“ਮੱਥੇ ’ਤੇ ਕਲੰਕ ਲੱਗ ਚੁੱਕਿਆ ਹੈ ... ਹੁਣ ਅੱਗੋਂ ਕੀ ਕਰਨਾ ਹੈ, ਇਸ ਬਾਰੇ ਸੋਚੋ ...”
(15 ਫਰਵਰੀ 2025)
ਫੌਜੀ ਹਵਾਈ ਜਹਾਜ਼ ਰਾਹੀਂ 104 ਭਰਤੀ ਜਿਹੜੇ ਕਿ ਨਾਜਾਇਜ਼ ਢੰਗਾਂ ਨਾਲ ਅਮਰੀਕਾ ਪਹੁੰਚੇ ਸਨ, ਉਹਨਾਂ ਨੂੰ ਡਿਪੋਰਟ ਕਰਨ ਦੇ ਢੰਗ ’ਤੇ ਭਾਰਤੀਆਂ ਵਿੱਚ ਰੋਸ ਫੈਲ ਗਿਆ ਹੈ। ਡਿਪੋਰਟ ਤਾਂ ਪਹਿਲਾਂ ਵੀ ਲੋਕ ਹੁੰਦੇ ਆਏ ਹਨ ਅਤੇ ਜਿਹੜੇ ਵਿਅਕਤੀਆਂ ਨੂੰ ਡਿਪੋਰਟ ਕੀਤਾ ਜਾਂਦਾ ਸੀ ਉਹਨਾਂ ਨੂੰ ਉਹਨਾਂ ਦੇ ਦੇਸ਼ ਜਾਣ ਵਾਲੇ ਜਹਾਜ਼ ਵਿੱਚ ਬਿਠਾ ਦਿੱਤਾ ਜਾਂਦਾ ਸੀ। ਇਸ ਯਾਤਰਾ ਦਾ ਸਾਰਾ ਖਰਚਾ ਉਸ ਦੇਸ਼ ਦੀ ਸਰਕਾਰ ਨੂੰ ਦੇਣਾ ਪੈਂਦਾ ਹੈ, ਜਿਸ ਦੇਸ਼ ਦੇ ਵਿਅਕਤੀ ਨਾਜਾਇਜ਼ ਤਰੀਕੇ ਨਾਲ ਪਰਵਾਜ਼ ਕਰ ਗਏ ਹੋਣ। ਇਸ ਵਾਰ ਭਾਰਤੀਆਂ ਦੀ ਡਿਪੋਰਟੇਸ਼ਨ ਜੱਗੋਂ ਤੇਰ੍ਹਵੀਂ ਹੋਈ ਹੈ। ਪਹਿਲੀ ਗੱਲ ਇਹ ਕਿ ਸਾਰੇ ਡਿਪੋਰਟੀਆਂ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਬੱਝੇ ਹੋਏ ਸਨ। ਦੁਨੀਆਂ ਦੇ ਅੱਧੇ ਚੱਕਰ ਜਿੰਨਾ ਫਾਸਲਾ ਡਿਪੋਰਟੀਆਂ ਨੂੰ ਸੰਗਲਾਂ ਨਾਲ ਬੱਝੇ ਹੋਏ ਹੀ ਤੈਅ ਕਰਨਾ ਪਿਆ, ਜਿਹੜਾ ਕਿ 40 ਘੰਟਿਆਂ ਵਿੱਚ ਮੁੱਕਿਆ ਸੀ। ਇਸ ਸਾਰੇ ਸਫ਼ਰ ਦੌਰਾਨ ਡਿਪੋਰਟੀਆਂ ਨੂੰ ਦਿੱਤਾ ਗਿਆ ਖਾਣਾ ਖਾਣ ਵੇਲੇ ਉਹਨਾਂ ਦੇ ਹੱਥ ਸੰਗਲਾਂ ਨਾਲ ਬੰਨ੍ਹੇ ਹੀ ਰਹੇ। ਜ਼ੁਲਮ ਐਨਾ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਬਾਥਰੂਮ ਜਾਂ ਲੈਟ੍ਰਿਨ ਜਾਣਾ ਚਾਹੁੰਦਾ ਸੀ, ਉਸ ਦੇ ਹੱਥ ਅਤੇ ਪੈਰ ਬੱਝੇ ਹੀ ਰਹੇ। ਔਰਤਾਂ ਦੇ ਬਾਥਰੂਮ ਜਾਣ ਵੇਲੇ ਕੋਈ ਓਹਲਾ (ਪ੍ਰਾਈਵੇਸੀ) ਨਹੀਂ ਸੀ। ਦੂਜੀ ਗੱਲ ਇਹ ਕਿ ਸਾਰੇ ਡਿਪੋਰਟੀ ਫੌਜੀ ਜਹਾਜ਼ ਵਿੱਚ ਭੇਜੇ ਗਏ ਜਦੋਂ ਕਿ ਕਿਸੇ ਵੀ ਦੇਸ਼ ਨੇ ਕਦੇ ਅਜਿਹਾ ਨਹੀਂ ਕੀਤਾ।
ਗੁੱਸੇ ਵਾਲੀ ਗੱਲ ਇਹ ਵੀ ਹੈ ਪਹਿਲਾਂ ਸਾਡਾ ਵਿਦੇਸ਼ ਮੰਤਰੀ ਮੰਨਿਆ ਹੀ ਨਹੀਂ ਕਿ ਅਮਰੀਕਾ ਨੇ ਕੋਈ ਗਲਤ ਕੰਮ ਕੀਤਾ ਹੈ। ਉਹ ਇਹੋ ਕਹਿੰਦਾ ਰਿਹਾ ਕਿ ਇਹ ਅਮਰੀਕਾ ਦਾ ਕਾਨੂੰਨ ਹੈ ਕਿ ਗੈਰ ਕਾਨੂੰਨੀ ਢੰਗਾਂ ਨਾਲ ਅਮਰੀਕਾ ਪਹੁੰਚੇ ਲੋਕਾਂ ਨਾਲ ਅਪਰਾਧੀਆਂ ਵਾਲਾ ਸਲੂਕ ਕੀਤਾ ਜਾਵੇ। ਪਬਲਿਕ ਦੇ ਗੁੱਸੇ ਅਤੇ ਸੰਸਦ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕਰਨ ’ਤੇ ਆਪਣੇ ਬਿਆਨਾਂ ਨੂੰ ਗਲਤ ਮੰਨਣ ਦੀ ਬਜਾਏ ਐਨਾ ਹੀ ਕਹਿ ਦਿੱਤਾ ਕਿ ਅਮਰੀਕਾ ਨਾਲ ਗੱਲ ਕੀਤੀ ਜਾਵੇਗੀ ਕਿ ਅੱਗੋਂ ਤੋਂ ਡਿਪੋਰਟੀਆਂ ਨੂੰ ਜਿਸ ਤਰੀਕੇ ਨਾਲ ਭੇਜਿਆ ਹੈ, ਉਸ ਤਰੀਕੇ ਨਾਲ ਨਾ ਭੇਜਿਆ ਜਾਵੇ। ਪਤਾ ਨਹੀਂ ਅਮਰੀਕਾ ਨੇ ਫੌਜੀ ਜਹਾਜ਼ ਭਾਰਤ ਭੇਜਣ ਤੋਂ ਪਹਿਲਾਂ ਇਸਦੀ ਇਜਾਜ਼ਤ ਲਈ ਸੀ ਕਿ ਨਹੀਂ। ਮੰਨ ਲਓ ਕਿ ਭਾਰਤ ਸਰਕਾਰ ਨੇ ਭਾਰਤ ਵਿੱਚ ਅਮਰੀਕੀ ਫੌਜੀ ਜਹਾਜ਼ ਉੱਤਰਨ ਦੀ ਅਗਾਉਂ ਇਜਾਜ਼ਤ ਦਿੱਤੀ ਹੋਵੇਗੀ। ਕੀ ਅਜਿਹੀ ਇਜਾਜ਼ਤ ਦੇ ਕੇ ਭਾਰਤ ਸਰਕਾਰ ਨੇ ਆਪਣੇ ਦੇਸ਼ ਦੀ ਪ੍ਰਭੂਸੱਤਾ ’ਤੇ ਆਪ ਹੀ ਹਮਲਾ ਨਹੀਂ ਕਰਵਾਇਆ ਹੈ। ਕੀ ਇਹ ਕੋਈ ਗਰੰਟੀ ਹੈ ਕਿ ਉਸ ਫੌਜੀ ਜਹਾਜ਼ ਵਿੱਚ ਜਾਸੂਸੀ ਯੰਤਰ ਨਹੀਂ ਲੱਗੇ ਹੋਣਗੇ। ਦੂਜੇ ਪਾਸੇ ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ਅਤੇ ਦੂਰ ਦੇ ਇੱਕ ਬਹੁਤ ਹੀ ਛੋਟੇ ਦੇਸ਼ ਕੋਲੰਬੀਆ ਨੇ ਅਮਰੀਕਾ ਦੇ ਫੌਜੀ ਮਾਲ ਢੋਣ ਵਾਲੇ ਜਹਾਜ਼ ਨੂੰ ਆਪਣੇ ਦੇਸ਼ ਉੱਤਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਸੰਗਲਾਂ ਨਾਲ ਬੰਨ੍ਹੇ ਡਿਪੋਰਟੀਆਂ ਨੂੰ ਅਪਰਾਧੀਆਂ ਵਾਂਗ ਲੈਣ ਤੋਂ ਬਿਲਕੁਲ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਅੰਤ ਵਿੱਚ ਇਹ ਡਿਪੋਰਟੀ ਸਿਵਲ ਜਹਾਜ਼ਾਂ ਵਿੱਚ ਆਮ ਯਾਤਰੀਆਂ ਦੀ ਤਰ੍ਹਾਂ ਪਰਤੇ। ਭਾਰਤ ਸਰਕਾਰ ਨੂੰ ਐਨਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇਸ਼ ਦੇ ਡਿਪੋਰਟੀਆਂ ਨੂੰ ਅਪਮਾਨਿਤ ਕਰਕੇ ਭੇਜਿਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਦੇ ਲੋਕ ਅਤੇ ਦੇਸ਼ ਦੀ ਸਰਕਾਰ ਵੀ ਅਪਮਾਨਿਤ ਹੁੰਦੀ ਹੈ।
ਇਹ ਕੋਈ ਜ਼ਰੂਰੀ ਨਹੀਂ ਕਿ ਹਰ ਪਰਵਾਜ਼ ਦਾ ਸਿੱਟਾ ਖੁਸ਼ੀ ਦੇਣ ਵਾਲਾ ਹੋਵੇ। ਕਾਫੀ ਪਰਵਾਜ਼ਾਂ ਗਮੀ ਦੇਣ ਵਾਲਿਆਂ ਵੀ ਹੋਈਆਂ ਹਨ। ਆਮ ਤੌਰ ’ਤੇ ਪ੍ਰਵਾਜ਼ ਕਰਵਾਉਣ ਵਾਲੇ ਠੱਗ ਪੈਸੇ ਵੀ ਲੱਖਾਂ ਦੇ ਹਿਸਾਬ ਨਾਲ ਵਸੂਲਦੇ ਹਨ ਅਤੇ ਕਿਸੇ ਵਧੀਆ ਦੇਸ਼ ਵਿੱਚ ਭੇਜਣ ਦੀ ਬਜਾਏ ਕਿਸੇ ਆਮਦਨ ਪੱਖੋਂ ਘਟੀਆ ਦੇਸ਼ ਭੇਜ ਦਿੰਦੇ ਹਨ ਅਤੇ ਭੇਜਦੇ ਵੀ ਨਾਜਾਇਜ਼ ਢੰਗ ਨਾਲ ਹਨ। ਪਰਵਾਜ਼ ਕਰਨ ਵਾਲੇ ਨੂੰ ਦੂਜੇ ਦੇਸ਼ ਪਹੁੰਚਕੇ ਹੀ ਪਤਾ ਲਗਦਾ ਹੈ ਕਿ ਉਸ ਦਾ ਵੀਜ਼ਾ ਵੀ ਨਕਲੀ ਸੀ।
ਬਹੁਤ ਵਰ੍ਹੇ ਪਹਿਲਾਂ ਕੁਝ ਪਰਵਾਜ਼ ਕਰਨ ਦੇ ਚਾਹਵਾਨਾਂ ਦੀ ਬੇੜੀ ਮਾਲਟਾ ਵਿੱਚ ਡੁੱਬ ਗਈ ਸੀ ਅਤੇ ਉਹਨਾਂ ਵਿੱਚੋਂ ਕੋਈ ਜਿਊਂਦਾ ਨਹੀਂ ਬਚਿਆ ਸੀ। ਕੁਝ ਪਰਵਾਜ਼ ਦੇ ਚਾਹਵਾਨ ਮੈਕਸੀਕੋ ਜਾਂ ਕੈਨੇਡਾ ਦਾ ਬਾਰਡਰ ਟੱਪਣ ਵੇਲੇ ਗ੍ਰਿਫਤਾਰ ਹੋ ਜਾਂਦੇ ਹਨ ਅਤੇ ਕੁਝ ਗੋਲੀ ਦਾ ਸ਼ਿਕਾਰ ਹੋ ਜਾਂਦੇ। ਕੈਨੇਡਾ ਤੋਂ ਕੁਝ ਪ੍ਰਵਾਸੀਆਂ ਨੂੰ ਨਸ਼ੇ ਦੇ ਸਮਗਲਰ ਬਾਰਡਰ ਪਾਰ ਕਰਵਾਕੇ ਆਪਣੇ ਨਾਲ ਹੀ ਮਿਲਾ ਲੈਂਦੇ ਹਨ ਅਤੇ ਉਹਨਾਂ ਦਾ ਅੰਤ ਬਹੁਤ ਬੁਰਾ ਹੁੰਦਾ ਹੈ। ਕੁਝ ਅਜਿਹੇ ਵੀ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਠੱਗਾਂ ਦੇ ਗਿਰੋਹ ਹਨ, ਜਿਨ੍ਹਾਂ ਨੂੰ ਬਾਕੀਆਂ ਨਾਲੋਂ ਰੱਤੀ ਭਰ ਇਮਾਨਦਾਰ ਕਿਹਾ ਜਾਂਦਾ ਹੈ। ਇਨ੍ਹਾਂ ਦਾ ਪੰਜਾਬ ਵਿੱਚ ਵੀ ਨੈੱਟਵਰਕ ਹੈ ਅਤੇ ਅਮਰੀਕਾ ਵਿੱਚ ਵੀ ਹੈ। ਪਹਿਲੇ ਹੱਲੇ ਵਿੱਚ ਆਪਣੇ ਕਬੂਤਰਾਂ ਨੂੰ ਮੈਕਸੀਕੋ ਦਾ ਬਾਰਡਰ ਟਪਾਇਆ ਜਾਂਦਾ ਹੈ। ਜੇਕਰ ਇਹ ਠੀਕ ਠੀਕ ਬਾਰਡਰ ਟੱਪ ਗਏ ਤਾਂ ਪਹਿਲਾਂ ਮਿਲੀਆਂ ਹਦਾਇਤਾਂ ਅਨੁਸਾਰ ਇਹ ਪਰਵਾਜ਼ ਕਰਨ ਵਾਲੇ ਪੁਲਿਸ ਸਾਹਮਣੇ ਗ੍ਰਿਫਤਾਰੀ ਲਈ ਪੇਸ਼ ਹੋ ਜਾਂਦੇ ਹਨ ਜਾਂ ਪੁਲਿਸ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਬਾਰਡਰ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਇਸ ਤੋਂ ਬਾਅਦ ਅਮਰੀਕਾ ਵਿੱਚ ਬਣਾਏ ਗਏ ਨੈੱਟਵਰਕ ਵੱਲੋਂ ਪੱਕੇ ਤੌਰ ਤੇ ਰੱਖੇ ਹੋਏ ਵਕੀਲ ਦਾ ਕੰਮ ਹੁੰਦਾ ਹੈ, ਜਿਹੜਾ ਉਹਨਾਂ ਦੇ ਕੇਸ ਲੜ ਕੇ ਉਹਨਾਂ ਨੂੰ ਅਮਰੀਕਾ ਵਿੱਚ ਸ਼ਰਨ ਦੁਆਉਂਦਾ ਹੈ। ਜਹਾਜ਼ ਰਾਹੀਂ ਮੈਕਸੀਕੋ ਜਾਣ ਦਾ ਕਿਰਾਇਆ, ਬਾਰਡਰ ਟਪਾਉਣ ਦੀ ਜ਼ਿੰਮੇਵਾਰੀ ਅਤੇ ਅਮਰੀਕਾ ਵਿੱਚ ਸਥਿਤ ਵਕੀਲ ਦਾ ਖਰਚਾ ਕਿਸੇ ਕੋਲੋਂ ਤੀਹ ਹਜ਼ਾਰ, ਕਿਸੇ ਕੋਲੋਂ ਚਾਲੀ ਹਜ਼ਾਰ ਅਤੇ ਕਿਸੇ ਕੋਲੋਂ ਪੰਜਾਹ ਹਜ਼ਾਰ ਇਹ ਠੱਗ ਏਜੰਟ ਅਡਵਾਂਸ ਵਸੂਲ ਕਰ ਲੈਂਦੇ ਹਨ।
ਡਿਪੋਰਟ ਹੋ ਕੇ ਆਏ ਇਹ ਮੰਦਭਾਗੇ ਲੋਕ ਕਰਜ਼ਾ ਚੁੱਕ ਕੇ, ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਏਜੈਂਟਾਂ ਨੂੰ ਲੱਖਾਂ ਰੁਪਏ ਦੇਕੇ ਅਮਰੀਕਾ ਪਹੁੰਚੇ ਸਨ। ਕਈ ਤਾਂ ਚਾਲੀ ਚਾਲੀ ਮੀਲ ਪੈਦਲ ਚੱਲਣ ਤੋਂ ਬਾਅਦ ਬਾਰਡਰ ਟੱਪ ਕੇ ਪਹੁੰਚੇ ਸਨ। ਇਨ੍ਹਾਂ ਵਿੱਚੋਂ ਕੁਝ ਨੂੰ ਅਮਰੀਕਾ ਪਹੁੰਚੇ ਅਜੇ ਚਾਰ ਦਿਨ ਹੀ ਹੋਏ ਸਨ ਕਿ ਡਿਪੋਰਟ ਹੋ ਗਏ। ਇਹ ਸਾਰੇ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮਾਰੇ ਮਾਈਗ੍ਰੇਟ ਹੋਏ ਸਨ। ਉਹ ਵੀ ਮਾਈਗ੍ਰੇਟ ਹੋਏ ਸਨ ਜਿਨ੍ਹਾਂ ਨੂੰ ਇੱਥੇ ਆਪਣੀ ਕਾਬਲੀਅਤ ਅਨੁਸਾਰ ਰੁਜ਼ਗਾਰ ਨਹੀਂ ਮਿਲਿਆ ਸੀ। ਵਾਪਸ ਆਏ ਲੋਕਾਂ ਦੇ ਦੁੱਖਾਂ ਦੀਆਂ ਕਹਾਣੀਆਂ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਜੇਬ ਤੋਂ ਖਾਲੀ, ਘਰ ਅਤੇ ਜ਼ਮੀਨਾਂ ਤੋਂ ਬਗੈਰ ਅਤੇ ਬੇਰੋਜ਼ਗਾਰ ਲੋਕਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਕੀ ਇਹ ਗੈਰ ਕਾਨੂੰਨੀ ਪਰਵਾਜ਼ਾਂ ਪੂੰਜੀਵਾਦੀ ਪ੍ਰਬੰਧ ਵਿੱਚ ਰੁਕ ਸਕਦੀਆਂ ਹਨ? ਬਿਲਕੁਲ ਨਹੀਂ।
ਜਿੱਥੋਂ ਪਰਵਾਜ਼ ਹੁੰਦੀ ਹੈ ਉਹ ਦੇਸ਼ ਵੀ ਪੂੰਜੀਵਾਦੀ, ਜਿੱਥੇ ਪਰਵਾਜ਼ ਸਮਾਪਤ ਹੋਣੀ ਹੈ, ਉਹ ਵੀ ਪੂੰਜੀਵਾਦੀ। ਫਿਰ ਪਰਵਾਜ਼ ਕਿਉਂ? ਕਾਰਨ ਇਹ ਹੈ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿਹੜੇ ਕਦੇ ਨਾ ਕਦੇ ਕਿਸੇ ਦੇਸ਼ ਦੇ ਗੁਲਾਮ ਰਹੇ ਹਨ। ਇਨ੍ਹਾਂ ਨੂੰ ਤੀਜੀ ਦੁਨੀਆਂ ਕਿਹਾ ਜਾਂਦਾ ਹੈ। ਤੀਜੀ ਦੁਨੀਆਂ ਦੇ ਲੋਕਾਂ ਦੀ ਲੁੱਟ ਉਹਨਾਂ ਦੇਸ਼ਾਂ ਦੀਆਂ ਪੂੰਜੀਪਤੀ ਸਰਕਾਰਾਂ ਤਾਂ ਕਰਦੀਆਂ ਹੀ ਹਨ ਪਰ ਨਾਲ ਹੀ ਪਹਿਲੀ ਅਤੇ ਦੂਜੀ ਦੁਨੀਆਂ ਦੇ ਪੂੰਜੀਪਤੀ ਵੀ ਇੱਥੇ ਲੁੱਟ ਕਰਦੇ ਹਨ। ਇਸ ਲਈ ਇੱਥੇ ਆਮ ਆਦਮੀ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਜਦਕਿ ਤੀਜੀ ਦੁਨੀਆਂ ਤੋਂ ਇਲਾਵਾ ਬਾਕੀ ਦੇਸ਼ਾਂ ਵਿੱਚ ਕੇਵਲ ਉੱਥੇ ਦੀਆਂ ਪੂੰਜੀਪਤੀ ਸਰਕਾਰਾਂ ਦੀ ਲੁੱਟ ਹੀ ਹੁੰਦੀ ਹੈ। ਇਸ ਲਈ ਇਨ੍ਹਾਂ ਦੇਸ਼ਾਂ ਵਿੱਚ ਜ਼ਿੰਦਗੀ ਕੁਝ ਬਿਹਤਰ ਹੁੰਦੀ ਹੈ ਅਤੇ ਲੋਕ ਕਾਨੂੰਨੀ, ਗੈਰ ਕਾਨੂੰਨੀ ਪ੍ਰਵਾਜ਼ ਕਰਦੇ ਹਨ।
ਇੱਥੇ ਦੀ ਜ਼ਿੰਦਗੀ ਤੋਂ ਦੁਖੀ ਲੋਕ ਏਜੈਂਟਾਂ ਦੇ ਚੱਕਰ ਵਿੱਚ ਫਸਕੇ ਕੁਝ ਸਮੇਂ ਲਈ ਖੁਸ਼ ਰਹਿੰਦੇ ਹਨ, ਜਦੋਂ ਉਹਨਾਂ ਨੂੰ ਵਿਦੇਸ਼ ਬਾਰੇ ਸਬਜ਼ਬਾਗ਼ ਵਿਖਾਏ ਜਾਂਦੇ ਹਨ। ਪਰ ਅੰਤ ਕਈ ਵਾਰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਦੁਖਦਾਈ ਹੋ ਨਿੱਬੜਦਾ ਹੈ। ਗਰੀਬ, ਅਨਪੜ੍ਹ, ਪੜ੍ਹੇ ਲਿਖੇ ਬੇਕਾਰ, ਕਾਬਲੀਅਤ ਤੋਂ ਘਟ ਰੁਜ਼ਗਾਰ ਮਿਲਣ ਵਾਲੇ ਤਾਂ ਪਰਵਾਜ਼ ਕਰਦੇ ਹੀ ਹਨ ਪਰ ਇਨ੍ਹਾਂ ਦੇ ਨਾਲ ਹੀ ਵੱਡੇ ਵੱਡੇ ਧਨਾਢ, ਪੂੰਜੀਪਤੀ ਵੀ ਪਰਵਾਜ਼ ਕਰ ਰਹੇ ਹਨ। ਅਜਿਹੇ ਵਿਅਕਤੀਆਂ ਨੂੰ ਭਾਰਤ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ, ਹਰ ਪਾਸਿਓਂ ਮਿਲਦੀਆਂ ਸਹੂਲਤਾਂ ਕਾਰਨ ਖੁਸ਼ ਹਨ, ਫਿਰ ਇਹ ਕਿਉਂ ਪਰਵਾਜ਼ ਕਰ ਰਹੇ ਹਨ? ਇੱਕੋ ਇੱਕ ਕਾਰਨ ਇਹ ਹੈ ਕਿ ਇੱਥੇ ਦਾ ਸਿਸਟਮ ਗਲਤ ਹੈ। ਜ਼ਿੰਦਗੀ ਦਾ ਹਰ ਖੇਤਰ ਪ੍ਰਦੂਸ਼ਿਤ ਹੈ, ਬੇਈਮਾਨੀ ਦਾ ਕੋਈ ਅੰਤ ਨਹੀਂ, ਘਰੋਂ ਬਾਹਰ ਕਿਸੇ ਕੰਮ ਗਏ ਦਾ ਪਤਾ ਨਹੀਂ ਕਿ ਠੀਕਠਾਕ ਵਾਪਸ ਘਰ ਪਹੁੰਚ ਸਕਣਾ ਹੈ ਜਾਂ ਸੜਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨੇ ਸੜਕ ਉੱਤੇ ਹੀ ਯਮਲੋਕ ਪੁਚਾ ਦੇਣਾ ਹੈ। ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ, ਇਹ ਵੀ ਕੋਈ ਪਤਾ ਨਹੀਂ ਕਿ ਸੇਠ ਜੀ ਨੂੰ ਕਿਸੇ ਗੈਂਗ ਦੀ ਫੋਨ ’ਤੇ ਦਸ ਲੱਖ ਦੀ ਮੰਗ ਦੇ ਨਾਲ ਹੀ ਧਮਕੀ ਆਵੇ ਕਿ ਰੁਪਏ ਨਾ ਦੇਣ ਦੀ ਸੂਰਤ ਵਿੱਚ ਤੁਹਾਡਾ ਬੇਟਾ ਜਾਂ ਪੋਤਾ ਉਧਾਲ ਲਿਆ ਜਾਵੇਗਾ ਅਤੇ ਜੇਕਰ ਪੁਲਿਸ ਨੂੰ ਖਬਰ ਦਿੱਤੀ ਤਾਂ ਪੁੱਤ ਜਾਂ ਪੋਤਾ ਮਾਰ ਦਿੱਤਾ ਜਾਵੇਗਾ। ਇਨ੍ਹਾਂ ਕਾਰਣਾਂ ਕਾਰਨ ਪੂੰਜੀਪਤੀ ਵੀ ਪਰਵਾਜ਼ ਕਰ ਰਹੇ ਹਨ। ਬਹੁਤ ਸਾਰੇ ਧਨਾਢ ਲੋਕ ਉਹਨਾਂ ਦੇਸ਼ਾਂ ਵੱਲ ਪਰਵਾਜ਼ ਕਰ ਰਹੇ ਹਨ, ਜਿਨ੍ਹਾਂ ਦੇਸ਼ਾਂ ਵਿੱਚ ਟੈਕਸ ਬਹੁਤ ਘਟ ਹਨ। ਅਜਿਹਿਆਂ ਲਈ ਪਰਵਾਜ਼ਾਂ ਹਮੇਸ਼ਾ ਸੁਖਦਾਇਕ ਹੁੰਦੀਆਂ ਹਨ।
ਪਹਿਲਾਂ ਜਿਹੜਾ ਹੋ ਚੁੱਕਿਆ ਹੈ, ਉਹ ਇਤਿਹਾਸ ਬਣ ਚੁੱਕਿਆ ਹੈ। ਮੱਥੇ ’ਤੇ ਕਲੰਕ ਲੱਗ ਚੁੱਕਿਆ ਹੈ। ਪਿਛਲਾ ਇਤਿਹਾਸ ਲੱਖ ਝੂਠ ਬੋਲ ਕੇ ਵੀ ਨਹੀਂ ਮਿਟਾਇਆ ਜਾ ਸਕਦਾ ਹੈ। ਹੁਣ ਅੱਗੋਂ ਕੀ ਕਰਨਾ ਹੈ, ਇਸ ਬਾਰੇ ਸੋਚੋ। ਅਮਰੀਕਾ ਵਿੱਚ ਇਸ ਵੇਲੇ ਸੱਤ ਲੱਖ ਦੇ ਕਰੀਬ ਗੈਰ ਕਾਨੂੰਨੀ ਪਰਵਾਜ਼ ਕਰਕੇ ਗਏ ਭਾਰਤੀ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਵੀਹ ਹਜ਼ਾਰ ਦੀ ਪਛਾਣ ਕਰ ਲਈ ਗਈ ਹੈ ਅਤੇ ਅਮਰੀਕਾ ਉਹਨਾਂ ਨੂੰ ਛੇਤੀ ਹੀ ਭਾਰਤ ਭੇਜੇਗਾ। ਹੁਣ ਤੋਂ ਹੀ ਡਿਪਲੋਮੈਟਿਕ ਢੰਗ ਨਾਲ ਡਿਪੋਰਟੀਆਂ ਨੂੰ ਇੱਜ਼ਤ ਨਾਲ ਆਪਣੇ ਦੇਸ਼ ਵਿੱਚ ਲਿਆਉਣ ਦੇ ਪ੍ਰਬੰਧ ਕਰ ਲਏ ਜਾਣ। ਨਾਲ ਹੀ ਇਹ ਪ੍ਰਬੰਧ ਵੀ ਕੀਤੇ ਜਾਣ ਕਿ ਵਾਪਸ ਆਇਆਂ ਨੂੰ ਕੋਈ ਰੁਜ਼ਗਾਰ ਵੀ ਦਿੱਤਾ ਜਾਵੇ। ਪੜ੍ਹੇ ਲਿਖੇ ਨੂੰ ਉਸ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ ਅਤੇ ਜਿਹੜੇ ਅਪਣਾ ਘਰ ਬਾਰ ਵੇਚ ਕੇ ਗਏ ਸਨ, ਉਹਨਾਂ ਲਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)