ParamjitSDhingra7ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਕਿਹੋ ਜਿਹੀ ਹਿੰਸਾ ਦੇਖਣੀ ਪਈ ...
(14 ਅਗਸਤ 2021)

 

ਆਪਣਾ ਘਰ, ਗਿਰਾਂ, ਵਤਨ ਹਰ ਇਕ ਨੂੰ ਜਾਨ ਨਾਲੋਂ ਪਿਆਰਾ ਹੁੰਦਾ ਹੈ। ਪਰ 1947 ਵਿਚ ਅਜਿਹੀ ਹਨੇਰੀ ਝੁੱਲੀ, ਦੇਖਦੇ ਦੇਖਦੇ ਸਭ ਕੁਝ ਪਰਾਇਆ ਹੋ ਗਿਆ। ਲੋਕਾਂ ਨੂੰ ਯਕੀਨ ਨਹੀਂ ਸੀ ਕਿ ਅਜਿਹਾ ਹੋ ਸਕਦਾ ਹੈ। ਘੁੱਗ ਵਸਦੇ ਲੋਕ ਰਾਤੋ ਰਾਤ ਖੌਫ਼, ਦਹਿਸ਼ਤ ਤੇ ਬੇਯਕੀਨੀ ਵਿਚ ਘਿਰ ਗਏ। ਅੱਜ ਉਨ੍ਹਾਂ ਦੀਆਂ ਦਾਸਤਾਨਾਂ ਦੁਹਰਾਉਣ ਦੀ ਲੋੜ ਹੈ ਤਾਂ ਜੋ ਮਨੁੱਖੀ ਇਤਿਹਾਸ ਦੇ ਉਹ ਸਿਆਹ ਪੰਨੇ ਦੁਬਾਰਾ ਨਾ ਲਿਖੇ ਜਾਣ। ਖੂਨੀ ਨਦੀਆਂ ਦੇ ਵਹਿਣ ਫਿਰ ਨਾ ਵਹਿਣ ਜਿਸ ਵਿਚ ਮਨੁੱਖੀ ਸ਼ਰਮ, ਲਿਹਾਜ ਤੇ ਰਿਸ਼ਤੇ ਰੁੜ੍ਹ ਜਾਣ। ਕੋਇਟੇ ਵਿੱਚੋਂ ਉਜੜ ਕੇ ਆਏ ਇਕ ਪਰਿਵਾਰ ਦੀ ਗਾਥਾ ਪ੍ਰੀਤੀ ਸਿੰਘ ਦੀ ਜ਼ਬਾਨੀ।

ਕੋਇਟਾ ਬਲੋਚਿਸਤਾਨ ਦੇ ਉਸ ਦੱਰੇ ਕੋਲ ਹੈ ਜਿੱਥੋਂ ਇਹ ਰਸਤਾ ਅਫਗਾਨਿਸਤਾਨ ਨੂੰ ਜਾਂਦਾ ਹੈ। ਮੈਨੂੰ ਯਾਦ ਹੈ ਕਿ ਇਹ ਥਾਂ ਬੜੀ ਖੂਬਸੂਰਤ ਹੁੰਦੀ ਸੀ। ਚਾਰੇ ਪਾਸੇ ਫਲਾਂ ਦੇ ਬਾਗ ਤੇ ਪਹਾੜਾਂ ਨਾਲ ਘਿਰੀ ਇਹ ਇਕ ਕੁਦਰਤੀ ਕਿਲੇ ਵਾਂਗ ਸੀ ਜੋ ਬੜਾ ਵਿਸ਼ਾਲ ਸੀ। ਉਹਦੀਆਂ ਚਾਰੇ ਦਿਸ਼ਾਵਾਂ ਦੂਰ ਦੂਰ ਤੱਕ ਵੇਖੀਆਂ ਜਾ ਸਕਦੀਆਂ ਸਨ। ਆਬੋਹਵਾ ਸਾਫ, ਤਾਜ਼ੀ ਤੇ ਠੰਢੀ। ਉੱਥੇ ਬਹੁਤ ਸਾਰੇ ਅੰਗਰੇਜ਼ ਵੀ ਰਹਿੰਦੇ ਸਨ ਕਿਉਂਕਿ ਉੱਥੇ ਫੌਜ ਦੀ ਕਮਾਨ ਤੇ ਸਟਾਫ ਕਾਲਜ ਹੁੰਦਾ ਸੀ। ਪਰ ਅਸੀਂ ਸਾਰੇ ਮੁਸਲਮਾਨਾਂ ਵਿਚ ਰਹਿੰਦੇ ਸਾਂ। ਇੱਥੇ ਸਿੱਖਾਂ ਦੀ ਵੱਡੀ ਅਬਾਦੀ ਸੀ ਤੇ ਉਨ੍ਹਾਂ ਦਾ ਇਕ ਵੱਡਾ ਗੁਰਦਵਾਰਾ ਵੀ।

ਮੇਰਾ ਬਚਪਨ ਇੱਥੇ ਹੀ ਬੀਤਿਆ। ਘੱਟੋ ਘੱਟ ਛੁੱਟੀਆਂ ਨੂੰ ਛੱਡ ਕੇ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਸਰਗੋਧੇ ਜਾਂ ਕਰਾਚੀ ਚਲੇ ਜਾਂਦੇ ਸਾਂ। ਅੱਜ ਵੀ ਟ੍ਰੇਨ ਦੀਆਂ ਉਹ ਯਾਦਾਂ ਯਾਦ ਆਉਂਦੀਆਂ ਨੇ ਜਦੋਂ ਅਸੀਂ ਕਈ ਦਿਨਾਂ ਤੱਕ ਪਹਾੜਾਂ, ਨਦੀਆਂ, ਰੁੱਖਾਂ ਤੇ ਖੁੱਲ੍ਹੇ ਮੈਦਾਨਾਂ ਨੂੰ ਪਾਰ ਕਰਕੇ ਸ਼ੋਰ ਸ਼ਰਾਬੇ ’ਚ ਸ਼ਹਿਰ ਜਾ ਪਹੁੰਚਦੇ ਸਾਂ।

ਓਥੇ ਸਾਡਾ ਘਰ ਆਮ ਜਿਹਾ ਹੀ ਸੀ ਜਿਸ ਵਿਚ ਰਹਿਣ ਲਈ ਤਿੰਨ ਕਮਰੇ ਸਨ। ਵਿਚਕਾਰ ਵਿਹੜਾ ਤੇ ਸਾਹਮਣੇ ਪਾਸੇ ਇਕ ਵੱਡਾ ਤੇ ਸਭ ਤੋਂ ਠੰਢਾ ਕਮਰਾ ਸੀ। ਉੱਥੇ ਬਾਲਣ ਲਈ ਲੱਕੜਾਂ ਤੇ ਕੋਇਲਾ ਰੱਖਿਆ ਜਾਂਦਾ ਸੀ ਜਿਸ ਨਾਲ ਸਰਦੀ ਵਿਚ ਅਸੀਂ ਘਰ ਨੂੰ ਗਰਮ ਰੱਖਦੇ ਸਾਂ। ਉਸ ਤੋਂ ਇਲਾਵਾ ਸੌਣ ਦੇ ਕਮਰੇ, ਰਸੋਈ ਤੇ ਸਟੋਰ ਸੀ ਜਿਸ ਵਿਚ ਸਬਜ਼ੀਆਂ ਤੇ ਰਾਸ਼ਨ ਪਿਆ ਰਹਿੰਦਾ। ਖਾਸ ਕਰਕੇ ਆਲੂ, ਪਿਆਜ਼ ਤੇ ਲਸਣ। ਵਿਹੜੇ ਵਿਚ ਪਾਣੀ ਲਈ ਹੈਂਡ ਪੰਪ ਲੱਗਿਆ ਹੋਇਆ ਸੀ। ਉਹਦੇ ਉੱਪਰ ਅੰਗੂਰਾਂ ਦੀ ਵੇਲ ਸੀ ਜਿਸ ਨਾਲ ਗੁੱਛੇ ਲਟਕਦੇ ਰਹਿੰਦੇ ਸਨ। ਉਨ੍ਹਾਂ ਕਰਕੇ ਸਾਰਾ ਦਿਨ ਵਿਹੜੇ ਵਿਚ ਮਧੂ ਮੱਖੀਆਂ ਦੀ ਭੀਂ ਭੀਂ ਗੂੰਜਦੀ ਰਹਿੰਦੀ।

1935 ਵਿਚ ਇੱਥੇ ਬਹੁਤ ਵੱਡਾ ਭੂਚਾਲ ਆਇਆ ਜੋ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਤੇ ਭਿਆਨਕ ਭੂਚਾਲ ਸੀ। ਪੂਰੇ ਦਾ ਪੂਰਾ ਸ਼ਹਿਰ ਤਬਾਹ ਹੋ ਗਿਆ। ਮੇਰੀ ਦਾਦੀ ਉਸ ਵਿਚ ਮਾਰੀ ਗਈ। ਜਦੋਂ ਜਾਪਾਨੀਆਂ ਨੇ ਦੁਬਾਰਾ ਸ਼ਹਿਰ ਬਣਾਇਆ ਤਾਂ ਅਜਿਹੀ ਤਕਨੀਕ ਵਰਤੀ ਕਿ ਭੂਚਾਲ ਆਉਣ ’ਤੇ ਤਬਾਹ ਨਾ ਹੋ ਸਕੇ। ਪਰ ਇਹਦੇ ਵਿਚ ਇਕ ਵੱਡੀ ਖਾਮੀ ਸੀ ਕਿ ਜਦੋਂ ਸਰਦੀਆਂ ਵਿਚ ਘਰਾਂ ਨੂੰ ਗਰਮ ਕੀਤਾ ਜਾਂਦਾ ਤਾਂ ਇਹਨਾਂ ਨੂੰ ਜਲਦੀ ਅੱਗ ਲੱਗ ਜਾਂਦੀ ਸੀ। ਉਸ ਲਈ ਬੜੀ ਸਾਵਧਾਨੀ ਵਰਤਣੀ ਪੈਂਦੀ। ਗਰਮੀਆਂ ਵਿਚ ਮੌਸਮ ਬੜਾ ਸੁਹਾਵਣਾ ਹੁੰਦਾ ਸੀ। ਪਹਾੜਾਂ ਵਰਗਾ ਸਾਫ ਅਸਮਾਨ, ਚਮਕਦਾ ਸੂਰਜ ਪਰ ਸਰਦੀਆਂ ਵਿਚ ਇਕ ਦਮ ਕੜਾਕੇ ਦੀ ਠੰਢ ਜੋ ਪੂਰੇ ਸ਼ਹਿਰ ਨੂੰ ਘੇਰ ਲੈਂਦੀ। ਧੁੰਦ ਅਤੇ ਸਿੱਲ੍ਹਾਪਨ। ਧੁੱਪ ਨਜ਼ਰ ਨਾ ਆਉਂਦੀ। ਸਾਲ ਵਿਚ ਜ਼ਿਆਦਾਤਰ ਅਜਿਹਾ ਮੌਸਮ ਹੀ ਰਹਿੰਦਾ ਸੀ। ਮੈਂ ਤੇ ਮੇਰੇ ਭੈਣ ਭਰਾ ਕਈ ਕਈ ਕੱਪੜੇ ਪਾ ਕੇ ਜਦੋਂ ਗੋਲ ਮਟੋਲ ਬਣ ਜਾਂਦੇ, ਤਦੋਂ ਹੀ ਖੇਡਣ ਲਈ ਬਾਹਰ ਜਾ ਸਕਦੇ ਸਾਂ। ਸਾਡੀ ਮਾਂ ਜੇਬਾਂ ਵਿਚ ਮੁੱਠਾਂ ਭਰ ਭਰ ਕੇ ਸੁੱਕੇ ਮੇਵੇ ਪਾ ਦਿੰਦੀ ਸੀ। ਉਨ੍ਹਾਂ ਨਾਲ ਜੇਬਾਂ ਫਟ ਜਾਂਦੀਆਂ ਤੇ ਸਾਰੇ ਮੇਵੇ ਹੇਠਾਂ ਡਿੱਗ ਜਾਂਦੇ। ਫਿਰ ਅਸੀਂ ਬਦਾਮ, ਕਿਸ਼ਮਿਸ਼, ਪਿਸਤੇ, ਕਾਜੂ ਲੱਭ ਲੱਭ ਕੇ ਖਾਂਦੇ।

ਉਨ੍ਹਾਂ ਦਿਨਾਂ ਵਿਚ ਅਫਗਾਨਿਸਤਾਨ ਤੋਂ ਕਾਬਲੀ ਆਉਂਦੇ ਸਨ। ਉਨ੍ਹਾਂ ਦੇ ਆਉਣ ਦਾ ਸਮਾਂ ਬਿਲਕੁਲ ਤੈਅ ਹੁੰਦਾ ਕਿ ਕਿਹੜੇ ਘਰ ਕਦੋਂ ਜਾਣਾ ਹੈ ਤੇ ਉਹ ਸਾਡੇ ਲਈ ਸਬਜ਼ੀਆਂ, ਮੇਵੇ, ਕੋਇਲਾ ਤੇ ਮੀਟ ਲੈ ਕੇ ਆਉਂਦੇ। ਉਹ ਬਹੁਤ ਸਾਰੇ ਹੋਰ ਕੰਮ ਵੀ ਕਰਦੇ ਸਨ, ਜਿਵੇਂ ਘਰਾਂ ਵਿਚ ਹਮਾਮਾਂ ਵਿਚ ਬਰਫ ਪਿਘਲਾ ਕੇ ਪਾਣੀ ਭਰਨਾ ਕਿਉਂਕਿ ਬਰਫ ਨਾਲ ਪਾਣੀ ਦੀਆਂ ਪਾਈਪਾਂ ਜੰਮ ਜਾਂਦੀਆਂ ਸਨ। ਤਦੋਂ ਅਸੀਂ ਹਫਤੇ ਵਿਚ ਇਕ ਵਾਰ ਹੀ ਨਹਾਉਂਦੇ ਸਾਂ। ਜੁੰਮੇ ਦਾ ਬਰਫੀਲਾ, ਠੰਢਾ ਇਸ਼ਨਾਨ।

ਮੈਨੂੰ ਯਾਦ ਹੈ ਕਿ ਘਰ ਦੇ ਹਰ ਕਮਰੇ ਦੇ ਫਰਸ਼ ’ਤੇ ਮੋਟੇ ਮੋਟੇ ਕਲੀਨ ਵਿਛੇ ਰਹਿੰਦੇ ਸਨ। ਸਾਰਿਆਂ ਦੇ ਹੇਠਾਂ ਕਾਬਲੀ ਜੂਟ ਦੀਆਂ ਚਟਾਈਆਂ ਵਿਛਾਈਆਂ ਜਾਂਦੀਆਂ ਸਨ। ਇਹ ਬਿਲਕੁਲ ਕਮਰੇ ਦੇ ਨਾਪ ਦੀਆਂ ਹੁੰਦੀਆਂ ਸਨ। ਫਿਰ ਉਨ੍ਹਾਂ ਉੱਤੇ ਮੋਟੇ ਮੋਟੇ ਕਲੀਨ ਵਿਛਾਏ ਜਾਂਦੇ ਸਨ। ਦੂਸਰੀ ਸੰਸਾਰ ਜੰਗ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਮਾਨ ਨਾਲ ਭਰੇ ਜਹਾਜ਼ਾਂ ਉੱਤੇ ਪੈਸਾ ਲਾਇਆ। ਮੇਰੇ ਪਿਤਾ ਜੀ ਵੀ ਇਕ ਸੁਪਰ ਮਾਰਕੀਟ ਚਲਾਉਂਦੇ ਸਨ ਜਿਸ ਵਿਚ ਉੱਚੀ ਕੀਮਤ ਦਾ ਸਮਾਨ ਵਿਕਦਾ ਸੀ। ਉਨ੍ਹਾਂ ਦਾ ਇਕ ਦੋਸਤ ਨਾਲ ਹੀ ਕਲੀਨਾਂ ਦਾ ਵਪਾਰ ਕਰਦਾ ਸੀ। ਉਹ ਦੋਵੇਂ ਚੰਗੇ ਦੋਸਤ ਸਨ। ਉਸ ਨੇ ਮੇਰੇ ਪਿਤਾ ਜੀ ਨੂੰ ਕਲੀਨਾਂ ’ਤੇ ਪੈਸਾ ਲਾਉਣ ਲਈ ਪ੍ਰੇਰਿਆ ਪਰ ਕਲੀਨਾਂ ਦਾ ਜਹਾਜ਼ ਡੁੱਬ ਗਿਆ ਤੇ ਨਾਲ ਹੀ ਪੈਸਾ ਵੀ। ਪਿਤਾ ਜੀ ਦੇ ਦੋਸਤ ਕੋਲ ਵਾਪਸ ਕਰਨ ਲਈ ਪੈਸਾ ਨਹੀਂ ਸੀ। ਇਸਦੇ ਵੱਟੇ ਪਿਤਾ ਜੀ ਨੇ ਉਹਦੇ ਕੋਲੋਂ ਕਲੀਨ ਲੈ ਲਏ। ਉਹ ਕਾਫੀ ਵੱਡੀ ਰਕਮ ਸੀ। ਇਸੇ ਕਰਕੇ ਸਾਡਾ ਸਾਰਾ ਘਰ ਕਲੀਨਾਂ ਨਾਲ ਭਰ ਗਿਆ। ਉਨ੍ਹਾਂ ਦਿਨਾਂ ਵਿਚ ਜ਼ਬਾਨ ਹੀ ਹੁੰਦੀ ਸੀ, ਕੋਈ ਲਿਖਤ ਨਹੀਂ ਸੀ ਹੁੰਦੀ। ਪਿਤਾ ਜੀ ਦੇ ਉਸ ਮੁਸਲਮਾਨ ਦੋਸਤ ਨੇ ਜ਼ਬਾਨ ਦੀ ਲਾਜ ਰੱਖੀ ਸੀ। ਜਦੋਂ ਵੰਡ ਵੇਲੇ ਅਸੀਂ ਕੋਇਟਾ ਛੱਡਿਆ ਤਾਂ ਪਿਤਾ ਜੀ ਨੇ ਸਾਰਾ ਸਮਾਨ ਓਸੇ ਦੋਸਤ ਦੇ ਸਪੁਰਦ ਕੀਤਾ ਸੀ।

ਮੇਰਾ ਜਨਮ 1939 ਵਿਚ ਕੋਇਟੇ ਵਿਚ ਹੀ ਹੋਇਆ ਸੀ। ਤਦੋਂ ਮੇਰੇ ਮਾਤਾ ਪਿਤਾ ਵਡੇਰੀ ਉਮਰ ਦੇ ਹੋ ਚੁੱਕੇ ਸਨ। ਮੈਂ ਉਨ੍ਹਾਂ ਦੀ ਵੱਡੀ ਉਮਰ ਦੀ ਆਖਰੀ ਜਾਂ ਕਹਿ ਲਓ ਪੇਟ ਘਰੋੜੀ ਦੀ ਸੰਤਾਨ ਸਾਂ। ਅਸੀਂ ਚਾਰ ਭੈਣ ਭਰਾ ਸਾਂ। ਮੇਰੇ ਸਭ ਤੋਂ ਵੱਡੇ ਭਰਾ ਵਰਿਆਮ ਸਿੰਘ ਮੇਰੇ ਤੋਂ ਅਠਾਰਾਂ ਵਰ੍ਹੇ ਵੱਡੇ ਸਨ। ਅਸੀਂ ਸਾਰੇ ਉਨ੍ਹਾਂ ਨੂੰ ਭਾ ਜੀ ਕਹਿੰਦੇ ਸਾਂ। ਉਸ ਤੋਂ ਬਾਅਦ ਸੋਲਾਂ ਵਰ੍ਹੇ ਵੱਡੇ ਮੇਰੇ ਦੂਸਰੇ ਭਰਾ ਮਨਮੋਹਨ ਸਿੰਘ ਤੇ ਗਿਆਰਾਂ ਵਰ੍ਹੇ ਵੱਡੀ ਭੈਣ ਵੀਰਾਂ ਸੀ। ਜਿਸ ਵਰ੍ਹੇ ਮੈਂ ਪੈਦਾ ਹੋਈ ਉਸੇ ਵਰ੍ਹੇ ਭਾ ਜੀ ਮੈਡੀਕਲ ਦੀ ਪੜ੍ਹਾਈ ਕਰਨ ਲਾਹੌਰ ਚਲੇ ਗਏ। ਜਲਦੀ ਮੇਰੇ ਦੂਸਰੇ ਭਰਾ ਵੀ ਲਾਅ ਦੀ ਪੜ੍ਹਾਈ ਕਰਨ ਤੇ ਮੇਰੀ ਭੈਣ ਡਾਕਟਰੀ ਕਰਨ ਲਈ ਚਲੀ ਗਈ। ਇਸ ਤਰ੍ਹਾਂ ਘਰ ਵਿਚ ਮੈਂ ਹੀ ਇਕੱਲੀ ਰਹਿ ਗਈ। ਮੈਂ ਮਾਂ ਪਿਓ ਦੀ ਘਰ ਵਿਚ ਬੜੀ ਲਾਡਲੀ ਸਾਂ। ਉਂਜ ਵੀ ਕੁੜੀਆਂ ਪਿਓ ਦੀਆਂ ਲਾਡਲੀਆਂ ਹੁੰਦੀਆਂ ਨੇ।

ਜਦੋਂ ਮੈਂ ਪਿਤਾ ਜੀ ਨੂੰ ਯਾਦ ਕਰਦੀ ਹਾਂ ਤਾਂ ਉਨ੍ਹਾਂ ਦੀ ਸਫੈਦ ਦਾੜ੍ਹੀ, ਪਿਆਰ ਭਰੀ ਮੁਸਕੁਰਾਹਟ ਤੇ ਉਨ੍ਹਾਂ ਨਾਲ ਕੀਤੇ ਖੇਡ ਤਮਾਸ਼ੇ ਯਾਦ ਆ ਜਾਂਦੇ ਨੇ। ਜਦੋਂ ਉਹ ਕਾਰ ਵਿਚ ਆਉਂਦੇ ਤਾਂ ਇਕ ਖਾਸ ਤਰ੍ਹਾਂ ਦਾ ਹਾਰਨ ਵਜਾਂਦੇ। ਮੈਂ ਉਨ੍ਹਾਂ ਦੀ ਉਡੀਕ ਕਰਦੀ ਰਹਿੰਦੀ ਤੇ ਦੌੜ ਕੇ ਗੱਡੀ ਦੇ ਪਾਏਦਾਨ ’ਤੇ ਖੜ੍ਹੀ ਹੋ ਜਾਂਦੀ, ਦਰਵਾਜ਼ੇ ਨਾਲ ਲਟਕਦੀ ਹੋਈ, ਤਦੋਂ ਉਹ ਕਾਰ ਸਮੇਤ ਮੈਨੂੰ ਗੈਰਾਜ ਵਿਚ ਲੈ ਜਾਂਦੇ। ਹਰ ਦਿਨ ਅਸੀਂ ਇੰਜ ਹੀ ਕਰਦੇ।

ਮੇਰੀ ਮਾਂ ਮਧਰੀ ਪਰ ਸੋਹਣੀ ਸੀ। ਉਹਦੇ ਵਿਚ ਮਨੋਬਲ ਅੰਤਾਂ ਦਾ ਸੀ ਤੇ ਇਸੇ ਵਜ੍ਹਾ ਕਰਕੇ ਮੁਸ਼ਕਲ ਦਿਨਾਂ ਵਿਚ ਵੀ ਉਹਨੇ ਹੌਸਲਾ ਨਹੀਂ ਛੱਡਿਆ। ਜਦੋਂ ਅਸੀਂ ਕੋਇਟਾ ਛੱਡਿਆ ਤਾਂ ਇਹ ਉਹਦੀ ਦ੍ਰਿੜ ਇੱਛਾ ਸ਼ਕਤੀ ਸੀ ਜਿਸਨੇ ਸਾਰਿਆਂ ਨੂੰ ਅੱਗੇ ਜਾਣ ਦਾ ਬਲ ਦਿੱਤਾ। ਉਹਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਹਮੇਸ਼ਾ ਜ਼ਿੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਨਾਲ ਟਕਰਾਂਦੀ ਰਹੀ। ਵੰਡ ਤੋਂ ਪੈਦਾ ਹੋਏ ਹਾਲਾਤ ’ਤੇ ਉਹਨੇ ਕਦੇ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ। ਪਿਤਾ ਜੀ ਦੇ ਹਰ ਫੈਸਲੇ ਨਾਲ ਉਹ ਚਟਾਨ ਵਾਂਗ ਖਲੋ ਜਾਂਦੀ ਕਿ ਇਹ ਪਰਿਵਾਰ ਦੇ ਭਲੇ ਲਈ ਹੈ। ਉਹਨੇ ਹਮੇਸ਼ਾ ਇਹੀ ਸਿਖਾਇਆ ਕਿ ਜੇ ਪਰਿਵਾਰ ਦੇ ਲੋਕ ਇਕੱਠੇ ਹਨ ਤਾਂ ਇਹਦੇ ਵਰਗੀ ਹੋਰ ਕੋਈ ਨੇਹਮਤ ਇਸ ਦੁਨੀਆ ’ਤੇ ਨਹੀਂ। ਮੈਂ ਦੱਸ ਨਹੀਂ ਸਕਦੀ ਕਿ ਉਹਦੇ ਅੰਦਰ ਕਿੰਨਾ ਆਤਮ ਵਿਸ਼ਵਾਸ ਸੀ। ਉਹਨੂੰ ਆਪਣੇ ਆਪ ’ਤੇ ਭਰੋਸਾ ਸੀ, ਇਸੇ ਕਰਕੇ ਉਹ ਹਰ ਵਾਰ ਡਿੱਗ ਕੇ ਖੜ੍ਹੇ ਹੋਣ ਦਾ ਜਜ਼ਬਾ ਰੱਖਦੀ ਸੀ। ਬਹੁਤੀ ਵਾਰ ਅਜਿਹਾ ਹੁੰਦਾ ਕਿ ਅਸੀਂ ਨਿਰਾਸ਼ ਹੋ ਜਾਂਦੇ, ਸਭ ਕੁਝ ਗੁਆਚਣ ਦਾ ਡਰ ਲੱਗਿਆ ਰਹਿੰਦਾ। ਪਰ ਮਾਂ ਦੀ ਅਵਾਜ਼ ਸਾਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਉਤਸ਼ਾਹ ਦੇਂਦੀ। ਉਹ ਸਿਰਫ ਏਨਾ ਹੀ ਕਹਿੰਦੀ, “ਮੈਨੂੰ ਤੁਹਾਡੇ ਸਾਰਿਆਂ ’ਤੇ ਭਰੋਸਾ ਹੈ।

ਜਦੋਂ ਅਸੀਂ ਕੋਇਟਾ ਛੱਡਿਆ, ਓਦੋਂ ਬਿਲਕੁਲ ਦੰਗੇ ਨਹੀਂ ਸਨ, ਸਭ ਕੁਝ ਸ਼ਾਂਤ ਸੀ। ਪਰ ਅਸੀਂ ਵੱਡੇ ਭਾ ਜੀ ਦੇ ਕਹਿਣ ’ਤੇ ਕੋਇਟਾ ਛੱਡਿਆ ਸੀ। ਵੰਡ ਤੋਂ ਇਕ ਵਰ੍ਹਾ ਪਹਿਲਾਂ, ਜਦੋਂ ਉਹ ਲਾਹੌਰ ਵਿਚ ਆਪਣੀ ਇੰਟਰਨਸ਼ਿੱਪ ਕਰ ਰਹੇ ਸਨ ਤਦੋਂ ਹੀ ਉਨ੍ਹਾਂ ਨੇ ਅਜ਼ਾਦੀ ਅੰਦੋਲਨ ਵਿਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ ਸੀ। ਜਦੋਂ ਉਹ ਛੁੱਟੀਆਂ ਵਿਚ ਘਰ ਆਉਂਦੇ ਤਾਂ ਸਾਨੂੰ ਸਾਰਿਆਂ ਨੂੰ ਅਜ਼ਾਦੀ ਬਾਰੇ ਦੱਸਦੇ, ਵੱਡੇ ਵੱਡੇ ਬੰਦਿਆਂ ਤੇ ਲੀਡਰਾਂ ਦੇ ਭਾਸ਼ਣਾਂ ਦੇ ਅੰਸ਼ ਸੁਣਾਉਂਦੇ। ਉਹ ਆਪਣੇ ਨਾਲ ਪੈਂਫਲਿਟ ਰੱਖਦੇ ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਬੈਨ ਕੀਤਾ ਹੋਇਆ ਸੀ। ਉਹ ਉਨ੍ਹਾਂ ਨੂੰ ਲੋਕਾਂ ਵਿਚ ਵੰਡਦੇ ਤੇ ਅਜ਼ਾਦੀ ਦਾ ਜਜ਼ਬਾ ਜਗਾਉਂਦੇ।

ਜਦੋਂ ਮੈਂ ਛੋਟੀ ਸਾਂ ਤਾਂ ਅਸੀਂ ਭੈਣ ਭਰਾ ਇਕੱਠੇ ਫਿਲਮ ਦੇਖਣ ਜਾਂਦੇ। ਮੇਰਾ ਦੂਸਰਾ ਭਰਾ ਹਮੇਸ਼ਾ ਇਤਰਾਜ਼ ਕਰਦਾ ਕਿ ਮੈਨੂੰ ਨਾਲ ਕਿਉਂ ਲੈ ਕੇ ਜਾਂਦੇ ਹੋ। ਇਹ ਅਜੇ ਛੋਟੀ ਹੈ, ਨਾਲੇ ਬੜਾ ਹੌਲੀ ਹੌਲੀ ਤੁਰਦੀ ਹੈ। ਪਰ ਭਾ ਜੀ ਹਮੇਸ਼ਾ ਕਹਿੰਦੇ, ਕਿਸੇ ਨੇ ਜਾਣਾ ਹੈ ਤਾਂ ਜਾਓ, ਇਹਨੂੰ ਮੈਂ ਲੈ ਕੇ ਜਾ ਰਿਹਾ ਹਾਂ। ਜਿਉਂ ਹੀ ਸਿਨੇਮੇ ਦੀ ਬੱਤੀ ਬੰਦ ਹੁੰਦੀ ਤਾਂ ਬ੍ਰਿਟਿਸ਼ ਰਾਸ਼ਟਰ ਗਾਨ ‘ਗਾਡ ਸੇਵ ਦਾ ਕਿੰਗ’ ਵੱਜਣ ਲੱਗ ਜਾਂਦਾ ਤੇ ਸਾਰਿਆਂ ਨੂੰ ਖੜ੍ਹੇ ਹੋਣਾ ਪੈਂਦਾ। ਤਦੋਂ ਭਾ ਜੀ ਕਹਿੰਦੇ ਸਾਰੇ ਬੈਠੇ ਰਹੋ। ਤਦ ਤੱਕ ਅਜ਼ਾਦੀ ਅੰਦੋਲਨ ਦੀ ਅੱਗ ਸਾਰੇ ਪਾਸੇ ਫੈਲ ਚੁੱਕੀ ਸੀ ਤੇ ਉਨ੍ਹਾਂ ਨੇ ਵਿਰੋਧ ਕਰਨ ਲਈ ਇਹ ਤਰੀਕਾ ਅਪਨਾਇਆ ਸੀ। ਸਾਨੂੰ ਬੈਠਿਆਂ ਦੇਖ ਕਿ ਗੋਰਖਾ ਲਾਠੀ ਲੈ ਕੇ ਆ ਜਾਂਦਾ ਤੇ ਕਹਿੰਦਾ ਕਿ ਖੜ੍ਹੇ ਹੋ ਕੇ ਕਰਾਊਨ ਨੂੰ ਇੱਜ਼ਤ ਦਿਓ।

ਤਦੋਂ ਸ਼ਰਾਰਤ ਨਾਲ ਭਾ ਜੀ ਕਹਿੰਦੇ, ਭੱਜੋ ਭੱਜੋ। ਤੇ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਚਾਰੋਂ ਥੀਏਟਰ ਤੋਂ ਬਾਹਰ ਭੱਜ ਜਾਂਦੇ। ਮੈਂ ਛੋਟੀ ਸਾਂ ਇਸ ਲਈ ਭਾ ਜੀ ਮੈਨੂੰ ਮੋਢਿਆਂ ’ਤੇ ਚੁੱਕ ਲੈਂਦੇ। ਇਹ ਸਿਰਫ ਕਰਾਊਨ ਦਾ ਵਿਰੋਧ ਹੀ ਨਹੀਂ ਸਗੋਂ ਇੱਕ ਰਾਸ਼ਟਰਵਾਦੀ ਹੋਣ ਲਈ ਕੀਤਾ ਗਿਆ ਕੰਮ ਹੁੰਦਾ ਸੀ। ਜਦੋਂ ਛੁੱਟੀਆਂ ਵਿਚ ਭਾ ਜੀ ਕੋਇਟੇ ਆਉਂਦੇ ਤੇ ਤਦੋਂ ਮੇਰੇ ਕੋਲ ਨਿੱਕੀ ਜਿਹੀ ਸਾਈਕਲ ਸੀ ਜਿਸ ’ਤੇ ਇੰਗਲੈਂਡ ਦਾ ਝੰਡਾ ਲੱਗਾ ਹੋਇਆ ਸੀ। ਉਦੋਂ ਸਾਰੇ ਸਾਈਕਲਾਂ ’ਤੇ ਲੱਗਾ ਹੁੰਦਾ ਸੀ। ਇਕ ਦਿਨ ਉਨ੍ਹਾਂ ਨੇ ਪਾੜ ਕੇ ਸੁੱਟ ਦਿੱਤਾ ਤੇ ਕਿਹਾ, ਇਹਨੂੰ ਮੁੜ ਕੇ ਨਹੀਂ ਲਾਉਣਾ। ਫਿਰ ਮੈਂ ਕਦੇ ਨਹੀਂ ਲਾਇਆ। ਮੈਂ ਉਨ੍ਹਾਂ ਅੰਦਰ ਅੱਗ ਦੇਖੀ ਸੀ ਪਰ ਉਦੋਂ ਮੈਂ ਏਨੀ ਛੋਟੀ ਸਾਂ ਕਿ ਮੇਰੀ ਸਮਝ ਵਿਚ ਕੁਝ ਵੀ ਨਹੀਂ ਸੀ ਆਉਂਦਾ।

ਦੂਸਰੀ ਸੰਸਾਰ ਜੰਗ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਬ੍ਰਿਟਿਸ਼ ਲੋਕ ਉੱਥੋਂ ਵਾਪਸ ਇੰਗਲੈਂਡ ਚਲੇ ਗਏ। ਉਹ ਆਪਣਾ ਸਾਰਾ ਸਮਾਨ ਜਾਂਦੇ ਹੋਏ ਵੇਚ ਗਏ। ਉਦੋਂ ਪਿਤਾ ਜੀ ਨੇ ਉਨ੍ਹਾਂ ਕੋਲੋਂ ਬੜੀਆਂ ਖੂਬਸੂਰਤ ਪੇਂਟਿੰਗਜ਼ ਖਰੀਦੀਆਂ ਸਨ, ਜਿਨ੍ਹਾਂ ਵਿਚ ਘੋੜਾ ਗੱਡੀ ਕੋਲ ਖੜ੍ਹੀਆਂ ਔਰਤਾਂ ਤੇ ਬਹੁਤ ਸਾਰੇ ਇੰਗਲੈਂਡ ਦੇ ਸੀਨਾਂ ਦੀਆਂ ਸਨ ਜੋ ਉਨ੍ਹਾਂ ਨੇ ਆਪਣੇ ਲਿਵਿੰਗ ਰੂਮ ਦੀਆਂ ਕੰਧਾਂ ’ਤੇ ਟੰਗੀਆਂ ਹੋਈਆਂ ਸਨ। ਇਕ ਵਾਰ ਭਾ ਜੀ ਆਏ ਤੇ ਉਨ੍ਹਾਂ ਨੇ ਉਹ ਸਾਰੀਆਂ ਪੈਂਟਿੰਗਜ਼ ਉਤਾਰ ਕੇ ਉਨ੍ਹਾਂ ਦੀ ਥਾਂ ਰਵਿੰਦਰ ਨਾਥ ਟੈਗੋਰ ਤੇ ਗਾਂਧੀ ਜੀ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲਾ ਦਿੱਤੀਆਂ।

ਇਹ ਉਨ੍ਹਾਂ ਦਾ ਮਨ ਪਸੰਦ ਕਮਰਾ ਸੀ। ਇਸ ਵਿਚ ਕਲੀਨ ’ਤੇ ਲੇਟ ਕੇ ਉਹ ਅੱਗ ਨਾਲ ਪਿੱਠ ਸੇਕਦੇ। ਉਨ੍ਹਾਂ ਦੇ ਆਸੇ ਪਾਸੇ ਢੇਰਾਂ ਦੇ ਢੇਰ ਕਿਤਾਬਾਂ ਹੁੰਦੀਆਂ। ਜਦੋਂ ਮੈਂ ਵੱਡੀ ਹੋਈ ਤਾਂ ਸਮਝ ਆਈ ਕਿ ਸਿਨੇਮੇ ਵਿਚ ਗਾਣ ਵੇਲੇ ਖੜ੍ਹੇ ਨਾ ਹੋਣਾ, ਸਾਈਕਲ ਤੋਂ ਝੰਡਾ ਲਾਹ ਕੇ ਪਾੜ ਦੇਣਾ, ਪੈਂਫਲਿਟ ਵੰਡਣੇ ਅਜ਼ਾਦੀ ਲਈ ਉਨ੍ਹਾਂ ਦੇ ਜਜ਼ਬੇ ਦਾ ਹਿੱਸਾ ਸੀ। ਉਹ ਖ਼ੁਦ ਕਿਸੇ ਵੱਡੀ ਚੀਜ਼ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ ਤਾਂ ਜੋ ਅਜ਼ਾਦੀ ਅੰਦੋਲਨ ਦਾ ਹਿੱਸਾ ਬਣ ਸਕਣ।

ਜਦੋਂ ਦੰਗੇ ਸ਼ੁਰੂ ਹੋਏ ਤਾਂ ਭਾ ਜੀ ਲਾਹੌਰ ਦੇ ਹਸਪਤਾਲ ਵਿਚ ਸਰਜਨ ਸਨ। ਉਦੋਂ ਅਜੇ ਕੋਇਟੇ ਵਿਚ ਦੰਗੇ ਨਹੀਂ ਸਨ ਫੈਲੇ। ਜਦੋਂ ਉਹ ਹਫਤੇ ਦੀ ਛੁੱਟੀ ਲੈ ਕੇ ਸਾਨੂੰ ਲੈਣ ਆਏ ਉਦੋਂ ਲਾਹੌਰ ਵਿਚ ਹਾਲਾਤ ਬੜੇ ਖਰਾਬ ਹੋ ਚੁੱਕੇ ਸਨ। ਉਨ੍ਹਾਂ ਨੂੰ ਯਕੀਨ ਸੀ ਕਿ ਜਲਦੀ ਹੀ ਕੋਇਟੇ ਵਿੱਚ ਵੀ ਹਾਲਾਤ ਖਰਾਬ ਹੋ ਜਾਣਗੇ। ਹਾਲਾਂਕਿ ਪਿਤਾ ਜੀ ਨੂੰ ਲੱਗ ਰਿਹਾ ਸੀ ਕਿ ਭਾ ਜੀ ਬਿਨਾ ਵਜ੍ਹਾ ਚਿੰਤਾ ਕਰ ਰਹੇ ਨੇ। ਪਰ ਭਾ ਜੀ ਨੇ ਮਨ ਬਣਾ ਲਿਆ ਸੀ ਕਿ ਉਹ ਹੁਣ ਸਾਨੂੰ ਕੋਇਟੇ ਨਹੀਂ ਰਹਿਣ ਦੇਣਗੇ ਤੇ ਇੱਥੋਂ ਲੈ ਜਾਣਗੇ। ਉਨ੍ਹਾਂ ਨਾਲ ਕੋਈ ਬਹਿਸ ਕਰਨੀ ਫਜ਼ੂਲ ਸੀ। ਉਨ੍ਹਾਂ ਨੇ ਉੱਥੇ ਮਸੂਰੀ ਵਿਚ ਜਾ ਕੇ ਸਾਡੇ ਰਹਿਣ ਦਾ ਇੰਤਜ਼ਾਮ ਵੀ ਕਰ ਦਿੱਤਾ ਸੀ। ਉਦੋਂ ਸਾਨੂੰ ਪਤਾ ਹੀ ਨਹੀਂ ਸੀ ਕਿ ਮਸੂਰੀ ਹੈ ਕਿੱਥੇ। ਉਨ੍ਹਾਂ ਨੇ ਕਿਵੇਂ ਓਥੇ ਪ੍ਰਬੰਧ ਕੀਤਾ ਤੇ ਉਹੀ ਥਾਂ ਕਿਉਂ ਚੁਣੀ, ਇਹਦਾ ਮੈਨੂੰ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਪਰ ਉਹ ਸਾਡੇ ਕੋਇਟਾ ਛੱਡਣ ਲਈ ਅੜੇ ਹੋਏ ਸਨ। ਫਿਰ ਸਭ ਕੁਝ ਏਨੀ ਤੇਜ਼ੀ ਨਾਲ ਹੋਇਆ ਕਿ ਸੋਚਣ ਦਾ ਸਮਾਂ ਹੀ ਨਹੀਂ ਮਿਲਿਆ। ਸਾਰਿਆਂ ਨੇ ਸਮਾਨ ਬੰਨ੍ਹਿਆ ਤੇ ਜਾ ਕੇ ਟ੍ਰੇਨ ਵਿਚ ਬਹਿ ਗਏ।

ਉਦੋਂ 1947 ਦੀਆਂ ਗਰਮੀਆਂ ਦੀ ਸ਼ੁਰੂਆਤ ਸੀ। ਸ਼ਾਇਦ ਅਗਸਤ ਦਾ ਮਹੀਨਾ ਸੀ। ਮੇਰਾ ਦੂਸਰਾ ਭਰਾ ਵੀ ਨਾਲ ਸੀ ਜਦੋਂ ਅਸੀਂ ਕੋਇਟਾ ਛੱਡਿਆ। ਸੱਚ ਵਿਚ ਅਸੀਂ ਅਜਿਹਾ ਸੋਚ ਰਹੇ ਸਾਂ ਜਿਵੇਂ ਕਿਸੇ ਪਹਾੜ ’ਤੇ ਛੁੱਟੀਆਂ ਮਨਾਉਣ ਜਾ ਰਹੇ ਹੋਈਏ ਤੇ ਦੰਗਿਆਂ ਦੇ ਖਤਮ ਹੋਣ ਤੋਂ ਬਾਅਦ ਵਾਪਸ ਆ ਜਾਣਾ ਹੋਵੇ। ਇਸ ਲਈ ਨਾਲ ਕੋਈ ਸਮਾਨ ਵੀ ਨਹੀਂ ਸੀ ਚੁੱਕਿਆ।

ਸੱਚ ਕਹਾਂ ਤਾਂ ਉਦੋਂ ਲਗਦਾ ਹੀ ਨਹੀਂ ਸੀ ਕਿ ਦੇਸ਼ ਦੀ ਵੰਡ ਹੋ ਜਾਏਗੀ। ਦੂਰੋਂ ਇਹ ਸਿਰਫ ਸੰਪਰਦਾਇਕ ਦੰਗੇ ਹੀ ਲਗਦੇ ਸਨ ਤੇ ਕਿਸੇ ਨੂੰ ਉਮੀਦ ਵੀ ਨਹੀਂ ਸੀ ਕਿ ਅੱਗੇ ਜਾ ਕੇ ਇਹ ਇੰਨੇ ਭਿਆਨਕ ਹੋ ਜਾਣਗੇ ਤੇ ਸਾਡੀਆਂ ਇੰਨੇ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦੇਣਗੇ। ਨਿੱਜੀ ਤੌਰ ’ਤੇ ਇਹ ਸਾਰਾ ਕੁਝ ਠੀਕ ਨਹੀਂ ਸੀ ਲੱਗ ਰਿਹਾ। ਸਾਰੇ ਹਿੰਦੂ, ਮੁਸਲਮਾਨ, ਸਿੱਖ ਉਨ੍ਹਾਂ ਦਿਨਾਂ ਵਿਚ ਅਮਨ ਅਮਾਨ ਨਾਲ ਰਹਿ ਰਹੇ ਸਨ। ਆਖਰ ਬਦਲ ਕੀ ਗਿਆ ਸੀ? ਸਾਰਾ ਕੁਝ ਸਚਾਈ ਤੋਂ ਪਰ੍ਹੇ ਦਿਸਦਾ ਸੀ। ਪਹਿਲਾਂ ਪਹਿਲ ਤਾਂ ਕਿਸੇ ਨੂੰ ਯਕੀਨ ਨਹੀਂ ਆਇਆ ਫਿਰ ਜਿਵੇਂ ਜਿਵੇਂ ਹਾਦਸੇ ਦਰ ਹਾਦਸੇ ਵਧਣ ਲੱਗੇ ਤਾਂ ਸਾਨੂੰ ਯਕੀਨ ਹੋਇਆ ਕਿ ਇਹ ਸਭ ਸੱਚ ਹੈ।

ਪਾਪਾ ਜੀ ਤੇ ਭਾ ਜੀ ਨੂੰ ਛੱਡ ਕੇ ਅਸੀਂ ਸਾਰੇ ਪਹਿਲਾਂ ਪੰਜਾਬ ਵਿਚ ਖੰਨੇ ਪਹੁੰਚੇ ਤੇ ਓਥੋਂ ਮਸੂਰੀ ਗਏ। ਪਿਤਾ ਜੀ ਨਾਲ ਨਹੀਂ ਸਨ ਆਏ ਤੇ ਅਸੀਂ ਸੋਚਦੇ ਸਾਂ ਇਹ ਕੁਝ ਦਿਨਾਂ ਦੀ ਹੀ ਤਾਂ ਗੱਲ ਹੈ, ਜਲਦੀ ਵਾਪਸ ਪਰਤ ਜਾਵਾਂਗੇ। ਖੰਨੇ ਅਸੀਂ ਤਾਇਆ ਜੀ ਕੋਲ ਠਹਿਰੇ ਸਾਂ। ਇਹ ਇਕ ਵੱਡੀ ਅਨਾਜ ਮੰਡੀ ਵਾਲਾ ਸ਼ਹਿਰ ਹੈ। ਰੇਲਵੇ ਸਟੇਸ਼ਨ ’ਤੇ ਅਨਾਜ, ਸਬਜ਼ੀਆਂ, ਫਲਾਂ ਦੀਆਂ ਟ੍ਰੇਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ।

ਸਾਡੇ ਤਾਇਆ ਜੀ ਦੇ ਘਰ ਦੀ ਛੱਤ ਤੋਂ ਸਟੇਸ਼ਨ ਦਿਸਦਾ ਸੀ। ਇਕ ਦਿਨ ਅਸੀਂ ਦੇਖਿਆ ਇਕ ਟ੍ਰੇਨ ਸਬਜ਼ੀਆਂ, ਫਲਾਂ ਦੀ ਥਾਂ ਲਾਸ਼ਾਂ ਨਾਲ ਭਰੀ ਆਈ। ਇਹ ਪਾਕਿਸਤਾਨ ਵਿਚ ਸਾਡੇ ਛੱਡੇ ਹੋਏ ਇਲਾਕਿਆਂ, ਘਰਾਂ ਤੋਂ ਆਈ ਸੀ। ਜਿਨ੍ਹਾਂ ਨੇ ਉਹ ਟ੍ਰੇਨ ਇੱਧਰ ਆਉਣ ਲਈ ਫੜੀ ਸੀ, ਉਨ੍ਹਾਂ ਸਾਰਿਆਂ ਨੂੰ ਰਸਤੇ ਵਿਚ ਕਤਲ ਕਰ ਦਿੱਤਾ ਗਿਆ ਸੀ ਤੇ ਇੰਡੀਆ ਸਾਰੇ ਮਰੇ ਹੋਏ ਪਹੁੰਚੇ ਸਨ। ਮੈਨੂੰ ਅੱਜ ਵੀ ਯਾਦ ਹੈ ਕਿਵੇਂ ਡੱਬਿਆਂ ਵਿੱਚੋਂ ਲਾਸ਼ਾਂ ਕੱਢ ਕੱਢ ਕੇ ਪਲੇਟਫਾਰਮ ’ਤੇ ਰੱਖੀਆਂ ਗਈਆਂ ਸਨ। ਉਨ੍ਹਾਂ ਦੀ ਬਦਬੂ, ਉਨ੍ਹਾਂ ਦੇ ਸੜਦੇ ਮਾਸ ਦੀ ਦੁਰਗੰਧ ਚਾਰੇ ਪਾਸੇ ਫੈਲ ਗਈ ਸੀ। ਬਲਦੇ ਸਿਵਿਆਂ ਵਿੱਚੋਂ ਧੂੰਏਂ ਦੇ ਕਾਲੇ ਬੱਦਲ ਉਠ ਰਹੇ ਸਨ ਜਿਨ੍ਹਾਂ ਨੇ ਸਾਰੇ ਸ਼ਹਿਰ ਨੂੰ ਘੇਰ ਲਿਆ ਸੀ। ਹਰ ਡੱਬੇ ਵਿਚ ਲਗਦਾ ਸੀ ਜਿਵੇਂ ਖੂਨ ਦੀਆਂ ਨਦੀਆਂ ਵਹਿ ਰਹੀਆਂ ਹੋਣ। ਹਰ ਡੱਬੇ ਨੂੰ ਸਟੇਸ਼ਨ ਮਾਸਟਰ ਨੇ ਧੁਆਇਆ। ਸਾਰੀਆਂ ਪਟੜੀਆਂ ਲਹੂ ਮਿਲੇ ਪਾਣੀ ਨਾਲ ਭਰ ਗਈਆਂ। ਫਿਰ ਉਨ੍ਹਾਂ ਨੂੰ ਧੁਆਇਆ ਗਿਆ। ਇਹ ਸਾਰੇ ਦ੍ਰਿਸ਼ ਮੇਰੀ ਯਾਦ ਵਿਚ ਨਸੂਰਾਂ ਵਾਂਗ ਪਏ ਹਨ।

ਮੈਨੂੰ ਨਫਰਤ ਹੋ ਗਈ ਸੀ। ਪਹਿਲੀ ਵਾਰ ਮੈਨੂੰ ਸਮਝ ਆਇਆ ਕਿ ਇਹ ਦੰਗੇ ਅਸਲੀ ਸਨ। ਦੇਸ਼ ਦੀ ਵੰਡ ਹੋ ਰਹੀ ਸੀ। ਉਸ ਸਮੇਂ ਇਕ ਬੱਚੀ ਹੁੰਦਿਆਂ ਵੀ ਮੈਂ ਸ਼ੁਕਰਗੁਜ਼ਾਰ ਸਾਂ ਭਾ ਜੀ ਦੀ, ਜਿਨ੍ਹਾਂ ਨੇ ਸਮੇਂ ਸਿਰ ਸਾਨੂੰ ਕੋਟਿਓਂ ਕੱਢ ਲਿਆਂਦਾ ਸੀ।

ਪਿਤਾ ਜੀ ਅਜੇ ਕੋਇਟੇ ਹੀ ਸਨ। ਉਹ ਆਪਣੀਆਂ ਜ਼ਮੀਨਾਂ ਤੇ ਦੁਕਾਨਾਂ ਵੇਚਣ ਦੇ ਸਿਲਸਿਲੇ ਵਿਚ ਉੱਥੇ ਰੁਕੇ ਹੋਏ ਸਨ। ਉੱਥੋਂ ਉਹ ਕਰਾਚੀ ਗਏ ਤੇ ਫਿਰ ਫਲਾਈਟ ਲੈ ਕੇ ਦਿੱਲੀ ਪਹੁੰਚੇ। ਹਾਲਾਂਕਿ ਉਨ੍ਹਾਂ ਦਿਨਾਂ ਵਿਚ ਹਵਾਈ ਸਫਰ ਬਹੁਤ ਘੱਟ ਹੁੰਦਾ ਸੀ ਪਰ ਉਨ੍ਹਾਂ ਨੇ ਪੈਸੇ ਨਾਲ ਇਹਦਾ ਪ੍ਰਬੰਧ ਕਰ ਲਿਆ ਸੀ। ਸਾਡੇ ਇੰਡੀਆ ਪਹੁੰਚਣ ਵੇਲੇ ਭਾ ਜੀ ਵਾਪਸ ਲਾਹੌਰ ਚਲੇ ਗਏ ਸਨ, ਆਪਣੇ ਮਰੀਜ਼ਾਂ ਦੀ ਦੇਖ ਭਾਲ ਕਰਨ। ਉਦੋਂ ਤੱਕ ਹਾਲਾਤ ਹੋਰ ਵਿਗੜ ਗਏ ਸਨ। ਪੂਰੇ ਲਾਹੌਰ ਵਿਚ ਦੰਗਈਆਂ ਦਾ ਰਾਜ ਸੀ। ਦੰਗਿਆਂ ਕਰਕੇ ਪੂਰਾ ਦੇਸ਼ ਸੁਲਗ ਰਿਹਾ ਸੀ। ਭਾ ਜੀ ਓਦੋਂ ਸੇਂਟ ਜਾਰਜ ਹਸਪਤਾਲ ਵਿਚ ਕੰਮ ਕਰਦੇ ਸਨ। ਉਹ ਚਾਹ ਕੇ ਵੀ ਸਾਡੇ ਕੋਲ ਮਸੂਰੀ ਨਹੀਂ ਸਨ ਆ ਸਕੇ। ਉਹ ਆਪਣੀ ਡਿਊਟੀ ਛੱਡ ਕੇ ਨਹੀਂ ਸਨ ਜਾ ਸਕਦੇ। ਉਨ੍ਹਾਂ ਦੀ ਦੇਖ ਰੇਖ ਵਿਚ ਚੌਦਾਂ ਹਿੰਦੂ ਸਿੱਖ ਮਰੀਜ਼ ਸਨ ਜੋ ਉੱਥੋਂ ਆਪਣੇ ਆਪ ਨਿਕਲ ਕੇ ਨਹੀਂ ਸਨ ਜਾ ਸਕਦੇ। ਇਸ ਲੋੜ ਸਮੇਂ ਉਨ੍ਹਾਂ ਨੇ ਮਰੀਜ਼ਾਂ ਨੂੰ ਛੱਡ ਕੇ ਨਾ ਜਾਣ ਦਾ ਫੈਸਲਾ ਕੀਤਾ।

ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਇਕ ਨਜ਼ਦੀਕੀ ਦੋਸਤ ਸੈਫੀ ਸੀ। ਜਦੋਂ ਮੁਸਲਮਾਨਾਂ ਨੂੰ ਪਤਾ ਲੱਗਿਆ ਕਿ ਇਕ ਹਿੰਦੂ ਡਾਕਟਰ ਦੀ ਦੇਖ ਰੇਖ ਵਿਚ ਇੰਨੇ ਹਿੰਦੂ, ਸਿੱਖ ਮਰੀਜ਼ ਹਨ ਤਾਂ ਉਹ ਉਨ੍ਹਾਂ ਨੂੰ ਲੈਣ ਲਈ ਆ ਧਮਕੇ। ਉਸ ਸਮੇਂ ਸੈਫੀ ਦੀ ਮਾਂ ਨੇ ਉਨ੍ਹਾਂ ਨੂੰ ਲੁਕਾਇਆ ਤੇ ਕਿਹਾ ਕਿ ਮੈਂ ਇਕ ਮੁਸਲਮਾਨ ਮਾਂ ਹਾਂ ਜੇ ਤੁਸੀਂ ਉਨ੍ਹਾਂ ਨੂੰ ਲਿਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਮੇਰੀ ਲਾਸ਼ ਤੋਂ ਗੁਜ਼ਰਨਾ ਪਏਗਾ। ਇਸ ਤਰ੍ਹਾਂ ਭਾ ਜੀ ਨੇ ਉਨ੍ਹਾਂ ਮਰੀਜ਼ਾਂ ਦੀ ਜ਼ਿੰਦਗੀ ਬਚਾਈ। ਉਨ੍ਹਾਂ ਦੀ ਮਦਦ ਨਾਲ ਹੀ ਭਾ ਜੀ ਨੇ ਕਿਸੇ ਤਰ੍ਹਾਂ ਇਕ ਟਰੱਕ ਦਾ ਪ੍ਰਬੰਧ ਕੀਤਾ ਤੇ ਆਪਣੇ ਮਰੀਜ਼ਾਂ ਨੂੰ ਲੈ ਕੇ ਸਰਹੱਦ ਪਾਰ ਅੰਮ੍ਰਿਤਸਰ ਪਹੁੰਚੇ।

ਮੈਨੂੰ ਲਗਦਾ ਹੈ ਕਿ ਰਿਸ਼ਵਤ ਦੇ ਕੇ ਉਹ ਸਰਹੱਦ ਪਾਰ ਆਏ ਸਨ, ਕਿਉਂਕਿ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਦੀ ਜੇਬ ਵਿਚ ਸਿਰਫ ਪੰਜ ਰੁਪਏ ਸਨ। ਉਨ੍ਹਾਂ ਕੋਲ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ। ਮੈਡੀਕਲ ਕਾਲਜ ਮਰੀਜ਼ਾਂ ਨੂੰ ਪਹੁੰਚਾ ਕੇ ਉਹ ਪੈਦਲ ਚਲਦੇ ਹੋਏ ਕਰਿਸਟਲ ਰੈਸਟੋਰੈਂਟ ਪਹੁੰਚੇ ਤੇ ਅੱਧੀ ਰਾਤ ਨੂੰ ਦਰਵਾਜਾ ਖੜਕਾ ਦਿੱਤਾ। ਮਾਲਕ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਉਹਨੂੰ ਆਪਣੀ ਸਾਰੀ ਦਾਸਤਾਨ ਸੁਣਾਈ ਕਿ ਕਿਵੇਂ ਉਹ ਮਰੀਜ਼ਾਂ ਨੂੰ ਲੈ ਕੇ ਸਰਹੱਦ ਪਾਰ ਕਰਕੇ ਆਏ ਹਨ। ਨਾ ਉਨ੍ਹਾਂ ਕੋਲ ਖਾਣਾ ਹੈ, ਨਾ ਹੀ ਕੋਈ ਸਾਧਨ। ਨਾ ਪੈਸਾ ਟਕਾ ਕਿ ਉਹ ਮਸੂਰੀ ਆਪਣੇ ਪਰਿਵਾਰ ਕੋਲ ਪਹੁੰਚ ਸਕਣ। ਮਾਲਕ ਚੰਗਾ ਆਦਮੀ ਸੀ ਉਹਨੇ ਉਨ੍ਹਾਂ ਨੂੰ ਖਾਣਾ ਖੁਆਇਆ, ਸੌਣ ਲਈ ਥਾਂ ਦਿੱਤੀ ਤੇ ਪੈਸੇ ਵੀ ਦਿੱਤੇ ਕਿ ਉਹ ਟਿਕਾਣੇ ਪਹੁੰਚ ਸਕਣ।

ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਮਸੂਰੀ ਹਾਂ। ਲਾਹੌਰ ਤੋਂ ਮਸੂਰੀ ਪਹੁੰਚਣ ’ਤੇ ਉਨ੍ਹਾਂ ਨੂੰ ਕਈ ਹਫਤੇ ਲੱਗ ਗਏ। ਸਾਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਹਨ ਤੇ ਕਿਸ ਹਾਲ ਵਿਚ ਹਨ। ਨਾ ਹੀ ਰੇਡੀਓ ਬਾਰਡਰ ਪਾਰ ਦੀ ਕੋਈ ਖਬਰ ਦੇ ਰਿਹਾ ਸੀ। ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਜਿਊਂਦੇ ਵੀ ਹਨ ਕਿ ਨਹੀਂ। ਅਸੀਂ ਬਸ ਉਨ੍ਹਾਂ ਦੀ ਉਡੀਕ ਕਰ ਰਹੇ ਸਾਂ। ਮੇਰੇ ਪਿਤਾ ਜੀ ਹਰ ਰੋਜ਼ ਪੋਸਟ ਆਫਿਸ ਜਾ ਕੇ ਸੈਫੀ ਦੀ ਮਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਪਰ ਕਾਲ ਮਿਲਦੀ ਹੀ ਨਹੀਂ ਸੀ। ਹਰ ਦਿਨ ਪਿਤਾ ਜੀ ਨਿਰਾਸ਼ ਹੋ ਕੇ ਵਾਪਸ ਆ ਜਾਂਦੇ। ਰੋਣ ਨਾਲ ਉਨ੍ਹਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ।

ਖਾਮੋਸ਼ੀ ਉਨ੍ਹਾਂ ਨੂੰ ਅੰਦਰੇ ਅੰਦਰ ਖਾਈ ਜਾ ਰਹੀ ਸੀ। ਭਾ ਜੀ ਉਨ੍ਹਾਂ ਲਈ ਸਭ ਕੁਝ ਸਨ। ਸ਼ਾਇਦ ਇਸੇ ਆਸ ਨੇ ਉਨ੍ਹਾਂ ਨੂੰ ਜਿੰਦਾ ਰੱਖਿਆ ਸੀ। ਅਖੀਰ ਸਤੰਬਰ 1947 ਨੂੰ ਉਨ੍ਹਾਂ ਸਾਨੂੰ ਲੱਭ ਲਿਆ। ਸਾਡਾ ਘਰ ਇਕ ਛੋਟੀ ਜਿਹੀ ਪਹਾੜੀ ’ਤੇ ਸੀ। ਮੈਂ ਘਰ ਦੇ ਬਾਹਰ ਖੇਡ ਰਹੀ ਸਾਂ ਜਦੋਂ ਮੇਰੀ ਗੇਂਦ ਰਿੜ੍ਹ ਕੇ ਢਲਾਨ ਵੱਲ ਲੁੜ੍ਹਕ ਗਈ। ਮੈਂ ਉਹਦੇ ਪਿੱਛੇ ਪਿੱਛੇ ਭੱਜੀ ਤਾਂ ਦੇਖਿਆ ਸੜਕ ’ਤੇ ਭਾ ਜੀ ਖੜ੍ਹੇ ਸਨ। ਉਨ੍ਹਾਂ ਨੂੰ ਖੜ੍ਹੇ ਦੇਖ ਕੇ ਮੈਂ ਓਥੇ ਹੀ ਜੜ੍ਹ ਹੋ ਗਈ। ਉਹ ਸਾਨੂੰ ਲੱਭ ਰਹੇ ਸਨ। ਮੈਂ ਚੀਕਦੀ ਹੋਈ ਘਰ ਵੱਲ ਦੌੜੀ ਭਾ ਜੀ ਆ ਗਏ, ਭਾ ਜੀ ਆ ਗਏ।

ਆਉਣ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਲਾਹੌਰ ਵਿਚ ਉਨ੍ਹਾਂ ਨਾਲ ਕੀ ਕੁਝ ਵਾਪਰਿਆ ਸੀ। ਹਿੰਸਾ, ਅੱਗਾਂ, ਦੰਗੇ, ਉਨ੍ਹਾਂ ਦੇ ਚੌਦਾਂ ਮਰੀਜ਼, ਅੰਮ੍ਰਿਤਸਰ ਕਰਿਸਟਲ ਰੈਸਟੋਰੈਂਟ ਦਾ ਮਾਲਕ ਤੇ ਮਸੂਰੀ ਤੱਕ ਉਨ੍ਹਾਂ ਦੀ ਯਾਤਰਾ। ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਕਿਹੋ ਜਿਹੀ ਹਿੰਸਾ ਦੇਖਣੀ ਪਈ। ਸਾਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਦੇਸ਼ ਵੰਡਿਆ ਗਿਆ ਹੈ। ਇੰਜ ਕਿਵੇਂ ਹੋ ਸਕਦਾ ਹੈ। ਅਸੀਂ ਸੁਪਨੇ ਵਿਚ ਵੀ ਕਦੇ ਨਹੀਂ ਸਾਂ ਸੋਚ ਸਕਦੇ। ਇਸ ਸੰਪਰਦਾਇਕ ਅੰਨ੍ਹੀ ਹਨੇਰੀ ਵਿਚ ਵੀ ਇਹ ਤਸੱਲੀ ਸੀ ਕਿ ਸੈਫੀ ਤੇ ਉਹਦੀ ਮਾਂ ਵਰਗੀਆਂ ਇਨਸਾਨੀਅਤ ਦੀਆਂ ਪਹਿਰੇਦਾਰ ਅਜੇ ਵੀ ਸਨ।

ਦੁੱਖ ਤਾਂ ਸਿਰਫ ਇਸ ਗੱਲ ਦਾ ਸੀ ਕਿ ਇਸ ਜਨਮ ਅਸੀਂ ਵਾਪਸ ਆਪਣੇ ਮੁਹੱਲੇ, ਘਰ, ਸ਼ਹਿਰ ਕੋਇਟੇ ਨਹੀਂ ਸਾਂ ਜਾ ਸਕਦੇ। ਇਸ ਸਭ ਦੌਰਾਨ ਭਾ ਜੀ ਖ਼ੁਸ਼ ਸਨ ਕਿ ਇੰਡੀਆ ਅਜ਼ਾਦ ਹੋ ਗਿਆ ਸੀ ਪਰ ਇਹ ਕਿਹੋ ਜਿਹੀ ਅਜ਼ਾਦੀ ਸੀ ਜੋ ਆਪਣੇ ਘਰ ਘਾਟ ਗੁਆ ਕੇ ਮਿਲੀ। ਵਤਨ ਵਿਛੋੜਾ ਸਾਡੇ ਅੰਦਰ ਰਿਸਦੇ ਨਸੂਰ ਵਾਂਗ ਹੈ ਜੋ ਇੰਡੀਆ ਤੋਂ ਲੈ ਕੇ ਕੋਇਟੇ ਤੱਕ ਵਗ ਰਿਹਾ ਹੈ ...।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2950)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author