KulwinderBathDr7ਇਹ ਅਚਨਚੇਤ ਹੀ ਕੀ ਹੋ ਗਿਆ ਭੈਣ ਜੀਪਹਿਲਾਂ ਕਦੇ ਚੈੱਕ-ਚੁੱਕ ਨਹੀਂ ਕਰਾਇਆ ਸੀ?...
(3 ਫਰਵਰੀ 2026)


ਕੰਮ ਤੋਂ ਵਿਹਲਿਆਂ ਹੋ ਕੇ ਘਰ ਨੂੰ ਆਉਂਦਿਆਂ ਮਨ ਹੀ ਮਨ ਹਰਮੇਲ ਸੋਚ ਰਿਹਾ ਸੀ ਕਿ ਪਰਵਾਸ ਦੀ ਵਾਹੋ-ਦਾਹੀ ਵਾਲੀ ਜ਼ਿੰਦਗੀ ਜਿਊਣ ਦਾ ਵੀ ਆਪਣਾ ਈ ਮਜ਼ਾ ਹੈ
ਵੀਕ-ਇੰਡ ਦੇ ਇੰਤਜ਼ਾਰ ਵਿੱਚ ਘਰ ਦੇ ਕੰਮਾਂ-ਕਾਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਮਿਲਣ-ਗਿਲਣ ਦੀ ਲੰਮੀ ਲਿਸਟ ਹੋਰ ਵੀ ਲੰਮੀ ਹੁੰਦੀ ਰਹਿੰਦੀ ਹੈ

“ਮੈਂ ਪਤਾ ਨਹੀਂ ਕਦੋਂ ਕੁ ਦੀ ਦੁਹਾਈ ਪਾਉਂਦੀ ਸੀ ਕਿ ਆਪਾਂ ਹਰਜੀਤੇ ਨੂੰ ਮਿਲਣ ਜਾਣਾ… ਪਰ ਤੁਸਾਂ ਹਮੇਸ਼ਾ ਘੇਸਲ ਵੱਟੀ ਰੱਖਦੇ ਹੋ। ਕੋਈ ਨਾ ਕੋਈ ਬਹਾਨਾ ਲਾਉਂਦੇ ਈ ਰਹਿੰਦੇ ਹੋਪਰ ਹੁਣ ਤਾਂ ਜਾਣਾ ਈ ਜਾਣਾ ਹੈ! ਅੱਜ ਹੀ ਪਤਾ ਲੱਗਾ ਕਿ ਹਰਜੀਤਾ ਮਸਾਂ-ਮਸਾਂ ਮਰਨੋਂ ਬਚਿਆ!” ਹਰਮੇਲ ਦੇ ਘਰ ਅੰਦਰ ਪੈਰ ਪਾਉਂਦਿਆਂ ਹੀ ਸਿਮਰਨ ਪੂਰੇ ਜੋਸ਼ ਨਾਲ ਕਿਹਾ।

ਸਿਮਰਨ ਦੀ ਗੱਲ ਨੂੰ ਖੁੱਲ੍ਹੇ ਕੰਨਾਂ ਨਾਲ ਸੁਣ ਕੇ ਵੀ ਅਣਸੁਣੀ ਜਿਹੀ ਕਰਦਿਆਂ ਹਰਮੇਲ ਬੋਲਿਆ, “ਹੈਂਅ… ਦੇਖ ਲਾਂਗੇ ਪਰ ਫ਼ੋਨ ’ਤੇ ਵੀ ਤਾਂ ਗੱਲ ਹੋ ਈ ਸਕਦੀ ਆ!” ਹਰਮੇਲ ਨੂੰ ਲੱਗਾ ਕਿ ਹਮੇਸ਼ਾ ਵਾਂਗ ਹੀ ਸਿਮਰਨ ਇਸ ਗੱਲ ਨੂੰ ਵੀ ਐਵੇਂ ਖਿੱਚ-ਧੂਹ ਕੇ ਉੱਚੀ-ਲੰਮੀ ਕਰਦਿਆਂ ਕੋਈ ਤਕੜੀ ਭੂਮਿਕਾ ਬੰਨ੍ਹ ਰਹੀ ਹੈ, ਜਦੋਂ ਕਿ ਮਸਲਾ ਕੋਈ ਖ਼ਾਸ ਨਾ ਹੀ ਹੋਵੇ ਹਰਮੇਲ ਦੀ ਤਰਫੋਂ ਬਾਹਲਾ ਤਸੱਲੀ ਵਾਲਾ ਹੁੰਗਾਰਾ ਨਾ ਮਿਲਦਿਆਂ, ਕੁਛ ਉਤੇਜਿਤ ਲਹਿਜੇ ਵਿੱਚ ਸਿਮਰਨ ਆਪਣੇ ‘ਭਾਵਨਾਤਮਕ ਸ਼ਸਤ੍ਰ’ ਨੂੰ ਜ਼ੁਬਾਨ ਵਿੱਚੋਂ ਚਲਾ ਕੇ ਬੋਲੀ, “ਠੀਕ ਆ… ਫੇਰ ਤੁਸੀਂ ਦੇਖੀ ਹੀ ਜਾਇਓ… ਲਗਦਾ ਉਹਦੇ ਮਰੇ ’ਤੇ ਈ ਜਾ ਹੋਣਾ ਆ?”

“ਹੈਂਅ… ਲੱਗ ਤਾਂ ਸਾਰੀ ਦਿਹਾੜੀ ਈ ਜਾਣੀ ਆ ਪਰ ਜੇਕਰ ਗੱਲ ਐਡੀ ਹੀ ਆ ਤਾਂ ਚੱਲ ਫੇਰ… ਕੱਲ੍ਹ ਨੂੰ ਚਲੇ ਈ ਜਾਂਦੇ ਹਾਂ।ਗੱਲ ਨੂੰ ਕੁਛ ਗੰਭੀਰਤਾ ਨਾਲ ਲੈਂਦਿਆਂ ਹਰਮੇਲ ਬੋਲਿਆ

ਦੂਸਰੇ ਦਿਨ ਫਿਰ ਪਿਛਾਂਹ ਜਿਹੇ ਪੈਰ ਖਿੱਚਦੇ ਹਰਮੇਲ ਨੂੰ ਸਿਮਰਨ ਨੇ ਭਾਵੁਕ ਕਰਦਿਆਂ ਕਿਹਾ, “ਮਸਾਂ ਈ ਬਚਿਆ ਬਚਾਰਾ… ਨਹੀਂ ਤਾਂ ਬੰਦੇ ਦਾ ਤਾਂ ਇੱਕ ਮਿੰਟ ਦਾ ਵੀ ਵਸਾਹ ਨਾ! ਗੁਰਬਾਣੀ ਵੀ ਤਾਂ ਇਹੀ ਕਹਿੰਦੀ ਆ… ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ... ਆਪਾਂ ਇੱਦਾਂ ਕਰਾਂਗੇ ਕਿ ਵਾਪਸ ਆਉਂਦੇ ਹੋਏ ਤੁਹਾਡੀ ‘ਵੱਡੀ ਮਾਸੀ’ ਦੇ ਘਰ ਵਿੱਚ ਦੀ ਵੀ ਲੰਘ ਆਵਾਂਗੇ ਇੱਕ ਨਿਸ਼ਾਨੇ ਨਾਲ ਕਈ ਬਟੇਰੇ ਮਾਰਨ ਵਾਲਾ ਤੀਰ ਵੀ ਸਿਮਰਨ ਨੇ ਨਾਲ ਹੀ ਚਲਾ ਦਿੱਤਾ

ਸਿਮਰਨ ਦੀ ਗੱਲ ਨੂੰ ਦੋਵਾਂ ਕੰਨਾਂ ਅਤੇ ਮਨ ਦੇ ਅਨੁਭਵੀ ਕੰਨਾਂ ਨਾਲ ਸੁਣਦਿਆਂ ਹਰਮੇਲ ਨੇ ਲੰਮਾ ਸਾਰਾ ਸਾਹ ਭਰਿਆ ਜਿਵੇਂ ਖ਼ਿਆਲਾਂ ਹੀ ਖ਼ਿਆਲਾਂ ਵਿੱਚ ਖ਼ੁਦ ਨੂੰ ਟੈੱਸਟ ਕਰ ਰਿਹਾ ਹੋਵੇ ਕਿ ਅਗਲੇ ਸਾਹ ਦੀ ਗੁੰਜਾਇਸ਼ ਹੈ ਵੀ ਕਿ ਨਹੀਂ?

ਤਿੰਨ ਕੁ ਘੰਟੇ ਦਾ ਸਫਰ ਮੁਕਾ ਉਨ੍ਹਾਂ ਹਰਜੀਤੇ ਦੇ ਘਰ ਦੀ ਘੰਟੀ ਵਜਾ ਦਿੱਤੀਦੋ-ਤਿੰਨ ਵਾਰ ਬਟਨ ਦੱਬਿਆਂ ਵੀ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਤੇਜ਼ ਧੜਕਦੇ ਦਿਲ ਨਾਲ ਸਿਮਰਨ ਹਰਮੇਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੀ, “ਹੈਂਅ… ਕਿਤੇ ਉਹੀ ਗੱਲ ਨਾ ਹੋ ਗਈ ਹੋਵੇ!”

“ਚੰਗੀ ਗੱਲ ਸੋਚਣੀ ਮਾੜੀ ਗੱਲ ਹੁੰਦੀ ਆ? ਤੂੰ ਕਦੇ ਤਾਂ ਚੰਗਾ ਸੋਚ ਲਿਆ ਕਰ!” ਹਰਮੇਲ ਸਿਮਰਨ ਨੂੰ ਇਸ ਲਹਿਜੇ ਨਾਲ ਬੋਲਿਆ ਜਿਵੇਂ ਉਸਨੇ ਖ਼ੁਦ ਕਦੇ ਚੰਗੇ ਤੋਂ ਇਲਾਵਾ ਕੁਛ ਹੋਰ ਸੋਚਿਆ ਹੀ ਨਾ ਹੋਵੇ!

ਦਰਵਾਜ਼ਾ ਖੁੱਲ੍ਹਿਆ ਅਤੇ ਰਸਮੀ ਜਿਹੀ ਗੱਲਬਾਤ ਤੋਂ ਬਾਅਦ ਹਰਜੀਤੇ ਦੀ ਪਤਨੀ ਨੇ ਅੱਗੇ ਅੱਗੇ ਤੁਰਦਿਆਂ ਹਰਜੀਤੇ ਦੇ ਸਿਰ ਵਾਲੇ ਪਾਸਿਓਂ ਅੱਧ-ਚੁੱਕੇ ਬੈੱਡ ਕੋਲ ਲੱਗੀਆਂ ਕੁਰਸੀਆਂ ’ਤੇ ਉਨ੍ਹਾਂ ਨੂੰ ਬੈਠਣ ਲਈ ਹੱਥ ਦਾ ਇਸ਼ਾਰਾ ਕੀਤਾਸਿਹਤ ਦਾ ਹਾਲ ਚਾਲ ਪੁੱਛਦਿਆਂ ਅਤੇ ਗੱਲਾਂਬਾਤਾਂ ਦੌਰਾਨ ਗਾਲੜੀ ਸੁਭਾਅ ਵਾਲੀ ਸਿਮਰਨ ਨੇ ਹਰਜੀਤੇ ਦੀ ਪਤਨੀ ਨੂੰ ਪੁੱਛਿਆ, “ਇਹ ਅਚਨਚੇਤ ਹੀ ਕੀ ਹੋ ਗਿਆ ਭੈਣ ਜੀ? ਪਹਿਲਾਂ ਕਦੇ ਚੈੱਕ-ਚੁੱਕ ਨਹੀਂ ਕਰਾਇਆ ਸੀ?... ਡੜੇ-ਡਾਕਟਰ ਨੂੰ ਨਹੀਂ ਦਿਖਾਇਆ ਸੀ?”

“ਐਵੇਂ ਬੜਾ ਚੰਗਾ ਭਲਾ ਸੀ, ਬਿਲਕੁਲ ਸਹੀ… ਤੰਦਰੁਸਤ, ਬੱਸ ਕੁਛ ਪਤਾ ਜਿਹਾ ਈ ਨੀ ਲੱਗਾ। ਯਕ ਦਮ ਈ ਆਹ ਭਾਣਾ ਵਰਤ ਗਿਆ ...ਆਪਣੀ ਪਤਨੀ ਦੇ ਬੋਲਣ ਤੋਂ ਪਹਿਲਾਂ ਹੀ ਹਰਜੀਤਾ ਬੋਲ ਪਿਆ

ਹਰਜੀਤੇ ਦੇ ਨਿੱਤ ਦੇ ਅੜੀਅਲ ਅਤੇ ‘ਮੈਂ-ਨਾ-ਮਾਨੂੰ’ ਵਾਲੇ ਸੁਭਾਅ ਤੋਂ ਤੰਗ ਆਈ ਹੋਈ ਉਹਦੀ ਪਤਨੀ ਬੋਲੀ, “ਡਾਕਟਰਾਂ ਨੂੰ ਦਿਖਾਵੇ ਤਾਂ ਤਾਂਹੀ ਜੇਕਰ ‘ਕੋਈ ਬਿਮਾਰ ਖ਼ੁਦ ਨੂੰ ਬਿਮਾਰ ਮੰਨੇ! ਕਈ ਦਿਨਾਂ ਦਾ ਛਾਤੀ ਵਿੱਚ ਦਰਦ ਆਉਂਦਾ ਸੀ ਤੇ ਜਾਂਦਾ ਸੀਪਰ ਇਹ ਖ਼ੁਦ ਨੂੰ ਬਿਮਾਰ ਮੰਨੇ ਤਾਂ ਹੀ ਆ!! ਜਦੋਂ ਅਟੈਕ ਨਾਲ ਪੁੱਠਾ ਹੋ ਕੇ ਡਿੱਗਿਆ… ਆਖ਼ਰ ਤਦ ਹੀ ਮੰਨਿਆ ਕਿ ਇਹ ਸੱਚੀਂ ਬਿਮਾਰ ਆ।”

“ਚਲੋ ਓਦਾਂ ਤਾਂ ਫੇਰ ਵੀ ਚੰਗਾ ਹੋਇਆ ਹਰਟ ਅਟੈਕ ਹੀ ਸੀ...ਜੇ ਕਿਤੇ ‘ਸਟਰੋਕ’ ਹੁੰਦਾ ਤਾਂ ਬੱਸ ਸਾਡੇ ਗੁਆਂਢੀ ਨੂੰ ਸਟਰੋਕ ਹੋਇਆ ਤੇ ਬੱਸ ਪੁੱਛ ਨਾ… ਮਿੰਟਾਂ-ਸਕਿੰਟਾਂ ਵਿੱਚ ਔਹ ਦਾ ਔਹ ਗਿਆ।ਸਿਮਰਨ ਹਰਜੀਤੇ ਦੀ ਪਤਨੀ ਨੂੰ ਕੁਝ ਹੌਸਲਾ ਦਿੰਦੀ ਹੋਈ ਬੋਲੀ

ਹਰਮੇਲ ਨੇ ਔਹਰੀਆਂ ਅੱਖਾਂ ਨਾਲ ਝਾਕਦਿਆਂ ਅੱਧ-ਵਿਚਾਲੇ ਰੋਕਣਾ-ਟੋਕਣਾ ਵੀ ਚਾਹਿਆ, ਪਰ ਸਿਮਰਨ ਦੀ ਤੇਜ਼ ਜ਼ੁਬਾਨ ਦੀ ਐਕਸਪ੍ਰੈੱਸ ਗੱਡੀ ਕਈ ਫਾਟਕ ਤੋੜ ਕੇ ਅਗਾਂਹ ਲੰਘ ਚੁੱਕੀ ਸੀਗਿੱਲੀ, ਤਿਲ੍ਹਕਵੀਂ ਅਤੇ ਹੱਡੀ ਰਹਿਤ ਜ਼ੁਬਾਨ ਦੀ ਬਰੇਕ ਤਾਂ ਲੱਗਦਿਆਂ ਲੱਗਦਿਆਂ ਹੀ ਲੱਗਣੀ ਸੀ।

ਹਾਲ-ਚਾਲ ਜਾਣਨ ਅਤੇ ਮਿਲਣ-ਮਿਲਾਉਣ ਤੋਂ ਬਾਅਦ ਹਰਮੇਲ ਅਤੇ ਸਿਮਰਨ ਨੇ ਵਾਪਸ ਚਾਲੇ ਪਾ ਲਏ

ਰਸਤੇ ਵਿੱਚ ਅਚਾਨਕ ਸਿਮਰਨ ਬੋਲੀ, “ਹਰਮੇਲ ਜੀ, ਇਹ ਵੀ ਬੜੀ ਅਜੀਬ ਗੱਲ ਹੈ ਕਿ ਬਿਮਾਰ ਮੰਨ ਹੀ ਨਹੀਂ ਰਿਹਾ ਕਿ ਉਹ ਬਿਮਾਰ ਹੈ! ਫੇਰ ਉਹਦਾ ਇਲਾਜ ਕਿਵੇਂ ਹੋਵੇ?”

“ਐਥੇ ਤਾਂ ਖ਼ੁਦ ਦਾ ਹੀ ਖ਼ੁਦ ਦੀ ਜ਼ੁਬਾਨ ਉੱਪਰ ਕੰਟਰੋਲ ਨਹੀਂ ਹੈ, ਕੋਈ ਕਿਸੇ ਨੂੰ ਕੀ ਸਮਝਾਵੇ ਜਾਂ ਮਨਾਵੇ ਕਿ ਉਹ ਬਿਮਾਰ ਹੈ ਜਾਂ ਨਹੀਂ?” ਗੱਡੀ ਵਿੱਚ ਬੈਠੀ ਸਿਮਰਨ ਵੱਲ ਨੂੰ ਸਿਰ ਘੁਮਾ ਕੇ ਹਰਮੇਲ ਬੋਲਿਆ

ਸਿਮਰਨ ਨੇ ਚੰਗਾ-ਭਲਾ ਸੁਣਿਆ ਵੀ ਅਣ-ਸੁਣਿਆ ਕਰਦਿਆਂ ਗੱਡੀ ਦੇ ਸ਼ੀਸ਼ੇ ਵਿੱਚੋਂ ਬਾਹਰ ਦਿਖਾਈ ਦੇ ਰਹੀ ਖ਼ੂਬਸੂਰਤ ਸੀਨਰੀ ’ਤੇ ਅੱਖਾਂ ਗੱਡੀ ਰੱਖੀਆਂ

ਕੈਲੇਫੋਰਨੀਆ ਦੇ ਖੁੱਲ੍ਹੇ-ਡੁੱਲ੍ਹੇ ਹਾਈਵੇ ਉੱਪਰ ਹਵਾ ਵਿੱਚ ਫਰਾਟੇ ਮਾਰਦੀ ਹੋਈ ਗੱਡੀ ‘ਵੱਡੀ ਮਾਸੀ’ ਦੇ ਘਰ ਅੱਗੇ ਜਾ ਖਲੋਈਪਹਿਲੀ ਘੰਟੀ ’ਤੇ ਈ ਰਾਜੂ ਨੇ ਆ ਦਰਵਾਜ਼ਾ ਖੋਲ੍ਹਿਆ, ਜਿਵੇਂ ਉਹ ਦਰਵਾਜ਼ੇ ਦੇ ਪਿੱਛੇ ਖੜ੍ਹਾ ਇੰਤਜ਼ਾਰ ਹੀ ਕਰ ਰਿਹਾ ਹੋਵੇ।

ਘਰ ਦੇ ਬਾਹਰਲੇ ਦਰਵਾਜ਼ੇ ਤੋਂ ਹੀ ‘ਹਾਏ-ਹਾਏ’ ਦੀਆਂ ਆਉਂਦੀਆਂ ਅਵਾਜ਼ਾਂ ਸੁਣ ਕੇ ਸਿਮਰਨ ਨੇ ਹਰਮੇਲ ਦੀਆਂ ਅੱਖਾਂ ਵਿੱਚ ਸਵਾਲੀਆ ਅੱਖਾਂ ਪਾਈਆਂਘਰ ਦੇ ਥੋੜ੍ਹਾ ਹੋਰ ਅੰਦਰ ਵੱਲ ਜਾਂਦਿਆਂ ਅਤੇ ਅਵਾਜ਼ ਉੱਚੀ ਹੁੰਦਿਆਂ ਹੀ ਉਨ੍ਹਾਂ ਨੂੰ ‘ਵੱਡੀ ਮਾਸੀ’ ਦੇ ਦਰਸ਼ਨ ਦੀਦਾਰ ਹੋ ਗਏਓਪਰੀ ਦਿੱਖ ਤੋਂ ਉਹ ਕੋਈ ਬਿਮਾਰ ਵੀ ਨਾ ਲੱਗੀ, ਪਰ ਫਿਰ ਵੀ ਉਹਦਾ ਹਾਏ-ਹਾਏ ਦਾ ਹੂੰਗਾ ਬਰਾਬਰ ਕਾਇਮ ਰਿਹਾ

ਹਾਲ-ਚਾਲ ਅਤੇ ਮੇਲ-ਮਿਲਾਪ ਤੋਂ ਬਾਅਦ ਵਾਪਸ ਬਾਹਰਲੇ ਦਰਵਾਜ਼ੇ ਵੱਲ ਆਉਂਦਿਆਂ ਸਿਮਰਨ ਨੇ ਪੁੱਛਿਆ, ਰਾਜੂ, ਜੇ ਵੱਡੀ ਮਾਸੀ ‘ਢਿੱਲੀ’ ਸੀ ਤਾਂ ਇਹਨੂੰ ਡੜੇ-ਡਾਕਟਰ ਕੋਲ ਦਿਖਾ ਲਿਆਉਣਾ ਸੀ?”

“ਨਾ ਭੈਣ, ਨਾ, ਤੁਸੀਂ ਵੀ ਭੁਲੇਖਾ ਖਾ ਈ ਗਏ! ਇਹਨੂੰ ਪਰਸੋਂ ਈ ਡਾਕਟਰ ਕੋਲ ਲੈ ਕੇ ਗਏ ਸੀਉਹਨੇ ਸਭ ਕੁਛ ਦੋਹਰੀ-ਤੀਹਰੀ ਵਾਰੀ ਚੈੱਕ ਕੀਤਾ ਤੇ ਦੱਸਿਆ ਬਿਲਕੁਲ ਸਹੀ ਹੈਇਹਨੂੰ ਵੀ ਦੱਸਿਆ ਕਿ ਉਮਰ ਦੇ ਹਿਸਾਬ ਨਾਲ ਸਭ ਕੁਝ ਦਰੁਸਤ ਹੈਪਰ ਇਹ ਮੰਨਦੀ ਹੀ ਨਹੀਂ ਕਿ ਇਹ ਬਿਮਾਰ ਨਹੀਂ ਹੈਬੜਾ ਸਮਝਾਉਣ ਤੋਂ ਬਾਅਦ ਡਾਕਟਰ ਹੱਥ ਜੋੜ ਕੇ ਬੋਲਿਆ, ਇਸ ਵਹਿਮ ਦਾ ਇਲਾਜ ਮੈਥੋਂ ਨੀ ਹੋਣਾ! ਹੁਣ ਓਦਾਂ ਤਾਂ ਚੁੱਪ-ਚਾਪ ਹੀ ਰਹਿੰਦੀ ਹੈ, ਪਰ ਜਦੋਂ ਕੋਈ ਆਲੇ-ਦੁਆਲੇ ਆ ਜਾਵੇ ਤਾਂ ਹਾਏ-ਹਾਏ ਕਰਨ ਲੱਗ ਪੈਂਦੀ ਹੈਮੈਂ ਇਹਨੂੰ ਦੱਸ ਬੈਠਾ ਕਿ ਤੁਸੀਂ ਆਉਣਾ ਹੈ ...ਰਾਜੂ ਨੇ ਆਪਣੇ ਮਨ ਦਾ ਗੁੱਭ-ਗੁਭਾਟ ਕੱਢ ਮਾਰਿਆ

‘ਵੱਡੀ ਮਾਸੀ’ ਦੇ ਘਰੋਂ ਵਾਪਸ ਆਪਣੇ ਘਰ ਆਉਂਦਿਆਂ ਸਿਮਰਨ ਫਿਰ ਬੋਲੀ, ““ਹਰਮੇਲ ਜੀ… ਇਹ ਵੀ ਕੀ ਗੱਲ ਹੋਈ? ਬਿਮਾਰ ਬੰਦਾ ਕਹਿੰਦਾ ਉਹ ਬਿਮਾਰ ਨਹੀਂ ਹੈ ਅਤੇ ਤੰਦਰੁਸਤ ਬੰਦਾ ਮੰਨਦਾ ਹੀ ਨਹੀਂ ਕਿ ਉਹ ਬਿਮਾਰ ਨਹੀਂ ਹੈ?”

ਰਿਸ਼ਤੇਦਾਰਾਂ ਦੇ ਨਾਮ ਕੀਤੀ ਸਾਰੀ ਦਿਹਾੜੀ ਅਤੇ ‘ਬਿਮਾਰ - ਨਾ ਬਿਮਾਰ’ ਦੇ ਭੰਬਲਭੂਸੇ ਦਾ ਲੇਖਾ-ਜੋਖਾ ਕਰਦਾ ਹੋਇਆ ਹਰਮੇਲ ਗੱਡੀ ਨੂੰ ਆਪਣੇ ਘਰ ਵੱਲ ਭਜਾਈ ਜਾ ਰਿਹਾ ਸੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author