BalwinderSBhullar7ਇਹ ਤਾਂ ਭਾਈ ਤੇਰੀ ਭੂਆ ਦੱਸ ਦੇਊਆ ਜੂ ਇੱਕ ਦੋਂਹ ਦਿਨਾਂ ਵਿੱਚ।” ਪਟਵਾਰੀ ਨੇ ਵਿਅੰਗ ਕੱਸਦਿਆਂ ...
(28 ਜਨਵਰੀ 2026)


1. ਧਰਵਾਸ

ਤਰਨਦੀਪ ਨੇ ਆਪਣੀ ਜਮਾਤਣ ਰਹੀ ਲਵਲੀ ਨੂੰ ਕੈਨੇਡਾ ਫੋਨ ਕੀਤਾ ਤਾਂ ਉਸਦਾ ਸਾਹ ਚੜ੍ਹਿਆ ਹੋਇਆ ਸੀ। ਤਰਨਦੀਪ ਦੇ ਪੁੱਛਣ ’ਤੇ ਉਸਨੇ ਕਿਹਾ ਕਿ ਮੈਂ ਤਾਂ ਜੌਬ ’ਤੇ ਜਾ ਰਹੀ ਹਾਂ, ਕਾਹਲੀ ਐ ਕਿ ਲੇਟ ਨਾ ਹੋ ਜਾਵਾਂ।

“ਅੱਛਾ! ਕੀ ਕਰਦੀ ਐਂ ਜੌਬ ’ਤੇ?” ਤਰਨਦੀਪ ਨੇ ਪੁੱਛਿਆ।

“ਮੈਂ ਰੈਸਟੋਰੈਂਟ ਵਿੱਚ ਸਬਜ਼ੀਆਂ ਕੱਟਣ, ਬਰਤਨ ਸਾਫ ਕਰਨ, ਗਾਹਕਾਂ ਨੂੰ ਖਾਣਾ ਪਰੋਸਣ ਆਦਿ ਸਾਰੇ ਕੰਮ ਕਰਦੀ ਆਂ।” ਲਵਲੀ ਨੇ ਜਵਾਬ ਦਿੱਤਾ।

“ਫੇਰ ਤੇਰੀ ਯੂਨੀਵਰਸਿਟੀ ਦੀ ਪੜ੍ਹਾਈ ਦਾ ਕੀ ਫਾਇਦਾ, ਇਹ ਕੰਮ ਤਾਂ ਸਾਡੇ ਘਰ ਸੀਰੀ ਦੀ ਅਨਪੜ੍ਹ ਕੁੜੀ ਵੀ ਕਰ ਲੈਂਦੀ ਐ।” ਤਰਨਦੀਪ ਨੇ ਕਿਹਾ।

“ਨਹੀਂ ਤਰਨਦੀਪ ਫਰਕ ਐ। ਉਹ ਗਰੀਬ ਕੁੜੀ ਵਿਚਾਰੀ ਪਿੰਡ ਵਿੱਚ ਮਜ਼ਦੂਰੀ ਕਰਦੀ ਐ ਤੇ ਮੈਂ ਟੋਰਾਂਟੋ ਵਿੱਚ ਜੌਬ ਕਰਦੀ ਆਂ।” ਲਵਲੀ ਨੇ ਇਹ ਕਹਿ ਕੇ ਆਪਣੇ ਮਨ ਨੂੰ ਧਰਵਾਸ ਦਿੱਤਾ।

*   *   *

2. ਨੋਟੀਫਿਕੇਸ਼ਨ

ਕਰਤਾਰ ਸਿੰਘ ਨੂੰ ਪਟਵਾਰਖਾਨੇ ਵਿੱਚ ਵੜਦਿਆਂ ਦੇਖ ਪਟਵਾਰੀ ਨੇ ਪੁੱਛਿਆ, “ਕਿਵੇਂ ਗੇੜੇ ਮਾਰ ਰਹੇ ਓ ਅੱਜ ਕਰਤਾਰ? ਲਿਮਟ ਵਗੈਰਾ ਬਣਾਉਣੀ ਐ।”

ਕਰਤਾਰ ਸਿੰਘ ਚੰਗਾ ਸਰਦਾ ਪੁੱਜਦਾ ਕਿਸਾਨ ਸੀ, ਕਰਜ਼ਾ ਲੈਣ ਤੋਂ ਤਾਂ ਉਹ ਬਚਿਆ ਹੀ ਰਹਿੰਦਾ ਸੀ। ਬੱਸ ਉਹ ਤਾਂ ਮਿੱਟੀ ਨਾਲ ਮਿੱਟੀ ਹੋਇਆ ਜ਼ਮੀਨ ਵਧਾਉਣ ਤੋਂ ਇਲਾਵਾ ਹੋਰ ਪਾਸੇ ਕਦੇ ਸੋਚਦਾ ਵੀ ਨਹੀਂ ਸੀ। ਉਹ ਕਹਿਣ ਲੱਗਾ, “ਪਟਵਾਰੀ ਸਾਹਿਬ, ਮੈਂ ਤਾਂ ਲੰਘਿਆ ਜਾਂਦਾ ਹੀ ਤੁਹਾਨੂੰ ਦੇਖ ਕੇ ਅੰਦਰ ਵੜ ਗਿਆ। ਪਰ ਐਂ ਤਾਂ ਦੱਸਿਓ ਬਈ ਸਾਡੇ ਖੇਤਾਂ ਕੋਲ ਦੀ ਜਿਹੜੀ ਸੜਕ ਬਣ ਰਹੀ ਹੈ, ਲੁਧਿਆਣੇ ਨੂੰ ਜਾਣ ਵਾਲੀ, ਉਸ ਵਿੱਚ ਸਾਡੀ ਜ਼ਮੀਨ ਦਾ ਕੋਈ ਹਿੱਸਾ ਤਾਂ ਨਹੀਂ ਆਉਂਦਾ।

ਨੋਟੀਫਿਕੇਸ਼ਨ ਮੁਤਾਬਿਕ ਤਾਂ ਕਰਤਾਰ ਥੋਡੀ ਜ਼ਮੀਨ ਵਾਹਵਾ ਆਉਂਦੀ ਹੈ, ਸੜਕ ਵਿੱਚ। ਕੁੱਲ ਕਿੰਨੀ ਆਉਂਦੀ ਐ, ਇਹ ਤਾਂ ਨਕਸ਼ਾ ਦੇਖ ਕੇ ਪਤਾ ਲੱਗੂ, ਪਰ ਆਉਂਦੀ ਜ਼ਰੂਰ ਹੈ। ਇਸਦਾ ਤਾਂ ਨੋਟੀਫਿਕੇਸ਼ਨ ਵੀ ਹੋ ਗਿਆ ਹੈ।

“ਨੋਟੀਫਿਕੇਸ਼ਨ ਕੀ ਹੁੰਦਾ ਐ?” ਕਰਤਾਰ ਸਿੰਘ ਨੇ ਪਟਵਾਰੀ ਨੂੰ ਪੁੱਛਿਆ

“ਇਹ ਤਾਂ ਭਾਈ ਤੇਰੀ ਭੂਆ ਦੱਸ ਦੇਊ, ਆ ਜੂ ਇੱਕ ਦੋਂਹ ਦਿਨਾਂ ਵਿੱਚ।” ਪਟਵਾਰੀ ਨੇ ਵਿਅੰਗ ਕੱਸਦਿਆਂ ਜਵਾਬ ਦਿੱਤਾ।

“ਉਹ ਕਿਵੇਂ?” ਪਟਵਾਰੀ ਸਾਹਿਬ।

“ਉਹਦਾ ਨਾਂ ਬੋਲਦੈ ਜਮ੍ਹਾਂਬੰਦੀ ਵਿੱਚਪਟਵਾਰੀ ਨੇ ਸਪਸ਼ਟ ਕੀਤਾ।

ਕਰਤਾਰ ਸਿੰਘ ਇਹ ਸੁਣ ਕੇ ਨਿਰਾਸ਼ ਜਿਹਾ ਹੋਇਆ ਸਿਰ ਸੁੱਟ ਕੇ ਘਰ ਵੱਲ ਨੂੰ ਮੁੜ ਪਿਆ।

*   *   *

3. ਮੇਮਣੇ

ਲੋਕਾਂ ਦਾ ਗੋਹਾ ਕੂੜਾ ਕਰਕੇ ਥੱਕ ਟੁੱਟ ਕੇ ਘਰ ਆਉਂਦੀ ਪ੍ਰਸਿੰਨੀ ਨੂੰ ਚਾਹ ਦੀ ਲੋੜ ਮਹਿਸੂਸ ਹੁੰਦੀ ਸੀ। ਇਸ ਕਰਕੇ ਉਸਨੇ ਇੱਕ ਘਰ ਦਾ ਦੋ ਮਹੀਨੇ ਕੰਮ ਕਰਨ ਦੀ ਮਜ਼ਦੂਰੀ ਦੇ ਪੈਸੇ ਲੈ ਕੇ ਇੱਕ ਸੂਣ ਵਾਲੀ ਬੱਕਰੀ ਮੁੱਲ ਲਿਆਂਦੀ। ਦੋ ਦਿਨ ਬਾਅਦ ਪ੍ਰਸਿੰਨੀ ਸੁਬ੍ਹਾ ਉੱਠੀ ਤਾਂ ਬੱਕਰੀ ਦਰਦ ਨਾਲ ਲੱਤਾਂ ਮਾਰ ਰਹੀ ਸੀ। ਉਸਨੇ ਝੱਟ ਆਪਣੇ ਮੁੰਡੇ ਘੁੱਦੇ ਨੂੰ ਉਠਾ ਕੇ ਡੰਗਰਾਂ ਵਾਲੇ ਡਾਕਟਰ ਕੋਲ ਭੇਜਿਆ। ਡਾਕਟਰ ਦੇ ਆਉਂਦਿਆਂ ਬੱਕਰੀ ਸ਼ਾਂਤ ਹੋਈ ਪਈ ਸੀ, ਉਸਨੇ ਚੈੱਕ ਕਰਕੇ ਦੱਸਿਆ, “‘ਭਾਈ ਬੱਕਰੀ ਤਾਂ ਮਰ ਚੁੱਕੀ ਐ। ਥੋੜ੍ਹਾ ਜਿਹਾ ਪਹਿਲਾਂ ਸੱਦ ਲਿਆਉਂਦੇ ਤਾਂ ਸ਼ਾਇਦ ਬਚਾ ਈ ਲੈਂਦੇ। “ਇਹ ਸੁਣਦਿਆਂ ਹੀ ਪ੍ਰਸਿੰਨੀ ਦੀ ਅੱਖਾਂ ਵਿੱਚੋਂ ਅੱਥਰੂ ਡਿਗਣ ਲੱਗ ਪਏ

“ਭਾਈ ਹੁਣ ਤਾਂ ਕੁਛ ਨੀ ਹੋ ਸਕਦਾ। ਸਬਰ ਕਰ।” ਡਾਕਟਰ ਨੇ ਦਿਲਾਸਾ ਦਿੱਤਾ।

“ਡਾਕਟਰ ਸਾਹਿਬ! ਸਬਰ ਕਿਵੇਂ ਕਰਾਂ, ਮੈਨੂੰ ਤਾਂ ਦੋ ਮਹੀਨੇ ਸਰਦਾਰਾਂ ਦੇ ਗੋਹਾ ਕੂੜਾ ਕਰਨਾ ਈ ਪਊ, ਜਿਨ੍ਹਾਂ ਤੋਂ ਪੈਸੇ ਲੈ ਕੇ ਇਹ ਲਿਆਂਦੀ ਸੀ।” ਪ੍ਰਸਿੰਨੀ ਦੇ ਢਿੱਡੋਂ ਮਜਬੂਰੀ ਦੇ ਸ਼ਬਦ ਨਿਕਲੇ।

“ਵਾਹਿਗੁਰੂ ਭਲਾ ਕਰੂ ਭਾਈ।” ਕਹਿ ਕੇ ਡਾਕਟਰ ਤੁਰਨ ਲੱਗਿਆ।

“ਵੇ ਮੇਰਿਆ ਵੀਰਿਆ! ਇਹਦਾ ਢਿੱਡ ਚੀਰ ਕੇ ਦੇਖ ਲੈ, ਸ਼ੈਦ ਮੇਮਣੇ ਈ ਜਿਊਂਦੇ ਹੋਣ।” ਪ੍ਰਸਿੰਨੀ ਨੇ ਹੱਥ ਬੰਨ੍ਹ ਕੇ ਅਰਜੋਈ ਕੀਤੀ।

*   *   *

4. ਸ਼ੀਸ਼ਾ ਸੱਚ ਬੋਲਦਾ ਹੈ

ਥਾਣੇ ਦੇ ਮੁੱਖ ਮੁਨਸ਼ੀ ਦੇ ਦਫਤਰ ਦੇ ਬਾਹਰ ਵਰਾਂਡੇ ਵਿੱਚ ਇੱਕ ਆਦਮ ਕੱਦ ਸ਼ੀਸਾ ਲੱਗਿਆ ਹੋਇਆ ਸੀ, ਜਿਸਦੇ ਉੱਪਰ ਸੁੰਦਰ ਅੱਖਰਾਂ ਵਿੱਚ ਲਿਖਿਆ ਹੋਇਆ ਸੀ, “ਮੈਂ ਵਰਦੀ ਵਿੱਚ ਫਬਦਾ ਹਾਂ।” ਜਦੋਂ ਵੀ ਕਿਸੇ ਕਰਮਚਾਰੀ ਨੇ ਆਉਣਾ ਜਾਂ ਉਦਨੇ ਕਿਤੇ ਬਾਹਰ ਡਿਉਟੀ ’ਤੇ ਜਾਣਾ ਤਾਂ ਇਸ ਸ਼ੀਸ਼ੇ ਮੋਹਰੇ ਖੜ੍ਹ ਕੇ ਆਪਣੇ ਆਪ ਨੂੰ ਤੱਕਣਾ, ਵਰਦੀ ਦੀ ਨਿਰਖ ਕਰਨੀ, ਮਾਣ ਮਹਿਸੂਸ ਕਰਨਾ ਅਤੇ ਫੇਰ ਕੰਮ ਕਰਨਾ।

ਮੈਡਮ ਗੁਰਮੀਤ ਨੂੰ ਸ਼ਾਇਦ ਇਸ ਸ਼ੀਸ਼ੇ ਨਾਲ ਕੁਝ ਜ਼ਿਆਦਾ ਹੀ ਲਗਾਓ ਸੀ। ਉਹ ਤਾਂ ਵਾਰ ਵਾਰ ਸ਼ੀਸ਼ੇ ਮੋਹਰੇ ਹੋ ਕੇ ਆਪਣੇ ਆਪ ਨੂੰ ਨਿਹਾਰਦੀ ਰਹਿੰਦੀ। ਉਹ ਕਹਿੰਦੀ, ਸ਼ੀਸ਼ੇ ਵਿੱਚ ਦੇਖਦਿਆਂ ਮੈਨੂੰ ਮੇਰੇ ਅੰਦਰਲਾ ਮਨ ਹਲੂਣਾ ਦਿੰਦਾ ਹੈ, ਕੰਮ ਕਰਨ ਦੀ ਸਮਰੱਥਾ ਨੂੰ ਤੇਜ਼ ਕਰ ਦਿੰਦਾ ਹੈ, ਸੱਚ ’ਤੇ ਪਹਿਰਾ ਦੇਣ ਦਾ ਹੌਸਲਾ ਦਿੰਦਾ ਹੈ। ਸ਼ੀਸ਼ਾ ਮੇਰੇ ਅੰਦਰਲਾ ਸੱਚ ਪ੍ਰਗਟ ਕਰਦਾ ਵਿਖਾਈ ਦਿੰਦਾ ਹੈ ਅਤੇ ਮੈਂ ਜ਼ਿੰਮੇਵਾਰੀ ਨਾਲ ਡਿਉਟੀ ਨਿਭਾਉਂਦੀ ਹਾਂ। ਇਹ ਤਾਂ ਉਹ ਹੀ ਜਾਣਦੀ ਸੀ ਕਿ ਇਨ੍ਹਾਂ ਵਿਚਾਰਾਂ ਨਾਲ ਹੀ ਉਹ ਸ਼ੀਸ਼ੇ ਮੋਹਰੇ ਖੜ੍ਹਦੀ ਸੀ ਜਾਂ ਕੋਈ ਹੋਰ ਕਾਰਨ ਸੀ ਪਰ ਹੋਰ ਕਰਮਚਾਰੀ ਕਹਿੰਦੇ ਸਨ, “ਉਹ ਇਕੱਲੀ ਵਰਦੀ ਦੀ ਪਰਖ ਨਹੀਂ ਕਰਦੀ, ਉਹ ਆਪਣੇ ਸਰੀਰ ਦੇ ਇਕੱਲੇ ਇਕੱਲੇ ਅੰਗ ਦੀ ਵੀ ਨਿਰਖ ਪਰਖ ਕਰਦੀ ਹੈ।” ਫੇਰ ਖੁਸ਼ ਹੋ ਜਾਂਦੀ ਅਤੇ ਉਸਦੇ ਖਿਆਲ ਉੱਚੀਆਂ ਉਡਾਰੀਆਂ ਲਾਉਂਦੇ ਹਨ।

ਮੈਡਮ ਦੀ ਹੁਣ ਥਾਣੇ ਵਿੱਚ ਹੀ ਨਹੀਂ, ਪੂਰੇ ਜ਼ਿਲ੍ਹੇ ਵਿੱਚ ਤੂਤੀ ਬੋਲਦੀ ਸੀ। ਉਸਤੋਂ ਸੀਨੀਅਰ ਕਰਮਚਾਰੀ ਵੀ ਡਰਨ ਲੱਗ ਪਏ ਸਨ। ਉਸਦੀ ਜ਼ਿਲ੍ਹਾ ਮੁਖੀ ਨਾਲ ਬਹੁਤ ਨੇੜਤਾ ਸੀ, ਜਿਸਦੀ ਬਹੁਤ ਚਰਚਾ ਹੁੰਦੀ ਰਹਿੰਦੀ ਸੀ। ਮੈਡਮ ਦੇ ਮੂੰਹ ਵਿੱਚੋਂ ਨਿਕਲਿਆ ਹਰ ਸ਼ਬਦ ਹੀ ਜ਼ਿਲ੍ਹਾ ਮੁਖੀ ਦਾ ਸਮਝਿਆ ਜਾਣ ਲੱਗ ਪਿਆ ਸੀ। ਮੈਡਮ ਦੀ ਟੌਰ ਵੀ ਬਾਕੀ ਮੁਲਾਜ਼ਮਾਂ ਤੋਂ ਵੱਖਰੀ ਵਿਖਾਈ ਦਿੰਦੀ, ਉਹ ਮਹਿੰਗੀ ਕਾਰ ’ਤੇ ਆਉਂਦੀ ਤਾਂ ਹੋਰਾਂ ਦੇ ਮੂੰਹ ਅੱਡੇ ਰਹਿ ਜਾਂਦੇ।

ਮੈਡਮ ਨੂੰ ਅੱਜ ਉੱਚ ਅਧਿਕਾਰੀ ਨੇ ਆਪਣੇ ਦਫਤਰ ਬੁਲਾਇਆ ਸੀਉਹ ਕੁਰਸੀ ਤੋਂ ਉੱਠੀ ਅਤੇ ਸ਼ੀਸ਼ੇ ਮੋਹਰੇ ਜਾ ਖੜ੍ਹੀ। ਆਪਣੇ ਸਰੀਰ ਨੂੰ ਨਿਹਾਰਿਆਆਪਣਾ ਚਿਹਰਾ ਦੇਖ ਕੇ ਉਸਨੂੰ ਕੁਝ ਘਬਰਾਹਟ ਜਿਹੀ ਹੋਈ। ਹੈਂ! ਇਹ ਸ਼ੀਸ਼ਾ ਅੱਜ ਕੀ ਕਹਿ ਰਿਹਾ ਹੈ। ਮੇਰੇ ਚਿਹਰੇ ’ਤੇ ਇਹ ਕਿਉਂ ਲਿਖਿਆ ਹੈ, “ਮੈਂ ਨਸ਼ਾ ਤਸਕਰ ਹਾਂ... ਮੈਂ ਅਫਸਰ ਦੀ ਰ... ਖੇ... ਲ...” ਇਹ ਤਾਂ ਹੁਣ ਲੋਕ ਵੀ ਪੜ੍ਹ ਲੈਣਗੇ। ਉਸਨੇ ਆਪਣਾ ਮੂੰਹ ਲੁਕੋਣਾ ਚਾਹਿਆ ਪਰ ਪਰਦਾ ਚੁੱਕਿਆ ਜਾ ਚੁੱਕਾ ਸੀ। ਉਸਦੇ ਮੂੰਹੋਂ ਨਿਕਲਿਆ,ਸ਼ੀਸ਼ਾ ਸੱਚ ਬੋਲਦਾ ਹੈ।”

*   *   *

5. ਐੱਮ ਐੱਲ ਏ

ਗੁਰਦੇਵ ਸਿੰਘ ਲੋਕਾਂ ਦੇ ਦੁੱਖਾਂ ਦਰਦਾਂ ਦਾ ਸਾਂਝੀ ਸੀ ਤੇ ਲੋਕ ਹਿਤਾਂ ਲਈ ਜੂਝਣ ਵਾਲੀ ਪਾਰਟੀ ਦਾ ਹੀ ਆਗੂ ਸੀ। ਹਲਕੇ ਦੇ ਲੋਕਾਂ ਨੇ ਉਸਦੇ ਕੰਮਾਂ ਦੀ ਕਦਰ ਕਰਦਿਆਂ ਵੋਟਾਂ ਪਾ ਕੇ ਵਿਧਾਇਕ ਬਣਾ ਦਿੱਤਾ ਸੀ। ਇੱਕ ਦਿਨ ਉਸਦੇ ਇੱਕ ਮਿੱਤਰ ਹਰਮੇਲ ਸਿੰਘ ਨੇ ਉਸਨੂੰ ਕਿਹਾ, “ਐੱਮ ਐੱਲ ਏ ਸਾਹਿਬ! ਥਾਣਾ ਲੰਬੀ ਵਿੱਚ ਇੱਕ ਕੰਮ ਐ, ਤੁਸੀਂ ਫੋਨ ਕਰ ਦਿਓ, ਕੰਮ ਕਰ ਦੇਣ।”

ਐੱਮ ਐੱਲ ਏ ਨੇ ਫੋਨ ਕੀਤਾ ਤਾਂ ਥਾਣੇ ਦੇ ਮੁਨਸ਼ੀ ਨੇ ਚੁੱਕ ਲਿਆ। ਉਸ ਵੱਲੋਂ ਆਪਣੀ ਪਛਾਣ ਦੱਸਣ ’ਤੇ ਵਿਧਾਇਕ ਨੇ ਕਿਹਾ, “ਮੁਨਸ਼ੀ ਜੀ, ਸਾਸਰੀ ਕਾਲ! ਮੇਰਾ ਖਾਸ ਆਦਮੀ ਹਰਮੇਲ ਸਿੰਘ ਆ ਰਿਹਾ ਹੈ, ਉਸਦਾ ਕੰਮ ਕਰ ਦੇਣਾ।” ਜਦੋਂ ਉਸਨੇ ਫੋਨ ਰੱਖ ਦਿੱਤਾ ਤਾਂ ਹਰਮੇਲ ਕਹਿਣ ਲੱਗਾ, “ਐੱਮ ਐੱਲ ਏ ਸਾਹਿਬ, ਤੁਸੀਂ ਤਾਂ ਸਾਡੀ ਵਰਕਰਾਂ ਦੀ ਵੀ ਬੇਇੱਜ਼ਤੀ ਕਰਵਾ ਦਿੰਦੇ ਹੋ। ਤੁਸੀਂ ਮੁਨਸੀ ਨੂੰ ਸਾਸਰੀ ਕਾਲ ਬੁਲਾਈ, ਸੋਡੇ ਮੁਕਾਬਲੇ ਉਹ ਕੀ ਚੀਜ਼ ਐ। ਐਂ ਨਾ ਕਰਿਆ ਕਰੋ।”

ਇਹ ਸੁਣ ਕੇ ਵਿਧਾਇਕ ਨੇ ਕਿਹਾ, “ਭਾਈ, ਪਹਿਲੀ ਗੱਲ ਤਾਂ ਜਿਹੜਾ ਕੰਮ ਹਲੀਮੀ ਨਾਲ ਕਰਵਾਇਆ ਜਾ ਸਕਦਾ ਹੈ, ਉਹ ਆਕੜ ਨਾਲ ਨਹੀਂ ਕਰਵਾਇਆ ਜਾ ਸਕਦਾ। ਦੂਜੀ ਗੱਲ ਭਾਈ! ਮੁਨਸ਼ੀ ਤਾਂ ਕਦੇ ਨਾ ਕਦੇ ਐੱਮ ਐੱਲ ਏ ਵੀ ਬਣ ਸਕਦੈ, ਪਰ ਮੈਂ ਮੁਨਸ਼ੀ ਕਦੇ ਨੀ ਬਣ ਸਕਦਾ। ਰਹੀ ਗੱਲ ਕੰਮਾਂ-ਕਾਰਾਂ ਦੀ, ਸਾਨੂੰ ਤਾਂ ਕੰਮ ਕਰਾਉਣ ਦੀ ਲੋੜ ਐ, ਉਹ ਹੋ ਜਾਂਦੇ ਐ, ਹੋਰ ਕੀ ਚਾਹੀਦੈ?”

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author