“ਤਾਲਿਬਾਨੀ ਅੱਤਵਾਦੀਆਂ ਅੱਗੇ ਹਿੱਕ ਤਾਣਦਿਆਂ ਬੰਦੂਕਧਾਰੀਆਂ ਦੀਆਂ ਗੋਲੀਆਂ ...”
(10 ਮਾਰਚ 2026)
ਔਰਤ ਜੱਗ ਜਣਨੀ ਹੈ, ਪਰ ਇਸ ਨੂੰ ਸਾਲ ਵਿੱਚ ਯਾਦ ਕਰਨ ਲਈ ਕੇਵਲ ਇੱਕ ਦਿਨ ਹੀ ਮਿਥਿਆ ਗਿਆ ਹੈ। ਉਸ ਦਿਨ ਔਰਤਾਂ ਬਾਰੇ ਵੱਡੇ ਵੱਡੇ ਆਰਟੀਕਲ ਪ੍ਰਕਾਸ਼ਿਤ ਹੁੰਦੇ ਹਨ, ਸੈਮੀਨਾਰ ਕਰਵਾਏ ਜਾਂਦੇ ਹਨ। ਫੇਰ ਅਗਲੇ ਸਾਲ ਦੇ ਇਸ ਦਿਨ ਦੀ ਉਡੀਕ ਕੀਤੀ ਜਾਂਦੀ ਹੈ। ਬਹੁਤੇ ਲੇਖਕ ਸਾਹਿਤਕਾਰ ਔਰਤ ਦੇ ਪਿਆਰ ਦੀਆਂ ਕਹਾਣੀਆਂ ਪਾਠਕਾਂ ਦੇ ਰੂਬਰੂ ਕਰਦੇ ਹਨ, ਪਰ ਔਰਤ ਕੇਵਲ ਦੇਹ ਪਿਆਰ ਤਕ ਸੀਮਿਤ ਨਹੀਂ ਹੈ। ਉਹ ਦਲੇਰ ਹੈ, ਬਹਾਦਰ ਹੈ, ਕੁਰਬਾਨ ਹੋਣ ਵਾਲੀ ਹੈ, ਹਰ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਹੈ ਅਤੇ ਜ਼ਿੰਮੇਵਾਰੀ ਨਿਭਾਉਣਾ ਜਾਣਦੀ ਹੈ। ਮੈਂ ਅਜਿਹੀਆਂ ਬਹਾਦਰ ਔਰਤਾਂ ਬਾਰੇ ਪੁਸਤਕ ‘ਸਿਦਕ ਹਾਰਦਾ ਨਹੀਂ’ ਪਾਠਕਾਂ ਦੇ ਰੂਬਰੂ ਕਰਨ ਲਈ ਸਾਹਿਤ ਦੀ ਝੋਲੀ ਪਾਈ ਹੈ, ਜਿਸ ਤੋਂ ਔਰਤ ਦੀਆਂ ਕੁਰਬਾਨੀਆਂ ਦੀ ਅਸਲ ਤਸਵੀਰ ਪਰਤੱਖ ਹੁੰਦੀ ਹੈ। ਮੈਨੂੰ ਉਮੀਦ ਹੈ ਮੇਰੇ ਇਸ ਯਤਨ ਨੂੰ ਪਾਠਕ ਹੁੰਗਾਰਾ ਦੇਣਗੇ।
ਧਰਤੀ ਜਿਵੇਂ ਬੀਜ ਤੋਂ ਪੌਦਾ ਸਿਰਜਦੀ ਹੈ, ਉਸੇ ਤਰ੍ਹਾਂ ਔਰਤ ਮਨੁੱਖ ਸਿਰਜਦੀ ਹੈ। ਔਰਤ ਗੁਰੂਆਂ, ਪੀਰਾਂ, ਰਹਿਬਰਾਂ, ਵਿਗਿਆਨੀਆਂ, ਸੂਰਬੀਰ ਬਹਾਦਰਾਂ, ਸ਼ਹੀਦਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਦੀ ਜਨਮਦਾਤੀ ਹੋਣ ਦੇ ਬਾਵਜੂਦ ਸਦੀਆਂ ਭਰ ਸਮਾਜ ਵਿੱਚ ਤਰਸਯੋਗ ਹਾਲਤ ਹੰਢਾਉਂਦੀ ਰਹੀ ਹੈ। ਉਹ ਮਰਦਾਂ ਦੇ ਭੋਗਣ ਦੀ ਵਸਤੂ ਬਣੀ ਰਹੀ ਹੈ, ਬਜ਼ਾਰਾਂ ਵਿੱਚ ਵਿਕਦੀ ਰਹੀ ਹੈ, ਬਲਾਤਕਾਰਾਂ ਦਾ ਸ਼ਿਕਾਰ ਹੁੰਦੀ ਰਹੀ ਹੈ। ਪਰ ਫਿਰ ਵੀ ਹਜ਼ਾਰਾਂ ਸਾਲ ਅਜਿਹਾ ਜੀਵਨ ਹੰਢਾਉਣ ਦੇ ਬਾਵਜੂਦ ਉਸਨੇ ਅਸੂਲਾਂ ’ਤੇ ਪਹਿਰਾ ਦਿੱਤਾ ਹੈ, ਕੁਰਬਾਨੀ ਦਿੱਤੀ ਹੈ ਅਤੇ ਸਾਬਤ ਕਰ ਵਿਖਾਇਆ ਹੈ ਕਿ ਔਰਤ ਬਜ਼ਾਰੀ ਵਸਤੂ ਨਹੀਂ ਹੈ ਬਲਕਿ ਔਰਤ ਸਮਾਜਿਕ ਸੱਭਿਆਚਾਰਕ ਅਧਾਰਾਂ ’ਤੇ ਪਿਆਰ ਬੱਝੇ ਦਿਲ ਵਾਲੀ ਅਤੇ ਬਲੀਦਾਨ ਦੀ ਹੱਦ ਤਕ ਜਾਣ ਵਾਲੀ ਬਹਾਦਰ ਅਤੇ ਸੂਰਬੀਰ ਹੈ। ਜਦੋਂ ਵੀ ਦੇਸ਼, ਧਰਮ, ਕੌਮ ’ਤੇ ਬੁਰੇ ਦਿਨ ਆਏ ਔਰਤਾਂ ਦਾ ਖੂਨ ਖੌਲਣ ਲੱਗ ਜਾਂਦਾ ਅਤੇ ਉਹ ਹਥਿਆਰ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਨਿੱਤਰ ਪੈਂਦੀਆਂ। ਉਸਨੇ ਸਮੇਂ ਸਮੇਂ ਧਰਮ ਦੀ ਰਾਖੀ ਲਈ, ਦੂਜਿਆਂ ਦੀ ਜਾਨ ਬਚਾਉਣ ਲਈ, ਵਿਗਿਆਨਕ ਸੋਚ ਅਪਣਾਉਣ ਲਈ, ਫਰਜ਼ਾਂ ਦੀ ਪੂਰਤੀ ਲਈ, ਲੋਕ ਹਿਤਾਂ ਦੀ ਪ੍ਰਾਪਤੀ ਲਈ ਤਸ਼ੱਦਦ ਝੱਲਿਆ ਅਤੇ ਕੁਰਬਾਨੀ ਦਿੱਤੀ ਹੈ।
ਪੁਸਤਕ ਦਾ ਮੁੱਖਬੰਦ:
ਬਲਵਿੰਦਰ ਸਿੰਘ ਭੁੱਲਰ ਨੇ ਅਜਿਹੀਆਂ 23 ਸ਼ਹੀਦ ਮਹਾਨ ਔਰਤਾਂ ਅਤੇ 8 ਪ੍ਰੇਰਨਾ ਸਰੋਤ ਬੀਬੀਆਂ ਦੀ ਜੀਵਨੀ ਨੂੰ ਲੇਖਾਂ ਰਾਹੀਂ ਇਸ ਪੁਸਤਕ ‘ਸਿਦਕ ਹਾਰਦਾ ਨਹੀਂ’ ਦੇ ਰੂਪ ਵਿੱਚ ਪਾਠਕਾਂ ਦੇ ਰੂਬਰੂ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਉਸਦੀ ਇਹ ਅੱਠਵੀਂ ਪੁਸਤਕ ਹੈ, ਇਸ ਤੋਂ ਪਹਿਲਾਂ ਉਸਦੇ ਦੋ ਕਹਾਣੀ ਸੰਗ੍ਰਹਿ, ਦੋ ਸਫਰਨਾਮੇ, ਇੱਕ ਕਾਵਿ ਸੰਗ੍ਰਹਿ, ਇੱਕ ਲੇਖ ਸੰਗ੍ਰਹਿ, ਇੱਕ ਮਿਨੀ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ।
ਇਸ ਪੁਸਤਕ ਵਿੱਚ ਫਰਾਂਸ ਦੀ ਸ਼ਹੀਦ ਤੇ ਸੰਤ ਜੋਹਨ ਡੀ ਆਰਕ, ਜਿਸਨੇ ਅੰਗਰੇਜ਼ਾਂ ਵਿਰੁੱਧ ਯੁੱਧ ਲੜਿਆ, ਪਰ ਉੰਨੀ ਸਾਲ ਦੀ ਉਮਰ ਵਿੱਚ ਹੀ ਅੰਗਰੇਜ਼ ਫੌਜ ਨੇ ਉਸਨੂੰ ਜਿਊਂਦੀ ਨੂੰ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਕੈਥੋਲਿਕ ਸਮਾਜ ਨੇ ਉਸਨੂੰ ਸੰਤ ਦੀ ਉਪਾਧੀ ਦਿੱਤੀ। ਸ਼ਹੀਦ ਭਾਈ ਮਨੀ ਸਿੰਘ ਦੀ ਧਰਮ ਪਤਨੀ ਬੀਬੀ ਬਸੰਤ ਕੌਰ, ਜਿਸਦੇ ਪਰਿਵਾਰ ਦੇ 62 ਜੀਅ ਸ਼ਹੀਦ ਹੋਏ ਅਤੇ ਉਸਦੇ ਪੋਤੇ ਅਤੇ ਪੜਪੋਤੇ ਦੇ ਸਰੀਰਾਂ ਦੇ ਟੋਟੇ ਟੋਟੇ ਕਰਕੇ ਉਸਦੇ ਗਲੇ ਵਿੱਚ ਪਾਏ ਗਏ, ਪਰ ਉਸਨੇ ਅਣਮਨੁੱਖੀ ਤਸੀਹੇ ਝੱਲਦਿਆਂ ਧਰਮ ਲਈ ਸ਼ਹੀਦੀ ਪ੍ਰਾਪਤ ਕੀਤੀ। ਅੰਗਰੇਜ਼ਾਂ ਨੂੰ ਭਾਰਤ ਵਿੱਚ ਕਾਬਜ਼ ਹੋਣ ਤੋਂ ਰੋਕਣ ਲਈ ਲਖਨਊ ਦੇ ਸਿਕੰਦਰ ਬਾਗ ਵਿੱਚ ਮਰਦਾਂ ਵਾਲੇ ਕੱਪੜੇ ਪਾ ਕੇ ਫੌਜੀ ਟੁਕੜੀ ਦੀ ਅਗਵਾਈ ਕਰਦਿਆਂ ਅੰਗਰੇਜ਼ ਫੌਜੀਆਂ ਦੀਆਂ ਲਾਸ਼ਾਂ ਵਿਛਾਉਣ ਬਾਅਦ ਸ਼ਹੀਦ ਹੋਣ ਵਾਲੀ ਊਦਾ ਦੇਵੀ ਅਤੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਦੀ ਪੁੱਤਰੀ ਕੁਲਸੁਮ ਦੀ ਸੰਖੇਪ ਜੀਵਨੀ ਪੇਸ਼ ਕੀਤੀ ਗਈ ਹੈ।
ਇਸੇ ਤਰ੍ਹਾਂ ਮੁਸਲਮਾਨੀ ਪਹਿਰਾਵੇ ਵਾਲੀ ਇੱਕ ਗੁਮਨਾਮ ਔਰਤ ਦੀ ਜੀਵਨੀ ਪੇਸ਼ ਕੀਤੀ ਹੈ। ਜਦੋਂ ਅੰਗਰੇਜ਼ਾਂ ਨੇ ਦਿੱਲੀ ’ਤੇ ਕਬਜ਼ਾ ਕਰਨ ਲਈ ਘੇਰਾ ਪਾ ਲਿਆ ਸੀ ਤਾਂ ਉਹ ਝੰਡਾ, ਬੰਦੂਕ ਅਤੇ ਤਲਵਾਰ ਲੈ ਕੇ ਬਾਹਰ ਨਿਕਲੀ ਅਤੇ ਲੋਕਾਂ ਨੂੰ ਇਕੱਠੇ ਕਰਕੇ ਅੰਗਰੇਜ਼ ਫੌਜ ’ਤੇ ਹਮਲਾ ਕੀਤਾ। ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲਾ ਕੇ ਕਿਤੇ ਚਲੀ ਜਾਂਦੀ। ਫੱਟੜ ਹੋਣ ’ਤੇ ਆਖਰ ਅੰਗਰੇਜ਼ ਫੌਜ ਦੇ ਕਾਬੂ ਆ ਗਈ। ਉਸਨੂੰ ਕਿਵੇਂ ਤਸੀਹੇ ਦਿੱਤੇ, ਕਿਵੇਂ ਸ਼ਹੀਦ ਕੀਤਾ ਗਿਆ, ਉਹ ਕਿੱਥੋਂ ਆਉਂਦੀ ਸੀ, ਕਿੱਥੇ ਜਾਂਦੀ ਸੀ ਆਦਿ ਅੱਜ ਤਕ ਬੁਝਾਰਤ ਬਣੀ ਹੋਈ ਹੈ। ਅਫਗਾਨਿਸਤਾਨ ਦੀ ਮਾਲਾਲਾਈ ਮਾਈਵਿੰਡ ਜੋ ਅੰਗਰੇਜ਼ਾਂ ਵਿਰੁੱਧ ਲੋਕਾਂ ਦਾ ਕਾਫਲਾ ਬਣਾ ਕੇ ਜੰਗ ਦੇ ਮੈਦਾਨ ਵਿੱਚ ਨਿੱਤਰੀ, ਜਿਸਨੂੰ ਅੱਧੀ ਦਰਜਨ ਤੋਂ ਵੱਧ ਦੇਸ਼ ਨਾਇਕਾ ਮੰਨਦੇ ਹਨ। ਅੰਗਰੇਜ਼ਾਂ ਅਤੇ ਗੱਦਾਰਾਂ ਨਾਲ ਲੜਨ ਵਾਲੀ ਕਿਤੂਰ ਦੀ ਰਾਣੀ ਚੇਨੰਮਾ ਅਤੇ ਬਿਹਾਰ ਸੂਬੇ ਦੀ ਹੁਸਨ ਵੇਚਣ ਵਾਲੀ ਤਵਾਇਫ ਤੋਂ ਦੇਸ਼ ਭਗਤ ਬਣ ਕੇ ਸ਼ਹਾਦਤ ਦਾ ਜਾਮ ਪੀਣ ਵਾਲੀ ਗੁਲਾਬ ਕਲੀ ਦੇ ਜੀਵਨ ਦੀ ਝਾਤ ਪਾਠਕਾਂ ਦੇ ਰੂਬਰੂ ਕੀਤੀ ਗਈ ਹੈ।
ਇਸਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਅਰਦਾਸ ’ਤੇ ਪਹਿਰਾ ਦਿੰਦਿਆਂ ਮਸੂਮ ਪੁੱਤਰ ਸਮੇਤ ਅੰਗਰੇਜ਼ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੀ ਬੀਬੀ ਬਲਵੀਰ ਕੌਰ ਸਮੇਤ, ਨਾ ਲਿਖਿਆ ਜਾ ਸਕਣ ਵਾਲਾ ਅੱਤ ਦਰਜੇ ਦਾ ਤਸ਼ੱਦਦ ਝੱਲਣ ਵਾਲੀ ਵੀਅਤਨਾਮ ਦੀ ਸ਼ਹੀਦ ਨਗੂਯਨ ਤਈ ਥੋ ਅਤੇ ਪਤੀ, ਨੌ ਪੁੱਤਰ, ਇੱਕ ਜਵਾਈ, ਧੀਆਂ ਅਤੇ ਪੋਤੇ ਸ਼ਹੀਦ ਕਰਵਾਉਣ ਵਾਲੀ ਬਹਾਦਰ ਮਾਂ ਨਗੁਏਨ ਥੀ ਥੂਹ, ਰੂਸ ਦੀ ਜ਼ੋਇਆ ਉਰਫ ਤਾਨੀਆ, ਭਾਰਤੀ ਮੂਲ ਦੀ ਬਹਾਦਰ ਜਸੂਸ ਨੂਰ ਉਨ ਨਿਸ਼ਾ, ਸੱਚ ਦੀ ਦੁਨੀਆਂ ਵਿੱਚ ਜਿਊਂਦੀ ਐੱਨ ਫਰੈਂਕ ਅਤੇ ਰੂਸ ਦੀ ਸੀਨੀਅਰ ਸਾਰਜੈਂਟ ਰੋਜ਼ਾ ਜ਼ਾਰਜੀਏਵਨਾ ਸ਼ਨੀਨਾ ਦੇ ਜੀਵਨ ਦੀ ਵੀ ਪਾਠਕਾਂ ਨੂੰ ਜਾਣਕਾਰੀ ਮੁਹਈਆ ਕੀਤੀ ਗਈ ਹੈ।
ਇਸਤੋਂ ਇਲਾਵਾ ਗਦਰੀ ਸੂਰਬੀਰਾਂ ਅਤੇ ਚੀਨੀ ਇਨਕਲਾਬ ਦੀ ਹਮਦਰਦ ਐਗਨੀਜ਼ ਸਮੈਡਲੀ ਬਾਰੇ ਲੇਖ ਲਿਖਿਆ ਹੈ। ਕਿਸੇ ਦੇਸ਼, ਖੇਤਰ ਵਿੱਚ ਲੰਬੇ ਸਮੇਂ ਤੋਂ ਚਲਦੀਆਂ ਰਸਮਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਤਬਦੀਲ ਕਰਨਾ ਸੌਖਾ ਨਹੀਂ ਹੁੰਦਾ, ਜੇਕਰ ਉਸਦਾ ਆਧਾਰ ਧਰਮ ਹੋਵੇ ਤਾਂ ਹੋਰ ਵੀ ਔਖਾ ਹੋ ਜਾਂਦਾ ਹੈ ਪਰ ਅਜਿਹੀਆਂ ਪੁਰਾਣੀਆਂ ਮਿਥਾਂ ਤੋੜਨ ਦਾ ਕਾਰਜ ਕਰਕੇ ਵਿਖਾਉਣ ਵਾਲੀ ਅਫਗਾਨਿਸਤਾਨ ਦੀ ਦਲੇਰ ਰਾਣੀ ਸ਼ੋਰਿਆ ਤਰਜੀ, ਫਰਜ਼ਾਂ ਲਈ ਸ਼ਹਾਦਤ ਪਾਉਣ ਵਾਲੀ ਉਡਣ ਮੁਟਿਆਰ ਨੀਰਜਾ ਭਨੋਟ, ਚੀਨ ਦੀ ਚਿਆਂਗ ਚਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ।
“ਮੇਰੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਮੈਂ ਆਪਣੇ ਆਪ ਨੂੰ ਮਾਂ ਸਮਝਦੀ ਹਾਂ ਉਹਨਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।” ਇਨ੍ਹਾਂ ਵਿਚਾਰਾਂ ਨਾਲ ਤਾਲਿਬਾਨੀ ਅੱਤਵਾਦੀਆਂ ਅੱਗੇ ਹਿੱਕ ਤਾਣਦਿਆਂ ਬੰਦੂਕਧਾਰੀਆਂ ਦੀਆਂ ਗੋਲੀਆਂ ਨਾਲ ਵਿਦਿਆਰਥੀਆਂ ਲਈ ਕੁਰਬਾਨੀ ਦੇਣ ਵਾਲੀ ਪਾਕਿਸਤਾਨ ਦੀ ਪ੍ਰਿੰਸੀਪਲ ਤਾਹਿਰਾ ਕਾਜ਼ੀ, ਵਿਗਿਆਨਕ ਸੋਚ ਦੀ ਧਾਰਨੀ ਅਤੇ ਅੰਧ ਵਿਸ਼ਵਾਸਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਅਫਗਾਨਸਤਾਨ ਦੀ ਸ਼ਹੀਦ ਫਰਖੰਦਾ ਮਲਿਕਜ਼ਾਦਾ, ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਾ ਜਾਮ ਪੀਣ ਵਾਲੀ ਪਾਕਿਸਤਾਨੀ ਬੀਬੀ ਕਰੀਮਾ ਮਹਿਰਾਬ, ਅਗਾਂਹਵਧੂ ਸੋਚ ਦੀ ਧਾਰਨੀ ਪੱਤਰਕਾਰ ਗੌਰੀ ਲੰਕੇਸ਼, ਜਿਸਨੇ ਧਾਰਮਿਕ ਕੱਟੜਤਾ ਅਤੇ ਰੂੜ੍ਹੀਵਾਦੀ ਸੋਚ ਵਿਰੁੱਧ ਆਵਾਜ਼ ਉਠਾਈ, ਉਸਦੀ ਜ਼ਿੰਦਗੀ ਦੇ ਸਫਰ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਇਨ੍ਹਾਂ ਬਹਾਦਰ ਸ਼ਹੀਦ ਔਰਤਾਂ ਤੋਂ ਇਲਾਵਾ ਅੱਠ ਪ੍ਰੇਰਨਾ ਸਰੋਤ ਬੀਬੀਆਂ ਦੇ ਜੀਵਨ ਨੂੰ ਵੀ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਲੇਡੀ ਸਿੰਘਮ ਵਜੋਂ ਜਾਣੀ ਜਾਂਦੀ ਐੱਨ ਅੰਬਿਕਾ, ਗੋਹੇ ਲਿਬੜੇ ਹੱਥਾਂ ਵਿੱਚ ਇਨਸਾਫ ਦੀ ਕਲਮ ਫੜਨ ਵਾਲੀ ਸੋਨਮ ਸ਼ਰਮਾ, ਤੰਗੀਆਂ ਦੀ ਦਲਦਲ ਵਿੱਚੋਂ ਉੱਠਿਆ ਕਮਲ ਦਾ ਫੁੱਲ ਵਸੀਮਾ ਸ਼ੇਖ, ਕਿਸਾਨਾਂ ਲਈ ਪ੍ਰੇਰਨਾ ਸਰੋਤ ਕਿਸਾਨ ਔਰਤ ਸੰਤੋਸ਼ ਦੇਵੀ, ਅਪਾਹਜ ਲੋਕਾਂ ਨੂੰ ਹੌਸਲਾ ਦੇਣ ਵਾਲੀ ਮਾਲਵਿਕਾ ਅਈਅਰ, ਮਾਪਿਆਂ ਦੀ ਵਿਸਾਰੀ ਧੀ ਸੰਸਾਰ ਪ੍ਰਸਿੱਧ ਖਿਡਾਰੀ ਲਿਜਾ ਸਥਾਲੇਜਰ, ਮਿਸਾਲੀ ਵਿਦਿਆਰਥਣ ਅਤੇ ਅਧਿਆਪਕਾ ਪੂਜਾ ਕਟਾਰੀਆ ਅਤੇ ਪਾਕਿਸਤਾਨ ਦੀ ਪਹਿਲੀ ਹਿੰਦੂ ਅਧਿਕਾਰੀ ਸਨਾ ਰਾਮ ਚੰਦ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਪੁਸਤਕ ਵਿਚਲੇ ਸਾਰੇ ਹੀ ਲੇਖ ਪਾਠਕਾਂ ਦੇ ਹਿਰਦਿਆਂ ਨੂੰ ਟੁੰਬਦੇ ਹਨ ਅਤੇ ਦੇਸ਼ ਭਗਤੀ, ਪ੍ਰੇਮ ਭਾਵਨਾ, ਹੌਸਲਾ, ਦਲੇਰੀ ਅਤੇ ਕੁਰਬਾਨੀ ਦਾ ਜਜ਼ਬਾ ਪੈਦਾ ਕਰਦੇ ਹਨ। ਇਸ ਪੁਸਤਕ ਵਿੱਚ ਵੱਡਾ ਇਤਿਹਾਸ ਸਮੋਇਆ ਹੋਇਆ ਹੈ। ਪੁਸਤਕ ਪੜ੍ਹਦਿਆਂ ਔਰਤਾਂ ਵੱਲੋਂ ਕੀਤੀਆਂ ਕੁਰਬਾਨੀਆਂ ਅੱਗੇ ਸਿਰ ਝੁਕ ਜਾਂਦਾ ਹੈ ਅਤੇ ਇਹ ਸੱਚ ਪ੍ਰਗਟ ਹੁੰਦਾ ਹੈ ਕਿ ਸਿਦਕ ਹਾਰਦਾ ਨਹੀਂ। ਹਰ ਨੌਜਵਾਨ ਲੜਕੇ ਲੜਕੀ ਨੂੰ ਇਹ ਪੁਸਤਕ ਪੜ੍ਹ ਕੇ ਇਸਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਪੁਸਤਕ ਦਾ ਪੁਸ਼ਾਕਾ ਚਿੱਤਰ ਵੀ ਬਹੁਤ ਖਿੱਚ ਭਰਪੂਰ ਹੈ, ਜਿਸਨੂੰ ਜਗਦੀਪ ਬਾਵਾ ਪਟਿਆਲਾ ਨੇ ਤਿਆਰ ਕੀਤਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (