“ਹੋਰ ਤੂੰ ਅਕਲ ਵਾਲਾ ਵੀ ਕਿੱਧਰੋਂ ਆਂ ਮਿਰਜਿਆ... ਜਿਹਨੂੰ ‘ਢਾਈ ਸੌ’ ਤੇ ‘ਸਵਾ ਦੋ ਸੌ’ ਦੇ ਫਰਕ ਦਾ ...?”
(2 ਜਨਵਰੀ 2026)
ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ…
ਮੁਹੰਮਦ ਬਖ਼ਸ਼ ਦੇ ਇਹ ਲਾਜਵਾਬ ਬੋਲ ਅਕਸਰ ਮੈਨੂੰ ਮੇਰੇ ਜੀਵਨ ਦੇ ਬਾਦਸ਼ਾਹੀ ਪਲ ਯਾਦ ਕਰਾ ਜਾਂਦੇ ਨੇ। ਬਚਪਨ ਵਿੱਚ ਮੈਂ ਅਜੇ ਇੱਕ-ਦੋ-ਤਿੰਨ ਤੋਂ ਸੌ ਤਕ ਦੀ ਸਿੱਧੀ ਗਿਣਤੀ ਨੂੰ ਰੱਟਾ ਲਾ ਕੇ ਸਿੱਖਿਆ ਹੀ ਸੀ ਕਿ ਮੈਨੂੰ ਚੱਪਾ, ਅੱਧਾ, ਪੌਣਾ, ਸਵਾ, ਡੇਢ ਅਤੇ ਢਾਈ ਦੀ ਗਿਣਤੀ-ਮਿਣਤੀ ਬੜਾ ਤੰਗ ਕਰਨ ਲੱਗ ਪਈ। ਮੈਂ ਅਕਸਰ ਸੋਚਣ ਲਗਦਾ ਕਿ ਕਿਹੜੇ ਵਿਹਲੇ ਬੰਦੇ ਨੇ ਇਹ ਅੱਖਰ ਘੜੇ ਹੋਣਗੇ? ਮਨ ਹੀ ਮਨ ਵਿੱਚ ਉਹਨੂੰ ਗੰਦੀਆਂ ਗਾਲ੍ਹਾਂ ਵੀ ਕੱਢਦਾ। ਹਾਲਾਂ ਕਿ ਇਹ ਲਫਜ਼ ਸਾਡੀ ਪੇਂਡੂ ਭਾਸ਼ਾ ਦੀ ਗਿਣਤੀ ਮਿਣਤੀ ਦਾ ਅਹਿਮ ਹਿੱਸਾ ਹਨ, ਪਰ ਲੱਖ ਯਾਦ ਕਰਨ ਦੇ ਬਾਵਜੂਦ ਵੀ ਮੈਂ ਅਕਸਰ ਭੰਬਲਭੂਸੇ ਜਿਹੇ ਵਿੱਚ ਪੈ ਜਾਇਆ ਕਰਦਾ ਸੀ।
ਸ਼ਾਇਦ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਵਾਪਰਿਆ ਹੋਵੇ। ਫਿਰ ਜਦੋਂ ਮੇਰੇ ‘ਪਰ’ ਕੁਝ ਹੋਰ ਨਿਕਲਣ ਲੱਗੇ ਤਾਂ ਦੇਖਿਆ ਕਿ ਕਈ ਮੈਥੋਂ ਵੱਡੇ ਅਤੇ ਵੱਡੇ ਖੰਭਾਂ ਵਾਲੇ ਵੀ ਇਸ ਭੁਲੇਖਿਆਂ ਵਿੱਚ ਕਦੇ ਕਦੇ ਫਸ ਜਾਇਆ ਕਰਦੇ ਸਨ.।
ਮਿਰਜ਼ੇ ਦੀ ਬੱਕਰੀ…
ਮਿਰਜ਼ਾ-ਸਾਹਿਬਾਂ ਦੇ ਕਿੱਸੇ ਵਿੱਚ ਮਿਰਜ਼ਾ, ਸਾਹਿਬਾਂ, ਬੱਕੀ ਅਤੇ ਜੰਡ ਦਾ ਆਪਸ ਬਹੁਤ ਗੂੜ੍ਹਾ ਸਬੰਧ ਹੈ। ਪਿੰਡਾਂ ਵਿੱਚ ਵੱਜਦੇ ਲਾਊਡ ਸਪੀਕਰ ਤੋਂ ਕਦੇ ਤਾਂ ਤੁਸੀਂ ਵੀ ਸੁਣਿਆ ਹੋਵੇਗਾ ਮਿਰਜ਼ੇ ਦਾ ਇਹ ਲਲਕਾਰਾ... ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖ਼ੁਦਾ…। ਇਸ ਲੋਕ ਗੀਤ ਨੂੰ ਗੁਣਗੁਣਾਉਂਦਿਆਂ ਜਾਂ ਯਾਦ ਕਰਦਿਆਂ ਆਪ ਜ਼ਰੂਰ ਸੋਚਦੇ ਹੋਵੋਗੇ ਕਿ ਮਿਰਜ਼ੇ-ਸਾਹਿਬਾਂ ਦੀ ਲੋਕ ਗਾਥਾ ਵਿੱਚ ਮਿਰਜ਼ੇ ਦੀ ਬੱਕੀ ਜਾਂ ਮਿਰਜ਼ੇ ਦੀ ਘੋੜੀ ਤਾਂ ਸੁਣਦੇ ਹੁੰਦੇ ਸਾਂ ਪਰ ਆਹ ਮਿਰਜ਼ੇ ਦੀ ਬੱਕਰੀ ਕਿੱਧਰੋਂ ਆ ਗਈ? ਕਿਤੇ ਬੱਕੀ ਦੇ ਥਾਂ ਬੱਕਰੀ ਦਾ ਭੁਲੇਖਾ ਤਾਂ ਨਹੀਂ ਲੱਗ ਗਿਆ? ਜਾਂ ਫਿਰ ਇਹ ਕਿਹੜਾ ਨਵਾਂ ਹੀ ਕਿੱਸਾਕਾਰ ਉੱਠ ਖੜ੍ਹਿਆ, ਪੀਲੂ ਤੋਂ ਵੀ ਵੱਡਾ? ਨਾ ਜੀ ਨਾ, ਇਹ ਪੀਲੂ ਕਿੱਸਾਕਾਰ ਜਾਂ ਦਾਨਾ ਬਾਦ ਜਾਂ ਫਿਰ ਸਾਹਿਬਾਂ ਵਾਲਾ ਹੰਕਾਰੀ ਮਿਰਜ਼ਾ ਨਹੀਂ ਅਤੇ ਨਾ ਹੀ ਇਹ ਕਿਸੇ ਫਰਿਸ਼ਤੇ ਨੂੰ ਡਰਾਉਣ ਵਾਲੀ ਬੱਕੀ ਦੀ ਦਾਸਤਾਨ ਹੈ। ਇਹ ਗਾਥਾ ਤਾਂ ਮੇਰੇ ਪਿੰਡ ਵਾਲੇ ਮਿਰਜ਼ੇ ਦੀ ਹੈ, ਜਿਹੜਾ ਬੱਕੀ ਨਹੀਂ ਬਲਕਿ ਬੱਕਰੀ ਰੱਖਦਾ ਹੁੰਦਾ ਸੀ। ਸਾਡੇ ‘ਮਹਾਤੜਾਂ’ ਦੇ ਇਸ ਮਿਰਜ਼ੇ ਦਾ ਅਸਲੀ ਨਾਂਅ ਤਾਂ ਸ਼ਾਇਦ ਪਿਆਰਾ ਸੀ, ਪਰ ਹਰ ਵੇਲੇ ਮਿਰਜ਼ਾ-ਸਾਹਿਬਾਂ ਦੇ ਕਿੱਸੇ ਗੁਣਗੁਣਾਉਣ ਕਾਰਨ ਲੋਕਾਂ ਨੇ ਇਸਦਾ ਨਾਮ ਹੀ ਮਿਰਜ਼ਾ ਪਾ ਲਿਆ ਅਤੇ ਸਾਡੇ ਵਰਗਿਆਂ ਨੂੰ ਉਸ ਉਮਰੇ ਇਹ ਮਿਰਜ਼ਾ-ਸਾਹਿਬਾਂ ਦੇ ਕਿੱਸਿਆਂ ਵਾਲਾ ਮਿਰਜ਼ਾ ਹੀ ਲਗਦਾ।
ਦਰਮਿਆਨੇ ਜਿਹੇ ਕੱਦ ਦਾ ‘ਵਤਨਾ’ ਨਾਮ ਦਾ ਇੱਕ ਸ਼ਖ਼ਸ ਸਾਡੇ ਲਾਗਲੇ ਪਿੰਡ ਦਾ ਝਟਕਈ ਹੁੰਦਾ ਸੀ। ਸਾਨੂੰ ਉਹਦੀਆਂ ਸੂਹੀਆਂ ਅਤੇ ਲਾਲ ਅੱਖਾਂ ਤੋਂ ਬੜਾ ਡਰ ਲਗਦਾ ਹੁੰਦਾ ਸੀ। ਵਤਨਾ ਆਪਣੀ ਰੋਜ਼ੀ-ਰੋਟੀ ਲਈ ਬੱਕਰੇ-ਬੱਕਰੀਆਂ ਅਤੇ ਕੁੱਕੜ-ਕੁਕੜੀਆਂ ਦਾ ਮੀਟ ਇੱਕ ਟੋਕਰੀ ਵਿੱਚ ਰੱਖ ਆਪਣੇ ‘ਐਟਲਸ’ ਸਾਇਕਲ ਦੇ ਕੈਰੀਅਰ ਉੱਪਰ ਲੱਦ ਕੇ ਪਿੰਡਾਂ ਦੀ ਗਲੀਆਂ ਵਿੱਚ ਵੇਚਦਾ ਹੁੰਦਾ ਸੀ। ਮੀਟ ਵੇਚਦਿਆਂ, ਵਤਨਾ ਆਲੇ-ਦੁਆਲੇ ਦੇ ਲੋਕਾਂ ਨੂੰ ਪੁੱਛਦਾ ਰਹਿੰਦਾ ਅਤੇ ਸੂਹਾਂ ਵੀ ਲੈਂਦਾ ਰਹਿੰਦਾ ਸੀ, ਜਿਸ ਕਿਸੇ ਨੇ ਕੋਈ ਬੱਕਰਾ-ਬੱਕਰੀ ਜਾਂ ਕੁੱਕੜ-ਕੁਕੜੀ ਮੀਟ ਵਾਸਤੇ ਵੇਚਣੀ ਹੋਵੇ। ਉਸ ਨੂੰ ਇਹ ਪਤਾ ਹੁੰਦਾ ਸੀ ਕਿ ਕਿਸਨੇ ਬੱਕਰੀਆਂ ਅਤੇ ਕੁੱਕੜ-ਕੁਕੜੀਆਂ ਰੱਖੀਆਂ ਹੋਈਆਂ ਹਨ। ਸਾਡੇ ਪਿੰਡ ਵਾਲੇ ਮਿਰਜ਼ੇ ਨੇ ਕੁਕੜੀਆਂ ਤਾਂ ਨਹੀਂ ਪਰ ਕੁਝ ਕੁ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਇੱਕ ਦਿਨ ਮੀਟ ਵੇਚਦਿਆਂ ਵੇਚਦਿਆਂ ਵਤਨਾ ਮਿਰਜ਼ੇ ਦੇ ਕੋਲ ਪਹੁੰਚ ਗਿਆ। ਮੀਟ ਦਾ ਹੋਕਾ ਦੇਣ ਵਾਂਗ ਹੀ ਉੱਚੀ ਦੇਣੀ ਬੋਲਿਆ, ਉਏ ਮਿਰਜ਼ਿਆ, “ਆਹ ਕਾਲੀ ਛੇਲੀ ਵੇਚਣੀ ਆ? ਕਹੇਂ ਤਾਂ ਨਕਦ ਪੈਸੇ ਦੇ ਦਊਂਗਾ ਹੁਣੇ ਈ।” ਵਤਨਾ ਮਿਰਜ਼ੇ ਦੇ ਵਾੜੇ ਵਿੱਚ ਬੱਕਰੀਆਂ ਦੇ ਝੁੰਡ ਵਿੱਚ ਇੱਕ ਮੇਮਣੇ ਤੋਂ ਵੱਡੀ ਅਤੇ ਪੱਠ ਤੋਂ ਛੋਟੀ ਬੱਕਰੀ ਦੀ ਗੱਲ ਕਰ ਰਿਹਾ ਸੀ, ਜਿਸ ਨੂੰ ਪੇਂਡੂ ‘ਛੇਲੀ’ ਕਹਿੰਦੇ ਹਨ।
ਛੇਲੀ ਦੀ ‘ਜਾਨ ਦਾ ਸੌਦਾ’ ਹੁੰਦਾ ਸੁਣ ਕੇ ਕਈ ਸਾਡੇ ਵਰਗੇ ਨਿਆਣੇ ਅਤੇ ਦੋ ਤਿੰਨ ਕੁ ਸਿਆਣੇ ਵੀ ਇਸ ਗੱਲਬਾਤ ਵਿੱਚ ਰਲ ਗਏ। ਪਤਾ ਸਾਰਿਆਂ ਨੂੰ ਹੀ ਸੀ ਕਿ ਵਤਨਾ ਇੱਕ ਝਟਕਈ ਹੈ ਅਤੇ ਛੇਲੀ ਦੀ ਜਾਨ ਤਾਂ ਬੱਸ ਗਈ ਹੀ ਗਈ, ਅੱਜ ਨਹੀਂ ਤਾਂ ਕੱਲ੍ਹ। ਬੱਕਰੇ ਦੀ ਮਾਂ ਕੱਦ ਤਕ ਖ਼ੈਰ ਮਨਾਊਗੀ?
ਗੂੜ੍ਹੇ ਕਾਲੇ ਰੰਗ ਦੀ ਛੇਲੀ ਵੱਲ ਦੇਖ ਕੇ ਅਤੇ ਉਸਦੀ ਪਿੱਠ ਨੂੰ ਪੋਲੇ-ਪੋਲੇ ਪਲੋਸਦਿਆਂ ਮਿਰਜ਼ਾ ਬੋਲਿਆ, “ਵਤਨਿਆਂ … ਹੈ ਤਾਂ ਅਜੇ ਇਹ ਨਰਮ ਈ… ਪਰ ਜੇ ਪੈਸੇ ਨਕਦ… ਚੱਲ ਫੇ ਦੇਖ ਲੈਨੇ ਆਂ।”
ਗੱਲ ਬਣਦੀ ਦੇਖ ਵਤਨਾ ਉਤਾਵਲਾ ਹੋ ਕੇ ਬੋਲਿਆ, “ਦੇਖਣਾ ਕੀ ਆ? ਦੱਸ ਤੂੰ ਕੀ ਮੰਗਦਾ ਆਂ ਬਈ?”
ਛੇਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਿਰਜ਼ਾ ਬੋਲਿਆ, “ਸਵਾ ਦੋ ਸੌ ਤੋਂ ਘੱਟ ਨਹੀਂ ਵੇਚਦਾ ਇਹਨੂੰ ਮੈਂ!”
ਮੈਨੂੰ ਛੇਲੀ ’ਤੇ ਤਰਸ ਆਇਆ ਪਰ ਇਹਦਾ ਮਾਲਕ ਤਾਂ ਮਿਰਜ਼ਾ ਸੀ। ਅਸੀਂ ਤਾਂ ਐਵੇਂ ਤਮਾਸ਼ਾ ਦੇਖਣ ਵਾਲੇ ਸੀ। ਵਤਨੇ ਨੇ ਮੈਂ... ਮੈਂ... ਕਰਦੀ ਕਾਲ਼ੀ ਛੇਲੀ ਵੱਲ ਇੱਕ ਵਾਰ ਫਿਰ ਬੜੇ ਗੁਹ ਨਾਲ ਦੇਖਿਆ, ਜਿਵੇਂ ਅੱਖਾਂ ਦੀ ਤੱਕੜੀ ਵਿੱਚ ਉਹਨੂੰ ਤੋਲ ਰਿਹਾ ਹੋਵੇ। ਫਿਰ ਸੱਜੇ ਹੱਥ ਦੀ ਉਂਗਲੀ ਨਾਲ ਦਾੜ੍ਹੀ ਨੂੰ ਖੁਰਕਦਿਆਂ ਅਤੇ ਆਪਣੇ ਮਨ ਅੰਦਰ ਹੀ ਛੇਲੀ ਵਿੱਚੋਂ ਨਿਕਲਣ ਵਾਲੇ ਮੀਟ ਦਾ ਹਿਸਾਬ ਕਿਤਾਬ ਜਿਹਾ ਲਾ ਕੇ ਬੋਲਿਆ, “ਹੈ ਤਾਂ ਹਲਕੀ ਈ, ਚੱਲ ਮੈਂ ਢਾਈ ਸੌ ਦੇ ਦਿੰਨਾ ਆਂ… ਤੂੰ ਵੀ ਕੀ ਕਹੂੰਗਾ ਮਿਰਜਿਆ!”
ਢਾਈ ਸੌ ਸੁਣ ਮਿਰਜ਼ਾ ਇੱਕ ਦਮ ਬੋਲਿਆ, “ਹੈਂਅ! ਲੈਅ... ਮੈਂ ਕੋਈ ਕਮਲਾ ਆਂ?”
“ਪੂਰੇ ‘ਸਵਾ ਦੋ ਸੌ’ ਵਾਲੀ ਛੇਲੀ ਮੈਂ ਕਿਉਂ ‘ਢਾਈ ਸੌ’ ਰੁਪਈਏ ਵਿੱਚ ਤੇਰੇ ਹੱਥ ਫੜਾ ਦਵਾਂ ਬਈ?”
ਵਤਨੇ ਨੇ ਆਪਣੇ ਸਾਇਕਲ ਦਾ ਸਟੈਂਡ ਲਾਇਆ ਅਤੇ ਲਾਲ ਸੂਹੀਆਂ ਅੱਖਾਂ ਉੱਪਰਲੇ ਕਾਲੇ ਭਰਵੱਟੇ ਹੈਰਾਨੀ ਵਿੱਚ ਉੱਪਰ ਥੱਲੇ ਜਿਹੇ ਹਿਲਾਏ ਅਤੇ ਫਿਰ ਆਪਣੇ ਕੰਨਾਂ ’ਤੇ ਯਕੀਨ ਕਰਕੇ ਬੋਲਿਆ, “ਹੋਰ ਤੂੰ ਅਕਲ ਵਾਲਾ ਵੀ ਕਿੱਧਰੋਂ ਆਂ ਮਿਰਜਿਆ... ਜਿਹਨੂੰ ‘ਢਾਈ ਸੌ’ ਤੇ ‘ਸਵਾ ਦੋ ਸੌ’ ਦੇ ਫਰਕ ਦਾ ਵੀ ਨਹੀਂ ਪਤਾ? ਉਏ ਕਮਲਿਆ, ਮੈਂ ਤੈਨੂੰ ਪੂਰੇ ਪੱਚੀ ਰੁਪਈਏ ਜ਼ਿਆਦਾ ਦੇਣ ਡਿਹਾ ਆਂ ... ਜੇ ਲੈਣੇ ਆਂ ਤਾਂ ਗੱਲ ਕਰ, ਨਹੀਂ ਤਾਂ ‘ਡੇਕਾਂ ਚਾਰੀ’ ਜਾ ਇਹਨੂੰ। ਕਿਸੇ ਨੇ ਡੇਢ, ਦੋ ਸੌ ਵੀ ਨਹੀਂ ਦੇਣਾ ਇਹਦਾ। ... ਬਾਕੀ ਤੇਰੀ ਮਰਜ਼ੀ ਆ।”
ਕੋਲ ਖੜ੍ਹੇ ਸਿਆਣਿਆਂ ਨੇ ਜਦੋਂ ਮਿਰਜ਼ੇ ਨੂੰ ‘ਯਕੀਨ’ ਦਿਵਾਇਆ ਕਿ ਢਾਈ ਸੌ ਰੁਪਈਏ ਸਵਾ ਦੋ ਸੌ ਨਾਲੋਂ ਜ਼ਿਆਦਾ ਹੁੰਦੇ ਹਨ ਤਾਂ ਮਿਰਜ਼ੇ ਨੇ ਛੇਲੀ ਦੀ ਜਾਨ ਦੀ ਕੀਮਤ ਆਪਣੇ ਸੱਜੇ ਖੀਸੇ ਵਿੱਚ ਪਾ ਛੇਲੀ ਦੀ ਰੱਸੀ ਵਤਨੇ ਦੇ ਹੱਥ ਫੜਾਈ। ਸੌਦਾ ਹੋ ਗਿਆ।
ਵਤਨਾ ਛੇਲੀ ਦੀ ਰੱਸੀ ਸਾਇਕਲ ਦੇ ਕੈਰੀਅਰ ਨਾਲ ਬੰਨ੍ਹ ਕੇ ਤੁਰ ਪਿਆ।
ਛੇਲੀ ਮੁੜ ਮੁੜ ਪਿਛਾਂਹ ਵੱਲ ਨੂੰ ਮੇਮਣਿਆਂ, ਬੱਕਰੀਆਂ, ਮਿਰਜ਼ੇ ਅਤੇ ਸਾਡੇ ਵੱਲ ‘ਆਖ਼ਰੀ ਵਾਰ’ ਦੇਖ ਰਹੀ ਸੀ ਅਤੇ ਮੈਂ... ਮੈਂ... ਮੈਂ... ਕਰਕੇ ਕੁਝ ਕਹਿ ਵੀ ਰਹੀ ਸੀ ਜੋ ‘ਬੰਦਿਆਂ’ ਦੀ ਸਮਝ ਤੋਂ ਬਾਹਰ ਸੀ।
ਚਾਰ ਦਹਾਕੇ ਪਹਿਲਾਂ ਦੀ ਇਹ ਘਟਨਾ ਹੈ,
ਇਸ ਜਹਾਨ ਵਿੱਚ ਹੁਣ ਨਾ ਵਤਨਾ ਅਤੇ ਨਾ ਹੀ ਛੇਲੀ
ਨਾ ਮਿਰਜ਼ਾ, ਨਾ ਵਾੜਾ, ਤੇ ਨਾ ਹੀ ਉਹਦੀ ਹਵੇਲੀ।
ਜੋ ਆਇਆ ਸੋ ਚਲਸੀ ਸਭੁ ਕੋ ਆਈ ਵਾਰੀਐ।...
* * *
ਚੰਨੋ ਮਾਸੀ - ਮਾਂ ਵਰਗੀ…
ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਘਰ ਨੂੰ ਰੋਟੀ ਖਾਣ ਜਾਣ ਵਾਸਤੇ ਅੱਧੀ ਛੁੱਟੀ ਹੁੰਦੀ ਸੀ। ਬੋਰੀਆਂ ਅਤੇ ਟਾਟਾਂ ਵਾਲੇ ਸਰਕਾਰੀ ਸਕੂਲ ਵਿੱਚ ਲੰਚ ਬਾਕਸ ਦਾ ਉਦੋਂ ਨਾਂ-ਨਿਸ਼ਾਨ ਵੀ ਨਹੀਂ ਹੁੰਦਾ ਸੀ। ਮੇਰੀ ਮਾਸੀ (ਜੋ ਮੇਰੀ ਤਾਈ ਵੀ ਲਗਦੀ ਸੀ) ਦਾ ਘਰ ਸਾਡੇ ਘਰ ਨੂੰ ਜਾਂਦਿਆਂ ਰਾਹ ਵਿੱਚ ਪੈਂਦਾ ਸੀ। ਰਿਸ਼ਤਾ ਭਾਵੇਂ ਦੁਹਰਾ ਸੀ, ਪਰ ਸਾਨੂੰ ਬਚਪਨ ਤੋਂ ਤਾਈ-ਤਾਏ ਦੀ ਜਗ੍ਹਾ ਮਾਸੀ-ਮਾਸੜ ਦਾ ਰਿਸ਼ਤਾ ਹੀ ਦੱਸਿਆ ਗਿਆ ਸੀ, ਮਾਸੀ, ਮਾਂ+ਸੀ - ਮਾਂ ਵਰਗੀ।
ਮਾਸੀ ਦੇ ਆਪਣੇ ਨਿਆਣੇ ਵੱਡੇ ਅਤੇ ਉਡਾਰੂ ਹੋ ਪਰਵਾਸ ਉਡਾਰੀ ਮਾਰ ਗਏ। ਇੱਕ ਦਿਨ ਮਾਸੀ ਨੇ ਬੀਬੀ (ਮੇਰੀ ਮਾਂ) ਨੂੰ ਪੁੱਛਿਆ ਕਿ ਅੱਧੀ ਛੁੱਟੀ ਵੇਲੇ ਮੁੰਡਾ ਆਹ ਮਾਸੀ ਦਾ ਘਰ ਟੱਪ ਕੇ ਅੱਗੇ ਕਿਉਂ ਰੋਟੀ ਖਾਣ ਆਉਂਦਾ ਆ? ਅੱਜ ਤੋਂ ਬਾਅਦ ਇਹ ਇੱਥੋਂ ਹੀ ਰੋਟੀ ਖਾ ਕੇ ਸਕੂਲ ਨੂੰ ਮੁੜ ਜਾਇਆ ਕਰੂਗਾ, ਇਹਨੂੰ ਉਡੀਕੀਂ ਵੀ ਨਾ,.. ਤੂੰ ਆਪਣਾ ਕੰਮਕਾਰ ਕਰ।”
ਮੈਨੂੰ ਚੰਗਾ ਲੱਗਿਆ ਕਿ ਘਰ ਦੀ ਕੁਝ ਵਾਟ ਘਟ ਗਈ, ਪਰ ਉਸ ਤੋਂ ਵੀ ਜ਼ਿਆਦਾ ਲਾਲਚ ਸਰਪੰਚ ਮਾਸੜ ਦੀ ਹੱਟੀ ਤੋਂ ਮੁਫਤ ਮਿਲਦੀਆਂ ਦੀਆਂ ਰੰਗ ਬਰੰਗੀਆਂ ਤੇ ਮਿੱਠੀਆਂ ਗੋਲੀਆਂ ਦਾ ਹੁੰਦਾ ਸੀ।
ਮਾਸੀ ਨੂੰ ਵੀ ਪੂਰਾ ਆਹਰ ਹੁੰਦਾ ਸੀ, ਅੱਧੀ ਛੁੱਟੀ ਦੇ ਵੇਲੇ ਉਹਨੇ ਸੱਜਰੀ ਰੋਟੀ ਲਾਹ ਕੇ ਚੁੱਲ੍ਹੇ ਦੇ ਕੋਲ ਬਿਠਾ ਕੇ ਆਪਣੇ ਹੱਥੀਂ ਖੁਆਉਣੀ। ਰੋਟੀ ਖਾਂਦਿਆਂ ਜਦੋਂ ਰੋਟੀ ਮੁੱਕਣ ਲੱਗਣੀ ਤਾਂ ਮਾਸੀ ਨੇ ਹਮੇਸ਼ਾ ਪੁੱਛਣਾ ਹੋਰ ਕਿੰਨੀ ਰੋਟੀ ਦੇਵਾਂ? ਕਦੇ ਵੀ ਇੱਦਾਂ ਨਾ ਪੁੱਛਣਾ ਕਿ ਹੋਰ ਚਾਹੀਦੀ ਵੀ ਹੈ ਕਿ ਨਹੀਂ? ਜੇ ਨਾਂਹ-ਨੁੱਕਰ ਕਰਨੀ ਤਾਂ ਫਿਰ ਵੀ ਮੱਲੋ-ਮੱਲੀ ਅੱਧੀ ਰੋਟੀ ਹੋਰ ਹੱਥ ਫੜਾ ਦੇਣੀ।
ਮਾਸੀ ਦੇ ਸਾਹਮਣੇ ਬੈਠਿਆਂ ਰੋਟੀ ਢਿੱਡ ਵਿੱਚ ਸੁੱਟਣ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਾ ਹੁੰਦਾ ਭਾਵੇਂ ਮੇਰਾ ਮਨ ਅੰਦਰੋ-ਅੰਦਰੀ ਖੋਰੂ ਵੀ ਪਾਉਂਦਾ, “ਉਹ ਮੂਰਖਾ ਐਵੇਂ ਨਾ ਰੋਟੀਆਂ ਖਾਈ ਜਾ! ਮਿੱਠੀਆਂ ਗੋਲੀਆਂ ਕਿੱਥੇ ਪਾਊਂਗਾ? ਰੋਟੀ ਕਿਹੜੀ ਬੜੀ ਚੀਜ਼ ਆ। ਕਮਲਿਆ, ਰੋਟੀ ਖਾਣ ਤੋਂ ਬਾਅਦ ‘ਮਾਸੜ ਦੀਆਂ ਗੋਲੀਆਂ’ ਬਾਰੇ ਸੋਚ।”
ਇੱਕ ਦਿਨ ਰੋਟੀ ਮੁੱਕਣ ਲੱਗੀ ਤਾਂ ਮਾਸੀ ਨੇ ਰੋਜ਼ਾਨਾ ਵਾਲਾ ਸਵਾਲ ਕੀਤਾ, “ਹੋਰ ਕਿੰਨੀ ਰੋਟੀ ਦਵਾਂ?“
ਰੋਜ਼ ਦੀ ਵਾਧੂ ਅੱਧੀ ਰੋਟੀ ਤੋਂ ਬਚਣ ਵਾਸਤੇ ਅਤੇ ਮੁਫਤ ਦੀਆਂ ਗੋਲੀਆਂ ਖਾਣ ਲਈ ਢਿੱਡ ਖ਼ਾਲੀ ਰੱਖਣ ਲਈ ਕਹਿ ਬੈਠਾ, “ਡੇਢ ਹੋਰ ਦੇ ਦੇ ਮਾਸੀ!”
ਮੁਸਕਰਾਉਂਦੀ ਹੋਈ ਮਾਸੀ ਨੇ ਇੱਕ ਰੋਟੀ ਦੇ ਉੱਪਰ ਅੱਧੀ ਹੋਰ ਟਿਕਾ ਕੇ ਮੇਰੇ ਵੱਲ ਨੂੰ ਕਰਦਿਆਂ ਪੁੱਛਿਆ, “ਐਨੀਆਂ ਖਾ ਲਾਊਂਗਾ? ਅੱਗੇ ਤਾਂ ਨਹੀਂ ਕਦੇ ਖਾਧੀਆਂ।”
‘ਚੱਪਾ’ ਅਤੇ ‘ਡੇਢ’ ਦੀ ਗਿਣਤੀ-ਮਿਣਤੀ ਦੇ ਭੰਬਲਭੂਸੇ ਵਿੱਚ ਫਸਿਆ ਮੈਂ ਸੋਚਾਂ ਕਿ ਉਹੀ ਗੱਲ ਹੋਈ ... ਫਸ ਗਏ ਹੁਣ। ‘ਚੱਪਾ’ ਦੀ ਥਾਂ ‘ਡੇਢ’ ਕਹਿ ਬੈਠਾ।
ਆਪਣੀ ਜਾਨ ਕੜਿੱਕੀ ਵਿੱਚ ਫਸੀ ਦੇਖ ਉਪਰਲੀ ਅੱਧੀ ਰੋਟੀ ਚੁੱਕ ਕੇ ਮੈਂ ਕਾਹਲੀ ਨਾਲ ਕਿਹਾ, “ਬੱਸ ਆਹ ਹੀ ਲੈਣੀ ਆ…।”
ਪਤਾ ਮਾਸੀ ਨੂੰ ਵੀ ਸੀ ਕਿ ਇਹ ਬੁੱਧੂ ਹਿਸਾਬ ਵਿੱਚ ਨਲਾਇਕ ਹੋਣ ਕਰਕੇ ਪੁੱਠਾ ਕਹਿ ਗਿਆ। ਚੱਪਾ ਦੀ ਥਾਂ ਅੱਧੀ ਰੋਟੀ ਮੈਨੂੰ ਫੇਰ ਵੀ ਵਾਧੂ ਖਾਣੀ ਪਈ। ਬਾਕੀ ਬਚੀ ਇੱਕ ਰੋਟੀ ਮਾਸੀ ਮੇਰੇ ਨਾਲ ਹੀ ਬੁਰਕੀਆਂ ਦਾਲ ਨਾਲ ਲਾ ਲਾ ਕੇ ਖਾਣ ਲੱਗ ਪਈ। ਮੇਰੀ ਮਾਂ ਵਾਂਗ ਹੀ...।
ਮੇਰੀ ਮਾਂ ਤਾਂ ਅਜੇ ਕਾਇਮ ਹੈ ਪਰ ਚੰਨੋ ਮਾਸੀ ਚਿਰ ਪਹਿਲਾਂ ਤੁਰ ਗਈ ਹੈ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































