“ਕਾਂਵੜ ਯਾਤਰੀ ਐਨੇ ਭੂਤਰ ਗਏ ਕਿ ਉਹਨਾਂ ਨੇ ਕਿਸੇ ਕਾਨੂੰਨ, ਕਿਸੇ ਇਖਲਾਕ ਜਾਂ ਪੁਲਿਸ ਦੀ ...”
(2 ਅਗਸਤ 2025)
ਜਦੋਂ ਦੀ ਭਾਜਪਾ ਸੱਤਾ ਵਿੱਚ ਆਈ ਹੈ ਕਾਂਵੜ ਯਾਤਰਾਵਾਂ ਪਹਿਲਾਂ ਨਾਲੋਂ ਕਾਫ਼ੀ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਈਆਂ ਹਨ। ਇਸ ਸਾਲ ਤਾਂ ਕਾਂਵੜ ਯਾਤਰਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲੱਖਾਂ ਦੀ ਸੰਖਿਆ ਵਿੱਚ ਕਾਂਵੜ ਯਾਤਰੀਆਂ ਨੇ ਹਰਿਦਵਾਰ ਤੋਂ ਆਪਣੇ ਕਾਂਵੜ, ਮਤਲਬ ਕਿ ਇਨ੍ਹਾਂ ਵਿੱਚ ਲੱਗੇ ਘੜੇ ਨੁਮਾ ਬਰਤਨ ਗੰਗਾ ਜਲ ਨਾਲ ਭਰ ਲਏ ਅਤੇ ਆਪਣੇ ਆਪਣੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵੱਲ ਤੁਰ ਪਏ ਤਾਂ ਕਿ ਗੰਗਾ ਜਲ ਸ਼ਿਵਲੀਆਂ ’ਤੇ ਚੜ੍ਹਾਇਆ ਜਾ ਸਕੇ। ਕੁਝ ਹਿੰਦੂ ਪਰਿਵਾਰ ਆਪਣੇ ਘਰਾਂ ਵਿੱਚ ਰੱਖਣ ਲਈ ਗੰਗਾ ਜਲ ਕਾਂਵੜੀਆਂ ਕੋਲੋਂ ਲੈ ਲੈਂਦੇ ਹਨ, ਜਿਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਬੰਦੇ ਦੇ ਆਖਰੀ ਸਾਹਾਂ ਵੇਲੇ ਉਸਦੇ ਮੂੰਹ ਵਿੱਚ ਪਾ ਦਿੱਤਾ ਜਾਂਦਾ ਹੈ। ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ ਕਾਂਵੜ ਯਾਤਰਾ ਦੇ ਦਿਨਾਂ ਵਿੱਚ ਅਸੀਂ ਦੇਖਦੇ ਸੀ ਕਿ ਕਾਂਵੜੀਆਂ ਦੀਆਂ ਭੀੜਾਂ ਨਹੀਂ ਹੁੰਦੀਆਂ ਸਨ ਅਤੇ ਇੱਕ ਕਾਂਵੜ ਯਾਤਰੀ ਦੇ ਪਿੱਛੇ ਆਉਂਦਾ ਦੂਜਾ ਕਾਂਵੜ ਯਾਤਰੀ ਲਗਭਗ ਸੌ ਮੀਟਰ ਪਿੱਛੇ ਹੁੰਦਾ ਸੀ। ਉਸ ਤੋਂ ਵੀ ਪਹਿਲਾਂ ਕੁਝ ਸਾਧੂ ਸੰਨਿਆਸੀ ਗੰਗਾ ਤੋਂ ਜਲ ਲੈ ਕੇ ਆਉਂਦੇ ਸਨ, ਸ਼ਿਵਲੀਆਂ ਵਿੱਚ ਚੜ੍ਹਾਉਂਦੇ ਸਨ। ਆਮ ਲੋਕ ਜਦੋਂ ਹਰਿਦਵਾਰ ਜਾਂ ਗੰਗਾ ਦੇ ਹੋਰ ਕਿਸੇ ਤੀਰਥ ਸਥਾਨ ’ਤੇ ਜਾਂਦੇ ਸਨ ਜਾਂ ਕਿਸੇ ਦੀਆਂ ਅਸਥੀਆਂ ਪ੍ਰਵਾਹ ਕਰਨ ਜਾਂਦੇ ਸਨ ਤਾਂ ਆਉਂਦੀ ਵਾਰ ਗੰਗਾ ਜਲ ਦੀਆਂ ਦੋ ਤਿੰਨ ਬੋਤਲਾਂ ਭਰ ਲਿਆਉਂਦੇ ਸਨ। ਉਨ੍ਹਾਂ ਵਿੱਚੋਂ ਕੁਝ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਕੁਝ ਗੁਆਂਢੀਆਂ ਵਿੱਚ ਵਰਤਾ ਦਿੰਦੇ ਸਨ।
ਹੁਣ ਸਰਕਾਰੀ ਪ੍ਰੋਤਸਾਹਨ ਨਾਲ ਕਾਂਵੜ ਯਾਤਰਾਵਾਂ ਹਰ ਸਾਲ ਵਧਦੀਆਂ ਹੀ ਜਾ ਰਹੀਆਂ ਹਨ ਅਤੇ ਇਸ ਸਾਲ ਸਰਕਾਰੀ ਤੌਰ ’ਤੇ ਹੈਲੀਕਾਪਟਰ ਨਾਲ ਕਾਂਵੜ ਯਾਤਰੀਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਭਾਜਪਾ ਸਰਕਾਰਾਂ ਅਨੁਸਾਰ ਕਾਂਵੜ ਯਾਤਰਾ ਬੜੀ ਧਾਰਮਿਕ ਸ਼ਰਧਾ ਵਾਲੀ ਅਤੇ ਪਵਿੱਤਰ ਹੁੰਦੀ ਹੈ। ਪਰ ਨੋਟ ਕਰਨ ਵਾਲੀ ਗੱਲ ਇਹ ਹੈ ਇਸ ਯਾਤਰਾ ਵਿੱਚ ਜ਼ਿਆਦਾਤਰ ਨੌਜਵਾਨ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਅਤੇ ਬੇਰੁਜ਼ਗਾਰ ਹੁੰਦੇ ਹਨ। ਜੇਕਰ ਭਾਜਪਾ ਸਰਕਾਰ ਅਨੁਸਾਰ ਇਹ ਯਾਤਰਾ ਬੜੀ ਧਾਰਮਿਕ ਅਤੇ ਪਵਿੱਤਰ ਹੁੰਦੀ ਹੈ ਤਾਂ ਇਸ ਯਾਤਰਾ ਵਿੱਚ ਕਿਸੇ ਵੀ ਸਿਆਸੀ ਨੇਤਾ ਦੀ ਔਲਾਦ ਜਾਂ ਰਿਸ਼ਤੇਦਾਰ ਭਾਗ ਕਿਉਂ ਨਹੀਂ ਲੈਂਦੇ? ਇਸ ਵਿੱਚ ਡਾਕਟਰ, ਪ੍ਰੋਫੈਸਰ ਜਾਂ ਇੰਜਨੀਅਰ ਕਿਉਂ ਨਹੀਂ ਹੁੰਦੇ?
ਕਾਂਵੜ ਯਾਤਰੀ ਐਨੇ ਭੂਤਰ ਗਏ ਕਿ ਉਹਨਾਂ ਨੇ ਕਿਸੇ ਕਾਨੂੰਨ, ਕਿਸੇ ਇਖਲਾਕ ਜਾਂ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਇਸ ਸਭ ਕੁਝ ਪਿੱਛੇ ਸਰਕਾਰ ਦਾ ਪੂਰਾ ਹੱਥ ਸੀ। ਕਾਂਵੜੀਆਂ ਨੇ ਰਸਤੇ ਵਿੱਚ ਆਉਂਦੇ ਕਿਸੇ ਨਾ ਕਿਸੇ ਵਾਹਨ ਚਾਲਕ, ਰੇਹੜੀ ਜਾਂ ਦੁਕਾਨਦਾਰ ਨਾਲ ਖਾਹਮਖਾਹ ਤਕਰਾਰ ਪੈਦਾ ਕੀਤਾ, ਝਗੜਾ ਕੀਤਾ, ਕੁੱਟ ਮਾਰ ਕੀਤੀ ਅਤੇ ਤੋੜ ਫੋੜ ਕੀਤੀ। ਮੋਦੀ ਨਗਰ ਵਿੱਚ ਇੱਕ ਨਿੱਜੀ ਕਾਰ ਜ਼ਰਾ ਜਿੰਨੀ ਕਿਸੇ ਕਾਂਵੜ ਨਾਲ ਥੋੜ੍ਹੀ ਜਿਹੀ ਛੂਹ ਗਈ ਤਾਂ ਕਾਰ ਦੀ ਭੰਨ ਤੋੜ ਕੀਤੀ ਗਈ ਅਤੇ ਉਸਦੇ ਮਾਲਿਕ ਨੂੰ ਬਾਹਰ ਖਿੱਚ ਕੇ ਕੁੱਟਿਆ ਅਤੇ ਉਸਦੇ ਕੱਪੜੇ ਪਾੜ ਦਿੱਤੇ। ਇਹ ਸਾਰਾ ਕੁਝ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ। ਵੈਸੇ ਕਾਂਵੜੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਇੱਕ ਗੱਡੀ ਦੇ ਸ਼ੀਸ਼ੇ ਭੰਨੇ।
ਯੋਗੀ ਜੀ ਵੱਲੋਂ ਸੁਪਰੀਮ ਕੋਰਟ ਦੀ ਪ੍ਰਵਾਹ ਨਾ ਕਰਦੇ ਹੋਏ ਸਖ਼ਤ ਹੁਕਮ ਦਿੱਤੇ ਗਏ ਸਨ ਕਿ ਹਰ ਹੋਟਲ ਢਾਬੇ ਦੇ ਬਾਹਰ ਮਾਲਿਕ ਦਾ ਨਾਮ ਲਿਖਿਆ ਹੋਵੇ ਤਾਂਕਿ ਪਤਾ ਲੱਗ ਸਕੇ ਕਿ ਕਿਹੜਾ ਮਾਲਿਕ ਮੁਸਲਮਾਨ ਹੈ ਅਤੇ ਕਾਂਵੜੀਏ ਉੱਥੋਂ ਖਾਣਾ ਨਾ ਖਾਣ। ਸਭ ਨੇ ਆਪਣੇ ਨਾਮ ਆਪਣੇ ਹੋਟਲ ਜਾਂ ਢਾਬੇ ਦੇ ਬਾਹਰ ਲਿਖ ਦਿੱਤੇ। ਇੱਕ ਹੋਟਲ ਮਾਲਿਕ ਹਿੰਦੂ ਸੀ, ਉਸਦੇ ਸਾਰੇ ਕਰਮਚਾਰੀ ਹਿੰਦੂ ਸਨ ਪਰ ਇੱਕ ਕਰਮਚਾਰੀ ਮੁਸਲਮਾਨ ਸੀ ਅਤੇ ਉਸ ਕਰਮਚਾਰੀ ਨੇ ਆਪ ਹੀ ਉੱਥੋਂ ਕੰਮ ਛੱਡ ਦਿੱਤਾ ਤਾਂ ਕਿ ਹੋਟਲ ਦਾ ਨੁਕਸਾਨ ਨਾ ਹੋਵੇ। ਕਾਂਵੜੀਆਂ ਨੇ ਇੱਕ ਹੋਰ ਢਾਬੇ ਤੋਂ ਖਾਣਾ ਖਾਧਾ ਅਤੇ ਜਦੋਂ ਬਿੱਲ ਚੁਕਾਉਣ ਦਾ ਸਮਾਂ ਆਇਆ ਤਾਂ ਇਹ ਕਹਿ ਕੇ ਝਗੜਾ ਅਤੇ ਤੋੜ ਫੋੜ ਕੀਤੀ ਕਿ ਇਸਨੇ ਸਾਡੇ ਖਾਣੇ ਵਿੱਚ ਪਿਆਜ਼ ਅਤੇ ਲਸਣ ਪਾਇਆ ਹੈ ਅਤੇ ਉਸਦਾ ਢਾਬਾ ਪੂਰੀ ਤਰ੍ਹਾਂ ਤੋੜ ਦਿੱਤਾ। ਢਾਬੇ ਦੇ ਮਾਲਿਕ ਦੀ ਪਤਨੀ ਨੇ ਕਿਹਾ ਕਿ ਮੇਰਾ ਪਤੀ ਕਾਂਵੜੀਆਂ ਦੇ ਪੈਰੀਂ ਵੀ ਪਿਆ ਪਰ ਫਿਰ ਵੀ ਉਸ ਨੂੰ ਕੁੱਟਿਆ ਗਿਆ ਅਤੇ ਉਸਦੇ ਸਾਰੇ ਪੈਸੇ ਖੋਹ ਕੇ ਲੈ ਗਏ। ਢਾਬੇ ਤੇ ਕੰਮ ਕਰਨ ਵਾਲੇ ਕਾਮੇ ਵੀ ਕੁੱਟੇ। ਇੱਕ ਫੌਜੀ ਨੂੰ ਮਿਰਜ਼ਾਪੁਰ ਰੇਲਵੇ ਸਟੇਸ਼ਨ ’ਤੇ ਇਸ ਲਈ ਮੁੱਕੇ ਅਤੇ ਲੱਤਾਂ ਮਾਰ ਮਾਰ ਕੇ ਕੁੱਟਿਆ ਕਿ ਉਸ ਨਾਲ ਥੋੜ੍ਹੀ ਬਹਿਸ ਹੋ ਗਈ ਸੀ। ਕਾਂਵੜ ਯਾਤਰੀਆਂ ਲਈ ਸੜਕ ਦਾ ਇੱਕ ਪਾਸਾ ਰੱਖਿਆ ਗਿਆ ਸੀ ਪਰ ਉਹ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੜਕਾਂ ਦੇ ਦੋਵੇਂ ਪਾਸੇ ਚੱਲਣ ਲੱਗ ਪਏ। ਅਜਿਹੀ ਹਾਲਤ ਵਿੱਚ ਕਿਸੇ ਵੀ ਵਾਹਨ ਨਾਲ ਕੋਈ ਕਾਂਵੜ ਛੂਹ ਸਕਦਾ ਸੀ ਜਾਂ ਟੱਕਰ ਹੋ ਸਕਦੀ ਸੀ। ਗੁੰਡਾ ਅਨਸਰ ਇਸੇ ਮੌਕੇ ਦੀ ਤਲਾਸ਼ ਵਿੱਚ ਹੁੰਦੇ ਹਨ ਤਾਂਕਿ ਝਗੜਾ ਸ਼ੁਰੂ ਕੀਤਾ ਜਾਵੇ।
ਪੱਛਮੀ ਉੱਤਰ ਪ੍ਰਦੇਸ਼ ਦੇ ਸਿਵਈਆਂ ਟੋਲ ਪਲਾਜ਼ਾ (ਮੇਰਠ) ਦੇ ਜਨਰਲ ਮੈਨੇਜਰ ਪਰਦੀਪ ਚੌਧਰੀ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਕਾਂਵੜੀਆਂ ਵੱਲੋਂ ਪਲਾਜ਼ਾ ਦੀਆਂ ਚਾਰੇ ਲੇਨਜ਼ ਉੱਤੇ ਚੱਲਣ ਕਾਰਨ ਆਮ ਬੱਸਾਂ ਅਤੇ ਕਾਰਾਂ ਇੱਥੋਂ ਨਹੀਂ ਜਾ ਸਕੀਆਂ। ਇਸ ਲਈ ਸਾਨੂੰ ਹਰ ਰੋਜ਼ ਹੋਣ ਵਾਲੀ ਤੀਹ ਤੋਂ ਪੈਂਤੀ ਲੱਖ ਰੁਪਏ ਦੀ ਆਮਦਨ ਕਾਂਵੜ ਯਾਤਰਾਵਾਂ ਦੇ ਦਿਨਾਂ ਵਿੱਚ ਨਹੀਂ ਹੋਈ ਅਤੇ ਕੁੱਲ ਘਾਟਾ ਲਗਭਗ ਦੋ ਕਰੋੜ ਦਾ ਹੋਇਆ ਹੈ। ਤੋੜ ਭੰਨ ਨਾ ਹੋਵੇ, ਇਸ ਲਈ ਅਸੀਂ ਆਪਣੇ ਟੋਲ ਪਲਾਜ਼ਾ ਤੋਂ ਸੈਂਸਰ ਅਤੇ ਕੈਮਰੇ ਪਹਿਲਾਂ ਹੀ ਉਤਾਰ ਲਏ ਸਨ। ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਸਾਨੂੰ ਡੇਢ ਕਰੋੜ ਤੋਂ ਦੋ ਕਰੋੜ ਰੁਪਏ ਦਾ ਘਟਾ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਟੋਲ ਪਲਾਜ਼ੇ ਨੂੰ ਹੋਣ ਵਾਲੇ ਘਾਟੇ ਦੀ ਖਬਰ ਤਾਂ ਆ ਗਈ ਪਰ ਬੱਸਾਂ ਦੇ ਨਾ ਚੱਲ ਸਕਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਕਿੰਨਾ ਘਾਟਾ ਪਿਆ ਹੈ, ਉਸਦੀ ਖਬਰ ਅਜੇ ਤਕ ਨਹੀਂ ਆਈ।
ਦੂਜੇ ਪਾਸੇ ਉੱਤਰਾਖੰਡ ਦੇ ਟਰਾਂਸਪੋਰਟ ਵਿਭਾਗ ਦੇ ਰੀਜਨਲ ਮੈਨੇਜਰ ਵਿਸ਼ਾਲ ਚੰਦਰ ਨੇ ਦੱਸਿਆ ਕਿ ਕਾਂਵੜ ਯਾਤਰਾ ਕਾਰਨ ਸਾਰੀਆਂ ਸੜਕਾਂ ’ਤੇ ਬੱਸਾਂ ਨਾ ਚੱਲਣ ਕਾਰਨ ਕਾਰਪੋਰੇਸ਼ਨ ਨੂੰ ਇੱਕ ਕਰੋੜ ਰੁਪਏ ਦਾ ਘਾਟਾ ਪਿਆ ਹੈ। ਪਰ ਉੱਤਰਾਖੰਡ ਦੇ ਟੋਲ ਪਲਾਜ਼ੇ ਦੇ ਘਾਟੇ ਦੀ ਖਬਰ ਅਜੇ ਨਹੀਂ ਆਈ, ਸ਼ਾਇਦ ਆਏ ਵੀ ਨਾ। ਇਸ ਤੋਂ ਇਲਾਵਾ ਪ੍ਰਾਈਵੇਟ ਟਰੱਕ ਅਪਰੇਟਰਾਂ ਨੂੰ, ਟੈਕਸੀਆਂ ਜਾਂ ਤਿੰਨ ਪਹੀਆ ਵਾਹਨਾਂ ਵਾਲਿਆਂ ਨੂੰ ਉੱਤਰ ਪ੍ਰਦੇਸ਼ ਜਾਂ ਉੱਤਰਾਖੰਡ ਵਿੱਚ ਕਿੰਨਾ ਘਾਟਾ ਪਿਆ, ਉਸ ਬਾਰੇ ਕੋਈ ਸੰਗਠਿਤ ਅਦਾਰਾ ਨਾ ਹੋਣ ਕਾਰਨ ਕੋਈ ਖ਼ਬਰ ਨਹੀਂ ਆਈ। ਹੋ ਸਕਦਾ ਹੈ ਕਿ ਕੁਝ ਨਿੱਜੀ ਕਾਰਾਂ ਜ਼ਿਆਦਾ ਤੇਲ ਫੂਕ ਕੇ ਜ਼ਰੂਰੀ ਕੰਮਾਂ ਲਈ ਟੋਲ ਪਲਾਜ਼ਾ ਦੇ ਰਸਤੇ ਛੱਡ ਕੇ ਪਿੰਡਾਂ ਵਿੱਚੋਂ ਕੱਚੀਆਂ ਸੜਕਾਂ ਰਾਹੀਂ ਚਲੀਆਂ ਗਈਆਂ ਹੋਣ ਅਤੇ ਤਿੰਨ ਪਹੀਆ ਗੱਡੀਆਂ ਵੀ ਸਵਾਰੀਆਂ ਕੋਲੋਂ ਜ਼ਿਆਦਾ ਭਾੜਾ ਲੈ ਕੇ ਇਨ੍ਹਾਂ ਰਾਹਾਂ ’ਤੇ ਹੀ ਗਈਆਂ ਹੋਣ। ਕਾਂਵੜ ਯਾਤਰਾਵਾਂ ਦੇ ਦਿਨਾਂ ਵਿੱਚ ਸਕੂਲ, ਕਾਲਜ ਤਾਂ ਸਰਕਾਰੀ ਆਦੇਸ਼ਾਂ ਅਨੁਸਾਰ ਬੰਦ ਹੀ ਰਹੇ।
ਜੇਕਰ ਅਧਿਆਪਕ ਜਾਂ ਪ੍ਰੋਫੈਸਰ ਆਪਣੀਆਂ ਜਾਇਜ਼ ਮੰਗਾਂ ਲਈ ਜਾਂ ਰੁਕੀਆਂ ਤਨਖਾਹਾਂ ਲਈ ਹੜਤਾਲ ਕਰਨ ਤਾਂ ਗੋਦੀ ਮੀਡੀਆ ’ਤੇ ਰੌਲਾ ਪਾਇਆ ਜਾਂਦਾ ਹੈ ਕਿ ਇਹ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਹੇ ਹਨ ਪਰ ਹੁਣ ਗੋਦੀ ਮੀਡੀਆ ਬਿਲਕੁਲ ਨਹੀਂ ਬੋਲ ਰਿਹਾ ਕਿ ਸਰਕਾਰ ਦੇ ਕੁਪਰਬੰਧ ਕਾਰਨ ਕਾਂਵੜ ਯਾਤਰਾ ਦੇ ਦਿਨਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਟਰਾਂਸਪੋਰਟ ਕਰਮਚਾਰੀ ਇੱਕ ਦਿਨ ਵੀ ਹੜਤਾਲ ’ਤੇ ਚਲੇ ਜਾਣ ਤਾਂ ਸਰਕਾਰੀ ਤੌਰ ’ਤੇ ਬੜਾ ਰੌਲਾ ਹੁੰਦਾ ਹੈ ਕਿ ਐਨੇ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਪਰ ਹੁਣ ਗੋਦੀ ਮੀਡੀਆ ਟਰਾਂਸਪੋਰਟ ਪੰਜ ਦਿਨ ਠੱਪ ਰਹਿਣ ’ਤੇ ਚੁੱਪ ਹੈ। ਜੇਕਰ ਕਿਸਾਨਾਂ ਨੇ ਆਪਣੀਆਂ ਮੰਗਾਂ ’ਤੇ ਜ਼ੋਰ ਦੇਣ ਲਈ ਕਿਸੇ ਟੋਲ ਪਲਾਜ਼ੇ ’ਤੇ ਧਰਨਾ ਦਿੱਤਾ ਤਾਂ ਮੀਡੀਆ ਦੇ ਹਰ ਬੁਲੇਟਿਨ ’ਤੇ ਖਬਰ ਚੱਲੀ ਕਿ ਟੋਲ ਪਲਾਜ਼ੇ ਨੂੰ ਰੋਜ਼ਾਨਾ ਐਨਾ ਘਾਟਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਹੋ ਰਹੀ ਹੈ ਪਰ ਹੁਣ ਕਾਂਵੜੀਆਂ ਕਾਰਨ ਟੋਲ ਪਲਾਜ਼ੇ ਬੰਦ ਹੋਣ ’ਤੇ ਮੀਡੀਆ ਚੁੱਪ ਹੈ। ਅਜਿਹਾ ਕਿਉਂ?
ਪ੍ਰਿਵੈਨਸ਼ਨ ਆਫ ਡੈਮੇਜ ਟੂ ਪ੍ਰਾਪਰਟੀ ਐਕਟ 1984 ਅਨੁਸਾਰ ਕਿਸੇ ਵੀ ਬਿਲਡਿੰਗ, ਟਰਾਂਸਪੋਰਟ, ਬਿਜਲੀ ਜਾਂ ਜਲ ਸਪਲਾਈ ਨੂੰ ਨੁਕਸਾਨ ਪਹੁੰਚਾਉਣ ’ਤੇ ਪੰਜ ਸਾਲ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਇੰਡੀਅਨ ਪੈਨਲ ਕੋਡ ਸੈਕਸ਼ਨ 425 (ਮਿਸਚਿਫ ਮਤਲਬ ਸ਼ਰਾਰਤ) ਅਨੁਸਾਰ ਸਰਕਾਰੀ ਜਾਂ ਜਨਤਾ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ’ਤੇ ਕੋਰਟ ਦੀ ਮਰਜ਼ੀ ਅਨੁਸਾਰ ਜੇਲ੍ਹ ਅਤੇ ਜੁਰਮਾਨਾ ਹੋ ਸਕਦਾ ਹੈ। ਕਾਂਵੜੀਆਂ ਨੇ ਕਿੰਨੀਆਂ ਕਾਰਾਂ ਤੋੜੀਆਂ, ਬੱਸਾਂ ਤੋੜੀਆਂ, ਕਿੰਨੇ ਹੋਟਲ ਜਾਂ ਢਾਬੇ ਤੋੜੇ, ਇੱਕ ਮੋਬਾਇਲ ਫੋਨਾਂ ਦੀ ਦੁਕਾਨ ਵੀ ਤੋੜੀ, ਕਿੰਨੇ ਲੋਕਾਂ ਨੂੰ ਕੁੱਟਿਆ, ਇਨ੍ਹਾਂ ਕਾਰਨ ਕਿੰਨਾ ਨੁਕਸਾਨ ਟੋਲ ਪਲਾਜ਼ੀਆਂ ਨੂੰ ਹੋਇਆ ਅਤੇ ਕਿੰਨਾ ਟਰਾਂਸਪੋਰਟ ਵਿਭਾਗ ਨੂੰ ਨੁਕਸਾਨ ਹੋਇਆ, ਇਨ੍ਹਾਂ ਨੁਕਸਾਨਾਂ ਜਾਂ ਮਾਰ ਕੁਟਾਈ ਦੇ ਜ਼ਿੰਮੇਵਾਰ ਕਿਉਂਕਿ ਸਰਕਾਰ ਦੀ ਛਤਰਛਾਇਆ ਹੇਠ ਸਨ, ਇਸ ਲਈ ਇਨ੍ਹਾਂ ਨੂੰ ਨਾ ਜੇਲ੍ਹ ਹੋਵੇਗੀ ਅਤੇ ਨਾ ਜੁਰਮਾਨਾ ਹੋਵੇਗਾ। ਉਲਟਾ ਪੁਲਿਸ ਅਧਿਕਾਰੀ ਇਨ੍ਹਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੱਖਾ ਝੱਲਦੇ ਰਹੇ ਅਤੇ ਥਕਾਵਟ ਉਤਾਰਨ ਲਈ ਇਨ੍ਹਾਂ ਦੇ ਪੈਰ ਘੁੱਟਦੇ ਰਹੇ। ਇਸ ਤੋਂ ਉਲਟ ਜੇਕਰ ਇਹੋ ਭੰਨ ਤੋੜ ਜਾਂ ਟਰਾਂਸਪੋਰਟ ਰੋਕਣ ਦਾ ਕੰਮ ਮਜ਼ਦੂਰਾਂ, ਮੁਲਾਜ਼ਮਾਂ ਨੇ ਕੀਤਾ ਹੁੰਦਾ ਤਾਂ ਇਹ ਸਜ਼ਾ ਦੇਣ ਵਾਲੇ ਕਾਨੂੰਨ ਲਾਗੂ ਹੋ ਜਾਣੇ ਸਨ, ਬੁਲਡੋਜ਼ਰ ਬਾਬਾ ਨੇ ਪੂਰੀ ਹਰਕਤ ਵਿੱਚ ਆ ਜਾਣਾ ਸੀ ਅਤੇ ਇਸ ਤੋਂ ਇਲਾਵਾ ਐਸਮਾ ਜਾਂ ਯੂ ਏ ਪੀ ਏ ਵੀ ਲਾਗੂ ਹੋ ਸਕਦਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (