“ਉਹ ਬੜੇ ਗੁੱਸੇ ਨਾਲ ਬੋਲਿਆ, “ਮੇਰੇ ਕੋਲ ਟਾਈਮ ਨਹੀਂ ਹੈ, ਇੱਥੋਂ ਛੇਤੀ ਨਿਕਲੋ, ਕਿਸੇ ਹੋਰ ਕੋਲੋਂ ...”
(5 ਅਕਤੂਬਰ 2025)
ਸੂਡੋਸਾਇੰਸ ਦਾਅਵਿਆਂ ਜਾਂ ਵਿਸ਼ਵਾਸਾਂ ਦਾ ਉਹ ਸੰਗ੍ਰਹਿ ਹੈ ਜੋ ਵਿਗਿਆਨਿਕ ਜਾਪਦੇ ਹਨ ਪਰ ਵਿਗਿਆਨਿਕ ਵਿਧੀ ਨਾਲ ਮੇਲ ਨਹੀਂ ਖਾਂਦੇ ਅਤੇ ਮਾਹਿਰਾਂ ਦੁਆਰਾ ਮੁਲਾਂਕਣ ਲਈ ਸਬੂਤਾਂ ਦੀ ਘਾਟ ਹੁੰਦੀ ਹੈ। ਸੂਡੋਸਾਇੰਸ ਵਿੱਚ ਵਿਗਿਆਨਿਕ ਸ਼ਬਦਾਂ ਦੀ ਵਰਤੋਂ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹੁੰਦੀ ਹੈ ਪਰ ਇਸਦੇ ਨਤੀਜੇ ਤਜਰਬਿਆਂ ਜਾਂ ਨਿਰੀਖਣਾਂ ਤੋਂ ਪ੍ਰਾਪਤ ਨਹੀਂ ਹੁੰਦੇ ਅਤੇ ਹਰ ਮਾਹਿਰ ਦੇ ਨਤੀਜੇ ਅਲੱਗ ਅੱਲਗ ਅਲੱਗ ਹੁੰਦੇ ਹਨ। ਉਦਾਹਰਨ ਲਈ ਤੁਸੀਂ ਆਪਣਾ ਹੱਥ ਜਿੰਨੇ ਵੀ ਹਸਤਰੇਖਾ ਦੇ ਮਾਹਿਰਾਂ ਨੂੰ ਵਿਖਾਓਗੇ, ਉਹਨਾਂ ਸਾਰਿਆਂ ਦੇ ਨਤੀਜੇ ਜਾਂ ਭਵਿੱਖਬਾਣੀਆਂ ਭਿੰਨ ਭਿੰਨ ਹੋਣਗੀਆਂ। ਤਰਕਸ਼ੀਲ ਸੁਸਾਇਟੀ ਕੋਲ ਪੰਜ ਵਿਅਕਤੀਆਂ ਦੀਆਂ ਹਸਤ ਰੇਖਾਵਾਂ ਦੇ ਚਿੱਤਰ ਹਨ ਪਰ ਅਜੇ ਤਕ ਕਿਸੇ ਮਾਹਿਰ ਨੇ ਸੁਸਾਇਟੀ ਦਾ ਚੈਲੰਜ ਸਵੀਕਾਰ ਨਹੀਂ ਕੀਤਾ, ਜਿਹੜਾ ਦਸ ਸਕੇ ਇਨ੍ਹਾਂ ਵਿੱਚੋਂ ਔਰਤਾਂ ਦੇ ਹੱਥ ਕਿਹੜੇ ਹਨ, ਕਿਹੜੇ ਜਿਊਂਦੇ ਹਨ ਅਤੇ ਕਿਹੜੇ ਮਰ ਚੁੱਕੇ ਹਨ। ਇਸ ਤੋਂ ਉਲਟ ਸਾਰੀ ਦੁਨੀਆਂ ਦੇ ਵਿਗਿਆਨਿਕਾਂ ਦੇ ਨਤੀਜੇ ਇੱਕ ਹੀ ਹੋਣਗੇ। ਉਦਾਹਰਨ ਲਈ ਜੇਕਰ ਇੱਕ ਵਿਗਿਆਨਿਕ ਅਨੁਸਾਰ ਭਾਵੇਂ ਰੌਸ਼ਨੀ ਦਾ ਸਰੋਤ ਸਥਿਰ ਰਹੇ ਜਾਂ ਗਤੀ ਵਿੱਚ ਹੋਵੇ ਉਸਦੀ ਰੌਸ਼ਨੀ ਦੀ ਰਫਤਾਰ ਹਮੇਸ਼ਾ 299,792.4 ਕਿਲੋਮੀਟਰ ਪ੍ਰਤੀ ਸਕਿੰਟ ਰਹਿੰਦੀ ਹੈ ਤਾਂ ਸੰਸਾਰ ਦੇ ਸਾਰੇ ਵਿਗਿਆਨਿਕਾਂ ਅਨੁਸਾਰ ਵੀ ਰੌਸ਼ਨੀ ਦੀ ਰਫਤਾਰ ਹਮੇਸ਼ਾ ਇਹੋ ਹੋਵੇਗੀ।
ਸੂਡੋਸਾਇੰਸ ਵਾਲਿਆਂ ਨੇ ਆਪਣਾ ਨਤੀਜਾ ਜਾਂ ਭਵਿੱਖਬਾਣੀ ਗਲਤ ਸਾਬਤ ਹੋਣ ’ਤੇ ਆਪਣਾ ਬਿਆਨ ਬਦਲਣ ਦੇ ਰਾਹ ਵੀ ਰੱਖੇ ਹੁੰਦੇ ਹਨ। ਮੇਰੇ ਇੱਕ ਰਿਸ਼ਤੇਦਾਰ ਦੇ ਘਰ ਜਦੋਂ ਦੋ ਸਾਲ ਤਕ ਕੋਈ ਬੱਚਾ ਪੈਦਾ ਨਾ ਹੋਇਆ ਤਾਂ ਉਸਨੇ ਇੱਕ ਹਸਤਰੇਖਾ ਦੇ ਮਾਹਿਰ ਨੂੰ ਆਪਣਾ ਹੱਥ ਵਿਖਾਇਆ ਤਾਂ ਮਾਹਿਰ ਨੇ ਕਿਹਾ ਕਿ ਤੁਹਾਡੀ ਕਿਸਮਤ ਵਿੱਚ ਔਲਾਦ ਨਹੀਂ ਲਿਖੀ ਹੋਈ। ਰਿਸ਼ਤੇਦਾਰ ਬੜੇ ਅਫ਼ਸੋਸ ਵਿੱਚ ਰਿਹਾ ਪਰ ਡੇਢ ਸਾਲ ਬਾਅਦ ਉਸਦੇ ਘਰ ਇੱਕ ਬੇਟੀ ਨੇ ਜਨਮ ਲਿਆ। ਉਹੀ ਮਾਹਿਰ ਜਦੋਂ ਫਿਰ ਆਇਆ ਤਾਂ ਉਸ ਨੂੰ ਕਿਹਾ ਕਿ ਤੁਸੀਂ ਕਹਿੰਦੇ ਸੀ ਕਿ ਔਲਾਦ ਨਹੀਂ ਹੋਣੀ ਪਰ ਸਾਡੇ ਘਰ ਤਾਂ ਬੇਟੀ ਪੈਦਾ ਹੋ ਚੁੱਕੀ ਹੈ। ਮਾਹਿਰ ਨੇ ਵਿਆਖਿਆ ਦਿੱਤੀ ਕਿ ਅਸੀਂ ਕੇਵਲ ਬੇਟੇ ਨੂੰ ਔਲਾਦ ਮੰਨਦੇ ਹਾਂ। ਇਸ ਤੋਂ ਬਾਅਦ ਇੱਕ ਬੇਟਾ ਵੀ ਹੋ ਗਿਆ ਤਾਂ ਇਸਦੀ ਵਿਆਖਿਆ ਕਰਦੇ ਹੋਏ ਮਾਹਿਰ ਬੋਲਿਆ ਕਿ ਕਦੇ ਕਦੇ ਕਿਸਮਤ ਬਦਲ ਵੀ ਜਾਂਦੀ ਹੈ। ਯਾਦ ਕਰੋ, ਤੁਸੀਂ ਕਿਸੇ ਗਾਂ ਨੂੰ ਆਟੇ ਦਾ ਪੇੜਾ ਦਿੱਤਾ ਹੋਵੇਗਾ ਜਾਂ ਕਿਸੇ ਦਰਵੇਸ਼ ਨੂੰ ਖਾਣਾ ਖੁਆਇਆ ਹੋਵੇਗਾ। ਕਈ ਸੂਡੋਸਾਇੰਸ ਮਾਹਿਰ ਤਾਂ ਜਦੋਂ ਦੇਖਦੇ ਹਨ ਕਿ ਉਹਨਾਂ ਦੀ ਸੂਡੋਸਾਇੰਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਤਾਂ ਉਹ ਲੜਨ ਲਈ ਤਿਆਰ ਹੋ ਜਾਂਦੇ ਹਨ। ਮੈਂ ਇੱਕ ਵਾਰ ਆਪਣੀ ਐਕਟਿਵਾ ਦੀ ਸੀਟ ਰਿਪੇਅਰ ਕਰਵਾਉਣ ਗਿਆ। ਰਿਪੇਅਰ ਵਾਲੇ ਦੀ ਦੁਕਾਨ ’ਤੇ ਲਿਖਿਆ ਹੋਇਆ ਸੀ, “ਇੱਥੇ ਸੱਪ ਦੇ ਕੱਟੇ ਦਾ ਇਲਾਜ ਮੰਤ੍ਰ ਨਾਲ ਕੀਤਾ ਜਾਂਦਾ ਹੈ।” ਮੈਂ ਪੁੱਛਿਆ ਕਿ ਕੀ ਮੰਤ੍ਰ ਨਾਲ ਹਰ ਕਿਸੇ ਸੱਪ ਦੇ ਡੰਗੇ ਦੀ ਜਾਨ ਬਚ ਜਾਂਦੀ ਹੈ?”
ਮਕੈਨਿਕ ਨੇ ਕਿਹਾ ਕਿ ਜਿਸਦੀ ਵਧੀ ਹੋਵੈ, ਉਹ ਬਚ ਜਾਂਦਾ ਹੈ ਅਤੇ ਨਾ ਵਧੀ ਵਾਲਾ ਮਾਰ ਜਾਂਦਾ ਹੈ। ਮੈਂ ਕਿਹਾ, “ਭਰਾਵਾ, ਐਵੇਂ ਨਾ ਵਧੀ ਘਟੀ ਦੇ ਚੱਕਰ ਵਿੱਚ ਇਲਾਜ ਕਰ, ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਜਿਸ ਸੱਪ ਵਿੱਚ ਜ਼ਹਿਰ ਨਹੀਂ ਹੁੰਦੀ, ਉਸਦੇ ਡੱਸਣ ’ਤੇ ਵਿਅਕਤੀ ਦੀ ਮੌਤ ਨਹੀਂ ਹੁੰਦੀ ਅਤੇ ਜ਼ਹਿਰੀਲਾ ਸੱਪ ਜੇਕਰ ਲੜਿਆ ਹੋਵੇ ਤਾਂ ਕਿਸੇ ਮੰਤ੍ਰ ਨਾਲ ਠੀਕ ਨਹੀਂ ਹੁੰਦਾ।”
ਉਹ ਬੜੇ ਗੁੱਸੇ ਨਾਲ ਬੋਲਿਆ, “ਮੇਰੇ ਕੋਲ ਟਾਈਮ ਨਹੀਂ ਹੈ, ਇੱਥੋਂ ਛੇਤੀ ਨਿਕਲੋ, ਕਿਸੇ ਹੋਰ ਕੋਲੋਂ ਸੀਟ ਠੀਕ ਕਰਵਾ ਲਵੋ।”
ਸਰੀਰ ਵਿੱਚ ਆਤਮਾ ਦਾ ਹੋਣਾ ਜਿਸ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਵਾਲੇ ਮੰਨਦੇ ਨਹੀਂ, ਉਸ ਨੂੰ ਪ੍ਰਮਾਣਿਤ ਕਰਨ ਲਈ ਉਦਾਹਰਨ ਦੇਣਗੇ ਕਿ ਅਮਰੀਕਾ ਵਿੱਚ ਇੱਕ ਮੌਤ ਦੀ ਸਜ਼ਾ ਵਾਲੇ ਵਿਅਕਤੀ ਨੂੰ ਇੱਕ ਸ਼ੀਸ਼ੇ ਦੇ ਵੱਡੇ ਸਾਰੇ ਬਰਤਨ ਵਿੱਚ ਪਾ ਕੇ ਬਰਤਨ ਸੀਲ ਕਰ ਦਿੱਤਾ। ਜਦੋਂ ਦਮ ਘੁੱਟਿਆ ਤਾਂ ਉਸਦੀ ਮੌਤ ਹੁੰਦੇ ਸਾਰ ਹੀ ਆਤਮਾ ਬਰਤਨ ਨੂੰ ਤੋੜ ਕੇ ਬਾਹਰ ਨਿਕਲ ਗਈ। ਜਦੋਂ ਕਿਹਾ ਜਾਏ ਕਿ ਤੁਹਾਡੇ ਅਨੁਸਾਰ ਹਰ ਜੀਵ ਵਿੱਚ ਆਤਮਾ ਹੁੰਦੀ ਹੈ, ਇੱਕ ਚੂਹੇ ਨੂੰ ਸ਼ੀਸ਼ੇ ਦੇ ਬਰਤਨ ਵਿੱਚ ਸੀਲ ਬੰਦ ਕਰ ਦਿਓ ਅਤੇ ਵੇਖਾਂਗੇ ਕਿ ਆਤਮਾ ਬਰਤਨ ਪਾੜ ਕੇ ਬਾਹਰ ਨਿਕਲਦੀ ਹੈ ਜਾਂ ਨਹੀਂ। ਆਪਣੀ ਸੂਡੋਸਾਇੰਸ ਜਾਂ ਝੂਠ ਬਚਾਉਣ ਲਈ ਇਹ ਕਹਿ ਕਰ ਭੱਜ ਜਾਣਗੇ ਕਿ ਅਸੀਂ ਜੀਵ ਹੱਤਿਆ ਨਹੀਂ ਕਰ ਸਕਦੇ।
ਕਿਸੇ ਵਿਅਕਤੀ ਨੂੰ ਜ਼ਿਆਦਾ ਤਾਕਤਵਰ ਦੱਸਣ ਵਾਸਤੇ ਜੇਕਰ ਕੋਈ ਕਹੇ, ਉਸ ਵਿੱਚ ਤਿੰਨ ਵਿਅਕਤੀਆਂ ਜਿੰਨੀ ਤਾਕਤ ਹੈ ਤਾਂ ਗੱਲ ਮੰਨੀ ਜਾ ਸਕਦੀ ਹੈ। ਪਰ ਜੇਕਰ ਗੱਲ ਬਹੁਤ ਹੀ ਵਧਾ ਚੜ੍ਹਾ ਦਿੱਤੀ ਜਾਏ ਤਾਂ ਮੰਨਣੀ ਔਖੀ ਹੋ ਜਾਂਦੀ ਹੈ ਜਾਂ ਗੈਰ ਵਿਗਿਆਨਿਕ ਹੋ ਜਾਂਦੀ ਹੈ। ਮਹਾਂਭਾਰਤ ਦੇ ਇੱਕ ਪਾਤਰ ਭੀਮ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਕੁਝ ਹਾਥੀ ਪੂਛੋਂ ਫੜ ਕੇ ਘੁਮਾ ਕੇ ਐਨੇ ਜ਼ੋਰ ਨਾਲ ਸੁੱਟੇ ਕਿ ਉਹ ਅਜੇ ਵੀ ਧਰਤੀ ਦੁਆਲੇ ਚੱਕਰ ਲਾ ਰਹੇ ਹਨ। ਜੇਕਰ ਕੋਈ ਕਹੇ ਕਿ ਇਹ ਗੱਲ ਮੰਨੀ ਨਹੀਂ ਜਾ ਸਕਦੀ ਤਾਂ ਸੂਡੋਸਾਇੰਸ ਵਾਲੇ ਅਸਲ ਸਾਇੰਸ ਦੀ ਵਰਤੋਂ ਕਰਦੇ ਹੋਏ ਕਹਿਣਗੇ ਕਿ ਜਿਵੇਂ ਰਾਕਟ ਧਰਤੀ ਦੁਆਲੇ ਘੁੰਮਦੇ ਹਨ, ਉਵੇਂ ਹੀ ਹਾਥੀ ਘੁੰਮੀ ਜਾਂਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਧਰਤੀ ਦੁਆਲੇ ਘੁੰਮਣ ਲਈ ਛੱਡੇ ਗਏ ਰਾਕਟ ਦੀਆਂ ਘੱਟੋ ਘੱਟ ਦੋ ਰਫ਼ਤਾਰਾਂ ਹੁੰਦੀਆਂ ਹਨ। ਪਹਿਲੀ ਰਫ਼ਤਾਰ ਘਟ ਹੁੰਦੀ ਹੈ ਕਿਉਂਕਿ ਸਾਡੇ ਵਾਯੂਮੰਡਲ ਵਿੱਚ ਜ਼ਿਆਦਾ ਰਫ਼ਤਾਰ ਹੋਣ ’ਤੇ ਹਵਾ ਦੇ ਕਣਾਂ ਦੀ ਰਾਕਟ ਨਾਲ ਰਗੜ ਹੋਣ ’ਤੇ ਐਨੀ ਗਰਮੀ ਪੈਦਾ ਹੁੰਦੀ ਹੈ ਕਿ ਰਾਕਟ ਨੂੰ ਅੱਗ ਲੱਗ ਜਾਂਦੀ ਹੈ ਅਤੇ ਦੂਜੀ ਰਫ਼ਤਾਰ ਐਨੀ ਜ਼ਿਆਦਾ ਹੁੰਦੀ ਹੈ ਕਿ ਰਾਕਟ ਧਰਤੀ ਦੀ ਗੁਰੂਤਾ ਸ਼ਕਤੀ ਦਾ ਮੁਕਾਬਲਾ ਕਰਦੇ ਹੋਏ ਉਸ ਵਿੱਚੋਂ ਲੰਘ ਜਾਏ। ਐਨੀ ਜ਼ਿਆਦਾ ਰਫ਼ਤਾਰ ਉੱਥੇ ਜਾ ਕੇ ਕੀਤੀ ਜਾਂਦੀ ਹੈ ਜਿੱਥੇ ਧਰਤੀ ਦਾ ਵਾਯੂਮੰਡਲ ਐਨਾ ਵਿਰਲਾ ਹੋਵੇ ਕਿ ਵਧੀ ਰਫ਼ਤਾਰ ਨਾਲ ਵੀ ਰਾਕਟ ਨੂੰ ਅੱਗ ਨਹੀਂ ਲਗਦੀ। ਇਸ ਤੋਂ ਬਾਅਦ ਰਾਕਟ ਧਰਤੀ ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦਾ ਹੈ। ਪਰ ਧਰਤੀ ਤੋਂ ਸੁੱਟੇ ਗਏ ਹਾਥੀ ਜਾਂ ਕਿਸੇ ਪੱਥਰ ਦੀਆਂ ਉਹ ਦੋ ਰਫ਼ਤਾਰਾਂ ਨਹੀਂ ਹੋ ਸਕਦੀਆਂ ਕਿ ਪਹਿਲੀ ਘੱਟ ਹੋਵੇ ਅਤੇ ਦੂਜੀ ਵੱਧ ਹੋਵੇ। ਪਹਿਲੀ ਵੱਧ ਅਤੇ ਬਾਅਦ ਵਾਲੀ ਘੱਟ ਜ਼ਰੂਰ ਹੁੰਦੀ ਹੈ।
ਕਿਹਾ ਜਾਂਦਾ ਹੈ ਕਿ ਗਊ ਦਾ ਮੂਤਰ, ਦੁੱਧ, ਘਿਓ, ਦਹੀਂ, ਅਤੇ ਗੋਮਆ ਰਸ ਮਿਲਾਉਣ ਨਾਲ ਪੰਚਗਯਾ ਬਣਦਾ ਹੈ ਜਿਸ ਨਾਲ ਹਰ ਬਿਮਾਰੀ ਠੀਕ ਹੋ ਜਾਂਦੀ ਹੈ। ਗਾਂ ਦੇ ਗੋਹੇ ਨੂੰ ਕਿਸੇ ਸਾਫ਼ ਕੱਪੜੇ ਵਿੱਚ ਨਿਚੋੜ ਕੇ ਜਿਹੜਾ ਤਰਲ ਨਿਕਲਦਾ ਹੈ, ਉਸ ਨੂੰ ਗੋਮਆ ਰਸ ਕਹਿੰਦੇ ਹਨ। ਇਹ ਵੀ ਸੂਡੋਸਾਇੰਸ ਹੈ ਕਿਉਂਕਿ ਜਦੋਂ ਵੀ ਕਿਸੇ ਪੰਚਗਯਾ ਦੇ ਮਾਹਿਰ ਨੂੰ ਕੋਈ ਬਿਮਾਰੀ ਲਗਦੀ ਹੈ ਤਾਂ ਉਹ ਐਲੋਪੈਥਿਕ ਹਸਪਤਾਲ ਵਿੱਚ ਜਾ ਕੇ ਦਾਖਲ ਹੋ ਜਾਂਦਾ ਹੈ। ਸੂਡੋਸਾਇੰਸ ਦੇ ਪ੍ਰਚਾਰਕ ਰਮਾਇਣ ਅਤੇ ਮਹਾਂਭਾਰਤ ਦੇ ਐਪੀਸੋਡ ਦੇਖ ਕੇ ਐਨੇ ਉਤਸ਼ਾਹਿਤ ਹੋਏ ਕਿ ਉਹਨਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੈਦਿਕ ਕਾਲ ਵਿੱਚ ਸਾਡੇ ਰਿਸ਼ੀ ਮੁਨੀਆਂ ਦੀਆਂ ਕੀਤੀਆਂ ਹੋਈਆਂ ਖੋਜਾਂ ਨੂੰ ਅੱਜ ਦੀ ਵਿਗਿਆਨ ਵੀ ਸਹੀ ਮੰਨਦੀ ਹੈ। ਉਹਨਾਂ ਅਨੁਸਾਰ ਸਟੈੱਮ ਸੈੱਲ ਦੀ ਵਰਤੋਂ ਦੀ ਖੋਜ ਤਾਂ ਪੱਛਮੀ ਦੇਸ਼ਾਂ ਦੇ ਵਿਗਿਆਨਕਾਂ ਨੇ ਹੁਣ ਕੀਤੀ ਹੈ ਪਰ ਸਾਡੇ ਰਿਸ਼ੀ ਨੇ ਦਰੋਪਤੀ ਵੱਲੋਂ ਪੈਦਾ ਕੀਤੇ ਇੱਕ ਮਾਸ ਦੇ ਲੋਥੜੇ ਦੇ ਸੌ ਟੋਟੇ ਕਰਕੇ ਉਹਨਾਂ ਤੋਂ ਸੌ ਕੌਰਵ ਪੈਦਾ ਕਰ ਲਏ। ਮਹਾਂਭਾਰਤ ਸੀਰੀਅਲ ਵਿੱਚ ਇਹ ਵੀ ਵਿਖਾਇਆ ਗਿਆ ਕਿ ਕੁਰੂਖੇਤਰ ਵਿੱਚ ਹੋ ਰਹੇ ਯੁੱਧ ਦਾ ਹਾਲ ਹਸਤਿਨਾਪੁਰ ਵਿੱਚ ਬੈਠੇ ਦੁਰਯੋਧਨ ਨੂੰ ਸੰਦੀਪਨ ਨਾਲ ਨਾਲ ਦੱਸਦਾ ਜਾਂਦਾ ਸੀ, ਇਸ ਤੋਂ ਪਤਾ ਲਗਦਾ ਹੈ ਕਿ ਉਦੋਂ ਟੀ ਵੀ ਅਤੇ ਇੰਟਰਨੈੱਟ ਹੁੰਦਾ ਸੀ। ਯੁੱਧ ਵਿੱਚ ਵਰਤੇ ਜਾਂਦੇ ਤੀਰ ਇੱਕ ਦੂਜੇ ਨਾਲ ਟਕਰਾਅ ਕੇ ਨਸ਼ਟ ਕੀਤੇ ਜਾਂਦੇ ਸੀ, ਦਾ ਮਤਲਬ ਉਦੋਂ ਰਾਕਟ ਟੈਕਨਾਲੋਜੀ ਹੁੰਦੀ ਸੀ ਅਤੇ ਟਕਰਾਉਣ ਵਾਲੇ ਤੀਰ ਵਾਸਤਵ ਵਿੱਚ ਰਾਕਟ ਸਨ। ਰਮਾਇਣ ਵਿੱਚ ਰਾਵਣ ਦੇ ਪੁਸਪਕ ਵਿਮਾਨ (ਹਵਾਈ ਜਹਾਜ਼) ਦਾ ਜ਼ਿਕਰ ਆਉਂਦਾ ਹੈ। ਕਈ ਪੁਰਾਣੇ ਵਿਚਾਰਾਂ ਵਾਲਿਆਂ ਦੇ ਦਿਮਾਗ ਵਿੱਚ ਤਾਂ ਪਹਿਲਾਂ ਹੀ ਸੀ ਕਿ ਰਾਵਣ ਕੋਲ ਹਵਾਈ ਜਹਾਜ਼ ਸੀ ਪਰ ਸੀਰੀਅਲ ਰਮਾਇਣ ਵਿੱਚ ਵੀ ਆਕਾਸ਼ ਮਾਰਗ ਰਾਹੀਂ ਪਹਿਲਾਂ ਰਾਵਣ ਅਤੇ ਬਾਅਦ ਵਿੱਚ ਰਾਮ, ਸੀਤਾ, ਲਛਮਣ ਅਤੇ ਹਨੂੰਮਾਨ ਨੂੰ ਪੁਸ਼ਪਕ ਵਿਮਾਨ ਵਿੱਚ ਲੈ ਕੇ ਅਯੁੱਧਿਆ ਜਾਂਦੇ ਹੋਏ ਵਿਖਾਏ ਗਏ ਅਤੇ ਅੰਧਭਗਤ ਪੱਕਾ ਹੀ ਮੰਨ ਗਏ ਕਿ ਉਦੋਂ ਹਵਾਈ ਜਹਾਜ਼ ਹੁੰਦੇ ਸਨ। ਪਰ ਪ੍ਰਾਚੀਨ ਇਤਿਹਾਸ ਦੇ ਖੋਜ ਕਰਤਾਵਾਂ ਨੇ ਇਨ੍ਹਾਂ ਨੂੰ ਕੇਵਲ ਗੱਪ ਮੰਨਿਆ ਹੈ।
ਦਾ ਵਾਇਰ ਦੇ ਅਨੁਸਾਰ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਇੱਕ ਡਾਇਰੈਕਟਰ ਨੇ ਇੱਕ ਵਾਰ ਭੂਤਾਂ ਨੂੰ ਭਜਾਉਣ ਦਾ ਦਾਅਵਾ ਕੀਤਾ ਸੀ ਅਤੇ ਭੂਤਾਂ ਦੀ ਹੋਂਦ ਨੂੰ ਇੱਕ ਵਿਗਿਆਨਕ ਤੱਥ ਵਜੋਂ ਦਰਸਾਇਆ ਸੀ, ਜਿਸ ਨਾਲ ਨਿੱਜੀ ਵਿਸ਼ਵਾਸ ਅਤੇ ਅਨੁਭਵੀ ਸਬੂਤਾਂ ਵਿਚਕਾਰ ਰੇਖਾ ਧੁੰਦਲੀ ਹੋ ਗਈ ਸੀ। ਸਾਡੇ ਨੇਤਾ ਲੋਕ, ਜਿਨ੍ਹਾਂ ਉੱਤੇ ਸੰਵਿਧਾਨ ਦੀ ਰੱਖਿਆ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਪ੍ਰਚਾਰ, ਪ੍ਰਸਾਰ ਕਰਨ ਦੀ ਜ਼ਿੰਮੇਵਾਰੀ ਹੈ, ਉਹ ਵੀ ਸੂਡੋਸਾਇੰਸ ਫੈਲਾਉਣ ਵਿੱਚ ਕਿਸੇ ਤੋਂ ਪਿੱਛੇ ਨਹੀਂ। ਪਹਿਲਾਂ ਮੋਦੀ ਜੀ ਨੇ ਸਾਇੰਸ ਕਾਨਫਰੰਸ ਵਿੱਚ ਕਹਿ ਦਿੱਤਾ ਕਿ ਸ਼ਿਵਜੀ ਸੰਸਾਰ ਦੇ ਪਹਿਲੇ ਸਰਜਨ ਸਨ, ਜਿਨ੍ਹਾਂ ਗਣੇਸ਼ ਦੇ ਧੜ ਉੱਤੇ ਹਾਥੀ ਦਾ ਸਿਰ ਲਾ ਦਿੱਤਾ। ਇੱਕ ਸੌ ਪੰਜਵੀਂ ਸਾਇੰਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਵਿਗਿਆਨਿਕ ਸਟੀਫਨ ਹੌਕਿੰਗ ਨੇ ਮੰਨਿਆ ਹੈ ਕਿ ਵੇਦਾਂ ਵਿੱਚ ਆਈਨਸਟਾਈਨ ਦੇ ਸਮੀਕਰਣ ਊਰਜਾ = ਪੁੰਜ ਗੁਣਾ ਪ੍ਰਕਾਸ਼ ਵੇਗ ਦਾ ਵਰਗ ਨਾਲੋਂ ਵਧੀਆ ਸਿਧਾਂਤ ਦਿੱਤਾ ਹੋਇਆ ਹੈ। ਇਸ ਕਥਨ ਨੂੰ ਸਾਰੇ ਵਿਗਿਆਨੀਆਂ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਅਨੁਰਾਗ ਠਾਕੁਰ ਨੇ ਵਿਗਿਆਨ ਦਿਵਸ ’ਤੇ ਸਕੂਲਾਂ ਦੇ ਵਿਦਿਆਰਥੀ ਇਕੱਠੇ ਕਰਕੇ ਕਿਹਾ ਕਿ ਸਭ ਤੋਂ ਪਹਿਲਾਂ ਸਪੇਸ (ਖਲਾਅ) ਵਿੱਚ ਜਾਣ ਵਾਲੇ ਸ਼੍ਰੀ ਹਨੂੰਮਾਨ ਜੀ ਸਨ। ਇਸ ਤੋਂ ਬਾਅਦ ਠਾਕੁਰ ਦੀ ਪਾਰਟੀ ਦੇ ਸੀਨੀਅਰ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਈਟ ਭਰਾਵਾਂ ਵੱਲੋਂ ਹਵਾਈ ਜਹਾਜ਼ ਬਣਾਉਣ ਤੋਂ ਪਹਿਲਾਂ ਭਾਰਤ ਵਿੱਚ ਉਡਣ ਯੰਤਰ ਮੌਜੂਦ ਸਨ। ਮੇਰੀ ਸਮਝ ਤੋਂ ਬਾਹਰ ਵਾਲੀ ਗੱਲ ਹੈ ਕਿ ਜਿਸ ਕਾਲ ਵਿੱਚ ਸਾਡੇ ਕੋਲ ਹਵਾਈ ਜਹਾਜ਼ ਅਤੇ ਰਾਕਟ ਸਨ, ਉਸ ਕਾਲ ਵਿੱਚ ਦੇਵੀ ਦੇਵਤੇ ਚੂਹੇ ਦੀ, ਗਰੁੜ ਦੀ ਜਾਂ ਹੰਸ ਦੀ ਸਵਾਰੀ ਕਿਉਂ ਕਰਦੇ ਰਹੇ।
ਸੂਡੋਸਾਇੰਸ ਦੇ ਅਨਪੜ੍ਹ ਅਤੇ ਪੜ੍ਹੇ ਲਿਖੇ ਪ੍ਰਚਾਰਕ ਵਿਗਿਆਨ ਦੇ ਇਤਿਹਾਸ ਨੂੰ ਉਲਟਾ ਖੜ੍ਹਾ ਕਰ ਰਹੇ ਹਨ। ਜਿਹੜਾ ਕੁਝ ਬਾਅਦ ਵਿੱਚ ਬਣਿਆ ਹੋਣਾ ਚਾਹੀਦਾ ਹੈ, ਉਸ ਨੂੰ ਪਹਿਲਾਂ ਬਣਿਆ ਦੱਸ ਰਹੇ ਹਨ ਅਤੇ ਜਿਹੜਾ ਪਹਿਲਾਂ ਬਣਿਆ ਹੋਣਾ ਚਾਹੀਦਾ ਹੈ, ਉਸ ਨੂੰ ਬਾਅਦ ਵਿੱਚ ਬਣਿਆ ਦੱਸ ਰਹੇ ਹਨ। ਹਵਾਈ ਜਹਾਜ਼ ਲਈ ਸ਼ਕਤੀਸ਼ਾਲੀ ਪਰ ਘਟ ਭਾਰ ਵਾਲਾ ਇੰਜਣ ਚਾਹੀਦਾ ਹੈ। ਸੰਸਾਰ ਵਿੱਚ ਸਭ ਤੋਂ ਪਹਿਲਾਂ ਭਾਫ਼ ਇੰਜਣ ਬਣਿਆ, ਜਿਹੜਾ ਕਿ ਬਹੁਤ ਭਾਰਾ ਹੁੰਦਾ ਹੈ। ਬਾਅਦ ਵਿੱਚ ਪੈਟਰੋਲ ਇੰਜਣ ਬਣਿਆ ਜਿਹੜਾ ਕਿ ਭਾਫ਼ ਇੰਜਣ ਤੋਂ ਹਲਕਾ ਹੁੰਦਾ ਹੈ ਅਤੇ ਬਾਅਦ ਵਿੱਚ ਸੁਧਾਰ ਕਰਕੇ ਹੋਰ ਹਲਕੇ ਇੰਜਣ ਬਣੇ, ਜਿਹੜੇ ਸਵਾਰੀਆਂ ਸਮੇਤ ਉਡਾਣ ਭਰ ਸਕਣ। ਪਰ ਸੂਡੋਸਾਇੰਸ ਅਨੁਸਾਰ ਸਭ ਤੋਂ ਪਹਿਲਾਂ ਹਵਾਈ ਜਹਾਜ਼ ਭਾਰਤ ਵਿੱਚ ਬਣੇ ਭਾਵੇਂ ਕਿ ਉਹਨਾਂ ਵਿੱਚ ਇੰਜਣ ਦੀ ਬਜਾਏ ਅੱਗੇ ਕੁਝ ਹੰਸ ਲੱਗੇ ਹੁੰਦੇ ਸਨ। ਅਨੁਰਾਗ ਠਾਕੁਰ ਜੀ ਅਨੁਸਾਰ ਹਵਾਈ ਜਹਾਜ਼ ਤੋਂ ਵੀ ਪਹਿਲਾਂ ਹਨੂੰਮਾਨ ਜੀ ਸਪੇਸ ਵਿੱਚ ਗਏ ਸਨ। ਮਤਲਬ ਕਿ ਰਾਕਟ ਟੈਕਨਾਲੋਜੀ ਸਭ ਤੋਂ ਪਹਿਲਾਂ ਆਈ ਅਤੇ ਬਾਅਦ ਵਿੱਚ ਕਾਰ ਜਾਂ ਹਵਾਈ ਜਹਾਜ਼ ਬਣੇ।
ਡਾਕਟਰੀ ਵਿਗਿਆਨ ਦੇ ਬਹੁਤ ਸਾਰੇ ਲੰਬੇ ਸਫ਼ਰ ਤੋਂ ਬਾਅਦ ਸਟੈੱਮ ਸੈੱਲ ਵਿਧੀ ਦੀ ਖੋਜ ਹੋਈ ਪਰ ਸੂਡੋਸਾਇੰਸ ਵਾਲਿਆਂ ਨੇ ਸਟੈੱਮ ਸੈੱਲ ਦੀ ਖੋਜ ਦਾ ਗਿਆਨ ਉਸ ਕਾਲ ਵਿੱਚ ਦੱਸਿਆ, ਜਿਸ ਕਾਲ ਤੋਂ ਬਾਅਦ ਰਾਜੇ ਮਹਾਰਾਜੇ ਬਰਸਾਤ ਵਿੱਚ ਯੁੱਧ ਇਸ ਲਈ ਨਹੀਂ ਕਰਦੇ ਸਨ ਕਿ ਬਰਸਾਤ ਵਿੱਚ ਜ਼ਖਮਾਂ ਵਿੱਚ ਛੇਤੀ ਇਨਫੈਕਸ਼ਨ ਹੋ ਜਾਂਦੀ ਸੀ, ਜਿਸਦਾ ਉਦੋਂ ਤਕ ਇਲਾਜ ਨਹੀਂ ਸੀ ਲੱਭਿਆ ਗਿਆ। ਮਤਲਬ ਇਨਫੈਕਸ਼ਨ ਦੇ ਇਲਾਜ ਤੋਂ ਪਹਿਲਾਂ ਹੀ ਇਹ ਸਟੈੱਮ ਸੈੱਲ ਤਕਨਾਲੋਜੀ ਲੈ ਆਏ।
ਮਹਾਂਭਾਰਤ ਸੀਰੀਅਲ ਨੂੰ ਇਤਿਹਾਸਿਕ ਅਤੇ ਵਿਗਿਆਨਿਕ ਮੰਨਦੇ ਹੋਏ ਉਦੋਂ ਟੀ ਵੀ ਅਤੇ ਇੰਟਰਨੈੱਟ ਦੀ ਮੌਜੂਦਗੀ ਮੰਨੀ ਜਾ ਰਹੀ ਹੈ ਪਰ ਬਿਜਲੀ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਅਤੇ ਨਾ ਹੀ ਖੁਦਾਈ ਕਰਨ ਅਤੇ ਕੋਈ ਬਿਜਲੀ ਦੀ ਤਾਰ ਜਾਂ ਕੋਈ ਬਿਜਲਈ ਯੰਤਰ ਮਿਲਿਆ ਹੈ। ਮਤਲਬ ਬਿਜਲੀ ਦੀ ਖੋਜ ਤੋਂ ਪਹਿਲਾਂ ਹਵਾਈ ਜਹਾਜ਼, ਰਾਕਟ, ਟੀ ਵੀ ਅਤੇ ਇੰਟਰਨੈੱਟ ਬਣ ਗਏ। ਸਾਡੀ ਗ੍ਰਹਿ ਦਸ਼ਾ ਦੱਸਣ ਵਾਲੇ ਅਤੇ ਜੇਕਰ ਮਾੜੀ ਹੋਵੇ ਤਾਂ ਉਸਦਾ ਉਪਾਅ ਦੱਸਣ ਵਾਲੇ ਬਾਕੀ ਸਾਰੇ ਗ੍ਰਹਿਆਂ ਦਾ ਜ਼ਿਕਰ ਤਾਂ ਕਰਦੇ ਹਨ ਪਰ ਉਹ ਧਰਤੀ ਗ੍ਰਹਿ ਦਾ ਜ਼ਿਕਰ ਨਹੀਂ ਕਰਦੇ ਜਿਸ ’ਤੇ ਅਸੀਂ ਰਹਿੰਦੇ ਹਾਂ, ਜਿਹੜੀ ਸਾਡੇ ਸਭ ਤੋਂ ਨੇੜੇ ਹੈ ਅਤੇ ਜਿਸ ’ਤੇ ਸਾਨੂੰ ਪ੍ਰਭਾਵਿਤ ਕਰਨ ਵਾਲੇ ਹਨੇਰੀ, ਤੂਫ਼ਾਨ, ਹੜ੍ਹ, ਭੂਚਾਲ, ਸੁਨਾਮੀ ਆਉਂਦੇ ਹਨ ਅਤੇ ਜਵਾਲਾਮੁਖੀ ਫਟਦੇ ਹਨ। ਸ਼ਾਇਦ ਉਹ ਧਰਤੀ ਨੂੰ ਗ੍ਰਹਿ ਮੰਨਦੇ ਹੀ ਨਹੀਂ। ਹਰ ਗ੍ਰਹਿ, ਉਪਗ੍ਰਹਿ ਜਾਂ ਸੂਰਜ ਦਾ ਸਾਡੇ ’ਤੇ ਅਸਰ ਕੇਵਲ ਉਸਦੀ ਗੁਰੂਤਾ ਸ਼ਕਤੀ ਦਾ ਹੈ, ਜਿਹੜੇ ਕਿ ਐਨੀ ਦੂਰ ਹਨ ਕਿ ਉਹਨਾਂ ਦੇ ਗੁਰੂਤਾ ਬਲ ਦਾ ਸਾਡੇ ’ਤੇ ਅਸਰ ਧਰਤੀ ਦੇ ਗੁਰੂਤਾ ਬਲ ਨਾਲੋਂ ਐਨਾ ਘੱਟ ਹੈ ਕਿ ਉਸ ਨੂੰ ਲਗਭਗ ਸਿਫ਼ਰ ਮੰਨਿਆ ਜਾ ਸਕਦਾ ਹੈ। ਸੂਰਜ ਦਾ ਇੱਕ 70 ਕਿਲੋਗ੍ਰਾਮ ਵਾਲੇ ਵਿਅਕਤੀ ’ਤੇ ਗਰੂਤਾ ਬਲ ਲਗਭਗ 0.413 ਨਿਊਟਨ ਹੈ, ਜਿਹੜਾ ਕਿ ਸਾਡੇ ਭਾਰ ਨੂੰ 42 ਗ੍ਰਾਮ ਘਟਾਉਂਦਾ ਹੈ ਅਤੇ ਇਸ ਤੋਂ ਵੱਧ ਭਾਰ ਸਾਡੀ ਜੇਬ ਵਿੱਚ ਪਏ ਪਰਸ ਦਾ ਹੁੰਦਾ ਹੈ, ਜਿਹੜਾ ਕਿ ਸਾਡਾ ਭਾਰ ਵਧਾਉਂਦਾ ਹੈ। ਮਤਲਬ ਗ੍ਰਹਿ ਜਾਂ ਤਾਰਿਆਂ ਦਾ ਸਾਡੇ ’ਤੇ ਕੋਈ ਅਸਰ ਨਹੀਂ। ਸੂਰਜ ਤੋਂ ਸਾਡੇ ਤਕ ਪਹੁੰਚ ਰਹੀਆਂ ਅਲਟਰਾ ਵਾਇਲਟ ਕਿਰਨਾਂ ਜ਼ਰੂਰ ਸਾਡੀ ਚਮੜੀ ’ਤੇ ਅਸਰ ਕਰਦੀਆਂ ਹਨ, ਜਿਸਦਾ ਜ਼ਿਕਰ ਗ੍ਰਹਿ ਚਾਲ ਵਾਲੇ ਨਹੀਂ ਕਰਦੇ। ਵੈਸੇ ਵੀ ਇੱਕ ਸਮੇਂ ’ਤੇ ਆ ਰਹੀਆਂ ਅਲਟਰਾ ਵਾਇਲਟ ਕਿਰਨਾਂ ਇੱਕ ਖੇਤਰ ਦੇ ਸਾਰੇ ਵਿਅਕਤੀਆਂ ਜਾਂ ਹੋਰ ਪ੍ਰਾਣੀਆਂ ’ਤੇ ਇੱਕੋ ਜਿਹਾ ਅਸਰ ਕਰਨਗੀਆਂ, ਕਿਸੇ ਵਾਸਤੇ ਵੱਧ ਜਾਂ ਘਟ ਨਹੀਂ ਅਤੇ ਨਾ ਹੀ ਸਾਬਤ ਮਾਂਹ ਦਾਨ ਕਰਨ ਜਾਂ ਪਿੱਪਲ ਦੁਆਲੇ ਮੌਲੀ ਬੰਨ੍ਹਣ ਨਾਲ ਕੋਈ ਫਰਕ ਪੈਣਾ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (