“ਹੁਣ ਮੁੱਖ ਮੰਤਰੀ ਨੇ ਭਾਵੇਂ ਹਾਈਕਮਾਂਡ ਦੇ ਆਗੂਆਂ ਵਿਰੁੱਧ ਬੋਲਣ ਤੋਂ ਤਾਂ ਸੰਕੋਚ ਹੀ ਵਰਤਿਆ ਪਰ ...”
(18 ਸਤੰਬਰ 2025)
ਸੰਸਾਰ ਪ੍ਰਸਿੱਧ ਵਿਦਵਾਨ ਬਰਿੰਗਮ ਯੰਗ ਦਾ ਕਹਿਣਾ ਹੈ ਕਿ ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ, ਜੋ ਦੌਲਤ ਅਤੇ ਸ਼ੋਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਮਜ਼ਬੂਤ ਬਹੁਮਤ ਵਾਲੀ ਸਰਕਾਰ ਹੈ। ਲੰਬੇ ਸਮੇਂ ਤੋਂ ਸੂਬੇ ਵਿੱਚ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਪਾਸੇ ਧੱਕ ਕੇ ਪੰਜਾਬ ਵਾਸੀਆਂ ਨੇ ਇੱਕਤਰਫ਼ਾ ਤੌਰ ’ਤੇ ਸਹਿਯੋਗ ਦਿੰਦਿਆਂ ਇਹ ਸਰਕਾਰ ਸਥਾਪਤ ਕੀਤੀ ਸੀ। ਪਰ ਕੀ ਇਹ ਸਰਕਾਰ ਉਪਰੋਕਤ ਵਿਚਾਰਾਂ ਲੋਕ ਕਲਿਆਣ ਅਤੇ ਸੇਵਾ ’ਤੇ ਖ਼ਰੀ ਉੱਤਰਦੀ ਹੈ। ਜੇਕਰ ਅੱਜ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਇਹ ਸਵਾਲ ਕੀਤਾ ਜਾਵੇ ਤਾਂ ਉਹ ‘ਨਾਂਹ’ ਵਿੱਚ ਹੀ ਉੱਤਰ ਦੇਵੇਗਾ। ਪੰਜਾਬ ਦੇ ਲੋਕਾਂ ਨੇ ਰਾਜਸੱਤਾ ਭੋਗ ਚੁੱਕੀਆਂ ਪਾਰਟੀਆਂ ਦੀਆਂ ਮਨਮਾਨੀਆਂ ਅਤੇ ਭ੍ਰਿਸ਼ਟਾਚਾਰ ਤੋਂ ਸੂਬੇ ਨੂੰ ਬਚਾਉਣ ਲਈ ਨਵੀਂ ਪੈਦਾ ਹੋਈ ਇਸ ਪਾਰਟੀ ’ਤੇ ਉਮੀਦ ਰੱਖਦਿਆਂ ਇਸ ਨੂੰ ਸਾਥ ਦਿੱਤਾ ਸੀ। ਪਰ ਹੁਣ ਲੋਕ ਨਿਰਾਸ਼ ਹਨ ਕਿ ਰਾਜ ਸਰਕਾਰ ਆਸਾਂ ’ਤੇ ਖ਼ਰੀ ਨਹੀਂ ਉੱਤਰੀ। ਸਰਕਾਰ ਦਾ ਖ਼ਰੀ ਨਾ ਉੱਤਰ ਸਕਣਾ ਬਹੁਤਾ ਚਿੰਤਾ ਦਾ ਵਿਸ਼ਾ ਨਹੀਂ, ਸਗੋਂ ਵੱਧ ਚਿੰਤਾ ਦਾ ਵਿਸ਼ਾ ਹੈ ਕਿ ਖ਼ਰੀ ਉੱਤਰ ਕਿਉਂ ਨਹੀਂ ਸਕੀ?
ਇਹ ਹੋਣਾ ਹੀ ਸੀ। ਲਾਰਡ ਐਕਟਨ ਦੇ ਵਿਚਾਰ ਹਨ ਕਿ ਹਕੂਮਤ ਇਨਸਾਨ ਨੂੰ ਭ੍ਰਿਸ਼ਟ ਬਣਾਉਂਦੀ ਹੈ ਅਤੇ ਨਿਰੰਕੁਸ਼ ਹਕੂਮਤ ਤਾਂ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ। ਪਰ ਜੇਕਰ ਹਕੂਮਤ ਬਣਨ ਦੀ ਨੀਂਹ ਹੀ ਭ੍ਰਿਸ਼ਟਾਚਾਰ ਅਤੇ ਅਪਰਾਧਾਂ ਉੱਪਰ ਰੱਖੀ ਜਾਵੇ, ਫਿਰ ਤਾਂ ‘ਅੱਲਾ ਹੀ ਰਾਖਾ’ ਵਾਲੀ ਕਹਾਵਤ ਨੂੰ ਹੀ ਸਾਹਮਣੇ ਰੱਖਣਾ ਪਵੇਗਾ। ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਚਲਾ ਰਹੇ ਸਿਆਸਤ ਵੀ ਦੁੱਧ ਧੋਤੇ ਤਾਂ ਨਹੀਂ ਸਨ, ਪਰ ਉਹਨਾਂ ਤੋਂ ਅੱਕ ਕੇ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਗਲ ਨਾਲ ਲਾਇਆ ਸੀ। ਲੋਕਾਂ ਨੇ ਮਾਣ-ਤਾਣ ਵੀ ਦਿੱਤਾ, ਸਹਿਯੋਗ ਵੀ ਦਿੱਤਾ ਅਤੇ ਮਜ਼ਬੂਤ ਸਰਕਾਰ ਸਥਾਪਤ ਕਰ ਦਿੱਤੀ। ਪਰ ਸਰਕਾਰ ਬਣਨ ਤੋਂ ਬਾਅਦ ਜੋ ਇਸ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਨੇ ਗੁੱਲ ਖਿਲਾਏ, ਅੱਜ ਸਭ ਦੇ ਸਾਹਮਣੇ ਹਨ।
ਇਸ ਸਰਕਾਰ ਨੂੰ ਸਥਾਪਤ ਹੋਇਆ ਕੁਝ ਮਹੀਨੇ ਹੀ ਹੋਏ ਸਨ, ਜਦੋਂ ਇੱਕ ਮੰਤਰੀ ਵਿਜੈ ਸਿੰਗਲਾ, ਜੋ ਮਾਨਸਾ ਤੋਂ ਚੋਣ ਜਿੱਤਿਆ ਸੀ, ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਵਿਜੀਲੈਂਸ ਬਿਓਰੋ ਨੇ ਗ੍ਰਿਫਤਾਰ ਕਰ ਲਿਆ। ਉਸ ਨੂੰ ਕੈਬਨਿਟ ਵਿੱਚੋਂ ਕੱਢਣਾ ਪਿਆ। ਉਹ ਜੇਲ੍ਹ ਗਿਆ ਅਤੇ ਲੰਬਾ ਸਮਾਂ ਮੁਕੱਦਮਾ ਵੀ ਚਲਦਾ ਰਿਹਾ। ਫਿਰ ਉਸ ਨੂੰ ਦੋਸ਼ ਮੁਕਤ ਕਰਾਰ ਵੀ ਦਿੱਤਾ ਗਿਆ, ਪਰ ਅਜੇ ਵੀ ਲੋਕਾਂ ਵਿੱਚ ਉਸਦੀ ਛਵ੍ਹੀ ਨੂੰ ਸਾਫ਼ ਨਹੀਂ ਮੰਨਿਆ ਜਾ ਰਿਹਾ। ਇਸ ਤੋਂ ਬਾਅਦ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਬਿਓਰੋ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਸ ਨੂੰ ਵੀ ਜੇਲ੍ਹ ਜਾਣਾ ਪਿਆ ਅਤੇ ਹਾਈਕੋਰਟ ਤੋਂ ਜ਼ਮਾਨਤ ਕਰਵਾ ਕੇ ਬਾਹਰ ਆਇਆ। ਰਿਸ਼ਵਤ ਦਾ ਇਹ ਮੁਕੱਦਮਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਇਸ ਤੋਂ ਬਾਅਦ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਉਸ ਨੂੰ ਵੀ ਜੇਲ੍ਹ ਜਾਣਾ ਪਿਆ। ਹਾਈਕੋਰਟ ਤੋਂ ਜ਼ਮਾਨਤ ਕਰਵਾ ਕੇ ਬਾਹਰ ਆਇਆ ਤਾਂ ਫਿਰ ਫੜਿਆ ਗਿਆ। ਹੁਣ ਤੀਜੀ ਵਾਰ ਉਹ ਲੈਣ ਦੇਣ ਦੇ ਅਜਿਹੇ ਕੇਸ ਵਿੱਚ ਫੜਿਆ ਗਿਆ ਹੈ। ਉਸ ਵਿਰੁੱਧ ਅਦਾਲਤ ਵਿੱਚ ਮੁਕੱਦਮੇ ਚੱਲ ਰਹੇ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਉੱਤੇ ਔਰਤ ਨਾਲ ਛੇੜਛਾੜ ਅਤੇ ਬਲਾਤਕਾਰ ਆਦਿ ਦਾ ਕੇਸ ਦਰਜ ਹੋ ਚੁੱਕਾ ਹੈ। ਪੁਲਿਸ ਉਸਦੀ ਭਾਲ ਕਰਦੀ ਹੋਈ ਹਰਿਆਣਾ ਦੇ ਸ਼ਹਿਰ ਕਰਨਾਲ ਤਕ ਵੀ ਪਹੁੰਚ ਗਈ ਸੀ ਪਰ ਉਹ ਕਾਬੂ ਨਹੀਂ ਆਇਆ। ਭਾਵੇਂ ਇਹ ਮਾਮਲਾ ਕਈ ਸਾਲ ਪੁਰਾਣਾ ਹੈ ਅਤੇ ਉਸ ਵਿਰੁੱਧ ਕਾਰਵਾਈ ਬਹੁਤ ਦੇਰ ਬਾਅਦ ਉਸ ਸਮੇਂ ਕੀਤੀ ਗਈ, ਜਦੋਂ ਉਹ ਆਪਣੀ ਪਾਰਟੀ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗ ਪਿਆ ਅਤੇ ਹਾਈਕਮਾਂਡ ਦੇ ਆਗੂਆਂ ਦੀਆਂ ਕਾਲੀਆਂ ਕਰਤੂਤਾਂ ਪਰਤੱਖ ਕਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਪਰ ਇਹ ਮਾਮਲਾ ਵੱਖਰਾ ਹੈ, ਬਲਾਤਕਾਰ ਅਤੇ ਛੇੜਛਾੜ ਦਾ ਕੇਸ ਤਾਂ ਪਹਿਲਾਂ ਤੋਂ ਦਰਜ ਹੈ। ਆਦਲਤੀ ਫੈਸਲੇ ਤਕ ਦੋਸ਼ ਮੁਕਤ ਵੀ ਨਹੀਂ ਮੰਨਿਆ ਜਾ ਸਕਦਾ।
ਹੁਣ ਇੱਕ ਮਾਮਲਾ ਹੋਰ ਸਾਹਮਣੇ ਆਇਆ ਹੈ, ਜਦੋਂ ਤਰਨਤਾਰਨ ਦੀ ਮਾਨਯੋਗ ਅਦਾਲਤ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਇਹ ਮੁਕੱਦਮਾ ਸਾਲ 2013 ਦਾ ਹੈ, ਜਦੋਂ ਪਿੰਡ ਉਸਮਾ ਦੀ ਇੱਕ ਨੌਜਵਾਨ ਕੁੜੀ ਨਾਲ ਕੁਝ ਟੈਕਸੀ ਡਰਾਈਵਰਾਂ ਨੇ ਛੇੜਛਾੜ ਕੀਤੀ ਸੀ ਅਤੇ ਕੁੜੀ ਵੱਲੋਂ ਇਤਰਾਜ਼ ਕਰਨ ’ਤੇ ਕਥਿਤ ਗੁੰਡਿਆਂ ਨੇ ਉਸਦੀ ਕੁੱਟਮਾਰ ਕੀਤੀ, ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਪੁਲਿਸ ਨੇ ਵੀ ਗੁੰਡਿਆਂ ਦਾ ਸਾਥ ਦਿੱਤਾ। ਇਸ ਅਤੀ ਮਾੜੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਇਹ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਵੀ ਸ਼ਾਮਲ ਸੀ, ਜੋ ਬਾਅਦ ਵਿੱਚ ਵਿਧਾਇਕ ਬਣਿਆ। ਪੀੜਿਤ ਲੜਕੀ ਨੇ ਬੜੀ ਦਲੇਰੀ ਨਾਲ ਲੰਬੀ ਲੜਾਈ ਲੜੀ ਅਤੇ ਹੁਣ ਅਦਾਲਤ ਨੇ ਵਿਧਾਇਕ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ ਹੈ।
ਹੁਣ ਸਵਾਲ ਉੱਠਦਾ ਹੈ ਕਿ ਜਦੋਂ ਸਰਕਾਰ ਵਿੱਚ ਅਜਿਹੇ ਭ੍ਰਿਸ਼ਟਾਚਾਰੀ ਜਾਂ ਅਪਰਾਧੀ ਬੈਠੇ ਹੋਣ, ਫਿਰ ਲੋਕ ਕਲਿਆਣ ਜਾਂ ਸੇਵਾ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਇਨ੍ਹਾਂ ਲੋਕਾਂ ਦਾ ਚਾਲਚੱਲਣ ਵਿਧਾਇਕ ਬਣਨ ਤੋਂ ਬਾਅਦ ਨਹੀਂ ਤਬਦੀਲ ਹੋਇਆ, ਪਹਿਲਾਂ ਹੀ ਅਜਿਹਾ ਸੀ। ਫਿਰ ਉਹਨਾਂ ਨੂੰ ਟਿਕਟਾਂ ਕਿਉਂ ਅਤੇ ਕਿਵੇਂ ਦਿੱਤੀਆਂ ਗਈਆਂ। ਟਿਕਟਾਂ ਦੀ ਵੰਡ ਕਰਨ ਸਮੇਂ ਵੀ ਪਾਰਟੀ ਹਾਈਕਮਾਂਡ ਨੇ ਪੰਜਾਬ ਤੋਂ ਬਾਹਰ ਦੇ ਆਗੂ ਇੰਚਾਰਜ ਬਣਾ ਕੇ ਭੇਜੇ ਸਨ। ਉਸ ਸਮੇਂ ਇਹ ਰੌਲਾ ਵੀ ਪਿਆ ਸੀ ਕਿ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾ ਰਹੀਆਂ ਹਨ। ਕਈ ਹਲਕਿਆਂ ਵਿੱਚ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਵੀ ਤਬਦੀਲੀ ਕੀਤੀ ਗਈ ਸੀ। ਉਸ ਸਮੇਂ ਉਮੀਦਵਾਰਾਂ ਦੇ ਪਿਛੋਕੜ ਜਾਂ ਚਾਲਚੱਲਣ ਆਦਿ ਦੀ ਕੋਈ ਪਰਖ ਨਾ ਕੀਤੀ ਗਈ। ਜੇ ਉਦਾਹਰਨ ਵਜੋਂ ਹਲਕਾ ਖਡੂਰ ਸਾਹਿਬ ਨੂੰ ਹੀ ਵਾਚਿਆ ਜਾਵੇ, ਮਨਜਿੰਦਰ ਸਿੰਘ ਇੱਕ ਟੈਕਸੀ ਡਰਾਈਵਰ ਸੀ, ਦਲਿਤ ਕੁੜੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ, ਅਜਿਹੇ ਵਿਅਕਤੀ ਨੂੰ ਟਿਕਟ ਕਿਸ ਅਧਾਰ ’ਤੇ ਦਿੱਤੀ ਗਈ ਸੀ? ਹੋਰ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਉਮੀਦ ਰੱਖਦਿਆਂ ਵੋਟਾਂ ਪਾ ਦਿੱਤੀਆਂ ਅਤੇ ਭ੍ਰਿਸ਼ਟ ਤੇ ਅਪਰਾਧੀ ਲੋਕ ਵਿਧਾਇਕ ਬਣ ਗਏ।
ਪੰਜਾਬ ਦਾ ਮੁੱਖ ਮੰਤਰੀ ਭਾਵੇਂ ਮਜਬੂਰੀ ਦੀ ਹਾਲਤ ਵਿੱਚ ਭਗਵੰਤ ਮਾਨ ਨੂੰ ਬਣਾਉਣਾ ਪਿਆ, ਪਰ ਹਾਈਕਮਾਂਡ ਦੇ ਆਗੂਆਂ ਦੀ ਪੰਜਾਬ ਨੂੰ ਲੁੱਟਣ ਵਾਲੀ ਭੁੱਖ ਪਹਿਲਾਂ ਨਾਲੋਂ ਵੀ ਵਧ ਗਈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਇਹ ਚਰਚਾ ਹੁੰਦੀ ਰਹੀ ਸੀ ਕਿ ਬਾਹਰੋਂ ਆਗੂ ਚੱਪਲਾਂ ਵਿੱਚ ਆਏ ਸਨ ਤੇ ਵੱਡੀਆਂ ਗੱਡੀਆਂ ’ਤੇ ਵਾਪਸ ਗਏ। ਹੁਣ ਫਿਰ ਹਾਈਕਮਾਂਡ ਨੇ ਆਪਣੇ ਨਜ਼ਦੀਕੀਆਂ ਨੂੰ ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ’ਤੇ ਬਿਠਾ ਕੇ ਪੈਸਾ ਇਕੱਠਾ ਕਰਕੇ ਪੰਜਾਬ ਤੋਂ ਬਾਹਰ ਲਿਜਾਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਆਗੂਆਂ ਦੀਆਂ ਮਨਮਾਨੀਆਂ ਅਤੇ ਭ੍ਰਿਸ਼ਟ ਕਾਰਵਾਈਆਂ ਨੂੰ ਬਰਦਾਸ਼ਤ ਨਾ ਕਰਦਿਆਂ ਹਰਮੀਤ ਸਿੰਘ ਪਠਾਨਮਾਜਰਾ ਨੇ ਆਪਣੀ ਪਾਰਟੀ ਦੇ ਪੰਜਾਬ ਤੋਂ ਬਾਹਰਲੇ ਆਗੂਆਂ ਵਿਰੁੱਧ ਝੰਡਾ ਚੁੱਕ ਲਿਆ। ਪਾਰਟੀ ਆਗੂਆਂ ਨੇ ਆਪਣੀਆਂ ਕਰਤੂਤਾਂ ਜੱਗ ਜ਼ਾਹਰ ਹੋਣ ਦੇ ਡਰ ਸਦਕਾ ਪਠਾਨਮਾਜਰਾ ਦਾ ਪੁਰਾਣਾ ਮਾਮਲਾ ਚੁੱਕ ਕੇ ਉਸ ਨੂੰ ਜੇਲ੍ਹ ਵਿੱਚ ਸੁੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪਠਾਨਮਾਜਰਾ ਨੂੰ ਪੁਰਾਣੇ ਕੇਸ ਤੋਂ ਦੁੱਧ ਧੋਤਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਹ ਮਾਮਲਾ ਪਹਿਲਾਂ ਕਿਉਂ ਦਬਾਅ ਕੇ ਰੱਖਿਆ? ਹੁਣ ਆਵਾਜ਼ ਉਠਾਉਣ ’ਤੇ ਹੀ ਕਿਉਂ ਕਾਰਵਾਈ ਸ਼ੁਰੂ ਕੀਤੀ? ਇਹ ਉਸ ਨੂੰ ਆਵਾਜ਼ ਬੁਲੰਦ ਕਰਨ ਦੀ ਸਜ਼ਾ ਹੀ ਦਿੱਤੀ ਜਾ ਰਹੀ ਹੈ।
ਇੱਥੇ ਹੀ ਬੱਸ ਨਹੀਂ, ਜਦੋਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ ਗਿਆ, ਪਿੰਡਾਂ ਦੇ ਪਿੰਡ ਤਬਾਹ ਹੋ ਗਏ, ਉਸ ਸਮੇਂ ਪੰਜਾਬ ਦਾ ਧਨ ਲੁੱਟਣ ਵਾਲੇ ਪੰਜਾਬ ਨੂੰ ਰੱਬ ਆਸਰੇ ਛੱਡ ਕੇ ਦਿੱਲੀ ਜਾ ਲੁਕੇ। ਜਦੋਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਤਾਹਨੇ ਮਿਹਣੇ ਦਿੱਤੇ ਤਾਂ ਉਹ ਲੋਕ ਲੱਜੋਂ ਪੰਜਾਬ ਵਿੱਚ ਗੇੜਾ ਮਾਰ ਕੇ ਬਿਆਨਬਾਜ਼ੀ ਕਰਕੇ ਫਿਰ ਚੁੱਪ ਹੋ ਗਏ। ਅਜਿਹੇ ਮੌਕੇ ਜ਼ਰੂਰੀ ਸੀ ਕਿ ਸੂਬੇ ਦਾ ਮੁੱਖ ਮੰਤਰੀ ਵੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਾ। ਸਰਕਾਰ ਬਣਨ ਤੋਂ ਕਰੀਬ ਸਾਢੇ ਤਿੰਨ ਸਾਲ ਉਹ ਆਪਣੀ ਕੁਰਸੀ ਦੀ ਸਲਾਮਤੀ ਲਈ ਦਿੱਲੀ ਵਾਲਿਆਂ ਦਾ ਜੀ ਹਜ਼ੂਰੀਆ ਬਣ ਕੇ ਚਲਦਾ ਰਿਹਾ। ਉਹਨਾਂ ਵੱਲੋਂ ਕੀਤੇ ਜਾ ਰਹੇ ਧੱਕਿਆਂ ਅਤੇ ਲੁੱਟਮਾਰ ਵਿਰੁੱਧ ਇੱਕ ਵੀ ਸ਼ਬਦ ਨਾ ਬੋਲਿਆ। ਪਰ ਆਖ਼ਰ ਕਦੇ ਤਾਂ ਸਬਰ ਦਾ ਘੜਾ ਭਰ ਹੀ ਜਾਂਦਾ ਹੈ। ਹੁਣ ਮੁੱਖ ਮੰਤਰੀ ਨੇ ਭਾਵੇਂ ਹਾਈਕਮਾਂਡ ਦੇ ਆਗੂਆਂ ਵਿਰੁੱਧ ਬੋਲਣ ਤੋਂ ਤਾਂ ਸੰਕੋਚ ਹੀ ਵਰਤਿਆ ਪਰ ਉਸਦੇ ਤੇਵਰਾਂ ਤੋਂ ਲੋਕ ਇਹ ਸਮਝ ਜ਼ਰੂਰ ਗਏ ਕਿ ਉਸਦੀ ਅਣਖ ਨੇ ਝੰਜੋੜਾ ਦੇ ਦਿੱਤਾ ਹੈ।
ਸਮੁੱਚੀ ਗੱਲਬਾਤ ਤੋਂ ਸਪਸ਼ਟ ਹੈ ਕਿ ਇਸ ਪਾਰਟੀ ਦੀ ਮੌਜੂਦਾ ਸਰਕਾਰ ਦੀ ਨੀਂਹ ਹੀ ਭ੍ਰਿਸ਼ਟਾਚਾਰ ਅਤੇ ਅਪਰਾਧ ਦੇ ਅਧਾਰ ’ਤੇ ਟਿਕੀ ਹੋਈ ਹੈ, ਜਿਸਦਾ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਕੋਲ ਅਜੇ ਵੀ ਡੇਢ ਕੁ ਸਾਲ ਦਾ ਸਮਾਂ ਹੈ, ਜੇਕਰ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖ਼ਰਾ ਉੱਤਰਣ ਦਾ ਯਤਨ ਕਰਨ ਤਾਂ ਪਾਰਟੀ ਨੂੰ ਜਿਊਂਦਾ ਰੱਖਿਆ ਜਾ ਸਕਦਾ ਹੈ। ਪੰਜਾਬ ਤੋਂ ਬਾਹਰਲਿਆਂ ਤੋਂ ਖਹਿੜਾ ਛਡਾ ਕੇ ਸੂਬੇ ਦੇ ਪੁਰਾਣੇ ਸਿਆਸਤਦਾਨਾਂ, ਬੁੱਧੀਜੀਵੀਆਂ ਅਤੇ ਸਿਆਸੀ ਮਾਹਰਾਂ ਨਾਲ ਰਾਇ ਮਸ਼ਵਰਾ ਕਰਕੇ ਸੁਧਾਰ ਕਰਨ ਵੱਲ ਧਿਆਨ ਕੇਂਦਰਤ ਕਰਨ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (