“ਸਾਡਾ ਇਕ ਗੁਆਂਢੀ ਤਰਸ ਖਾ ਕੇ ਮੇਰੇ ਬੇਟੇ ਨੂੰ ਸ਼ਹਿਰ ਦੇ ਇਕ ਫਲਾਈਓਵਰ ਹੇਠ ਭੀਖ ਮੰਗਣ ਲਈ ...”
(9 ਮਾਰਚ 2023)
ਇਸ ਸਮੇਂ ਪਾਠਕ: 144.
ਦੁਨੀਆ ਦੀ ਅੱਧੀ ਆਬਾਦੀ ਅੱਜ ਵੀ ਆਪਣੇ ਹੱਕਾਂ ਅਤੇ ਮਾਨਵੀ ਅਧਿਕਾਰਾਂ ਲਈ ਲੜ ਰਹੀ ਹੈ। ਹਰ ਰੋਜ਼ ਅਖਬਾਰਾਂ ਉਨ੍ਹਾਂ ਜ਼ੁਲਮਾਂ ਦੀਆਂ ਰਿਪੋਰਟਾਂ ਨਾਲ ਭਰੀਆਂ ਹੁੰਦੀਆਂ ਹਨ ਜੋ ਔਰਤਾਂ ’ਤੇ ਨਿੱਤ ਦਿਨ ਹੁੰਦੇ ਹਨ। ਔਰਤਾਂ ਵਿਚਲੀ ਅਨਪੜ੍ਹਤਾ, ਜਾਗਰੂਕਤਾ ਦੀ ਘਾਟ ਤੇ ਬਚਪਨ ਵਿਚ ਦਿੱਤੀ ਜਾਂਦੀ ਅੰਧ ਵਿਸ਼ਵਾਸਾਂ ਦੀ ਗੁੜ੍ਹਤੀ ਉਨ੍ਹਾਂ ਲਈ ਮੁਸੀਬਤ ਬਣ ਜਾਂਦੀ ਹੈ। ਉਨ੍ਹਾਂ ’ਤੇ ਲਾਈਆਂ ਜਾਂਦੀਆਂ ਪਾਬੰਦੀਆਂ ਵੀ ਉਨ੍ਹਾਂ ਦੀ ਆਜ਼ਾਦ ਹਸਤੀ ਦੇ ਰਾਹ ਵਿਚ ਵੱਡੀ ਰੁਕਾਵਟ ਬਣਦੀਆਂ ਹਨ। ਧਾਰਮਕ ਕੱਟੜਤਾ ਨੇ ਵੀ ਔਰਤਾਂ ਦਾ ਦਮਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਖਾਸ ਕਰਕੇ ਇਸਲਾਮੀ ਮੁਲਕਾਂ ਵਿਚ। ਇਹ ਵੀ ਇਕ ਇਤਫ਼ਾਕ ਹੈ ਕਿ ਇਸ ਵਾਰ ਹੋਲੀ ਦਾ ਤਿਓਹਾਰ ਕੌਮਾਂਤਰੀ ਔਰਤ ਦਿਵਸ ਵਾਲੇ ਦਿਨ ਆਇਆ ਹੈ ਤੇ ਇਸ ਮੌਕੇ ਹਰ ਸਾਲ ਇਕ ਔਰਤ ਹੋਲਿਕਾ ਦਾ ਦਹਿਣ ਕੀਤਾ ਜਾਂਦਾ ਹੈ। ਇਹ ਇਕ ਵਿਡੰਬਨਾ ਹੀ ਹੈ ਕਿ ਔਰਤ ਨੂੰ ਜਿਊਂਦੇ ਜੀਅ ਸਾੜਨ ਦੀ ਗੱਲ ਨੂੰ ਅੱਜ ਤੱਕ ਪਾਵਨਤਾ ਵਿਚ ਲਪੇਟ ਕੇ ਸੰਸਕਾਰ ਵਜੋਂ ਇਹਦੀ ਪਾਲਣਾ ਕੀਤੀ ਜਾਂਦੀ ਹੈ। ਇਹ ਔਰਤ ਉੱਤੇ ਭੂਤ ਕਾਲ ਵਿਚ ਹੋਏ ਜ਼ੁਲਮ ਦੀ ਪ੍ਰੇਤ ਛਾਇਆ ਹੈ। ਔਰਤਾਂ ਦੀ ਆਜ਼ਾਦੀ ਅਤੇ ਸੁਧਾਰਾਂ ਦੀ ਗੱਲ ਕਰਨ ਵਾਲਿਆਂ ਨੂੰ ਅਜਿਹੀ ਪ੍ਰੇਤ ਛਾਇਆ ਤੋਂ ਮੁਕਤੀ ਲਈ ਵੀ ਜਤਨ ਕਰਨੇ ਚਾਹੀਦੇ ਨੇ।
ਦੁਨੀਆ ਵਿਚ ਅਫਰੀਕਾ ਅਤੇ ਇਸਲਾਮੀ ਮੁਲਕਾਂ, ਅਤੇ ਵਿਸ਼ੇਸ਼ ਕਰਕੇ ਅਫ਼ਗਾਨਿਸਤਾਨ ਵਿਚ ਔਰਤਾਂ ਦੀ ਸਥਿਤੀ ਬੜੀ ਦਰਦਨਾਕ ਹੈ। ਓਥੇ ਤਾਲਿਬਾਨੀ ਕਬਜ਼ੇ ਤੋਂ ਬਾਅਦ ਉਨ੍ਹਾਂ ਲਈ ਖੁੱਲ੍ਹੀ ਹਵਾ ਵੱਲ ਖੁੱਲ੍ਹਦਾ ਹਰ ਦਰਵਾਜ਼ਾ, ਖਿੜਕੀ, ਝਰੋਖਾ ਤੇ ਏਥੋਂ ਤੱਕ ਕਿ ਛੋਟੀ ਮੋਟੀ ਮੋਰੀ ਵੀ ਬੰਦ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਆਫ ਈਸਟ ਇੰਗਲੀਆ ਦੀ ਪ੍ਰੋਫੈਸਰ ਨਿਤਿਆ ਰਾਵ ਨੇ ਗਰਾਊਂਡ ਜ਼ੀਰੋ ਰਿਪੋਰਟ ਦਾ ਹਵਾਲਾ ਦੇਂਦਿਆਂ ਉਨ੍ਹਾਂ ਔਰਤਾਂ ਦੀ ਦਰਦਨਾਕ ਤਸਵੀਰ ਪੇਸ਼ ਕੀਤੀ ਹੈ, ਜੋ ਤਾਲਿਬਾਨੀ ਰਾਜ ਵਿਚ ਭੁੱਖ ਹੱਥੋਂ ਮਰਨ ਲਈ ਸਰਾਪੀਆਂ ਹੋਈਆਂ ਹਨ।
ਹੈਰਾਤ ਵਿਚ ਰਹੀ ਵਿਧਵਾ ਜਮੀਲਾ ਦਾ ਪਤੀ ਅੱਠ ਵਰ੍ਹੇ ਪਹਿਲਾਂ ਹੋਏ ਇਕ ਆਤਮਘਾਤੀ ਹਮਲੇ ਵਿਚ ਮਾਰਿਆ ਗਿਆ। ਉਹਦੀ ਅਠਾਰਾਂ ਵਰ੍ਹਿਆਂ ਦੀ ਬੇਟੀ ਹੈ ਜੋ ਅੱਖਾਂ ਤੋਂ ਅੰਨ੍ਹੀ ਹੈ। ਵੀਹ ਵਰ੍ਹਿਆਂ ਦਾ ਬੇਟਾ ਅਪਾਹਜ ਹੈ, ਜਿਸਨੇ ਦੋਵੇਂ ਪੈਰ ਬਰੂਦੀ ਸੁਰੰਗ ਦੇ ਵਿਸਫੋਟ ਵਿਚ ਗੁਆ ਲਏ। ਜਮੀਲਾ ਘਰਾਂ ਵਿਚ ਡਬਲ ਰੋਟੀਆਂ ਬਣਾਉਣ ਤੋਂ ਇਲਾਵਾ ਛੋਟੇ ਮੋਟੇ ਕੰਮ ਕਰਦੀ ਸੀ।
ਹੈਰਾਤ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਅਹਿਮਦ ਨੇ ਇਸ ਬਾਰੇ ਰਿਪੋਰਟਿੰਗ ਕਰਦਿਆਂ ਦੱਸਿਆ ਕਿ ਇਨ੍ਹਾਂ ਛੋਟੇ ਮੋਟੇ ਕੰਮਾਂ ਨਾਲ ਉਹ ਆਪਣੇ ਦੋਵਾਂ ਅਪਾਹਜ ਬੱਚਿਆਂ ਦਾ ਪਾਲਣ ਪੋਸਣ ਕਰ ਰਹੀ ਸੀ। ਪਰ ਜਦੋਂ ਦੇਸ਼ ’ਤੇ ਤਾਲਿਬਾਨਾਂ ਨੇ ਕਬਜ਼ਾ ਕਰ ਲਿਆ, ਓਦੋਂ ਤੋਂ ਉਹ ਮੁਸੀਬਤਾਂ ਵਿਚ ਘਿਰੀ ਹੋਈ ਹੈ। ਇਕ ਅੰਦਾਜ਼ੇ ਮੁਤਾਬਕ ਘੱਟੋ ਘੱਟ 97 ਫੀਸਦੀ ਆਬਾਦੀ ਗਰੀਬੀ ਦੀ ਮਾਰ ਝੱਲ ਰਹੀ ਹੈ ਜਦੋਂ ਕਿ 2018 ਵਿਚ ਇਹ 72 ਫੀਸਦੀ ਸੀ।
ਕੌਮਾਂਤਰੀ ਅਤੇ ਰਾਸ਼ਟਰੀ ਸੰਸਥਾਵਾਂ ਵਿਚ ਔਰਤਾਂ ਦੇ ਨੌਕਰੀਆਂ ਕਰਨ ਤੇ ਖੁੱਲ੍ਹੇ ਤੌਰ ’ਤੇ ਆਮ ਥਾਵਾਂ ਉੱਤੇ ਜਾਣ ਲਈ ਲਾਈ ਪਾਬੰਦੀ ਕਰਕੇ ਔਰਤਾਂ ਲਈ ਰੁਜ਼ਗਾਰ ਦੀ ਤਲਾਸ਼ ਅਸੰਭਵ ਹੋ ਗਈ ਹੈ।
ਮੌਜੂਦਾ ਹਾਲਾਤ ਕਰਕੇ ਜਮੀਲਾ ਦਾ ਕੰਮ ਛੁੱਟ ਗਿਆ ਤੇ ਹੁਣ ਉਹ ਮੁਸ਼ਕਲਾਂ ਨਾਲ ਘਿਰੀ, ਕੋਈ ਰਾਹ ਲੱਭਣ ਦੇ ਆਹਰ ਵਿਚ ਹੈ ਤਾਂ ਜੋ ਦੋ ਡੰਗ ਦੀ ਰੋਟੀ ਦਾ ਜੁਗਾੜ ਕਰ ਸਕੇ। ਉਹ ਘਰ ਦਾ ਕਿਰਾਇਆ ਨਹੀਂ ਚੁਕਾ ਸਕੀ, ਜਿਸ ਕਰਕੇ ਮਕਾਨ ਮਾਲਕ ਨੇ ਘਰ ਖਾਲੀ ਕਰਵਾ ਲਿਆ। ਹੁਣ ਉਹ ਇਕ ਦਿਆਲੂ ਪਰਿਵਾਰ ਦੇ ਅਹਾਤੇ ਵਿਚ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਰਹਿ ਰਹੀ ਹੈ। ਉਹਦੇ ਕੋਲ ਗੁਜ਼ਾਰੇ ਦਾ ਕੋਈ ਸਾਧਨ ਨਹੀਂ।
ਪਹਿਲਾਂ ਅਫਗਾਨਿਸਤਾਨ ਦੀਆਂ ਦਸ ਫੀਸਦੀ ਪੜ੍ਹੀਆਂ ਲਿਖੀਆਂ ਔਰਤਾਂ ਕੌਮੀ ਜਾਂ ਕੌਮਾਂਤਰੀ ਸੰਸਥਾਵਾਂ ਵਿਚ ਨੌਕਰੀਆਂ ਕਰਦੀਆਂ ਸਨ। ਘੱਟ ਪੜ੍ਹੀਆਂ ਲਿਖੀਆਂ ਔਰਤਾਂ ਲਈ ਵੀ ਕਈ ਤਰ੍ਹਾਂ ਦੇ ਕੰਮ ਧੰਦਿਆਂ ਵਿਚ ਕਾਫੀ ਮੌਕੇ ਸਨ। ਉਹ ਘਰੇਲੂ ਕੰਮਾਂਕਾਰਾਂ ਤੋਂ ਲੈ ਕੇ ਲਾਂਡਰੀ, ਸਾਫ ਸਫਾਈ, ਬੱਚਿਆਂ ਦੀ ਦੇਖ ਭਾਲ ਤੇ ਇਹੋ ਜਿਹੇ ਹੋਰ ਕੰਮਾਂ ਵਿੱਚੋਂ ਰੁਜ਼ਗਾਰ ਪ੍ਰਾਪਤ ਕਰ ਲੈਂਦੀਆਂ ਸਨ। ਪੇਂਡੂ ਔਰਤਾਂ ਲਈ ਵੀ ਪਸ਼ੂ ਚਰਾਉਣ, ਖੇਤਾਂ ਵਿਚ ਬਿਜਾਈ, ਗੋਡੀ ਤੇ ਸਬਜ਼ੀਆਂ ਉਗਾਉਣ ਦੇ ਕੰਮ ਧੰਦੇ ਸਨ। ਪਰ ਤਾਲਿਬਾਨਾਂ ਨੇ ਸਾਰੇ ਰਾਹ ਬੰਦ ਕਰ ਦਿੱਤੇ ਹਨ।
ਜਮੀਲਾ ਨੇ ਦੱਸਿਆ, “ਪਿਛਲੀ ਸਰਕਾਰ ਵੇਲੇ ਮੇਰੇ ਪਰਿਵਾਰ ਨੂੰ ਸ਼ਹੀਦ ਦਾ ਪਰਿਵਾਰ ਮੰਨ ਕੇ ਅਪਾਹਜ ਬੱਚਿਆਂ ਦੀ ਮਨਿਸਟਰੀ ਵਲੋਂ ਮਾਸਿਕ ਪੈਨਸ਼ਨ ਮਿਲ ਜਾਂਦੀ ਸੀ। ਇਹ ਮਨਿਸਟਰੀ ਫੌਜ ਵਿੱਚੋਂ ਰਿਟਾਇਰ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਜਾਂ ਲੜਾਈ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਤਨਖਾਹ ਤੱਕ ਦੇਂਦੀ ਸੀ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲੀ ਜਾਂਦਾ ਸੀ। ਪਰ ਨਵੀਂ ਆਈ ਤਾਲਿਬਾਨ ਸਰਕਾਰ ਨੇ ਇਹ ਤਨਖਾਹਾਂ ਬੰਦ ਕਰ ਦਿੱਤੀਆਂ। ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਅਸੀਂ, ਜਿਨ੍ਹਾਂ ਨੇ ਆਪਣੇ ਘਰ ਦੇ ਜੀਅ ਗਵਾ ਲਏ, ਉਹ ਸ਼ਹੀਦ ਹਨ। ਮੇਰੇ ਬੇਟੇ ਕੋਲ ਵੀ ਸ਼ਹਿਰ ਦੀ ਨਗਰਪਾਲਿਕਾ ਦੇ ਦਫ਼ਤਰ ਕੋਲ ਬਣੀ ਪਾਰਕਿੰਗ ਵਿਚ ਨੌਕਰੀ ਸੀ। ਹੋਰ ਵੀ ਕਈ ਅਪਾਹਜ ਅਜਿਹੇ ਕੰਮਾਂ ਵਿਚ ਲੱਗੇ ਹੋਏ ਸਨ। ਪਰ ਮੇਰੇ ਬੇਟੇ ਸਮੇਤ ਅਜਿਹੇ ਅਪਾਹਜਾਂ ਦੀ ਛੁੱਟੀ ਕਰਕੇ ਉਨ੍ਹਾਂ ਨੇ ਆਪਣੇ ਚਹੇਤੇ ਲਾ ਦਿੱਤੇ। ਹੁਣ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ। ਇਨ੍ਹਾਂ ਦਿਨਾਂ ਵਿਚ ਸਾਡਾ ਇਕ ਗੁਆਂਢੀ ਤਰਸ ਖਾ ਕੇ ਮੇਰੇ ਬੇਟੇ ਨੂੰ ਸ਼ਹਿਰ ਦੇ ਇਕ ਫਲਾਈਓਵਰ ਹੇਠ ਭੀਖ ਮੰਗਣ ਲਈ ਛੱਡ ਆਉਂਦਾ ਹੈ ਤੇ ਸ਼ਾਮ ਨੂੰ ਵਾਪਸ ਲੈ ਆਉਂਦਾ ਹੈ। ਭੀਖ ਵਿਚ ਜੋ ਸਿੱਕੇ ਮਿਲਦੇ ਹਨ ਉਨ੍ਹਾਂ ਨਾਲ ਅਗਲੇ ਦਿਨ ਤੱਕ ਜਿਊਂਦੇ ਰਹਿਣ ਲਈ ਅਸੀਂ ਡਬਲ ਰੋਟੀ ਖਰੀਦ ਲੈਂਦੇ ਹਾਂ।”
ਜਮੀਲਾ ਅਜਿਹੀ ਸਥਿਤੀ ਦਾ ਅਪਵਾਦ ਨਹੀਂ, ਉਹਦੇ ਵਰਗੀਆਂ ਹਜ਼ਾਰਾਂ ਔਰਤਾਂ ਹਨ, ਜਿਨ੍ਹਾਂ ਦੇ ਕੰਮਕਾਰ ਸ਼ਾਹੀ ਸਰਕਾਰੀ ਫੁਰਮਾਨ ਕਰਕੇ ਛੁੱਟ ਗਏ। ਬਹੁਤ ਵੱਡੀ ਗਿਣਤੀ ਵਿਚ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਤੇ ਇਕ ਵਾਰ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਅਗਲੀ ਵਾਰ ਕਦੋਂ ਨਸੀਬ ਹੋਵੇਗਾ। ਔਰਤਾਂ ਤੇ ਖਾਸ ਕਰਕੇ ਵਿਧਵਾਵਾਂ ਕੋਲ ਪੈਸੇ ਕਮਾਉਣ ਤੇ ਘਰ ਚਲਾਉਣ ਲਈ ਕੋਈ ਵਿਕਲਪ ਨਹੀਂ। ਗਰਾਉਂਡ ਜ਼ੀਰੋ ਤੋਂ ਇਹ ਵੀ ਪਤਾ ਲੱਗਿਆ ਕਿ ਵੱਡੀ ਗਿਣਤੀ ਵਿਚ ਘਰਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਔਰਤਾਂ ਸਿਰ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਦੇ ਪੁਰਸ਼ ਮੌਜੂਦਾ ਸੰਘਰਸ਼ ਵਿਚ ਜਾਂ ਤਾਂ ਮਾਰੇ ਗਏ ਜਾਂ ਅਪਾਹਜ ਹੋ ਗਏ ਜਾਂ ਵਧੇਰੇ ਜ਼ਖਮੀ ਹੋ ਕੇ ਮੰਜਿਆਂ ’ਤੇ ਪਏ ਹਨ। ਉਨ੍ਹਾਂ ਲਈ ਗੱਲ ਸਿਰਫ਼ ਦੋ ਵਕਤ ਢਿੱਡ ਭਰਨ ਦੀ ਨਹੀਂ, ਸਗੋਂ ਰਹਿਣ ਸਹਿਣ ਲਈ ਬਿਜਲੀ, ਪਾਣੀ, ਗਰਮ ਕਪੜੇ, ਦਵਾਈਆਂ ਦੀਆਂ ਲੋੜਾਂ ਵੀ ਹਨ ਤਾਂ ਕਿ ਜਾਨ ਲੇਵਾ ਠੰਡ ਤੋਂ ਬਚਿਆ ਜਾ ਸਕੇ।
ਪ੍ਰੋ. ਅਹਿਮਦ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਕੋਵਿਡ-19 ਤੋਂ ਬਾਅਦ ਉਹਨੇ ਤੇ ਉਹਦੀ ਪਤਨੀ ਨੇ ਮਿਲਕੇ ਗਰੀਬ ਪਰਿਵਾਰਾਂ ਤੇ ਖਾਸ ਕਰਕੇ ਵਿਧਵਾਵਾਂ ਦੀ ਮਦਦ ਲਈ ਦੋਸਤਾਂ ਕੋਲੋਂ ਪੈਸਾ ਇਕੱਠਾ ਕਰਕੇ ਇਕ ਫੰਡ ਦਾ ਕਾਇਮ ਕੀਤਾ। ਫਰਵਰੀ ਵਿਚ ਅਫਗਾਨਿਸਤਾਨ ਦੇ ਪੱਛਮੀ ਖੇਤਰ ਵਿਚ ਭਿਆਨਕ ਠੰਢ ਦੀ ਮੌਸਮੀ ਭਵਿੱਖਬਾਣੀ ਕੀਤੀ ਗਈ ਸੀ। ਸਾਲ 2023 ਦੇ ਚੜ੍ਹਦਿਆਂ ਹੀ ਰਾਤਾਂ ਨੂੰ ਬਰਫ਼ਬਾਰੀ ਹੋਣ ਲੱਗੀ ਤੇ ਪਾਰਾ ਮਾਈਨਸ 25 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ। ਅਮਰੀਕਾ ਵਿਚ ਰਹਿੰਦੇ ਉਹਦੇ ਇਕ ਦੋਸਤ ਨੇ ਕੁਝ ਪੈਸੇ ਇਕੱਠੇ ਕੀਤੇ ਤਾਂ ਜੋ ਜਮੀਲਾ ਵਰਗੀਆਂ ਵਿਧਵਾਵਾਂ ਖਾਣਾ ਬਣਾਉਣ ਤੇ ਕਮਰਿਆਂ ਨੂੰ ਨਿੱਘਾ ਰੱਖਣ ਲਈ ਕੋਇਲਾ ਖਰੀਦ ਸਕਣ। ਮੌਸਮ ਦੀ ਭਿਆਨਕ ਮਾਰ ਅੱਗੇ ਉਹਦੀ ਪਤਨੀ ਵੀ ਬੇਬਸ ਤੇ ਲਾਚਾਰ ਹੋ ਕੇ ਰਹਿ ਗਈ। ਜਿਨ੍ਹਾਂ ਘਰਾਂ ਦੀ ਸਾਰੀ ਜ਼ਿੰਮੇਵਾਰੀ ਔਰਤਾਂ ਸਿਰ ਹੈ, ਉਨ੍ਹਾਂ ਦੀ ਹਾਲਤ ਹੋਰ ਵੀ ਬਦਤਰ ਹੈ। ਕਿਸੇ ਤਰ੍ਹਾਂ ਦਾ ਸਮਾਜਕ ਸੰਪਰਕ ਨਾ ਹੋਣ ਕਰਕੇ ਉਨ੍ਹਾਂ ਦੀ ਖਾਣ ਪੀਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਤੇ ਬੱਚਿਆਂ ਦਾ ਢਿੱਡ ਭਰਨ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਬਚਿਆ।
ਇਸ ਤੋਂ ਬਾਅਦ ਵੀ ਤਾਲਿਬਾਨਾਂ ਨੇ ਔਰਤਾਂ ਦੀ ਸਕੂਲੀ, ਕਾਲਜੀ ਤੇ ਯੂਨੀਵਰਸਿਟੀ ਪੱਧਰ ਦੀ ਸਿਖਿਆ ’ਤੇ ਰੋਕ ਲਾ ਦਿੱਤੀ ਹੈ ਤੇ ਕੋਈ ਵੀ ਔਰਤ ਇਕੱਲੀ ਬਾਹਰ ਨਹੀਂ ਜਾ ਸਕਦੀ। ਬਾਹਰ ਉਹ ਸਿਰਫ਼ ਮਹਿਰਮ (ਭਾਵ ਕਿਸੇ ਨੇੜਲੇ ਪੁਰਸ਼ ਰਿਸ਼ਤੇਦਾਰ) ਨਾਲ ਹੀ ਜਾ ਸਕਦੀ ਹੈ, ਅਜਿਹਾ ਸਰਕਾਰੀ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਤਾਲਿਬਾਨਾਂ ਨੇ ਔਰਤਾਂ ਨਾਲ ਜੁੜੇ ਕੰਮ ਧੰਦੇ ਮਸਲਨ ਬਿਊਟੀ ਪਾਰਲਰ, ਸੈਲੂਨ, ਮਸਾਜ ਸੈਂਟਰ, ਖੇਡ ਕੇਂਦਰ ਤੇ ਰੁਜ਼ਗਾਰ ਨਾਲ ਜੁੜੇ ਅਜਿਹੇ ਸਾਰੇ ਸ੍ਰੋਤ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ।
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਔਰਤਾਂ ਤੇ ਨਾਲ ਨਾਲ ਪੁਰਸ਼ਾਂ ਦੀ ਸਥਿਤੀ ਵੀ ਗੰਭੀਰ ਹੈ। ਦੋਵੇਂ ਕੁਪੋਸ਼ਣ ਤੇ ਭੁੱਖਮਰੀ ਦੀ ਮਾਰ ਹੇਠ ਆਏ ਹੋਏ ਹਨ। ਵਿਧਵਾਵਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ। ਹਰ ਵਰ੍ਹੇ ਕੌਮਾਂਤਰੀ ਔਰਤ ਦਿਵਸ ਮੌਕੇ ਵਧਾਈਆਂ ਦੇ ਕੇ ਜਾਂ ਸ਼ੁਭ ਇਛਾਵਾਂ ਦੇ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਮੂਲ ਮੁੱਦਾ ਹੈ ਦੁਨੀਆ ਭਰ ਵਿਚ ਰਹਿ ਰਹੀਆਂ ਅਜਿਹੀਆਂ ਪੀੜਤ ਔਰਤਾਂ ਪ੍ਰਤੀ ਆਵਾਜ਼ ਬੁਲੰਦ ਕਰਨ ਦਾ ਤਾਂ ਕਿ ਉਹ ਵੀ ਇਨਸਾਨ ਹੋਣ ਦਾ ਸੁਖ ਹੰਢਾ ਸਕਣ ਤੇ ਮਾਣ ਨਾਲ “ਕੌਮਾਂਤਰੀ ਔਰਤ ਦਿਵਸ ਨੂੰ ਮੁਬਾਰਕ” ਕਹਿ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3839)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)