“ਮੈਪਲ ਦੇ ਪੱਤਿਆਂ ’ਤੇ ਤਕਦੀਰਾਂ ਲਿਖ ... ਉੱਡਣ-ਖਟੋਲਿਆਂ ਵਿਚ ਜਾ ਰਹੇ ਨੇ ... ਮਾਤ ਭੂਮੀ ਦੇ ਬਾਲ-ਬੱਚੇ ...”
(23 ਜਨਵਰੀ 2022)
1. ਪਰਵਾਸ
ਮੈਪਲ ਦੇ ਪੱਤਿਆਂ ’ਤੇ ਤਕਦੀਰਾਂ ਲਿਖ
ਉੱਡਣ-ਖਟੋਲਿਆਂ ਵਿਚ ਜਾ ਰਹੇ ਨੇ
ਮਾਤ ਭੂਮੀ ਦੇ ਬਾਲ-ਬੱਚੇ
ਦੂਰ-ਦੁਰੇਡੀਆਂ ਧਰਤੀਆਂ ਗਾਹੁਣ ਲਈ।
ਉਨ੍ਹਾਂ ਦੀ ਚੋਗ ਉਨ੍ਹਾਂ ਨੂੰ ਲਈ ਜਾ ਰਹੀ ਹੈ
ਨਵੇਂ ਆਧੁਨਿਕ ਜੰਗਲਾਂ ਵੱਲ।
ਓਥੇ ਜਾ ਕੇ ਉਹ ਭੁੱਲ ਜਾਣਗੇ ਕਿ-
ਉਹ ਕੌਣ ਹਨ ਤੇ ਕਿੱਥੋਂ ਸਨ ਆਏ।
ਹਰ ਵਰ੍ਹੇ ਪਤਝੜ ਦੇ ਮੌਸਮਾਂ ’ਚ
ਰੰਗ ਬਦਲਦੇ ਮੈਪਲ ਦੇ ਪੱਤੇ
ਨਵੀਆਂ ਇਬਾਰਤਾਂ ਲਿਖਦੇ
ਬਰਫ ਦੀ ਉਡੀਕ ਕਰ ਰਹੇ ਹੋਣਗੇ
ਤੇ ਪਿਛਲੀ ਧਰਤੀ ’ਤੇ
ਬਿਨਾ ਪਤਝੜ ਦੇ ਹਰੇ ਬੋੜ੍ਹ, ਪਿੱਪਲ ਤੇ ਟਾਲ੍ਹੀਆਂ
ਪਤਝੜ ਹੰਢਾਂਦੇ ਸਿਰਫ ਅੰਤਮ ਪਲ ਨੂੰ ਉਡੀਕਦੇ
ਉਨ੍ਹਾਂ ਪਰਿੰਦਿਆਂ ਨੂੰ ਦੁਆਵਾਂ ਦੇ ਰਹੇ ਹੋਣਗੇ
ਜਿਹੜੇ ਭੁੱਲ ਚੁੱਕੇ ਹੋਣਗੇ
ਆਪਣੇ ਬੋਲ, ਬਾਣੀ ਤੇ ਬਿਰਖਾਂ ਦੀ ਛਾਂ ...।
***
2. ਨੌਂ ਮਣ ਤੇਲ
ਨੌਂ ਮਣ ਤੇਲ ਹੋਣ ’ਤੇ ਵੀ
ਰਾਧਾ ਦਾ ਮਨ ਨੱਚਣ ਨੂੰ ਨਹੀਂ ਕਰਦਾ
ਉਹ ਜਾਣਦੀ ਹੈ ਕਿ ਜਿਸ ਦਿਨ ਉਹ ਨੱਚੀ
ਨੌਂ ਮਣ ਤੇਲ ਦੇ ਨਾਲ ਨਾਲ
ਉਹ ਬਣ ਜਾਏਗੀ ਬਜ਼ਾਰ ਦੀ ਵਸਤ।
ਅੱਜ ਕੱਲ੍ਹ ਲੋਕਾਂ ਨੂੰ
ਨੌਂ ਮਣ ਤੇਲ ਤਾਂ ਕੀ
ਨੌਂ ਚਮਚ ਤੇਲ ਲਈ ਵੀ
ਕਰਨੀ ਪੈਂਦੀ ਹੈ ਡਾਢੀ ਮੁਸ਼ੱਕਤ
ਤੇ ਨੌਂ ਮਣ ਤੇਲ ਜਿਸ ਦੀ ਤਜੌਰੀ ਵਿਚ ਹੈ
ਉਹ ਉਹਨੂੰ ਆਪਣੀ ਰਖੇਲ ਬਣਾ
ਸਦਾ ਲਈ ਨਚਾਏਗਾ।
ਉਹ ਤਾਂ ਸਿਰਫ਼ ਕ੍ਰਿਸ਼ਨ ਲਈ ਨੱਚਣਾ ਜਾਣਦੀ ਹੈ
ਤੇ ਰਾਸ ਲੀਲ੍ਹਾ ਵਿਚ ਸਦਾ ਨੱਚਣਾ ਚਾਹੁੰਦੀ ਹੈ
ਏਸੇ ਲਈ ਨੌਂ ਮਣ ਤੇਲ ਹੋਣ ’ਤੇ ਵੀ
ਰਾਧਾ ਨੱਚਣ ਲਈ ਤਿਆਰ ਨਹੀਂ ...।
***
3. ਕਿਆਮਤ
ਗੁਲਾਬ ਬੀਜਣ ਵਾਲੀ ਥਾਂ ’ਤੇ
ਡੁੱਲ੍ਹਣ ਲੱਗ ਪਏ ਜਦੋਂ ਲਹੂ
ਤਾਂ ਸਮਝੋ ਕਿਆਮਤ ਆਉਣ ਵਾਲੀ ਹੈ।
ਗੁਲਾਬ ਦੀ ਖੁਸ਼ਬੋ ਦੀ ਥਾਂ
ਜਦੋਂ ਸੜ ਰਹੇ ਲਹੂ ਦੀ ਸੜ੍ਹਾਂਦ
ਤੁਹਾਡੇ ਨੱਕ ਦੁਆਲੇ ਚੱਕਰ ਕੱਟਣ ਲੱਗੇ
ਤਾਂ ਸਮਝੋ ਕਿਆਮਤ ਆਉਣ ਵਾਲੀ ਹੈ।
ਗੁਲਾਬ ’ਤੇ ਉਡਦੀ ਤਿੱਤਲੀ ਦੀ ਥਾਂ
ਜੇ ਨਜ਼ਰ ਆਉਣ ਲੱਗ ਪੈਣ ਕਾਲੇ ਭੂੰਡ
ਤਾਂ ਸਮਝੋ ਕਿਆਮਤ ਆਉਣ ਵਾਲੀ ਹੈ।
ਨਕਲੀ ਗੁਲਾਬ ’ਤੇ ਤ੍ਰੇਲ ਤੁਪਕੇ ਜਮਾ
ਦਿੱਤਾ ਜਾਣ ਲੱਗੇ ਜੇ ਅੱਖਾਂ ਨੂੰ ਧੋਖਾ
ਤਾਂ ਸਮਝੋ ਕਿਆਮਤ ਆਉਣ ਵਾਲੀ ਹੈ।
ਜੇ ਤੜਕੇ ਉੱਠੋ ਤੇ ਦੇਖੋ
ਕਿ ਰਾਤ ਦੇ ਘੁਸਮੁਸੇ ਵਿੱਚੋਂ ਉੱਗ ਰਹੀ
ਤੁਹਾਡੀ ਗੁਲਾਬੀ ਸਵੇਰ
ਕਤਲ ਕੀਤੀ ਜਾ ਰਹੀ ਹੈ
ਤਾਂ ਸਮਝੋ ਕਿ ਕਿਆਮਤ ਆ ਗਈ ਹੈ ...।
***
4. ਪਤਝੜ
ਸਮੇਂ ਤੋਂ ਪਹਿਲਾਂ ਆ ਗਈ ਪਤਝੜ ਦੇਖ
ਦੋਸਤੋਵਸਕੀ ਲਿਖ ਰਿਹਾ
ਉਦਾਸ ਚੇਹਰਿਆਂ ਦੀ ਇਬਾਰਤ
ਚੇਹਰੇ ਜਿਨ੍ਹਾਂ ਨੂੰ ਆਸ ਸੀ
ਮੌਨਸੂਨੀ ਬਾਰਸ਼ ਧੋ ਦੇਵੇਗੀ
ਉਨ੍ਹਾਂ ਦੀ ਇਸ ਜਨਮ ਦੀ ਕਾਲਖ
ਤੇ ਉਹ ਉੱਜਲੀਆਂ ਰੂਹਾਂ ਨਾਲ
ਗਾ ਸਕਣਗੇ ਰਾਗ ਮਲ੍ਹਾਰ।
ਪਤਝੜੀ ਰੁੱਤ ਨੇ ਕਰ ਦਿੱਤੀਆਂ
ਉਨ੍ਹਾਂ ਦੀਆਂ ਸੁਪਨ-ਰੁੱਤਾਂ ਲਹੂ ਲੁਹਾਣ
ਖੇਤਾਂ ਵਿਚ ਉੱਗੀਆਂ ਪਤਝੜੀ ਰੁੱਤਾਂ
ਮੰਡੀਆਂ ਵਿਚ ਬੈਠੀਆਂ ਨੇ ਉਦਾਸ
ਅਗਲੀ ਰੁੱਤ ਦੀ ਬੇਯਕੀਨੀ ਕਰ ਰਹੀ
ਦਿੱਲੀ ਬਾਰਡਰ ਨੂੰ ਪਰੇਸ਼ਾਨ।
ਦਿੱਲੀ ਜਿਸਦੇ ਦਿਲ ਵਿਚ ਬੈਠਾ
ਪਤਝੜੀ ਮੌਸਮ ਦਾ ਸੂਤਰਧਾਰ
ਨਾ ਉਹ ਗਾਵੇ ਰਾਗ ਰਾਗਣੀ
ਨਾ ਕਰਦਾ ਖੇਤਾਂ ਦੀ ਬਾਤ
ਲੁਕ ਕੇ ਕਰਦਾ ਮਨ ਕੀ ਬਾਤ।
ਦੋਸਤੋਵਸਕੀ ਟਿਕਟਿਕੀ ਲਾਈ
ਪੜ੍ਹ ਰਿਹਾ ਉਹਦੇ ਚੇਹਰੇ ਦੀ ਮੁਸਕਾਨ
ਜੋ ਨਹੀਂ ਪੜ੍ਹ ਸਕਿਆ ਦਾਣੇ ਦਾਣੇ ’ਤੇ ਲਿਖੀ
ਭੁੱਖ ਦੀ ਨਿੱਕੀ ਜਿਹੀ ਬਾਤ ...।
***
5. ਬਰਫ਼ ਦੀ ਮਹਿਕ
ਨੈਣੀ ਖੱਡ ਵਿਚ ਕਣੀ ਦਰ ਕਣੀ
ਮੀਂਹ ਵਿਚ ਭਿੱਜਦੇ
ਮੰਗੂ ਦੇ ਖੋਖੇ ਦੀ
ਸੌਫੀਆ ਚਾਹ ਦੀ ਮਹਿਕ
ਠੰਢੀ ਯੱਖ ਸੀਤ ਹਵਾ ਵਿਚ
ਕੰਬਦੇ ਹੱਥਾਂ ਵਿਚ ਫੜੀ
ਚਾਹ ਦੀ ਗਲਾਸੀ ਵਿੱਚੋਂ ਉੱਠਦੀ ਭਾਫ ਵੇਖ
ਬਰਫ਼ ਦੀ ਪੇਸ਼ੀਨਗੋਈ ਕਰਦਾ ਸਾਧੂ ਬਾਬਾ
ਚਿਲਮ ਦਾ ਕਸ਼ ਖਿੱਚਦਾ
ਚੇਲੇ ਨੂੰ ਬੁਰਾ ਭਲਾ ਕਹਿ ਰਿਹਾ ਹੈ ਕਿ
ਇਸ ਵਾਰ ਦੀ ਬਰਫ਼ ਵਿਚ ਉਹ ਮਹਿਕ ਨਹੀਂ
ਜਿਸ ਨਾਲ ਮੰਗੂ ਦੀ ਚਾਹ ਖਿੜ ਜਾਵੇ
ਤੇ ਨਾ ਹੀ ਇਸ ਵਾਰ ਬਰਫ਼ ਬੱਝਵੀਂ ਹੈ ਕਿ
ਇਕਵਾਰਗੀ ਸਾਰੀ ਦੇਵ ਭੂਮੀ ਖਿੜ ਜਾਵੇ।
ਠਰੀ ਚਾਹ ਵਿੱਚੋਂ
ਗੁਆਚ ਗਈ ਮਹਿਕ ਵੇਖ
ਮੈਨੂੰ ਵੀ ਲਗਦਾ ਹੈ ਕਿ
ਗਲੋਬਲੀ ਗਰਮੀ ਹੌਲੀ ਹੌਲੀ ਖਾ ਰਹੀ ਹੈ
ਪਹਾੜਾਂ ਦੀ ਬਰਫ਼
ਚਾਹ ਦੀ ਸੌਂਫੀਆ ਮਹਿਕ
ਦੇਵ ਭੂਮੀ ਦੀ ਆਭਾ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3301)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)