“ਤੁਸੀਂ ਸਾਡੇ ਪਿਤਾ ਵਰਗੇ ਹੋ, ਸਾਨੂੰ ਖੁਸ਼ੀ ਹੋਈ ਹੈ। ਮਾਪਿਆਂ ਦੀ ਸੇਵਾ ਕਰਕੇ ...”
(9 ਜਨਵਰੀ 2026)
ਫਿਲਾਸਫਰ ਕਨਫਿਊਸੀਅਸ ਨੇ ਕਿਹਾ ਸੀ, “ਦੂਜਿਆਂ ਦਾ ਖਿਆਲ ਰੱਖਣਾ ਅਤੇ ਉਹਨਾਂ ਦੀ ਚਿੰਤਾ ਕਰਨੀ ਇੱਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ।” ਇਹ ਵਿਚਾਰ ਪੰਜਾਬੀਆਂ ’ਤੇ ਪੂਰੇ ਢੁਕਦੇ ਹਨ। ਦੁਨੀਆਂ ਭਰ ਵਿੱਚ ਕਿਤੇ ਵੀ ਮਨੁੱਖਤਾ ’ਤੇ ਬਿਪਤਾ ਪਵੇ, ਪੰਜਾਬੀ ਆਪਣਾ ਸਭ ਕੁਝ ਛੱਡ ਕੇ ਸੇਵਾ ਵਿੱਚ ਜੁਟ ਜਾਂਦੇ ਹਨ। ਉਹ ਸਮਝਦੇ ਹਨ ਕਿ ਪਰਉਪਕਾਰੀ ਦੇ ਹਿਰਦੇ ਵਿੱਚ ਪ੍ਰਭੂ ਦਾ ਵਾਸ ਹੁੰਦਾ ਹੈ।
ਵਤਨ ਵਾਸੀਆਂ ਨੂੰ ਦੇਖਦਿਆਂ ਹੀ ਮੋਹ ਸਦਕਾ ਪੰਜਾਬੀ ਇੱਕ ਦੂਜੇ ਪ੍ਰਤੀ ਨਿਛਾਵਰ ਹੀ ਹੋ ਜਾਂਦੇ ਹਨ। ਧੀਆਂ ਨੂੰ ਬਜ਼ੁਰਗਾਂ ਦੇ ਚਿਹਰੇ ਵਿੱਚੋਂ ਬਾਪੂ ਦਾ ਅਕਸ ਵਿਖਾਈ ਦੇਣ ਲੱਗ ਜਾਂਦਾ ਹੈ। ਮੁੰਡਿਆਂ ਵਿੱਚ ਸਮਰੱਥਾ ਅਨੁਸਾਰ ਸੇਵਾ, ਸਹਿਯੋਗ ਕਰਨ ਦੀ ਇੱਛਾ ਪ੍ਰਗਟ ਹੋ ਜਾਂਦੀ ਹੈ। ਮੈਨੂੰ ਵਿਦੇਸ਼ ਦੇ ਦੌਰੇ ਦੌਰਾਨ ਕਈ ਵਾਰ ਪੰਜਾਬੀ ਬੱਚਿਆਂ ਦੇ ਅਹਿਸਾਸ ਦਾ ਅਜਿਹਾ ਅਸਰ ਵਿਖਾਈ ਦਿੱਤਾ ਪਰ ਮਲੇਸ਼ੀਆ ਦੇ ਏਅਰਪੋਰਟ ਕੁਆਲਾਲੰਪਰ ਵਿਖੇ ਇੱਕ ਪੰਜਾਬੀ ਜੋੜੇ ਨਾਲ ਹੋਇਆ ਕੁਝ ਪਲਾਂ ਦਾ ਮੋਹ-ਮਿਲਣ ਤਾਂ ਯਾਦਗਾਰੀ ਹੀ ਹੋ ਨਿੱਬੜਿਆ।
ਮੇਰੀ ਆਸਟ੍ਰੇਲੀਆ ਤੋਂ ਦਿੱਲੀ ਦੀ ਫਲਾਈਟ ਦੌਰਾਨ ਇੱਕ ਘੰਟਾ ਬਾਲੀ ਅਤੇ ਤਿੰਨ ਘੰਟੇ ਕੁਆਲਾਲੰਪਰ ਦੀ ਸਟੇਅ ਸੀ। ਮੇਰੇ ਗੋਡੇ ਦੀ ਤਕਲੀਫ ਕਾਰਨ ਵੀਲ ਚੇਅਰ ਬੁੱਕ ਕਰਵਾਈ ਹੋਈ ਸੀ। ਜਹਾਜ਼ ਕੁਆਲਾਲੰਪਰ ਉੱਤਰਿਆ ਪਰ ਵੀਲ ਚੇਅਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ। ਮੈਂ ਮੁਸ਼ਕਿਲ ਨਾਲ ਚੱਲ ਕੇ ਇੱਕ ਪਾਸੇ ਬੈਂਚ ’ਤੇ ਜਾ ਬੈਠਾ। ਕੋਲ ਹੀ ਦਿੱਲੀ ਦਾ ਇੱਕ ਬਜ਼ੁਰਗ ਜੋੜਾ ਵੀ ਆ ਬੈਠਾ। ਸਾਨੂੰ ਇਸ ਲੰਬੀ ਸਟੇਅ ਹੋਣ ਸਦਕਾ ਚਾਹ ਕੌਫੀ ਦੀ ਇੱਛਾ ਹੋਈ। ਮੈਂ ਉਹਨਾਂ ਨੂੰ ਬੈਠੇ ਰਹਿਣ ਲਈ ਕਹਿ ਕੇ ਏਅਰਪੋਰਟ ਵਿੱਚ ਚਾਹ-ਕੌਫੀ ਦੀ ਦੁਕਾਨ ਦੀ ਭਾਲ ਕਰਨ ਲੱਗਾ। ਇੱਕ ਦੁਕਾਨ ਮਿਲ ਗਈ ਤਾਂ ਮੈਂ ਕਾਊਂਟਰ ’ਤੇ ਖੜ੍ਹੀ ਮਲੇਸ਼ੀਅਨ ਲੜਕੀ ਨੂੰ ਪਾਣੀ ਦੀਆਂ ਦੋ ਬੋਤਲਾਂ ਅਤੇ ਤਿੰਨ ਕੱਪ ਕੌਫੀ ਦਾ ਆਰਡਰ ਕੀਤਾ ਅਤੇ ਉਸਨੂੰ ਆਸਟ੍ਰੇਲੀਆਈ ਡਾਲਰ ਦੇਣ ਲੱਗਾ। ਪਰ ਉਸ ਲੜਕੀ ਨੇ ਕਿਹਾ, “ਨੋ, ਪਲੀਜ਼ ਮਲੇਸ਼ੀਅਨ ਕਰੰਸੀ।” ਮੈਂ ਉਸਨੂੰ ਮਲੇਸ਼ੀਅਨ ਕਰੰਸੀ ਨਾ ਹੋਣ ਦਾ ਦੱਸਿਆ ਤਾਂ ਉਸਨੇ ‘ਸੌਰੀ’ ਕਹਿ ਦਿੱਤਾ ਅਤੇ ਮੈਂ ਵਾਪਸ ਆ ਗਿਆ।
ਇਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਜੋੜਾ ਸਾਡੇ ਕੋਲ ਆਇਆ ਅਤੇ ਲੜਕੇ ਨੇ ਸਾਡੀ ਫਲਾਈਟ ਬਾਰੇ ਪੁੱਛ ਕੇ ਦੱਸਿਆ ਕਿ ਇਸ ਫਲਾਈਟ ਦਾ ਗੇਟ ਨੰਬਰ ਬਦਲ ਦਿੱਤਾ ਗਿਆ ਹੈ। ਉਸਨੇ ਸਾਡੇ ਬੋਰਡਿੰਗ ਕਾਰਡ ਲਏ ਅਤੇ ਟਰਾਂਸਫਰ ਕਾਊਂਟਰ ਤੋਂ ਗੇਟ ਨੰਬਰ ਜੀ 8 ਦੀ ਥਾਂ ਐੱਚ 2 ਵਾਲੇ ਕਾਰਡ ਲੈ ਕੇ ਦਿੱਤੇ। ਫੇਰ ਉਹ ਕਹਿਣ ਲੱਗੇ ਕਿ ਚੱਲੋ ਤੁਹਾਨੂੰ ਗੇਟ ਵੀ ਦੱਸ ਦੇਈਏ। ਉਹ ਪੜ੍ਹੇ ਲਿਖੇ ਅਤੇ ਆਸਟ੍ਰੇਲੀਆ ਦੇ ਵਸਨੀਕ ਸਨ। ਉਹ ਆਪਣਾ ਸਮਾਨ ਲੈ ਕੇ ਸਾਡੇ ਨਾਲ ਚੱਲਣ ਲੱਗੇ ਤਾਂ ਲੜਕੀ ਨੇ ਆਪਣੇ ਚਾਰ ਕੁ ਸਾਲ ਦੇ ਪੁੱਤਰ ਨੂੰ ‘ਸੱਜਣ’ ਕਹਿ ਕੇ ਆਵਾਜ਼ ਮਾਰੀ। ਮੈਂ ਇਹ ਸੁਣਦਿਆਂ ਹੱਸ ਕੇ ਕਿਹਾ, “‘ਬੇਟਾ ਤੁਸੀਂ ਬੜਾ ਪੁਰਾਣਾ ਨਾਂ ਰੱਖਿਆ ਹੈ ਬੱਚੇ ਦਾ, ਇਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਆਸਟ੍ਰੇਲੀਆ ਰਹਿੰਦੇ ਹੋਏ ਪੰਜਾਬ ਨੂੰ ਯਾਦ ਰੱਖਿਆ ਹੈ, ਬਹੁਤ ਖੁਸ਼ੀ ਹੈ।” ਉਹ ਲੜਕੀ ਵੀ ਬਹੁਤ ਖੁਸ਼ ਹੋਈ।
ਅਸੀਂ ਗੇਟ ਵੱਲ ਜਾ ਰਹੇ ਸੀ ਤਾਂ ਉਸ ਲੜਕੇ ਨੇ ਕਿਹਾ ਕਿ ਤੁਹਾਡੀ ਸਟੇਅ ਕਾਫ਼ੀ ਲੰਬੀ ਹੈ. ਤੁਸੀਂ ਇੱਥੇ ਚਾਹ ਕੌਫੀ ਪੀ ਕੇ ਗੇਟ ’ਤੇ ਆ ਕੇ ਬੈਠ ਜਾਇਓ। ਮੈਂ ਉਸਨੂੰ ਦੱਸਿਆ ਕਿ ਕਾਕਾ ਕੌਫੀ ਤਾਂ ਪੀਣੀ ਸੀ ਪਰ ਇੱਥੇ ਆਸਟ੍ਰੇਲੀਅਨ ਡਾਲਰ ਨਹੀਂ ਚਲਦੇ। ਇਹ ਸੁਣ ਕੇ ਉਸਨੇ ਸਾਨੂੰ ਗੇਟ ਬਾਰੇ ਜਾਣਕਾਰੀ ਦਿੱਤੀ ਅਤੇ ਫੇਰ ਕਿਹਾ, ਚੱਲੋ ਕੋਫੀ ਪੀ ਕੇ ਆਈਏ। ਉਹ ਸਾਨੂੰ ਕੌਫੀ ਦੁਕਾਨ ’ਤੇ ਲੈ ਗਏ। ਲੜਕਾ ਪਾਣੀ ਅਤੇ ਕੌਫ਼ੀ ਲੈਣ ਲਈ ਲਾਈਨ ਵਿੱਚ ਖੜ੍ਹ ਗਿਆ ਅਤੇ ਲੜਕੀ ਕੁਰਸੀਆਂ ਚੁੱਕ ਕੇ ਸਾਡੇ ਲਈ ਡਾਹੁਣ ਲੱਗੀ। ਸਾਨੂੰ ਸਤਿਕਾਰ ਨਾਲ ਬਿਠਾਇਆ ਅਤੇ ਫੇਰ ਗੱਲੀਂ ਲੱਗ ਗਈ। ਉਸਨੇ ਦੱਸਿਆ ਕਿ ਉਹ ਦੰਦਾਂ ਦੀ ਡਾਕਟਰ ਹੈ। ਉਸਦੇ ਪੇਕੇ ਫਗਵਾੜੇ ਹਨ ਅਤੇ ਉਸਦਾ ਪਤੀ ਇੰਜਨੀਅਰ ਹੈ, ਜੋ ਨਵਾਂ ਸ਼ਹਿਰ ਤੋਂ ਹੈ। ਉਹ ਮੇਰੇ ਨਾਲ ਇਉਂ ਖੁੱਲ੍ਹ ਕੇ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ, ਜਿਵੇਂ ਸਾਡੇ ਘਰ ਦੀ ਹੀ ਧੀ ਹੋਵੇ। ਮੈਂ, ਦਿੱਲੀ ਵਾਲੇ ਬਜ਼ੁਰਗਾਂ ਅਤੇ ਉਸ ਨੌਜਵਾਨ ਜੋੜੇ ਨੇ ਇਕੱਠਿਆਂ ਇੱਕ ਪਰਿਵਾਰ ਵਾਂਗ ਬੈਠ ਕੇ ਕੌਫ਼ੀ ਪੀਤੀ ਅਤੇ ਮੋਹ ਭਰੀਆਂ ਗੱਲਾਂਬਾਤਾਂ ਕੀਤੀਆਂ। ਫੇਰ ਮੈਂ ਲੜਕੇ ਨੂੰ ਆਸਟ੍ਰੇਲੀਆਈ ਡਾਲਰ ਦੇਣੇ ਚਾਹੇ ਤਾਂ ਉਹ ਲੜਕੀ ਕਹਿਣ ਲੱਗੀ, “ਤੁਸੀਂ ਸਾਡੇ ਪਿਤਾ ਵਰਗੇ ਹੋ, ਸਾਨੂੰ ਖੁਸ਼ੀ ਹੋਈ ਹੈ। ਮਾਪਿਆਂ ਦੀ ਸੇਵਾ ਕਰਕੇ ਅਨੰਦ ਮਿਲਦਾ ਹੈ। ਡਾਲਰ ਵਾਲੀ ਤਾਂ ਗੱਲ ਹੀ ਨਾ ਕਰੋ, ਹੋਰ ਦੱਸੋ ਕੀ ਸੇਵਾ ਕਰੀਏ?”
ਮੈਨੂੰ ਸੱਚਮੁੱਚ ਹੀ ਇਉਂ ਲੱਗਿਆ ਜਿਵੇਂ ਗੁਆਚੀ ਹੋਈ ਧੀ ਕਿਤੋਂ ਮਿਲ ਗਈ ਹੋਵੇ। ਫੇਰ ਅਸੀਂ ਇਕੱਠਿਆਂ ਫੋਟੋ ਖਿਚਵਾਈ ਅਤੇ ਉਹ ਸਾਡੇ ਕੋਲੋਂ ਇਉਂ ਵਿਦਾ ਹੋਏ ਜਿਵੇਂ ਬੱਚੇ ਆਪਣੇ ਮਾਂ ਬਾਪ ਨੂੰ ਏਅਰਪੋਰਟ ਤੋਂ ਜਹਾਜ਼ ਚੜ੍ਹਾ ਕੇ ਜਾਂਦੇ ਹੋਣ। ਮੈਨੂੰ ਇਸ ਗੱਲੋਂ ਤਸੱਲੀ ਹੋਈ ਕਿ ਪੰਜਾਬੀ ਭਾਵੇਂ ਹੋਰ ਕਿਸੇ ਦੇਸ਼ ਦੇ ਵਸਨੀਕ ਵੀ ਬਣ ਗਏ ਹੋਣ, ਪਰ ਉਹਨਾਂ ਦੇ ਦਿਲਾਂ ਵਿੱਚੋਂ ਦੂਜਿਆਂ ਦਾ ਭਲਾ ਅਤੇ ਚਿੰਤਾ ਕਰਨ ਦਾ ਗੁਣ ਕੱਢਿਆ ਨਹੀਂ ਜਾ ਸਕਦਾ।
ਇਹ ਅੱਧੇ ਕੁ ਘੰਟੇ ਦਾ ਮੇਲ ਜੋਲ ਮੇਰੇ ਲਈ ਯਾਦਗਾਰੀ ਮਿਲਣੀ ਬਣ ਗਿਆ। ਮੈਂ ਸੰਗਦਾ ਸੰਗਦਾ ਹੋਇਆ ਉਹਨਾਂ ਦੇ ਨਾਂ ਹੀ ਨਾ ਪੁੱਛ ਸਕਿਆ ਅਤੇ ਨਾ ਹੀ ਅਡਰੈੱਸ। ਹੁਣ ਮੈਨੂੰ ਉਹਨਾਂ ਨਾਲ ਮੁੜ ਸੰਪਰਕ ਨਾ ਹੋ ਸਕਣ ਦਾ ਬਹੁਤ ਦੁੱਖ ਹੋ ਰਿਹਾ ਹੈ, ਪਰ ਉਹਨਾਂ ਨੂੰ ਭੁਲਾ ਨਹੀਂ ਸਕਦਾ। ਉਹਨਾਂ ਦੇ ਹੱਸਦੇ ਚਿਹਰੇ ਦਿਸਦੇ ਰਹਿੰਦੇ ਹਨ। ਮੋਹ ਮੈਨੂੰ ਝੰਜੋੜਾ ਦਿੰਦਾ ਹੋਇਆ ਅਹਿਸਾਸ ਕਰਾਉਂਦਾ ਰਹਿੰਦਾ ਹੈ ਕਿ ਇਹ ਮੋਹ ਸਿਰਫ ਤੇ ਸਿਰਫ ਪੰਜਾਬੀ ਧੀਆਂ ਪੁੱਤਾਂ ਦੇ ਹਿਰਦਿਆਂ ਵਿੱਚ ਹੀ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਤਸੱਲੀ ਹੁੰਦੀ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


















































































































