KulwinderBathDr7ਤਾਜ਼ਾ ਬਣੇ ਸਟੇਜ ਸੈਕਟਰੀ ਨੇ ਲੰਮੀ ਹੇਕ ਲਾ ਕੇ ਆਖਿਆ“ਮਾਈਓ… ਭੈਣੋ…ਅਤੇ ਸੱਜਣੋ!...
(11 ਜਨਵਰੀ 2026)


ਕਹਾਵਤ ਹੈ - ਜਿਸ ਕਾ ਕਾਮ ਉਸੀ ਕੋ ਸਾਜੇ
, ਔਰ ਕਰੇ ਤੋਂ ਡੀਂਗਾ ਵਾਜੇ। ਇਸ ਲਈ ਜ਼ਰਾ ਕੁ ਸੰਭਲ ਕੇ ਚੱਲਣਾ ਚਾਹੀਦਾ ਹੈ। ਦੋਸਤੋ! ਕਿਤੇ ਇਹ ਡੀਂਗਾ ਡਾਂਗ ਬਣਕੇ ਸਿਰ ਵਿੱਚ ਵੱਜਣ ਵਾਲਾ ਹੀ ਨਾ ਹੋ ਨਿੱਬੜੇ ਕਹਿੰਦੇ ਹਨ ਕਿ ਇੱਕ ਵਾਰ ਇੱਕ ਖੇਤੀਬਾੜੀ ਦੇ ਧੰਦੇ ਵਾਲੇ ਸਧਾਰਨ ਜਿਹੇ ਕਿਸਾਨ ਨੂੰ ਕਣਕ ਦਾ ਬੋਹਲ ਸੰਭਾਲਦਿਆਂ ਦੇਖ ਕੇ ਇੱਕ ਚੁਸਤ ਚਲਾਕ ਵਿਉਪਾਰੀ ਬਿਰਤੀ ਵਾਲਾ ਬਾਣੀਆ ਬੋਲਿਆ, “ਭਰਾ, ਕਿਉਂ ਨਾ ਆਪਾਂ ਖੇਤੀਬਾੜੀ ਦਾ ਕੰਮ-ਧੰਦਾ ਸਾਂਝਾ ਕਰ ਲਈਏ? ਕੰਮ-ਕਾਰ ਅਤੇ ਫਸਲ ਦੀ ਦੇਖ-ਭਾਲ ਤੇਰੀ, ਖ਼ਰਚਾ ਪੂਰੇ ਦਾ ਪੂਰਾ ਮੇਰੇ ਸਿਰ, ਫਸਲ ਅੱਧੋ-ਅੱਧ।”

ਬਾਣੀਏ ਦੇ ਵਿਉਪਾਰੀ ਮਨ ਨੂੰ ਫਸਲ ਦਾ ਵੱਡਾ ਬੋਹਲ ਨਜ਼ਰ ਆਉਂਦਾ ਸੀ ਅਤੇ ਜੱਟ ਨੂੰ ਆੜ੍ਹਤੀਆਂ ਤੋਂ ਲਿਆ ਹੋਇਆ ਕਰਜ਼ਾ ਸਤਾਉਂਦਾ ਸੀਪਰ ਅੰਦਰੋਂ-ਅੰਦਰੀਂ ਦੋਵੇਂ ਹੀ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀਆਂ ਸੋਚਾਂ ਦਾ ਤਾਣਾਬਾਣਾ ਬੁਣਨ ਲੱਗ ਪਏ ਅਤੇ ਆਖ਼ਰ ਮੰਨ ਗਏ ਸਾਂਝੀ ਖੇਤੀ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੱਟ ਨੇ ਪਹਿਲ ਕਰਦਿਆਂ ਬਾਣੀਏ ਨੂੰ ਪੁੱਛਿਆ, “ਵੱਡੇ ਭਾਈ, ਤੂੰ ਅਗਲੀ ਫਸਲ ਦਾ ਕਿਹੜਾ ਹਿੱਸਾ ਲੈਣਾ ਪਸੰਦ ਕਰੇਂਗਾ? ਜਮੀਨ ਦੇ ਉੱਪਰਲਾ ਹਿੱਸਾ ਜਾਂ ਥੱਲੇ ਦਾ?

ਜੱਟ ਦੀ ਦਰਿਆਦਿਲੀ ਨੂੰ ਮਾਣਦਿਆਂ ਅਤੇ ਕੁਝ ਜ਼ਰਬਾਂ-ਤਕਸੀਮਾਂ ਕਰਦਿਆਂ ਬਾਣੀਆ ਬੋਲਿਆ, “ਜਮੀਨ ਤੋਂ ਉੱਪਰ ਵਾਲਾ।”

ਮਚਲੇ ਜੱਟ ਨੇ ਬਾਣੀਏ ਦੀ ਸਲਾਹ ਨਾਲ ਆਲੂ ਲਾ ਲਏਫਸਲ ਆਉਣ ’ਤੇ ਆਲੂ ਆਪ ਰੱਖ ਲਏ ਅਤੇ ਵੇਲਾਂ-ਪੱਤਿਆਂ ਦਾ ਗੱਡਾ ਭਰ ਕੇ ਬਾਣੀਏ ਦੇ ਘਰ ਸੁੱਟ ਆਇਆ

ਫਸਲ ਦਾ ਅਜਿਹਾ ਅੱਧ ਦੇਖਦਿਆਂ ਹੈਰਾਨ ਹੋਇਆ ਬਾਣੀਆ ਬੋਲਿਆ, “ਬਈ ਗੱਲ ਐਦਾਂ ਕਿ ਅਗਲੀ ਫਸਲ ਦਾ ਮੇਰਾ ਅੱਧ ਜਮੀਨ ਦੇ ਥੱਲੇ ਵਾਲਾ, ਤੇਰਾ ਉੱਪਰ ਵਾਲਾ

ਇਸ ਵਾਰ ਜੱਟ ਨੇ ਕਣਕ ਬੀਜ ਦਿੱਤੀਦਾਣੇ ਆਪ ਰੱਖ ਕੇ ਨਾੜ-ਤੂੜੀ ਨਾਲ ਬਾਣੀਏ ਦਾ ਵਿਹੜਾ ਭਰ ਆਇਆ

ਦੋ ਵਾਰੀ ਤੰਗ ਅਤੇ ਤੁੰਨਿਆ ਹੋਇਆ ਬਾਣੀਆ ਇਸ ਵਾਰ ਜੱਟ ਨੂੰ ਤੁੰਨਣ ਲਈ ਬੋਲਿਆ, “ਭਰਾਵਾ, ਭਾਵੇਂ ਫੈਸਲਾ ਮੇਰਾ ਹੀ ਸੀ ਪਰ ਮੈਨੂੰ ਦੋ ਵਾਰੀ ਬੜਾ ਤਕੜਾ ਘਾਟਾ ਪਿਆ ਹੈ! ਐਤਕੀਂ ਫਸਲ ਦੇ ਜ਼ਮੀਨੋਂ ‘ਉੱਪਰਲੇ ਅਤੇ ਥੱਲੇ’ ਵਾਲੇ ਦੋਨੋਂ ਹਿੱਸੇ ਮੇਰੇ ਹੋਣਗੇ ਅਤੇ ਤੂੰ ਵਿਚਕਾਰਲਾ ਹਿੱਸਾ ਰੱਖ ਲਵੀਂ।”

ਜੱਟ ਮੁਸਕਰਾਉਂਦਾ ਹੋਇਆ ਬੋਲਿਆ, “ਜਿਸ ਤਰ੍ਹਾਂ ਤੇਰੀ ਮਰਜ਼ੀ, ਭਰਾਵਾ!”

ਬਾਣੀਏ ਨੂੰ ਸੱਤ ਬਚਨ ਕਹਿ ਕਿ ਉਹ ਆਪਣੇ ਖੇਤੀਂ ਪਹੁੰਚਿਆ… ਤੇ ਇਸ ਵਾਰ ਮੱਕੀ ਬੀਜ ਦਿੱਤੀਫਸਲ ਪੱਕਣ ’ਤੇ ਛੱਲੀਆਂ ਆਪ ਰੱਖ ਲਈਆਂ ਅਤੇ ਟਾਂਡਿਆਂ ਦੇ ਢੇਰ ਬਾਣੀਏ ਦੇ ਬੂਹੇ ਦੇ ਨਾਲ ਲੱਗਾ ਆਇਆ

ਕਈ ਵਾਰੀ ਤਾਂ ਬੰਦਾ ਕਿਸੇ ਕੰਮ-ਕਾਰ ਨੂੰ ਨਾ ਜਾਣਦਿਆਂ ਆਪ ਹੀ ਪੰਗਾ ਲੈ ਲੈਂਦਾ ਹੈ, ਪਰ ਕਦੇ ਕਦਾਈਂ ਕੋਈ ਭੋਲਾ ਬੰਦਾ ਐਵੇਂ ਫਸ ਵੀ ਜਾਂਦਾ ਹੈਪਰ ਜ਼ਿੰਦਗੀ ਦਾ ਸਬਕ ਦੋਵੇਂ ਤਜਰਬੇ ਸਿਖਾ ਜਾਂਦੇ ਹਨ

ਰਹਿੰਦੇ ਵੰਡਦੇ ਸੀ ਮੱਤਾਂ
ਬਹੁਤੇ ਬਣ ਕੇ ਸਿਆਣੇ
ਐਵੇਂ ਨਿਕਲੇ ਭੁਲੇਖੇ
ਤੈਥੋਂ ਸਭ ਨੇ ਸਿਆਣੇ!

*   *   *

ਪਿੰਡ ਦੀ ਵਿਸਾਖੀ ਦੇ ਮੇਲੇ ਵਾਲਾ ਸੈਕਟਰੀ ਅਤੇ ਤਾਰਾ ਸਿਹੁੰ ਦਾ ਗੁਪਤ ਦਾਨ

ਸਟੇਜ ਸੈਕਟਰੀ ਜਾਂ ਸਕੱਤਰ ਦਾ ਕੰਮ ਵੀ ਬੜਾ ਜੋਖ਼ਮ ਵਾਲਾ ਹੀ ਹੁੰਦਾ ਹੈਖ਼ਾਸ ਕਰਕੇ ਮੈਂ... ਮੈਂ... ਮੈਂ… ਕਰਨ ਵਾਲੇ ਮੰਨੇ-ਪ੍ਰਮੰਨੇ ਵਿਦਵਾਨਾਂ, ਸਾਹਿਤਕਾਰਾਂ ਜਾਂ ਸਿਆਸਤਦਾਨਾਂ ਵਗੈਰਾ ਵਾਲੇ ਪ੍ਰੋਗਰਾਮ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਉਸਦੇ ਮਨ ਨੂੰ ਅਕਸਰ ਧੁੜਕੂ ਹੀ ਲੱਗਾ ਰਹਿੰਦਾ ਹੈ ਕਿ ਅੱਜ ਕਿਹੜੇ ਡਾਢੇ ਦੇ ਨਜ਼ਲੇ ਨਾਲ ਉਸ ਨੂੰ ਭਿੱਜਣਾ ਪਵੇਗਾਹਰ ਕੋਈ ਬੋਲਣਾ, ਬੋਲਣਾ ਅਤੇ ਬੱਸ ਬੋਲਣਾ ਹੀ ਚਾਹੁੰਦਾ ਹੁੰਦਾ ਹੈ!! ਸੁਣਨ ਵਾਲੇ ਹਮਾਤੜਾਂ ਦਾ ਅਕਸਰ ਕਾਲ ਪੈ ਜਾਂਦਾ ਹੈ ਸਟੇਜ ਸੈਕਟਰੀ ਚੰਗਾ ਬੁਲਾਰਾ ਹੁੰਦਾ ਹੈ ਜਾਂ ਫਿਰ ਹੋਣਾ ਚਾਹੀਦਾ ਹੀ ਹੈ, ਪਰ ਇਸਦੇ ਨਾਲ ਹੀ ਉਸ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਕਾਫ਼ੀ ਮਿਹਨਤ ਵੀ ਕਰਨੀ ਪੈਂਦੀ ਹੈਪ੍ਰੋਗਰਾਮ ਅਨੁਸਾਰ ਕਾਫ਼ੀ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈਪ੍ਰਬੰਧਕਾਂ, ਬੁਲਾਰਿਆਂ ਅਤੇ ਸਰੋਤਿਆਂ ਦੀ ਉਸਤਤ ਕਰਨ ਲਈ ਉਹ ਵਧੀਆ-ਵਧੀਆ ਲਫਜ਼ ਢੂੰਡਦਾ ਰਹਿੰਦਾ ਹੈਅਕਸਰ ਹੀ ਢੀਠ ਬੁਲਾਰਿਆਂ ਦੀਆਂ ਬੇਤੁਕੀਆਂ ਅਤੇ ਅਕਾਉਣੀਆਂ ਗੱਲਾਂ ਦਾ ਸਤਾਇਆ ਹੋਇਆ ਉਹ ਵਾਰ-ਵਾਰ ਘੜੀ ਦੀ ਤੇਜ਼ ਦੌੜਦੀ ਸੂਈ ਅਤੇ ਦੇਰੀ ਨਾਲ ਸ਼ੁਰੂ ਹੋਏ ਪ੍ਰੋਗਰਾਮ ਦਾ ਟਾਈਮ ਟੇਬਲ ਵੀ ਦੇਖਦਾ ਰਹਿੰਦਾ ਹੈਸਮੇਂ ਅਤੇ ਹਾਲਾਤ ਦੇ ਅਨੁਸਾਰ ਕਈ ਵਾਰੀ ਮੌਕੇ ਅਨੁਸਾਰ ਢੁਕਵਾਂ ਫੇਰਬਦਲ ਵੀ ਕਰਦਾ ਹੈ

ਹਾਲਾਂ ਕਿ ਟਾਈਮ ਕਦੇ ਖੜ੍ਹਦਾ ਨਹੀਂ ਹੈ ਪਰ ਫਿਰ ਵੀ ਖੜ੍ਹੇ ਪੈਰ ਅਤੇ ਮਜਬੂਰੀ ਵੱਸ ਕੀਤੇ ਹੋਏ ਫੇਰ-ਬਦਲ ਕਈ ਵਾਰੀ ਰੁਆਉਣੇ ਜਾਂ ਫਿਰ ਹਾਸੋਹੀਣੇ ਵੀ ਹੋ ਨਿੱਬੜਦੇ ਹਨਅਜਿਹੀਆਂ ਤਬਦੀਲੀਆਂ ਭਾਵੇਂ ਕਿਸੇ ਰੜ੍ਹਿਓ ਅਤੇ ਹੰਢਿਓ ਸੈਕਟਰੀ ਦੁਆਰਾ ਹੋਣ ਜਾਂ ਫਿਰ ਕਿਸੇ ਹਮਾਤੜ ਬੰਦੇ ਦੇ ਗੱਲ ਵਿੱਚ ਪਏ ਤਾਜ਼ੇ ਸੈਕਟਰੀਪੁਣੇ ਦੇ ਸੱਪ ਕਾਰਨ ਹੋਣ

‘ਦਾਨ’ ਇੱਕ ਸ੍ਰੇਸ਼ਠ ਕਰਮ ਹੈ, ਜਿਸਦਾ ਸਾਡੇ ਜੀਵਨ ਵਿੱਚ ਬੜਾ ਮਹੱਤਵ ਹੈਦਾਨ-ਅਰਥਾਤ ਦੇਣ ਦਾ ਭਾਵ, ਅਰਪਣ ਕਰਨ ਦੀ ਨਿਸ਼ਕਾਮ ਭਾਵਨਾ ਨਾਲ ਜੁੜਿਆ ਹੈਬਹੁਤ ਸਾਰੇ ਲੋਕ ਬਹੁਤ ਸਾਰੇ ਅਤੇ ਭਾਂਤ ਭਾਂਤ ਦੇ ਦਾਨ ਪੁੰਨ ਕਰਦੇ ਰਹਿੰਦੇ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ

ਕਹਿਣ ਨੂੰ ਤਾਂ ਕੁੜੀਆਂ ਦੇ ਵਿਆਹ ਨੂੰ ਵੀ ‘ਕੰਨਿਆਦਾਨ’ ਹੀ ਕਹਿੰਦੇ ਹਨ, ਮਤਲਬ ਕੁੜੀ/ਕੰਨਿਆ ਦਾ ਦਾਨਬਹੁਤੇ ਦਾਨਾਂ ਦਾ ਤਾਂ ਸਾਨੂੰ ਆਮ ਹੀ ਪੱਥਰਾਂ, ਸੰਗਮਰਮਰਾਂ, ਬਿਲਡਿੰਗਾਂ, ਪੱਖਿਆਂ, ਅਖਬਾਰਾਂ, ਰਸਾਲਿਆਂ, ਸੋਸ਼ਲ ਮੀਡੀਆ ਦੇ ਪਲੈਟਫੌਰਮਾਂ, ਚਿੱਤਰਾਂ, ਗੱਲਾਂਬਾਤਾਂ, ਜਾਂ ਮੂੰਹੋਂ-ਮੂਹੀਂ ਪਤਾ ਲੱਗ ਜਾਂਦਾ ਹੈ

ਦਾਨ ਦੀ ਗੱਲ ਤੁਰੀ ਹੈ ਤਾਂ ਯਕੀਨਨ ਹੀ ‘ਗੁਪਤ ਦਾਨ’ ਬਾਰੇ ਵੀ ਤੁਸੀਂ ਜ਼ਰੂਰ ਸੁਣਿਆ ਹੋਵੇਗਾ! ਛੋਟੇ ਹੁੰਦਿਆਂ, ਅਸੀਂ ਪਿੰਡ ਵਿੱਚ ਲਗਦੇ ਵਿਸਾਖੀ ਦੇ ਮੇਲੇ ਵਿੱਚ ਪਕੌੜੇ ਜਲੇਬੀਆਂ ਖਾਂਦੇ-ਖਾਂਦੇ ਅਤੇ ਘੁੰਮਦੇ-ਘੁਮਾਉਂਦੇ ਕੜਾਹ ਪ੍ਰਸ਼ਾਦ ਲੈਣ ਲਈ ਪੰਡਾਲ ਵਿੱਚ ਪਹੁੰਚ ਜਾਂਦੇਲਾਗਲੇ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਇਸ ਵਿਸਾਖੀ ਮੇਲੇ ਦੀਆਂ ਰੌਣਕਾਂ ਨੂੰ ਹੋਰ ਵੀ ਰਮਣੀਕ ਬਣਾ ਦਿੰਦੀ ਸੀਮੇਲੇ ਦੇ ਅਖੀਰ ਵਿੱਚ ਪੈਂਦੀ ਛਿੰਝ ਵਿੱਚ ਕੁਸ਼ਤੀਆਂ ਦੇਖਣ ਚਲੇ ਜਾਂਦੇਉਸ ਸਮੇਂ ਸਕੂਲ ਵਿੱਚ ਲੱਗੀ ਕਿਤਾਬ ਵਿੱਚਧਨੀ ਰਾਮ ਚਾਤ੍ਰਿਕਦੀਆਂ ਇਹ ਅਮਰ ਲਾਈਨਾਂ ਪੜ੍ਹ ਕੇ ਮੈਨੂੰ ਇੰਜ ਲਗਦਾ ਹੁੰਦਾ ਸੀ ਜਿਵੇਂ ਉਹ ਮੇਰੇ ਪਿੰਡ ਦੇ ਵਿਸਾਖੀ ਦੇ ਮੇਲੇ ਅਤੇ ਛਿੰਝ ਦੀ ਹੀ ਗੱਲ ਕਰਦਾ ਹੋਵੇ! ‘ਕਿੱਸੂ ਅਤੇ ਸੁਰੈਣਾ’ ਮੇਰੇ ਪਿੰਡ ਦੇ ਦੋ ਬਜ਼ੁਰਗ ਭਰਾ ਹੁੰਦੇ ਸਨ

ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ
,
ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ ਤੇਲ ਦੇ
,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ
,
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾਹ ਗਿਆ
,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
,

ਇਸ ਕਵਿਤਾ ਨੂੰ ਪੜ੍ਹ ਕੇ ਮੈਂ ਮਨ ਹੀ ਮਨ ਇਹ ਵੀ ਸੋਚਦਾ ਹੁੰਦਾ ਕਿ ਕਿੱਸੂ ਨੇ ‘ਢਹਿਣ ਲਈ’ ਸੁਰੈਣੇ ਨਾਲ ਕਿਉਂ ਪੰਗਾ ਲਿਆ ਹੋਵੇਗਾ? ਉਹ ਕਿੱਦਾਂ ਅਤੇ ਕਿਹੜਾ ਦਾਅ ਲਾਉਂਦਾ ਹੋਵੇਗਾ? ਉਸ ਨੂੰ ਤਾਂ ਅੱਖਾਂ ਤੋਂ ਦਿਸਦਾ ਹੀ ਨਹੀਂ ਸੀ, ਡੰਡੇ ਨਾਲ ਤਾਂ ਉਹ ਮਸਾਂ ਤੁਰਦਾ ਸੀ! ਸੁਰੈਣਾ ਤਾਂ ਖੁਦ ਆਪ ਮਾੜਕੂ ਅਤੇ ਘਸਿਆ ਜਿਹਾ ਕਾਗਜ਼ੀ ਪਹਿਲਵਾਨ ਹੀ ਸੀ, ਉਸਨੇ ਕਿੱਸੂ ਨੂੰ ਕਿਵੇਂ ਢਾਹ ਲਿਆ? ਕਈ ਤਰ੍ਹਾਂ ਦੇ ਸਵਾਲ ਐਵੇਂ ਆ-ਆ ਕੇ ਘੇਰਦੇ ਰਹਿੰਦੇ

ਇਸ ਵਾਰੀ ਵਿਸਾਖੀ ਦੇ ਮੇਲੇ ਵਿੱਚ ਲਾਈ ਪੰਡਾਲ ਦੀ ਸਟੇਜ ਚਲਾਉਣ ਵਾਲੇ ਸੁੱਘੜ ਸਿਆਣੇ ਸੈਕਟਰੀ ਦੀ ਤਬੀਅਤ ਵਿਗੜਨ ਕਾਰਨ ਉਹ ਐਨ ਮੌਕੇ ’ਤੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜਵਾਬ ਦੇ ਗਿਆਪ੍ਰਧਾਨ ਸਾਹਿਬ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਪ੍ਰਬੰਧਕੀ ਕਮੇਟੀ ਨੂੰ ਕਿਹਾ, “ਮੇਰਾ ਕੰਮ ਤਾਂਪ੍ਰਧਾਨਾਂਵਾਲਾ ਹੈ! ਪਰ ਫੇਰ ਵੀ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਊ।”

ਉਸਨੇ ਤਰਲਾ-ਮਿੰਨਤ ਕਰਦਿਆਂ ਸਟੇਜ ਸੈਕਟਰੀ ਦੀ ‘ਜ਼ਿੰਮੇਵਾਰੀ ਦਾ ਸੱਪ’ ਇੱਕ ਅਨਾੜੀ ਜਿਹੇ ਬੰਦੇ ਦੇ ਗੱਲ ਪਾ ਦਿੱਤਾ ਉਸ ਬੰਦੇ ਨੇ ਬਥੇਰਾ ਰੌਲਾ ਪਾਇਆ, “ਪ੍ਰਧਾਨ ਸਾਹਿਬ! ਮੈਂ ਇਹ ਕੰਮ ਨਹੀਂ ਕਦੇ ਕੀਤਾ!” ਪਰ ਪ੍ਰਧਾਨ ਸਾਹਿਬ ਉਸ ਨੂੰ ‘ਹੌਸਲੇ ਦੀ ਹਵਾ’ ਦਿੰਦੇ ਹੋਏ ਬੋਲੇ, “ਹਰੇਕ ਕੰਮ ਨੂੰ ਕਦੇ ਨਾ ਕਦੇ ਤਾਂ ਪਹਿਲੀ ਵਾਰ ਕਰਨਾ ਹੀ ਪੈਂਦਾ ਹੈ! ... ਪਰ ਤੂੰ ਮੇਰਾ ਯਕੀਨ ਕਰ ਕਿ ਮੇਰੇ ਲਾਗੇ ਜਾਂ ਦੂਰ ਦੀ ਨਜ਼ਰ ਵਿੱਚ ਤੇਰੇ ਨਾਲੋਂ ਜ਼ਿਆਦਾ ਸਿਆਣਾ ਤੇ ਕਾਬਲੀਅਤ ਵਾਲਾ ਸ਼ਖ਼ਸ ਕੋਈ ਹੋਰ ਹੈ ਹੀ ਨਹੀਂ!”

ਕਮਲੀ ਦੇ ਸਿਵਿਆਂ ਵਾਲੇ ਰਾਹ ਪੈਣ ਵਾਂਗ ਨਵੇਂ ਸੈਕਟਰੀ ਤੋਂ ਸਟੇਜ ਸੰਭਾਲਦਿਆਂ ਕਈ ਹੋਰ ਵੀ ਉੱਪਰ-ਥੱਲੇ ਵਾਲੀਆਂ ਹਾਸੋਹੀਣੀਆਂ ਗੱਲਾਂ ਹੋ ਗਈਆਂ ਪਰ ਇੱਕ ਨਾ ਭੁੱਲਣਯੋਗ ਗੱਲ ਅੱਜ ਤਕ ਯਾਦਾਂ ਵਿੱਚ ਕੈਦ ਹੈ ਤਾਜ਼ਾ ਬਣੇ ਸਟੇਜ ਸੈਕਟਰੀ ਨੇ ਲੰਮੀ ਹੇਕ ਲਾ ਕੇ ਆਖਿਆ, “ਮਾਈਓ… ਭੈਣੋ…ਅਤੇ ਸੱਜਣੋ!... ਖੜ੍ਹੇ-ਬੈਠੇ, ਦੂਰੋਂ ਅਤੇ ਲਾਗਿਓਂ ਆਏ ਦੋਸਤੋ ਅਤੇ ਮਿੱਤਰੋ!... ਅੱਜ ਦੇ ਸ਼ੁਭ ਦਿਨ ਆਹ ਇੱਕ ਬੜੀ ਖੁਸ਼ੀ ਦੀ ਗੱਲ ਹੋਈ ਆ  ਕਿ ਤਾਰਾ ਸਿਹੁੰ ਵਲਦ ਮਲੂਕ ਸਿਹੁੰ ਨੇ ਪੂਰੇ ਪੰਜ ਸੌ ਰੁਪਈਆਂ ਦਾ ਗੁਪਤ ਦਾਨ ਕੀਤਾ ਹੈ!”

“ਗੁਪਤ ਦਾਨ” ’ਤੇ ਜ਼ੋਰ ਪਾਉਂਦਿਆਂ ਉਸਨੇ ਦੋਵੇਂ ਪੈਰਾਂ ਦੀਆਂ ਅੱਡੀਆਂ ਚੁੱਕ ਕੇ ਅਤੇ ਮਾਈਕ ਦੇ ਨਾਲ ਮੂੰਹ ਜੋੜ ਕੇ ਪੂਰੇ ਜ਼ੋਰ-ਸ਼ੋਰ ਨਾਲ ਫਿਰ ਆਖਿਆ, “ਸੱਜਣ ਪਿਆਰਿਓ! ਗੁਪਤ ਦਾਨ ਹੋਵਣ ਤਾਂ ਐਦਾਂ ਦੇ ਹੀ ਹੋਵਣ। ... ਹੁਣ ਤੁਸੀਂ ਵੀ ਮਾਰੋ ਹੰਭਲਾ! ... ਕੱਢੋ ਦਸਵੰਧ! ਅਤੇ ਕਰੋ ਗੁਪਤ ਦਾਨ ਤਾਰਾ ਸਿਹੁੰ ਦੇ ਪੰਜ ਸੌ ਰੁਪਈਆਂ ਵਰਗਾ! ... ਮਾਰੋ ਆਪਣੇ ਬੋਝਿਆਂ ਵਿੱਚ ਹੱਥ! ਮਾਰੋ ਖੀਸਿਆਂ ਵਿੱਚ ਹੱਥ ਹੁਣੇ ਈ… ਤੇ ਐੱਸ ਸਟੇਜ ਤੋਂ ਹੀ ਨੱਕੋ-ਨੱਕ ਭਰੇ ਮੇਲੇ ਨੂੰ ਵੀ ਪਤਾ ਲੱਗੇ ਗੁਪਤ ਦਾਨ ਦੇ ਦਾਨੀਆਂ ਦਾ!! ਲੰਮੀ ਪੂਛ ਵਾਲੇ ਲਾਊਡ-ਸਪੀਕਰਾਂ ਦੀ ਆਵਾਜ਼ ਲਾਗਲੇ ਪਿੰਡਾਂ ਦੀਆਂ ਜੂਹਾਂ ਪਾਰ ਕਰ ਗਈ

ਖੈਰ ਪੰਜ ਸੌ ਰੁਪਈਆ ਰਕਮ ਤਾਂ ਵੱਡੀ ਹੀ ਸੀ ਉਸ ਟਾਈਮ, ਪਰ ਕਈ ਲੋਕ ਆਪਣੇ ਸਿਰ ਖੁਰਕਣ ਲੱਗ ਪਏ… ਹਮਾਤੜ ਅਤੇ ਅਨਾੜੀ ਸੈਕਟਰੀ ਦੀ ਜ਼ੁਬਾਨੋਂਗੁਪਤ ਦਾਨਦੀ ਨਵੀਂ ਪਰਿਭਾਸ਼ਾ ਨੂੰ ਸੁਣਦਿਆਂ

ਭੁੱਲ ਚੁੱਕ ਮੁਆਫ… ਪਰ ਦਹਾਕਿਆਂ ਪਹਿਲਾਂ ਦੀ ਇਹ ਹਾਸੋਹੀਣੀ ਗੱਲ ਹੁਣ ਤਾਂ ਆਮ ਹੀ ਹੈ, ਸੱਜਣੋ! ਜ਼ਰਾ ਮਾਰੋ ਨਿਗ੍ਹਾ ਆਲੇ-ਦੁਆਲੇ, ਸੋਸ਼ਲ ਮੀਡੀਆ ਦੇ ਪਲੈਟਫੌਰਮਾਂ ’ਤੇ। ਕਿਸੇ ਅਨਾੜੀ ਸੈਕਟਰੀ ਦੀ ਜ਼ਰੂਰਤ ਨਹੀਂ ਰਹੀ‘ਗੁਪਤ ਦਾਨ’ ਬਾਰੇ ‘ਗੁਪਤ ਦਾਨੀਆਂ’ ਦੀ ਖ਼ੁਦ ਦੀ ਜਾਂ ਫਿਰ ਕਿਸੇ ਦੋਸਤ-ਮਿੱਤਰ ਦੀ ਦੱਬੀ ਹੋਈ ਇੱਕ ਉਂਗਲ ਹਜ਼ਾਰਾਂ ਲੋਕਾਂ ਦੇ ਗਰੁੱਪਾਂ ਵਿੱਚ ਫੋਟੋਆਂ ਸਮੇਤ ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ ਅਤੇ ‘ਗੁਪਤ ਦਾਨੀ’ ਆਪਣੇ ‘ਗੁਪਤ ਦਾਨ’ ਬਾਰੇ ਮਿਲੇ ਹੁੰਗਾਰਿਆਂ ਨੂੰ ਪਰਦੇ ਪਿੱਛਿਓਂ ਗਿਣਦੇ, ਮਿਣਦੇ ਅਤੇ ਮਾਣਦੇ ਰਹਿੰਦੇ ਹਨ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author