗਦਾਨੀ, ਪਲਾਸਟਿਕ ਦੀ ਬਾਲਟੀ, ਇੱਕ ਲੰਬੀ ਸਾਰੀ ਢਾਂਗੀ ਨੁਮਾ ਸੋਟੀ, ਢਿਲਕੂੰ-ਢਿਲਕੂੰ ਜਿਹਾ ਕਰਦਾ ਲੱਕੜੀ ਦਾ ਬੈਂਚ ਅਤੇ ਬਿਲਕੁਲ ਨਾਲ ਹੀ ਖੜ੍ਹਾ ਉਹਦਾ ਪੁਰਾਣਾ ਜਿਹਾ ਐਟਲਸ ਸਾਇਕਲ। ਬੈਂਚ ਸ਼ਾਇਦ ਨਾਲ ਹੀ ਬੈਠੇ ਜੁੱਤੀਆਂ ਗੰਢਣ ਵਾਲੇ ਮੋਚੀ ਦਾ ਜਾਂ ਚਾਹ ਵਾਲੇ ਖੋਖੇ ਵਾਲੇ ਦਾ ਸੀ। ਸੱਤੀ ਮੇਰੇ ਨਾਨਕੇ ਪਿੰਡ ਤੋਂ ਹੋਣ ਕਰਕੇ ਮੈਨੂੰ ਜਾਣਦਾ ਸੀ। ਤੀਹ-ਬੱਤੀ ਕੁ ਸਾਲ ਪਹਿਲਾਂ ਸ਼ਹਿਰ ਨੂੰ ਆਉਂਦਿਆਂ-ਜਾਂਦਿਆਂ ਮੈਂ ਕਈ ਵਾਰੀ ਉਸਦੇ ਕੋਲ ਜਾ ਬੈਠਦਾ, ਉਸ ਨਾਲ ਗੱਲਾਂ ਕਰਦਾ ਅਤੇ ਉਸਦੀਆਂ ਗਾਹਕਾਂ ਨਾਲ ਹੁੰਦੀਆਂ ਗੱਲਾਂਬਾਤਾਂ ਸੁਣਦਾ ਰਹਿੰਦਾ। ਉਸ ਕੋਲ ਚੁੰਨੀਆਂ ਨਾਲੋਂ ਪੱਗਾਂ ਵਾਲੇ ਗਾਹਕ ਜ਼ਿਆਦਾ ਆਉਂਦੇ ਸਨ। ਜਦੋਂ ਵੀ ਕਿਸੇ ਨੇ ਪੱਗ ਰੰਗਾਉਣ ਨੂੰ ਆਉਣਾ ਤਾਂ ਸੱਤੀ ਨੂੰ ਬੜੀ ਖੁਸ਼ੀ ਹੋਣੀ। ਹਰੇਕ ਗਾਹਕ ਨੂੰ ਉਹ ਬਹੁਤ ਆਦਰ ਮਾਣ ਦਿੰਦਾ ਸੀ। ਇੱਕ ਦਿਨ ਇੱਕ ਗਾਹਕ ਆਇਆ ਤਾਂ ਹਮੇਸ਼ਾ ਦੀ ਤਰ੍ਹਾਂ ਹੀ ਹੱਸਦੇ ਹੋਏ ਸੱਤੀ ਬੋਲਿਆ, “ਹੀ... ਹੀ... ਹੀ ਆਉ ਸਰਦਾਰ ਜੀ, ਕੀ ਹਾਲ ਆ? ਆਉ… ਆ ਜਾਓ.. ਬੈਠੋ...।” ਬੈਂਚ ਵੱਲ ਹੱਥ ਕਰਕੇ ਉਹ ਬੋਲਿਆ, “ਦੱਸੋ ਕਿੱਦਾਂ ਆਉਣੇ ਹੋਏ?”
ਆਪਣੀ ਮੈਲੀ ਜਿਹੀ ਫਿੱਕੇ ਰੰਗ ਦੀ ਪੱਗ ਸਿਰੋਂ ਲਾਹ ਕੇ ਬੈਂਚ ’ਤੇ ਰੱਖਦਿਆਂ ਅਤੇ ਝੋਲੇ ਵਿੱਚੋਂ ਲਿਆਂਦਾ ਡੱਬੀਆਂ ਵਾਲਾ ਪਰਨਾ ਕੱਢ ਕੇ ਸਿਰ ’ਤੇ ਵਲ੍ਹੇਟਦਿਆਂ ਉਹ ਆਦਮੀ ਬੋਲਿਆ, “ਆਹ ਪੱਗ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ... ਫਿੱਕਾ ਨੀਲਾ ਰੰਗ ਕਰ ਦੇ ਇਹਨੂੰ। ਮੈਂ… ਆਹ ਨਾਲ ਦੀ ਰੇਹੜੀ ਤੋਂ ‘ਫਲੂਟ’ ਲੈ ਆਵਾਂ! ਬੱਸ ਮੈਂ ਗਿਆ ਤੇ ਆਇਆ ... ਆਹ ਮੇਰਾ ਝੋਲਾ ਵੀ ਇੱਥੇ ਈ ਪਿਆ ਆ।” ਉਹਨੇ ਆਪਣੇ ਚਿੱਟੇ ਰੰਗ ਦੇ ਝੋਲੇ ਵੱਲ ਹੱਥ ਕੀਤਾ।
ਬੈਂਚ ਤੋਂ ਪੱਗ ਚੁੱਕ ਕੇ ਉਹਦੇ ਵਲਾਂ ਨੂੰ ਖੋਲ੍ਹਦਿਆਂ ਅਤੇ ਉਸ ਬੰਦੇ ਦੇ ਮੂੰਹ ਵੱਲ ਧਿਆਨ ਨਾਲ ਦੇਖਦਿਆਂ ਸੱਤੀ ਬੋਲਿਆ, “ਜੀ ਸਰਦਾਰ ਜੀ… ਪਰ ਅੱਜ ਜਾ ਕਿੱਧਰ ਰਹੇ ਹੋ ਤੁਸੀਂ?”
ਉਹ ਹੱਸਦਿਆਂ ਬੋਲਿਆ, “ਯਾਰ, ਅੱਜ ਮੈਂ ਨਿਆਣਿਆਂ ਦੇ ਨਾਨਕਿਆਂ ਨੂੰ ਚੱਲਿਆ ਆਂ। ਬੜਾ ਚਿਰ ਹੋਇਆ ਗੇੜਾ ਮਾਰੇ ਨੂੰ… ਤਦ ਈ ‘ਫਲੂਟ’ ਲੈਣ ਚੱਲਿਆ ਸੀ ... ਉੱਥੇ ਨਿੱਕੇ ਨਿਆਣੇ ਮੇਰੇ ਹੱਥਾਂ ਵੱਲ ਦੇਖਣਗੇ... ਪਈ... ਸਾਡਾ ਫੁੱਫੜ ਆਇਆ ਤੇ ਕੀ ਲੈ ਕੇ ਆਇਆ ਖਾਣ ਲਈ? ਨਿਆਣਿਆਂ ਨੂੰ ਤਾਂ ਇਹੀ ਚਾਅ ਹੁੰਦਾ ਆ।”
ਸੱਤੀ ਨੇ ਮੁਸਕਰਾਉਂਦੇ ਹੋਏ ਕਿਹਾ, “ਇਹ ਤਾਂ ਬਹੁਤ ਵਧੀਆ ਗੱਲ ਆ, ਸਰਦਾਰ ਜੀ। ... ਪਰ ਜੇ ਮੇਰੀ ਗੱਲ ਮੰਨੋ ਤਾਂ ‘ਬੱਦਲੀ ਰੰਗ’ ਨਾਲੋਂ ‘ਬੱਡ-ਮੋਤੀਆ’ ਰੰਗ ਕਰਾ ਲਓ… ਜੀ। ... ਬੜਾ ਫਬੂ ਤੁਹਾਨੂੰ!! … ਬਾਕੀ.. ਆਪ ਦੀ ਮਰਜ਼ੀ, ਮੈਂ ਤਾਂ ਰੰਗ ਈ ਦੇਣਾ ਆ… ਰੰਗ ਤਾਂ ਸਾਰੇ ਈ ਹੈਗੇ ਆ ਆਪਣੇ ਕੋਲ ...।”
ਬੱਡ-ਮੋਤੀਆ ਸੱਤੀ ਨੇ ਬੜਾ ਘਰੋੜ ਕੇ ਕਿਹਾ।
ਫਰੂਟ ਲੈਣ ਲਈ ਤੁਰਨ ਲੱਗਿਆਂ ਅਤੇ ਸੱਤੀ ਦੀ ਗੱਲ ਸੁਣ ਕੇ ਗਾਹਕ ਬੋਲਿਆ, “ਚੱਲ ਇੱਦਾਂ ਈ ਕਰ ਲੈਨੇ ਆਂ! ਚੱਲ… ਕਰ ਫੇ… ਮੇਰਾ ਵੀਰ… ਜਲਦੀ ਕਰ…”
ਮੈਂ ਕੋਲ ਹੀ ਬੈਂਚ ’ਤੇ ਬੈਠਾ ਸੋਚੀਂ ਪੈ ਗਿਆ ਕਿ ਇਹ “ਬੱਡ-ਮੋਤੀਆ” ਰੰਗ ‘ਕਿਹੜੇ ਰੰਗ’ ਦਾ ਹੋਵੇਗਾ? ਖੁਸ਼ੀ ਨਾਲ ਮੁਸਕਰਾਉਂਦੇ ਅਤੇ ਬੁੱਲ੍ਹਾਂ ਨਾਲ ਸੀਟੀਆਂ ਵਜਾਉਂਦੇ ਹੋਏ ਸੱਤੀ ਨੇ ਪਹਿਲਾਂ ਪੱਗ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਮਲ ਮਲ ਕੇ ਧੋਤਾ ਅਤੇ ਫਿਰ ਕਾਲਾ-ਮੈਲਾ ਪਾਣੀ ਕੱਚੀ ਜ਼ਮੀਨ ਉੱਪਰ ਰੋੜ੍ਹ ਦਿੱਤਾ। ਰੰਗਾਂ ਵਾਲੀ ਕੜਾਹੀ ਵਿੱਚ ਰੰਗ ਪਾ ਕੇ ਉੱਬਲਦੇ ਪਾਣੀ ਵਿੱਚ ਪੱਗ ਨੂੰ ਰੰਗਿਆ, ਕਾੜ੍ਹਿਆ। ਦੋਹਾਂ ਹੱਥਾਂ ਨਾਲ ਨਿਚੋੜ ਕੇ ਅਤੇ ਲੰਬੀ ਸੋਟੀ ਵਿੱਚ ਫਸਾ ਕੇ ਨਾਲ ਲਗਦੀ ਟੈਲੀਫ਼ੋਨ ਦੇ ਖੰਭੇ ਦੀਆਂ ਤਾਰਾਂ ਉੱਪਰ ਸੁੱਕਣੀ ਪਾ ਦਿੱਤਾ। ਟੈਲੀਫ਼ੋਨ ਦੀ ਤਾਰ ਉੱਪਰ ਸੁੱਕਦੀ ਅਤੇ ਹਵਾ ਵਿੱਚ ਲਹਿਰਾਉਂਦੀ ਪੱਗ ਦਾ ਰੰਗ ਦੇਖ ਮੈਨੂੰ ‘ਬੱਡ-ਮੋਤੀਏ ਰੰਗ’ ਦਾ ‘ਰੰਗ’ ਪਤਾ ਲੱਗਾ ਤੇ ਇਹ ਵੀ ਪਤਾ ਲੱਗਾ ਕਿ ਟੈਲੌਫੋਨ ਦੀਆਂ ਤਾਰਾਂ ਵਿੱਚ ਕਰੰਟ ਨਹੀਂ ਹੁੰਦਾ।
ਪੱਗ ਸੁੱਕਦਿਆਂ-ਸੁੱਕਦਿਆਂ ਹੀ ਸਰਦਾਰ ਜੀ ਹੱਥ ਵਿੱਚ ਅਖਬਾਰ ਦੇ ਲਿਫ਼ਾਫੇ ਵਿੱਚ ਪਾਇਆ ਫਰੂਟ ਲੈ ਕੇ ਵਾਪਸ ਆ ਗਿਆ। ਫਰੂਟ ਵਾਲਾ ਲਿਫ਼ਾਫ਼ਾ ਬੈਂਚ ਉੱਪਰ ਪਏ ਝੋਲੇ ਵਿੱਚ ਪਾ ਕੇ ਹੈਰਾਨੀ ਨਾਲ ਬੋਲਿਆ, “ਹੈਂ! … ਆਹ ਤਾਂ ਬਾਹਲਾ ਈ ਸੋਹਣਾ ਰੰਗ ਚੜ੍ਹਿਆ ਲਗਦਾ…। ਜੇ ਪੱਗ ਸੁੱਕ ਗਈ ਆ ਤਾਂ ਫਿਰ ਲਾਹ ਦੇ... ਸਿਰ ਤੇ ਬੰਨ੍ਹ ਈ ਲਵਾਂ।”
ਪੱਗ ਇਕੱਠੀ ਕਰਕੇ ਗਾਹਕ ਦੇ ਹੱਥ ਫੜਾਉਂਦਿਆਂ ਅਤੇ ਖੰਭੇ ਨਾਲ ਟੰਗੇ ਛੋਟੇ ਜਿਹੇ ਸ਼ੀਸ਼ੇ ਵੱਲ ਹੱਥ ਕਰਦਿਆਂ ਸੱਤੀ ਬੋਲਿਆ, “ਆਹ ਇੱਥੇ ਲਾਗੇ ਹੋ ਕੇ ਬੰਨ੍ਹ ਲਵੋ ਜੀ।”
ਪੱਗ ਬੰਨ੍ਹ ਕੇ ਖੁਸ਼ ਹੁੰਦਿਆਂ ਉਹਨੇ ਰੰਗ ਦੇ ਪੈਸੇ ਸੱਤੀ ਦੇ ਹੱਥ ਫੜਾਏ, ਫਰੂਟ ਵਾਲਾ ਝੋਲਾ ਬੈਂਚ ਤੋਂ ਚੁੱਕਿਆ ਅਤੇ ਜਾਂਦਾ-ਜਾਂਦਾ ਬੋਲਿਆ, … ਚੰਗਾ ਬਈ ਸੱਜਣਾ… ਫੇ ਮਿਲਦੇ ਆਂ!”
ਪੈਸੇ ਖੀਸੇ ਵਿੱਚ ਪਾ, ਖੁਸ਼ ਹੋਇਆ ਸੱਤੀ ਬੋਲਿਆ, “ਹਾਂ ਜੀ.., ਸਰਦਾਰ ਜੀ… ਤੇ ਆਹ ਬੱਡ-ਮੋਤੀਆ ਰੰਗ ਦੀ ਪੱਗ ਫਬਦੀ ਵੀ ਬੜੀ ਆ ਫੁੱਫੜ ਦੇ ਸਿਰ ਤੇ।”
ਫੁੱਫੜ ਦੀ ਟੌਹਰ ਬਣ ਗਈ, ਸਹੁਰਿਆਂ ਦੇ ਘਰ ਜਾਣ ਲਈ।
ਸੱਤੀ ਦੀ ਬਾਦਸ਼ਾਹੀ ਰੂਹ…
ਸੱਤੀ ਅਕਸਰ ਹੀ ਆਪਣੇ ਗਾਹਕਾਂ ਨੂੰ ਦੂਰੋਂ ਆਉਂਦਿਆਂ ਦੇਖ ਕੇ ਪਹਿਲਾਂ ਸਤਿ ਸ੍ਰੀ ਕਾਲ ਬੁਲਾਉਂਦਾ ਅਤੇ ਫਿਰ ਗੱਲਾਂ-ਗੱਲਾਂ ਵਿੱਚ ਹੀ ਉਹਨਾਂ ਦਾ ਹਾਲ ਚਾਲ ਵਗੈਰਾ ਪੁੱਛਦਾ। ਗੱਲਬਾਤ ਕਰਨ ਤੋਂ ਬਾਅਦ ਰੰਗਾਂ ਦੀ ਸਲਾਹ ਵੀ ਦਿੰਦਾ ਕਿ ਕਿਹੜਾ ਰੰਗ ਕਿਸ ਪ੍ਰੋਗਰਾਮ ਲਈ ਚੰਗਾ ਲੱਗੇਗਾ। ਇੱਕ ਦਿਨ ਮੈਂ ਸੱਤੀ ਨੂੰ ਪੁੱਛਿਆ, “ਯਾਰ, ਬਹੁਤੇ ਦੁਕਾਨਦਾਰ ਤਾਂ ਆਪਣੇ ਮਤਲਬ ਦੀ ਗੱਲਬਾਤ ਗਾਹਕ ਨਾਲ ਕਰਦੇ ਹਨ ਪਰ ਤੂੰ ਤਾਂ ਬਹੁਤ ਹੀ ਘੁਲ ਮਿਲ ਜਾਂਦਾ ਹੈਂ।”
ਸੱਤੀ ਬੱਲਿਆ, “ਦੇਖ ਬਈ, ਇੱਥੇ ਮੇਰੇ ਕੋਲ ਜਿਹੜੇ ਲੋਕ ਪੱਗਾਂ ਚੁੰਨੀਆਂ ਰੰਗਾਉਣ ਆਉਂਦੇ ਆ, ਉਹ ਸਾਰੇ ਲਾਗਲੇ ਪਿੰਡਾਂ ਤੋਂ ਈ ਆਉਂਦੇ ਆ ... ਸਧਾਰਨ ਜਿਹੇ ਬੰਦੇ।
ਜ਼ਿੰਦਗੀ ਵੀ ਬੜੀ ਅਜੀਬ ਚੀਜ਼ ਆ। ਇਹਦੇ ਵਿੱਚ ਵੀ ਬੜੇ ਰੰਗ ਛੁਪੇ ਹੁੰਦੇ ਆ.. ਅੱਜ ਹੋਰ ਤੇ ਕੱਲ੍ਹ ਨੂੰ ਹੋਰ। ਇਸ ਨੱਠ ਭੱਜ ਵਿੱਚ ਕਈ ਲੋਕ ਤਾਂ ਖੁਸ਼ ਹੁੰਦੇ ਆ-ਦੌੜੇ ਈ ਫਿਰਦੇ ਆ ਅਤੇ ਕਈ ਉਦਾਸ… ਕਾਰਨ ਕੋਈ ਵੀ ਹੋਵੇ। ਕੋਈ ਵਿਆਹ ਪਾਰਟੀਆਂ ਨੂੰ ਜਾਂਦਾ, ਕੋਈ ਆਪਣੇ ਸਹੁਰੀਂ, ਕੋਈ ਮੇਲਾ ਦੇਖਣ ਤੇ ਕੋਈ ਆਪਣੇ ਸਕੇ ਸੰਬੰਧੀ ਦੀ ਮੁਕਾਣੇ… । ਕੱਪੜੇ ਰੰਗਣਾ ਤਾਂ ਮੇਰਾ ਕੰਮ ਹੈਗਾ ਈ ਆ, ਪਰ ਮੇਰਾ ਦਿਲ ਹਮੇਸ਼ਾ ਚਾਹੁੰਦਾ ਰਹਿੰਦਾ ਹੈ, ਮੈਂ ਪੂਰੀ ਕੋਸ਼ਿਸ਼ ਵੀ ਕਰਦਾ ਰਹਿੰਦਾ ਹਾਂ ਜੇ ਕਿਤੇ ਕਿਸੇ ਨੂੰ ਥੋੜ੍ਹਾ ਹੋਰ ਖੁਸ਼ ਕਰ ਦਿਆਂ… ਜਾਂ ਕਿਸੇ ਦੁਖੀ ਦਾ ਦੁੱਖ ਹੀ ਵੰਡਾ ਲਵਾਂ। ਆਹ ਤੂੰ ਹੁਣੇ ਦੇਖਿਆ ਕਿ ਫੁੱਫੜ ਕਿੰਨਾ ਖੁਸ਼ ਹੋ ਗਿਆ। ਇਹ ਕਿਹੜਾ ਮੇਰਾ ‘ਸੱਚੀਂ ਦਾ ਫੁੱਫੜ’ ਲਗਦਾ ਸੀ? ਮੈਂ ਕੀ ਕੀਤਾ? ਸਿਰਫ ਪੱਗ ਦਾ ਰੰਗ ਬਦਲ ਦਿੱਤਾ ਤੇ ਮਾੜੀ ਮੋਟੀ ਸਿਫ਼ਤ ਸਲਾਹ ਦੇ ਦਿੱਤੀ। ਜੇ ਮੈਂ ਸਿਰਫ ਪੈਸਿਆਂ ਦਾ ਹੀ ਸੋਚੀ ਜਾਵਾਂ ਤਾਂ… ਮੇਰੀ ਮਾੜੀ ਮੋਟੀ ਦਿਹਾੜੀ ਤਾਂ ਪਈ ਹੀ ਜਾਣੀ ਆ… ਮਾੜਾ ਮੋਟਾ ਰੋਟੀ ਪਾਣੀ ਤਾਂ ਚੱਲੀ ਈ ਜਾਣਾ… ਹੁਣ ਤੂੰ ਹੀ ਦੱਸ ਕਿ ਪੱਗਾਂ ਚੁੰਨੀਆਂ ਰੰਗਣ ਦੀ ਕਮਾਈ ਨਾਲ ਹੋਰ ਭਲਾ ਮੈਂ ਕੀ ਮਹਿਲ ਖੜ੍ਹੇ ਕਰ ਲੈਣੇ ਆ? ਮੈਂ ਕੀ ਖੋਹਣ ਖੋਹ ਲੈਣਾ? ਬੱਸ ਆਹ ਆਈ ਚਲਾਈ ਹੋਈ ਜਾਵੇ ਐਨਾ ਥੋੜ੍ਹਾ ਆ? ਹੋਰ ਮੈਂ ਕਿੱਡਾ ਕੁ ‘ਰਾਜਾ’ ਬਣ ਜਾਣਾ?”
ਸੱਤੀ ਦੇ ਇਸ ਲੰਮੇ-ਚੌੜੇ ਜਵਾਬ ਨੇ ਮੈਨੂੰ ਹੈਰਾਨ ਕਰ ਦਿੱਤਾ। ਗੱਲਾਂ ਕਰਦਿਆਂ ਹੀ ਸੱਤੀ ਦਾ ਇੱਕ ਹੋਰ ਗਾਹਕ ਆ ਗਿਆ ਅਤੇ ਸੱਤੀ ਆਪਣੀ ਗੱਲ ਅੱਧਵਾਟੇ ਛੱਡ ਕੇ ਆਪਣੇ ਗਾਹਕ ਨਾਲ ਗੱਲੀਂ ਪੈ ਗਿਆ।
ਇਸ ਤੋਂ ਬਾਅਦ ਮੈਂ ਇਸ “ਰੂਹ ਦੇ ਰਾਜੇ” ਨੂੰ ਕਦੇ ਵੀ ਨਾ ਮਿਲ ਸਕਿਆ ਪਰ ਮੈਨੂੰ ਧੁਰ ਅੰਦਰੋਂ ਲੱਗਿਆ ਕਿ ਸੱਤੀ ਵਰਗੇ ਲੋਕ ਤਾਂ ਰੱਬ ਦਾ ਰੂਪ ਹੁੰਦੇ ਹਨ:
ਵੰਡਦੇ ਉਜਾਲੇ, ਆਪ ਹਨੇਰਿਆਂ ਵਿੱਚ ਰਹਿ ਕੇ ਵੀ ਜੋ।
ਵੰਡਦੇ ਨੇ ਹਾਸੇ, ਖੁਦ ਆਫ਼ਤਾਂ ਨੂੰ ਸਹਿ ਕੇ ਵੀ ਜੋ।
ਸਮੇਂ ਨੇ ਕਰਵਟ ਬਦਲੀ ਅਤੇ ਸਭ ਕੁਝ ਬਦਲ ਗਿਆ। ਅੱਜ ਨਾ ਸੱਤੀ, ਨਾ ਉਹ ਅੱਡਾ ਅਤੇ ਨਾ ਹੀ ਬਹੁਤੇ ਚੁੰਨੀਆਂ ਪੱਗਾਂ ਰੰਗਣ ਜਾਂ ਰੰਗਾਉਣ ਵਾਲੇ ਹੀ ਦਿਸਦੇ ਹਨ।
ਆਖ਼ਰੀ ਵਾਰ ਸੱਤੀ ਦੀ ‘ਦੁਕਾਨ’ ਦੇ ਬੈਂਚ ਤੋਂ ਉੱਠ ਕੇ ਤੁਰਨ ਲੱਗਿਆਂ ਮੈਂ ਸੱਤੀ ਦੇ ਛੇਕੜਲੇ ਸ਼ਬਦਾਂ, “ਹੋਰ ਮੈਂ ਕਿੱਡਾ ਕੁ ਰਾਜਾ ਬਣ ਜਾਣਾ?” ਨਾਲ ਮੈਂ ਪੂਰਾ ਸਹਿਮਤ ਨਾ ਹੋ ਸਕਿਆ। ਦੁਨਿਆਵੀ ਪਦਾਰਥਾਂ ਜਾਂ ਰਾਜ ਭਾਗਾਂ ਕਰਕੇ ਚਲੋ ਨਾ ਹੀ ਸਹੀ ਪਰ ਦਿਲ, ਮੁਹੱਬਤ ਅਤੇ ਰੂਹ ਦਾ ਤਾਂ ਉਹ ਸੱਚਮੁੱਚ ‘ਰਾਜਾ’ ਹੀ ਸੀ! ਉਸ ਦਿਨ ਵੀ ਤੇ ਅੱਜ ਤੀਹ-ਪੈਂਤੀ ਸਾਲ ਬਾਅਦ ਵੀ ਮੈਨੂੰ ਇੰਜ ਹੀ ਲਗਦਾ ਹੈ।
ਭਾਵੇਂ ਕਦੇ ਕਦਾਈਂ ਹੀ ਸਹੀ,
ਪਰ ਕੁਝ ਕੁ ਜ਼ਿੰਦਾ-ਦਿਲ ਲੋਕ,
ਮਿਲਦੇ ਹਨ ਤਾਂ ਮਹਿਕਾਂ ਫੈਲਾ ਜਾਂਦੇ ਹਨ।
ਲੰਘਦੇ-ਲੰਘਦੇ ਸੰਦਲੀ ਪੈੜਾਂ ਪਾ ਜਾਂਦੇ ਹਨ।
ਜ਼ਿੰਦਾਦਿਲੀ ਦੀ ਜਿਊਂਦੀ ਮਿਸਾਲ ਬਣ ਜਾਂਦੇ ਹਨ,
ਚਿੱਟੀ ਧੁੱਪ ਦੀਆਂ ਕਣੀਆਂ ਵਿੱਚ ਖਿੜ-ਖਿੜ,
ਹੱਸਦੇ ਫੁੱਲਾਂ ਵਾਂਗ ਮੁਹੱਬਤਾਂ ਵੰਡਦੇ ਜਾਂਦੇ ਹਨ।
* *
ਜ਼ਿੰਦਗੀ ਜ਼ਿੰਦਾਬਾਦ!!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (