KulwinderBathDr7ਘਰਾਂ ਵਿੱਚ ਉੱਗੀਆਂ ਕਬਰਾਂ ਫਰੋਲਦੇ ... ਬੇਵੱਸ, ਮਸੂਮ, ਅਤੇ ਯਤੀਮ ਬੱਚਿਓ ...
(5 ਸਤੰਬਰ 2026)

 

ਇੱਕ ਜ਼ਿੰਦਾ-ਦਿਲ ਇਨਸਾਨ ਦਾ ਮਾਫ਼ੀਨਾਮਾ ਦੋਸਤੋ, ਕੁਝ ਕਿਤਾਬਾਂ ਸਿਰਫ ਸਫੈਦ ਵਰਕਿਆਂ ’ਤੇ ਉੱਕਰੇ ਕਾਲੇ ਅੱਖਰ ਨਹੀਂ ਹੁੰਦੀਆਂ ਬਲਕਿ ਮਨ ਦੇ ਅਹਿਸਾਸ ਅਤੇ ਦਿਲ ਦੇ ਜਜ਼ਬਾਤਾਂ ਦੀ ਦਾਸਤਾਨ ਹੁੰਦੀਆਂ ਹਨਪੰਜਾਬੀ ਸਾਹਿਤ ਜਗਤ ਦੀ ਜਾਣੀ ਪਛਾਣੀ ਸ਼ਖਸੀਅਤ ਡਾ. ਗੁਰਬਖਸ਼ ਸਿੰਘ ਭੰਡਾਲ ਦੀ ਨਵੀਂ ਪੁਸਤਕ “ਬੱਚਿਓ! ਸਾਨੂੰ ਮਾਫ਼ ਕਰਨਾ” ਵੀ ਇੱਕ ਅਜਿਹੀ ਮਾਰਮਿਕ ਰਚਨਾ ਹੈ ਜਿਸ ਨੂੰ ਪੜ੍ਹਦਿਆਂ ਉਨ੍ਹਾਂ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ ਅਤੇ ਬੇਬਾਕ ਮਨ ਦੇ ਵਿਲੱਖਣ ਅੰਦਾਜ਼ ਦੀ ਝਲਕ ਪੈਂਦੀ ਹੈ!

ਵਾਰਤਕ ਦੇ ਬਾਦਸ਼ਾਹ ਗੁਰਬਖਸ਼ ਸਿੰਘ ਭੰਡਾਲ…

ਜਦੋਂ ਕਦੇ ਵੀ ਕਿਸੇ ਸਿਰਮੌਰ ਲੇਖਕ ਬਾਰੇ ਕੁਝ ਸਾਂਝਾ ਕਰਨਾ ਪਵੇ ਤਾਂ ਮੇਰੇ ‘ਪਾਠਕ ਮਨ’ ਨੂੰ ਧੁੜਕੂ ਜਿਹਾ ਲੱਗ ਜਾਂਦਾ ਹੈ, ਇਹ ਸੋਚਦਿਆਂ ਕਿ ਕੁੱਜੇ ਵਿੱਚ ਸਮੁੰਦਰ ਬੰਦ ਕਿਵੇਂ ਹੋਵੇਗਾ? ਲੇਖਕ ਦੇ ਨਾਲ ਨਾਲ ਜੇਕਰ ਉਹ ਬਹੁਪੱਖੀ ਸ਼ਖਸੀਅਤ ਇੱਕ ਨਿਊਕਲੀਅਰ ਸਾਇੰਸਦਾਨ, ਅਧਿਆਪਕ ਅਤੇ ਚੰਗਾ ਇਨਸਾਨ ਵੀ ਹੋਵੇ ਤਾਂ ਇਹ ਕਾਰਜ ਕੁਛ ਹੋਰ ਕਠਿਨ ਬਣ ਜਾਂਦਾ ਹੈ ਵਿਭਿੰਨ ਵਿਸ਼ਿਆਂ ਅਤੇ ਵਿਭਿੰਨ ਰੰਗਾਂ-ਰਸਾਂ ਵਾਲੀਆਂ 26 ਮਿਆਰੀ ਪੁਸਤਕਾਂ ਦੇ ਸਿਰਜਣਹਾਰ, ਪੰਜਾਬੀ ਸਾਹਿਤ ਦੇ ਧਰੂ-ਤਾਰੇ, ਬਹੁਪੱਖੀ ਅਤੇ ਬਹੁਰੰਗੀ ਪ੍ਰਤਿਭਾ ਵਾਲੇ ਲੇਖਕ ਗੁਰਬਖਸ਼ ਸਿੰਘ ਭੰਡਾਲ ਬਹੁਤੀ ਰਸਮੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ!

ਹਉਕੇ ਦੀ ਜੂਨ” ਕਾਵਿ ਸੰਗ੍ਰਹਿ ਨਾਲ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਕਰਨ ਵਾਲੇ ਅਤੇ ‘ਪੰਜਾਬੀ ਵਾਰਤਕ ਦੇ ਬਾਦਸ਼ਾਹ’ ਵਜੋਂ ਜਾਣੇ ਜਾਂਦੇ ਇਸ ‘ਮੰਡ ਦੇ ਮੋਤੀ’ ਦੀ ਵਿਦਵਤਾ ਅਤੇ ਸਾਹਿਤਕ ਦੇਣ ਬਾਰੇ ਸੁਹਿਰਦ ਪਾਠਕ ਭਲੀਭਾਂਤ ਜਾਣਦੇ ਹਨਕਵਿਤਾ ਅਤੇ ਵਾਰਤਕ ਸਿਰਜਣਾ ਤੋਂ ਇਲਾਵਾ ਉਹ ਬਹੁਤ ਦਿਲਚਸਪ ਸਫਰਨਾਮਿਆਂ ਨਾਲ ਪਾਠਕਾਂ ਨੂੰ ਦੂਰ-ਦੁਰਾਡੇ ਦੀ ਸੈਰ ਵੀ ਕਰਾ ਚੁੱਕੇ ਹਨ

ਬੱਚਿਓ! ਸਾਨੂੰ ਮਾਫ਼ ਕਰਨਾ”, … ਇੱਕ ਜ਼ਿੰਦਾ-ਦਿਲ ਇਨਸਾਨ ਦਾ ਮਾਫ਼ੀਨਾਮਾ!

ਭਾਵੇਂ ਮਾਫੀ ਅਤੇ ਮਾਫੀਨਾਮੇ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਮਹੱਤਵਪੂਰਣ ਰੋਲ ਹੈ, ਪਰ ਬਹੁਤੇ ਇਨਸਾਨਾਂ ਲਈ ਇਹ ਇੱਕ ਚੁਣੌਤੀ ਅਤੇ ਸੰਘਰਸ਼ ਭਰਪੂਰ ਕਾਰਜ ਵੀ ਹੈਹਾਲਾਂ ਕਿ ਮਨੁੱਖ ਨੂੰ ਗਲਤੀ ਦਾ ਪੁਤਲਾ ਮੰਨਿਆ ਗਿਆ ਹੈ, ਪਰ ਉਹੀ ਮਨੁੱਖ ਅਕਸਰ ਗਲਤੀ ਕਰਕੇ ਜਾਂ ਗਲਤ ਹੁੰਦਿਆਂ ਵੀ ਮਾਫੀ ਮੰਗਣ ਨੂੰ ਆਪਣੀ ਹੇਠੀ ਸਮਝਦਾ ਹੈ ਉਸਦੇ ਅੰਦਰਲੀ “ਮੈਂ” ਦੀ ਭਾਵਨਾ ਬਾਹਰ ਆ ਕੇ ਐਨ ਵਿਚਕਾਰ ਅੜ ਜਾਂਦੀ ਹੈਹੰਕਾਰ ਨਾਲ ਭਰਿਆ ਮਨ ਸਚਾਈ ਨੂੰ ਸਵੀਕਾਰ ਨਹੀਂ ਕਰਦਾ ਤੇ ਗੱਲ ਮੁੱਕਦੀ ਨਹੀਂ ਹੈਬਾਬਾ ਬੁੱਲੇ ਸ਼ਾਹ ਤਾਂ ਚਿਰ ਪਹਿਲਾਂ ਕਹਿ ਗਿਆ…

ਬੁੱਲੇ ਸ਼ਾਹ ਗੱਲ ਤਾਹੀਂਓਂ ਮੁੱਕਦੀ
ਜਦੋਂ ਮੈਂ ਨੂੰ ਦਿਲੋਂ ਗਵਾਈਏ

ਮਾਫੀ ਮੰਗਣਾ ਕੋਈ ਸ਼ਰਮਿੰਦਗੀ ਜਾਂ ਨਿਰਾਦਰੀ ਵਾਲਾ ਕਾਰਜ ਨਹੀਂ, ਬਲਕਿ ਮਾਫੀ ਮੰਗਣ ਵਾਲੇ ਅਤੇ ਮਾਫ਼ ਕਰਨ ਵਾਲੇ ਤਾਂ ਆਮ ਇਨਸਾਨ ਤੋਂ ਖਾਸ ਬਣ ਜਾਂਦੇ ਹਨ, … ਜਿਸ ਨਾਲ ਕਈ ਉਲਝੇ ਹੋਏ ਮਸਲੇ ਸੁਲਝ ਜਾਂਦੇ ਨੇ!

ਚਾਰ-ਚੁਫੇਰੇ ਨਜ਼ਰ ਮਾਰਦਿਆਂ ਹਕੀਕਤ ਨਜ਼ਰੀਂ ਪੈਂਦੀ ਹੈ ਕਿ ਅਜੋਕਾ ਮਨੁੱਖ ਆਪਣੀਆਂ ਖੁਦਗਰਜ਼ੀਆਂ ਕਾਰਨ ਅਗਲੀਆਂ ਨਸਲਾਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ ਅਤੇ ਸ਼ਰੇਆਮ ਤਬਾਹੀਆਂ ਮਚਾ ਵੀ ਰਿਹਾ ਹੈ ਡਾ. ਗੁਰਬਖਸ਼ ਭੰਡਾਲ ਨੇ ਇਹ ਮਾਫ਼ੀਨਾਮਾ ਛੋਟੇ ਬੱਚਿਆਂ ਦੇ ਨਾਮ ਕੀਤਾ ਹੈ ਜੋ ਸਾਡਾ ਆਉਣ ਵਾਲਾ ਕੱਲ੍ਹ ਹਨ ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ “ਡਾਕਟਰ ਮਾਂ” ਇੱਕ ਕੋਮਲ ਅਤੇ ਸੰਵੇਦਨਸ਼ੀਲ ਕਾਵਿ-ਮਨ ਦੀ ਰੂਹ ਵਿੱਚੋਂ ਜਨਮ ਲੈਂਦੀ ਹੈਇੱਕ ਨੰਨ੍ਹੀ ਬੱਚੀ ਦੇ ਮਨ ਵਿਚਲੇ ਅਹਿਸਾਸਾਂ ਨੂੰ ਸ਼ਬਦੀ ਰੂਪ ਵਿੱਚ ਪਾਠਕਾਂ ਸਾਹਵੇਂ ਕਰਦਿਆਂ…

ਫਿਰ
ਬੱਚੀ ਨੇ ਯਕਦਮ
ਖਿਡੌਣਾ ਸਟੈਥੋਸਕੋਪ ਲਿਆ
ਮਾਂ ਨੂੰ ਚੈੱਕ ਕੀਤਾ
ਤੇ ਕਹਿਣ ਲੱਗੀ
ਸਭ ਠੀਕ ਹੈ।”

ਖਾਬਾਂ, ਉਮੀਦਾਂ, ਸੱਧਰਾਂ, ਆਸਾਂ ਅਤੇ ਅਰਦਾਸਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਹੈਸੁਪਨਸਾਜ਼ ਆਪਣੇ ਖਾਬਾਂ ਦੇ ਕੈਨਵਸ ਉੱਤੇ ਰੂਹ ਨਾਲ ਰੰਗ ਭਰਦਾ ਹੈਕੁਝ ਖਾਬ ਸਮੁੰਦਰ ਵਾਂਗ ਬੇਪ੍ਰਵਾਹ ਅਤੇ ਵਸੀਹ... ਕੁਝ ਰਮਣੀਕ ਹਵਾਵਾਂ ਵਰਗੇਕਦੇ-ਕਦੇ ਇਨਸਾਨ ਜਾਗਦਿਆਂ ਵੀ ਅਲੌਕਿਕ ਚਮਤਕਾਰ ਦੇਖ ਲੈਂਦਾ ਹੈ ਡਾ. ਗੁਰਬਖਸ਼ ਭੰਡਾਲ ਦੀ ਛਾਤੀ ਉੱਪਰ ਸੌਂ ਰਹੀ ਛੋਟੀ ਬੱਚੀ ਦੀ ਘੂਕ ਨੀਂਦਰ ਦੌਰਾਨ ਉਸਦੇ ਮਨ ਅੰਦਰ ਬਚਪਨੀ ਤਲਿਸਮ ਬਣਦਾ ਹੈਬੱਚੀ ਦੀ ਅੱਖ ਖੁੱਲ੍ਹਦਿਆਂ ਹੀ ਟੁੱਟ ਜਾਂਦਾ ਹੈ, ਜਿਸ ਨੂੰ ਉਸਨੇ “ਤਲਿਸਮ” ਕਵਿਤਾ ਦੇ ਰੰਗ ਵਿੱਚ ਰੰਗਿਆ ਹੈ…

ਬੱਚੀ ਨੂੰ ਸੁੱਤਿਆਂ ਦੇਖ
ਮੇਰਾ ਬਚਪਨਾ ਪਰਤਿਆ
ਜਾਪਿਆ ਮੈਂ ਬਾਪ ਦੀ ਗੋਦ ’ਚ
ਨੀਂਦ ਦੇ ਹਿਲੋਰੇ ਮਾਣ ਰਿਹਾ ਹੋਵਾਂ

ਬੱਚੀ ਜਾਗ ਪੈਂਦੀ ਹੈ
ਮੇਰਾ ਬਚਪਨੀ ਤਲਿਸਮ ਟੁੱਟ ਜਾਂਦਾ ਹੈ
ਤੇ ਮੈਂ ਬਜ਼ੁਰਗ ਬਣ ਜਾਂਦਾ ਹਾਂ

ਘਰ ਤੇ ਬੱਚੀ” ਰਚਨਾ ਵਿੱਚ ਗੁਰਬਖਸ਼ ਭੰਡਾਲ ਹੱਸਦੇ ਵਸਦੇ ਘਰਾਂ ਅੰਦਰ ਬੱਚਿਆਂ ਦੀ ਚਹਿਲ-ਪਹਿਲ, ਸੁਭਾਗ ਅਤੇ ਅਹਿਮੀਅਤ ਨੂੰ ਪਾਠਕਾਂ ਦੇ ਰੂਬਰੂ ਕਰਦੇ ਹਨ

ਨਿੱਕੀ ਬੱਚੀ ਘਰ ਆਉਂਦੀ
ਗਮਲਿਆਂ ਦੇ ਬੂਟਿਆਂ ਨੂੰ ਪਾਣੀ ਪਾਉਂਦੀ
ਪੱਤਿਆਂ ਨੂੰ ਪਲੋਸਦੀ
ਤੇ ਬੂਟਿਆਂ ਨਾਲ ਗੱਲਾਂ ਕਰਦੀ…

ਸੱਚੀਂ!
ਬੱਚੀ ਦੀ ਹਾਜ਼ਰੀ ਵਿੱਚ

ਘਰ,
ਬੱਚਾ ਬਣ ਜਾਂਦਾ
ਅਤੇ ਬੱਚੀ,
ਘਰ ਬਣ ਜਾਂਦੀ

ਅਸੀਂ ਅਕਸਰ ਸੁਣਦੇ ਹਾਂ ਜਾਂ ਫਿਰ ਕਹਿ ਦਿੰਦੇ ਹਾਂ ਕਿ ਕੁੜੀਆਂ ਦਾ ਨਾ ਪੇਕਾ ਤੇ ਨਾ ਹੀ ਸਹੁਰਾ ਘਰ ਆਪਣਾ ਬਣਦਾ ਹੈਪਰ ਮੈਨੂੰ ਲਗਦਾ ਹੈ ਕਿ ਪੇਕਿਆਂ ਅਤੇ ਸਹੁਰਿਆਂ ਦੇ ਬੇਜਾਨ ‘ਮਕਾਨ’ ਸਿਰਫ ਕੁੜੀਆਂ ਕਰਕੇ ਹੀ ਹੱਸਦੇ-ਵਸਦੇ ‘ਘਰ’ ਬਣੇ ਰਹਿੰਦੇ ਹਨਗੁਰਬਖਸ਼ ਭੰਡਾਲ ਦੀ ਖੂਬਸੂਰਤ ਰਚਨਾ “ਧੀਆਂ ਪੇਕੇ ਆਉਂਦੀਆਂ” ਨੂੰ ਪੜ੍ਹਦਿਆਂ ਅਤੇ ਮਾਣਦਿਆਂ ਵੀ ਇੰਜ ਮਹਿਸੂਸ ਹੁੰਦਾ ਹੈ

ਕਦੇ ਕਦਾਈਂ
ਚਾਈਂ ਚਾਈਂ
ਧੀਆਂ ਦਾ ਆਉਣਾ
ਘਰ ਨੂੰ ਬਹੁਤ ਚੰਗਾ ਲਗਦਾ

ਸੱਚੀਂ!
ਧੀਆਂ ਪੇਕੇ ਆਉਂਦੀਆਂ

ਤਾਂ ਸੁੰਨੇ ਘਰ ਨੂੰ ਧੜਕਣ ਲਾਉਂਦੀਆਂ

ਮਿੱਟੀ, ਪੌਣ, ਪਾਣੀ, ਬੱਦਲ਼, ਬਨਸਪਤੀ ਅਤੇ ਚਾਨਣ ਦੀਆਂ ਰਿਸ਼ਮਾਂ ਦਾ ਮਨੁੱਖ ਦੇ ਜੀਵਨ ਨਾਲ ਅਨਿੱਖੜਵਾਂ ਸੰਬੰਧ ਹੈਅਜੋਕਾ ਮਨੁੱਖ ਆਪਣੇ ਮੂਲ ਅਧਾਰ ਨੂੰ ਵਿੱਸਰ ਕੇ ਭਟਕਦਾ ਫਿਰਦਾ ਹੈਖੁਦ ਨੂੰ ਖੁਦ ਹੀ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। “ਆਪਣਾ ਮੂਲੁ ਪਛਾਣੁ” ਕਵਿਤਾ ਵਿੱਚ ਭੰਡਾਲ ਜੀ ਦਾ ਮਨ ਆਪਣੇ ਅਧਾਰ ਨੂੰ ਪਛਾਣਨ ਲਈ ਅੰਤਰੀਵ ਵਿੱਚ ਝਾਕਣ ਦੀ ਤਾਕੀਦ ਗੁਰਬਾਣੀ ਦੀਆਂ ਲਾਈਨਾਂ ਨਾਲ ਕਰਦੇ ਨੇ…

ਮੈਂ ਅੰਦਰ ਨੂੰ ਮੁੜਿਆ
ਤੇ ਹੈਰਾਨ ਰਹਿ ਗਿਆ
ਮੇਰੇ ਅੰਤਰੀਵ ’ਚ
ਮਨ ਤੂੰ ਜੋਤਿ ਸਰੂਪੁ ਹੈ
ਆਪਣਾ ਮੂਲੁ ਪਛਾਣ।”
ਸ਼ਬਦ ਗੂੰਜ ਰਿਹਾ ਸੀ

ਭੇਤ” ਵੀ ਅਜਿਹੇ ਰੰਗਾਂ ਰੂਪਾਂ ਅਤੇ ਰਸਾਂ ਵਾਲੀ ਦਾਰਸ਼ਨਿਕ ਰਚਨਾ ਹੈ

ਕਵੀ ਆਪਣੇ ਆਲੇ-ਦੁਆਲੇ ਅਤੇ ਕਾਇਨਾਤ ਨੂੰ ਅਲੱਗ ਨਜ਼ਰੀਏ ਨਾਲ ਦੇਖਦਿਆਂ ਵਿਲੱਖਣ ਅਹਿਸਾਸਾਂ ਅਤੇ ਅਨੁਭਵਾਂ ਨੂੰ ਆਪਣੇ ਕਾਵਿ-ਮਨ ਵਿੱਚ ਉਤਾਰ ਲੈਂਦਾ ਹੈ ਫਿਰ ਉਹੀ ਅਨੁਭਵ ਲਫਜ਼ਾਂ ਵਿੱਚ ਪਰੋ ਕੇ ਪਾਠਕਾਂ ਨਾਲ ਸਾਂਝੇ ਕਰਦਾ ਹੈ ਡਾ. ਭੰਡਾਲ ਆਪਣੀ ਬਾਕਮਾਲ ਰਚਨਾ “ਪੱਤੇ ਕਵਿਤਾ ਲਿਖਦੇ ਨੇ” ਵਿੱਚ ਪੱਤੇ ਦੇ ਜੀਵਨ-ਸਫਰ ਦੀ ਗੱਲ ਕਰਦੇ ਨੇਬਿਰਖ ਦੀਆਂ ਟਾਹਣੀਆਂ ’ਤੇ ਪੁੰਗਰਨ ਤੋਂ ਲੈ ਕੇ ਪਤਝੜ ਵਿੱਚ ਲਾਲ-ਪੀਲੇ ਰੰਗਾਂ ਨਾਲ ਜ਼ਮੀਨ ’ਤੇ ਕਿਰਦਿਆਂ, ਹਵਾ ਸੰਗ ਉਡਦਿਆਂ ਤੇ ਆਖਰ ਮਿੱਟੀ ਦੇ ਹੀ ਹੁੰਦਿਆਂ…

ਪੱਤੇ ਤਾਂ ਕਵਿਤਾ ਸਿਰਜਦੇ

ਰੰਗਾਂ ਦੀ ਚਾਦਰ ਵਿਛਾਉਂਦਿਆਂ,
ਮਹਿਫਲ ਸਜਾਉਂਦਿਆਂ,
ਬੀਤੇ ਦੇ ਸੋਹਲੇ ਗਾਉਂਦਿਆਂ,
ਤੇ ਮੌਤ ਦੇ ਜਸ਼ਨ ਮਨਾਉਂਦਿਆਂ

ਪਰਦੇਸ ਦੀ ਤ੍ਰਾਸਦੀ ਅਤੇ ਦੋਹਰੀ ਜ਼ਿੰਦਗੀ ਦੇ ਸੰਤਾਪ ਨੂੰ ਇੱਕ ਪਰਦੇਸੀ ਤੋਂ ਜ਼ਿਆਦਾ ਹੋਰ ਕੌਣ ਜਾਣੇ? ਬਾਸ਼ਿੰਦਿਆਂ ਤੋਂ ਵਿਹੂਣੇ ਹੱਸਦੇ ਵਸਦੇ ਘਰ ਖੋਲ੍ਹੇ ਬਣਦਿਆਂ ਭੁਰ-ਭੁਰ ਮਿੱਟੀ ਦਾ ਢੇਰ ਬਣ ਜਾਂਦੇ ਹਨਉਦਾਸ ਪਏ ਬੰਦ ਦਰਵਾਜ਼ੇ ਅਤੇ ਜੰਗਾਲ ਨਾਲ ਖਾਧੇ ਜਿੰਦਰੇ ਸੁੰਨੀਆਂ ਗਲੀਆਂ ਨਾਲ ਸਵੇਰ ਸ਼ਾਮ ਸਵਾਲ ਕਰਦੇ ਹਨ ਕਿ ਖੱਟਣ ਕਮਾਉਣ ਗਏ ਪਰਦੇਸੀ ਆਖਰ ਕਦੋਂ ਮੁੜਨਗੇ? ਖੁਸ਼ੀਆਂ ਅਤੇ ਚਾਵਾਂ ਦੀ ਰੁੱਤ ਕਦੋਂ ਮੁੜੇਗੀ? ਕਦੇ ਮੁੜੇਗੀ ਵੀ ਕਿ ਨਹੀਂ? ਡਾ. ਭੰਡਾਲ ਦਾ ਪਰਦੇਸੀ ਮਨ “ਅੱਧਜਲੀ ਮੋਮਬੱਤੀ “ਰਚਨਾ ਵਿੱਚ ਕਈ ਕੁਛ ਬੋਲ ਗਿਆ…

ਬੜੇ ਚਿਰ ਬਾਅਦ
ਮੈਂ ਆਪਣੇ ਵਤਨ ਪਰਤਿਆ ਹਾਂ…
ਬਨੇਰੇ ’ਤੇ ਇੱਕ ਅੱਧਜਲੀ ਮੋਮਬੱਤੀ
ਪਤਾ ਨਹੀਂ ਕਿੰਨੇ ਚਿਰ ਤੋਂ
ਨਿਆਮਤੀ ਹੱਥਾਂ ਨੂੰ ਉਡੀਕ ਰਹੀ ਹੈ
ਮੈਂ ਮੋਮਬੱਤੀ ਜਗਾਉਂਦਾ ਹਾਂ
ਰੋਸ਼ਨੀ ਨਾਲ ਭਰ ਜਾਂਦਾ ਹੈ ਬਨੇਰਾ ਤੇ ਵਿਹੜਾ
ਤੇ ਬੰਦ ਪਿਆ ਮਕਾਨ ਘਰ ਬਣ ਜਾਂਦਾ ਹੈ

ਅਜਿਹੀਆਂ ਹੀ ਕਵਿਤਾਵਾਂ “ਮੈਂ ਪਿੰਡ ਤੋਂ ਪਰਤਿਆਂ” ਅਤੇ “ਦਸਤਕ” ਵਿੱਚ ਇੱਕ ਪ੍ਰਵਾਸੀ ਮਨ ਦੀ ਆਪਣੀ ਜਨਮ ਭੋਏਂ ਤੋਂ ਵਖਰੇਵੇਂ ਅਤੇ ਵਿਛੋੜੇ ਦੇ ਦਰਦ ਦੀ ਚੀਸ ਸੁਣਦੀ ਅਤੇ ਮਹਿਸੂਸ ਹੁੰਦੀ ਹੈਵੰਡਾਂ ਅਤੇ ਉਜਾੜਿਆਂ ਦੇ ਫੱਟ ਕਦੋਂ ਮਿਟਦੇ ਨੇ? ਉਹ ਤਾਂ ਰਿਸਦੇ ਨੇ!

ਫਿਰਨੀ ਤਕ ਫੈਲੇ
ਇੱਟਾਂ ਪੱਥਰਾਂ ਦੇ ਜੰਗਲ ’ਚ
ਕਿਧਰੇ ਨਜ਼ਰ ਨਾ ਆਇਆ
ਬੁੱਢੇ ਘਰ ਦਾ ਦਰਵਾਜ਼ਾ
ਅਤੇ
ਮੈਂ ‘ਬੇਘਰਾ’ ਜਿਹਾ ਹੋ
ਪਿੰਡ ਤੋਂ ਪਰਤ ਆਇਆ ਹਾਂ
ਦਸਤਕ…
ਬੰਦ ਦਰਾਂ ਨੇ
ਪ੍ਰਦੇਸੀ ਪੁੱਤ ਦੀ ਪੈੜ-ਚਾਲ ਸੁਣੀ
ਕੰਧਾਂ ਤੇ ਕਮਰੇ
ਜਿਊਂਦੇ ਹੋ ਗਏ
ਮੈਂ
ਪਹਿਲੀ ਵਾਰ

ਵਾਹਗੇ ਦੀ ਲੀਕ ਟੱਪਿਆ
ਪੁਰਖਿਆਂ ਦੀ ਧਰਤੀ
ਪੈਰਾਂ ਨੂੰ ਚਿੰਬੜ ਗਈ

ਮਨੁੱਖੀ ਤਾਣੇਬਾਣੇ ਦੀਆਂ ਵਿਭਿੰਨ ਤੰਦਾਂ ਵਿੱਚੋਂ ‘ਦੋਸਤੀ’ ਇੱਕ ਅਜਿਹਾ ਪਵਿੱਤਰ ਅਤੇ ਖੂਬਸੂਰਤ ਬੰਧਨ ਹੈ ਜੋ ਆਪਸੀ ਪਿਆਰ, ਭਰੋਸੇ ਅਤੇ ਸਚਾਈ ਉੱਤੇ ਟਿਕਿਆ ਹੁੰਦਾ ਹੈਦੋਸਤੀ ਮੋਹ-ਮੁਹੱਬਤਾਂ ਦੀਆਂ ਪੀਡੀਆਂ ਗੰਢਾਂ ਨਾਲ ਗੰਢੀ ਹੁੰਦੀ ਹੈਦੋਸਤ ਸੁੱਖ-ਦੁੱਖ ਵਿੱਚ ਸਾਥ ਦਿੰਦੇ ਅਤੇ ਆਪਣੇ ਢਿੱਡ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨਉਦਾਸ ਪਲਾਂ ਵਿੱਚੋਂ ਉਪਜੀ “ਤਸਵੀਰ” ਕਵਿਤਾ ਦੇ ਸ਼ਬਦ ਗੁਰਬਖਸ਼ ਭੰਡਾਲ ਦੇ ਦੋਸਤੀ ਪ੍ਰਤੀ ਅਨੁਭਵਾਂ ਦਾ ਆਪ ਮੁਹਾਰਾ ਪ੍ਰਵਾਹ ਹੈ ਜਿਊਂਦੇ ਜਾਗਦੇ ਅਜ਼ੀਜ਼ ਦੋਸਤ ਦਾ ਇੱਕ ਦਿਨ ਤਸਵੀਰ ਬਣ ਜਾਣਾ ਰੂਹ ਨੂੰ ਧੂਹ ਤਾਂ ਪਾਏਗਾ ਹੀ!

ਤਸਵੀਰ
ਇਹ ਅਕਸਰ ਹੀ
ਮੇਰੀਆਂ ਯਾਦਾਂ ਵਿੱਚ ਉੱਤਰੇਗੀ
ਮੈਨੂੰ ਬਹੁਤ ਰੁਆਵੇਗੀ
ਅਤੇ ਬੀਤੇ ਨੂੰ ਮੋੜ ਲਿਆਉਣ ਲਈ ਤਰਲੇ ਪਾਵੇਗੀ

ਪੁਸਤਕ ਦੇ ਸਿਰਲੇਖ ਵਾਲੀ ਕਵਿਤਾ, “ਬੱਚਿਓ! ਸਾਨੂੰ ਮਾਫ਼ ਕਰਨਾ” ਬਹੁਤ ਗਹਿਰੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਪ੍ਰਗਟਾਉਂਦੀ ਸਿਰਜਣਾ ਹੈਇਹ ਮਹਿਜ਼ ਇੱਕ ਕਵਿਤਾ ਹੀ ਨਹੀਂ, ਬਲਕਿ ਇਸ ਬੰਬਾਰੀਆਂ, ਤਬਾਹੀਆਂ ਅਤੇ ਮਨੁੱਖਤਾ ਦੇ ਘਾਣ ਨਾਲ ਝੰਬੇ ਅਤੇ ਉਦਾਸ ਯੁਗ ਦੀ ਤ੍ਰਾਸਦੀ ਦਾ ਦਸਤਾਵੇਜ਼ ਹੈਸੰਵੇਦਨਸ਼ੀਲ ਮਨ ਵਿੱਚੋਂ ਉਪਜਿਆ ਮਾਫ਼ੀਨਾਮਾ ਹੈ! ਦੁਨੀਆ ਦੇ ਹਰੇਕ ਕੋਨੇ ਵਿੱਚ ਜੰਗਾਂ ਕਾਰਨ ਕਿੰਨੀਆਂ ਬੇਕਸੂਰ ਜਾਨਾਂ ਇਸ ਜਹਾਨ ਤੋਂ ਅਜਾਈਂ ਤੁਰ ਰਹੀਆਂ ਹਨਨੈਣਾਂ ਵਿੱਚੋਂ ਨਾ-ਵਗਣ ਵਾਲੇ ਅੱਥਰੂ ਅੰਦਰੋਂ-ਅੰਦਰੀਂ ਮਨੁੱਖ ਅਤੇ ਮਨੁੱਖਤਾ ਨੂੰ ਤਬਾਹ ਕਰ ਰਹੇ ਹਨ…

ਬੱਚਿਓ! ਸਾਨੂੰ ਮਾਫ਼ ਕਰਨਾ
ਘਰਾਂ ਵਿੱਚ ਉੱਗੀਆਂ ਕਬਰਾਂ ਫਰੋਲਦੇ
ਬੇਵੱਸ, ਮਸੂਮ, ਅਤੇ ਯਤੀਮ ਬੱਚਿਓ
ਸਾਨੂੰ ਵੱਡਿਆਂ ਨੂੰ ਮਾਫ਼ ਕਰਨਾ
ਅਸੀਂ ਤੁਹਾਡੇ ਬਚਾ ਲਈ ਕੁਝ ਨਹੀਂ ਕਰ ਸਕੇ

ਬੱਚੀ ਜਦੋਂ ਸਕੂਲੋਂ ਨਹੀਂ ਪਰਤਦੀ” ਵੀ ਡੂੰਘੇ ਅਤੇ ਜੜ੍ਹਾਂ ਵਾਲੇ ਰਿਸਦੇ ਜ਼ਖਮਾਂ ਦੀ ਉਦਾਸੀ ਭਰੀ ਦਾਸਤਾਨ ਹੈ…

ਬੱਚੀ ਦਾ ਸਕੂਲੋਂ ਨਾ ਪਰਤਣਾ
ਘਰ ਨੂੰ ਸੂਲੀ ’ਤੇ ਟੰਗਦਾ
ਤਿਲ ਤਿਲ ਮਰਦੀ ਮਾਂ
ਹੱਥ ਜੋੜ ਕੇ ਕਹਿੰਦੀ,
ਐ ਖੁਦਾ!
ਬੰਬਾਂ ਦੀ ਬਰਸਾਤੀਂ

ਮੇਰੀ ਧੀ ਲਈ ਛਤਰੀ ਬਣੀਂ…

ਇਸ ਕਾਵਿ ਸੰਗ੍ਰਹਿ ਦੀਆਂ ਆਖਰੀ ਤਿੰਨ ਕਵਿਤਾਵਾਂ, “ਮਿਲ ਜਾ ਸੱਜਣ”, “ਲਾਸ਼ਾਂ” ਅਤੇ “ਕਵਿਤਾ ਦਾ ਹਰਫਨਾਮਾ” ਲੰਮੀਆਂ ਕਵਿਤਾਵਾਂ ਹਨ ਜਿਨ੍ਹਾਂ ਦੇ ਅੰਤਰੀਵ ਅੰਦਰ ਖੂਬਸੂਰਤ ਅਤੇ ਭਾਵਪੂਰਤ ਸੁਨੇਹੇ ਹਨਪਾਠਕਾਂ ਨਾਲ ਕੁਝ ਸਤਰਾਂ ਸਾਂਝੀਆਂ ਕਰਦੇ ਹਾਂ…

ਮਿਲ ਜਾ ਸੱਜਣ…
ਦੋਸਤਾ
ਕਦੇ ਤਾਂ ਮਿਲ ਜਾ
ਕਿਧਰੇ ਦੇਰ ਨਾ ਹੋ ਜਾਵੇ
ਮੈਂ ਦਰਾਂ ’ਤੇ ਤੇਰੀ ਦਸਤਕ ਨੂੰ ਉਡੀਕਦਾ ਹਾਂ
ਮੇਰੇ ਜਾਣ ਤੋਂ ਬਾਅਦ
ਬੰਦ ਦਰਾਂ ਨੇ ਤੈਨੂੰ ਹੁੰਗਾਰਾ ਨਹੀਂ ਭਰਨਾ
ਮਿਲਾਂਗੇ ਸੱਜਣ
ਜਿਵੇਂ
ਸਰੀਰ ਨੂੰ ਸਾਹ
ਮੰਜ਼ਲਾਂ ਨੂੰ ਰਾਹ
ਅੱਖਰਾਂ ਵਿੱਚ ਸ਼ਬਦ
ਸ਼ਬਦਾਂ ਵਿੱਚ ਅਰਥ
ਅਤੇ ਅਰਥਾਂ ਵਿੱਚ ਲੋਅ
ਲਾਸ਼ਾਂ…
ਸਿਰਫ ਉਹ ਨਹੀਂ ਹੁੰਦੀਆਂ
ਜੋ ਸਿਵਿਆਂ ਵਿੱਚ ਸੜਦੀਆਂ
ਕਬਰਾਂ ਵਿੱਚ ਦਫਨਾਈਆਂ ਜਾਂਦੀਆਂ
ਜਾਂ ਦਰਿਆਵਾਂ ਵਿੱਚ ਰੋੜ੍ਹੀਆਂ ਜਾਂਦੀਆਂ
ਸਗੋਂ
ਅਸੀਂ ਸਾਰੇ ਤੁਰਦੀਆਂ ਫਿਰਦੀਆਂ ਲਾਸ਼ਾਂ
ਜੋ ਮਰ ਚੁੱਕੇ ਭਾਵਾਂ ਦੀ ਅਰਥੀ ਚੁੱਕੀ
ਆਪਣਾ ਮਰਸੀਆ ਅਲਾਹੁੰਦੇ
ਕਬਰਾਂ ਮੱਲਣ ਲਈ ਕਾਹਲੇ
ਲਾਸ਼ਾਂ ਦੀ ਰੁੱਤ
ਵਿਹੜਿਆਂ ਵਿੱਚ ਉੱਤਰ ਆਈ ਹੈ
ਚੌਗਿਰਦੇ ਵਿੱਚ ਸ਼ਹਿ ਗਈ ਏ ਚੁੱਪ
ਅੱਖਾਂ ਵਿੱਚ ਉੱਗਦੀਆਂ ਨੇ ਅਰਥੀਆਂ
ਸ਼ਬਦਾਂ ਵਿੱਚ ਬਲਦੇ ਨੇ ਸਿਵੇ
ਵਾਕਾਂ ਵਿੱਚ ਨੇ ਵੈਣ ਅਤੇ ਕੀਰਨੇ
ਕਿਤਾਬਾਂ ਵਿੱਚ ਉੱਗਦੀਆਂ ਨੇ ਕਬਰਾਂ
ਅਤੇ ਆਲੇ-ਦੁਆਲੇ ਲਾਸ਼ਾਂ ਹੀ ਲਾਸ਼ਾਂ
‘ਕਵਿਤਾ’ ਕੀ ਹੈ?

ਇਹ ਸਵਾਲ ਅਕਸਰ ਪੁੱਛਿਆ, ਦੱਸਿਆ ਅਤੇ ਕਵੀਆਂ ਵੱਲੋਂ ਸਮਝਾਇਆ ਵੀ ਜਾਂਦਾ ਹੈ, ਕਦੇ-ਕਦੇ ਖੱਲ੍ਹੀ ਜਾਂ ਛੰਦ-ਬੱਧ ਵਾਲੀ ਕਵਿਤਾ ਦਾ ਭੰਬਲਭੂਸਾ ਵੀ ਪਾਇਆ ਜਾਂਦਾ ਹੈ; ਅਜਿਹੇ ਵਿਸ਼ੇ ਨੂੰ ਸਮਰਪਿਤ “ਕਵਿਤਾ ਦਾ ਹਰਫਨਾਮਾ” ਅੰਦਰ ਕਵਿਤਾ ਦੀ ਪਰਿਭਾਸ਼ਾ ਨੂੰ ਸੁਹਜ ਅਤੇ ਵਿਲੱਖਣ ਰੰਗ ਵਿੱਚ ਰੰਗਿਆ ਹੈ, ਗੁਰਬਖਸ਼ ਭੰਡਾਲ ਦੇ ਕਾਵਿ ਮਨ ਨੇ …ਕਵਿਤਾ ਅੰਤਰੀਵ ਵਿੱਚ ਸਮਾਏ ਨਜ਼ਰੀਏ ਦੀ ਗੱਲ ਕੀਤੀ ਹੈਕਵਿਤਾ ਕੋਈ ਸ਼ਬਦਾਂ ਦਾ ਜਾਲ਼ ਨਹੀਂ ਹੁੰਦੀ ਅਤੇ ਨਾ ਹੀ ਤੁਕਬੰਦੀਕਵੀ ਦੇ ਕਵਿਤਾ ਨੂੰ ਜਿਊਣ ਦੀ ਬਾਤ ਪਾਈ ਹੈਕਵੀ ਅਤੇ ਕਵਿਤਾ ਦੇ ਸੰਗਮ ਦੀ ਗੱਲ ਕੀਤੀ ਹੈ

ਸੋਹਣਿਆਂ!
ਤੂੰ ਪੁੱਛਦੈਂ

ਕਵਿਤਾ ਕੀ ਏ?
ਕਵਿਤਾ
ਨਾ ਹੀ ਸ਼ਬਦ-ਜਾਲ
ਨਾ ਹੀ ਕੋਈ ਭਰਮ-ਖਿਆਲ
ਇਹ ਤਾਂ ਸਰੋਕਾਰ, ਸੰਵੇਦਨਾ
ਹਰਫੀਂ ਬੈਠੀ ਸੁਹਜ-ਸੁਚੇਤਨਾ
ਅਹਿਸਾਸਾਂ ਦੀ ਬੀਹੀ ਵਿੱਚ ਗੇੜੀ
ਸੁਪਨ, ਸੋਚ, ਸ਼ਬਦਾਂ ਦੀ ਬੇੜੀ
… ਜਦੋਂ ਵੀ ਮੈਂ
ਬਹੁਤ ਉਦਾਸ ਹੋਵਾਂ
ਹਤਾਸ਼ ਹੋਵਾਂ
ਨਿਰਾਸ ਹੋਵਾਂ
ਬੇ-ਆਸ ਹੋਵਾਂ
ਤੇ ਜ਼ਿੰਦਾ ਲਾਸ਼ ਹੋਵਾਂ
ਤਾਂ
ਕਵਿਤਾ
ਮੈਨੂੰ ਪੁਚਕਾਰਦੀ
ਬਾਹਾਂ ਵਿੱਚ ਲੈ ਦੁਲਾਰਦੀ
ਨਿਹਾਰਦੀ ਤੇ ਪਿਆਰਦੀ
ਬਲਾਵਾਂ ਉਤਾਰਦੀ…

ਡਾ. ਗੁਰਬਖਸ਼ ਭੰਡਾਲ ਨੇ ਇਸ ਕਾਵਿ ਸੰਗ੍ਰਹਿ ਨੂੰ ਖੂਬਸੂਰਤ ਸਤਰਾਂ ਨਾਲ ਨਿਰੰਤਰ ਚਲਦਿਆਂ ਰਹਿਣ ਦਿੱਤਾ ਹੈ… ‘ਉਸ ਕਵਿਤਾ ਦੇ ਨਾਮ ਜੋ ਅਜੇ ਉਨ੍ਹਾਂ ਲਿਖਣੀ ਹੈ।’

ਕਵਿਤਾ ਨੇ…
ਮੈਨੂੰ ਮੇਰਾ ਮੂਲ ਸਮਝਾਇਆ
ਜੀਵਨ-ਪਰਤਾਂ ਤੋਂ ਪਰਦਾ ਲਾਹਿਆ
ਮਰ ਕੇ ਜਿਊਣ ਦਾ ਮੰਤਰ ਪੜ੍ਹਾਇਆ
ਨਾਦੀ ਰਾਗ ਸੁਣਾਇਆ
ਤੇ ਮੈਨੂੰ ਖੁਦ ਦੇ ਲੜ ਲਾਇਆ

ਇਸ ਪੁਸਤਕ ਵਿੱਚ ਕਈ ਹੋਰ ਖੂਬਸੂਰਤ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਾਠਕ ਨੂੰ ਆਪਣੇ ਨਾਲ ਜੋੜੀ ਅਤੇ ਤੋਰੀ ਰੱਖਦੀਆਂ ਹਨ

ਪਾਠਕ ਦੇ ਤੌਰ ’ਤੇ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਕਾਵਿ ਸੰਗ੍ਰਹਿ ਇੱਕ ਸੰਵੇਦਨਸ਼ੀਲ ਅਤੇ ਵਿਚਾਰਪੂਰਨ ਸਾਹਿਤਕ ਰਚਨਾ ਹੈ ਜੋ ਪਾਠਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਤ ਕਰਦੀ ਹੈ ਡਾ. ਗੁਰਬਖਸ਼ ਸਿੰਘ ਭੰਡਾਲ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਇਸ ‘ਮਾਫੀਨਾਮੇ’ ਨੂੰ ਪੜ੍ਹਨ ਦੀ ਪੁਰਜ਼ੋਰ ਸਿਫਾਰਸ਼ ਵੀ ਕਰਦਾ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author