“ਲਾਹੋ ਅੰਧ ਵਿਸਵਾਸ਼ਾਂ ਵਾਲੇ ਜਾਲ਼ੇ, ਚੇਤਨਾ ਦਾ ਦੀਵਾ ਬਾਲ ਕੇ। ਪੜ੍ਹੇ ਲਿਖਿਆਂ ਨੂੰ ਅਨਪੜ੍ਹ ...”
(20 ਅਗਸਤ 2025)
ਸਮਾਜ ਵਿੱਚ ਹੁੰਦੀ ਉਥਲ ਪੁਥਲ, ਵਾਪਰਦਾ ਅਸਹਿਜ ਵਰਤਾਰਾ, ਜਦੋਂ ਕਵੀ ਦੇ ਕੋਮਲ ਮਨ ਨੂੰ ਝੰਜੋੜਦਾ ਹੈ ਤਾਂ ਉਹ ਕਲਪਦਾ ਹੈ ਅਤੇ ਦਿਮਾਗ ’ਤੇ ਬੋਝ ਪਾਉਂਦਾ ਹੈ। ਇਸ ਕਲਪਦੇ ਮਨ ਵਿੱਚੋਂ ਉੱਠੀ ਸੰਵੇਦਨਾ ਸਾਹਿਤ ਦਾ ਅੰਗ ਬਣ ਜਾਂਦੀ ਹੈ। ਇਸ ਪੁਸਤਕ ਦਾ ਲੇਖਕ ਕਵੀ ਕੁਲਵੰਤ ਸਿੰਘ ਕਿਰਤੀ ਹੈ, ਜਥੇਬੰਦਕ ਆਗੂ ਹੈ, ਵਿਗਿਆਨਕ ਸੋਚ ਦਾ ਧਾਰਨੀ ਹੈ, ਤਰਕਸ਼ੀਲ ਹੈ। ਇਸੇ ਕਰਕੇ ਉਹ ਸਮਾਜ, ਸਿਆਸਤ, ਸਿਸਟਮ ਅਤੇ ਕੁਰੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ’ਤੇ ਉਹ ਕਲਪਦਾ ਹੈ, ਜਿਸ ਵਿੱਚੋਂ ਪੁੰਗਰਦੀਆਂ ਉਸਦੀਆਂ ਕਵਿਤਾਵਾਂ ਪਾਠਕ ਨੂੰ ਸੁਚੇਤ ਕਰਨ ਵਾਲੀਆਂ ਅਤੇ ਕੁਰੀਤੀਆਂ, ਜਿਵੇਂ ਵਹਿਮਾਂ ਭਰਮਾਂ, ਲਾਈਲੱਗਤਾ, ਪਾਖੰਡਵਾਦ, ਭ੍ਰਿਸ਼ਟਾਚਾਰ, ਅਨਪੜ੍ਹਤਾ ਆਦਿ ਬਾਰੇ ਝੰਜੋੜਾ ਦੇਣ ਵਾਲੀਆਂ ਹਨ। ਪੜ੍ਹੇ ਲਿਖੇ ਲੋਕਾਂ ਨੂੰ ਵਹਿਮਾਂ ਭਰਮਾਂ ਸਦਕਾ ਧਾਗੇ ਤਵੀਤਾਂ ਵਿੱਚ ਫਸੇ ਦੇਖ ਕੇ ਉਹ ਦੁਖੀ ਹੁੰਦਾ ਸੁਚੇਤ ਕਰਦਾ ਲਿਖਦਾ ਹੈ:
ਲਾਹੋ ਅੰਧ ਵਿਸਵਾਸ਼ਾਂ ਵਾਲੇ ਜਾਲ਼ੇ,
ਚੇਤਨਾ ਦਾ ਦੀਵਾ ਬਾਲ ਕੇ।
ਪੜ੍ਹੇ ਲਿਖਿਆਂ ਨੂੰ ਅਨਪੜ੍ਹ ਵੇਚ ਗਏ,
ਕਾਲੇ ਧਾਗੇ ਗੰਢਾਂ ਮਾਰ ਕੇ।
ਗਰੀਬੀ ਅਤੇ ਕਰਜ਼ੇ ਦੀ ਮਾਰ ਹੇਠ ਆਏ ਲੋਕਾਂ ਨੂੰ ਅੰਧ ਵਿਸਵਾਸ਼ਾਂ ਵਿੱਚੋਂ ਨਿਕਲ ਕੇ ਜ਼ਿੰਦਗੀ ਜਿਊਣ ਦਾ ਰਾਹ ਵਿਖਾਉਣ ਦਾ ਯਤਨ ਕਰਦਾ ਉਹ ਕਹਿੰਦਾ ਹੈ:
ਹੁਣ ਕੁਝ ਤਾਂ ਵਿਚਾਰੋ ਕਿਵੇਂ ਜੀਵਣਾ,
ਕਰਜ਼ੇ ਦੇ ਬਾਝ ਸਾਰ ਕੇ।
ਸੁੱਖ ਘਰ ਦੀ ਪ੍ਰੀਤੋ ਫਿਰੇ ਮੰਗਦੀ,
ਕੌਲਿਆਂ ’ਤੇ ਪਾਣੀ ਵਾਰ ਕੇ।
ਮਨੁੱਖਾਂ, ਜੀਵਾਂ ਲਈ ਵਾਤਾਵਰਣ ਦੇ ਮਹੱਤਵ ਬਾਰੇ ਚਿੰਤਾ ਜ਼ਾਹਰ ਕਰਦਾ ਹੋਇਆ ਕਵੀ ਪਾਠਕਾਂ ਨੂੰ ਜਾਗਰੂਕ ਕਰਦਾ ਹੋਇਆ ਲਿਖਦਾ ਹੈ:
ਹਿੱਕ ਧਰਤੀ ਦੀ ਬਾਲੀ,
ਸੜੇ ਖੇਤ ਤੇ ਪਰਾਲੀ
ਨਾਲੇ ਜੀਵ ਪੌਦੇ ਰੱਖ ਦਿੱਤੇ ਬਾਲ ਕੇ,
ਸੰਭਲੋ ਪੰਜਾਬ ਵਾਸੀਓ।
ਸਾਨੂੰ ਚੱਲਣਾ ਪਊ ਲੰਮੀ ਝਾਤ ਮਾਰ ਕੇ,
ਸੰਭਲੋ ਪੰਜਾਬ ਵਾਸੀਓ।
ਪਤੀ ਪਤਨੀ ਦੇ ਨਿੱਤ ਦਿਨ ਵਧ ਰਹੇ ਝਗੜਿਆਂ ਬਾਰੇ ਵਿਚਾਰ ਪ੍ਰਗਟ ਕਰਦਾ ਕਵੀ ਕਹਿੰਦਾ ਹੈ ਕਿ ਜਿਹੜੀ ਔਰਤ ਮਨਮਾਨੀਆਂ ਕਰਦੀ ਹੈ ਅਤੇ ਜਿਸਨੂੰ ਪੇਕਿਆਂ ਵਾਲੇ ਰੋਜ਼ਾਨਾ ਸਲਾਹ ਮਸ਼ਵਰਾ ਦਿੰਦੇ ਰਹਿੰਦੇ ਹਨ, ਉਸਦਾ ਘਰ ਵਸਣਾ ਔਖਾ ਹੋ ਜਾਂਦਾ ਹੈ। ਉਸਦੇ ਕਾਵਿ ਵਿਚਾਰ ਹਨ:
ਘੁੱਗ ਵਸੇ ਨਾ ਜਨਾਨੀ,
ਜਿਹੜੀ ਕਰੇ ਮਨਮਾਨੀ
ਜਿਸਦੀ ਪੇਕਿਆਂ ਤੋਂ ਜਾਣੀ,
ਰਹਿੰਦੀ ਲਗਦੀ ਕਲਾਸ ਹੈ।
ਅੱਜ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ। ਸਰਕਾਰਾਂ ਨਸ਼ਾ ਰੋਕਣ ਦੇ ਵਾਅਦੇ, ਦਾਅਵੇ ਕਰਦੀਆਂ ਹਨ, ਪਰ ਫੇਲ ਵਿਖਾਈ ਦਿੰਦੀਆਂ ਹਨ। ਸਿਆਸੀ ਲੋਕਾਂ ਦੀ ਨਸ਼ਿਆਂ ਦੇ ਸੁਦਾਗਰਾਂ ਨੂੰ ਸਰਪ੍ਰਸਤੀ ਹਾਸਲ ਹੈ, ਇਸ ਲਈ ਲੋਕਾਂ ਨੂੰ ਹੀ ਨਸ਼ੇ ਰੋਕਣ ਲਈ ਸਖ਼ਤ ਫੈਸਲੇ ਲੈਣੇ ਪੈਣਗੇ। ਕਵੀ ਲਿਖਦਾ ਹੈ:
ਮੰਡੀ ਨਸ਼ੇ ਦੀ ਬੰਦੇ ਜੋ
ਪਾਈ ਬੈਠੇ ਛਾਉਣੀ ਐ,
ਅਸੀਂ ਨਸ਼ੇ ਦੇ ਸੌਦਾਗਰਾਂ ਨੂੰ
ਨੱਥ ਪਾਉਣੀ ਐ।
ਵਿਗਿਆਨ ਦੇ ਅਧਾਰ ’ਤੇ ਬਿਮਾਰੀਆਂ ਨੂੰ ਠੱਲ੍ਹ ਪਾਉਣ ਲਈ ਖੋਜ ਕਾਰਜਾਂ ਲਈ ਸਰੀਰ ਦਾਨ ਦੇ ਮਹੱਤਵ ਦੀ ਗੱਲ ਕਰਦਿਆਂ ਕਵਿਤਾ ਵਿੱਚ ਬਜ਼ੁਰਗ ਔਰਤ ਦੇ ਬੋਲ ਇੰਜ ਦਰਸਾਏ ਗਏ ਹਨ:
ਬਹੁਤਾ ਮਾਣ ਨਹੀਂ ਮੈਨੂੰ ਕਈਆਂ ਆਪਣਿਆਂ ’ਤੇ,
ਗੱਲ ਕਹਿਣੀ ਹੈ ਪਈ ਅਖੀਰ ਮੀਆਂ।
ਖੋਜ ਕਾਰਜਾਂ ਲਈ ਇਹ ਲਾਸ਼ ਮੇਰੀ,
ਦਾਨ ਕਰ ਦਿਓ ਬਣ ਕੇ ਵੀਰ ਮੀਆਂ।
ਹੱਕਾਂ ਲਈ ਸੰਘਰਸ਼ ਕਰਨ, ਜੂਝਣ ਨੂੰ ਮੁਸ਼ਕਿਲਾਂ ਦਾ ਹੱਲ ਬਿਆਨਦਿਆਂ ਕਵੀ ਲਿਖਦਾ ਹੈ:
ਜ਼ਾਲਮ ਅੱਗੇ ਸਿਰ ਨਾ ਝੁਕਾਉਂਦੇ ਸੂਰਮੇ
ਮੌਤ ਵਾਲੀ ਤੰਦ ਭਾਵੇਂ ਗਲੇ ਪੈਣੀ ਐ।
ਜਿੰਨਾ ਚਿਰ ਬੰਦੇ ਹੱਥੋਂ ਲੁੱਟ ਬੰਦੇ ਦੀ,
ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਹੈ।
ਵਿਗਿਆਨਕ ਸੋਚ ਅਪਣਾ ਕੇ ਕੁਰੀਤੀਆਂ ਤੋਂ ਬਚਣ ਅਤੇ ਚੰਗਾ ਜੀਵਨ ਜਿਊਣ ਲਈ ਰਾਹ ਦਰਸਾਉਂਦੇ ਸਾਹਿਤ ਦੀ ਪ੍ਰਸ਼ੰਸਾ ਕਰਦਾ ਕਵੀ ਕਹਿੰਦਾ ਹੈ:
ਤੀਜੀ ਅੱਖ ਬਣ ਇਹ ਰਸਤਾ ਵਿਖਾਉਂਦੀਆਂ,
ਲੱਗੇ ਮਨਾਂ ਵਿੱਚ ਜਾਲੇ ਇਹ ਕਿਤਾਬਾਂ ਲਾਹੁੰਦੀਆਂ।
ਕੁੱਲ ਮਿਲਾ ਕੇ ਲੇਖਕ ਕੁਲਵੰਤ ਸਿੰਘ ਵੱਲੋਂ ਇਸ ਪੁਸਤਕ ਵਿੱਚ ਸ਼ਾਮਲ ਕੀਤੀ ਸ਼ਾਇਰੀ, ਕਵੀਸ਼ਰੀ, ਕਵਿਤਾਵਾਂ ਜਿੱਥੇ ਪਾਠਕਾਂ ਨੂੰ ਹਲੂਣਾ ਦਿੰਦੀਆਂ ਹਨ, ਉੱਥੇ ਸਚਾਈ ਪੇਸ਼ ਕਰਕੇ ਹੌਸਲਾ ਵੀ ਦਿੰਦੀਆਂ ਹਨ। ਇਸ ਪੁਸਤਕ ਦਾ ਹਰ ਸ਼ਬਦ ਕੋਈ ਨਾ ਕੋਈ ਸੁਨੇਹਾ ਦਿੰਦਾ ਹੈ। ਇਹ ਪੁਸਤਕ ਸਫ਼ਲ ਰਾਹ ਤੁਰਨ ਦਾ ਰਸਤਾ ਵਿਖਾਉਣ ਵਾਲੀ ਹੈ, ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।
ਪ੍ਰਕਾਸ਼ਕ ਅਤੇ ਪ੍ਰਿੰਟਰਜ਼: ਅੱਪੂ ਆਰਟ ਪ੍ਰੈੱਸ ਸ਼ਾਹਕੋਟ।
ਪੰਨੇ: 112 ਮੁੱਲ: 120 ਰੁਪਏ**
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (