KulwinderBathDr7ਪੰਜਾਬੀ ਸਾਹਿਤ ਦਾ ਅਨਮੋਲ ਹੀਰਾ ਸੁਖਬੀਰ ਸੰਧੂ ਅਤੇ ਉਸਦੀ ਖੂਬਸੂਰਤ ਸ਼ਾਇਰੀ ਭਾਵੇਂ ...SukhbirSSandhuBookPayal
(6 ਜੁਲਾਈ 2026)


SukhbirSSandhuBookPayal‘ਪਾਇਲ’ ਭੁੱਲੇ-ਵਿੱਸਰੇ ਅਨਮੋਲ ਹੀਰੇ ‘ਸੁਖਬੀਰ ਸਿੰਘ ਸੰਧੂ’ ਦੀ ਸ਼ਾਹਕਾਰ ਸਿਰਜਣਾ ਹੈ

ਰਾਤ ਨੇ ਪ੍ਰਭਾਤ ਦਾ ਸੰਧੂਰ ਸਿਰ ਵਿੱਚ ਧੂੜ ਕੇ,
ਇੱਕ ਨਵਾਂ ਦਿਨ ਹੋਰ ਦਿੱਤਾ ਹੈ ਸਜ਼ਾ ਮੇਰੇ ਲਈ…

ਪ੍ਰਭਾਤ ਦੀ ਪ੍ਰਭਾ ਵਾਂਗ ਸੱਜਰੀਆਂ ਅਤੇ ਪਿਆਰੀਆਂ ਸਤਰਾਂ ਨੂੰ ਪੜ੍ਹ ਕੇ ਕੋਈ ਵੀ ਸਾਹਿਤ ਪ੍ਰੇਮੀ ਇਸਦੇ ਲੇਖਕ ਅਤੇ ਇਸ ਸਾਹਿਤਕ ਜ਼ਖੀਰੇ ਬਾਰੇ ਜਾਣਨ ਲਈ ਜ਼ਰੂਰ ਸੋਚੇਗਾ! ਚਲੋ, ਜੇ ਨਹੀਂ ਤਾਂ… ਕਦੇ ਨਾ ਕਦੇ ਸ਼ਾਇਦ ਇਹ ਸਤਰਾਂ ਵੀ ਤੁਹਾਡੇ ਕੰਨੀ ਪਈਆਂ ਹੋਣ…

ਉਸ ਬੇ-ਵਫਾ ਦੀ ਯਾਦ ਵਿੱਚ, ਰੋਇਆ ਕਰਾਂ ਕਿ ਨਾ
ਬੀਤੇ ਦਿਨਾਂ ਦੀ ਫਿਰ ਤਮੰਨਾ ਕਰਾਂ ਕਿ ਨਾ

ਪੰਜਾਬੀ ਸਾਹਿਤ ਦਾ ਇਹ ‘ਖਜ਼ਾਨਾ’ ਜੋ ਗੈਰਾਂ ਨੇ ਆਪਣਾ ਕਹਿ-ਕਹਿ, ਆਪਣਾ ਬਣਾ-ਬਣਾ ਕੇ ਅਤੇ ਝੂਠ ਬੋਲ-ਬੋਲ ਕੇ ਲੁੱਟਿਆ… ਤੇ ਉਹੀ ਖਜ਼ਾਨਾ ਜੋ ਆਪਣਿਆਂ ਨੇ ਜਾਣਿਆ ਨਾ ਪਛਾਣਿਆ ਅਤੇ ਨਾ ਹੀ ਸੰਭਾਲਿਆ! ਗਲਤੀ ਕਿੱਥੇ ਤੇ ਕਿਸਦੀ ਹੋਈ? ਇਹ ਇੱਕ ਗੰਭੀਰ ਸਵਾਲ ਹੈ, ਜਿਸਦਾ ਜਵਾਬ ਵੀ ਗੰਭੀਰਤਾ ਨਾਲ ਵਿਚਾਰਨਯੋਗ ਹੈਪਰ ‘ਖੁੱਲ੍ਹ-ਦਿਲੇ’ ਪੰਜਾਬੀਆਂ ਲਈ ਬਹੁਤੀ ਵਾਰੀ ਇਹੋ ਜਿਹੇ ਸਵਾਲ ਚਿੰਤਾ ਦਾ ਵਿਸ਼ਾ ਹੀ ਨਹੀਂ ਬਣ ਪਾਉਂਦੇ! ਚਿੰਤਨ, ਚੇਤਨਾ ਜਾਂ ਚਿਤੰਨ ਹੋਣ ਦੀ ਗੱਲ ਤਾਂ ਕੋਹਾਂ ਦੂਰ ਦੀ ਹੈ

ਵੱਡੇ ਭਾਈ ਗੁਰਭਜਨ ਗਿੱਲ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈਗੁਫਤਗੂ ਦੌਰਾਨ ਉਹ ਆਪਣੀਆਂ ਰਚਨਾਵਾਂ, ਸਿਫਤਾਂ, ਵਡਿਆਈਆਂ, ਹੈਸੀਅਤਾਂ ਜਾਂ ਪ੍ਰਾਪਤੀਆਂ ਦਾ ਢੋਲ ਕੁੱਟਣ ਦੀ ਬਜਾਏ ਮੈਨੂੰ ਕਿਸੇ ਹੋਰ ਸਾਹਿਤਿਕ ਤੰਦ ਨਾਲ ਜੋੜ ਦਿੰਦਾ ਹੈਸਾਹਿਤ ਦੇ ਅਨਮੋਲ ਖਜ਼ਾਨਿਆਂ ਦੀ ਨਿਸ਼ਾਨਦੇਹੀ ਕਰਦਾ ਰਹਿੰਦਾ ਹੈਕਦੇ ਨਾ ਕਦੇ ਖੁੱਲ੍ਹਣ ਦੀ ਆਸ ਅਤੇ ਉਡੀਕ ਵਿੱਚ ਤਰਸਦੇ ਬੰਦ ਦਰਵਾਜ਼ਿਆਂ ਨੂੰ ਖੋਲ੍ਹਦਾ ਹੈਕਈ ਹੋਰ ਗੱਲਾਂ ਸਮੇਤ ਮੈਨੂੰ ਉਹਦੀ ਇਹ ਖਾਸੀਅਤ ਕਾਇਲ ਕਰ ਜਾਂਦੀ ਹੈਇੱਕ ਹੋਰ ਗੱਲ, ਜੋ ਦੂਸਰੀਆਂ ਗੱਲਾਂ ’ਤੇ ਅਕਸਰ ਭਾਰੂ ਪੈ ਜਾਂਦੀ ਹੈ, ਉਹ ਹੈ ਉਸਦੇ ਮਨ ਵਿੱਚ ਅਸਲੋਂ ਮਹਾਨ ਅਤੇ ਅਣਗੌਲੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਗੁਣਗੁਣਾਉਣਾ, ਰੂਹ ਨਾਲ ਸਰਾਹੁਣਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਪਾਠਕਾਂ ਦੇ ਰੂਬਰੂ ਕਰਨਾਉਨ੍ਹਾਂ ਦੀ ਸੱਜਰੀ ਸੰਪਾਦਿਤ ਪੁਸਤਕ “ਪਾਇਲ” ਵੀ ਇਸੇ ਕੋਸ਼ਿਸ਼ ਦਾ ਨਤੀਜਾ ਹੈ

‘ਤਰਨਤਾਰਨੀਏ’ ਸੁਖਬੀਰ ਸਿੰਘ ਸੰਧੂ ਦੁਆਰਾ 1973 ਵਿੱਚ ਲਿਖੀ ਇਸ ਭੁੱਲੀ ਵਿੱਸਰੀ ਤੇ ਅਣਗੌਲੀ ਸ਼ਾਹਕਾਰ ਪੁਸਤਕ ਦਾ 53 ਸਾਲ ਬਾਅਦ ਕਰਨਲ ਜਸਬੀਰ ਸਿੰਘ ਭੁੱਲਰ, ਇਮਰੋਜ਼ ਮਾਨ ਅਤੇ ਗੁਰਭਜਨ ਗਿੱਲ ਦੀ ਬਦੌਲਤ ‘ਦੂਸਰਾ ਜਨਮ’ ਹੋਇਆ ਹੈਗੁਰਭਜਨ ਗਿੱਲ ਜੀ ਨੇ ‘ਪਾਇਲ’ ਦੀ ਤਾਰੀਫ ਕਰਦਿਆਂ ਅਤੇ ਪੜ੍ਹਨ ਦੀ ਤਾਗੀਦ ਕਰਦਿਆਂ ਇਹ ਤੋਹਫਾ ਕੁਝ ਦਿਨ ਪਹਿਲਾਂ ਮੈਨੂੰ ਭੇਜਿਆਸੁਖਬੀਰ ਸਿੰਘ ਸੰਧੂ ਨਾਮ ਦਾ ਕੋਈ ਪੰਜਾਬੀ ਸ਼ਾਇਰ ਵੀ ਸੀ, ਇਸਦੀ ਜਾਣਕਾਰੀ ਮੈਨੂੰ ਨਹੀਂ ਸੀਪੁਸਤਕ ਪਾਇਲ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮਨ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਸਧਾਰਨ ਜਿਹੇ ਲਫਜ਼ਾਂ ਵਿੱਚ ਤੁਹਾਡੇ ਨਾਲ ਸਾਂਝੇ ਕਰਨੋ ਮੈਂ ਖੁਦ ਨੂੰ ਰੋਕ ਨਾ ਸਕਿਆ …

ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਹਰਫਨਮੌਲਾ ਅਤੇ ਇਸ ਪੁਸਤਕ ਦੇ ਸੰਪਾਦਕ ਗੁਰਭਜਨ ਗਿੱਲ ਬਾਰੇ ਗੱਲਾਂ ਕਰਦਿਆਂ ਤਾਂ ਇੱਕ ਹੋਰ ਪੁਸਤਕ ਜਨਮ ਲੈ ਲਵੇਗੀਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਬਹੁਤੀ ਜਾਣ-ਪਛਾਣ ਦੀ ਜ਼ਰੂਰਤ ਨਹੀਂਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਹਨਅਨੇਕਾਂ ਸਨਮਾਨਾਂ ਨਾਲ ਸਨਮਾਨਿਤ ਪੰਜਾਬੀ ਸਾਹਿਤ ਦੇ ਇਸ ਧਰੂ ਤਾਰੇ ਨੇ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਲਗਾਤਾਰਤਾ ਨਾਲ ਪਾ ਰਿਹਾ ਹੈ

‘ਧੁਰ ਰੂਹ ਤੋਂ ਪੰਜਾਬੀ’ ਗੁਰਭਜਨ ਦੀ ਸਿਰਜਣਾਤਮਿਕ ਕਿਰਿਆਸ਼ੀਲਤਾ ਉਸਦੇ ‘ਖੂਨ’ ਵਿੱਚ ਹੈ, ਜੋ ਖੁਦ-ਬ-ਖੁਦ ਪ੍ਰਗਟ ਹੁੰਦੀ ਜਾ ਰਹੀ ਹੈ‘ਅੱਧੀ ਸਦੀ’ ਤੋਂ ਵੀ ਲੰਮੇ ਸਾਹਿਤਕ ਸਫਰ ਦੇ ਪੈਂਡਿਆਂ ’ਤੇ ਤੁਰਦਿਆਂ ਉਨ੍ਹਾਂ ਨੇ ਹੋਰ ਬਹੁਤ ਸਾਰੇ ਨਵੇਂ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਪਣੇ ਨਾਲ ਤੋਰਿਆ, ਕਾਫਲੇ ਵੱਡੇ ਤੋਂ ਵਿਸ਼ਾਲ ਹੋ ਰਹੇ ਹਨ

ਗੁਰਭਜਨ ਗਿੱਲ ਦੀ ਲੇਖਣੀ ’ਤੇ ਮੋਟੀ ਜਿਹੀ ਹੀ ਨਜ਼ਰ ਮਾਰਦਿਆਂ ਉਨ੍ਹਾਂ ਦੀ ਅਥਾਹ ਸਿਰਜਣਾਤਮਿਕ ਸ਼ਕਤੀ ਦਾ ਇਜ਼ਹਾਰ ਹੋ ਜਾਂਦਾ ਹੈ21 ਕਾਵਿ/ਗਜ਼ਲ ਸੰਗ੍ਰਹਿ, 5 ਸਹਿ-ਸੰਪਾਦਕ ਗਜ਼ਲ ਸੰਗ੍ਰਹਿ, 1 ਵਾਰਤਕ, 1 ਹਿੰਦੀ ਕਾਵਿ ਸੰਗ੍ਰਹਿ, 2 ਕਾਵਿ ਸੰਗ੍ਰਹਿ ਸੰਪਾਦਨ ਤੋਂ ਇਲਾਵਾ 6 ਕਾਵਿ ਸੰਗ੍ਰਹਿਆਂ ਦਾ ਸ਼ਾਹਮੁਖੀ ਵਿੱਚ ਪ੍ਰਕਾਸ਼ਨ ਹਰਭਜਨ ਗਿੱਲ ਦੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਮਕਬੂਲੀਅਤ ਦਾ ਪ੍ਰਤੀਕ ਹੈ

‘ਪਾਇਲ’ ਦੀ ਗੱਲ ਕਰਨ ਤੋਂ ਪਹਿਲਾਂ ਇਸ ਸ਼ਾਹਕਾਰ ਪੁਸਤਕ ਦੇ ਰਚੇਤਾ ਅਤੇ ਪੰਜਾਬੀ ਸਾਹਿਤ ਜਗਤ ਦੇ ਅਣਗੌਲੇ ਪਰ ਪਰਪੱਕ ਗਜ਼ਲਗੋ ਅਤੇ ਖੂਬਸੂਰਤ ਸ਼ਖਸੀਅਤ ‘ਸੁਖਬੀਰ ਸਿੰਘ ਸੰਧੂ’ ਬਾਰੇ ਕੁਝ ਜਾਣਕਾਰੀ ਸਾਹਿਤ ਪ੍ਰੇਮੀਆਂ ਨਾਲ ਸਾਂਝੀ ਕਰਨੀ ਜ਼ਰੂਰੀ ਹੈ12 ਅਗਸਤ 1932 ਨੂੰ ਪਿੰਡ ਕਲਸੀਆਂ ਖੁਰਦ (ਤਰਨਤਾਰਨ) ਦੇ ਗਿਆਨੀ ਸਰਦਾਰਾ ਸਿੰਘ ਦੇ ਘਰ ਜਨਮੇ ਸੁਖਬੀਰ ਸਿੰਘ ਸੰਧੂ ਨੇ ਐੱਮ.ਏ. ਤਕ ਦੀ ਵਿੱਦਿਆ ਪ੍ਰਾਪਤ ਕੀਤੀਰੋਟੀ ਰੋਜ਼ੀ ਵਾਸਤੇ ਕਲਰਕ, ਅਧਿਆਪਕ, ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਇੰਸਪੈਕਟਰ, ਅਤੇ ਇੰਗਲੈਂਡ ਵਿੱਚ ਪਰਵਾਸ ਕਰਕੇ ਸਪਰੇਅ ਪੇਂਟਰ ਬਣ ਗਿਆਸੁਖਬੀਰ ਸੰਧੂ ਪੰਜਾਬ ਵਿੱਚ ਇੱਕ ਹੋਟਲ ਦਾ ਮਾਲਕ ਵੀ ਬਣਿਆ

ਸਾਊਥਹਾਲ, ਇੰਗਲੈਂਡ ਦੇ ਵਸਨੀਕ ਅਤੇ ਲੰਡਨ ਦੀ ਪਹਿਲੀ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਸੁਖਬੀਰ ਸਿੰਘ ਸੰਧੂ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਉਸ ਨੂੰ ਗਜ਼ਲ ਲਿਖਣ ਦਾ ਸ਼ੌਕ ਜਨੂੰਨ ਦੀ ਹੱਦ ਤਕ ਸੀ

ਸ਼ਿਵ ਕੁਮਾਰ ਬਟਾਲਵੀ ਦਾ ਸਮਕਾਲੀ ਸੁਖਬੀਰ ਸਿੰਘ ਸੰਧੂ ਗਜ਼ਲਾਂ ਨੂੰ ਗਾਉਂਦਾ ਵੀ ਸੁਰ-ਤਾਲ ਵਿੱਚ ਅਤੇ ਰੂਹ ਦੀਆਂ ਗਹਿਰਾਈਆਂ ਵਿੱਚੋਂ ਸੀਸੁਰੀਲਾ ਵੀ ਸੀ ਉਸਦੀ ਕਵਿਤਾ ਅਤੇ ਗਜ਼ਲ ਤਾਂ ਫੁੱਟਦੀ ਜਵਾਨੀ ਵਿੱਚ ਹੀ ਪੁੰਗਰ ਪਈ ਸੀਪਾਇਲ ਉਸਦੇ ਜਵਾਨੀ ਵੇਲੇ ਦੇ ਵੀਹ ਕੁ ਵਰ੍ਹਿਆਂ ਦੇ ਵਿਭਿੰਨ ਅਨੁਭਵਾਂ, ਅਹਿਸਾਸਾਂ ਅਤੇ ਖਿਆਲਾਂ ਦਾ ਸ਼ਬਦੀ ਰੂਪਾਂਤਰ ਹੈ, ਜਿਨ੍ਹਾਂ ਦੀਆਂ ਜੜ੍ਹਾਂ ਗਰੀਬੀ-ਅਮੀਰੀ, ਮੁਹੱਬਤ-ਨਫਰਤ, ਮਾਲਕੀ-ਮਜ਼ਦੂਰੀ, ਸੰਘਰਸ਼ ਅਤੇ ਦੇਸ-ਪਰਦੇਸ ਦੇ ਜੀਵਨ ਨਾਲ ਜਾ ਜੁੜਦੀਆਂ ਹਨ

ਸੁਖਬੀਰ ਸੰਧੂ ਨੇ ਇਸ ਗਜ਼ਲ ਸੰਗ੍ਰਹਿ ਨੂੰ ਇੱਕ ‘ਵਿਲੱਖਣ ਅੰਦਾਜ਼’ ਦੇ ਨਾਲ ਸਮਰਪਣ ਕੀਤਾ ਹੈ…

ਜਿਸ ਮੋੜ ’ਤੇ ਕੋਈ ਇਸ ਤੋਂ, ਉਂਗਲੀ ਛਡਾ ਗਿਆ ਗਿਆ ਹੈ,
ਮੇਰੀ ਵਫਾ ਅਜੇ ਵੀ, ਉਸ ਮੋੜ ’ਤੇ ਖਲੀ ਏ

ਸੰਗ੍ਰਹਿ ਵਿੱਚ ਸ਼ਾਮਲ ਗਜ਼ਲਾਂ ਰੂਹ ਨੂੰ ਧੂਹ ਪਾਉਂਦੀਆਂ ਹਨ, ਸੁਖਬੀਰ ਦੇ ਮਨ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀਆਂ ਹਨ, ਅਤੇ ਉਸਦੇ ਜਜ਼ਬਿਆਂ ਅਤੇ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਪੁਸਤਕ ਦੀ ਪਹਿਲੀ ਗਜ਼ਲ ਵਿੱਚੋਂ ਹੀ ਝਲਕਣਾ ਸ਼ੁਰੂ ਹੋ ਜਾਂਦਾ ਹੈ…

ਮਾਰੀ ਉਨ੍ਹਾਂ ਨੇ ਚੋਟ ਹੈ ਸਾਡੇ ਯਕੀਨ ’ਤੇ
ਪੰਛੀ ਢਹੂ ਗਰੂਰ ਦਾ ਇੱਕ ਦਿਨ ਜ਼ਮੀਨ ’ਤੇ

ਖਤ ਦੇ ਕੇ ਹੱਥ ਰਕੀਬ ਦੇ ਕਾਸਦ ਕਿਉਂ ਰੋ ਪਿਆ ਹੈ,
ਸ਼ਾਇਦ ਉਹ ਵੀ ਉਦਾਸ ਹੈ ਸਾਡੀ ਤੌਹੀਨ ’ਤੇ

ਪੁਸਤਕ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਪਾਠਕ ਸੁਖਬੀਰ ਸੰਧੂ ਦੀ ਸ਼ਾਇਰੀ ਦਾ ਕਾਇਲ ਹੁੰਦਾ ਜਾਂਦਾ ਹੈਇਸ ਗੱਲ ਦੀ ਸਮਝ ਵੀ ਪੈਂਦੀ ਹੈ ਕਿ ਕਿਉਂ ਨਾਮੀ ਗਾਇਕਾਂ ਨੇ ਇਸ ਨੂੰ ਗਾਇਆ, ਚੁਰਾਇਆ ਜਾਂ ਆਪਣਾ ਬਣਾ ਕੇ ਨਾਂਅ ਚਮਕਾਇਆਪੁਸਤਕ ਵਿੱਚ ਸ਼ਾਮਲ ਗਜ਼ਲਾਂ ਦੀ ਹਲਕੀ ਜਿਹੀ ਝਲਕ ਪਾਠਕਾਂ ਨਾਲ ਸਾਂਝੀ ਕਰਦੇ ਹਾਂ…

ਜੋ ਪਲਕਾਂ ਹੇਠ ਬਿਠਾਉਂਦਾ ਰਿਹਾ, ਉਹ ਨੈਣ ਚੁਰਾਵੇ ਪਲ ਪਲ ’ਤੇ
ਕੀ ਹੁੰਦਾ ਜਾਵੇ ਉਨ੍ਹਾਂ ਨੂੰ, ਸਾਨੂੰ ਸਮਝ ਨਾ ਆਵੇ ਪਲ ਪਲ ’ਤੇ

ਅਸੀਂ ਗੰਗਾ ਜਾ ਕੇ ਕੀ ਲੈਣਾ ਅਸੀਂ ਜਮਨਾ ਨ੍ਹਾ ਕੇ ਕੀ ਲੈਣਾ,
ਜਦੋਂ ਹੜ੍ਹ ਅੱਖੀਆਂ ਵਿੱਚ ਹੰਝੂਆਂ ਦਾ, ਸਾਨੂੰ ਆਣ ਨੁਹਾਵੇ ਪਲ ਪਲ ’ਤੇ

ਸੁਖਬੀਰ ਦੀ ਸ਼ਾਇਰੀ ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਦਾ ਸੁਹਜਮਈ ਸੰਗਮ ਹੈ। ਜਿੱਥੇ ਉਹ ਮੋਹ ਮੁਹੱਬਤਾਂ ਦਾ ਰਾਗ ਅਲਾਪਦਾ ਹੈ, ਉੱਥੇ ਹੀ ਇਨਕਲਾਬ, ਸ਼ਹੀਦੀਆਂ ਅਤੇ ਲਾਸਾਨੀ ਕੁਰਬਾਨੀਆਂ ਦੀ ਤਾਰ ਛੇੜਨੀ ਵੀ ਨਹੀਂ ਭੁੱਲਦਾ…

ਬੇ-ਆਸ ਨਿਕਲੀ ਜਦੋਂ ਹਰ ਇੱਕ ਦਵਾ ਮੇਰੇ ਲਈ
ਰਾਸ ਆਈ ਤੇਰੇ ਪੱਲੂ ਦੀ ਹਵਾ ਮੇਰੇ ਲਈ

ਰਾਤ ਨੇ ਪ੍ਰਭਾਤ ਦਾ ਸੰਧੂਰ ਸਿਰ ਵਿੱਚ ਧੂੜ ਕੇ,
ਇੱਕ ਨਵਾਂ ਦਿਨ ਹੋਰ ਦਿੱਤਾ ਹੈ ਸਜ਼ਾ ਮੇਰੇ ਲਈ

ਦੱਸਦਾ ਏ ਨਜ਼ਾਰਾ ਕਰਵਟ ਬਦਲ ਬਦਲ ਕੇ
ਕੋਈ ਇਨਕਲਾਬ ਆਉਣਾ ਹੈ ਅੱਜ ਨਹੀਂ ਤਾਂ ਭਲਕੇ

ਹਰਦਾ ਹੀ ਜਾ ਰਿਹਾ ਹੈ ਹਰ ਕਦਮ ’ਤੇ ਹਨੇਰਾ,
ਕਰਦਾ ਏ ਵਾਰ ਚਾਨਣ ਅਜਿਹੇ ਸੰਭਲ ਸੰਭਲ ਕੇ

ਜਾਗੋ! ਕਿ ਸਮਾਂ ਉੱਜਲੇ ਸੰਗਰਾਮ ਦਾ ਆਇਆ ਏ
ਰਾਹਾਂ ਨੂੰ ਲਤਾੜੋ ਕਿ ਮੰਜ਼ਿਲ ਨੇ ਬੁਲਾਇਆ ਏ

ਕੋਈ ਇਹ ਕਰਾਮਾਤ ਕਰਕੇ ਵਿਖਾਲੇ
ਕਿ ਦਿਲ ਹੈ ਸਲਾਮਤ ਬਦਨ ਛਾਲੇ ਛਾਲੇ

ਸ਼ਹੀਦਾਂ ਦੀ ਜਦੋਂ ਵੀ ਕਿਸੇ ਗੱਲ ਛੇੜੀ,
ਨਾ ਰੁਕ ਸਕੇ ਹੰਝੂ, ਨਾ ਦਿਲ ਗਏ ਸੰਭਾਲੇ
ਪਰਵਾਸ ਦੀ ਦੋਹਰੀ ਜ਼ਿੰਦਗੀ ਜਿਊਣ ਦੀ ਤ੍ਰਾਸਦੀ ਨੂੰ ਪਰਵਾਸੀ ਖੁਦ-ਬ-ਖੁਦ ਜਾਣਦੇ ਅਤੇ ਮਹਿਸੂਸ ਕਰਦੇ ਹਨਇਸ ਦਰਦ ਨੂੰ ਸੁਖਬੀਰ ਨੇ ਬਖੂਬੀ ਬਿਆਨ ਕੀਤਾ ਹੈ…

ਪੂਰਬ ਨੂੰ ਸੌਂਪ ਕੇ ਦਿਲ, ਪੱਛਮ ਨੂੰ ਆ ਗਿਆ ਹਾਂ
ਬਣਦੀ ਹੈ ਕਿਸ ਜਗ੍ਹਾ ’ਤੇ ਸਾਡੀ ਕਬਰ ਵੀ ਦੇਖੋ

ਪੱਛਮ ਦੀਆਂ ਹਵਾਵਾਂ, ਸਾਨੂੰ ਨਾ ਰਾਸ ਆਈਆਂ
ਆਪਣਾ ਬਣਾ ਕੇ ਵੀ ਜੋ, ਖੁਦ ਰਹਿੰਦੀਆਂ ਪਰਾਈਆਂ

ਉਨ੍ਹਾਂ ਦੀ ਕਦਰ ਕੀਮਤ ਪਾ ਸਕਦੀਆਂ ਨੇ ਕੀ ਇਹ
ਸੱਜਣਾਂ ਤੋਂ ਦੂਰ ਆ ਕੇ ਸਹਿੰਦੇ ਹਾਂ ਜੋ ਜੁਦਾਈਆਂ

ਸੁਖਬੀਰ ਸੰਧੂ ਦੀ ਸੰਜੀਦਾ, ਭਾਵਪੂਰਤ ਅਤੇ ਵਿਭਿੰਨ ਵਿਸ਼ਿਆਂ ਵਾਲੀ ਸ਼ਾਇਰੀ ਨੂੰ ਪੜ੍ਹਦਿਆਂ ਉਸਦੇ ਕਾਵਿ-ਮਨ ਦੀ ਭਾਵਨਾ, ਸੰਵੇਦਨਸ਼ੀਲਤਾ, ਸੂਖਮ ਬਿਰਤੀ, ਦੂਰਦਰਸ਼ੀ ਸੋਚ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ…

ਲੈ ਲੈਂਦਾ ਹੈ ਸਜਦਾ, ਰੋਕ ਕੇ, ਇੱਕ ਦਰ ਕਦੇ ਕਦੇ
ਯਾਦਾਂ ਤਾਜ਼ੀਆਂ ਦਿੰਦਾ ਹੈ ਕਰ, ਇੱਕ ਘਰ ਕਦੇ ਕਦੇ

ਜਦੋਂ ਘਰ ਕਿਸੇ ਦੇ ਸਮਾਏ ਗਰੀਬੀ
ਤਾਂ ਕੀ ਕੀ ਸੁਣੋ ਕਰ ਵਿਖਾਏ ਗਰੀਬੀ

ਕੋਈ ਵੀ ਰਚਨਾ ਜਦੋਂ ਬੇਬਾਕ ਸੱਚ ਬੋਲਦੀ ਹੈ ਤਾਂ ਉਹ ਖੁਦ-ਬ-ਖੁਦ ਹੋਰ ਮਕਬੂਲ ਹੋ ਜਾਂਦੀ ਹੈ…

ਦੇਖ ਕੇ ਮੇਰਾ ਜਨਾਜ਼ਾ ਉਨ੍ਹਾਂ ਮੂੰਹ ਫੇਰ ਲਿਆ,
ਮੇਰੇ ਮਰ ਜਾਣ ’ਤੇ ਪਛਾਣ ਦੀ ਗੱਲ ਕੀਤੀ ਏ

ਮਹਿਜ਼ ਤਿੰਨ ਅੱਖਰਾਂ ਦਾ ਛੋਟਾ ਜਿਹਾ ਸ਼ਬਦ ‘ਜ਼ਿੰਦਗੀ’ ਆਪਣੇ ਅੰਦਰ ਬੜੇ ਗਹਿਰੇ ਰਾਜ਼ ਸਮੋਈ ਬੈਠਾ ਹੈਜ਼ਿੰਦਗੀ ਦੇ ਇਮਾਨ ਅਤੇ ਰਾਜ਼ ਬਾਰੇ ਬਹੁਤ ਦਿਲਚਸਪ ਲਫਜ਼ ਪਰੋਏ ਨੇ ਸੁਖਬੀਰ ਸੰਧੂ ਨੇ…

ਦੁੱਖ ਸੁਖ, ਖੁਸ਼ੀ ਗਮੀ ਦੀ ਹੈ ਧੁੱਪ ਛਾਂ ਜਿਹੀ ਖੇਡ ਇਹ,
ਹੰਝੂ ਕਦੇ ਤੇ ਹੈ ਕਦੇ ਮੁਸਕਾਨ ਜ਼ਿੰਦਗੀ

ਬੜੀ ਖੂਬਸੂਰਤ ਸੀ ਸ਼ੈਅ ਜ਼ਿੰਦਗੀ ਇਹ
ਗਮਾਂ ਦੇ ਜੇ ਕੀਤੇ ਹਵਾਲੇ ਨਾ ਜਾਂਦੇ

ਇੱਕ ਦਿਨ ਘਰ ਤੋਂ ਖੋਲੇ ਬਣ ਕੇ ਰਹਿ ਜਾਵਣ,
ਜੋ ਕੰਧਾਂ ਨਾ ਝੱਲਣ ਬੋਝ ਸ਼ਤੀਰਾਂ ਦੇ

ਮਿਹਨਤ ਦੀ ਇੱਕ ਰੇਖ ਤਲੀ ’ਤੇ ਕਾਫੀ ਏ,
ਕੀ ਕਰਨੇ ਨੇ ਬਹੁਤੇ ਜਾਲ਼ ਲਕੀਰਾਂ ਦੇ

ਅੰਨ੍ਹੀ ਨਫਰਤ, ਡਿਗਦੇ ਬੰਬਾਂ ਦੀ ਬਰਬਾਦੀ ਅਤੇ ਮਨੁੱਖਤਾ ਦੇ ਜਿਸ ਘਾਣ ਦੀ ਗੱਲ ਸੁਖਬੀਰ ਸੰਧੂ ਅੱਧੀ ਸਦੀ ਪਹਿਲਾਂ ਕਰ ਗਿਆ, ਉਹ ਅਮਰਵੇਲ ਬਣ ਕੇ ਅੱਜ ਵੀ ਵਧ ਫੁੱਲ ਰਹੀ ਹੈ…

ਮਾਂ ਧਰਤੀ ਦੀ ਹਿੱਕ ’ਤੇ ਕਿਧਰੇ ਬੰਬਾਂ ਦੀ ਬਰਸਾਤ ਹੈ ਹੋਈ
ਖੂਨ ਮਨੁੱਖਤਾ ਦਾ ਕਿਤੇ ਹੋਇਆ, ਰੱਤ ਕਿਤੇ ਇਨਸਾਨ ਦੀ ਚੋਈ

ਇਸ ਗਜ਼ਲ ਸੰਗ੍ਰਹਿ ਦੀ ਆਖਰੀ ਗਜ਼ਲ ਦੇ ਲਫਜ਼ ਖੁਦ-ਬ-ਖੁਦ ਬਹੁਤ ਕੁਝ ਕਹਿੰਦੇ ਹਨ…

ਦੱਸ ਕੇ ਨਵਾਂ ਹੀ ਰਾਹ ਤੇ ‘ਆਹ’ ਭਰ ਕੇ ਤੁਰ ਗਏ,
ਪੁੱਛੇ ਜਿਨ੍ਹਾਂ ਨੂੰ ਮੈਂ ਪਤੇ ਤੇਰੇ ਮਕਾਨ ਦੇ

ਗਮ ਵੀ ਖੁਸ਼ੀ ਸਮਾਨ ਹੈ, ਸਾਨੂੰ ਜੋ ਦੇ ਗਿਆ ਹੈ,
ਸ਼ਾਇਦ ਇਹੋ ਹੀ ਕੋਲ ਸੀ ਉਸ ਮਿਹਰਬਾਨ ਦੇ

ਦੋਸਤੋ, ਪੰਜਾਬੀ ਸਾਹਿਤ ਦਾ ਅਨਮੋਲ ਹੀਰਾ ਸੁਖਬੀਰ ਸੰਧੂ ਅਤੇ ਉਸਦੀ ਖੂਬਸੂਰਤ ਸ਼ਾਇਰੀ ਭਾਵੇਂ ਅੱਧੀ ਸਦੀ ਤਕ ਸਮੇਂ ਦੀਆਂ ਧੂੜਾਂ ਵਿੱਚ ਗਾਇਬ ਰਹੀ, ਪਰ ਸੱਚ ਇਹ ਵੀ ਹੈ ਕਿ ਸ਼ਬਦ ਕਦੇ ਮਰਦੇ ਨਹੀਂ ਹੁੰਦੇ ਅਤੇ ਨਾ ਹੀ ਸੁਖਨਵਰਗੁਰਭਜਨ ਗਿੱਲ, ਜਸਬੀਰ ਭੁੱਲਰ ਅਤੇ ਇਮਰੋਜ਼ ਮਾਨ ਵਰਗੀਆਂ ਸ਼ਖਸੀਅਤਾਂ ਦੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਇੰਜ ਹੋਣ ਨਹੀਂ ਦਿੰਦੀਆਂ ਅਤੇ ਨਾ ਹੀ ਹੋਣ ਦੇਣਗੀਆਂਸੁਰਜੀਤ ਪਾਤਰ ਜੀ ਦੀਆਂ ਖੂਬਸੂਰਤ ਲਾਈਨਾਂ ਵੀ ਇਸਦੀਆਂ ਗਵਾਹੀ ਭਰਦੀਆਂ ਹਨ…

ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਊਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ

ਗਜ਼ਲ ਸੰਗ੍ਰਹਿ ‘ਪਾਇਲ’ ਦਾ ‘ਦੂਸਰਾ ਜਨਮ’ ਪੰਜਾਬੀ ਸਾਹਿਤ ਲਈ ਸ਼ੁਭ ਸ਼ਗਨ ਹੈਸੁਖਬੀਰ ਸਿੰਘ ਸੰਧੂ ਅਤੇ ਗੁਰਭਜਨ ਗਿੱਲ ਵਧਾਈ ਦੇ ਹੱਕਦਾਰ ਹਨ!

ਜ਼ਿੰਦਗੀ ਜ਼ਿੰਦਾਬਾਦ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author