“ਇਸ ਤਰ੍ਹਾਂ ਦੇ ਖੋਜ ਮੂਲਕ ਪਿਛੋਕੜ ਵਿੱਚੋਂ ਸਿਰਜੀ ਗਈ ਇਹ ਟੈਕਸਟ ਇਸੇ ਕਰਕੇ ਵਿਲੱਖਣ ਹੈ ਕਿਉਂਕਿ ...”
(29 ਮਾਰਚ 2022)
ਮਹਿਮਾਨ: 596.
ਨਾਟਕ ਮੂਲ ਰੂਪ ਵਿੱਚ ਪੇਸ਼ਕਾਰੀ ਦੀ ਕਲਾ ਹੈ। ਇਸੇ ਕਰਕੇ ਉੱਘੇ ਨਾਟਕਕਾਰ ਨਾਟਕ ਲਿਖ ਕੇ ਛਪਵਾਉਣ ਤੋਂ ਪਹਿਲਾਂ ਉਹਨੂੰ ਸਟੇਜ ’ਤੇ ਪਰਖਦੇ ਹਨ ਤਾਂ ਕਿ ਜੇ ਕੋਈ ਤਰੁੱਟੀ ਹੋਵੇ ਤਾਂ ਉਹ ਲੱਭ ਜਾਵੇ। ਪੰਜਾਬੀ ਵਿੱਚ ਆਤਮਜੀਤ ਉੱਘਾ ਨਾਟਕਕਾਰ ਹੈ। ਉਹ ਵੀ ਨਾਟਕ ਲਿਖਣ ਤੋਂ ਬਾਅਦ ਪਹਿਲਾਂ ਇਹਦਾ ਸਟੇਜੀਕਰਨ ਕਰਦਾ ਹੈ ਜਾਂ ਫਿਰ ਇਹਦੀ ਪੜ੍ਹਤ ਕਰਕੇ ਇਹਦੇ ਬਾਰੇ ਸੁਝਾ ਲੈਂਦਾ ਹੈ। ਉਹ ਖੋਜੀ ਨਾਟਕਕਾਰ ਹੈ। ਹਰ ਨਾਟਕ ਦੀ ਮੂਲ ਬਿਰਤੀ ਲਈ ਪਹਿਲਾਂ ਉਹ ਖੋਜ ਕਰਦਾ ਹੈ ਤੇ ਫਿਰ ਨਾਟਕ ਦੀ ਉਸਾਰੀ। ’ਮੁੜ ਆ ਲਾਮਾਂ ਤੋਂ’ ਉਹਦਾ ਇਤਿਹਾਸਕ ਨਾਟਕ ਹੈ। ਭਾਵੇਂ ਇਹ ਉਸ ਤਰ੍ਹਾਂ ਦੇ ਇਤਿਹਾਸ ਨਾਲ ਨਹੀਂ ਜੁੜਿਆ ਹੋਇਆ ਜੋ ਘਟਨਾਵਾਂ, ਤਿਥੀਆਂ ਜਾਂ ਸਾਕਿਆਂ ਬਾਰੇ ਹੋਵੇ, ਸਗੋਂ ਇਹ ਸਮਕਾਲੀ ਸਥਿਤੀਆਂ ਦਾ ਇਤਿਹਾਸ ਹੈ। ਸਥਿਤੀਆਂ ਵਿੱਚੋਂ ਉੱਭਰਦੀ ਇਤਿਹਾਸਕਤਾ ਬੜੀ ਮੁੱਲਵਾਨ ਹੁੰਦੀ ਹੈ। ਇਹਦਾ ਪਿਛੋਕੜ ਸੰਸਾਰ ਜੰਗ ਹੈ ਜਿਸਨੇ ਵੱਡੀ ਤਬਾਹੀ ਲਿਆਂਦੀ ਪਰ ਉਸ ਵਿੱਚੋਂ ਮਨੁੱਖਤਾ ਦਾ ਦਰਦ ਇੱਕ ਵਿਲੱਖਣ ਜਜ਼ਬਾ ਉਭਾਰਦਾ ਹੈ। ਇਸ ਬਾਰੇ ਅਨੁਰਾਧਾ ਕਪੂਰ ਦਾ ਕਥਨ ਬੜਾ ਮੁੱਲਵਾਨ ਹੈ –
ਆਤਮਜੀਤ ਦਾ ਨਾਟਕ ‘ਮੁੜ ਆ ਲਾਮਾਂ ਤੋਂ’ ਕਈ ਤਰ੍ਹਾਂ ਨਾਲ ਵਿਲੱਖਣ ਟੈਕਸਟ ਹੈ। ਘਟਨਾਵਾਂ ਵਾਪਰਨ ਦਾ ਟਿਕਾਣਾ ਵਿਲੱਖਣ ਹੈ; ਨਾਟਕ ਪਹਿਲੀ ਸੰਸਾਰ ਜੰਗ ਦੇ ਅੰਤ ’ਤੇ ਯੂਰਪ ਦੇ ਜੰਗੀ ਮੈਦਾਨਾਂ ਵਿੱਚ ਵਾਪਰ ਰਿਹਾ ਹੈ। ਪਾਤਰ ਗ਼ੈਰ-ਮਾਮੂਲੀ ਹਨ, ਇੱਕ ਪਾਸੇ ਸਿੱਖ, ਪਠਾਣ, ਡੋਗਰਾ ਅਤੇ ਕਾਂਗੜੇ ਦੇ ਮੁਸਲਿਮ ਰਾਜਪੂਤ ਵਰਗੇ ਮਿਲੇ ਜੁਲੇ ਸੈਨਿਕਾਂ ਦੀ ਟੁਕੜੀ ਹੈ। ਦੂਜੇ ਪਾਸੇ ਸੀਗਫਰਾਈਡ ਸੈਸੂਨ ਅਤੇ ਮਾਤਾ ਹਰੀ ਜੇਹੇ ਉਹ ਪਾਤਰ ਹਨ ਜਿਨ੍ਹਾਂ ਦੀ ਨਾਟਕ ਵਿੱਚ ਅਚਨਚੇਤ ਸ਼ਮੂਲੀਅਤ ਹੋ ਜਾਂਦੀ ਹੈ। ਕਥਾ ਦੀ ਲਕੀਰ ਵੀ ਬੜੀ ਵਿਲੱਖਣ ਹੈ। ਇਹ ਆਮ ਨਾਟਕਾਂ ਵਾਂਗ ਕਿਸੇ ਫੈਸਲਾਕੁੰਨ ਅੰਤ ਵੱਲ ਵਧਣ ਦੀ ਬਜਾਏ ਕੁਝ ਤਸਵੀਰਾਂ ਤੇ ਨਮੂਨੇ ਪੇਸ਼ ਕਰਦਾ ਹੈ। ਕਈ ਹਾਲਤਾਂ ਵਿੱਚ ਇਹ ਚਿਤਰ ਸੁਪਨਮਈ ਜਾਂ ਮਿਥਿਆ ਲੱਗਦੇ ਹਨ ਪਰ ਦੂਜੇ ਪਾਸੇ ਕਈ ਹੋਰ ਦ੍ਰਿਸ਼ ਸੁਪਨਿਆਂ ਦੇ ਐਨ ਉਲਟ ਲੜਾਈ ਦੇ ਮੈਦਾਨ ਦੀ ਆਮ ਜ਼ਿੰਦਗੀ ਦੇ ਯਥਾਰਥਮਈ ਚਿਤਰ ਹਨ। ਸੈਨਿਕਾਂ ਦੇ ਜੀਵਨ ਨੂੰ ਬੜੇ ਉੱਘੜਵੇਂ ਢੰਗ ਨਾਲ ਬਿਆਨਿਆ ਗਿਆ ਹੈ। ਉਨ੍ਹਾਂ ਨੂੰ ਆਪਣੇ ਘਰਾਂ ਅਤੇ ਉੱਥੋਂ ਦੇ ਖਾਣੇ ਦਾ ਹੇਰਵਾ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਹੋਰ ਸਨੇਹੀਆਂ ਦਾ ਮੋਹ ਸਤਾਉਂਦਾ ਹੈ; ਉਹ ਆਪਣੇ ਅਫਸਰਾਂ ਪ੍ਰਤੀ ਗੁੱਸੇ ਨਾਲ ਭਰ ਜਾਂਦੇ ਹਨ ਜਾਂ ਫਿਰ ਆਪਸ ਵਿੱਚ ਉਲਝ ਜਾਂਦੇ ਹਨ। ਇਹ ਸਭ ਕੁਝ ਕਰਦਿਆਂ ਉਹ ਇੱਕ ਪ੍ਰਕਾਰ ਦੇ ਦ੍ਰਿਸ਼ ਤੋਂ ਬੜੀ ਅਸਾਨੀ ਨਾਲ ਦੂਜੀ ਤਰ੍ਹਾਂ ਦੇ ਦ੍ਰਿਸ਼ ਵਿੱਚ ਸਰਕ ਜਾਂਦੇ ਹਨ। ਨਾਟਕ ਦੀ ਇਹ ਵਲ ਖਾਂਦੀ ਤੋਰ ਉਸ ਕਹਾਣੀ ਲਈ ਜਚਦੀ ਹੈ ਜਿਹੜੀ ਕਿ ਇਸ ਨਾਟਕ ਵਿੱਚ ਕਹੀ ਜਾ ਰਹੀ ਹੈ।
ਇਸ ਤਰ੍ਹਾਂ ਇਸ ਵਿਲੱਖਣ ਟੈਕਸਟ ਦਾ ਮੂਲ ਉਦੇਸ਼ ਸੰਸਾਰ ਜੰਗ ਦੀ ਪੀੜਾ ਵਿੱਚੋਂ ਮਨੁੱਖੀ ਮਨ ਦੀ ਪੇਸ਼ਕਾਰੀ ਹੈ ਜੋ ਇਸ ਜੰਗ ਦੀ ਭਿਆਨਕਤਾ ਨਾਲ ਦੋ ਚਾਰ ਹੋ ਰਿਹਾ ਹੈ। ਇਸ ਸੰਸਾਰ ਜੰਗ ਵਿੱਚ ਇੱਕ ਕਰੋੜ ਤੋਂ ਵਧੇਰੇ ਲੋਕ ਮਾਰੇ ਗਏ। ਇਨ੍ਹਾਂ ਵਿੱਚ ਅੱਧੇ ਫੌਜੀ ਤੇ ਅੱਧੇ ਸਿਵਲੀਅਨ ਸਨ। ਇਨ੍ਹਾਂ ਵਿੱਚ ਭਾਰਤੀ ਫੌਜੀ ਵੀ ਵੱਡੀ ਗਿਣਤੀ ਵਿੱਚ ਸਨ। ਇਸ ਨਾਟਕ ਨੂੰ ਲਿਖਣ ਦੀ ਪ੍ਰੇਰਨਾ ਲੇਖਕ ਨੂੰ ਪ੍ਰਸਿੱਧ ਕਵੀ ਅਮਰਜੀਤ ਚੰਦਨ ਨੇ ਦਿੱਤੀ ਜੋ ਬਾਰ ਬਾਰ ਉਹਨੂੰ ਹਲੂਣਾ ਦੇ ਰਿਹਾ ਸੀ ਕਿ ਇਸ ਜੰਗ ਵਿੱਚ 65-70 ਹਜ਼ਾਰ ਭਾਰਤੀ ਮਾਰੇ ਗਏ। ਇੰਨੇ ਹੀ ਜ਼ਖਮੀ ਵੀ ਹੋਏ ਤੇ ਇਨ੍ਹਾਂ ਵਿੱਚ ਵਧੇਰੇ ਪੰਜਾਬੀ ਸਨ ਤੇ ਇਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਲੇਖਕਾਂ ਦਾ ਫਰਜ਼ ਹੈ। ਪਰ ਲੇਖਕ ਨੂੰ ਲਗਦਾ ਸੀ ਕਿ ਫੌਜੀ ਅਨੁਭਵ ਤੋਂ ਬਿਨਾ ਅਜਿਹਾ ਨਾਟਕ ਲਿਖਣਾ ਉਹਦੇ ਵੱਸ ਦੀ ਗੱਲ ਨਹੀਂ।
ਬਾਰ ਬਾਰ ਦਿੱਤਾ ਹਲੂਣਾ ਕੰਮ ਆਇਆ ਤੇ ਲੇਖਕ ਨੇ ਇਸ ਗਰੇਟ ਵਾਰ ਬਾਰੇ ਕਿਤਾਬਾਂ ਇਕੱਠੀਆਂ ਕੀਤੀਆਂ। ਉਨ੍ਹਾਂ ਦਾ ਗਹਿਨ ਅਧਿਐਨ ਕੀਤਾ। ਸ਼ਿਕਾਗੋ ਦੀ ਮੇਨ ਲਾਇਬ੍ਰੇਰੀ (ਹੈਰਾਲਡ ਵਸ਼ਿੰਗਟਨ ਲਾਇਬ੍ਰੇਰੀ ਸੈਂਟਰ) ਵਿੱਚ ਜੰਗ ਬਾਰੇ ਅਨੇਕਾਂ ਕਿਤਾਬਾਂ ਸਨ ਤੇ ਇਕੱਲੀ ਇਕੱਲੀ ਲੜਾਈ ਵਿੱਚ ਹਰ ਚਾਰ ਘੰਟਿਆਂ ਬਾਅਦ ਕੀ ਵਾਪਰਿਆ ਇਹੋ ਜਿਹੇ ਵਿਸਥਾਰ ਵੀ ਸਨ। ਲੇਖਕ ਨੇ ਇਨ੍ਹਾਂ ਕਿਤਾਬਾਂ ਤੋਂ ਜੰਗੀ ਮਹਾਜ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਨ੍ਹਾਂ ਨੇ ਲੇਖਕ ਨੂੰ ਇਸ ਨਾਟਕ ਦੀ ਆਧਾਰ ਭੂਮੀ ਸਿਰਜਣ ਵਿੱਚ ਮਦਦ ਕੀਤੀ। ਇਸ ਮਹਾਂ ਯੁੱਧ ਵਿੱਚ ਤਿੰਨ ਦਰਜਨ ਅੰਗਰੇਜ਼ੀ ਕਵੀਆਂ ਨੇ ਵੀ ਹਿੱਸਾ ਲਿਆ ਸੀ ਤੇ ਉਨ੍ਹਾਂ ਨੇ ਯੁੱਧ ਬਾਰੇ ਕਵਿਤਾਵਾਂ ਵੀ ਲਿਖੀਆਂ ਜੋ ਨਾਟਕ ਲਈ ਸਹਾਇਕ ਸਿੱਧ ਹੋਈਆਂ। ਜਿਵੇਂ ਸੂਨ (ਜੇਬ ਵਿੱਚੋਂ ਕਾਗਜ਼ ਕੱਢ ਕੇ) ਪੜ੍ਹਦਾ ਹੈ –
/ਸਿਪਾਹੀ ਤਾਂ ਮੌਤ ਦੀ/ਮਟਮੈਲੀ ਧਰਤੀ ਦੇ ਵਾਸੀ ਹੁੰਦੇ/ਜਿਨ੍ਹਾਂ ਨੂੰ ਆਉਂਦੇ ਕੱਲ੍ਹ ਨੇ/ਕੁਝ ਵੀ ਨਹੀਂ ਦੇਣਾ/ਆਪਣੇ ਝਗੜਿਆਂ, ਈਰਖਾਵਾਂ/ਤੇ ਦੁੱਖਾਂ ਦੇ ਬਾਵਜੂਦ/ਭਾਵੀ ਦੇ ਭਾਰੇ ਪਲਾਂ ਵਿਚ/ਇਕ ਦੂਜੇ ਨਾਲ ਨਿਭਦੇ/ਉਨ੍ਹਾਂ ਕਸਮ ਖਾਧੀ ਹੁੰਦੀ/ਲੜ ਮਰਨ ਤੇ ਜੇਤੂ ਹੋਣ ਦੀ/ਅੱਗ ਨੂੰ ਚੀਰ ਕੇ ਜਿੱਤਣਾ/ਜੱਗ ਨੂੰ ਪਾੜ ਕੇ ਲੰਘਣਾ/ਜਦ ਤੋਪਾਂ ਗੋਲੇ ਵਰ੍ਹਾਉਂਦੀਆਂ/ਫੌਜੀ ਉਦੋਂ ਵੀ ਸੁਪਨੇ ਲੈਂਦੇ/ਜਗਦੇ ਘਰਾਂ, ਸੁਹਣੀਆਂ ਸੇਜ਼ਾਂ/ਤੇ ਮੋਹਣੀਆਂ ਸਾਥਣਾਂ ਦੇ ਸੁਪਨੇ/ਪਰ ਮੈਂ ਉਨ੍ਹਾਂ ਨੂੰ ਦੇਖਦਾਂ/ਮੁਸ਼ਕ ਮਾਰੇ ਖੱਡਿਆਂ ਵਿਚ/ਉੱਜੜੀਆਂ ਪੁੱਜੜੀਆਂ ਟਰੈਂਚਾਂ ਦੇ/ਮੀਂਹ ਭਰੇ ਚਿੱਕੜਾਂ ਵਿਚ/ਲੰਮੀਆਂ ਤਾਣ ਕੇ ਲੈਂਦੇ/ਹਾਣੀਆਂ ਨਾਲ ਘੁਲਣ ਦੇ ਸੁਪਨੇ/ਕਦੇ ਨਾ ਸਾਕਾਰ ਹੋਣ ਵਾਲੀਆਂ/ਇੱਛਾਵਾਂ ਵਿੱਚ ਘਿਰੇ ਸੁਪਨੇ/ਸੁਪਨੇ ਕਿ ਰੱਸਾਕਸ਼ੀ ਕਰਨਗੇ/ਜਾਂ ਫਿਰ ਮਹਿਫਲਾਂ ਸਜਾਣਗੇ/ਸੁਪਨੇ, ਕਿ ਕਿਸੇ ਸੁਪਨੀ ਨਾਲ/ਰੇਲ ਦੇ ਲੰਮੇ ਸਫ਼ਰ ’ਤੇ ਜਾਣਗੇ/ਜਦ ਤੋਪਾਂ ਗੋਲੇ ਵਰ੍ਹਾਉਂਦੀਆਂ/ਫੌਜੀ ਉਦੋਂ ਵੀ ਸੁਪਨੇ ਲੈਂਦੇ/ਜਗਦੇ ਘਰਾਂ, ਸੁਹਣੀਆਂ ਸੇਜ਼ਾਂ/ਤੇ ਮੋਹਣੀਆਂ ਸਾਥਣਾਂ ਦੇ ਸੁਪਨੇ/
ਇਹ ਕਵਿਤਾ ਜਿਸ ਸੁਪਨੇ ਤੇ ਇੱਛਾਵਾਂ ਦੀ ਜੁਗਤ ਨੂੰ ਉਭਾਰਦੀ ਹੈ ਉਸ ਪਿੱਛੇ ਜੰਗ ਦੀ ਭਿਆਨਕਤਾ ਤੇ ਜ਼ਿੰਦਗੀ ਜਿਊਣ ਦੀ ਲਾਲਸਾ ਦੇ ਬਿੰਬ ਪਏ ਹਨ। ਜੋ ਨਾਟਕ ਵਿੱਚ ਕਈ ਥਾਂ ਉੱਭਰਦੇ ਤੇ ਨਾਟਕੀ ਕਾਰਜ ਨੂੰ ਅੱਗੇ ਤੋਰਦੇ ਹਨ। ਇਸ ਤਰ੍ਹਾਂ ਇਹ ਕਵਿਤਾ ਜੰਗ ਦੀ ਭਿਆਨਕਤਾ ਵਿੱਚ ਜ਼ਿੰਦਗੀ ਦੀ ਆਸ ਦਾ ਸੰਦੇਸ਼ ਸੁਪਨੇ ਰਾਹੀਂ ਦਿੰਦੀ ਹੈ। ਲੇਖਕ ਨੂੰ ਕਈ ਅੰਗਰੇਜ਼ੀ ਕਵੀਆਂ ਨੇ ਪ੍ਰਭਾਵਤ ਕੀਤਾ। ਇਨ੍ਹਾਂ ਕਵੀਆਂ ਬਾਰੇ ਉਹ ਲਿਖਦਾ ਹੈ –
ਓਇਨ ਦੀ ਬਦਕਿਸਮਤੀ ਦੇਖੋ; ਉਹ ਯੁੱਧ ਖਤਮ ਹੋਣ ਤੋਂ ਸਿਰਫ ਇੱਕ ਹਫਤਾ ਪਹਿਲਾਂ ਜੰਗ ਵਿੱਚ ਮਾਰਿਆ ਗਿਆ। ਅੰਗਰੇਜ਼ੀ ਦੇ ਬੇਹੱਦ ਸੋਹਣੇ ਕਵੀ ਰੂਪਰ ਬਰੂਕ ਨੇ ਵੀ ਜੰਗ ਵਿੱਚ ਹਿੱਸਾ ਲਿਆ ਸੀ ਤੇ ਉਹਨੇ ਜੰਗ ਦੀ ਵਡਿਆਈ ਵਿੱਚ ਗੀਤ ਲਿਖੇ ਸਨ। ਪਰ ਓਇਨ ਅਤੇ ਸੈਸੂਨ ਨੇ ਜੰਗ ਦਾ ਵਿਰੋਧ ਕੀਤਾ। ਮੈਂਨੂੰ ਸੈਸੂਨ ਨੇ ਜ਼ਿਆਦਾ ਪ੍ਰਭਾਵਤ ਕੀਤਾ ਕਿਉਂਕਿ ਉਸਨੇ ਜੰਗ ਦੇ ਖਿਲਾਫ਼ ਇੰਗਲੈਂਡ ਦੀ ਪਾਰਲੀਮੈਂਟ ਨੂੰ ਇੱਕ ਖ਼ਤ ਵੀ ਲਿਖਿਆ ਸੀ ਅਤੇ ਉਸ ’ਤੇ ਫੌਜ ਵੱਲੋਂ ਕੋਰਟ ਮਾਰਸ਼ਲ ਕਰਨ ਦੀ ਯੋਜਨਾ ਸੀ। ਪਰ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਬਰਟਰੈਂਡ ਰੱਸਲ ਦੇ ਜਤਨਾਂ ਨਾਲ ਉਹ ਬਚ ਗਿਆ। ਸੈਸੂਨ ਦੇ ਖ਼ਤ ਦਾ ਮਹੱਤਵ ਇਸ ਗੱਲ ਕਰਕੇ ਜ਼ਿਆਦਾ ਹੈ ਕਿਉਂਕਿ ਉਦੋਂ ਜਰਮਨੀ ਦੇ ਸੌ ਵੱਡੇ ਬੰਦਿਆਂ ਨੇ, ਜਿਨ੍ਹਾਂ ਵਿੱਚ ਕਈ ਨੋਬਲ ਇਨਾਮ ਜੇਤੂ ਵੀ ਸਨ, ਇੰਗਲੈਂਡ ਦੇ ਲੋਕਾਂ ਨੂੰ ਖੁੱਲ੍ਹਾ ਖ਼ਤ ਲਿਖਿਆ ਸੀ ਜਿਸ ਵਿੱਚ ਇੰਗਲੈਂਡ ਅਤੇ ਫਰਾਂਸ ਨੂੰ ਸਬਕ ਸਿਖਾਉਣ ਦੀ ਧਮਕੀ ਸੀ। ਕੇਵਲ ਆਈਨਸਟਾਈਨ ਅਤੇ ਦੋ ਹੋਰ ਸਿਆਣਿਆਂ ਨੇ ਹੀ ਜਰਮਨਾਂ ਦੇ ਖ਼ਤ ਦਾ ਵਿਰੋਧ ਕੀਤਾ ਸੀ।
ਇਸ ਤਰ੍ਹਾਂ ਦੇ ਖੋਜ ਮੂਲਕ ਪਿਛੋਕੜ ਵਿੱਚੋਂ ਸਿਰਜੀ ਗਈ ਇਹ ਟੈਕਸਟ ਇਸੇ ਕਰਕੇ ਵਿਲੱਖਣ ਹੈ ਕਿਉਂਕਿ ਲੇਖਕ ਸਾਰੇ ਤੱਥਾਂ ਨੂੰ ਖੋਜ ਕੇ, ਘੋਖ ਕੇ ਨਾਟਕ ਲਈ ਵਰਤਦਾ ਹੈ। ਜੰਗ ਦੀ ਭਿਆਨਕਤਾ ਵੇਲੇ ਸੂਝਵਾਨ ਲੋਕ, ਲੇਖਕ, ਕਲਾਕਾਰ ਹੀ ਸਨ ਜੋ ਇਸ ਭਿਆਨਕਤਾ ਤੋਂ ਮਨੁੱਖਤਾ ਨੂੰ ਬਚਾਉਣ ਲਈ ਹੋਕਾ ਦੇ ਰਹੇ ਸਨ। ਇਸਦੀ ਭਿਆਨਕਤਾ ਅਬਦੁਲੇ ਦੇ ਉਸ ਡਾਇਲਾਗ ਤੋਂ ਝਲਕਦੀ ਹੈ ਜਦੋਂ ਉਹ ਕਹਿੰਦਾ ਹੈ –
ਦੋਸਤੋ! ਮੈਂ ਸ਼ਰਮਿੰਦਾਂ, ਪਰ ਜਾਣ ਬੁੱਝ ਕੇ ਕੁਝ ਨਹੀਂ ਕੀਤਾ, ਮੈਂਨੂੰ ਮਿਲੀ ਕੀ ਕਸਮ। ਸਵੇਰੇ ਪਤਾ ਲੱਗਾ, ਜਿਹੜੇ ਪਾਣੀ ਦੀ ਰਾਤ ਚਾਹ ਬਣਾਈ ਸੀ, ਉਸ ਵਿੱਚ ਖੂਨ ਸੀ; ਸਾਡਾ ਆਪਣਾ ਖੂਨ।’
ਨਾਟਕ ਦੇ ਅੰਤ ਵਾਲਾ ਕੋਰਸ ਵੀ ਬੜਾ ਮਾਨੀਖੇਜ਼ ਹੈ। ਇਹ ਜੰਗ ਸਾਮਰਾਜਾਂ ਦਾ ਭੇੜ ਸੀ ਤੇ ਭਾਰਤ ਗੁਲਾਮ ਹੋਣ ਕਰਕੇ ਇੱਥੋਂ ਧੱਕੇ ਨਾਲ ਅੰਗਰੇਜ਼ ਲਾਮਾਂ ਸਿਰਜ ਰਿਹਾ ਸੀ। ਪੰਜਾਬੀ ਲਾਮ ਡੋਰੀ ਵਿੱਚ ਬੱਝੇ ਜੰਗ ਵੱਲ ਜਾ ਰਹੇ ਸਨ। ਅਨੇਕਾਂ ਮਾਰੇ ਗਏ ਤੇ ਜਿਹੜੇ ਬਚ ਗਏ ਉਨ੍ਹਾਂ ਨੂੰ ਘਰ ਬੈਠੀ ਨਾਰ ਉਡੀਕ ਰਹੀ ਹੈ –
ਵੇ ਮੁੜ ਆ ਲਾਮਾਂ ਤੋਂ
ਤੈਨੂੰ ਘਰੇ ਬੜਾ ਰੁਜ਼ਗਾਰ।
ਸਟੇਜ ’ਤੇ ਇਹਦੀ ਵਿਲੱਖਣ ਪੇਸ਼ਕਾਰੀ ਦੇ ਬਾਵਜੂਦ ਇਹਦਾ ਪਾਠ ਵੀ ਪਾਠਕ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇਹੀ ਇਸਦੀ ਵਿਲੱਖਣਤਾ ਹੈ।
**
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ, ਮੁੱਲ 250/-ਰੁਪਏ, ਪੰਨੇ-142
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3465)
(ਸਰੋਕਾਰ ਨਾਲ ਸੰਪਰਕ ਲਈ: