“ਕਈ ਮਹੀਨਿਆਂ ਬਾਅਦ ਮੈਨੂੰ ਰਾਵਲਪਿੰਡੀ ਵਿੱਚ ਵੀ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ...”
(16 ਜੂਨ 2022)
ਮਹਿਮਾਨ: 114.
ਤਾਨਾਸ਼ਾਹ ਹਾਕਮ ਲੋਕਾਂ ਨੂੰ ਡਰਾਉਣ ਤੇ ਉਨ੍ਹਾਂ ਦੇ ਮਨਾਂ ਨੂੰ ਕੰਟਰੋਲ ਕਰਨ ਲਈ ਅਜਿਹੇ ਦਹਿਸ਼ਤੀ ਤਰੀਕੇ ਖੋਜਦੇ ਰਹਿੰਦੇ ਹਨ ਕਿ ਲੋਕ ਸਾਊ ਜਾਨਵਰਾਂ ਵਾਂਗ ਉਨ੍ਹਾਂ ਅੱਗੇ ਪੂਛਾਂ ਹਿਲਾਉਂਦੇ ਰਹਿਣ। ਪਰ ਵਿਰੋਧ ਤੇ ਪ੍ਰਤੀਰੋਧ ਮਨੁੱਖੀ ਫਿਤਰਤ ਹੈ। ਜਿਹੜੇ ਵੰਗਾਰਨ ਦੀ ਜੁਰਅਤ ਰੱਖਦੇ ਹਨ, ਉਹੀ ਜਿਊਂਦਿਆਂ ਵਿੱਚ ਗਿਣੇ ਜਾਂਦੇ ਹਨ। ਧਰਮ ਦੇ ਨਾਂ ’ਤੇ ਬਣੇ ਦੇਸ਼ਾਂ ਵਿੱਚ ਤਾਨਾਸ਼ਾਹੀ ਨੇ ਹਮੇਸ਼ਾ ਲੋਕਾਂ ਨੂੰ ਕੁਚਲਣ ਤੇ ਦਮਨ ਲਈ ਤਸ਼ੱਦਦ ਦਾ ਸਹਾਰਾ ਲਿਆ ਹੈ। ਪਾਕਿਸਤਾਨ ਦੀ ਹੋਣੀ ਲੰਮੇ ਸਮੇਂ ਤਕ ਤਾਨਾਸ਼ਾਹੀ ਦਾ ਸੰਤਾਪ ਭੋਗਦੀ ਰਹੀ ਹੈ। ਜਨਰਲ ਜ਼ਿਆ ਉਲ ਹੱਕ ਦੇ ਜ਼ਮਾਨੇ ਵਿੱਚ ਪਾਕਿਸਤਾਨ ਵਿੱਚ ਕੋੜੇ ਮਾਰਨ ਦੀ ਸਜ਼ਾ ਨੂੰ ਬੜਾ ਗਲੋਰੀਫਾਈ ਕੀਤਾ ਗਿਆ ਤੇ ਇਸ ਨੂੰ ਇੱਕ ਉਤਸਵ ਦੇ ਰੂਪ ਵਿੱਚ ਆਯੋਜਿਤ ਕਰਕੇ ਸੱਤਾ ਦੀ ਦਹਿਸ਼ਤ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਨ ਦਾ ਉਪਰਾਲਾ ਕੀਤਾ ਗਿਆ। ਉੱਘੇ ਪਾਕਿਸਤਾਨੀ ਪੱਤਰਕਾਰ ਅਨਵਰ ਇਕਬਾਲ ਨੇ ਅਜਿਹੇ ਇੱਕ ਆਯੋਜਨ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਹੈ, ਜਿਸ ਨੂੰ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ।
ਅਨਵਰ ਇਕਬਾਲ ਲਿਖਦੇ ਹਨ ਕਿ ਮੁਜਰਿਮ ਸਫੈਦ ਪਜਾਮਿਆਂ, ਢਿੱਲੀਆਂ ਸਫੈਦ ਕਮੀਜ਼ਾਂ ਅਤੇ ਸਫੈਦ ਟੋਪੀਆਂ ਪਾਈ ਇੱਕ ਲਾਈਨ ਵਿੱਚ ਖੜ੍ਹੇ ਸਨ। ਆਪਣੇ ਰਿੰਗ ਮਾਸਟਰ ਦੇ ਚਾਬਕ ਦੀ ਮਾਰ ਦੀ ਉਡੀਕ ਵਿੱਚ ਖੜ੍ਹੇ ਉਹ ਬਿਲਕੁਲ ਸਰਕਸ ਦੇ ਜਾਨਵਰਾਂ ਵਾਂਗ ਲੱਗ ਰਹੇ ਸਨ। ਸਾਰੇ ਪੁਰਸ਼ ਸਨ ਤੇ ਜ਼ਿਆਦਾਤਰ ਅੱਧਖੜ ਉਮਰ ਦੇ। ਉਨ੍ਹਾਂ ਦੇ ਚਿਹਰੇ ਡਰ ਨਾਲ ਪੀਲੇ ਪੈ ਚੁੱਕੇ ਸਨ ਤੇ ਦਹਿਸ਼ਤ ਨਾਲ ਉਹ ਕੰਬ ਰਹੇ ਸਨ। ਜਦੋਂ ਕੋੜੇ ਪੈਣੇ ਸ਼ੁਰੂ ਹੋਏ ਤਾਂ ਕਈਆਂ ਦੇ ਪਜਾਮੇ ਗਿੱਲੇ ਹੋ ਗਏ, ਪਰ ਕੋੜੇ ਮਾਰਨ ਵਾਲਿਆਂ ਤੇ ਉਨ੍ਹਾਂ ਦੇ ਡਾਕਟਰਾਂ ’ਤੇ ਇਹਦਾ ਬਹੁਤ ਘੱਟ ਅਸਰ ਹੋਇਆ, ਜਿਨ੍ਹਾਂ ਦਾ ਮੁੱਖ ਕੰਮ ਹੀ ਹਰ ਮੁਜਰਿਮ ਦੀ ਜਾਂਚ ਕਰਕੇ ਉਹਨੂੰ ਕੋੜਿਆਂ ਦੀ ਮਾਰ ਝੱਲਣ ਲਈ ਫਿੱਟ ਕਰਾਰ ਦੇਣਾ ਸੀ।
ਰਾਵਲਪਿੰਡੀ ਦੇ ਪੁਰਾਣੇ ਇਲਾਕੇ ਵਿੱਚ ਤੇ ਨਵੀਂ ਰਾਜਧਾਨੀ ਇਸਲਾਮਾਬਾਦ ਵਿੱਚ ਇੱਕ ਵੱਡੀ ਗਰਾਊਂਡ ਸੀ ਜਿਸਦੇ ਵਿਚਕਾਰ ਖੁੱਲ੍ਹੀ ਥਾਂ ’ਤੇ ਅਕਸਰ ਬੱਚੇ ਫੁੱਟਬਾਲ, ਕ੍ਰਿਕਟ ਤੇ ਹਾਕੀ ਖੇਡਦੇ ਸਨ। ਉਸ ਥਾਂ ’ਤੇ ਇੱਕ ਵੱਡੀ ਸਾਰੀ ਸਟੇਜ ਬਣਾਈ ਗਈ। ਇਹ ਲਗਭਗ ਪੰਦਰਾਂ ਫੁੱਟ ਉੱਚੇ ਇੱਕ ਪਲੇਟਫਾਰਮ ਵਰਗੀ ਸੀ, ਜਿਸਨੂੰ ਗਰਾਊਂਡ ਦੀ ਹਰ ਨੁੱਕਰ ਤੋਂ ਦੇਖਿਆ ਜਾ ਸਕਦਾ ਸੀ। ਪਲੇਟਫਾਰਮ ਦੇ ਵਿਚਕਾਰ ਮੁਜਰਮਾਂ ਨੂੰ ਬੰਨ੍ਹਣ ਲਈ ਲੱਕੜ ਦਾ ਇੱਕ ਫਰੇਮ ਬਣਾਇਆ ਗਿਆ ਸੀ। ਉਨ੍ਹਾਂ ਸਾਰਿਆਂ ਦਾ ਚਿਹਰਾ ਸਟੇਜ ਦੇ ਉਸ ਪਾਸੇ ਵੱਲ ਕੀਤਾ ਜਾਂਦਾ ਸੀ, ਜਿੱਥੇ ਪੁਲਿਸ ਦੇ ਵੱਡੇ ਅਫਸਰ, ਮੈਜਿਸਟਰੇਟ ਤੇ ਦੂਸਰੇ ਵੀ.ਆਈ.ਪੀ. ਬੈਠੇ ਹੁੰਦੇ ਸਨ। ਪ੍ਰੈੱਸ ਰਿਪੋਰਟਰਾਂ ਲਈ ਇੱਕ ਖਾਸ ਥਾਂ ਨਿਰਧਾਰਤ ਕੀਤੀ ਹੁੰਦੀ ਸੀ ਤਾਂ ਕਿ ਉਹ ਕੋੜੇਬਾਜ਼ੀ ਨੂੰ ਨੇੜਿਓਂ ਦੇਖ ਕੇ ਬਰੀਕੀ ਨਾਲ ਲੰਮੀ ਚੌੜੀ ਰਿਪੋਰਟ ਤਿਆਰ ਕਰ ਸਕਣ। ਬਾਕੀ ਆਮ ਦਰਸ਼ਕਾਂ ਨੂੰ ਮੁਜਰਮ ਦੀ ਪਿੱਠ ਹੀ ਨਜ਼ਰ ਆਉਂਦੀ ਸੀ, ਜਿੱਥੇ ਕੋੜੇ ਵੱਜਦੇ ਸਨ। ਲੱਕੜ ਦੇ ਉਸ ਚਕੋਰ ਢਾਂਚੇ ਕੋਲ ਮੁਜਰਮ ਦੇ ਮੂੰਹ ਦੇ ਨੇੜੇ ਇੱਕ ਮਾਈਕਰੋ ਫੋਨ ਫਿੱਟ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹਦੇ ਚੀਕਣ ਦੀ ਆਵਾਜ਼ ਹਰ ਇੱਕ ਨੂੰ ਸੁਣੇ।
ਸਟੇਜ ਦੇ ਵਿਚਕਾਰ ਇੱਕ ਤਕੜੀ ਡੀਲਡੌਲ ਵਾਲਾ ਭਲਵਾਨ ਕਿਸਮ ਦਾ ਬੰਦਾ ਆਪਣੀ ਕਮਰ ’ਤੇ ਇੱਕ ਤਹਿਮਤ ਬੰਨ੍ਹੀ, ਆਪਣੇ ਨੰਗੇ ਜਿਸਮ ’ਤੇ ਤੇਲ ਮਲ ਕੇ ਵਰਜਿਸ਼ ਕਰ ਰਿਹਾ ਹੁੰਦਾ। ਉਹ ਆਪਣੀ ਛਾਤੀ ਤੇ ਹੱਥਾਂ ਦੀਆਂ ਪੁਸ਼ਟ ਮਾਸਪੇਸ਼ੀਆਂ ਕੱਢ ਕੇ ਕਸਰਤ ਕਰਦਾ। ਫਿਰ ਉਹ ਇੱਕ ਕੋਨੇ ਵਿੱਚ ਰੱਖੀਆਂ ਅੱਧੀ ਦਰਜਨ ਸੋਟੀਆਂ ਵਿੱਚੋਂ ਇੱਕ ਵੱਡੀ ਸਾਰੀ ਸੋਟੀ ਕੱਢਦਾ ਤੇ ਉਹਨੂੰ ਤੇਲ ਵਿੱਚ ਡੁਬੋ ਕੇ ਜ਼ੋਰ ਜ਼ੋਰ ਦੀ ਹਵਾ ਵਿੱਚ ਘੁਮਾਉਂਦਾ। ਜਿੰਨੀ ਵਾਰ ਸੋਟੀ ਹਵਾ ਨੂੰ ਚੀਰਦੀ ਹੋਈ ਘੁੰਮਦੀ, ਉਸ ਵਿੱਚੋਂ ਭਿਆਨਕ ਸ਼ਾਂ ਸ਼ਾਂ ਦੀ ਆਵਾਜ਼ ਗੂੰਜਦੀ।
ਕੋੜੇ ਮਾਰਨ ਵਾਲਾ ਵੀ ਇੱਕ ਮੁਜਰਮ ਸੀ, ਜਿਸਨੂੰ ਖਾਸ ਇਸ ਕੰਮ ਲਈ ਹੀ ਜੇਲ੍ਹ ਵਿੱਚੋਂ ਲਿਆਂਦਾ ਜਾਂਦਾ ਸੀ। ਉਹਨੂੰ ਚੰਗੀ ਖੁਰਾਕ ਖੁਆਈ ਜਾਂਦੀ ਸੀ ਤੇ ਤਾਕਤਵਰ ਬਣਾਇਆ ਜਾਂਦਾ ਸੀ ਤਾਂ ਜੋ ਉਹ ਸਖਤ ਸਜ਼ਾ ਦੇ ਸਕੇ। ਉਹ ਜ਼ਿਆਦਾ ਸਮਾਂ ਕਸਰਤ ਕਰਨ ’ਤੇ ਹੀ ਲਾਉਂਦਾ ਸੀ। ਪਾਕਿਸਤਾਨ ਵਿੱਚ ਅਚਾਨਕ ਅਜਿਹੇ ਕੋੜੇ-ਮਾਰਾਂ ਦੀ ਮੰਗ ਵਧ ਗਈ ਸੀ ਕਿਉਂਕਿ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਜਿੱਥੇ ਵੀ ਸਰਕਾਰ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਲੋੜ ਸਮਝਦੀ, ਉਨ੍ਹਾਂ ਨੂੰ ਸੱਦਿਆ ਜਾਂਦਾ। ਉਨ੍ਹਾਂ ਦੀ ਡੀਲਡੌਲ ਭਿਆਨਕ ਤੇ ਖੌਫ਼ ਨਾਲ ਭਰੀ ਹੁੰਦੀ ਸੀ।
ਹੁਣ ਤਕ ਹਜ਼ਾਰਾਂ ਲੋਕ ਗਰਾਊਂਡ ਦੇ ਹਰ ਕੋਨੇ ਵਿੱਚ ਇਕੱਠੇ ਹੋ ਚੁੱਕੇ ਸਨ। ਗਰਾਊਂਡ ਨੂੰ ਜਾਣ ਵਾਲੀਆਂ ਗਲੀਆਂ ਤੇ ਬਜ਼ਾਰ ਭਰ ਗਏ ਸਨ। ਮਕਾਨਾਂ ਦੀਆਂ ਛੱਤਾਂ ’ਤੇ ਲੋਕਾਂ ਦੇ ਜਥਿਆਂ ਦੇ ਜਥੇ ਡੇਰਾ ਜਮਾਈ ਬੈਠੇ ਸਨ। ਦਰਖ਼ਤਾਂ ਤੇ ਬਿਜਲੀ ਦੇ ਖੰਭਿਆਂ ’ਤੇ ਚੜ੍ਹ ਕੇ ਇਹ ਤਮਾਸ਼ਾ ਦੇਖਣ ਲਈ ਲੋਕ ਉਤਸੁਕ ਸਨ। ਕੁਝ ਗਰੀਬ ਇਸ ਪੂਰੇ ਨਜ਼ਾਰੇ ਤੋਂ ਸਾਵਧਾਨ ਚੁੱਪਚਾਪ ਖੜ੍ਹੇ ਸਨ ਕਿਉਂਕਿ ਮਾਲਕਾਂ ਨੂੰ ਲੋੜ ਪੈਣ ’ਤੇ ਉਨ੍ਹਾਂ ਦੇ ਤਬਕੇ ਦੇ ਮੁਜਰਮਾਂ ਨੂੰ ਸਪਲਾਈ ਕਰਕੇ ਸਜ਼ਾ ਲਈ ਭੇਜਿਆ ਜਾਂਦਾ ਸੀ। ਰਈਸ ਤਬਕੇ ਦਾ ਵਰਤਾਓ ਵੱਖਰਾ ਹੁੰਦਾ ਸੀ। ਉਹ ਆਪਣੀਆਂ ਗੱਡੀਆਂ ਜਾਂ ਮੋਟਰ ਸਾਇਕਲਾਂ ’ਤੇ ਸਵਾਰ ਹੋ ਕੇ ਇਹ ਤਮਾਸ਼ਾ ਦੇਖਣ ਆਉਂਦੇ ਸਨ ਤੇ ਤਮਾਸ਼ਾ ਸ਼ੁਰੂ ਹੋਣ ਤਕ ਇੱਧਰ ਉੱਧਰ ਚੱਕਰ ਕੱਟਦੇ ਰਹਿੰਦੇ ਸਨ। ਚੁਸਤ ਜੀਨਾਂ ਤੇ ਰੰਗੀਨ ਭੜਕੀਲੀਆਂ ਪੋਸ਼ਾਕਾਂ ਵਾਲੇ ਬਹੁਤ ਸਾਰੇ ਰਈਸ ਨੌਜਵਾਨ ਆਪਣੀਆਂ ਪ੍ਰੇਮਕਾਵਾਂ ਨੂੰ ਵੀ ਨਾਲ ਲੈ ਆਉਂਦੇ ਸਨ। ਸੰਭਵ ਹੈ ਉਨ੍ਹਾਂ ਵਿੱਚੋਂ ਕੁਝ ਜੁਰਮ ਵੀ ਕਰਦੇ ਹੋਣਗੇ, ਜਿਨ੍ਹਾਂ ਲਈ ਪੰਦਰ੍ਹਾਂ ਕੋੜਿਆਂ ਦੀ ਸਜ਼ਾ ਨਿਸ਼ਚਿਤ ਹੈ। ਜਿਵੇਂ ਸ਼ਰਾਬ ਪੀਣੀ ਤੇ ਆਪਣੀ ਬੀਵੀ ਤੋਂ ਇਲਾਵਾ ਦੂਸਰੀਆਂ ਔਰਤਾਂ ਨਾਲ ਨਾਜਾਇਜ਼ ਸੰਬੰਧ ਬਣਾਉਣੇ। ਪਰ ਇਹ ਸਭ ਕਰਦੇ ਹੋਏ ਵੀ ਉਹ ਸੁਰੱਖਿਅਤ ਰਹਿੰਦੇ ਸਨ ਕਿਉਂਕਿ ਉਨ੍ਹਾਂ ਦਾ ਰਿਸ਼ਤਾ ਉਸ ਤਥਾਕਥਿਤ ਵੀ.ਆਈ.ਪੀ. ਕਲਾਸ ਨਾਲ ਹੈ ਜਿਸ ’ਤੇ ਕੋਈ ਕਾਨੂੰਨ ਜਾਂ ਧਰਮ ਲਾਗੂ ਨਹੀਂ ਹੁੰਦਾ। ਸ਼ਰਾਬ ਪੀਣ ਤੇ ਪਰਾਈਆਂ ਔਰਤਾਂ ਨਾਲ ਸੰਬੰਧ ਬਣਾਉਣ ਲਈ ਉਨ੍ਹਾਂ ਕੋਲ ਬਿਹਤਰ ਤੇ ਸੁਰੱਖਿਅਤ ਥਾਂਵਾਂ ਹੁੰਦੀਆਂ ਹਨ। ਇਹਦੇ ਲਈ ਉਨ੍ਹਾਂ ਨੂੰ ਉਨ੍ਹਾਂ ਸਸਤੇ ਹੋਟਲਾਂ ਵਿੱਚ ਨਹੀਂ ਜਾਣਾ ਪੈਂਦਾ ਜਿੱਥੇ ਕਦੇ ਵੀ ਪੁਲਿਸ ਦੀ ਰੇਡ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜ਼ਿਆਦਾਤਰ ਮੁਜਰਮਾਂ ਨੂੰ ਪੁਰਾਣੇ ਸ਼ਹਿਰ ਦੇ ਨਿਮਨ ਮੱਧਵਰਗੀ ਇਲਾਕਿਆਂ ਦੇ ਹੋਟਲਾਂ ਤੋਂ ਹੀ ਫੜਿਆ ਜਾਂਦਾ ਹੈ। ਸੁਣਨ ਵਿੱਚ ਆਇਆ ਹੈ ਕਿ ਇਸ ਵਾਰ ਪੰਜਾਹ ਤੋਂ ਉੱਪਰ ਮੁਜਰਮ ਸ਼ਰਾਬ ਪੀਂਦੇ ਹੋਏ ਜਾਂ ਔਰਤਬਾਜ਼ੀ ਕਰਦੇ ਹੋਏ ਫੜੇ ਗਏ ਸਨ। ਤਿੰਨ ਦਿਨਾਂ ਤਕ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਗਿਆ। ਜਿਨ੍ਹਾਂ ਦੀ ਉਮਰ ਪੰਜਾਹਾਂ ਤੋਂ ਉੱਪਰ ਸੀ, ਉਨ੍ਹਾਂ ਨੂੰ ਕੋੜਿਆਂ ਦੀ ਮਾਰ ਝੱਲਣ ਦੇ ਅਯੋਗ ਕਰਾਰ ਦੇ ਦਿੱਤਾ ਗਿਆ। ਕੋੜਿਆਂ ਦੀ ਮਾਰ ਝੱਲਣ ਵਾਲੇ ਮੁਜਰਮਾਂ ਨੂੰ ਹੀ ਇੱਥੇ ਲਿਆਂਦਾ ਗਿਆ ਸੀ।
ਹੁਣ ਕੋੜੇ ਮਾਰਨ ਦਾ ਕੰਮ ਸ਼ੁਰੂ ਹੋਣ ਵਾਲਾ ਸੀ। ਸੋਟੀ ਵਾਲੇ ਭਲਵਾਨ ਨੇ ਇਸ਼ਾਰਾ ਕੀਤਾ ਕਿ ਉਹ ਤਿਆਰ ਹੈ। ਇੱਕ ਅਫਸਰ ਸਟੇਜ ’ਤੇ ਆਇਆ। ਉਹਨੇ ਲੱਕੜ ਦੇ ਫਰੇਮ ਕੋਲ ਲੱਗੇ ਮਾਈਕਰੋ ਫੋਨ ਨੂੰ ਲਾਹਿਆ ਤੇ ਪਹਿਲੇ ਮੁਜਰਮ ਦਾ ਨਾਂ ਬੋਲਿਆ ਜਿਸਨੂੰ ਕੋੜੇ ਮਾਰੇ ਜਾਣੇ ਸਨ। ਉਸ ਤੋਂ ਬਾਅਦ ਉਸ ਆਦਮੀ ’ਤੇ ਲਾਏ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਤੇ ਸੁਰੱਖਿਆ ਗਾਰਡ ਨੂੰ ਉਹਨੂੰ ਸਟੇਜ ’ਤੇ ਲਿਆਉਣ ਲਈ ਕਿਹਾ ਗਿਆ। ਦੋ ਸੰਤਰੀ ਉਹਨੂੰ ਫੜ ਕੇ ਸਟੇਜ ’ਤੇ ਲਿਆਏ। ਉਹ ਪੂਰੀ ਤਰ੍ਹਾਂ ਲਾਚਾਰ ਨਜ਼ਰ ਆ ਰਿਹਾ ਸੀ। ਉਹ ਉਸ ਜਾਨਵਰ ਵਾਂਗ ਲੱਗ ਰਿਹਾ ਸੀ ਜਿਸਨੂੰ ਜਿਬ੍ਹਾ ਕਰਨ ਲਈ ਲਿਆਂਦਾ ਗਿਆ ਹੋਵੇ ਤੇ ਉਹ ਇਹ ਸਮਝਣ ਤੋਂ ਆਸਮਰੱਥ ਹੋਵੇ ਕਿ ਉਹਦੇ ਨਾਲ ਕੀ ਵਾਪਰਣ ਵਾਲਾ ਹੈ। ਉਹਨੂੰ ਸ਼ਬਦਾਂ ਵਿੱਚ ਦਿੱਤੇ ਜਾ ਰਹੇ ਹੁਕਮ ਸਮਝ ਨਹੀਂ ਸਨ ਆ ਰਹੇ। ਅੱਗੇ ਆਉਣ ਲਈ ਦਿੱਤੇ ਗਏ ਹੁਕਮ ਤੋਂ ਬਾਅਦ ਵੀ ਉਹ ਜੜ੍ਹ ਬਣਿਆ ਓਥੇ ਹੀ ਖੜ੍ਹਾ ਰਿਹਾ। ਉਹਨੂੰ ਹਰਕਤ ਵਿੱਚ ਲਿਆਉਣ ਲਈ ਇੱਕ ਸੰਤਰੀ ਨੇ ਉਹਨੂੰ ਅੱਗੇ ਵੱਲ ਧੱਕਾ ਦਿੱਤਾ। ਉਹ ਹਿੱਲਿਆ ਤੇ ਅੱਗੇ ਵੱਲ ਚੱਲ ਪਿਆ। ਜੇ ਦੂਸਰੇ ਸੰਤਰੀ ਨੇ ਉਹਨੂੰ ਫੜ ਨਾ ਲਿਆ ਹੁੰਦਾ ਤਾਂ ਉਹਨੇ ਸਟੇਜ ਤੋਂ ਅੱਗੇ ਮੂਧੇ ਮੂੰਹ ਜਾ ਡਿਗਣਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹਦੇ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ। ਉਹਦੇ ਹੱਥ ਪੈਰ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਸਨ। ਸੰਤਰੀ ਨੇ ਉਹਨੂੰ ਲੱਕੜ ਦੇ ਫਰੇਮ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ। ਡਾਕਟਰ ਨੇ ਆ ਕੇ ਉਹਦਾ ਚੈੱਕਅਪ ਕੀਤਾ। ਸਟੈਥੋਸਕੋਪ ਲਾ ਕੇ ਉਹਦੀ ਧੜਕਣ ਦੀ ਜਾਂਚ ਕੀਤੀ ਤੇ ਉਹਨੂੰ ਕੋੜੇ ਖਾਣ ਲਈ ‘ਫਿੱਟ’ ਕਰਾਰ ਦਿੱਤਾ। ਆਦਮੀ ਨੇ ਜੜ੍ਹਵਤ ਹੀ ਐਲਾਨ ਸੁਣਿਆ ਜਿਵੇਂ, ਉਹਦਾ ਇਸ ਨਾਲ ਕੋਈ ਸਰੋਕਾਰ ਨਾ ਹੋਵੇ। ਪਰ ਡਾਕਟਰ ਨੇ ਐਲਾਨ ’ਤੇ ਮੋਹਰ ਲਾਉਂਦਿਆਂ ਦੋ ਵਾਰ ਹਾਂ ਵਿੱਚ ਸਿਰ ਹਿਲਾਇਆ।
ਤਦ ਭੀੜ ਵਿੱਚ ਸਨਾਟਾ ਛਾ ਗਿਆ। ਆਈਸਕਰੀਮ ਤੇ ਫਲ ਵੇਚਣ ਵਾਲੇ ਵੀ ਚੁੱਪ ਹੋ ਗਏ। ਸੰਤਰੀਆਂ ਨੇ ਉਸ ਆਦਮੀ ਨੂੰ ਚੁੱਕ ਕੇ ਲੱਕੜ ਦੇ ਫਰੇਮ ਤਕ ਪਹੁੰਚਾਇਆ ਤੇ ਉਹਦੇ ਹੱਥ ਪੈਰ ਫਰੇਮ ਨਾਲ ਬੰਨ੍ਹ ਦਿੱਤੇ। ਉਨ੍ਹਾਂ ਨੇ ਕੋੜੇ ਮਾਰਨ ਵਾਲੇ ਦਾ ਨਿਸ਼ਾਨਾ ਪੱਕਾ ਕਰਨ ਲਈ ਕੱਪੜੇ ਦਾ ਇੱਕ ਟੁਕੜਾ ਉਹਦੇ ਪਿੱਛੇ ਨਾਲ ਬੰਨ੍ਹ ਦਿੱਤਾ। ਫਿਰ ਸਾਰੇ ਪਿੱਛੇ ਹਟ ਗਏ। ਹੁਣ ਸਾਰੀਆਂ ਨਜ਼ਰਾਂ ਉਸ ਭਲਵਾਨ ’ਤੇ ਲੱਗੀਆਂ ਹੋਈਆਂ ਸਨ ਜੋ ਆਪਣੇ ਕੋੜੇ ਨੂੰ ਬਾਰ ਬਾਰ ਹਵਾ ਵਿੱਚ ਫੈਂਟ ਰਿਹਾ ਸੀ। ਭੀੜ ਵਿੱਚ ਇੰਨੀ ਚੁੱਪ ਸੀ ਕਿ ਮਾਈਕਰੋਫੋਨ ਵਿੱਚੋਂ ਕੋੜੇ ਦੀ ਫਿਟਕਾਰ ਦੂਰ ਦੂਰ ਤਕ ਸੁਣਾਈ ਦੇ ਰਹੀ ਸੀ। ਫਰੇਮ ਨਾਲ ਬੱਝਾ ਆਦਮੀ ਹੁਣ ਤਕ ਚੁੱਪ ਸੀ ਪਰ ਮਾਈਕਰੋਫੋਨ ਵਿੱਚੋਂ ਸੁਣਾਈ ਦੇ ਰਹੀ ਕੋੜੇ ਦੀ ਫਿਟਕਾਰ ਨੇ ਉਹਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਹ ਕੰਬਦਾ ਹੋਇਆ ਉੱਚੀ ਉੱਚੀ ਰੋਣ ਲੱਗਾ। ਲਾਊਡ ਸਪੀਕਰ ਨੇ ਉਹਦੀ ਆਵਾਜ਼ ਭੀੜ ਤਕ ਹੀ ਨਹੀਂ ਸਗੋਂ ਉਸ ਤੋਂ ਵੀ ਪਾਰ ਪਹੁੰਚਾ ਦਿੱਤੀ, ਪਰ ਉਹ ਇੱਕ ਵੀ ਸ਼ਬਦ ਨਹੀਂ ਬੋਲ ਸਕਿਆ।
ਮੈਜਿਸਟਰੇਟ ਨੇ ਕੋੜੇ ਮਾਰਨ ਦਾ ਹੁਕਮ ਦਿੱਤਾ। ਭਲਵਾਨ ਨੇ ਆਖਰੀ ਵਾਰ ਕੋੜਾ ਹਵਾ ਵਿੱਚ ਲਹਿਰਾ ਕੇ ਪਰਖਿਆ। ਫਿਰ ਉਹ ਦੌੜਦਾ ਹੋਇਆ ਆਇਆ ਤੇ ਮੁਜਰਮ ਤੋਂ ਕੁਝ ਫੁੱਟ ਦੀ ਦੂਰੀ ’ਤੇ ਖੜੋ ਕੇ ਕੋੜੇ ਦਾ ਜਬਰਦਸਤ ਵਾਰ ਕੀਤਾ। ਕੋੜਾ ਮੁਜਰਮ ਦੀ ਚਮੜੀ ਨੂੰ ਉਧੇੜ ਕੇ ਮਾਸ ਵਿੱਚ ਜਾ ਖੁੱਭਿਆ ਤੇ ਫਿਰ ਬਾਹਰ ਆ ਗਿਆ। ਉਹ ਬੰਦਾ ਬੇਤਹਾਸ਼ਾ ਪੀੜ ਨਾਲ ਕੁਰਲਾ ਉੱਠਿਆ। ਸਟੇਜ ’ਤੇ ਬੈਠੇ ਲੋਕਾਂ ਨੇ ਉਸ ਥਾਂ ਤੋਂ ਖੂਨ ਰਿਸਦਾ ਦੇਖਿਆ। ‘ਇਕ’ ਕੋੜਿਆਂ ਦੀ ਗਿਣਤੀ ਕਰਨ ਵਾਲਾ ਅਫਸਰ ਬੋਲਿਆ। ਉਹ ਬੰਦਾ ਦਰਦ ਨਾਲ ਸਿਸਕ ਰਿਹਾ ਸੀ ਤੇ ਲਾਊਡਸਪੀਕਰ ਵਿੱਚੋਂ ਉਹਦੀ ਸਿਸਕ ਦੂਰ ਤਕ ਸੁਣਾਈ ਦੇ ਰਹੀ ਸੀ।
ਭਲਵਾਨ ਫਿਰ ਆਪਣੀ ਥਾਂ ’ਤੇ ਚਲਾ ਗਿਆ ਤੇ ਮੈਜਿਸਟਰੇਟ ਦੇ ਇਸ਼ਾਰੇ ਨਾਲ ਦੌੜਦਾ ਹੋਇਆ ਆਇਆ ਤੇ ਸ਼ਿਸਤ ਬੰਨ੍ਹ ਕੇ ਦੂਸਰਾ ਕੋੜਾ ਵੀ ਉਸੇ ਥਾਂ ’ਤੇ ਪੂਰੇ ਜ਼ੋਰ ਨਾਲ ਮਾਰਿਆ। ਇਹ ਸਿਲਸਿਲਾ ਤਦ ਟੁਟਿਆ, ਜਦੋਂ ਡਾਕਟਰ ਨੇ ਦੁਬਾਰਾ ਆ ਕੇ ਮੁਜਰਮ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਉਹਨੇ ਕੋੜੇ ਵਾਲੇ ਭਲਵਾਨ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾ। ਪੰਦਰ੍ਹਾਂ ਕੋੜਿਆਂ ਤੋਂ ਬਾਅਦ ਜਿਓਂ ਹੀ ਸੰਤਰੀ ਨੇ ਮੁਜਰਮ ਦੇ ਹੱਥ ਪੈਰ ਖੋਲ੍ਹੇ, ਉਹ ਸਟੇਜ ’ਤੇ ਡਿਗ ਪਿਆ। ਉਹਨੂੰ ਇੱਕ ਸਟ੍ਰੈਚਰ ’ਤੇ ਪਾ ਕੇ ਲਿਜਾਇਆ ਗਿਆ। ਹੁਣ ਦੂਸਰੇ ਆਦਮੀ ਦੀ ਵਾਰੀ ਸੀ।
ਕਈ ਮਹੀਨਿਆਂ ਬਾਅਦ ਮੈਨੂੰ ਰਾਵਲਪਿੰਡੀ ਵਿੱਚ ਵੀ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵੱਡੀ ਗਰਾਊਂਡ ਵਿੱਚ ਇੱਕ ਅੰਨ੍ਹੀ ਕੁੜੀ ਨੂੰ ਵਿਭਚਾਰ ਲਈ ਕੋੜਿਆਂ ਦੀ ਸਜ਼ਾ ਦਾ ਆਰਡਰ ਹੋਇਆ ਸੀ। ਸੈਂਕੜੇ ਲੋਕ ਉਸ ਸਟੇਜ ਦੇ ਆਲੇ ਦੁਆਲੇ ਖੜ੍ਹੇ ਉਤਸੁਕਤਾ ਨਾਲ ਕੋੜੇ ਮਾਰੇ ਜਾਣ ਦੀ ਉਡੀਕ ਕਰ ਰਹੇ ਸਨ। ਉਸ ਭੀੜ ਵਿੱਚ ਲੋਕਾਂ ਦੇ ਚਿਹਰਿਆਂ ’ਤੇ ਕਿਸੇ ਪ੍ਰਕਾਰ ਦੇ ਦੁੱਖ ਜਾਂ ਸੰਵੇਦਨਾ ਦਾ ਨਾਮੋ ਨਿਸ਼ਾਨ ਨਹੀਂ ਸੀ। ਕੋੜੇਬਾਜ਼ੀ ਦੀ ਉਡੀਕ ਕਰਦਿਆਂ ਉਹ ਰਾਜਨੀਤੀ ਜਾਂ ਸਪੋਰਟਸ ਦੀਆਂ ਗੱਲਾਂ ਵਿੱਚ ਮਗਨ ਸਨ। ਤਦੋਂ ਇੱਕ ਪੁਲਿਸ ਵਾਲਾ ਆਇਆ ਤੇ ਉਹਨੇ ਐਲਾਨ ਕੀਤਾ ਕਿ ਅਦਾਲਤ ਨੇ ਉਸ ਔਰਤ ਦੀ ਕੋੜਿਆਂ ਦੀ ਸਜ਼ਾ ਫਿਲਹਾਲ ਮੁਲਤਵੀ ਕਰ ਦਿੱਤੀ ਹੈ।
ਜਦੋਂ ਉਹਨੇ ਲੋਕਾਂ ਨੂੰ ਘਰ ਚਲੇ ਜਾਣ ਦੀ ਅਪੀਲ ਕੀਤੀ ਤਾਂ ਭੀੜ ਵਿੱਚ ਨਿਰਾਸ਼ਾ ਤੇ ਪ੍ਰਤਿਰੋਧ ਪੈਦਾ ਹੋ ਗਿਆ। ਲੋਕ ਤਾਂ ਓਥੇ ਤਮਾਸ਼ਾ ਦੇਖਣ ਆਏ ਸਨ। ਉਨ੍ਹਾਂ ਨੇ ਇੱਕ ਔਰਤ ਦੀ ਬੇਵਸੀ ਦੇਖਦੇ ਹੋਏ ਉਹਦੀ ਸਜ਼ਾ ਦਾ ਮਜ਼ਾ ਲੈਣਾ ਸੀ। ਇਹ ਹਕੀਕਤ ਦੇਖ ਕੇ ਮੈਨੂੰ ਕਾਫੀ ਤਕਲੀਫ਼ ਹੋ ਰਹੀ ਸੀ। ਉਸ ਦ੍ਰਿਸ਼ ਨੂੰ ਯਾਦ ਕਰਕੇ ਅੱਜ ਵੀ ਆਪਣੇ ਮੁਲਕ ਤੇ ਲੋਕਾਂ ਪ੍ਰਤੀ ਘਿਰਣਾ ਤੇ ਗੁੱਸੇ ਦੇ ਭਾਵਾਂ ਨਾਲ ਮੇਰਾ ਮਨ ਭਰ ਜਾਂਦਾ ਹੈ।
ਪੋਸਟ ਸਕ੍ਰਿਪਟ: ਅੱਜ ਵੀ ਦੁਨੀਆ ਜਿਸ ਧਾਰਮਕ ਕੱਟੜਤਾ ਦੀ ਹਨੇਰੀ ਸੁਰੰਗ ਵੱਲ ਜਾ ਰਹੀ ਹੈ, ਓਥੇ ਤਾਨਾਸ਼ਾਹੀ ਅਜਿਹੇ ਮਨਸੂਬੇ ਘੜ ਰਹੀ ਹੈ ਕਿ ਆਵਾਮ ਨੂੰ ਕਿਵੇਂ ਕੁਰਾਹੇ ਪਾ ਕੇ ਦੁੱਖ ਦਰਦ ਨੂੰ ਤਮਾਸ਼ੇ ਵਿੱਚ ਬਦਲ ਕੇ ਮਨੁੱਖੀ ਸੰਵੇਦਨਾਵਾਂ ਨੂੰ ਕੁੰਠਿਤ ਕੀਤਾ ਜਾਵੇ। ਸਿਆਣੀ ਸੋਚ ਤੇ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਆਲਮ ਫਾਜ਼ਲਾਂ ਨੂੰ ਸਿਰ ਜੋੜ ਕੇ ਅਗਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3631)
(ਸਰੋਕਾਰ ਨਾਲ ਸੰਪਰਕ ਲਈ: