“ਪੰਜਾਬ ਵਿੱਚ ਕਿਸੇ ਸਾਜ਼ਿਸ਼ ਅਧੀਨ ਜਾਂ ਵੱਧ ਕਮਾਈ ਦੇ ਲਾਲਚ ਵੱਸ ਨਸ਼ੇ ਬਹੁਤ ਆ ਰਹੇ ਹਨ ...”
(27 ਸਤੰਬਰ 2025)
ਸਭ ਨੂੰ ਪਤਾ ਹੈ ਕਿ ਜਨਸੰਖਿਆ ਦੀ ਸਮੱਸਿਆ ਭਾਰਤ ਵਿੱਚ ਬੜੀ ਵਿਕਰਾਲ ਹੈ ਅਤੇ ਵੱਸੋਂ ਬਾਹਰ ਹੁੰਦੀ ਜਾ ਰਹੀ ਹੈ। ਇਸ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਬਾਰੇ ਦੱਸਣ ਦੀ ਲੋੜ ਨਹੀਂ ਕਿਉਂਕਿ ਸਾਰੇ ਹੀ ਸੁਚੇਤ ਲੋਕ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸ ਵਾਧੇ ਨੂੰ ਰੋਕਣ ਜਾਂ ਕੁਝ ਘੱਟ ਕਰਨ ਲਈ ਸਾਨੂੰ ਇਸਦੀਆਂ ਸਮੱਸਿਆਵਾਂ ਜਾਣਨ ਦੇ ਨਾਲ ਨਾਲ ਇਸਦੇ ਵਧਣ ਦੇ ਕਾਰਨ ਜਾਣਨੇ ਪੈਣਗੇ। ਵਾਧੇ ਦਾ ਇੱਕ ਕਾਰਨ ਧਾਰਮਿਕ ਹੈ ਜਿਸ ਅਨੁਸਾਰ ਹਿੰਦੂ ਜਾਂ ਹਿੰਦੂਆਂ ਨਾਲ ਮਿਲਦੇ ਜੁਲਦੇ ਵਿਚਾਰਾਂ ਵਾਲੇ ਪਰਿਵਾਰਾਂ ਦੀ ਇਹ ਖਾਹਿਸ਼ ਹੁੰਦੀ ਹੈ ਕਿ ਸਾਡੇ ਪਰਿਵਾਰ ਦੀ ਜਾਂ ਇਸਦੀ ਜਾਤ ਚਲਦੀ ਰਹੇ, ਇਸ ਲਈ ਉਹ ਘਰ ਵਿੱਚ ਇੱਕ ਬੇਟਾ ਜ਼ਰੂਰ ਚਾਹੁੰਦੇ ਹਨ। ਇਹ ਵੀ ਚਾਹੁੰਦੇ ਹਨ ਕਿ ਸਾਡੇ ਮਰਨ ’ਤੇ ਸਾਡਾ ਬੇਟਾ ਸਾਡਾ ਦਾਹ ਸੰਸਕਾਰ ਕਰੇ। ਇਸ ਲਈ ਕਈ ਪਰਿਵਾਰਾਂ ਵਿੱਚ ਭਾਵੇਂ ਛੇ ਬੇਟੀਆਂ ਹੋ ਜਾਣ, ਉਹ ਫਿਰ ਵੀ ਇਸ ਆਸ ਨਾਲ ਹੋਰ ਬੱਚਾ ਚਾਹੁੰਦੇ ਹਨ ਜਿਹੜਾ ਕਿ ਬੇਟਾ ਹੋਵੇ। ਕਈ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦੇ ਇੱਕ ਬੇਟਾ ਹੈ, ਜੇਕਰ ਦੂਜੇ ਨੰਬਰ ’ਤੇ ਬੇਟੀ ਹੋ ਜਾਵੇ ਤਾਂ ਤੀਜੇ ਨੰਬਰ ’ਤੇ ਬੇਟਾ ਪੈਦਾ ਕਰਨ ਦੀ ਆਸ ਨਾਲ ਤੀਜਾ ਬੱਚਾ ਪੈਦਾ ਕਰਦੇ ਹਨ। ਦੋ ਬੇਟੇ ਇਸ ਲਈ ਰੱਖਣਾ ਚਾਹੁੰਦੇ ਹਨ ਕਿ ਅੱਜਕਲ ਬੇਨਿਯਮੀ ਟਰੈਫਿਕ ਕਾਰਨ ਸੜਕਾਂ ਵੀ ਮੌਤ ਦਾ ਘਰ ਬਣੀਆਂ ਹੋਈਆਂ ਹਨ ਅਤੇ ਇਹ ਵੀ ਨਹੀਂ ਪਤਾ ਕਿ ਕਦੋਂ ਕੋਈ ਨੌਜਵਾਨ ਦੀ ਮੌਤ ਦਾ ਕਾਰਨ ਗੁੰਡਾ ਗਰੋਹ ਜਾਂ ਨਸ਼ੇ ਨੇ ਬਣ ਜਾਣਾ ਹੈ।
ਜਨਸੰਖਿਆ ਦੇ ਵਾਧੇ ਦਾ ਦੂਸਰਾ ਕਾਰਨ ਮਜ਼ਦੂਰ ਜਮਾਤ ਦੀ ਆਰਥਿਕਤਾ ਹੈ। ਮਜ਼ਦੂਰ ਆਪਣੇ ਬੱਚਿਆਂ ਨੂੰ ਠੀਕ ਤਰ੍ਹਾਂ ਪੜ੍ਹਾ ਲਿਖਾ ਨਹੀਂ ਸਕਦੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਮਾੜਾ ਇਨਫਰਾਸ਼ਟਰਕਚਰ ਅਤੇ ਸਟਾਫ ਦੀ ਘਾਟ ਕਾਰਨ ਪੜ੍ਹਾਈ ਦੀ ਗੁਣਵੱਤਾ ਚੰਗੀ ਨਹੀਂ ਰਹਿੰਦੀ ਅਤੇ ਚੰਗੇ ਇਨਫਰਾਸ਼ਟਰਕਚਰ ਅਤੇ ਪੂਰੇ ਸਟਾਫ ਵਾਲੇ ਨਿੱਜੀ ਸਕੂਲਾਂ ਦੀਆਂ ਫੀਸਾਂ ਉਹ ਭਰ ਨਹੀਂ ਸਕਦੇ। ਆਮ ਤੌਰ ’ਤੇ ਗਰੀਬ ਅਤੇ ਪਛੜੇ ਮਜ਼ਦੂਰ ਦਾ ਬੱਚਾ ਵੱਡਾ ਹੋਕੇ ਮਜ਼ਦੂਰ ਹੀ ਬਣਦਾ ਹੈ। ਇੱਕ ਮਜ਼ਦੂਰ ਆਪਣੀ ਪਤਨੀ, ਬੱਚਿਆਂ ਅਤੇ ਬੁੱਢੇ ਮਾਂ ਬਾਪ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ ਇਸ ਲਈ ਮਜ਼ਦੂਰ ਇਹੋ ਚਾਹੁੰਦਾ ਹੈ ਕਿ ਉਸਦੇ ਬੱਚੇ ਐਨੇ ਜ਼ਿਆਦਾ ਹੋਣ ਤਾਂ ਕਿ ਉਹ ਸਾਰੇ ਮਿਲ ਕਿ ਬੁਢਾਪੇ ਵਿੱਚ ਉਨ੍ਹਾਂ ਦੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਕਰ ਸਕਣ।
ਅਬਾਦੀ ਦੇ ਵਾਧੇ ਦਾ ਤੀਜਾ ਕਾਰਨ ਧਰਮ ਅਤੇ ਸਿਆਸਤ ਦਾ ਮਿਲਗੋਭਾ ਹੈ। ਜ਼ਿਆਦਾਤਰ ਖੇਤਰੀ ਪਾਰਟੀਆਂ ਅਤੇ ਕੁਝ ਇੰਡੀਆ ਪੱਧਰ ਦੀਆਂ ਪਾਰਟੀਆਂ ਧਾਰਮਿਕ ਅਧਾਰ ’ਤੇ ਚੱਲ ਰਹੀਆਂ ਹਨ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਧਰਮ ਦੇ ਲੋਕਾਂ ਦੀ ਗਿਣਤੀ ਕਿਤੇ ਘਟ ਨਾ ਜਾਵੇ। ਜੇਕਰ ਗਿਣਤੀ ਘਟ ਗਈ ਤਾਂ ਸਾਡੇ ਵਿਧਾਇਕ ਅਤੇ ਸਾਂਸਦ ਘਟ ਜਾਣਗੇ ਅਤੇ ਸਾਡਾ ਮੁੱਖ ਮੰਤਰੀ ਜਾਂ ਸਾਡਾ ਪ੍ਰਧਾਨ ਮੰਤਰੀ ਨਹੀਂ ਬਣ ਸਕੇਗਾ ਅਤੇ ਸਾਡੀ ਸਰਕਾਰ ਨਹੀਂ ਹੋਵੇਗੀ। ਇਸ ਘਟੀਆ ਸੋਚ ਦੇ ਮੱਦੇ ਨਜ਼ਰ ਧਾਰਮਿਕ ਅਤੇ ਸਿਆਸੀ ਲੀਡਰ ਆਪਣੇ ਆਪਣੇ ਧਰਮਾਂ ਵਾਲੇ ਲੋਕਾਂ ਨੂੰ ਕਹਿੰਦੇ ਹਨ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ। ਤੁਸੀਂ ਕੁਝ ਧਰਮ ਅਧਾਰਿਤ ਪਾਰਟੀਆਂ ਦੇ ਨੇਤਾਵਾਂ ਜਾਂ ਧਾਰਮਿਕ ਮੁਖੀਆਂ ਦੇ ਮੂੰਹੋਂ ਕਈ ਵਾਰ ਸੁਣ ਚੁੱਕੇ ਹੋ ਕਿ ਹਰ ਔਰਤ ਘੱਟੋ ਘੱਟ ਚਾਰ ਬੱਚੇ ਜ਼ਰੂਰ ਪੈਦਾ ਕਰੇ। ਇਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਭਾਵੇਂ ਔਰਤ ਦਾ ਸਤਿਕਾਰ ਕਰਨ ਜਾਂ ਉਸਦੀ ਪੂਜਾ ਕਰਨ ਲਈ ਕਹਿੰਦੀਆਂ ਹੋਣ ਪਰ ਇਹ ਲੀਡਰ ਔਰਤ ਨੂੰ ਕੇਵਲ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਦੇ ਹਨ।
ਇਸ ਸਮੱਸਿਆ ਨੂੰ ਨਜਿੱਠਿਆ ਕਿਵੇਂ ਜਾਵੇ? ਜੇਕਰ ਕਿਸੇ ਦੇਸ਼ ਵਿੱਚ ਜਨਮ ਦਰ 2.1% ਹੋਵੇ ਤਾਂ ਜਨਸੰਖਿਆ ਸਥਿਰ ਰਹਿੰਦੀ ਹੈ। ਜਨਮ ਦਰ 2.1% ਤੋਂ ਵੱਧ ਹੋਣ ਤੇ ਜਨਸੰਖਿਆ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ 2.1% ਤੋਂ ਘਟ ਹੋਣ ’ਤੇ ਅਬਾਦੀ ਘਟਣੀ ਸ਼ੁਰੂ ਹੋ ਜਾਂਦੀ ਹੈ। ਭਾਰਤ ਵਿੱਚ ਕੁੱਲ ਜਨਮ ਦਰ ਘਟ ਕੇ 1.9% ਰਹਿ ਗਈ ਹੈ ਜਿਹੜੀ 2.1 ਤੋਂ ਘਟ ਹੈ ਪਰ ਫਿਰ ਵੀ ਅਬਾਦੀ ਵਧ ਰਹੀ ਹੈ ਕਿਉਂਕਿ ਨੌਜਵਾਨ ਜ਼ਿਆਦਾ ਹਨ। ਅਜੇ ਤਾਂ ਅਗਲੇ 40 ਸਾਲਾਂ ਵਿੱਚ ਭਾਰਤ ਦੀ ਅਬਾਦੀ ਵਧਦੀ ਵਧਦੀ 170 ਕਰੋੜ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਅਬਾਦੀ ਘਟਣੀ ਸ਼ੁਰੂ ਹੋ ਜਾਵੇਗੀ। ਜਨਮ ਦਰ ਵਧਣਾ ਅਤੇ ਘਟਣਾ ਦੋਵੇਂ ਸਮੱਸਿਆਵਾਂ ਪੈਦਾ ਕਰਦੇ ਹਨ। ਭਾਰਤ ਵਿੱਚ ਜਨਮ ਦਰ ਵੱਧ ਹੋਣ ਕਾਰਨ ਅਤੇ ਸਰਮਾਏਦਾਰੀ ਪ੍ਰਬੰਧ ਦੇ ਹੁੰਦਿਆਂ ਰੁਜ਼ਗਾਰ, ਰਿਹਾਇਸ਼, ਚੰਗੀ ਵਿੱਦਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਦੀ ਕਮੀ ਹੈ। ਸਰਮਾਏਦਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੇਰੁਜ਼ਗਾਰੀ ਵੱਧ ਤੋਂ ਵੱਧ ਰਹੇ, ਜਿਸ ਨਾਲ ਉਹਨਾਂ ਨੂੰ ਸਸਤੀ ਲੇਬਰ ਮਿਲ ਸਕੇ। ਇਸ ਲਈ ਸਰਮਾਏਦਾਰ ਮਜ਼ਦੂਰੀ ਦੇ ਘੰਟੇ ਵਧਾਉਣ ਵਾਲੇ ਕਾਨੂੰਨ ਬਣਵਾਉਂਦੇ ਹਨ ਅਤੇ ਮਜ਼ਦੂਰ ਲੋੜ ਨਾਲੋਂ ਘੱਟ ਰੱਖਦੇ ਹਨ। ਕੇਵਲ ਮਜ਼ਦੂਰ ਹੀ ਨਹੀਂ ਅਧਿਆਪਕ, ਪ੍ਰੋਫੈਸਰ, ਇੰਜਨੀਅਰ, ਡਾਕਟਰ ਜਾਂ ਹੋਰ ਪੜ੍ਹੇ ਲਿਖੇ ਵੀ ਘੱਟ ਰੁਜ਼ਗਾਰ ਪ੍ਰਾਪਤ ਕਰਦੇ ਹਨ ਕਿਉਂਕਿ ਸਰਕਾਰਾਂ ਦੀ ਸੋਚ ਵੀ ਸਰਮਾਏਦਾਰਾਨਾ ਹੁੰਦੀ ਹੈ। ਫੌਜ ਵਿੱਚ ਅਗਨੀ ਵੀਰਾਂ ਦੀ ਭਰਤੀ ਵੀ ਇਸੇ ਸੋਚ ਦੇ ਤਹਿਤ ਹੋ ਰਹੀ ਹੈ। ਜਨਮ ਦਰ ਘਟਣ ਨਾਲ ਵੀ ਸਮੱਸਿਆਵਾਂ ਆ ਖੜ੍ਹੀਆਂ ਹੁੰਦੀਆਂ ਹਨ, ਜਿਸਦਾ ਪਤਾ ਚੀਨ ਵੱਲੋਂ ਜਨਮ ਦਰ ਘਟਾਉਣ ’ਤੇ ਲੱਗਾ। ਚੀਨ ਨੇ ਜਨਮ ਦਰ 2.1% ਤੋਂ ਕਾਫੀ ਘਟਾ ਦਿੱਤੀ। ਅਠਾਰਾਂ ਵੀਹ ਸਾਲਾਂ ਬਾਅਦ ਪਤਾ ਲੱਗਾ ਕਿ ਕੰਮ ਕਰਨ ਯੋਗ ਨੌਜਵਾਨ ਬਹੁਤ ਘੱਟ ਰਹਿ ਗਏ ਅਤੇ ਚੰਗੀਆਂ ਸਿਹਤ ਸਹੂਲਤਾਂ ਕਰਕੇ ਬੁੱਢਿਆਂ ਦੀ ਸੰਖਿਆ ਬਹੁਤ ਵਧ ਗਈ। ਇਸ ਲਈ ਚੀਨ ਨੇ ਹਾਲ ਦੀ ਘੜੀ ਜਨਮ ਦਰ 2.1% ਤੋਂ ਵਧਾ ਦਿੱਤੀ ਹੈ, ਹੌਲੀ ਹੌਲੀ 2.1% ਤੇ ਲਿਆ ਕੇ ਫਿਰ ਅੱਗੇ ਦੀ ਯੋਜਨਾਬੰਦੀ ਕਰੇਗਾ।
ਜਨਮ ਦਰ ਭਾਰਤ ਦੀ ਸਾਰੀ ਅਬਾਦੀ ਦੀ ਇੱਕੋ ਜਿੰਨੀ ਨਹੀਂ ਹੈ। ਸੁਚੇਤ ਮਾਪਿਆਂ ਨੇ ਜਨਮ ਦਰ ਘਟ ਰੱਖੀ ਹੁੰਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਮਹਿੰਗਾਈ ਦੇ ਯੁਗ ਵਿੱਚ ਇੱਕ ਜਾਂ ਦੋ ਬੱਚਿਆਂ ਦਾ ਚੰਗਾ ਪਾਲਣ ਪੋਸਣ ਅਤੇ ਚੰਗੀ ਸਕੂਲ ਕਾਲਜ ਦੀ ਪੜ੍ਹਾਈ ਕਰਾਉਣੀ ਮੁਸ਼ਕਿਲ ਨਾਲ ਹੀ ਹੁੰਦੀ ਹੈ। ਪਰ ਜਿਹੜੇ ਵਰਗ ਘਟ ਪੜ੍ਹੇ ਲਿਖੇ ਹੋਣ ਕਾਰਨ ਜ਼ਿਆਦਾ ਸੁਚੇਤ ਨਹੀਂ, ਉਹਨਾਂ ਵਿੱਚ ਮਾਪੇ ਜਨਮ ਦਰ ਬਾਰੇ ਨਾ ਜਾਣਦੇ ਹਨ ਅਤੇ ਨਾ ਸੋਚਦੇ ਹਨ। ਅਜਿਹੇ ਲੋਕਾਂ ਦੀ ਜਨਮ ਦਰ ਵੱਧ ਹੁੰਦੀ ਹੈ। ਇਸ ਪ੍ਰਕਾਰ ਸਮਾਜ ਜਾਂ ਰਾਜਨੀਤੀ ਤੋਂ ਅਨਜਾਣ ਵਿਅਕਤੀ ਵਧ ਜਾਂਦੇ ਹਨ, ਜਿਨ੍ਹਾਂ ਦੀਆਂ ਵੋਟਾਂ ਨਾਲ ਸਿਆਸੀ ਲੀਡਰ ਜਾਤ, ਇਲਾਕੇ ਜਾਂ ਬੋਲੀ ਦੇ ਨਾਮ ’ਤੇ ਜਿੱਤ ਜਾਂਦੇ ਹਨ। ਅਜਿਹੇ ਲੀਡਰ ਨਾਜਾਇਜ਼ ਢੰਗਾਂ ਨਾਲ ਆਪਣੇ ਲਈ ਧਨ ਇਕੱਠਾ ਕਰਨ ਤੋਂ ਇਲਾਵਾ ਲੋਕਾਂ ਦਾ ਕੁਝ ਵੀ ਨਹੀਂ ਸੁਆਰਦੇ। ਅਜਿਹੇ ਲੀਡਰ ਆਪਣੀਆਂ ਵੋਟਾਂ ਵਧਾਉਣ ਲਈ ਭਿੰਨ ਭਿੰਨ ਧਰਮਾਂ ਦੇ ਲੋਕਾਂ ਵਿੱਚ ਨਫ਼ਰਤ ਫੈਲਾਉਂਦੇ ਹਨ। ਹਿੰਦੂ ਮੁਸਲਿਮ ਵੋਟਾਂ ਦਾ ਧਰੁਵੀਕਰਣ ਵੀ ਅਜਿਹੇ ਲੀਡਰਾਂ ਨੇ ਕੀਤਾ ਹੋਇਆ ਹੈ। ਇਸੇ ਲਈ ਸਰਕਾਰਾਂ ਵੀ ਇਹੋ ਚਾਹੁੰਦੀਆਂ ਹਨ ਕਿ ਚੰਗੀ ਵਿੱਦਿਆ ਦੇ ਮੌਕੇ ਘਟ ਲੋਕਾਂ ਨੂੰ ਹੀ ਮਿਲਣ ਤਾਂ ਕਿ ਲੋਕਾਂ ਦਾ ਧਿਆਨ ਚੰਗੇ ਜੀਵਨ ਲਈ ਅਸਲ ਲੋੜਾਂ ਤੋਂ ਹਟ ਕੇ ਮੰਦਰ, ਮਸਜਿਦ, ਚਰਚ ਜਾਂ ਜਾਤਪਾਤ ਦੁਆਲੇ ਹੀ ਰਹੇ।
ਮੈਂ ਪੰਜਾਬ ਵਿੱਚ ਜਨਮ ਦਰ ਬਾਰੇ ਵਿਸ਼ੇਸ਼ ਤੌਰ ’ਤੇ ਲਿਖਣਾ ਚਾਹੁੰਦਾ ਹਾਂ। ਪੰਜਾਬ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇ ਵਿੱਦਿਆ ਦਾ ਪਸਾਰ ਵੀ ਹੋਇਆ ਹੈ ਭਾਵੇਂ ਕਿ ਗੁਣਵੱਤਾ ਵਿੱਚ ਫਰਕ ਨਹੀਂ ਪਿਆ। ਲੋਕ ਵੱਡੀ ਉਮਰ ਵਿੱਚ ਵਿਆਹ ਕਰਵਾਉਂਦੇ ਹਨ ਅਤੇ ਕੰਟਰਾਸੈਪਟਿਵ ਵੀ ਵਰਤਦੇ ਹਨ। ਕਾਫੀ ਲੋਕ ਚੰਗੇ ਰੁਜ਼ਗਾਰ ਲਈ ਵਿਦੇਸ਼ ਜਾ ਰਹੇ ਹਨ। ਇਸ ਤੋਂ ਇਲਾਵਾ ਨਸ਼ਿਆਂ ਦੇ ਸੇਵਨ ਨੇ ਜਨਮ ਦਰ ਕਾਫੀ ਘਟਾ ਦਿੱਤੀ ਹੈ। ਫੈਕਟਰੀਆਂ ਅਤੇ ਖੇਤਾਂ ਵਿੱਚ ਕੰਮ ਕਰਨ ਯੋਗ ਪੰਜਾਬੀ ਨੌਜਵਾਨ ਮਿਲ ਨਹੀਂ ਰਹੇ ਅਤੇ ਇਸ ਕਮੀ ਨੂੰ ਪੂਰਾ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਲੋਕ ਆ ਰਹੇ ਹਨ। ਪੰਜਾਬ ਵਿੱਚ ਕਿਸੇ ਸਾਜ਼ਿਸ਼ ਅਧੀਨ ਜਾਂ ਵੱਧ ਕਮਾਈ ਦੇ ਲਾਲਚ ਵੱਸ ਨਸ਼ੇ ਬਹੁਤ ਆ ਰਹੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਨੌਜਵਾਨਾਂ ਦੇ ਸਰੀਰ ਖੋਖਲੇ ਹੋ ਰਹੇ ਹਨ ਅਤੇ ਕੁਝ ਮਰ ਵੀ ਰਹੇ ਹਨ। ਨਸ਼ਿਆਂ ਦੀ ਵਰਤੋਂ ਕਾਰਨ ਹੀ ਫੌਜ ਲਈ ਉਹ ਸਿਹਤਮੰਦ ਗੱਭਰੂ ਮਿਲ ਨਹੀਂ ਰਹੇ, ਜਿਨ੍ਹਾਂ ਤੇ ਪੰਜਾਬ ਨੂੰ ਮਾਣ ਹੁੰਦਾ ਸੀ। ਭਰਤੀ ਵੇਲੇ ਫੌਜੀ ਟੈਸਟਾਂ ਵਿੱਚ ਕੁਝ ਨੌਜਵਾਨ ਤਾਂ ਥੋੜ੍ਹਾ ਜਿਹਾ ਹੀ ਦੌੜ ਕੇ ਡਿਗਦੇ ਵੇਖੇ ਗਏ।
ਵਾਸਤਵ ਵਿੱਚ ਸਮੱਸਿਆ ਦਾ ਹੱਲ ਨਾ ਤਾਂ ਜਨਮ ਦਰ ਵਧਾਉਣ ਵਿੱਚ ਹੈ ਅਤੇ ਨਾ ਹੀ ਕੇਵਲ ਘਟਾਉਣ ਵਿੱਚ ਹੈ। ਭਾਰਤ ਵਿੱਚ ਜਨਸੰਖਿਆ ਦੇ ਵਾਧੇ ਦਾ ਇੱਕ ਹੱਲ ਹੋ ਸਕਦਾ ਹੈ ਜੇਕਰ ਇਸ ਨੂੰ ਕਾਰਗਰ ਰਹਿਣ ਦਿੱਤਾ ਜਾਵੇ। ਹੱਲ ਇਹ ਹੈ ਕਿ ਜਨਮ ਦਰ ਤਾਂ 1.9% ਤੋਂ ਘੱਟ ਰੱਖੀ ਜਾਵੇ ਪਰ ਨਾਲ ਚੰਗੀ ਵਿੱਦਿਆ, ਚੰਗੀ ਖੁਰਾਕ ਅਤੇ ਚੰਗੀਆਂ ਡਾਕਟਰੀ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਵਿੱਚ ਹੋਣ। ਇਸ ਨਾਲ ਨੌਜਵਾਨਾਂ ਦੀ ਸਿਹਤ ਐਨੀ ਚੰਗੀ ਹੋਵੇਗੀ ਕਿ ਉਹ ਛੇਤੀ ਬੁੱਢੇ ਨਹੀਂ ਹੋਣਗੇ। ਇਸ ਗੱਲ ਦੇ ਕਾਰਗਰ ਰਹਿਣ ਵਿੱਚ ਸਭ ਤੋਂ ਵੱਡੀ ਸਮੱਸਿਆ ਸਰਮਾਏਦਾਰੀ ਹੈ। ਭਾਰਤ ਵਿੱਚ ਸਿਹਤਮੰਦ ਅਤੇ ਹੁਨਰਮੰਦ ਨੌਜਵਾਨ ਮਿਲਣ ਦੇ ਬਾਵਜੂਦ ਸਰਮਾਏਦਾਰੀ ਜਾਣਬੁੱਝ ਕੇ ਬੇਰੁਜ਼ਗਾਰੀ ਵੱਧ ਤੋਂ ਵੱਧ ਰੱਖ ਕੇ ਉਜਰਤਾਂ ਜਾਂ ਤਨਖਾਹਾਂ ਘੱਟ ਰੱਖੇਗੀ ਅਤੇ ਜਵਾਨੀ ਨੂੰ ਨਕਾਰਾ ਬਣਾਉਣ ਵਾਲੇ ਨਸ਼ਿਆਂ ਦਾ ਕਾਰੋਬਾਰ ਵੀ ਜਾਰੀ ਰੱਖੇਗੀ।
ਕਿਉਂਕਿ ਇਸ ਵਕਤ ਸਾਰੇ ਸੰਸਾਰ ਵਿੱਚ ਕਿਸੇ ਵੀ ਸਰਕਾਰ ਦੀ ਸੋਚ ਸਮਾਜਵਾਦੀ ਨਹੀਂ, ਇਸ ਲਈ ਬੇਰੁਜ਼ਗਾਰੀ ਦੀ ਦਰ 5.2 % ਦੇ ਇਰਦ ਗਿਰਦ ਹੈ ਅਤੇ ਕਦੇ ਕਦਾਈਂ 8% ਤੋਂ ਵੀ ਵਧ ਜਾਂਦੀ ਹੈ। ਰੂਸ ਵਿੱਚ ਅੱਜਕਲ ਯੁਕਰੇਨ ਨਾਲ ਜੰਗ ਵਿੱਚ ਬਹੁਤ ਸਾਰੇ ਨੌਜਵਾਨ ਮਾਰੇ ਜਾਣ ਕਾਰਨ ਬੇਰੁਜ਼ਗਾਰੀ ਦੀ ਦਰ 2.3% ਹੈ ਜਦਕਿ ਪਹਿਲਾਂ ਉੱਥੇ ਵੀ ਬੇਰੁਜ਼ਗਾਰੀ 5.2 % ਦੇ ਇਰਦ ਗਿਰਦ ਸੀ। ਲਗਭਗ ਸਾਰੇ ਦੇਸ਼ਾਂ ਵਿੱਚ ਰੁਜ਼ਗਾਰ ’ਤੇ ਲੱਗੇ ਹੋਏ ਕਈ ਅਰਧ ਬੇਰੁਜ਼ਗਾਰੀ ਦੀ ਹਾਲਤ ਵਿੱਚ ਕੰਮ ਕਰ ਰਹੇ ਹਨ। ਮਤਲਬ ਜਾਂ ਤਾਂ ਸਾਲ ਵਿੱਚ ਪੂਰੇ ਦਿਨ ਕੰਮ ਨਹੀਂ ਮਿਲਦਾ ਜਾਂ ਬਣਦੀਆਂ ਤਨਖਾਹਾਂ ਤੋਂ ਬਹੁਤ ਘੱਟ ਤਨਖਾਹਾਂ ਪ੍ਰਾਪਤ ਕਰਦੇ ਹਨ। ਉਦਾਹਰਨ ਲਈ ਇੱਕੋ ਯੋਗਤਾ ਅਤੇ ਇੱਕੋ ਕੰਮ ਕਰਨ ਵਾਲੇ ਠੇਕੇ ’ਤੇ ਲੱਗੇ ਜਾਂ ਨਿੱਜੀ ਅਦਾਰਿਆਂ ਵਿੱਚ ਲੱਗੇ ਕਰਮਚਾਰੀ ਸਰਕਾਰੀ ਤੌਰ ’ਤੇ ਲੱਗੇ ਪੱਕੇ ਕਰਮਚਾਰੀਆਂ ਤੋਂ ਬਹੁਤ ਘੱਟ ਤਨਖਾਹਾਂ ਪ੍ਰਾਪਤ ਕਰ ਰਹੇ ਹਨ। ਇੱਕ ਕਿਊਬਾ ਦੇਸ਼ ਅਜਿਹਾ ਹੈ ਜਿਸ ਵਿੱਚ ਸਰਕਾਰ ਦੀ ਸੋਚ ਕੁਝ ਸਮਾਜਵਾਦੀ ਹੋਣ ਕਾਰਨ ਬੇਰੁਜ਼ਗਾਰੀ ਦੀ ਦਰ ਕੇਵਲ 1% ਹੈ। ਵਧੀਆ ਯੋਜਨਾਬੰਦੀ ਨਾਲ ਇਹ ਦਰ 1% ਤੋਂ ਵੀ ਘੱਟ ਹੋ ਸਕਦੀ ਹੈ ਜੇਕਰ ਇਸ ਦੇਸ਼ ’ਤੇ ਬਾਕੀ ਦੇਸ਼ਾਂ ਦੀ ਸਰਮਾਏਦਾਰਾਨਾ ਨੀਤੀਆਂ ਦਾ ਦਬਾਅ ਨਾ ਹੋਵੇ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (