ParamjitSDhingra7ਜਦੋਂ ਅਸੀਂ ਆਪਣੀ ਜ਼ਬਾਨ ਛੱਡ ਕੇ ਕਿਸੇ ਦੂਜੀ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ...
(24 ਫਰਵਰੀ 2019)

 

ਮਨੁੱਖੀ ਇਤਿਹਾਸ ਵਿੱਚ ਉਹ ਦਿਨ ਕਿੱਡਾ ਸੁਭਾਗਾ ਹੋਵੇਗਾ ਜਿਸ ਦਿਨ ਦੁਨੀਆ ’ਤੇ ਪਹਿਲੇ ਬੰਦੇ ਨੇ ‘ਮਾਂ’ ਲਫ਼ਜ਼ ਉਚਾਰਿਆ ਹੋਵੇਗਾ। ਬੰਦੇ ਦੀ ਸਭ ਤੋਂ ਨੇੜਲੀ ਸਕੀਰੀ ਮਾਂ ਨਾਲ ਹੈ। ਅਸਲ ਵਿੱਚ ਉਹ ਮਾਂ ਦਾ ਹੀ ਇੱਕ ਅੰਗ ਹੈ। ਮਾਂ ਆਪਣੇ ਖੂਨ ਨਾਲ ਉਹਦੀ ਰਚਨਾ ਕਰਦੀ ਹੈ ਤੇ ਦੁੱਧ ਨਾਲ ਪਾਲ ਪੋਸ ਕੇ ਉਹਨੂੰ ਬੋਲਣਾ ਸਿਖਾਉਂਦੀ ਹੈ। ਮਾਂ ਨਾਲ ਇੱਡੀ ਗੂੜ੍ਹੀ ਨਾਤੇਦਾਰੀ ਕਰਕੇ ਹੀ ਮਨੁੱਖ ਨੇ ਬੋਲੀ ਨਾਲ ਮਾਂ ਦਾ ਰਿਸ਼ਤਾ ਜੋੜਿਆ। ਜੇ ਇੱਕ ਮਾਂ ਜਨਮ ਦੇ ਕੇ ਮਨੁੱਖ ਨੂੰ ਧਰਤੀ ’ਤੇ ਲਿਆਂਦੀ ਹੈ ਤਾਂ ਦੂਜੀ ਮਾਂ ਉਹਨੂੰ ਜ਼ਿੰਦਗੀ ਜਿਊਣ ਦੇ ਅਰਥ ਦੱਸਦੀ ਹੈ। ਆਲੇ ਦੁਆਲੇ ਨੂੰ ਸਮਝਣ ਵਿੱਚ ਉਹਦੀ ਮਦਦ ਕਰਦੀ ਹੈ। ਸੱਚਮੁੱਚ ਜੇ ਕਿਸੇ ਕੋਲੋਂ ਉਹਦੀ ਜ਼ਬਾਨ ਖੋਹ ਲਈ ਜਾਵੇ ਤਾਂ ਸ਼ਾਇਦ ਮਨੁੱਖ, ਮਨੁੱਖ ਹੀ ਨਾ ਰਹੇ। ਉਹ ਜੀਂਦੀ ਜਾਗਦੀ ਲੋਥ ਬਣ ਜਾਵੇ।

ਵਿਗਿਆਨੀਆਂ ਨੇ ਖੋਜ ਕਰਕੇ ਦੱਸ ਦਿੱਤਾ ਹੈ ਕਿ ਮਾਂ ਦੇ ਗਰਭ ਵਿੱਚ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਉਹਦਾ ਦਿਮਾਗ ਵਿਕਸਤ ਹੁੰਦਾ ਹੈ ਤਾਂ ਉਹ ਗਰਭ ਵਿੱਚ ਅਵਾਜ਼ਾਂ ਸੁਣਨ ਲੱਗ ਜਾਂਦਾ ਹੈ। ਕਿਤੇ ਨਾੜਾਂ ਵਿੱਚ ਵਹਿੰਦੇ ਲਹੂ, ਕਿਤੇ ਧੜਕਦੇ ਦਿਲ, ਕਿਤੇ ਪੇਟ ਵਿੱਚ ਹੁੰਦੀ ਹਲਚਲ ਸਾਰੀਆਂ ਅਵਾਜ਼ਾਂ ਨੂੰ ਸੁਣਦਾ ਉਹ ਪਛਾਣਨ ਲੱਗ ਜਾਂਦਾ ਹੈ। ਜਦੋਂ ਮਾਂ ਬਾਹਰ ਗੱਲਾਂ ਕਰ ਰਹੀ ਹੁੰਦੀ ਹੈ ਤਾਂ ਉਹਨੂੰ ਲੱਗਦਾ ਹੈ ਜਿਵੇਂ ਬੜੀ ਦੂਰੋਂ ਅਵਾਜ਼ ਸੁਣਾਈ ਦੇ ਰਹੀ ਹੋਵੇ। ਬੱਚਾ ਲਗਾਤਾਰ ਇਨ੍ਹਾਂ ਧੁਨੀਆਂ ਨੂੰ ਸੁਣਦਾ ਰਹਿੰਦਾ ਹੈ। ਇਸ ਪ੍ਰਕਾਰ ਉਹ ਜਨਮ ਤੋਂ ਪਹਿਲਾਂ ਹੀ ਭਾਸ਼ਾ ਦਾ ਜਾਣਕਾਰ ਬਣ ਜਾਂਦਾ ਹੈ। ਭਾਸ਼ਾ ਦੇ ਇਹ ਪਹਿਲੇ ਲੱਛਣ ਹਨ ਜੋ ਉਹ ਗਰਭ ਵਿੱਚੋਂ ਸਿੱਖ ਕੇ ਆਉਂਦਾ ਹੈ। ਵਿਗਿਆਨੀਆਂ ਨੇ ਜਨਮ ਤੋਂ ਬਾਅਦ ਬੱਚੇ ’ਤੇ ਇੱਕ ਹੋਰ ਤਜਰਬਾ ਕੀਤਾ। ਜਦੋਂ ਬੱਚਾ ਦੁੱਧ ਚੁੰਘ ਰਿਹਾ ਹੁੰਦਾ ਹੈ ਤਾਂ ਉਹਦੇ ਕੰਨਾਂ ਕੋਲ ਕੁੱਤੇ ਦੀ ਅਵਾਜ਼, ਬੰਦੇ ਦੀ ਅਵਾਜ਼, ਔਰਤ ਦੀ ਅਵਾਜ਼ ਸੁਣਾਈ ਜਾਂਦੀ ਹੈ ਤਾਂ ਬੱਚਾ ਬੜੀ ਤੇਜ਼ੀ ਨਾਲ ਦੁੱਧ ਚੁੰਘਣ ਲੱਗ ਜਾਂਦਾ ਹੈ। ਜਦੋਂ ਉਹ ਕੁੱਤੇ ਜਾਂ ਬੰਦੇ ਦੀ ਅਵਾਜ਼ ਸੁਣਦਾ ਹੈ ਤਾਂ ਇਹ ਗਤੀ ਵਧੇਰੇ ਹੁੰਦੀ ਹੈ ਪਰ ਜਦੋਂ ਉਹ ਮਾਂ ਦੀ ਅਵਾਜ਼ ਸੁਣਦਾ ਹੈ ਤਾਂ ਉਹਨੂੰ ਪਛਾਣ ਕੇ ਉਤਸੁਕਤਾ ਨਾਲ ਦੁੱਧ ਚੁੰਘਦਾ ਹੈ। ਸਪਸ਼ਟ ਹੈ ਕਿ ਬੋਲੀ ਨੂੰ ਮਾਂ ਬੋਲੀ ਕਿਉਂਕਿਹਾ ਜਾਂਦਾ ਹੈ। ਇੱਕ ਬੱਚੇ ਨੂੰ ਮਾਂ ਬੋਲੀ ਤੋਂ ਤੋੜਨਾ ਪਾਪ ਤੋਂ ਘੱਟ ਨਹੀਂ।

ਮਨੁੱਖ ਸਾਰੀ ਉਮਰ ਇਸ ਦੂਜੀ ਮਾਂ ਦੇ ਅੰਗ ਸੰਗ ਰਹਿੰਦਾ ਹੈ। ਉਹਦੇ ਤੋਂ ਬਿਨਾ ਉਹਦਾ ਇੱਕ ਮਿੰਟ ਵੀ ਗੁਜ਼ਾਰਾ ਨਹੀਂ। ਜੇ ਮਨੁੱਖ ਬੇਹੋਸ਼ ਹੋ ਜਾਵੇ ਤਾਂ ਸਾਰੇ ਉਹਦੇ ਹੋਸ਼ ਵਿੱਚ ਆਉਣ ਦੀ ਦੁਆ ਕਰਦੇ ਹਨ। ਉਹਦੇ ਬੁੱਲ੍ਹ ਫਰਕਦਿਆਂ ਹਰ ਕੋਈ ਉਹਦੀ ਅਵਾਜ਼ ਸੁਣਨ ਲਈ ਕਾਹਲਾ ਹੁੰਦਾ ਹੈ। ਮਰਨ ਕਿਨਾਰੇ ਪਿਆ ਮਨੁੱਖ ਅੰਤਲੀ ਵਾਰ ਕੁਝ ਕਹਿਣਾ ਚਾਹੁੰਦਾ ਹੈ। ਉਹਦੇ ਬੁੱਲ੍ਹ ਕੁਝ ਕਹਿਣ ਲਈ ਫਰਕ ਰਹੇ ਹੁੰਦੇ ਨੇ। ਕੋਲ ਖੜ੍ਹਿਆਂ ਨੂੰ ਆਸ ਹੁੰਦੀ ਹੈ ਕਿ ਉਹ ਦੁਨੀਆ ਤੋਂ ਰੁਖਸਤ ਹੋਣ ਵੇਲੇ ਕੁਝ ਤਾਂ ਕਹੇ। ਕਹੇ ਹੋਏ ਆਖਰੀ ਬੋਲ ਚੇਤਿਆਂ ਵਿੱਚ ਖੁਣੇ ਜਾਂਦੇ ਨੇ। ਸੀਜ਼ਰ ਦੇ ਕਹੇ ਅੰਤਲੇ ਸ਼ਬਦ - ਬਰੂਟਸ ਤੂੰ ਵੀ, ਅੱਜ ਇਤਿਹਾਸ ਦੇ ਪੰਨਿਆਂ ’ਤੇ ਅਮਰ ਹਨ।

ਅਵਾਰ ਸਭਿਆਚਾਰ ਵਿੱਚ ਮਸ਼ਹੂਰ ਹੈ ਕਿ ਜੇ ਕਿਸੇ ਨੂੰ ਸਭ ਤੋਂ ਭੈੜੀ ਤੇ ਚੰਦਰੀ ਬਦ ਦੁਆ ਦੇਣੀ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਹੈ - ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਇਹ ਸ਼ਾਇਦ ਮੌਤ ਤੋਂ ਵੀ ਭੈੜੀ ਬਦ ਦੁਆ ਹੈ। ਪਰ ਉਹਨਾਂ ਬੋਲੇ ਕੰਨਾਂ ਤੇ ਅੰਨ੍ਹੀਆਂ ਅੱਖਾਂ ਦਾ ਕੀ ਕਰੀਏ, ਜਿਨ੍ਹਾਂ ਨੂੰ ਸੁਣਦਾ ਵੀ ਬੜਾ ਸਾਫ ਹੈ, ਜਿਨ੍ਹਾਂ ਨੂੰ ਦਿਸਦਾ ਵੀ ਚੰਗਾ ਭਲਾ ਹੈ ਪਰ ਲੋਕਾਂ ਕੋਲੋਂ ਲੋਕਾਂ ਦੀ ਭਾਸ਼ਾ ਵਿੱਚ ਵੋਟਾਂ ਖੋਹ ਕੇ ਉਹ ਗੱਦੀਆਂ ਸਾਂਭ ਲੈਂਦੇ ਨੇ ਤੇ ਫਿਰ ਮਾਂ ਬੋਲੀ ਤੋਂ ਮੁੱਕਰ ਜਾਂਦੇ ਨੇ। ਫਿਰ ਭੋਲੇ ਭਾਲੇ ਵੋਟਰਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਖੋਹਣ ਲਈ ਸਾਜਿਸ਼ਾਂ ਰਚਦੇ ਨੇ। ਉਨ੍ਹਾਂ ਨੂੰ ਕੁਰਸੀ ਤੇ ਵੋਟਾਂ ਤੋਂ ਬਿਨਾ ਕੁਝ ਨਜ਼ਰ ਹੀ ਨਹੀਂ ਆਉਂਦਾ ਜਿਵੇਂ ਖੰਡ ਦੀ ਬੋਰੀ ਨੂੰ ਚੰਬੜੀਆਂ ਕੀੜੀਆਂ ਨੂੰ ਸਿਰਫ ਖੰਡ ਹੀ ਨਜ਼ਰ ਆਉਂਦੀ ਹੈ, ਬੋਰੀ ਨਹੀਂ

ਸੱਤ ਸਮੁੰਦਰ ਪਾਰ ਦੀ ਬੋਲੀ ਨੂੰ ਉਹ ਸਕੀ ਮਾਂ ਸਮਝਦੇ ਨੇ। ਇਹ ਮਾਂ ਦੇ ਦੁੱਧ ਦਾ ਸਭ ਤੋਂ ਵੱਡਾ ਨਿਰਾਦਰ ਹੈ। ਗੁਲਾਮ ਮਾਨਸਿਕਤਾ ਨਾਂ ਦੀ ਬਿਮਾਰੀ ਦਾ ਸ਼ਿਕਾਰ ਇਹ ਸਾਡੇ ਰਹਿਬਰ ਸਾਰੇ ਅਵਾਮ ਨੂੰ ਛੂਤ ਦੀ ਇਹ ਬਿਮਾਰੀ ਲਾਉਣੀ ਚਾਹੁੰਦੇ ਨੇ। ਚੰਗੇ ਭਲੇ ਲੋਕ ਬਾਬੇ ਨਾਨਕ ਦੀ ਜੈ ਜੈ ਕਾਰ ਤਾਂ ਕਰਦੇ ਨੇ ਪਰ ਬਾਬੇ ਨਾਨਕ ਦੀ ਸੁਣਦੇ ਨਹੀਂ - ਜਦੋਂ ਉਨ੍ਹਾਂ ਕਿਹਾ ਸੀ – ‘ਬੋਲੀ ਅਵਰ ਤੁਮਾਰੀ’ਬਾਬਾ ਫਰੀਦ ਨੇ ਮਾਂ ਦੇ ਦੁੱਧ ਦਾ ਕਰਜ਼ ਚੁਕਾਇਆ ਜਦੋਂ ਉਨ੍ਹਾਂ ਆਪਣੀ ਜੱਦੀ ਬੋਲੀ ਅਰਬੀ ਫਾਰਸੀ ਛੱਡ ਕੇ ਮਾਂ ਬੋਲੀ ਵਿੱਚ ਆਪਣਾ ਸੁਨੇਹਾ ਦਿੱਤਾਇਹ ਗੱਲ ਉਨ੍ਹਾਂ ਨੂੰ ਅੱਜ ਤੋਂ ਅੱਠ ਸਦੀਆਂ ਪਹਿਲਾਂ ਸਮਝ ਆ ਗਈ ਸੀ। ਪਰ ਅਸਾਂ ਅਕਲ ਦੇ ਅੰਨ੍ਹਿਆਂ ਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਮਾਂ ਬੋਲੀ ਤੋਂ ਮੁਖ ਮੋੜਨਾ ਆਤਮਘਾਤ ਕਰਨ ਦੇ ਤੁੱਲ ਹੈ।

ਬਹੁਤ ਪਹਿਲਾਂ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਲਿਖਿਆ ਸੀ – ‘ਹਰ ਬੋਲੀ ਦੀ ਆਪਣੀ ਆਤਮਾ ਹੁੰਦੀ ਹੈ, ਆਪੋ ਆਪਣੀ ਤਬੀਅਤ ਹੁੰਦੀ ਹੈ। ਇਸ ਆਤਮਾ ਦੇ ਅਨੁਕੂਲ ਆਲੇ ਦੁਆਲੇ ਵਿੱਚੋਂ ਉਹਦਾ ਸਰੀਰ ਉੱਸਰਦਾ ਹੈ। ਉਹ ਆਤਮਾ ਅਤੇ ਤਬੀਅਤ ਉਸ ਕੌਮ ਦੇ ਆਚਰਣ ਦੇ ਅਨੁਕੂਲ ਹੁੰਦੀ ਹੈ। ਪੰਜਾਬੀ ਨੂੰ ਭਾਵੇਂ ਰਾਜ ਦਰਬਾਰ ਦਾ ਮਾਣ ਨਹੀਂ ਮਿਲਿਆ, ਇਹ ਲੋਕਾਂ ਦੇ ਵਿਹੜਿਆਂ ਵਿਚ, ਪੈਲੀਆਂ ਤੇ ਖੇਤਾਂ ਵਿਚ, ਪਹਾੜਾਂ ਤੇ ਮੈਦਾਨਾਂ ਵਿੱਚ ਖੇਡੀ ਤੇ ਪਲੀ। ਇਸ ਲਈ ਇਸ ਨੇ ਦਰਬਾਰੀ ਲੋਕਾਂ ਦੀ ਅੜਕ ਮੜਕ ਨਹੀਂ ਸਿੱਖੀਇਹ ਆਮ ਪੰਜਾਬੀ ਲੋਕਾਂ ਵਾਂਗੂੰ ਸਾਦ ਮੁਰਾਦੀ ਹੀ ਰਹੀ। ਇਸ ਵਿੱਚ ਨਾ ਪੰਡਤਾਂ ਵਾਲੀ ਪੰਡਤਾਈ ਤੇ ਨਾ ਸ਼ੁਕੀਨ ਬੇਮੁਹਾਰੇ ਲੋਕਾਂ ਵਾਲੇ ਹਾਵ ਭਾਵ ਆਏ।’ ਇਸ ਸਾਦ ਮੁਰਾਦੇ ਸਲੀਕੇ ਤੋਂ ਕਵੀ ਕਹਿੰਦਾ ਹੈ –

ਜ਼ਬਾਨ ਮੇਰੀ ਤੋਂ ਹਰਫ ਪੰਜਾਬੀ ਜਾਂ ਨਿਕਲੇ
ਮੂੰਹ ਵਿੱਚ ਜੀਭਾ ਮੇਰੀ, ਕੌਸਰ ਜਲ ਬਣ ਜਾਵੇ।

ਮਾਂ ਬੋਲੀ ਰੱਬੀ ਅਤੇ ਕੁਦਰਤੀ ਦਾਤ ਹੁੰਦੀ ਏ। ਇਹ ਸਦੀਆਂ ਪਹਿਲਾਂ ਕਿਸੇ ਖਿੱਤੇ ਦੇ ਨਿਵਾਸੀਆਂ ਦੀ ਜੀਵਨ ਯਾਤਰਾਂ ਵਿੱਚੋਂ ਵਿਗਸਦੀ, ਉਨ੍ਹਾਂ ਦੀਆਂ ਰੂਹਾਂ ਦਾ ਦੀਦਾਰ ਹੁੰਦੀ ਏ। ਇਸੇ ਦੇ ਸ਼ੀਸ਼ੇ ਵਿੱਚੋਂ ਵਿਰਸੇ ਦੀਆਂ ਝਲਕਾਂ ਮਿਲਦੀਆਂ ਨੇ। ਇਹਦੇ ਅੰਦਰ ਸਾਂਭੇ ਖਜ਼ਾਨੇ ਮਨੁੱਖ ਦੀ ਭਵਿਖੀ ਜ਼ਿੰਦਗੀ ਦੇ ਜਾਮਨ ਹੁੰਦੇ ਨੇ। ਇਹ ਇੱਕ ਅਜਿਹੀ ਚਾਬੀ ਹੈ ਜਿਹੜੀ ਸਭਿਆਚਾਰਾਂ ਦੇ ਜੰਦਰੇ ਖੋਲ੍ਹਣ ਦੀ ਤਾਕਤ ਬਖਸ਼ਦੀ ਹੈ। ਸਾਨੂੰ ਕਦੋਂ ਸਮਝ ਆਏਗੀ ਕਿ –

ਮਾਂ ਬੋਲੀ ਜੇ ਭੁੱਲ ਜਾਓਗੇ।
ਕੱਖਾਂ ਵਾਂਗੂੰ ਰੁਲ ਜਾਓਗੇ।

ਇਕ ਵਿਦਵਾਨ ਨੇ ਠੀਕ ਕਿਹਾ ਹੈ - ਕਿਸੇ ਵੀ ਨਾਰੀ ਪੁਰਸ਼ ਨੂੰ ਉਹਦੀ ਮਾਂ ਬੋਲੀ ਤੋਂ ਜੁਦਾ ਕਰਨਾ ਇੱਕ ਘੋਰ ਅੱਤਿਆਚਾਰ ਅਤੇ ਬੇਇਨਸਾਫੀ ਹੈ, ਇੱਕ ਤਸ਼ੱਦਦ ਹੈ। ਮਾਂ ਬੋਲੀ ਮਨੁੱਖ ਦੀ ਬੁਨਿਆਦੀ ਪਛਾਣ ਜਾਂ ਸ਼ਨਾਖਤ ਹੈ। ਅਫਰੀਕੀ ਅਤੇ ਏਸ਼ੀਆਈ ਮੁਲਕਾਂ ਵਿੱਚ ਜਿੱਥੇ ਮਾਂ ਬੋਲੀ ਤੋਂ ਪਾਸਾ ਵੱਟ ਕੇ ਉਸਦੀ ਥਾਂ ਅੰਗਰੇਜ਼ੀ ਜਾਂ ਕਿਸੇ ਹੋਰ ਗ਼ੈਰ- ਬੋਲੀ ਨੂੰ ਸਿੱਖਿਆ ਦੇ ਮਾਧਿਅਮ ਦੇ ਤੌਰ ’ਤੇ ਅਪਣਾਇਆ ਗਿਆ ਤਾਂ ਉਨ੍ਹਾਂ ਸਮਾਜਾਂ ਵਿੱਚ ਆਮ ਲੋਕਾਂ ਅਤੇ ਵਿਸ਼ੇਸ਼ ਵਰਗ ਦੇ ਲੋਕਾਂ ਵਿੱਚ ਪਾੜਾ ਵਧਦਾ ਗਿਆ ਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਤੋਂ ਬਿਨਾ ਇਹ ਵੀ ਦੇਖਿਆ ਗਿਆ ਕਿ ਉਨ੍ਹਾਂ ਬੱਚਿਆਂ ਵਿੱਚ ਸਿਰਜਣਾਤਮਕਤਾ ਤੇ ਚੱਜ ਅਚਾਰਾਂ ਦੀ ਵੀ ਘਾਟ ਨਜ਼ਰ ਆਉਂਦੀ ਹੈ।’ ਕੀ ਅਸੀਂ ਆਪਣੇ ਬੱਚਿਆਂ ਨੂੰ ਭਵਿੱਖ ਦੇ ਗੈਂਗਸਟਰ ਬਣਾਉਣਾ ਚਾਹੁੰਦੇ ਹਾਂ ਜਾਂ ਚੰਗੇ ਨਾਗਰਿਕ? ਚੰਗੇ ਨਾਗਰਿਕ ਅਤੇ ਸਲੀਕੇ ਵਾਲੇ ਬੌਧਿਕ ਵਿਅਕਤੀ ਕੇਵਲ ਮਾਂ ਬੋਲੀ ਵਿੱਚ ਹੀ ਬਣ ਸਕਦੇ ਹਨ। ਅਸੀਂ ਜਿੰਨੀਆਂ ਮਰਜ਼ੀ ਜ਼ਬਾਨਾਂ ਸਿੱਖ ਲਈਏ ਪਰ ਮਾਂ ਦੇ ਖੂਨ ਅਤੇ ਦੁੱਧ ਵਿੱਚੋਂ ਸਿੱਖੀ ਜ਼ਬਾਨ ਵਿੱਚ ਹੀ ਸੋਚ ਸਕਦੇ ਹਾਂ। ਸੋਚਹੀਣ ਪ੍ਰਾਣੀ ਹਮੇਸ਼ਾ ਬੁੱਧੂ ਹੀ ਹੁੰਦੇ ਹਨ। ਸੱਚ ਹੀ ਤਾਂ ਕਿਹਾ ਹੈ - ਜਿਹੜਾ ਮਾਂ ਦਾ ਨਹੀਂ, ਉਹ ਕਿਸੇ ਥਾਂ ਦਾ ਨਹੀਂ, ਜਿਸ ਕੋਲ ਮਾਂ ਬੋਲੀ ਨਹੀਂ, ਉਹਦੇ ਕੋਲ ਕੱਖ ਵੀ ਨਹੀਂ।

ਅਵਾਰ ਮਾਂ ਬੋਲੀ ਦਾ ਸੱਚਾ ਸਪੂਤ ਰਸੂਲ ਹਮਜ਼ਾਤੋਵ ਲਿਖਦਾ ਹੈ - ਦੂਜਿਆਂ ਨੂੰ ਇਹ ਕਹਿਣ ਦਿਓ ਕਿ ਸਾਡੀ ਨਿੱਕੀ ਜਿਹੀ ਕੌਮ ਦੀ ਬੋਲੀ ਗਰੀਬ ਹੈ। ਮੈਂ ਆਪਣੀ ਮਾਂ ਬੋਲੀ ਵਿੱਚ ਜੋ ਚਾਹਾਂ ਪ੍ਰਗਟ ਕਰ ਸਕਦਾ ਹਾਂ ਤੇ ਮੈਂਨੂੰ ਆਪਣੇ ਵਿਚਾਰ ਤੇ ਭਾਵ ਪ੍ਰਗਟ ਕਰਨ ਲਈ ਕਿਸੇ ਦੂਜੀ ਬੋਲੀ ਦੀ ਲੋੜ ਨਹੀਂ। ਮੇਰੇ ਲਈ ਕੌਮਾਂ ਦੀਆਂ ਬੋਲੀਆਂ ਅਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇੱਕ ਵੱਡੇ ਸਾਰੇ ਸਿਤਾਰੇ ਵਿੱਚ ਮਿਲ ਕੇ ਇੱਕ ਹੋ ਜਾਣ, ਜਿਸ ਅੱਧਾ ਅਸਮਾਨ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ। ਪਰ ਅਸਮਾਨ ਵਿੱਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।’

ਮੇਰੀ ਮਾਂ ਬੋਲੀ ਵੀ ਤਾਂ ਬੋਲੀਆਂ ਦੇ ਅਕਾਸ਼ ਵਿੱਚ ਇੱਕ ਸਿਤਾਰੇ ਵਾਂਗ ਹੈ। ਇਹਦੀ ਚਮਕ ਅੱਜ ਡੇਢ ਸੌ ਮੁਲਕਾਂ ਵਿੱਚ ਨਜ਼ਰ ਆਉਂਦੀ ਹੈ। ਇਹਦੀ ਲਿਸ਼ਕ ਚੌਦਾਂ ਕਰੋੜ ਬੋਲਣ ਹਾਰਿਆਂ ਦੀਆਂ ਅੱਖਾਂ ਵਿੱਚ ਚਾਨਣ ਕਰਦੀ ਹੈ। ਫਿਰ ਉਹ ਕਿਹੜੇ ਲੁਟੇਰੇ ਹਨ ਜਿਹੜੇ ਮੇਰੀ ਮਾਂ ਬੋਲੀ ਦੀ ਚਮਕ ਨੂੰ ਧੁੰਦਲਾ ਕਰਨਾ ਚਾਹੁੰਦੇ ਨੇ, ਜਿਨ੍ਹਾਂ ਕੋਲੋਂ ਇਹਦੀ ਲਿਸ਼ਕ ਜਰੀ ਨਹੀਂ ਜਾਂਦੀ।

ਸਾਡੇ ਦਰਿਆ ਸਦੀਆਂ ਤੋਂ ਨਿਰਮਲ ਜਲ ਨਾਲ ਵਗਦੇ ਸਨ ਅੱਜ ਇਨ੍ਹਾਂ ਦੀ ਨਿਰਮਲਤਾ ਮੁਨਾਫੇਖੋਰਾਂ ਨੇ ਮਲੀਨ ਕਰ ਦਿੱਤੀ ਹੈ। ਇਵੇਂ ਹੀ ਕੁਝ ਨਾਵਾਕਫ ਅਤੇ ਅਕਲੋਂ ਕੋਰੇ ਸਾਡੀ ਮਾਂ ਬੋਲੀ ਨੂੰ ਵੀ ਮਲੀਨ ਕਰਨ ’ਤੇ ਤੁਲੇ ਹੋਏ ਨੇ। ਜਦੋਂ ਅਸੀਂ ਆਪਣੀ ਜ਼ਬਾਨ ਛੱਡ ਕੇ ਕਿਸੇ ਦੂਜੀ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸ਼ਬਦਾਂ ਦੀ ਭਾਲ ਲਈ ਦਿਮਾਗ ’ਤੇ ਜ਼ੋਰ ਪਾਉਣਾ ਪੈਂਦਾ ਹੈ ਅਤੇ ਬੰਦਾ ਖਾਹਮਖਾਹ ਹੀ ਮੁਸੀਬਤ ਵਿੱਚ ਫਸ ਜਾਂਦਾ ਹੈ। ਇਹੋ ਜਿਹੀ ਭਾਸ਼ਾ ਅੱਜ ਕੱਲ੍ਹ ਸਾਡੇ ਪਿੰਡਾਂ ਵਿੱਚ ਵੇਖੀ ਜਾ ਸਕਦੀ ਹੈ ਜਦੋਂ ਦੂਜੇ ਸੂਬਿਆਂ ਤੋਂ ਆਏ ਭਈਆਂ ਨਾਲ ਲੋਕ ਗੱਲਾਂ ਕਰਦੇ ਨੇ। ਉਨ੍ਹਾਂ ਦੀ ਜ਼ਬਾਨ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਤਰਸ ਵੀ

ਇੱਥੇ ਮੈਂਨੂੰ ਰਸੂਲ ਹਮਜ਼ਾਤੋਵ ਦੀ ਸੁਣਾਈ ਇੱਕ ਕਥਾ ਯਾਦ ਆ ਗਈ। ਉਹ ਲਿਖਦਾ ਹੈ - ਇਕ ਵਾਰ ਉਹ ਪੈਰਿਸ ਵਿੱਚ ਆਪਣੇ ਇੱਕ ਹਮਵਤਨੀ ਨੂੰ ਮਿਲਿਆ ਜੋ ਕਈ ਚਿਰ ਪਹਿਲਾਂ ਉੱਥੇ ਜਾ ਕੇ ਵਸ ਗਿਆ ਸੀ। ਜਦੋਂ ਵਾਪਸ ਆ ਕੇ ਹਮਜ਼ਾਤੋਵ ਨੇ ਉਹਦੇ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹਦੀ ਮਾਂ ਜਿਊਂਦੀ ਹੈ। ਉਹਦੇ ਭਾਈਚਾਰੇ ਨੂੰ ਵੀ ਇਹ ਜਾਣ ਕੇ ਖੁਸ਼ੀ ਹੋਈ ਕਿ ਉਨ੍ਹਾਂ ਦਾ ਇੱਕ ਭਾਈਬੰਦ ਵਿਦੇਸ਼ਾਂ ਵਿੱਚ ਵਸਿਆ ਅਜੇ ਜਿਊਂਦਾ ਹੈ। ‘ਤੁਸੀਂ ਗੱਲਾਂ ਅਵਾਰ ਬੋਲੀ ਵਿੱਚ ਕੀਤੀਆਂ?’ ਅਚਾਨਕ ਉਹਦੀ ਮਾਂ ਨੇ ਪੁੱਛਿਆ

‘ਨਹੀਂ, ਅਸੀਂ ਦੁਭਾਸ਼ੀਏ ਰਾਹੀਂ ਗੱਲਾਂ ਕੀਤੀਆਂ ਮੈਂ ਰੂਸੀ ਬੋਲਦਾ ਸਾਂ ਤੇ ਤੁਹਾਡਾ ਪੁੱਤ ਫਰਾਂਸੀਸੀ।’

ਮਾਂ ਨੇ ਆਪਣਾ ਮੂੰਹ ਕਾਲੇ ਘੁੰਡ ਹੇਠ ਢੱਕ ਲਿਆ, ਜਿਵੇਂ ਸਾਡੀਆਂ ਔਰਤਾਂ ਪੁੱਤਰ ਦੀ ਮੌਤ ਬਾਰੇ ਪਤਾ ਲੱਗਣ ’ਤੇ ਢੱਕ ਲੈਂਦੀਆਂ ਹਨ।

‘ਤੈਨੂੰ ਗਲਤੀ ਲੱਗੀ ਹੈ, ਰਸੂਲ।’ ਬਹੁਤ ਦੇਰ ਬਾਅਦ ਚੁੱਪ ਰਹਿਣ ਪਿਛੋਂ ਮਾਂ ਬੋਲੀ। ‘ਮੇਰਾ ਪੁੱਤ ਤਾਂ ਕਦੋਂ ਦਾ ਮਰ ਚੁੱਕਾ ਹੈ। ਉਹ ਮੇਰਾ ਪੁੱਤ ਨਹੀਂ ਹੋ ਸਕਦਾ। ਮੇਰਾ ਕੋਈ ਵੀ ਪੁੱਤਰ ਉਹ ਬੋਲੀ ਨਹੀਂ ਸੀ ਭੁੱਲ ਸਕਦਾ ਜਿਹੜੀ ਉਸਨੂੰ ਮੈਂ, ਇੱਕ ਅਵਾਰ ਮਾਂ ਨੇ ਸਿਖਾਈ ਸੀ।’ ਫਿਰ ਅਸੀਂ ਕਿਉਂ ਮਾਂ ਦੀ ਸਿਖਾਈ ਬੋਲੀ ਭੁੱਲਦੇ ਜਾ ਰਹੇ ਹਾਂ। ਜਿੰਨੀ ਰਵਾਨੀ ਨਾਲ ਅਸੀਂ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰ ਸਕਦੇ ਹਾਂ ਪਰਾਈ ਵਿੱਚ ਨਹੀਂ। ਫਿਰ ਕਿਉਂ ਖੁੱਲ੍ਹੇ ਵਹਿਣਾਂ ਵਰਗੀ ਬੋਲੀ ਲਈ ਬੰਨ੍ਹ ਮਾਰਨ ’ਤੇ ਲੱਗੇ ਹੋਏ ਹਾਂ।

ਸਾਡੇ ਦੋਗਲੇਪਨ ਦੀ ਸਮਝ ਵਿਦੇਸ਼ੀਆਂ ਨੂੰ ਤਾਂ ਆ ਜਾਂਦੀ ਹੈ ਪਰ ਸਾਨੂੰ ਨਹੀਂ। ਪ੍ਰਸਿੱਧ ਵਿਦਵਾਨ ਪ੍ਰੋ. ਤੋਮੀਓ ਮੀਜ਼ੋਕਾਮੀ, ਜਿਸਨੇ ਕਈ ਸਾਲ ਓਸਾਕਾ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਕੋਰਸ ਪੜ੍ਹਾਏ ਹਨ, ਨੇ ਲੰਡਨ ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ - ਇਸਦਾ ਕਾਰਨ ਹੀਣਤਾ ਭਾਵ ਹੈ, ਭਾਰਤ ਦੇ ਪੜ੍ਹੇ ਲਿਖੇ ਪੰਜਾਬੀ ਵੀ ਪੰਜਾਬੀ ਨਹੀਂ ਬੋਲਦੇ ਸਗੋਂ ਅੰਗਰੇਜ਼ੀ ਬੋਲਦੇ ਹਨ। ਪੰਜਾਬੀ ਲੋਕ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ।’ ਕੀ ਅਸੀਂ ਕਦੇ ਇਸ ਹੀਣਤਾ ਦਾ ਭਾਵ ਤਿਆਗ ਸਕਾਂਗੇ? ਕੀ ਕਦੇ ਆਪਣੀ ਮਾਂ ਬੋਲੀ ਦੇ ਸੱਚੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਾਂਗੇ? ਕੀ ਕਦੇ ਅਸੀਂ ਅਵਾਰ ਮਾਂ ਬੋਲੀ ਵਾਂਗ ਕਹਿ ਸਕਾਂਗੇ ਕਿ - ਮੇਰੀ ਮਾਂ ਬੋਲੀ ਪੰਜਾਬੀ ਤੂੰ ਮੇਰਾ ਧਨ ਹੈਂ; ਮੇਰਾ ਖਜ਼ਾਨਾ ਹੈਂ ਜਿਸਨੂੰ ਮੈਂ ਔਕੜ ਵਾਲੇ ਦਿਨਾਂ ਲਈ ਸੰਭਾਲ ਰੱਖਿਆ ਹੈ, ਤੂੰ ਮੇਰੇ ਸਭ ਰੋਗਾਂ ਦੀ ਦਵਾ ਏਂ, ਤੂੰ ਮੇਰੀ ਅਵਾਜ਼ ਏਂ, ਮੇਰੀ ਮਾਂ ਬੋਲੀ ਪੰਜਾਬੀ।

*****

(1494)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author