“ਇਹ ‘ਸਿਆਣੇ’ ਵੀ ਡਾਕਟਰਾਂ ਨੂੰ ਦਿਖਾਉਣੇ ਚਾਹੀਦੇ ਆ, ਹਰਾਮੀ, ਚੋਰ ਕਿਸੇ ਥਾਂ ਦੇ ...”
(6 ਸਤੰਬਰ 2025)
ਅੱਖਰਾਂ ਦੀ ਗਿਣਤੀ ਮਿਣਤੀ ਦੇ ਹਿਸਾਬ ਨਾਲ ‘ਜ਼ਿੰਦਗੀ’ ਇੱਕ ਛੋਟਾ ਜਿਹਾ ਸ਼ਬਦ ਹੀ ਹੈ। ਪਰ ਨਿਰਸੰਦੇਹ ਇਹ ਸ਼ਬਦ ਆਪਣੀ ਰੂਹ ਦੇ ਅੰਦਰ ਬੜੇ ਗਹਿਰੇ ਰਾਜ਼ ਸਮੋਈ ਬੈਠਾ ਹੈ। ਸੱਚ ਇਹ ਵੀ ਹੈ ਕਿ ਸਵੈਅਨੁਸ਼ਾਸਨ, ਹਮਦਰਦੀ, ਜ਼ਿੰਮੇਵਾਰੀ, ਇਮਾਨਦਾਰੀ, ਵਫ਼ਾਦਾਰੀ, ਇਨਸਾਫ਼ ਅਤੇ ਜਵਾਬਦੇਹੀ ਦੇ ਸੰਸਕਾਰ ਇੱਕ ਖੁਸ਼ਹਾਲ ਜੀਵਨ ਦੀ ਗਹਿਰੀ ਨੀਂਹ ਬਣਦੇ ਹਨ।
ਭਾਵੇਂ ਜੀਵਨ ਦਾ ਸਫ਼ਰ ਅਕਸਰ ਟੇਢਾ-ਮੇਢਾ ਹੀ ਹੁੰਦਾ ਹੈ ਪਰ ਫਿਰ ਵੀ ਦਇਆ, ਸਬਰ, ਸੱਚ, ਸੰਤੋਖ, ਸ਼ੁਕਰ, ਧੀਰਜ, ਨਿਮਰਤਾ ਅਤੇ ਮੁਹੱਬਤ ਦੇ ਗੁਣ ਮਨੁੱਖ ਦੀ ਜ਼ਿੰਦਗੀ ਨੂੰ ਜਸ਼ਨ ਵਿੱਚ ਬਦਲ ਦਿੰਦੇ ਹਨ ਅਤੇ ਉਸ ਨੂੰ ਔਖੇ ਤੋਂ ਔਖੇ ਵੇਲੇ ਵੀ ਡੋਲਣ ਨਹੀਂ ਦਿੰਦੇ। ਜੀਵਨ ਜਿਊਂਦਿਆਂ ਅਸੀਂ ਇੱਕ ਸਮਾਜਿਕ ਤਾਣੇ-ਬਾਣੇ ਦੀਆਂ ਤੰਦਾਂ ਨਾਲ ਜੁੜੇ ਰਹਿੰਦੇ ਹਾਂ ਜੋ ਸਾਨੂੰ ਦੂਸਰਿਆਂ ਮਨੁੱਖਾਂ ਨਾਲ ਜੋੜਦਾ ਹੈ, ਕਦੇ ਤੋੜਦਾ ਹੈ ਅਤੇ ਫਿਰ ਜੋੜਦਾ ਰਹਿੰਦਾ ਹੈ। ਜੀਵਨ ਰੂਪੀ ਲੰਮੇ ਨਾਟਕ ਵਿੱਚ ਕਈ ਰੰਗ-ਬੇਰੰਗ, ਦੁੱਖ-ਸੁਖ, ਉਤਰਾਅ-ਚੜ੍ਹਾ ਆਉਂਦੇ ਹਨ ਅਤੇ ਅਣਗਿਣਤ ਹੀ ਪਾਤਰ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਕੁਝ ਕੁ ਚੇਤੇ ਰਹਿੰਦੇ ਹਨ ਬਾਕੀ ਭੁੱਲਦੇ-ਭੁੱਲਦੇ ਬੱਸ ਭੁੱਲ ਹੀ ਜਾਂਦੇ ਹਨ। ਪਰ ਕੁਝ ਭੁੱਲੇ ਵਿੱਸਰੇ ਵੀ ਕਦੇ ਕਦਾਈਂ ਆ ਦਸਤਕ ਦਿੰਦੇ ਹਨ। ਜ਼ਿੰਦਗੀ ਆਪਣੀ ਤੋਰੇ ਤੁਰੀ ਹੀ ਜਾਂਦੀ ਹੈ। ਕੱਲ੍ਹ ਅੱਜ ਨਹੀਂ ਸੀ ਅਤੇ ਅੱਜ ਵੀ ਕੱਲ੍ਹ ਨਹੀਂ ਹੋਵੇਗਾ…
ਕੱਲ੍ਹ
ਸੰਘਣੇ ਬੱਦਲ ਛਾ ਗਏ
ਗਏ ਅਬਰੀਂ ਚੰਨ ਲੁਕਾ।
ਅੱਜ
ਅੰਬਰ ਵਿੱਚ ਸੱਤ-ਰੰਗੀਆਂ
ਮੈਨੂੰ ਗੋਡੇ-ਗੋਡੇ ਚਾਅ।
ਕੱਲ੍ਹ
ਆਪਣੇ ਹੀ ਖੋਹ ਲੈ ਗਏ
ਸਭ ਲਾ ਕੇ ਆਪਣੇ ਦਾਅ।
ਅੱਜ
ਯਾਰ ਰਾਹਾਂ ਵਿੱਚੋਂ ਲੰਘ ਗਏ
ਕਈ ਸੰਦਲੀ ਪੈੜਾਂ ਪਾ।
ਬੁੱਲਾ ਕੀ ਜਾਣਾ ਮੈਂ ਕੌਣ?
‘ਜਗਨ ਨਾਥ’ ਨਾਮ ਦਾ ਸ਼ਖ਼ਸ ਮੇਰੇ ਲਾਗਲੇ ਪਿੰਡ ਦਾ ਰਹਿਣ ਵਾਲਾ ਸੀ। ਚੰਗਾ ਭਲਾ ਜੀਵਨ ਜਿਊਂਦਿਆਂ ਉਸਦੇ ਮਨ ਨੂੰ ਪਤਾ ਨਹੀਂ ਕੀ ਠੋਕਰ ਲੱਗ ਗਈ ਕਿ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ। ਅਸੀਂ ਛੋਟੇ ਹੁੰਦੇ ਸਾਂ ਜਦੋਂ ਉਸਨੇ ਆਪਣੇ ਪਿੰਡ ਤੋਂ ਬੇਈਂ ਦਾ ਪੱਤਣ ਪਾਰ ਕਰਦਿਆਂ ਸਾਡੇ ਪਿੰਡ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਮਸਤੀ ਦੀ ਅਵਸਥਾ ਵਿੱਚ ਵਿਚਰਦਾ ਰਹਿੰਦਾ। ਚੁਸਤ-ਚਲਾਕ ਦੁਨੀਆ ਨੇ ਜਗਨ ਨਾਥ ਨੂੰ ਨਵਾਂ ਨਾਂ ਦੇ ਦਿੱਤਾ, ‘ਜਗਨ ਨਾਥ ਕਮਲਾ’ ਅਤੇ ਕਈਆਂ ਨੇ ‘ਪਾਗਲ ਜਗਨ ਨਾਥ।’ ਲੰਬੇ ਕੱਦ-ਕਾਠ ਵਾਲਾ, ਲੰਬੀ ਕਾਲੀ-ਚਿੱਟੀ ਡੱਬ-ਖੜੱਬੀ ਦਾੜ੍ਹੀ ਅਤੇ ਸਿਰ ਦੇ ਖੁੱਲ੍ਹੇ ਹੋਏ ਲੰਮੇ ਜਟਾਧਾਰੀ ਵਾਲ। ਦਾੜ੍ਹੀ ਵਿੱਚ ਕੁਝ ਕੁ ‘ਜਟਾਂ’ ਵਾਲੇ ਵਾਲ ਵੀ। ਤੇੜ ਪਾਏ ਲੰਮੇ ਕੁੜਤੇ ਦੇ ਨਾਲ ਪਜਾਮਾ ਜਾਂ ਫਿਰ ਕਛਹਿਰਾ ਹੀ ਪਾਈ ਫਿਰਦਾ। ਜਾਂ ਫਿਰ ਲੋਕਾਂ ਦੇ ਕੋਠਿਆਂ ਉੱਪਰ ਲੋਕਾਂ ਦੇ ਸੁੱਕਣੇ ਪਾਏ ਹੋਏ ਅਤੇ ਚੁੱਕ ਕੇ ਇਕੱਠੇ ਕੀਤੇ ਹੋਏ ਕੱਪੜੇ ਪਾ ਲੈਂਦਾ। ਕੁਝ ਕੁ ਤਾਂ ਨਾਪ ਦੇ ਹੁੰਦੇ ਪਰ ਬਹੁਤੇ ਐਵੇਂ ਹੀ ਫਸਾਈ ਫਿਰਦਾ। ਸਿਰ ਉੱਪਰ ਬੋਰੀ ਨੁਮਾ ਮੈਲਾ ਜਿਹਾ ਕੰਬਲ ਵਲ੍ਹੇਟੀ ਰੱਖਦਾ, ਗਰਮੀ ਹੁੰਦੀ ਭਾਵੇਂ ਸਰਦੀ। ਸਿਰ ਦੇ ਨਾਲ ਹੀ ਅੱਧਾ ਕੁ ਮੂੰਹ ਵੀ ਲੁਕੋ ਲੈਂਦਾ। ਬਾਕੀ ਅੱਧਾ ਕੁ ਲਮਕਦਾ ਕੰਬਲ ਤੁਰਦਿਆਂ ਹੋਇਆਂ ਉਹਦੀਆਂ ਪੈੜਾਂ ਪੂੰਝਦਾ ਜਾਂਦਾ।
ਪਿੰਡ ਦੀਆਂ ਭੀੜੀਆਂ ਗਲੀਆਂ ਦੇ ਦੋਵੇਂ ਬੰਨੇ ਬਣੇ ਨਾਲ-ਨਾਲ ਲਗਦੇ ਕੋਠਿਆਂ ਦੀਆਂ ਡਾਰਾਂ ਵਿੱਚ ਕੁਝ ਕੁ ਪੱਕੇ ਅਤੇ ਬਾਕੀ ਕੱਚੇ ਘਰ ਹੀ ਹੁੰਦੇ ਸਨ। ਸਾਰੇ ਕੋਠਿਆਂ ਦੇ ਬਨੇਰੇ ਆਪਸ ਵਿੱਚ ਇੰਜ ਜੁੜੇ ਹੋਏ ਸਨ ਕਿ ਅੱਧਾ ਪਿੰਡ ਕੋਠਿਆਂ ਦੇ ਉੱਪਰ ਦੀ ਹੀ ਗਾਹ ਹੋ ਜਾਂਦਾ ਸੀ। ਕੁਝ ਘਰਾਂ ਦੇ ਸਿਰਫ ਲੰਡੇ ਬਨੇਰੇ ਹੀ ਸਨ ਅਤੇ ਕੁਝ ਕੁ ਦੇ ਉੱਪਰ ਇੱਟਾਂ ਦੇ ਮਧਰੇ ਜਿਹੇ ਜੰਗਲੇ ਬਣੇ ਹੋਏ ਸਨ। ਜਗਨ ਨਾਥ ਦੇ ਪਿੰਡ ਪਹੁੰਚਣ ਦੀ ਖ਼ਬਰ ਫਸਲਾਂ ਵਿੱਚ ਆਏ ਟਿੱਡੀ-ਦਲ ਵਾਂਗ ਪਹੁੰਚ ਜਾਂਦੀ। ਲੋਕ ਆਪਣੇ ਕੱਪੜੇ-ਲੀੜੇ, ਚੁੱਲ੍ਹੇ-ਚੌਂਕੇ, ਭੜੋਲੀਆਂ, ਤੌੜੀਆਂ-ਪਤੀਲੇ ਸੰਭਾਲਣੇ ਸ਼ੁਰੂ ਕਰ ਦਿੰਦੇ। ਨਾਲ ਨਾਲ ਲਗਦੇ ਬਨੇਰਿਆਂ ਵਾਲੇ ਕੋਠਿਆਂ ਦੀਆਂ ਲਾਲ ਜਾਂ ਚੀਕਣੀ ਮਿੱਟੀ ਨਾਲ ਲਿੱਪੀਆਂ ਛੱਤਾਂ ਦੀ ਗਰਾਊਂਡ ਵਿੱਚ ਇਹ ‘ਸਮਾਨ’ ਜਗਨ ਨਾਥ ਦੇ ਖੇਡਣ ਅਤੇ ਸ਼ਰਾਰਤਾਂ ਕਰਨ ਲਈ ਕੰਮ ਆਉਂਦਾ ਸੀ। ਜਗਨ ਨਾਥ ਬਹੁਤਾ ਕਰਕੇ ਖਾ ਪੀ ਕੇ ਕਿਸੇ ਬਨੇਰੇ ਦਾ ਸਿਰਹਾਣਾ ਬਣਾ ਕੇ ਅਰਾਮ ਨਾਲ ਪਿਆ ਰਹਿੰਦਾ। ਸਿਰ ਅਤੇ ਦਾੜ੍ਹੀ ਦੇ ਵਾਲਾਂ ਵਿੱਚੋਂ ਜੂੰਆਂ ਕੱਢ ਕੱਢ ਮਾਰਦਾ ਰਹਿੰਦਾ। ਕਦੇ ਕਦੇ ਹੇਠਾਂ ਵਿਹੜਿਆਂ ਵਿੱਚ ਕੰਮ ਧੰਦਾ ਕਰਦੀਆਂ ਜ਼ਨਾਨੀਆਂ ਨਾਲ ਗੱਲੀਂ ਵੀ ਪੈ ਜਾਂਦਾ। ਉਸਦੇ ਇੱਧਰ ਉੱਧਰ ਹਿੱਲਦਿਆਂ ਅਤੇ ਤੁਰਦਿਆਂ ਫਿਰਦਿਆਂ ਜ਼ਨਾਨੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ।
ਸਾਂਭ ਲਓ… ਆਪਣਾ ਆਪ... ਕਮਲਾ ਜਗਨ ਨਾਥ ਆ ਗਿਆ… ਪਾਗਲ ਆ ਗਿਆ… ਜਗਨ ਨਾਥ...
ਨਿਆਣਿਆਂ ਨੂੰ ਹਲਕਾ ਜਿਹਾ ਡਰਾਉਂਦਾ, ਚੁੱਲ੍ਹੇ ਭੱਠੀਆਂ ਅਤੇ ਤੰਦੂਰਾਂ ’ਤੇ ਪੱਕਦੀਆਂ ਰੋਟੀਆਂ ਛਾਬਿਆਂ ਟੋਕਰੀਆਂ ਵਿੱਚੋਂ ਚੁੱਕ ਕੇ ਦੌੜ ਜਾਂਦਾ ਅਤੇ ਜ਼ਨਾਨੀਆਂ ਦੇ ਰੌਲਾ ਪਾਉਂਦਿਆਂ ਪਾਉਂਦਿਆਂ ਉਹ ਖਚਰੀ ਹਾਸੀ ਹੱਸਦਿਆਂ ਔਹ ਦਾ ਔਹ ਜਾਂਦਾ। ਜਗਨ ਨਾਥ ਦਾ ਮਾਨਸਿਕ ਸੰਤੁਲਨ ਖਰਾਬ ਸੀ, ਪਰ ਉਹ ਮੂਰਖ ਬਿਲਕੁਲ ਨਹੀਂ ਸੀ। ਕਿਸੇ ਦਾ ਨੁਕਸਾਨ ਕਦੇ ਵੀ ਨਾ ਕਰਦਾ। ਕੁਝ ਲੋਕ ਦੱਸਦੇ ਸਨ ਕਿ ਉਹ ਕਾਫ਼ੀ ਪੜ੍ਹਿਆ ਲਿਖਿਆ ਵੀ ਸੀ, ਸ਼ਾਇਦ ਹਿਸਾਬ ਦਾ ਮਾਸਟਰ ਹੁੰਦਾ ਸੀ ਪਰ ਜ਼ਿੰਦਗੀ ਦੀ ਗੱਡੀ ਕਿਸੇ ਤਰ੍ਹਾਂ ਲਾਈਨ ਤੋਂ ਉੱਤਰ ਗਈ। ਪਿੰਡ ਦੇ ਨਿਆਣਿਆਂ ਨੂੰ ਮਿਲੇ ‘ਹੋਮ ਵਰਕ’ ਦੇ ਸਵਾਲ ਮਿੰਟਾਂ ਵਿੱਚ ਹੀ ਕੱਢ ਕੇ ਉਨ੍ਹਾਂ ਦੀਆਂ ਕਾਪੀਆਂ ਵਿੱਚ ਲਿਖਵਾ ਦਿੰਦਾ। ਗਲੀ-ਮੁਹੱਲੇ ਦੀਆਂ ਜੋ ਜ਼ਨਾਨੀਆਂ ਉਸਦੇ ਮਗਰ ਡੰਡੇ-ਸੋਟੇ ਲੈ ਕੇ ਅਤੇ ਗਾਲ੍ਹਾਂ ਕੱਢਦੀਆਂ ਦੌੜਦੀਆਂ ਸਨ, ਉਹੀ ਉਸ ਨੂੰ ਵਾਜਾਂ ਮਾਰ ਮਾਰ ਬੁਲਾਉਂਦੀਆਂ,
“ਉਏ ਆ ਜਾ…
‘ਨਿੱਜ ਹੋਣਿਆ’ ਜਗਨ ਨਾਥਾ…!
ਆ ਮਰ... ਇੱਧਰ ਆ ਕੇ ਨਿਆਣਿਆਂ ਦੇ ਸਵਾਲ ਕੱਢ ਦੇ!!”
ਜਗਨ ਨਾਥ ਮਨ ਹੀ ਮਨ ਖੁਸ਼ ਹੁੰਦਿਆਂ ਲੰਮੀ ਦਾੜ੍ਹੀ ਵਿੱਚੋਂ ਚਿੱਟੇ-ਕਾਲੇ ਦੰਦਾਂ ਦੇ ਹਾਸੇ ਹਵਾ ਵਿੱਚ ਖਿਲਾਰਦਾ ਅਤੇ ਗੁਣਗੁਣਾਉਂਦਾ,
ਕੋਈ ਕਹਿੰਦਾ ਉਹ ਦੂਰ ਵਸੇਂਦਾ
ਕੋਈ ਕਹਿੰਦਾ ਉਹ ਨੇੜੇ
ਬੁੱਲੇ ਸ਼ਾਹ ਮੇਰਾ ਯਾਰ ਤਾਂ ਅਜਿਹਾ
ਮੈਨੂੰ ਦਿਸਦਾ ਚਾਰ ਚੁਫੇਰੇ
ਅਤੇ ਫਿਰ ਮਗਰ ਹੀ ਉੱਚੀ ਸੁਰ ਅਤੇ ਲੰਮੀ ਹੇਕ ਲਾ ਕੇ ਗਾਉਂਦਾ,
ਬੁੱਲਾ… ਕੀ ਜਾਣਾ ਮੈਂ ਕੌਣ
ਉਏ… ਬੁੱਲਿਆ ਕੀ ਜਾਣਾ ਮੈਂ ਕੌਣ
ਸਾਨੂੰ ਹਿਸਾਬ ਦੇ ਸਧਾਰਨ ਜਿਹੇ ਸਵਾਲ ਤਾਂ ਕੱਢਣੇ ਨਾ ਆਉਂਦੇ ਪਰ ਆਪਣੇ ਆਪ ਨੂੰ ਚੁਸਤ ਸਮਝਦਿਆਂ ਅਤੇ ਜਗਨ ਨਾਥ ਨੂੰ ਕਮਲਾ ਸਮਝ ਇਹ ਸੋਚਦੇ, “ਲਓ ਕਰ ਲਓ ਗੱਲ! ਇਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਕੌਣ ਹੈ! ਇਹ ਜਗਨ ਨਾਥ ਹੀ ਤਾਂ ਹੈ!!”
ਐਵੇਂ
ਪਾਗਲ ਕਹਿ ਨਾ ਮੈਨੂੰ
ਪਾਗਲ ਕੌਣ ਨਹੀਂ ਹੈ?
ਪਾਗਲ
ਕੋਈ ਹੁਸਨ ਦਾ ਹੋਇਆ
ਦੌਲਤ ਤੇ ਸ਼ੋਹਰਤ ਦਾ ਹੋਇਆ!
ਮੈਂ ਤਾਂ
ਰੱਬ ਦੇ ਰੰਗ ਵਿੱਚ ਰੰਗਿਆ
ਕੀ ਜਾਣਾ ਮੈਂ ਕੌਣ?
ਉਏ ਬੁੱਲਿਆ ਕੀ ਜਾਣਾ ਮੈਂ ਕੌਣ?
ਫਿਰ ਇੱਕ ਦਿਨ ਜਗਨ ਨਾਥ ਸਾਡੇ ਪਿੰਡੋਂ ਐਸੀ ਉੱਚੀ-ਲੰਮੀ ਉਡਾਰੀ ਮਾਰ ਗਿਆ ਕਿ ਮੁੜ ਕੇ ਕਦੇ ਬਹੁੜਿਆ ਹੀ ਨਾ। ਜ਼ਿੰਦਗੀ ਦਾ ਨਾਟਕ ਮੁਕਾ ਕੇ ਇਸ ਜਹਾਨੋਂ ਗਏ ਨੂੰ ਵੀ ਕਈ ਦਹਾਕੇ ਬੀਤ ਗਏ ਪਰ ਫਿਰ ਵੀ ਕਦੇ-ਕਦਾਈਂ ਯਾਦ ਆਉਂਦਾ ਰਹਿੰਦਾ ਹੈ, ਹੱਸਦਾ ਰਹਿੰਦਾ ਹੈ, ਡਰਾਉਂਦਾ ਰਹਿੰਦਾ ਹੈ, ਹਸਾਉਂਦਾ ਰਹਿੰਦਾ ਹੈ ਅਤੇ ਮਨੁੱਖ ਦਾ ਵਜੂਦ ਯਾਦ ਦਿਵਾਉਂਦਾ ਰਹਿੰਦਾ ਹੈ, … ਬੁੱਲਿਆ ਕੀ ਜਾਣਾ ਮੈਂ ਕੌਣ!
ਭਲਾ ਮੈਂ ਕੋਈ ਮੂਰਖ ਹਾਂ?
ਚਿਰ ਪਹਿਲਾਂ ਦੀ ਗੱਲ ਹੈ ਕਿ ਮੇਰੇ ਦੋਸਤ ਦੀ ਟ੍ਰੇਨਿੰਗ ਕਿਸੇ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਲੱਗ ਗਈ। ਸਧਾਰਨ ਗੱਲਬਾਤਾਂ ਵਿੱਚ ਲੋਕ ਉਸ ਹਸਪਤਾਲ ਨੂੰ ‘ਪਾਗਲਾਂ ਦਾ ਹਸਪਤਾਲ’ ਹੀ ਕਹਿੰਦੇ ਸਨ। ਟ੍ਰੇਨਿੰਗ ਦਾ ਪਹਿਲਾ ਦਿਨ ਹੋਣ ਕਾਰਨ ਸ਼ਾਇਦ ਉਹ ਖੁਦ ਵੀ ਮਾਨਸਿਕ ਤੌਰ ’ਤੇ ਟ੍ਰੇਨਿੰਗ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਪੰਜਾਬੀਅਤ ਦੇ ਮੂਲ ਮੰਤਰ- “ਦੋ ਪੈਰ ਘੱਟ ਤੁਰਨਾ, ਅਸਾਂ ਤੁਰਨਾ ਮੜਕ ਦੇ ਨਾਲ” ਦੀ ਮਿਸਾਲ ਹੈ ਇਹ ਦੋਸਤ। ਹਸਪਤਾਲ ਦੇ ਬਾਹਰਲੇ ਵੱਡੇ ਸਾਰੇ ਜਿੰਦਰੇ ਵਾਲੇ ਗੇਟ ਤੋਂ ਅੰਦਰ ਵੱਲ ਨੂੰ ਮੜਕ ਨਾਲ ਅਤੇ ਮਸਤੀ ਵਿੱਚ ਟਹਿਲਦਾ ਜਾ ਰਿਹਾ ਸੀ। ਅਚਾਨਕ ਹੀ ਵੱਖੀ ਤੋਂ ਇੱਕ ਮਤਵਾਲਾ ਉਸ ਵੱਲ ਫੁਰਤੀ ਨਾਲ ਦੌੜਾ ਆਇਆ। ਦੋਵੇਂ ਬਾਹਾਂ ਖੋਲ੍ਹ ਪੂਰੇ ਜ਼ੋਰ ਨਾਲ ਕਲਾਵੇ ਵਿੱਚ ਲੈਂਦਿਆਂ ਅਤੇ ਅਜਗਰ ਸੱਪ ਵਾਂਗ ਵਲ ਪਾਕੇ ਦੋਸਤ ਦੇ ਵਲ ਕੱਢਦਿਆਂ ਅਤੇ ਘੁੱਟਦਿਆ ਬੋਲਿਆ, ”ਸਾ… ਸਰੀ… ਕਾਲ ਜੀ!!!”
ਦੋਸਤ ਨੇ ਘਬਰਾਹਟ ਵਿੱਚ ਆਪਣੀ ਮੜਕ, ਬੜ੍ਹਕ ਅਤੇ ਹੱਥ ਵਿੱਚ ਫੜੇ ਬੈਗ ਨੂੰ ਪਰੇ ਵਗਾਹ ਕੇ ਮਾਰਿਆ ਅਤੇ ਉਸ ਤੋਂ ਛੁੱਟ ਕੇ ਕਿਤੇ ਦੂਰ ਭੱਜਣਾ ਚਾਹਿਆ। ਪਰ ਮਤਵਾਲੇ ਦੇ ਤਕੜੇ ਜੱਫੇ ਨੇ ਉਸਦੀ ਬੱਸ ਹੀ ਕਰਾ ਦਿੱਤੀ। ਤਦ ਤਕ ਹਸਪਤਾਲ ਦੇ ਕਈ ਹੋਰ ਕਰਮਚਾਰੀ ਭੱਜ ਕੇ ਉੱਥੇ ਪਹੁੰਚ ਗਏ। ਇੱਕ ਕਰਮਚਾਰੀ ਮਰੀਜ਼ ਨੂੰ ਕਾਬੂ ਕਰਦਿਆਂ ਬੋਲਿਆ, “ਪਾਗਲਾ! … ਉਏ ਪਾਗਲਾ!! … ਤੂੰ ਨਿਰਾ ਪਾਗਲ ਹੀ ਰਿਹਾ! ਦੱਸ ਤੂੰ ਇਹਨੂੰ ਘੁੱਟ-ਘੁੱਟ ਕੇ ਮਾਰਨਾ ਆ?”
ਮਰੀਜ਼ ਅੱਗਿਓਂ ਬੜੇ ਠਰ੍ਹੰਮੇ ਨਾਲ ਬੋਲਿਆ, “ਹੈਂਅਅ…!! ਇਹ ਕਿੱਦਾਂ ਹੋ ਸਕਦਾ ਹੈ? ਭਲਾ ਮੈਂ ਕੋਈ ‘ਮੂਰਖ’ ਹਾਂ? ਮੈਂ ਤਾਂ ਇਹਨੂੰ ਬੱਸ ‘ਸਾਸਰੀ ਕਾਲ’ ਈ ਬੁਲਾਉਣੀ ਸੀ। ... ਮੈਂ ਤਾਂ ਜੀ ਸਵਾਗਤ ਈ ਕਰਨਾ ਸੀ।”
ਕਰਮਚਾਰੀ ਮਰੀਜ਼ ਨੂੰ ਧੂਹ ਘਸੀਟ ਕੇ ਪਰੇ ਲੈ ਗਏ ਪਰ ਦੋਸਤ ਮੂੰਹ ਵਿੱਚ ਉਂਗਲ ਪਾ ‘ਪਾਗਲਾਂ’ ਅਤੇ ‘ਮੂਰਖਾਂ’ ਵਿਚਲੇ ਫਰਕ ਬਾਰੇ ਕੁਝ ਹੋਰ ਡੁੰਘਾਈ ਵਿੱਚ ਸੋਚਣ ਤੇ ਖੋਜਣ ਲੱਗ ਪਿਆ।
ਪਤਾ ਨਹੀਂ ਉਹ ਕਿਹੜਿਆਂ ਰੰਗਾਂ ਵਿੱਚ ਰਾਜ਼ੀ। ਪਾਗਲ ਮੂਰਖ ਨਹੀਂ ਹੁੰਦਾ। ਕਈ ਵਾਰੀ ਮੂਰਖ ਪਾਗਲ ਤੋਂ ਜ਼ਿਆਦਾ ਖ਼ਤਰਨਾਕ ਹੋ ਸਕਦੇ ਹਨ। ਜਾਨਵਰ ਤੋਂ ਵੀ ਭੈੜੀਆਂ ਹਰਕਤਾਂ ਕਰਨ ਦੇ ਬਾਵਜੂਦ ਵੀ ਕਿਸੇ ਮੂਰਖ ਬੰਦੇ ਨੂੰ ਕਿਤੇ ਭੁੱਲ-ਭੁਲੇਖੇ ਨਾਲ ਹੀ ਜਾਨਵਰ ਕਹਿ ਕੇ ਦੇਖਿਓ ਤਾਂ ਉਹ ਤੁਹਾਡੀ ਗਰਦਨ ਨੂੰ ਹੱਥ ਪਾਏਗਾ! ਇਹ ਪੈ ਜਾਂਦਾ ਆ…
ਇੱਕ ਦਿਨ ਮੈਂ ਬਾਪੂ ਦੇ ‘ਐਟਲਸ’ ਸਾਇਕਲ ਦੇ ਪਿੱਛੇ ਬੈਠ ਕੇ ਆਪਣੇ ਨਾਨਕਿਆਂ ਨੂੰ ਜਾ ਰਿਹਾ ਸੀ। ਰਸਤੇ ਵਿੱਚ ਇੱਕ ਪਿੰਡ ਦੀ ਬਾਹਰਲੀ ਫਿਰਨੀ ਉੱਪਰੋਂ ਲੰਘਦਿਆਂ ਬਾਪੂ ਨੇ ਅਚਾਨਕ ਬਰੇਕ ਮਾਰ ਕੇ ਸਾਇਕਲ ਰੋਕ ਲਿਆ। ਸੱਜਾ ਪੈਰ ਅਜੇ ਸੱਜੇ ਪੈਡਲ ’ਤੇ ਹੀ ਸੀ ਅਤੇ ਖੱਬੀ ਲੱਤ ਨੂੰ ਹੋਰ ਲੰਮੀ ਖਿੱਚਦਿਆਂ ਅਤੇ ਕਾਠੀ ’ਤੇ ਬੈਠਿਆਂ ਹੀ ਟੇਢਾ ਜਿਹਾ ਸਟੈਂਡ ਬਣਾ ਕੇ ਉਸਨੇ ਸਾਇਕਲ ਖੜ੍ਹਾ ਕਰ ਲਿਆ। ਬਰੇਕ ਜ਼ੋਰ ਨਾਲ ਮਾਰਨ ਕਰਕੇ ਮੈਂ, ਅਤੇ ਸ਼ਾਇਦ ਬਾਪੂ ਵੀ, ਮੋਹਰੇ ਨੂੰ ਉਲਟ ਜਿਹੇ ਗਏ। ਮੈਂ 360 ਡਿਗਰੀ ਨਾਲ ਆਲੇ-ਦੁਆਲੇ ਸਿਰ ਨੂੰ ਘੁਮਾਉਂਦਿਆਂ ਐਮਰਜੈਂਸੀ ਵਿੱਚ ਲਾਈ ਬਰੇਕ ਦਾ ਕਾਰਨ ਅਜੇ ਭਾਂਪ ਹੀ ਰਿਹਾ ਸੀ ਤਾਂ ਬਾਪੂ ਨੇ ਆਖਿਆ, “ਥੱਲੇ ਉੱਤਰ, ਜ਼ਰਾ ਦੇਖੀਏ ਆਹ ਮਸਲਾ ਕੀ ਹੈ?”
ਸਾਇਕਲ ਸਟੈਂਡ ’ਤੇ ਲਾ ਕੇ ਉਹ ਰਾਹ ਦੇ ਲਾਗੇ ਹੀ ਇੱਕ ਬਿਰਖ ਹੇਠਾਂ ਬੈਠੇ ਨਿਆਣੇ ਕੋਲ ਪਹੁੰਚ ਗਿਆ। ਦਸ-ਬਾਰਾਂ ਕੁ ਸਾਲ ਦਾ ਬੱਚਾ ਸੰਗਲੀ ਨਾਲ ਨੂੜ ਕੇ ਬਿਰਖ ਨਾਲ ਬੰਨ੍ਹਿਆ ਹੋਇਆ ਸੀ। ਪਿਤਾ ਜੀ ਨੂੰ ਆਪਣੇ ਵੱਲ ਆਉਂਦਿਆਂ ਦੇਖ ਉਹ ਮੁਸਕਰਾਇਆ ਤੇ ਫਿਰ ਫਿੱਸਦਾ ਫਿੱਸਦਾ ਰੋ ਪਿਆ। ਬਾਪੂ ਨੇ ਉਸਦੇ ਸਿਰ ਨੂੰ ਪਲੋਸਦਿਆਂ ਪੁੱਛਿਆ, “ਪੁੱਤਰਾ, ਕੀ ਕਰਦਾ ਆਂ?”
ਬੱਚਾ ਕੁਛ ਨਾ ਬੋਲਿਆ ਪਰ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਵਹਿੰਦੇ ਦੁੱਖ-ਸਦਮੇ ਦੇ ਹੰਝੂ ਉਸਦੀਆਂ ਗੱਲ੍ਹਾਂ ਨੂੰ ਪਾਰ ਕਰਦਿਆਂ ਗਰਦਨ ਨੂੰ ਵੀ ਸਿੰਜ ਗਏ। ਗੱਲਬਾਤ ਨੂੰ ਸੁਣ ਕੇ ਅੰਦਰੋਂ ਇੱਕ ਬੰਦਾ ਬਾਹਰ ਆ ਗਿਆ ਤੇ ਬੋਲਿਆ, “ਜੀ ਦੇਖਿਓ, ਕਿਤੇ ਇਹ ਤੁਹਾਨੂੰ ਪੈ ਹੀ ਨਾ ਜਾਏ।”
ਬਾਪੂ ਨੇ ਪੁੱਛਿਆ, “ਕੀ ਹੋਇਆ ਇਹਨੂੰ? ਕਿਉਂ ਬੰਨ੍ਹਿਆ ਹੋਇਆ ਆ?”
“ਅੜੀਆਂ ਬੜੀਆਂ ਕਰਦਾ ਆ। ਸਮਾਨ ਵੀ ਚੁੱਕ ਚੁੱਕ ਕੇ ਮਾਰਦਾ ਆ। ਠਾਵੋ ਤਾਂ ਦੰਦੀ ਵੀ ਵੱਢ ਦਿੰਦਾ ਆ! … ਲਾਗਲੇ ਪਿੰਡ ਦੇ ‘ਸਿਆਣੇ’ ਕੋਲ ਲੈ ਗਏ ਸੀ, ਹੱਥ ਹੌਲਾ ਕੀਤਾ ਸੀ, ਕਹਿੰਦਾ ਸੀ… ਟੈਮ ਲੱਗਣਾ, ਜੇ ਇੱਲਤਾਂ ਕਰੇ ਤਾਂ ਬੰਨ੍ਹ-ਬੁੰਨ੍ਹ ਦੇਣਾ! ਆਹ ਹੁਣੇ ਹੀ ਬੰਨ੍ਹਿਆ ਸੀ!” ਉਸ ਬੰਦੇ ਨੇ ਦੱਸਿਆ।
ਬੱਚੇ ਦੇ ਮੋਢੇ ਤੇ ਹੱਥ ਰੱਖਦਿਆਂ ਬਾਪੂ ਬੋਲਿਆ, “ਇਹਨੂੰ ਕਿਸੇ ਚੰਗੇ ਡਾਕਟਰ ਕੋਲ ਦਿਖਾ! ਕੁਛ ਨੀ ਹੋਇਆ ਇਹਨੂੰ!”
ਹਾਂ ਵਿੱਚ ਸਿਰ ਹਿਲਾਉਂਦਿਆਂ ਅਤੇ ਬਿਨ ਬੋਲਿਆਂ ਹੀ ਉਹ ਬੰਦਾ ਬੱਚੇ ਨੂੰ ਬਿਰਖ ਨਾਲੋਂ ਖੋਲ੍ਹ ਕੇ ਅੰਦਰ ਲੈ ਗਿਆ।
ਬਾਪੂ ਨੇ ਸਾਇਕਲ ਸਟੈਂਡ ਤੋਂ ਲਾਹਿਆ, ਲੱਤ ਘੁਮਾ ਕਾਠੀ ’ਤੇ ਬੈਠ ਮੈਨੂੰ ਹੱਥ ਨਾਲ ਹੀ ਇਸ਼ਾਰਾ ਕਰਦਿਆਂ ਕੈਰੀਅਰ ’ਤੇ ਬੈਠਣ ਲਈ ਕਿਹਾ। ਪੈਡਲ ’ਤੇ ਜ਼ੋਰ ਪਾ ਕੇ ਸਾਇਕਲ ਨੂੰ ਤੋਰਦਿਆਂ ਬਾਪੂ ਬੋਲਿਆ, “ਇਹ ‘ਸਿਆਣੇ’ ਵੀ ਡਾਕਟਰਾਂ ਨੂੰ ਦਿਖਾਉਣੇ ਚਾਹੀਦੇ ਆ, ਹਰਾਮੀ, ਚੋਰ ਕਿਸੇ ਥਾਂ ਦੇ।”
* * *
ਜ਼ਿੰਦਗੀ ਜ਼ਿੰਦਾਬਾਦ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (