“ਨਾਵਲ ਦਾ ਵਿਸ਼ਾ ਬਹੁਤ ਦਿਲ ਕੰਬਾਊ ਅਤੇ ਭਾਵਪੂਰਤ ਹੈ, ਪੇਸ਼ਕਾਰੀ ਅਤੇ ਨਿਭਾਅ ...”
(22 ਸਤੰਬਰ 2026)
ਅਬਲਾ ਵਿਦਿਆਰਥਣ ਨਾਲ ਹੋਏ ਬਲਾਤਕਾਰ ਉੱਤੇ ਆਧਾਰਤ ਇਹ ਨਾਵਲ ਹਵੇਲੀਆਲਾ ਗੁੰਡੇ, ਪੁਲਿਸ, ਸਿਆਸੀ ਗੱਠਜੋੜ ਅਤੇ ਧਨਾਢਾਂ ਦੀਆਂ ਕਰਤੂਤਾਂ ਨੂੰ ਪਰਤੱਖ ਕਰਦਾ ਹੈ।
ਪੰਜਾਬੀ ਦੇ ਉੱਘੇ ਨਾਵਲਕਾਰ ਅਤੇ ਕਹਾਣੀਕਾਰ ਸ੍ਰੀ ਜਸਪਾਲ ਮਾਨਖੇੜਾ ਦਾ ਨਵਾਂ ਪ੍ਰਕਾਸ਼ਿਤ ਨਾਵਲ ‘ਹਵੇਲੀਆਲਾ’ ਭਾਵੇਂ ਵੱਡਆਕਾਰੀ ਨਾਵਲ ਤਾਂ ਨਹੀਂ ਪਰ ਇਸ ਵਿੱਚ ਜਿਹੜੀਆਂ ਸਮਾਜ ਦੀਆਂ ਪਰਤਾਂ ਖੋਲ੍ਹ ਕੇ ਪਾਠਕਾਂ ਦੇ ਪੇਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਅਨੁਸਾਰ ਇਹ ਵੱਡਆਕਾਰੀ ਨਾਵਲਾਂ ਨੂੰ ਵੀ ਮਾਤ ਪਾਉਂਦਾ ਵੱਡਵਿਚਾਰੀ ਨਾਵਲ ਹੈ। ਇਹ ਨਾਵਲ ਇੱਕ ਅਬਲਾ ਵਿਦਿਆਰਥਣ ਨਾਲ ਬਲਾਤਕਾਰ ਕਰਕੇ ਕਤਲ ਕਰ ਦੇਣ ਦੀ ਘਟਨਾ ’ਤੇ ਆਧਾਰਤ ਹੈ। ਪਰ ਇਸ ਵਿੱਚ ਜਿੱਥੇ ਗੁੰਡੇ, ਪੁਲਿਸ, ਸਿਆਸੀ ਗੱਠਜੋੜ, ਸਿਆਸਤਦਾਨਾਂ ਦੀ ਸੋਚ ਅਤੇ ਤਿਕੜਮਬਾਜ਼ੀਆਂ, ਮਿਲੀਭੁਗਤ ਵਾਲੀਆਂ ਪੁਲਸੀਆ ਪੜਤਾਲਾਂ, ਧਨਾਢਾਂ ਦੀਆਂ ਕਰਤੂਤਾਂ, ਜੱਜਾਂ ਵੱਲੋਂ ਨਾ-ਇਨਸਾਫ਼ੀ ਮਜਬੂਰੀਆਂ, ਵਕੀਲਾਂ ਦੀ ਕਾਰਗੁਜ਼ਾਰੀ ਅਤੇ ਜਾਇਦਾਦਾਂ ਕਾਰਨ ਹੁੰਦੇ ਝਗੜੇ ਅਤੇ ਕਤਲਾਂ ਨੂੰ ਪਰਤੱਖ ਕੀਤਾ ਗਿਆ ਹੈ, ਉੱਥੇ ਲੋਕਾਂ ਵੱਲੋਂ ਗੁੰਡਿਆਂ ਵਿਰੁੱਧ ਗੁੱਸਾ ਅਤੇ ਲਾਮਬੰਦੀ, ਸੱਚ ’ਤੇ ਪਹਿਰਾ ਦੇਣ ਵਾਲਿਆਂ ਦੀ ਸਿਆਣਪ ਅਤੇ ਦਲੇਰੀ, ਲੋਕ-ਹੱਕਾਂ ਅਤੇ ਇਨਸਾਫ ਲਈ ਜੂਝਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਅਤੇ ਲੋਕ-ਏਕੇ ਦੀ ਜਿੱਤ ਦੀ ਵੀ ਖੂਬਸੂਰਤ ਪੇਸ਼ਕਾਰੀ ਕਰਕੇ ਪਾਠਕਾਂ ਦੇ ਰੂਬਰੂ ਕੀਤੀ ਗਈ ਹੈ।
ਨਾਵਲ ਦੀ ਸ਼ੁਰੂਆਤ ਪਿੰਡ ਹਵੇਲੀਆਲਾ ਦੇ ਦੋ ਪਰਿਵਾਰਾਂ ਤੋਂ ਹੁੰਦੀ ਹੈ, ਜਿਨ੍ਹਾਂ ਵਿੱਚੋਂ ਇੱਕ ਸੁਜਾਨ ਸਿੰਘ ਦਾ ਮਿਹਨਤੀ ਅਤੇ ਸ਼ਰੀਫ ਪਰਿਵਾਰ ਹੈ। ਸੁਜਾਨ ਸਿੰਘ ਨੇ ਆਪਣੇ ਪੁੱਤਰਾਂ ਲਈ ਘਰੇਲੂ ਵੰਡ ਬੜੇ ਸੁਚੱਜੇ ਢੰਗ ਨਾਲ ਕੀਤੀ ਅਤੇ ਉਸਦੇ ਤਿੰਨੇ ਪੁੱਤਰ ਚੰਗੀ ਕਮਾਈ ਕਰਦੇ ਹਨ। ਉਨ੍ਹਾਂ ਦੇ ਬੱਚੇ ਪੜ੍ਹਦੇ ਹਨ। ਦੂਜਾ ਬਲਕਾਰੇ ਕਾ ਪਰਿਵਾਰ ਬਾਹਰੋਂ ਆ ਕੇ ਪਿੰਡ ਵਿੱਚ ਵਸਿਆ ਹੈ, ਉਨ੍ਹਾਂ ਦੇ ਵੱਡ ਵਡੇਰੇ ਨੇ ਆਪਣੀ ਬੱਚੀ ਨੂੰ ਇਉਂ ਪਾਲਿਆ ਸੀ ਜਿਵੇਂ ਝਟਕਾਉਣ ਲਈ ਬੱਕਰੇ ਨੂੰ ਪਾਲਿਆ ਜਾਂਦਾ ਹੈ। ਜਦੋਂ ਉਸਨੇ ਜਵਾਨੀ ਵਿੱਚ ਪੈਰ ਧਰਿਆ ਤਾਂ ਉਸਨੂੰ ਮਹਾਰਾਜੇ ਦੇ ਪੇਸ਼ ਕਰ ਦਿੱਤਾ ਸੀ। ਮਹਾਰਾਜੇ ਨੇ ਉਸਨੂੰ ਆਪਣੇ ਹਰਮ ਵਿੱਚ ਭੇਜ ਕੇ ਉਸਦੇ ਬਦਲੇ ਇਸ ਪਰਿਵਾਰ ਨੂੰ ਮੁਰੱਬੇ ਬਖਸ਼ ਦਿੱਤੇ ਸਨ। ਰਾਜੇ ਨਾਲ ਜੁੜੀ ਰਿਸ਼ਤੇਦਾਰੀ ਸਦਕਾ ਉਨ੍ਹਾਂ ਦੇ ਪਰਿਵਾਰ ਦੀ ਤੂਤੀ ਬੋਲਦੀ ਰਹੀ। ਉਹ ਪਰਿਵਾਰ ਦਹਾਕਿਆਂ ਤੋਂ ਕਬਜ਼ੇ, ਧੱਕੇਸ਼ਾਹੀਆਂ ਕਰਦਾ ਆ ਰਿਹਾ ਹੈ, ਰਾਜਿਆਂ ਦੇ ਖਾਤਮੇ ਤੋਂ ਬਾਅਦ ਵੀ ਭਾਵੇਂ ਕੋਈ ਸਰਕਾਰ ਆਈ, ਉਨ੍ਹਾਂ ਦੀ ਚੰਗੀ ਚਲਦੀ ਰਹੀ।
ਬਲਕਾਰੇ ਦੇ ਪਰਿਵਾਰ ਦੇ ਲਫੰਗੇ ਕਿਸਮ ਦੇ ਮੁੰਡਿਆਂ ਦੀ ਨਿਗਾਹ ਬਾਪੂ ਸੁਜਾਨ ਸਿੰਘ ਦੀ ਸਕੂਲ ਪੜ੍ਹਦੀ ਪੋਤਰੀ ’ਤੇ ਪੈ ਜਾਂਦੀ ਹੈ, ਜੋ ਉਸਨੂੰ ਮੰਦਾ ਬੋਲਦੇ ਅਤੇ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਉਸਦੀ ਉਮਰ ਦੇਖ ਕੇ ਜਦੋਂ ਉਸਦੇ ਮਾਂ ਬਾਪ ਸਮਾਜ ਦੇ ਹਾਲਾਤ ਬਾਰੇ ਸਮਝਾਉਂਦੇ ਹਨ ਤਾਂ ਉਹ ਬੜੀ ਦਲੇਰੀ ਨਾਲ ਕਹਿੰਦੀ ਹੈ, “ਪਾਪਾ, ਮੈਂ ਤੁਹਾਡੀਆਂ ਭਾਵਨਾਵਾਂ ਸਮਝਦੀ ਹਾਂ, ਮੈਂ ਭਮੱਕੜ ਵਾਂਗ ਮਚ ਜੂੰ, ਬੰਬ ਵਾਂਗ ਫਟ ਜੂੰ, ਮੈਲੀ ਅੱਖ ਤੇ ਮੈਲੇ ਹੱਥ ਨੀ ਲੱਗਣ ਦਿੰਦੀ ਪਿੰਡੇ ਨੂੰ, ਮੈਂ ਮੰਮੀ ਦੇ ਦੁੱਧ ਤੇ ਪਾਪਾ ਦੀ ਪੱਗ ਨੂੰ ਦਾਗ ਨੀ ਲੱਗਣ ਦਿੰਦੀ।” ਉਹ ਇੱਜ਼ਤਦਾਰ ਪਰਿਵਾਰ ਦੀ ਅਣਖੀਲੀ ਲੜਕੀ ਤਾਂ ਸੀ, ਪਰ ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਜਿਸ ਟੱਬਰ ਦੇ ਵਡੇਰਿਆਂ ਨੇ ਖ਼ੁਦ ਕੁੜੀ ਪਾਲ ਕੇ ਰਾਜੇ ਦੇ ਪੇਸ਼ ਕਰ ਦਿੱਤੀ ਸੀ, ਉਹ ਧੀਆਂ ਦੀ ਆਬਰੂ ਦੀ ਕਦਰ ਕਿੱਥੇ ਜਾਣਦੇ ਹਨ ਅਤੇ ਗੁੰਡਿਆਂ ਦੇ ਹੱਥ ਲੰਬੇ ਹੁੰਦੇ ਹਨ। ਆਖਰ ਇੱਕ ਦਿਨ ਸਕੂਲ ਤੋਂ ਵਾਪਸ ਆਉਂਦੀ ਉਸ ਅਣਖੀਲੀ ਵਿਦਿਆਰਥਣ ਰਿਸ਼ਮਦੀਪ ਨੂੰ ਗੁੰਡੇ ਅਗਵਾ ਕਰਕੇ ਲੈ ਜਾਂਦੇ ਹਨ, ਉਹ ਆਪਣੀ ਰੱਖਿਆ ਲਈ ਪੂਰੀ ਲੜਾਈ ਲੜਦੀ ਹੈ ਪਰ ਗੁੰਡੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਕੇ ਜ਼ਮੀਨ ਵਿੱਚ ਦੱਬ ਦਿੰਦੇ ਹਨ। ਇੱਜ਼ਤ ਬਚਾਉਂਦੀ ਅਣਖੀਲੀ ਧੀ ਸ਼ਹੀਦ ਹੋ ਜਾਂਦੀ ਹੈ।
ਕਈ ਦਿਨਾਂ ਬਾਅਦ ਰਿਸ਼ਮ ਦੀ ਸੂਹ ਮਿਲਦੀ ਹੈ, ਪੁਲਿਸ ਉਸਦੀ ਲਾਸ਼ ਬਰਾਮਦ ਕਰ ਲੈਂਦੀ ਹੈ। ਉਸ ਵੇਲੇ ਤਕ ਗੁੰਡੇ ਆਪਣੇ ਦਹਾਕਿਆਂ ਤੋਂ ਬਣਾਏ ਬੇਅਣਖ਼ੇ ਜ਼ੋਰ ਸਦਕਾ ਪੁਲਿਸ ਅਤੇ ਸਿਆਸਤਦਾਨਾਂ ਨਾਲ ਗੱਠਜੋੜ ਕਾਇਮ ਕਰ ਲੈਂਦੇ ਹਨ। ਪੁਲਿਸ ਵਾਲੇ ਧਨਾਢ ਗੁੰਡਿਆਂ ਦੀ ਬੋਲੀ ਬੋਲਦੇ ਹੋਏ ਕਹਿੰਦੇ ਹਨ, “ਭੱਜਗੀ ਹੋਊ ਕਿਸੇ ਆਸ਼ਕ ਨਾਲ, ਚਾਰ ਦਿਨ ਬੁੱਲੇ ਲੁੱਟ ਕੇ ਮੁੜ ਆਊ।”
ਬਲਾਤਕਾਰੀਆਂ ਨੂੰ ਬਚਾਉਣ ਲਈ ਸੱਤਾਧਾਰੀ ਲੀਡਰ, ਜਥੇਦਾਰਾਂ ਸਮੇਤ ਖੱਬੀ ਸੋਚ ਦਾ ਇੱਕ ਆਗੂ ਵੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਪੁਲਿਸ ਵਾਲੇ ਪੀੜਿਤ ਪਰਿਵਾਰ ਨੂੰ ਪੈਸੇ, ਇੱਕ ਜੀਅ ਨੂੰ ਨੌਕਰੀ ਜਾਂ ਹੋਰ ਕਿਸੇ ਪਿੰਡ ਜ਼ਮੀਨ ਦਿਵਾਉਣ ਦੇ ਲਾਲਚ ਅਧੀਨ ਵੀ ਰਾਜੀਨਾਮੇ ਲਈ ਜ਼ੋਰ ਪਾਉਂਦੇ ਹਨ, ਪਰ ਪੀੜਿਤ ਪਰਿਵਾਰ ਇਨਸਾਫ ਲੈਣ ਲਈ ਬਜ਼ਿੱਦ ਰਹਿੰਦਾ ਹੈ। ਪੀੜਿਤ ਪਰਿਵਾਰ ਦੇ ਹੱਕ ਵਿੱਚ ਲੋਕ ਜੁੜਨ ਲਗਦੇ ਹਨ, ਕਈ ਜਥੇਬੰਦੀਆਂ ਸ਼ਾਮਲ ਹੁੰਦੀਆਂ ਹਨ, ਐਕਸ਼ਨ ਕਮੇਟੀ ਬਣਦੀ ਹੈ, ਧਰਨੇ ਮੁਜ਼ਾਹਰੇ ਹੁੰਦੇ ਹਨ। ਆਖਰ ਪ੍ਰਸ਼ਾਸਨ ਝੁਕਦਾ ਹੈ ਅਤੇ ਗੁੰਡੇ ਬਲਾਤਕਾਰੀਆਂ ਉੱਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ।
ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਲੋਕ ਹੀ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਨੂੰ ਪਰਚੰਡ ਕਰਦੇ ਹਨ ਅਤੇ ਕਾਨੂੰਨੀ ਲੜਾਈ ਲੜਦੇ ਹਨ। ਅਦਾਲਤ ਵਿੱਚ ਮੁਕੱਦਮਾ ਚਲਦਾ ਹੈ। ਇੱਕ ਪੇਸ਼ੀ ਵਾਲੇ ਦਿਨ ਬਲਾਤਕਾਰੀ ਗੁੰਡਿਆਂ ਦੇ ਬਾਪ ਦਾ ਕਚਿਹਿਰੀ ਵਿੱਚ ਰੋਹ ਵਿੱਚ ਆਏ ਲੋਕ ਕਤਲ ਕਰ ਦਿੰਦੇ ਹਨ। ਇਹ ਕਤਲ ਹੋਣ ’ਤੇ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਫਿਰ ਸਰਗਰਮ ਹੋ ਜਾਂਦਾ ਹੈ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਸਮੇਤ ਸੱਤ ਵਿਅਕਤੀਆਂ ਉੱਤੇ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਬਲਾਤਕਾਰੀਆਂ ਨੂੰ ਕਤਲ ਅਤੇ ਬਲਾਤਕਾਰ ਦੋਸ਼ਾਂ ਵਿੱਚ ਸਜ਼ਾ ਹੋ ਜਾਂਦੀ ਹੈ, ਜਿਸ ਨਾਲ ਪੀੜਿਤ ਪਰਿਵਾਰ ਨੂੰ ਕੁਝ ਰਾਹਤ ਮਿਲ ਜਾਂਦੀ ਹੈ। ਪਰ ਹੁਣ ਸੰਘਰਸ਼ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਲਈ ਭਖਦਾ ਹੈ। ਅਦਾਲਤ ਉਸ ਕੇਸ ਵਿੱਚ ਵੀ ਤਿੰਨ ਬੇਦੋਸ਼ੇ ਆਗੂਆਂ ਸਮੇਤ ਸੱਤਾਂ ਨੂੰ ਉਮਰ ਕੈਦ ਸੁਣਾ ਦਿੰਦੀ ਹੈ।
ਲੋਕ ਲਾਮਬੰਦ ਹੋ ਕੇ ਸੰਘਰਸ਼ ਪ੍ਰਚੰਡ ਕਰਦੇ ਹਨ ਅਤੇ ਕਾਨੂੰਨੀ ਲੜਾਈ ਵੀ ਜਾਰੀ ਰੱਖਦੇ ਹਨ। ਆਖਰ ਤਿੰਨਾਂ ਆਗੂਆਂ ਦੀ ਰਿਹਾਈ ਲਈ ਫਾਈਲ ਮੁੱਖ ਮੰਤਰੀ ਰਾਹੀਂ ਗਵਰਨਰ ਕੋਲ ਜਾਂਦੀ ਹੈ ਤਾਂ ਉਨ੍ਹਾਂ ਵਿੱਚੋਂ ਦੋ ਦੀ ਰਿਹਾਈ ਕਰ ਦਿੱਤੀ ਜਾਂਦੀ ਹੈ, ਇੱਕ ਆਗੂ ਕਲੇਰ ਜੇਲ੍ਹ ਵਿੱਚ ਰਹਿ ਜਾਂਦਾ ਹੈ। ਕੁਝ ਸਮੇਂ ਬਾਅਦ ਉਹ ਜ਼ਮਾਨਤ ’ਤੇ ਜੇਲ੍ਹੋਂ ਬਾਹਰ ਆ ਜਾਂਦਾ ਹੈ, ਪਰ ਉਸਦੀ ਪੱਕੀ ਰਿਹਾਈ ਲਈ ਵੀ ਯਤਨ ਜਾਰੀ ਰੱਖੇ ਜਾਂਦੇ ਹਨ। ਉਸਨੂੰ ਰਾਹਤ ਨਾ ਮਿਲਣ ਕਾਰਨ ਮੁੜ ਪੇਸ਼ ਹੋਣ ਦੇ ਹੁਕਮ ਹੁੰਦੇ ਹਨ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਾਫਲਾ ਬਣਾ ਕੇ ਉਸਨੂੰ ਜੇਲ੍ਹ ਵਿੱਚ ਛੱਡ ਕੇ ਬਾਹਰ ਧਰਨੇ ’ਤੇ ਬੈਠ ਜਾਂਦੇ ਹਨ। ਕਈ ਮਹੀਨੇ ਇਹ ਧਰਨਾ ਲਗਾਤਾਰ ਚਲਦਾ ਹੈ ਅਤੇ ਆਪਣੇ ਏਕੇ ਦੇ ਜ਼ੋਰ ਨਾਲ ਉਹ ਇਸ ਆਗੂ ਨੂੰ ਵੀ ਰਿਹਾਅ ਕਰਵਾ ਕੇ ਕਾਫਲੇ ਦੇ ਰੂਪ ਵਿੱਚ ਉਸਦੇ ਘਰ ਛੱਡ ਕੇ ਆਉਂਦੇ ਹਨ। ਲੋਕਾਂ ਦੇ ਏਕੇ ਦੀ ਜਿੱਤ ਹੁੰਦੀ ਹੈ।
ਨਾਵਲ ਦਾ ਵਿਸ਼ਾ ਬਹੁਤ ਦਿਲ ਕੰਬਾਊ ਅਤੇ ਭਾਵਪੂਰਤ ਹੈ, ਪੇਸ਼ਕਾਰੀ ਅਤੇ ਨਿਭਾਅ ਦੇ ਪੱਖੋਂ ਵੀ ਲੇਖਕ ਇਕਾਗਰਤਾ ਨੂੰ ਟੁੱਟਣ ਨਹੀਂ ਦਿੰਦਾ। ਸਮੇਂ ਅਨੁਸਾਰ ਲੋਕ ਕਹਾਵਤਾਂ, ਕਾਵਿ ਟੋਟੇ ਅਤੇ ਠੇਠ ਪੰਜਾਬੀ ਸ਼ਬਦ ਪਾਠਕ ਦੇ ਮਨ ਨੂੰ ਟੁੰਬਦੇ ਹਨ ਅਤੇ ਪੇਸ਼ਕਾਰੀ ਦੀ ਖੂਬਸੂਰਤੀ ਵਿੱਚ ਵਾਧਾ ਵੀ ਕਰਦੇ ਹਨ। ਨਾਵਲ ਜਿੱਥੇ ਧਨਾਢ ਗੁੰਡਿਆਂ ਦੇ ਕਿਰਦਾਰ ਨੂੰ ਲੋਕਾਂ ਸਾਹਮਣੇ ਪਰਤੱਖ ਕਰਦਾ ਹੈ, ਉੱਥੇ ਲੋਕ ਏਕੇ ਅਤੇ ਸੰਘਰਸ਼ ਦੀ ਜਿੱਤ ਦੇ ਝੰਡੇ ਵੀ ਗੱਡਦਾ ਹੈ। ਸ੍ਰੀ ਮਾਨਖੇੜਾ ਦੇ ਇਸ ਤੋਂ ਪਹਿਲਾਂ ਤਿੰਨ ਕਹਾਣੀ ਸੰਗ੍ਰਹਿ, ਦੋ ਵਾਰਤਕ ਸੰਗ੍ਰਹਿ, ਇੱਕ ਹਿੰਦੀ ਅਨੁਵਾਦ, ਇੱਕ ਜੀਵਨੀ ਅਤੇ ਦੋ ਨਾਵਲ ‘ਹੁਣ ਮੈਂ ਉਹ ਨਹੀਂ’ ਅਤੇ ‘ਹਰ ਮਿੱਟੀ ਦੀ ਆਪਣੀ ਖਸਲਤ’ ਛਪੇ ਹਨ। ਇਹ ਤੀਜਾ ਨਾਵਲ ਹੈ, ਜੋ ਪੜ੍ਹਨ ਅਤੇ ਵਿਚਾਰਨਯੋਗ ਨਾਵਲ ਹੈ। ਇਹ ਇਨਸਾਫ ਅਤੇ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਵਾਲਿਆਂ ਨੂੰ ਰਾਹ ਵਿਖਾਉਂਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































