KulwinderBathDr7ਇਨ੍ਹਾਂ ਦੇ ‘ਛਿੱਕੂਆਂ’ ਵਿੱਚੋਂ ਕੁਛ ਨਹੀਂ ਜੇ ਲੱਭਣਾ। ਕੱਲ੍ਹ ਦੀਆਂ ਭੂਤਨੀਆਂ ਤੇ ਸਿਵਿਆਂ ਵਿੱਚ ਅੱਧ ...
(28 ਅਗਸਤ 2025)


ਕਿਹਾ ਜਾਂਦਾ ਹੈ
, ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈਪਰ ਜੇਕਰ ਸੋਚਿਆ ਜਾਵੇ ਤਾਂ ਕਦੇ-ਕਦੇ ਜ਼ਰੂਰ ਝੱਗਾ ਚੁੱਕ ਕੇ ਖ਼ੁਦ ਦੇ ਕਿਰਦਾਰ ਅਤੇ ਵਿਵਹਾਰ ਵਗੈਰਾ ਦੀ ਪੜਤਾਲ ਅਤੇ ਤਸੱਲੀ ਕਰ ਲੈਣੀ ਚਾਹੀਦੀ ਹੈਮਖੌਟੇ ਬਦਲਦੇ-ਬਦਲਦੇ ਅਸੀਂ ਦੂਸਰਿਆਂ ਦੇ ਝੱਗੇ ਚੁੱਕਣ ਦੀ ਝਾਕ ਵਿੱਚ ਹੀ ਰਹਿੰਦੇ ਹਾਂਜੀ ਹਾਂ, ਐਡਾ ਸਿਆਣਾ ਸ਼ਾਇਦ ਕੋਈ ਹੀ ਹੋਵੇ, ਇਸ ਲਈ ਇਹ ਮੱਤ ਖ਼ੁਦ ’ਤੇ ਵੀ ਲਾਗੂ ਹੁੰਦੀ ਅਤੇ ਹੋਣੀ ਚਾਹੀਦੀ ਹੈਦੋਸਤੋ, ਕੋਈ ਵੀ ਇਨਸਾਨ ‘ਮਰਨ ਤਕ ਪੂਰਨ’ ਹੁੰਦਾ ਨਹੀਂ ਦੇਖਿਆ ਜਾਂ ਨਹੀਂ ਜਾਣਿਆ, ਪੂਰੇ ਤਾਂ ‘ਮੁਰਦੇ’ ਹੀ ਹੁੰਦੇ ਹਨਗਲਤੀਆਂ ਕਰਨੀਆਂ ਇਨਸਾਨ ਦੀ ਫਿਤਰਤ ਹੈ, ਨਾ ਕਰਦਿਆਂ ਕਰਦਿਆਂ ਵੀ ਹੋ ਹੀ ਜਾਂਦੀਆਂ ਹਨਅਸੀਂ ਸਭ ਗਲਤੀਆਂ ਦੇ ਚਲਦੇ ਫਿਰਦੇ ਪੁਤਲੇ ਹੀ ਹਾਂ, ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਪਰ ਫਿਰ ਵੀ ਸਮਾਜ ਵਿੱਚ ਵਿਚਰਦਿਆਂ ਬੰਦੇ ਨੂੰ ਖ਼ੁਦ ਦੇ ਅਸਲੀ ਕਿਰਦਾਰ ਜਾਂ ਫਿਰ ‘ਲਾਗੇ-ਛਾਗੇ’ ਹੋਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ! ਸੱਚ ਇਹ ਵੀ ਹੈ ਕਿ ਸਦੀਆਂ ਤੋਂ ਚਲੇ ਆ ਰਹੇ ਹੰਕਾਰ ਜਾਂ ਘਮੰਡ ਵਿਕਾਰਾਂ ਦੇ ਦਿਖਾਈ ਦਿੰਦੇ ਜਾਂ ਅਣਦਿੱਖ ਜਾਲ ਵਿੱਚੋਂ ਅਸੀਂ ਨਿਕਲ ਹੀ ਨਹੀਂ ਸਕੇ। ਗੁਰੂ-ਪੀਰ ਆਪਣਾ ਜ਼ੋਰ ਲਾ ਲਾ ਕੇ ਚਲੇ ਗਏ, ਜੀਵਨ ਜਾਚ ਵੀ ਦੇ ਗਏ, ਪਰ ਪਰਨਾਲਾ ਉੱਥੇ ਦਾ ਉੱਥੇ ਕੁ ਹੀ ਹੈਖ਼ੁਦ ਬਦਲਣ ਦੀ ਕੋਸ਼ਿਸ਼ ਦੀ ਬਜਾਏ ਗੁਰੂਆਂ ਨੂੰ ਦੁਬਾਰਾ ਆਉਣ ਲਈ ਪੁਕਾਰਦੇ ਰਹਿੰਦੇ ਹਾਂਸਮਾਜ ਦਾ ਤਾਣਾ ਸੁਲਝਣ ਨਾਲੋਂ ਉਲਝਣ ਵੱਲ ਨੂੰ ਖਿਸਕਦਾ ਜਾ ਰਿਹਾ ਹੈਹਉਮੈਂ ਜਾਂ ਹੰਕਾਰ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ ਪਰ ਫਿਰ ਵੀ ਅਹੰ (ਹੰਕਾਰ/ਹਉਮੈਂ) ਤਿਆਗਣ ਤੋਂ ਬਿਨ ਫੁੱਲ ਨਹੀਂ ਖਿੜਨੇ ਅਤੇ ਨਾ ਹੀ ਆਤਮਾ ਹੀ ਖਿੜਨੀ ਹੈ!! ਗੁਰਬਾਣੀ ਵੀ ਇਹੋ ਕਹਿੰਦੀ ਹੈ…

ਦੇਖੁ ਫੂਲ ਫੂਲ ਫੂਲੇ
ਅਹੰ ਤਿਆਗਿ ਤਿਆਗੇ

*   *   *

ਮਾਰਖੰਡਾ...

ਇੱਕ ਦਿਨ ਲਾਗਲੇ ਸ਼ਹਿਰ ਵਿੱਚ ਹੋ ਰਹੇ ਸਾਹਿਤ ਦੇ ਪ੍ਰੋਗਰਾਮ ਲਈ ਜਾਣ ਵਾਸਤੇ ਮੈਂ ਆਪਣੀ ਜੀਵਨ ਸਾਥਣ ਦੇ ਸਾਥ ਲਈ ਪੁੱਛ ਬੈਠਾਹਾਂ ਜਾਂ ਨਾਂਹ ਦੇ ਜਵਾਬ ਦੀ ਬਜਾਏ ਉਸਨੇ ਆਪਣਾ ਹੀ ਲਾਜਵਾਬ ਸਵਾਲ ਕਰ ਦਿੱਤਾ, “ਕੋਈ ਹੋਰ ਕੰਮ-ਕੁੰਮ ਹੈ ਨੀ ਗਾ?”

ਕਸੂਰ ਉਸਦਾ ਵੀ ਨਹੀਂ ਸੀਕਈ ਵਰ੍ਹੇ ਪਹਿਲਾਂ ਸਾਡੇ ਸ਼ਹਿਰ ਤੋਂ ਦੋ-ਢਾਈ ਕੁ ਘੰਟੇ ਦੀ ਵਾਟ ’ਤੇ ਇੱਕ ਸਾਹਿਤਕ ਪ੍ਰੋਗਰਾਮ ਹੋਣ ਜਾ ਰਿਹਾ ਸੀਉਸ ਪ੍ਰੋਗਰਾਮ ਵਿੱਚ ਆ ਰਹੇ ਪਤਵੰਤਿਆਂ ਦੀ ਸੂਚੀ ਵਿੱਚ ਇੱਕ ‘ਖਾਸ’ ਨਾਮ ਪੜ੍ਹ ਕੇ ਮੇਰਾ ਮਨ ਖੁਸ਼ ਹੋ ਗਿਆ ਕਿਉਂਕਿ ਇਸ ਸ਼ਖ਼ਸ ਨੂੰ ਮੈਂ ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ ਸੀ। ਸੋ ਸਾਨੂੰ ਇਹ ਪ੍ਰੋਗਰਾਮ ਵੀ ਆਪਣਾ ਜਿਹਾ ਹੀ ਲੱਗਾਸੋਚਿਆ ਚਿਰ ਹੋ ਗਿਆ ਹੈ, ਬਹਾਨੇ ਨਾਲ ਹੀ ਸਹੀ ਪਰ ਮਿਲਦੇ-ਗਿਲਦੇ ਰਹਿਣਾ ਚਾਹੀਦਾ ਹੈਮੈਂ ‘ਜ਼ੋਰ ਪਾ ਕੇ’ ਆਪਣੀ ਸਾਥਣ ਨੂੰ ਵੀ ਜਾਣ ਲਈ ਤਿਆਰ ਕਰ ਲਿਆਕਈ ਕੁਛ ਯਾਦ ਕਰਾਉਣ ਦੇ ਬਾਵਜੂਦ ਵੀ ਜਦੋਂ ਉਸ ਸੱਜਣ ਨੇ ਪਛਾਣਨ ਤੋਂ ਕੋਰਾ ਇਨਕਾਰ ਜਿਹਾ ਕਰ ਦਿੱਤਾ ਤਾਂ ਅਜਿਹਾ ਵਤੀਰਾ-ਵਿਵਹਾਰ ਦੇਖ ਅਤੇ ਮੈਨੂੰ ਥੋੜ੍ਹਾ ਪਰੇ ਨੂੰ ਧੂਹ ਕੇ ਜੀਵਨ ਸਾਥਣ ਕਹਿਣ ਲੱਗੀ, ਐਸ ‘ਮਾਰਖੰਡੇ’ ਨੂੰ ਮਿਲਣ ਆਇਆ ਸੀ? ਤੂੰ ਢਾਈ ਘੰਟੇ ਦੀ ਵਾਟ ਤੋਂ ਹਿਣਕਦਾ ਆਇਆਂ… ਤੇ ਮੈਨੂੰ ਵੀ ਐਵੇਂ ਨਾਲ ਨੂੜ ਲਿਆਇਆਂ ਇੱਥੇ!”

ਖ਼ੈਰ, ਮੇਰਾ ਵੀ ‘ਮੇਲਾ ਕਰਨ’ ਦਾ ਚੜ੍ਹਿਆ ਹੋਇਆ ਚਾਅ ਕਾਫੀ ਮੱਠਾ ਪੈ ਗਿਆਵਾਪਸ ਘਰ ਨੂੰ ਆਉਂਦਿਆਂ ਅਸਾਂ ਦੋਹਾਂ ਨੇ ਇਹ ਸੋਚ ਕੇ ਸਬਰ ਕਰ ਲਿਆ, “ਚਲੋ ਕੋਈ ਗੱਲ ਨਹੀਂ, ਵੱਡੇ ਬੰਦਿਆਂ ਦੀ ਯਾਦਦਾਸ਼ਤ ਵਿੱਚੋਂ ਮਾੜੇ ਮੋਟੇ ਚਿਹਰਿਆਂ ਦਾ ਗਿਰ ਜਾਣਾ ਕੋਈ ਅਣਹੋਣੀ ਗੱਲ ਨਹੀਂ ਹੁੰਦੀਬਹੁਤ ਲੋਕ ਮਿਲਦੇ ਹੋਣਗੇ ਇਨ੍ਹਾਂ ਨੂੰ, ਕਿਸ ਕਿਸ ਨੂੰ ਯਾਦ ਰੱਖਦੇ ਫਿਰਨ ਇਹ?”

*   *   *

‘ਜਾਂਦੀ ਵਾਰ ਦੀ ਸਾਸਰੀ ਕਾਲ’ ...

ਚਿਰ ਪਹਿਲਾਂ ਕਿਸੇ ਕਵੀ ਦਰਬਾਰ ਵਿੱਚ ਇੱਕ ਹੰਢੇ ਹੋਏ ਅਤੇ ਮੰਨੇ-ਪ੍ਰਮੰਨੇ ਅਦੀਬ ਦੇ ਸਾਥ ਜਾਣ ਦਾ ਮੌਕਾ ਮਿਲਿਆਆਪਣੀ ਵਾਰੀ ਦੀ ਉਡੀਕ ਵਿੱਚ ਇੱਕ ਫ਼ਰਾਟੇਦਾਰ ਪੱਖੇ ਦੇ ਮੋਹਰੇ ਬਹਿੰਦਿਆਂ ਹੀ ਉਸਨੇ ‘ਤਿੰਨ ਸੌ ਸੱਠ ਡਿਗਰੀ’ ਵਿੱਚ ਸਿਰ ਅਤੇ ਸਰੀਰ ਨੂੰ ਘੁਮਾਉਂਦਿਆਂ ਹੋਇਆਂ ਘੁਰਾੜਿਆਂ ਦੇ ਵੰਨ-ਸੁਵੰਨੇ ਰਾਗਾਂ ਦਾ ਵੱਡਾ ‘ਪੂਰ’ ਪਾ ਲਿਆਆਲੇ ਦੁਆਲੇ ਬੈਠੇ ਲੋਕਾਂ ਦੀ ਪਰਵਾਹ ਕੀਤੇ ਬਗੈਰ ਉਹ ਪੂਰੀ ਸਪੀਡ ਅਤੇ ਉੱਚੀ ਆਵਾਜ਼ ਨਾਲ ਘੁਰਾੜਿਆਂ ਅਤੇ ਸੁਪਨਿਆਂ ਦੀ ਮੰਡੀ ਵਿੱਚ ਘੋੜੇ ਵੇਚੀ ਗਿਆ। ਉਸਦੀ ਵਾਰੀ ਆਉਣ ’ਤੇ ਜਦੋਂ ਪ੍ਰਬੰਧਕਾਂ ਨੇ ਮੁਰਦੇ ਨੂੰ ਉਠਾਉਣ ਵਾਂਗ ਜ਼ੋਰ ਨਾਲ ਝੰਜੋੜਿਆ ਤਾਂ ਉਹ ਅੱਬੜ੍ਹਵਾਹੇ ਉੱਠ ਕੇ ਸਟੇਜ ਵੱਲ ਦੌੜ ਪਿਆਸਟੇਜ ’ਤੇ ਚੜ੍ਹਦਿਆਂ ਹੀ ਉਸਨੇ ਖ਼ੁਦ ਤੋਂ ਪਹਿਲੇ ਬੁਲਾਰਿਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇਮੈਂ ਕਦੇ ਆਪਣੇ ਵੱਲ ਅਤੇ ਕਦੇ ਉਸ ਵੱਲ ਦੇਖ ਕੇ ਹੈਰਾਨ ਹੋ ਗਿਆ ਕਿ ਕਿਵੇਂ ਉਸਨੇ ਸੁੱਤਿਆਂ ਹੋਇਆਂ ਵੀ ਉਨ੍ਹਾਂ ਬੁਲਾਰਿਆਂ ਨੂੰ ਦੇਖ ਅਤੇ ਸੁਣ ਕੇ ਮਾਣ ਵੀ ਲਿਆ! ਫਿਰ ਉਸਨੇ ਆਪਣੀਆਂ ਰਚਨਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂਕਦੇ ਅੱਡੀਆਂ ਦੇ ਭਾਰ ਅਤੇ ਕਦੇ ਪੱਬਾਂ ਦੇ ਭਾਰ ਝੂਲਦਿਆਂ ਰਚਨਾਵਾਂ ਪੜ੍ਹ ਕੇ ਸਰੋਤਿਆਂ ਨੂੰ ਕੀਲ ਲਿਆਅਖੀਰ ਵਿੱਚ ਉਸਨੇ ਕੁਛ ਗੰਭੀਰ ਹੁੰਦਿਆਂ ਤੇ ਤਾਕੀਦ ਕਰਦਿਆਂ ਕਿਹਾ, “ਸਾਡੇ ਨਵੇਂ ਅਤੇ ਉੱਭਰਦੇ ਕਵੀਆਂ ਨੂੰ, ਲਿਖਾਰੀਆਂ ਨੂੰ, ਅਤੇ ਅਦੀਬਾਂ ਨੂੰ ਸਿੱਖਣ ਅਤੇ ਸੁਣਾਉਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ, ਮਾਣਨਾ ਵੀ ਚਾਹੀਦਾ ਹੈ ਅਤੇ ਉਨ੍ਹਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਹੈ! ਅਸਾਂ ਕਿਹੜਾ ਸਦਾ ਬੈਠੇ ਰਹਿਣਾ ਆ, ਇਹੀ ਤਾਂ ਕੱਲ੍ਹ ਦੇ ਲਿਖਾਰੀ ਹੋਣਗੇ!...” ਮਾਈਕ ਦੇ ਨਾਲ ਮੂੰਹ ਜੋੜਕੇ ਉਸਨੇ ਪੂਰੇ ਜ਼ੋਰ ਨਾਲ ਕਿਹਾ, “ਹੋਰਨਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੀ ਖ਼ੁਦ ਦੀ ਇਹੀ ਸੋਚਣੀ ਹੈ!”

ਫਿਰ ਉਸਨੇ ਸਿਫ਼ਤਾਂ ਦੀਆਂ ਤਾੜ-ਤਾੜ ਵੱਜਦੀਆਂ ਤਾੜੀਆਂ ਅਤੇ ਆਸਾਂ-ਉਮੀਦਾਂ ਦੀਆਂ ਫਿਜ਼ਾਵਾਂ ਦੀ ਗੂੰਜ ਵਿੱਚ ਆਪਣਾ ਮੋਬਾਇਲ ਨੰਬਰ ਜਨਤਕ ਕਰਦਿਆਂ ਅਤੇ ਹੱਥ ਵਿੱਚ ਫੜੇ ਫ਼ੋਨ ਨੂੰ ਹਵਾ ਵਿੱਚ ਲਹਿਰਾਉਂਦਿਆਂ ਲੋਕਾਂ ਨੂੰ ‘ਫੋਨ ਦਰਸ਼ਨ’ ਕਰਾਉਂਦਿਆਂ ਕਿਹਾ, “ਇਹ ਲੋਹੇ ਦੀ ਮਸ਼ੀਨ ਮੇਰੇ ਬੋਝੇ ਵਿੱਚ ਹੀ ਰਹਿੰਦੀ ਹੈ, ਜਦੋਂ ਵੀ ਕਿਸੇ ਸੱਜਣ-ਸੱਜਣੀ ਦਾ ਦਿਲ ਕਰੇ, ਵਜਾ ਦੇਣਾ ... ਖੜਕਾ ਦੇਣਾ!”

ਉੱਭਰ ਰਹੇ ਅਦੀਬ ਅਤੇ ਮੇਰੇ ਵਰਗੇ ਸ੍ਰੋਤੇ ਬੜੇ ਖੁਸ਼ ਹੋਏ ਅਤੇ ਕੁਝ ਇੱਕ ਨੇ ਉਸਦਾ ਜਲਦੀ-ਜਲਦੀ ਵਿੱਚ ਦੱਸਿਆ ਅੱਧਾ-ਪਚੱਧਾ ਨੰਬਰ ਲਿਖ ਵੀ ਲਿਆਮੈਂ ਖ਼ੁਦ ਵੀ ਉਸਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ।

ਜਦੋਂ ਉਹ ਸਟੇਜ ਤੋਂ ਥੱਲੇ ਉੱਤਰ ਕੇ ਆਇਆ ਤਾਂ ਮੈਂ ਬੜੀ ਨਿਮਰਤਾ ਅਤੇ ਆਦਰ ਸਹਿਤ ਉਸਦੀ ਤਾਰੀਫ਼ ਦੇ ਪੁਲ ਬੰਨ੍ਹ ਦਿੱਤੇਉਹ ਅਚਾਨਕ ਬੋਲੇ, “ਉਹ ਸਭ ਤਾਂ ਠੀਕ ਹੀ ਆ ਪਰ ਚੱਲ ਕੁਛ ਖਾਣ-ਪੀਣ ਦੇ ਬਹਾਨੇ ਇੱਥੋਂ ਖਿਸਕੀਏ।”

“ਪਰ ਅਜੇ ਪ੍ਰੋਗਰਾਮ ਤਾਂ ਖ਼ਤਮ ਨਹੀਂ ਹੋਇਆ।”  ਮੈਂ ਐਵੇਂ ਹੀ ਵਿੱਚ ਬੋਲ ਪਿਆਮੇਰੇ ਕੰਨ ਨੂੰ ਆਪਣੇ ਵੱਡੇ ਹੱਥ ਨਾਲ ਢਕ ਕੇ ਉਹ ਬੋਲਿਆ, “ਹਾਂ ਮੈਨੂੰ ਪਤਾ ਹੈ ਪਰ ਇਨ੍ਹਾਂ ਦੇ ‘ਛਿੱਕੂਆਂ’ ਵਿੱਚੋਂ ਕੁਛ ਨਹੀਂ ਜੇ ਲੱਭਣਾ। ਕੱਲ੍ਹ ਦੀਆਂ ਭੂਤਨੀਆਂ ਤੇ ਸਿਵਿਆਂ ਵਿੱਚ ਅੱਧ ...!”

ਦੂਰੋਂ
ਜੋ ਜਾਪਦੇ ਸਨ
ਆਸਾਂ ਤੇ ਉਮੀਦਾਂ ਜਿਹੇ
ਕੋਲੋਂ ਜਾ ਕੇ ਦੇਖਿਆ ਤਾਂ
ਸਭ ਭਰਮ ਭੁਲੇਖੇ ਹੀ ਨਿਕਲੇ!

ਅਸੀਂ ਇਕੱਠੇ ਆਏ ਸਾਂ, ਇਸ ਲਈ ਰਸਤੇ ਵਿੱਚ ਪੈਂਦੇ ਉਸਦੇ ਘਰ ਉਤਾਰਦਿਆਂ ‘ਜਾਂਦੀ ਵਾਰ ਦੀ ਸਾਸਰੀ ਕਾਲ’ ਬੁਲਾ ਸਾਰੀ ਵਾਟ ਕਿਰਦਾਰਾਂ ਦੇ ਭੰਬਲ਼ਭੂਸਿਆਂ ਵਿੱਚ ਗੁਆਚਾ ਮੈਂ ਕਦੋਂ ਆਪਣੇ ਘਰ ਜਾ ਪਹੁੰਚਾ, ਪਤਾ ਹੀ ਨਹੀਂ ਲੱਗਾ!

*   *   *

ਜ਼ਿੰਦਗੀ ਜ਼ਿੰਦਾਬਾਦ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)