“ਬਠਿੰਡਾ ਸ਼ਹਿਰ ਦੀਆਂ ਇਨ੍ਹਾਂ ਦੋਂਹ ਕੁੜੀਆਂ ਦੀਆਂ ਤਸਵੀਰਾਂ ਅਸਲ ਹਾਲਤ ਨੂੰ ਸਪਸ਼ਟ ...”
(29 ਅਗਸਤ 2025)
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਤਬਾਹੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ। ਨੌਜਵਾਨ ਮੁੰਡੇ ਕੁੜੀਆਂ ਨਿੱਤ ਦਿਨ ਓਵਰਡੋਜ਼ ਨਾਲ ਮਰ ਰਹੇ ਹਨ। ਨੌਜਵਾਨਾਂ ਵਿੱਚ ਆਈ ਸਰੀਰਕ ਕਮਜ਼ੋਰੀ ਸਦਕਾ ਪਤੀ ਪਤਨੀ ਦੇ ਝਗੜੇ ਹੋ ਰਹੇ ਹਨ, ਤਲਾਕ ਹੋ ਰਹੇ ਹਨ। ਦਿਨ ਦਿਹਾੜੇ ਨਸ਼ੇ ਦੀ ਹਾਲਤ ਵਿੱਚ ਮੁੰਡੇ ਕੁੜੀਆਂ ਸੜਕਾਂ ’ਤੇ ਡਿਗੇ ਪਏ ਵਿਖਾਈ ਦਿੰਦੇ ਹਨ। ਇੱਕ ਸਮਾਂ ਸੀ ਜਦੋਂ ਧੀ ਦਾ ਰਿਸ਼ਤਾ ਕਰਨ ਲਈ ਮਾਪੇ ਮੁੰਡੇ ਵਾਲਿਆਂ ਦੇ ਖਾਨਦਾਨ ਜਾਂ ਜ਼ਮੀਨ ਆਦਿ ਦੀ ਪੜਤਾਲ ਕਰਦੇ ਸਨ, ਪਰ ਅੱਜ ਸਿਰਫ ਇਹ ਹੀ ਪੜਤਾਲ ਕਰਦੇ ਹਨ ਕਿ ਮੁੰਡਾ ਨਸ਼ਾ ਨਾ ਕਰਦਾ ਹੋਵੇ। ਹੁਣ ਤਾਂ ਨਸ਼ੇ ਦੀ ਵਰਤੋਂ ਕਰਨ ਵਿੱਚ ਨੌਜਵਾਨ ਕੁੜੀਆਂ ਵੀ ਪਿੱਛੇ ਨਹੀਂ ਹਨ। ਉਹ ਸੜਕਾਂ ’ਤੇ ਨਸ਼ੇ ਵਿੱਚ ਧੁੱਤ ਹੋਈਆਂ ਰੌਲਾ ਪਾਉਂਦੀਆਂ, ਝਗੜਾ ਕਰਦੀਆਂ ਜਾਂ ਡਿਗਦੀਆਂ ਆਮ ਦੇਖੀਆਂ ਜਾ ਰਹੀਆਂ ਹਨ। ਮਾਪੇ ਬਹੁਤ ਦੁਖੀ ਅਤੇ ਪਰੇਸ਼ਾਨ ਹਨ, ਔਲਾਦ ਨੂੰ ਨਸ਼ਿਆਂ ਤੋਂ ਬਚਾਉਣ ਲਈ ਦਿਨ ਰਾਤ ਫਿਕਰਾਂ ਵਿੱਚ ਡੁੱਬੇ ਰਹਿੰਦੇ ਹਨ। ਜੇ ਨਸ਼ਈ ਪੁੱਤ ਧੀ ਨੂੰ ਰੋਕਣ ਲਈ ਯਤਨ ਕਰਦੇ ਹਨ ਤਾਂ ਘਰ ਵਿੱਚ ਝਗੜਾ ਹੁੰਦਾ ਹੈ, ਜੋ ਕਈ ਵਾਰ ਇੰਨਾ ਵਧ ਜਾਂਦਾ ਹੈ ਕਿ ਜਾਂ ਮਾਂ ਬਾਪ ਵਿੱਚੋਂ ਕੋਈ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਪੁੱਤ ਧੀ।
ਸਰਕਾਰਾਂ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਲਈ ਵੱਡੇ ਵੱਡੇ ਦਾਅਵੇ ਵਾਅਦੇ ਕਰਦੀਆਂ ਹਨ। ਇਹ ਨਸ਼ਿਆਂ ਦਾ ਰੁਝਾਨ ਸੂਬੇ ਦੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਵਧਣਾ ਸ਼ੁਰੂ ਹੋਇਆਾ ਸੀ। ਇਹ ਸਰਕਾਰ 2007 ਤੋਂ 2017 ਤਕ ਰਹੀ। ਉਸ ਸਮੇਂ ਵੀ ਸਰਕਾਰ ਨਸ਼ੇ ਰੋਕਣ ਦੇ ਦਾਅਵੇ ਕਰਦੀ ਰਹੀ ਸੀ। ਪਰ ਆਮ ਲੋਕ ਕਹਿੰਦੇ ਰਹੇ ਕਿ ਇਹ ਬਿਆਨ, ਦਾਅਵੇ ਤਾਂ ਇੱਕ ਵਿਖਾਵਾ ਹੀ ਹਨ, ਸਰਕਾਰ ਦੀ ਸ਼ਹਿ ’ਤੇ ਹੀ ਨਸ਼ਿਆਂ ਦਾ ਕਾਰੋਬਾਰ ਵਧ ਫੁੱਲ ਰਿਹਾ ਹੈ। ਮੁੜ ਪੰਜਾਬ 2017 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਾਂ ਪੰਜਾਬ ਦੇ ਨੌਜਵਾਨਾਂ ਦੇ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਜਾਣ ਕਾਰਨ ਕਾਂਗਰਸ ਨੇ ਨਸ਼ਿਆਂ ਨੂੰ ਮੁੱਖ ਚੋਣ ਮੁੱਦਾ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਨਸ਼ੇ ਖਤਮ ਕਰਨ ਦੀਆਂ ਸਹੁੰਆਂ ਖਾਧੀਆਂ। ਲੋਕਾਂ ਨੇ ਉਹਨਾਂ ’ਤੇ ਵਿਸ਼ਵਾਸ ਕੀਤਾ। ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਉਹਨਾਂ ਦੀ ਸਰਕਾਰ ਦੌਰਾਨ ਵੀ ਨਸ਼ਿਆਂ ਨੂੰ ਕੋਈ ਠੱਲ੍ਹ ਨਾ ਪਾਈ ਗਈ। ਕਿਸੇ ਵੱਡੇ ਨਸ਼ਾ ਤਸਕਰ ਨੂੰ ਹੱਥ ਨਾ ਪਾਇਆ ਗਿਆ। ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਦੇ ਬਣੇ ਗੱਠਜੋੜ ਨੂੰ ਤੋੜਨ ਲਈ ਕੋਈ ਠੋਸ ਕਦਮ ਨਾ ਚੁੱਕਿਆ ਗਿਆ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਹੀ ਗਈ।
ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਦਾ ਸਮਾਂ ਆਇਆ ਤਾਂ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਸਰਕਾਰਾਂ ਤੋਂ ਇਸ ਗੱਲੋਂ ਨਿਰਾਸ਼ ਅਤੇ ਗੁੱਸੇ ਵਿੱਚ ਸਨ ਕਿ ਉਹਨਾਂ ਨਸ਼ਿਆਂ ਨੂੰ ਰੋਕਣ ਦੀ ਬਜਾਏ ਵਧਣ ਵਿੱਚ ਸਹਾਈ ਹੁੰਦੀਆਂ ਰਹੀਆਂ ਹਨ। ਗੁੱਸੇ ਵਿੱਚ ਆਏ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਕੁਝ ਆਸ ਦੀ ਕਿਰਨ ਵਿਖਾਈ ਦਿੱਤੀ ਅਤੇ ਲੋਕਾਂ ਨੇ ਇੱਕ ਤਰਫ਼ਾ ਹੋ ਕੇ ਇਸ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਮਜ਼ਬੂਤ ਸਰਕਾਰ ਹੋਂਦ ਵਿੱਚ ਆ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਨੂੰ ਰੋਕਣ ਲਈ ਆਪਣੇ ਕੀਤੇ ਵਾਅਦੇ ਅਨੁਸਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ। ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਆਗਾਜ਼ ਕੀਤਾ, ਜੋ ਅਜੇ ਵੀ ਚੱਲ ਰਹੀ ਹੈ। ਇਸ ਮੁਹਿੰਮ ਦਾ ਵੱਡੀ ਪੱਧਰ ’ਤੇ ਪ੍ਰਚਾਰ ਪ੍ਰਸਾਰ ਕੀਤਾ ਗਿਆ। ਛੋਟੇ ਛੋਟੇ ਨਸ਼ਾ ਤਸਕਰਾਂ, ਜਿਨ੍ਹਾਂ ਨੇ ਨਸ਼ੇ ਵੇਚ ਕੇ ਇਮਾਰਤਾਂ ਬਣਾਈਆਂ ਸਨ, ਉਹਨਾਂ ਬਿਲਡਿੰਗਾਂ ਉੱਤੇ ਜੇ ਸੀ ਬੀ ਮਸ਼ੀਨਾਂ ਵੀ ਚਲਾਈਆਂ। ਪਰ ਕਿਸੇ ਵੱਡੇ ਨਸ਼ਾ ਤਸਕਰ ਨੂੰ ਹੱਥ ਨਾ ਪਾਇਆ। ਪੁਲਿਸ ਦਾ ਸ਼ਿਕਾਰ ਨਸ਼ਾ ਸਪਲਾਈ ਕਰਨ ਵਾਲੇ ਛੋਟੇ ਛੋਟੇ ਤਸਕਰ ਜਾਂ ਨਸ਼ਾ ਕਰਨ ਵਾਲੇ ਹੀ ਹੋਏ। ਕੁਝ ਸਮਾਂ ਪਹਿਲਾਂ ਇੱਕ ਅਜਿਹੇ ਸਿਆਸਤਦਾਨ ਨੂੰ ਰਾਜ ਸਰਕਾਰ ਨੇ ਹੱਥ ਤਾਂ ਪਾਇਆ, ਜਿਸਨੂੰ ਪੰਜਾਬ ਦੇ ਲੋਕ ਸੂਬੇ ਵਿੱਚ ਨਸ਼ਿਆਂ ਦਾ ਮੁੱਢ ਬੰਨ੍ਹਣ ਵਾਲਾ ਕਹਿੰਦੇ ਰਹਿੰਦੇ ਹਨ, ਪਰ ਮੁਕੱਦਮਾ ਵੱਧ ਜਾਇਦਾਦ ਬਣਾਉਣ ਦਾ ਬਣਾਇਆ ਗਿਆ।
ਪੰਜਾਬ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਜਾਰੀ ਹੈ ਅਤੇ ਇਸਦੀ ਨਿਗਰਾਨੀ ਲਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਹੋਈ ਹੈ। ਹੁਣ ਸਵਾਲ ਉੱਠਦਾ ਹੈ ਕਿ ਰਾਜ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਪੰਜਾਬ ਸਰਕਾਰ ਅਤੇ ਪੁਲਿਸ ਕਿੰਨੀ ਕੁ ਸਫ਼ਲ ਹੈ ਅਤੇ ਨਿਗਰਾਨ ਕਮੇਟੀ ਦੀ ਭੂਮਿਕਾ ਕਿਹੋ ਜਿਹੀ ਹੈ? ਇਸਦਾ ਜਵਾਬ ਦੇਣ ਲਈ ਬੀਤੇ ਦਿਨੀਂ ਬਠਿੰਡਾ ਸ਼ਹਿਰ ਤੋਂ ਪ੍ਰਾਪਤ ਹੋਈਆਂ ਦੋ ਤਸਵੀਰਾਂ ਹੀ ਕਾਫ਼ੀ ਹਨ। ਪੰਜਾਬ ਸਰਕਾਰ ਵੱਲੋਂ ਪ੍ਰਚਾਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਕਮਰ ਤੋੜ ਦਿੱਤੀ ਹੈ। ਅਸਲ ਵਿੱਚ ਨਸ਼ਾ ਸਮਗਲਰਾਂ ਦੇ ਘਰਾਂ ਦੀ ਢਾਹ ਢੁਆਈ ਕਰਕੇ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਧਰਵਾਸ ਹੀ ਦਿੱਤਾ ਜਾ ਰਿਹਾ ਹੈ। ਸ਼ਹਿਰਾਂ ਦੇ ਖਾਲੀ ਪਲਾਟ ਅਤੇ ਇਮਾਰਤਾਂ ਨਸ਼ਿਆਂ ਦੇ ਅੱਡੇ ਬਣੇ ਹੋਏ ਹਨ। ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਨਸ਼ਾ ਵਰਤਿਆ ਜਾ ਰਿਹਾ ਹੈ, ਨੌਜਵਾਨੀ ਤਬਾਹ ਹੋ ਰਹੀ ਹੈ, ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ, ਇਹ ਹੀ ਸਚਾਈ ਹੈ।
ਸੱਚ ਪਰਤੱਖ ਕਰਦੀਆਂ ਹੈਰਾਨੀਜਨਕ ਇਹ ਦੋਵੇਂ ਤਸਵੀਰਾਂ ਕੁੜੀਆਂ ਦੀਆਂ ਹਨ। ਇੱਕ ਵੱਧ ਨਸ਼ੇ ਕਾਰਨ ਪਰਸਰਾਮ ਨਗਰ ਦੀ ਸੜਕ ਦੇ ਵਿਚਕਾਰ ਦੁਨੀਆਂ ਤੋਂ ਬੇਖ਼ਬਰ ਹੋਈ ਬੈਠੀ ਹੈ। ਦੂਜੀ ਪ੍ਰਤਾਪ ਨਗਰ ਵਿੱਚ ਇੱਕ ਕੁੜੀ ਇੱਟਾਂ ਰੋੜਿਆਂ ਵਿੱਚ ਸਿਰ ਲੁਕੋਈ ਬੈਠੀ ਹੈ। ਦੋਵੇਂ ਬੇਸੁਧੀ ਹਾਲਤ ਵਿੱਚ ਹਨ। ਨਾ ਉਹਨਾਂ ਨੂੰ ਆਸੇ ਪਾਸੇ ਦਾ ਕੋਈ ਧਿਆਨ ਹੈ ਅਤੇ ਨਾ ਹੀ ਆਪਣੇ ਲੀੜੇ ਕੱਪੜਿਆਂ ਦਾ। ਇਨ੍ਹਾਂ ਨੇ ਨਸ਼ਾ ਕਿੱਥੋਂ ਲਿਆਂਦਾ, ਕਿਹੜੇ ਤਸਕਰ ਨੇ ਸਪਲਾਈ ਕੀਤਾ, ਸ਼ਾਇਦ ਇਹ ਪਤਾ ਕਰਨਾ ਪੁਲਿਸ ਦਾ ਕੰਮ ਨਹੀਂ ਹੋਵੇਗਾ। ਬਸਤੀ ਬੀੜ ਤਲਾਬ ਦੇ ਘਰਾਂ ਦੀ ਬਠਿੰਡਾ ਪੁਲਿਸ ਕਈ ਵਾਰ ਤਲਾਸ਼ੀ ਕਰ ਚੁੱਕੀ ਹੈ। ਲੋਕਾਂ ਦੇ ਬਕਸਿਆਂ ਤਕ ਦੇ ਕੱਪੜੇ ਵੀ ਖਿਲਾਰ ਖਿਲਾਰ ਕੇ ਤਲਾਸ਼ੀ ਲਈ ਗਈ। ਪਰ ਨਸ਼ਿਆਂ ਦੀ ਓਵਰਡੋਜ਼ ਨਾਲ ਕਰੀਬ ਤਿੰਨ ਹਫਤਿਆਂ ਵਿੱਚ ਬਠਿੰਡਾ ਸ਼ਹਿਰ ਵਿੱਚ ਸੱਤ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਨੌਜਵਾਨ ਬੀੜ ਤਲਾਬ ਬਸਤੀ ਦੇ ਵੀ ਸ਼ਾਮਲ ਹਨ।
ਬਠਿੰਡਾ ਸ਼ਹਿਰ ਦੀਆਂ ਇਨ੍ਹਾਂ ਦੋਂਹ ਕੁੜੀਆਂ ਦੀਆਂ ਤਸਵੀਰਾਂ ਅਸਲ ਹਾਲਤ ਨੂੰ ਸਪਸ਼ਟ ਕਰਦੀਆਂ ਹਨ ਕਿ ਸੂਬੇ ਵਿੱਚ ਨਸ਼ਿਆਂ ਦੀ ਸਥਿਤੀ ਕੀ ਹੈ। ਜੇਕਰ ਨੌਜਵਾਨ ਕੁੜੀਆਂ ਇਸ ਹੱਦ ਤਕ ਨਸ਼ਿਆਂ ਦੀ ਮਾਰ ਹੇਠ ਆ ਚੁੱਕੀਆਂ ਹਨ ਤਾਂ ਨੌਜਵਾਨ ਮੁੰਡਿਆਂ ਦਾ ਕੀ ਹਾਲ ਹੋਵੇਗਾ, ਇਸਦਾ ਅੰਦਾਜ਼ਾ ਅਸਾਨੀ ਨਾਲ ਹੀ ਲਾਇਆ ਜਾ ਹੈ। ਸਰਕਾਰ ਅਤੇ ਪੁਲਿਸ ਦੇ ਦਾਅਵੇ ਸੱਚੇ ਹਨ ਜਾਂ ਨਹੀਂ, ਇਹ ਤਸਵੀਰਾਂ ਇਸ ਤੱਥ ਦਾ ਨਿਤਾਰਾ ਕਰਦੀਆਂ ਹਨ। ਕੀ ਮੁੱਖ ਮੰਤਰੀ ਕੋਈ ਜਾਵਬ ਦੇਣਗੇ? ਜਵਾਬ ਦੀ ਉਡੀਕ ਰਹੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (