BalwinderSBhullar7ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ...
(31 ਜਨਵਰੀ 2025)


ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇੱਕ ਫਰਵਰੀ ਨੂੰ ਪੰਜਾਬ ਦਾ ਦੌਰਾ ਕਰ ਰਹੇ ਹਨ। ਉਹ ਇਸ ਦਿਨ ਗੁਰੂ ਰਵਿਦਾਸ ਜੈਯੰਤੀ ਦੇ ਸਬੰਧ ਵਿੱਚ ਜਲੰਧਰ ਨੇੜੇ ਡੇਰਾ ਸੱਚ ਖੰਡ ਬੱਲਾਂ ਵਿਖੇ ਪਹੁੰਚਣਗੇ। ਇਸ ਡੇਰੇ ਨੂੰ ਰਵਿਦਾਸੀਆਂ ਅਤੇ ਰਮਦਾਸੀਆਂ ਦਾ ਕੇਂਦਰ ਮੰਨਿਆ ਜਾਂਦਾ ਹੈ। ਇਲਾਕੇ ਵਿੱਚ ਇਸ ਡੇਰੇ ਦੀ ਬਹੁਤ ਮਾਨਤਾ ਹੈ
, ਜਿਸਦੇ ਮੁਖੀ ਸੰਤ ਨਿਰੰਜਨ ਦਾਸ ਲੰਬੇ ਸਮੇਂ ਤੋਂ ਇਲਾਕੇ ਵਿੱਚ ਧਾਰਮਿਕ ਕੰਮਾਂ ਦੇ ਨਾਲ ਨਾਲ ਵਿਕਾਸ ਦੇ ਕੰਮਾਂ ਵਿੱਚ ਵੀ ਬਹੁਤ ਯੋਗਦਾਨ ਪਾ ਰਹੇ ਹਨ। ਸ੍ਰੀ ਮੋਦੀ ਦੇ ਇੱਥੇ ਪਹੁੰਚ ਕੇ ਗੁਰੂ ਰਵਿਦਾਸ ਨੂੰ ਸਿਜਦਾ ਕਰਨ ਦੇ ਪ੍ਰੋਗਰਾਮ ਨੂੰ ਸਮਾਜਿਕ ਸਦਭਾਵਨਾ ਦੀ ਮਜਬੂਤੀ ਅਤੇ ਗੁਰੂ ਰਵਿਦਾਸ ਦੇ ਵਿਚਾਰਾਂ ਨੂੰ ਮਾਨਤਾ ਦੇਣ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਗੁਰੂ ਰਵਿਦਾਸ ਮਹਾਨ ਯੁੱਗਪੁਰਸ਼ ਸਨ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਸਭ ਜਾਤਾਂ, ਧਰਮਾਂ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ। ਉਹਨਾਂ ਦਾ ਸਤਿਕਾਰ ਕਰਨਾ ਅਤੇ ਉਹਨਾਂ ਦੇ ਵਿਚਾਰਾਂ ਨੂੰ ਘਰ ਘਰ ਤੱਕ ਪੁੱਜਦਾ ਕਰਨਾ ਸ਼ੁਭ ਕਾਰਜ ਹੈ।

ਪ੍ਰਧਾਨ ਮੰਤਰੀ ਜੇਕਰ ਇਸ ਕਾਰਜ ਲਈ ਡੇਰਾ ਸੱਚਖੰਡ ਬੱਲਾਂ ਆਉਂਦੇ ਹਨ ਤਾਂ ਚੰਗੀ ਗੱਲ ਹੈ, ਪਰ ਜੇਕਰ ਉਹਨਾਂ ਦੀ ਮਨਸ਼ਾ ਰਾਜਨੀਤਕ ਲਾਹਾ ਲੈਣ ਦੀ ਹੈ ਤਾਂ ਲੋਕਾਂ ਨੂੰ ਸੋਚਣਾ ਪਵੇਗਾ। ਇਸ ਹਲਕੇ ਵਿੱਚ ਦਲਿਤਾਂ ਦਾ ਵੱਡਾ ਵੋਟ ਬੈਂਕ ਹੈ, ਜਿਸ ’ਤੇ ਡੇਰਾ ਬੱਲਾਂ ਦਾ ਬਹੁਤ ਪ੍ਰਭਾਵ ਹੈ। ਇਸ ਖੇਤਰ ਦੇ ਚਾਰ ਜਿਲ੍ਹਿਆਂ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ ਦਲਿਤ ਵੋਟਾਂ ਦੀ ਗਿਣਤੀ ਕਰੀਬ ਚਾਲੀ ਫੀਸਦੀ ਹੈ। ਏਨੀ ਗਿਣਤੀ ਵਿਧਾਨ ਸਭਾ ਚੋਣਾਂ ਵਿੱਚ ਨਤੀਜਾ ਬਦਲ ਦੇਣ ਦੀ ਸ਼ਕਤੀ ਰੱਖਦੀ ਹੈ। ਇਸ ਖੇਤਰ ਵਿੱਚ ਡੇਰਾ ਸੱਚਖੰਡ ਬੱਲਾਂ ਵੱਲੋਂ ਸਕੂਲ, ਕਾਲਜ, ਹਸਪਤਾਲ ਅਤੇ ਸਿਖਲਾਈ ਸੈਂਟਰ ਆਦਿ ਵੀ ਬਣਵਾਏ ਗਏ ਹਨ, ਜਿਸ ਕਰਕੇ ਇਸ ਡੇਰੇ ਦਾ ਦਲਿਤਾਂ ਤੋਂ ਇਲਾਵਾ ਦੂਜੀਆਂ ਜਾਤੀਆਂ ਦੇ ਲੋਕ ਵੀ ਸਤਿਕਾਰ ਕਰਦੇ ਹਨ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਹੁਣ ਤੋਂ ਤਿਆਰੀਆਂ ਅਰੰਭ ਦਿੱਤੀਆਂ ਹਨ। ਪੰਜਾਬ ਵਿੱਚ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਭਾਜਪਾ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਵਿਰੁੱਧ ਚੱਲੇ ਕਿਸਾਨ ਸੰਘਰਸ਼ ਸਮੇਂ ਟੁੱਟ ਗਿਆ ਸੀ। ਉਸ ਤੋਂ ਬਾਅਦ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਵੀ ਨਿਘਾਰ ਵੱਲ ਚਲਾ ਗਿਆ। ਪਰ ਹੁਣ ਇਹ ਦੋਵੇਂ ਪਾਰਟੀਆਂ ਹੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀਆਂ ਹਨ। ਇਹਨਾਂ ਦੋਵਾਂ ਪਾਰਟੀਆਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਲਈ ਯਤਨਸ਼ੀਲ ਹਨ। ਸ਼੍ਰੋਮਣੀ ਅਕਾਲੀ ਦਲ ਤਾਂ ਭਾਵੇਂ ਹੁਣ ਭਾਜਪਾ ਨਾਲ ਗੱਠਜੋੜ ਕਰਨ ਵੱਲ ਦਿਲਚਸਪੀ ਰੱਖਦਾ ਹੈ, ਪਰ ਇਸ ਵਾਰ ਭਾਜਪਾ ਪੰਜਾਬ ਵਿੱਚ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਨਿਤਰਣ ਦਾ ਮਨ ਬਣਾ ਚੁੱਕੀ ਹੈ। ਚੋਣਾਂ ਤੋਂ ਬਾਅਦ ਜੇਕਰ ਲੋੜ ਪਈ ਤਾਂ ਭਾਵੇਂ ਉਹ ਇਕੱਠੇ ਵੀ ਹੋ ਜਾਣ।

ਪੰਜਾਬ ਵਿੱਚ ਵੇਖਿਆ ਜਾਵੇ ਤਾਂ ਭਾਜਪਾ ਦਾ ਹਿੰਦੂ ਵੋਟ ’ਤੇ ਕਾਫ਼ੀ ਚੰਗਾ ਪ੍ਰਭਾਵ ਹੈ, ਪਰ ਕਿਸਾਨੀ ਵਿੱਚ ਉਹ ਅਜੇ ਪੈਰ ਜਮਾ ਨਹੀਂ ਸਕੀ। ਇਹ ਵੀ ਸਚਾਈ ਹੈ ਕਿ ਭਾਜਪਾ ਨੇ ਪੰਜਾਬ ਦੇ ਪਿੰਡਾਂ ਦੀ ਕਿਸਾਨੀ ਵਿੱਚ ਪਹੁੰਚ ਤਾਂ ਕਰ ਲਈ ਹੈ ਅਤੇ ਦੂਜੀਆਂ ਪਾਰਟੀਆਂ ਵਿੱਚੋਂ ਚੰਗੇ ਚੰਗੇ ਆਗੂ, ਵਰਕਰ ਆਪਣੀ ਪਾਰਟੀ ਵਿੱਚ ਰਲਾ ਕੇ ਕਿਸਾਨੀ ਵਿੱਚ ਪੈਰ ਧਰ ਲਏ ਹਨ, ਪਰ ਆਸ ਮੁਤਾਬਿਕ ਅਜੇ ਕਿਸਾਨਾਂ ਨੂੰ ਆਪਣੇ ਨਾਲ ਜੋੜ ਨਹੀਂ ਸਕੀ। ਇਸ ਕਰਕੇ ਭਾਜਪਾ ਨੇ ਆਪਣਾ ਰੁਖ਼ ਦਲਿਤ ਵੋਟ ਵੱਲ ਕੀਤਾ ਹੈ। ਦਲਿਤ ਵੋਟ ਨੂੰ ਹਾਸਲ ਕਰਨ ਲਈ ਭਾਜਪਾ ਡੇਰਿਆਂ ਨੂੰ ਸਹਾਈ ਸਮਝਦੀ ਹੈ। ਪੰਜਾਬ ਵਿੱਚ ਕਈ ਵੱਡੇ ਅਤੇ ਬਹੁਤ ਸਾਰੇ ਛੋਟੇ ਛੋਟੇ ਡੇਰੇ ਹਨ, ਜਿਹਨਾਂ ਦਾ ਦਲਿਤ ਵੋਟ ’ਤੇ ਵਧੇਰੇ ਅਸਰ ਹੈ। ਭਾਜਪਾ ਕਰੀਬ ਦੋ ਸਾਲਾਂ ਤੋਂ ਇਹਨਾਂ ਡੇਰਿਆਂ ’ਤੇ ਨਿਗਾਹ ਰੱਖ ਰਹੀ ਹੈ ਅਤੇ ਸੰਪਰਕ ਕਰ ਰਹੀ ਹੈ। ਭਾਜਪਾ ਆਗੂ ਡੇਰਿਆਂ ਵਿੱਚ ਪਹੁੰਚਦੇ ਹਨ, ਡੇਰਾ ਮੁਖੀਆਂ ਨਾਲ ਮੀਟਿੰਗਾਂ ਕਰਦੇ ਹਨ, ਅਸ਼ੀਰਵਾਦ ਲੈਂਦੇ ਹਨ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੇ ਵਾਅਦੇ ਕਰਦੇ ਹਨ। ਇਹ ਵੀ ਸੱਚ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਇਹਨਾਂ ਡੇਰਿਆਂ ਦੀ ਕਦਰ ਆਮ ਦਿਨਾਂ ਨਾਲੋਂ ਵਧ ਜਾਂਦੀ ਹੈ। ਲਗਭਗ ਹਰ ਪਾਰਟੀ ਦੇ ਆਗੂ ਹੀ ਵੋਟਾਂ ਹਾਸਲ ਕਰਨ ਲਈ ਡੇਰਾ ਮੁਖੀਆਂ ਦੀਆਂ ਮਿੰਨਤਾਂ ਕਰਦੇ ਹਨ ਅਤੇ ਡੇਰਿਆਂ ਵਾਲੇ ਸਾਰਿਆਂ ਨੂੰ ਹੀ ਅਸ਼ੀਰਵਾਦ ਦੇ ਕੇ ਤੋਰ ਦਿੰਦੇ ਹਨ। ਪਰ ਕੁਝ ਅਜਿਹੇ ਡੇਰੇ ਹਨ ਜੋ ਅੰਦਰੂਨੀ ਤੌਰ ’ਤੇ ਆਪਣੇ ਸਰਧਾਲੂਆਂ ਨੂੰ ਕਿਸੇ ਪਾਰਟੀ ਜਾਂ ਉਮੀਦਵਾਰ ਦੀ ਮਦਦ ਕਰਨ ਦੇ ਸੁਨੇਹੇ ਪਹੁੰਚਾ ਦਿੰਦੇ ਹਨ।

ਡੇਰਾ ਸੱਚਖੰਡ ਬੱਲਾਂ ਦੇ ਵੀ ਲੱਖਾਂ ਸਰਧਾਲੂ ਹਨ ਅਤੇ ਡੇਰਾ ਮੁਖੀ ਦੇ ਹੁਕਮਾਂ ਨੂੰ ਇਲਾਹੀ ਫੁਰਮਾਨ ਹੀ ਮੰਨਦੇ ਹਨ। ਇਸ ਕਰਕੇ ਸਾਰੀਆਂ ਪਾਰਟੀਆਂ ਦੀ ਦਲਿਤ ਵੋਟਾਂ ਹਾਸਲ ਕਰਨ ਦੀ ਨਜ਼ਰ ਇਸ ਡੇਰੇ ਵੱਲ ਰਹਿੰਦੀ ਹੈ। ਭਾਜਪਾ ਜਦ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ ਦੀ ਅਗਲੀ ਸਰਕਾਰ ਉਹ ਇਕੱਲਿਆਂ ਚੋਣ ਲੜ ਕੇ ਬਣਾਏਗੀ, ਤਾਂ ਉਸਨੇ ਡੇਰਿਆਂ ਵੱਲ ਵੀ ਧਿਆਨ ਵਧਾ ਲਿਆ ਹੈ। ਗਣਤੰਤਰ ਦਿਵਸ ਤੋਂ ਪਹਿਲੀ ਸ਼ਾਮ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਆ ਗਿਆ ਹੈ। ਹੁਣ ਪਹਿਲੀ ਫਰਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਡੇਰਾ ਬੱਲਾਂ ਵਿਖੇ ਪਹੁੰਚ ਰਹੇ ਹਨ। ਭਾਵੇਂ ਇਸ ਫੇਰੀ ਨੂੰ ਸਦਭਾਵਨਾ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਪਰ ਪੰਜਾਬ ਦੇ ਲੋਕ ਡੇਰਾ ਮੁਖੀ ਦੇ ਸਨਮਾਨ ਅਤੇ ਪ੍ਰਧਾਨ ਮੰਤਰੀ ਦੇ ਡੇਰਾ ਦੌਰੇ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਹੀ ਵੇਖ ਰਹੇ ਹਨ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author