ParamjitSDhingra7ਲੇਖਕ ਨੇ ਗਲਪੀ ਓਹਲੇ ਵਿੱਚ ਜਿਹੜੇ ਪਾਜ ਉਘੇੜੇ ਹਨ ਨਿਸਚੇ ਹੀ ਉਨ੍ਹਾਂ ਨੇ ਕਈ ਸਵਾਲ ...
(27 ਸਤੰਬਰ 2021)

 

ਸਾਹਿਤ ਦਾ ਅਰਥ ਕੀਤਾ ਜਾਂਦਾ ਹੈ- ਸਾ+ਹਿਤ = ਪਰ ਹਿਤ, ਕਿਸੇ ਦੂਸਰੇ ਦਾ ਕਲਿਆਣ ਕਰਨਾਸਾਹਿਤ ਨੂੰ ਸਿਰਜਣਾ ਨਾਲ ਜੋੜਿਆ ਜਾਂਦਾ ਹੈ ਸਿਰਜਣਾ ਲੇਖਕ ਦਾ ਕਮਾਲ ਹੁੰਦੀ ਹੈਪਰ ਜੇ ਸਾਹਿਤ ਪਰ ਹਿਤ ਕਰਨ ਦੀ ਥਾਂ ਸਵੈ-ਹਿਤ ਦਾ ਵਾਹਕ ਬਣ ਜਾਵੇ ਤਾਂ ਇਹਦਾ ਉਦੇਸ਼ ਖਤਮ ਹੋ ਜਾਂਦਾ ਹੈਫਿਰ ਉਹ ਸਾਹਿਤ ਨਾ ਰਹਿ ਕੇ ਲੇਖਕ ਦੇ ਹਿਤਾਂ ਨੂੰ ਪੂਰਨ ਵਾਲੀ ਵਸਤੂ ਬਣ ਜਾਂਦਾ ਹੈਖਿੱਦੋ ਨਾਵਲ ਵਿੱਚ ਜਸਬੀਰ ਭੁੱਲਰ ਨੇ ਇਹੀ ਪੇਸ਼ਕਾਰੀ ਕੀਤੀ ਹੈ ਕਿ ਸਾਹਿਤ ਦੇ ਨਾਂ ਉੱਤੇ ਮਿਲਦੇ ਇਨਾਮਾਂ/ਸਨਮਾਨਾਂ ਪਿੱਛੇ ਜਿਹੜੀ ਠੱਗੀ ਕੀਤੀ ਜਾਂਦੀ ਹੈ, ਉਸ ਵਿੱਚ ਲੇਖਕ ਘੱਟ ਤੇ ਗ਼ੈਰ-ਲੇਖਕ, ਘੜੰਮ ਚੌਧਰੀ, ਪ੍ਰੋਫੈਸਰ, ਪੱਤਰਕਾਰ ਤੇ ਇਹੋ ਜਿਹੀਆਂ ਨਸਲਾਂ ਦੇ ਜੀਵ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਮਾਫੀਆ ਸਿਰਜਿਆ ਹੈਲੇਖਕ ਉਸ ਮਾਫੀਏ ਦੇ ਕਾਰਿਆਂ ਦਾ ਚਸ਼ਮਦੀਦ ਗਵਾਹ ਹੈ ਇਸੇ ਕਰਕੇ ਉਹ ਇਸ ਵਰਤਾਰੇ ਦੀਆਂ ਪਰਤਾਂ ਉਧੇੜਦਾ ਹੈ

ਅੱਜ ਦਾ ਨਾਵਲ ਸਥਿਤੀਆਂ ਦਾ ਨਾਵਲ ਹੈਇਸ ਵਿੱਚ ਉਸ ਕਿਸਮ ਦੇ ਪ੍ਰੰਪਰਾਗਤ ਨੈਰੇਟਿਵ ਲਈ ਕੋਈ ਥਾਂ ਨਹੀਂ ਜਿਸਦੇ ਅਸੀਂ ਮੁੱਢੋਂ ਆਦੀ ਹਾਂਇਸ ਵਿੱਚ ਤਾਂ ਸਥਿਤੀਆਂ ਬੋਲਦੀਆਂ ਵੀ ਹਨ ਤੇ ਪਾਤਰਾਂ ਕੋਲੋਂ ਉਨ੍ਹਾਂ ਦਾ ਅੰਦਰਲਾ ਸੱਚ ਬੁਲਵਾਉਂਦੀਆਂ ਵੀ ਹਨ ਇਸੇ ਕਰਕੇ ਸਥਿਤੀਆਂ ਇੱਕ ਤੋਂ ਬਾਅਦ ਇੱਕ ਰਹੱਸਾਂ ਦੀ ਲੜੀ ਨੂੰ ਸਿਰਜਦੀਆਂ ਵੀ ਜਾਂਦੀਆਂ ਹਨ ਤੇ ਭੰਜਕ ਵੀ ਕਰਦੀਆਂ ਜਾਂਦੀਆਂ ਹਨਲੇਖਕ ਆਪਣੀ ਸ਼ੈਲੀ ਰਾਹੀਂ ਉਨ੍ਹਾਂ ਦੀ ਪੇਸ਼ਕਾਰੀ ਕਰਦਾ ਜਾਂਦਾ ਹੈ

ਨਾਵਲ ਦਾ ਅਰੰਭ ਹੀ ਖਿੱਦੋ ਦੇ ਅਰਥਾਂ ਤੇ ਉਹਦੀ ਬਣਤਰ ਤੋਂ ਹੁੰਦਾ ਹੈਪਹਿਲਾ ਵਾਕ ਹੀ ਖਿੱਦੋ ਤੇ ਨਾਵਲੀ ਖਿੱਦੋ ਵਿੱਚ ਨਿਖੇੜਾ ਕਰ ਦਿੰਦਾ ਹੈ-‘ਉਹ ਵੀ ਖਿੱਦੋ ਸੀਇਹ ਵੀ ਖਿੱਦੋ ਹੈ।’ ਸੀ ਅਤੇ ਹੈ ਦਾ ਫਾਸਲਾ ਇਸ ਨਾਵਲ ਦੀ ਉਮਰ ਹੈ ਜੋ ਆਪਣੇ ਅੰਦਰੂਨੀ ਕਾਲ-ਖੰਡ ਵਿੱਚ ਫੈਲਦੀ ਚਲੀ ਜਾਂਦੀ ਹੈ‘ਵਕਤ ਬਹੁਤ ਅਗਾਂਹ ਤੁਰ ਜਾਂਦਾ ਹੈਹੁਣ ਖਿੱਦੋ ਕੁਝ ਹੋਰ ਦਾ ਹੋਰ ਹੋ ਗਿਆਉਹ ਰਿੜ੍ਹ ਕੇ ਲੇਖਕਾਂ ਨੂੰ ਮਿਲਦੀ ਸ਼ਾਬਾਸ਼ ਵਾਲਿਆਂ ਨਾਲ ਰਲ ਗਿਆਲੇਖਕਾਂ ਵਰਗੇ ਦਿਸਦੇ ਲੋਕਾਂ ਨੇ ਖਿੱਦੋ ਨੂੰ ਬੋਚ ਲਿਆਉਨ੍ਹਾਂ ਦੀ ਬਾਂਦਰ ਬਿਰਤੀ ਨੇ ਛਣਕਦੇ ਹੋਏ ਖਿੱਦੋ ਨੂੰ ਲੀਰੂੰ ਲੀਰੂੰ ਕਰ ਦਿੱਤਾਉਹ ਖਿੱਦੋ ਜਿਹੜਾ ਪ੍ਰੇਰਨਾ ਬਣਨ ਲਈ ਅਹੁਲਿਆ ਸੀ, ਤਰੱਕਿਆ ਹੋਇਆ ਖਿਲਾਰਾ ਹੋ ਗਿਆਸਾਹਿਤ ਦੀ ਸਮੁੱਚੀ ਜ਼ਮੀਨ ’ਤੇ ਹੁਣ ਉਨ੍ਹਾਂ ਲੀਰਾਂ ਦਾ ਖਲਾਰਾ ਹੈਉਹ ਲੀਰਾਂ ਭਿੱਜੀਆਂ ਹੋਈਆਂ ਵੀ ਨੇ ਤੇ ਬਦਬੂਦਾਰ ਵੀ ਨੇ

ਖਿੱਦੋ ਦੀ ਇਸ ਵਿਆਖਿਆ ਤੋਂ ਬਾਅਦ ਲੇਖਕ ਕਹਾਣੀ ਨੂੰ ਯਥਾਰਥਕ ਹਵਾਲਿਆਂ ਨਾਲ ਸਿਰਜਦਾ ਹੈਇਨਾਮਾਂ/ਸਨਮਾਨਾਂ ਦੀ ਰਾਜਨੀਤੀ ਸਿਰਫ ਇੰਨੀ ਕੁ ਹੈ ਹਰ ਉਹ ਲੇਖਕ/ਅਲੇਖਕ ਜੋ ਸਾਹਿਤ ਦੇ ਨਾਂ ’ਤੇ ਕੁਝ ਵੀ ਮੰਦਾ ਚੰਗਾ ਲਿਖ ਸਕਦਾ ਹੋਵੇ, ਪੈਸੇ ਦੇ ਕੇ ਕਿਤਾਬ ਛਪਵਾ ਸਕਦਾ ਹੋਵੇ, ਪੈਸੇ ਖਰਚ ਕੇ ਉਹਦੀ ਘੁੰਡ ਚੁਕਾਈ ਕਰਾ ਕੇ, ਦਾਰੂ ਪਿਆਲੇ ਨਾਲ ਪ੍ਰਸ਼ੰਸਾ ਕਰਵਾ ਸਕਦਾ ਹੋਵੇ, ਇਨਾਮਾਂ ਦੇ ਮਾਫੀਏ ਨੂੰ ਖ਼ੁਸ਼ ਕਰਕੇ ਪਹਾੜਾਂ ਦੀਆਂ ਸੈਰਾਂ ਕਰਵਾ ਸਕਦਾ ਹੋਵੇ, ਉਹ ਵੱਡਾ ਲੇਖਕ ਬਣ ਜਾਂਦਾ ਹੈ। ਤੇ ਵੱਡਾ ਲੇਖਕ ਵੱਡੇ ਸਰਕਾਰੀ ਇਨਾਮ ਦਾ ਹੱਕਦਾਰ ਹੁੰਦਾ ਹੈਇਸ ਰਾਜਨੀਤੀ ਨੇ ਸਾਹਿਤ ਨੂੰ ਹਾਸ਼ੀਏ ’ਤੇ ਧੱਕ ਕੇ ਇਨਾਮਾਂ/ਸਨਮਾਨਾਂ ਨੂੰ ਕੇਂਦਰ ਵਿੱਚ ਲੈ ਆਂਦਾ ਹੈਇਨ੍ਹਾਂ ਲਈ ਹਰ ਪ੍ਰਕਾਰ ਦੀ ਤਿਕੜਮਬਾਜ਼ੀ ਕੀਤੀ ਜਾਂਦੀ ਹੈਸ਼ਰਾਬ, ਕਬਾਬ ਤੇ ਸ਼ਬਾਬ ਨਾਲ ਮੈਂਬਰਾਂ ਨੂੰ ਸਰਸ਼ਾਰ ਕੀਤਾ ਜਾਂਦਾ ਹੈਕਹਿਣ ਦਾ ਭਾਵ ਹੈ ਕਿ ਜਿਵੇਂ ਅੱਜ ਦੇ ਯੁਗ ਵਿੱਚ ਹਰ ਵਸਤ ਬਜ਼ਾਰ ਦਾ ਅੰਗ ਬਣ ਗਈ ਹੈ, ਸਾਹਿਤ ਵੀ ਉਸੇ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈਸਾਹਿਤ ਦੀ ਨੈਤਿਕਤਾ ਬਦਲ ਦਿੱਤੀ ਗਈ ਹੈਲੇਖਕ ਦੀ ਅਨੈਤਿਕਤਾ ਸਾਹਿਤ ’ਤੇ ਭਾਰੂ ਹੋ ਗਈ ਹੈਇਸਦੀ ਇੱਕ ਉਦਾਹਰਣ ਨਾਵਲ ਵਿਚਲੇ ਬਲਵੰਤ ਸਿੰਘ ਗਰੇਵਾਲ ਦੀ ਚਿੱਠੀ ਤੋਂ ਦੇਖੀ ਜਾ ਸਕਦੀ ਹੈ

ਪਿਆਰੇ ਸੁਰਮੀਤ ਜੀਓ, ਤੁਹਾਨੂੰ ਤਾਂ ਪਤਾ ਏ, ਮੈਂ ਉੱਨੀਂ ਕਿਤਾਬਾਂ ਲਿਖੀਆਂ ਹਨਸਟੇਜਾਂ ’ਤੇ ਬਹੁਤ ਨਾਮਣਾ ਖੱਟਿਆ ਹੈ, ਪਰ ਮੈਂਨੂੰ ਹੁਣ ਤਕ ਇਗਨੋਰ ਕੀਤਾ ਗਿਆ ਹੈਹੁਣ ਮੁੱਦਤ ਪਿੱਛੋਂ ਤੁਹਾਡੇ ਵਰਗਾ ਇਨਸਾਫ ਪਸੰਦ ਲੇਖਕ ਰਾਜ ਸਲਾਹਕਾਰ ਬੋਰਡ ਦਾ ਮੈਂਬਰ ਬਣਿਆ ਹੈ ਤਾਂ ਮੇਰੀ ਆਸ ਜਾਗੀ ਹੈਇਸ ਵਾਰ ਤੁਸਾਂ ਮੈਂਨੂੰ ਨਿਆਂ ਦੇਣਾ ਹੈ

ਚਿੱਠੀ ਥੱਲੇ ਲਿਖਿਆ ਨੋਟ ਵੀ ਦਿਲਚਸਪ ਹੈ -

‘ਸੁਰਮੀਤ ਜੀ, ਜੇ ਮੇਰੀਆਂ ਕਿਤਾਬਾਂ ਦਾ ਨਹੀਂ ਤਾਂ ਮੇਰੀ ਉਮਰ ਦਾ ਖਿਆਲ ਹੀ ਕਰ ਲੈਣਾ ਇਸ ਸਤੰਬਰ ਵਿੱਚ ਮੈਂਨੂੰ ਇਕਾਸੀਵਾਂ ਸਾਲ ਲੱਗਿਆ ਹੈ।’

ਇਸੇ ਤਰ੍ਹਾਂ ਦੀ ਇੱਕ ਚਿੱਠੀ ਦੀਨਾਪੁਰ ਵਾਲੇ ਚੰਨਣ ਸਿੰਘ ਦੀ ਹੈਇਸ ਤਰ੍ਹਾਂ ਦੀਆਂ ਚਿੱਠੀਆਂ, ਨੋਟ ਅਕਸਰ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਭੇਜੇ ਜਾਂਦੇ ਹਨ ਫਿਰ ਉਨ੍ਹਾਂ ਨਾਲ ਸਾਂਝਾਂ ਸਥਾਪਤ ਕੀਤੀਆਂ ਜਾਂਦੀਆਂ ਹਨਜਿਸਦਾ ਉੱਥੇ ਕਾਂਟਾ ਫਿੱਟ ਹੋ ਗਿਆ, ਉਹ ਫਿਰ ਸ਼੍ਰੋਮਣੀ ਲੇਖਕ/ਕਵੀ ਬਣ ਜਾਂਦਾ ਹੈਇਹ ਖੇਡ ਬੜੇ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਹੈਜਿਵੇਂ ਜਿਵੇਂ ਇਨਾਮਾਂ ਦੀ ਰਾਸ਼ੀ ਵਧਦੀ ਜਾਂਦੀ ਹੈ ਤਿਵੇਂ ਤਿਵੇਂ ਅਜਿਹੇ ਲੇਖਕਾਂ ਦੀ ਹਾਬੜ ਵੀ ਵਧਦੀ ਜਾਂਦੀ ਹੈ

ਜਿਹੜੇ ਲੇਖਕ ਪਹਿਲਾਂ ਇਨਾਮ/ਸਨਮਾਨ ਲੈ ਚੁੱਕੇ ਹੁੰਦੇ ਹਨ ਉਹ ਫਿਰ ਅਗਲਿਆਂ ਨੂੰ ਰਾਹ ਪਾਉਂਦੇ ਹਨ, ਜੋੜ ਤੋੜ ਦੇ ਰਸਤੇ ਦੱਸਦੇ ਹਨ, ਖਰਚਾ ਹੋਣ ਦੀ ਗੱਲ ਕਰਦੇ ਹਨਇਹਦੀ ਇੱਕ ਮਿਸਾਲ ਇਸ ਨਾਵਲ ਦਾ ਪਾਤਰ ਤਰਲੋਚਨ ਭਾਦਸੋਂ ਹੈਕਈ ਅਜਿਹੇ ਲੇਖਕ ਵੀ ਹਨ ਜੋ ਸਲਾਹਕਾਰ ਬੋਰਡਾਂ ਦੇ ਮੈਂਬਰ ਹਨ ਤੇ ਖ਼ੁਦ ਹੀ ਆਪਣੇ ਆਪ ਨੂੰ ਇਨਾਮ ਦੇ ਕੇ ਧੰਨ ਹੋ ਜਾਂਦੇ ਹਨਇਨ੍ਹਾਂ ਵਿੱਚ ਸਿਰਮੌਰ ਲੇਖਕਾ ਡਾਕਟਰ ਸਮੀਪ ਕੌਰ ਰੁਮਾਣਾ ਵੀ ਹੈ

ਇਸੇ ਤਰ੍ਹਾਂ ਦੀ ਇੱਕ ਵਿਅੰਗ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਮੀਪ ਕੌਰ ਰੁਮਾਣਾ ਇਨਾਮਾਂ ਦੀ ਇਸ ਰਸਾਤਲੀ ਸਥਿਤੀ ਵਿੱਚ ਸੁਰਮੀਤ ਨੂੰ ਕਹਿੰਦੀ ਹੈ ਕਿ –

‘ਲੇਖਕ ਗਿੜਗੜਾਉਂਦੇ ਹੋਏ ਖ਼ੁਦ ਇਨਾਮਾਂ ਤਕ ਪਹੁੰਚਣ ਲੱਗ ਪਏ ਨੇਇਹੋ ਜਿਹੀਆਂ ਕਈ ਮਿਸਾਲਾਂ ਨੇਬੋਣੇਂ ਲੇਖਕ ਜੋੜਾਂ ਤੋੜਾਂ ਨਾਲ ਵੱਡੇ ਇਨਾਮ ਹਾਸਲ ਕਰ ਲੈਂਦੇ ਨੇਹੁਣ ਤਾਂ ਹਾਲਤ ਸ਼ਰਮਨਾਕ ਹੱਦ ਤਕ ਪਹੁੰਚੀ ਹੋਈ ਹੈਲੇਖਕ ਇੰਨੀਆਂ ਨੀਵੇਂ ਪੱਧਰ ਉੱਤੇ ਉੱਤਰ ਆਉਂਦੇ ਨੇ ਕਿ ਕੋਫਤ ਹੁੰਦੀ ਹੈ… ਆਪਾਂ ਇਸ ਗੱਲ ਵੱਲ ਆਈਏ ਕਿ ਅੱਜ ਕਿਹੜੇ ਲੇਖਕ ਲਈ ਲੜਨਾ ਏ …

ਸਲਾਹਕਾਰ ਬੋਰਡ ਦੇ ਮੈਂਬਰਾਂ ਦੇ ਅੱਗੋਂ ਵੀ ਕਈ ਗਰੁੱਪ ਹਨਹਰ ਕੋਈ ਆਪਣੀ ਧਿਰ ਦੇ ਲੇਖਕ ਨੂੰ ਇਨਾਮ ਦਿਵਾਉਣਾ ਚਾਹੁੰਦਾ ਹੈਮੈਂਬਰਾਂ ਦੀਆਂ ਅੱਗੋਂ ਮਸ਼ੂਕਾਂ ਵੀ ਇਸ ਲਾਈਨ ਵਿੱਚ ਹਨਜਿਵੇਂ ਡਾ. ਹਰਵੰਤ ਉਰਵਸ਼ੀ ਖੰਨਾ ਨੂੰ ਸ਼੍ਰੋਮਣੀ ਕਵੀ ਦਾ ਪੁਰਸਕਾਰ ਦਿਵਾਉਣਾ ਚਾਹੁੰਦਾ ਹੈ ਪਰ ਜਦੋਂ ਨਹੀਂ ਮਿਲਦਾ ਤਾਂ ਉਹ ਹੋਰ ਚਾਲਾਂ ਚਲਦਾ ਹੈਇਸ ਵਾਰੀ ਵੱਟੇ ਦੀ ਖੇਡ ਵਿੱਚ ਸਾਰੇ ਮੈਂਬਰ ਆਪਣੀਆਂ ਆਪਣੀਆਂ ਗੋਟੀਆਂ ਸੁੱਟਦੇ ਹਨ ਜਿਵੇਂ ਸਾਹਿਤ ਦੀ ਜਗ੍ਹਾ ਸ਼ਤਰੰਜ ਵਿਛੀ ਹੋਵੇ ਤੇ ਚਾਲਾਂ ਦਰ ਚਾਲਾਂ ਚੱਲਣ ਲਈ ਦਾਅ ਪੇਚ ਵਰਤੇ ਜਾ ਰਹੇ ਹੋਣ

ਕਈ ਲੇਖਕ ਜੋ ਇਸ ਖੇਡ ਵਿੱਚ ਸਫਲ ਹੋ ਜਾਂਦੇ ਹਨ, ਪਿਸ਼ਾਬ ਦਾ ਬਹਾਨਾ ਬਣਾ ਕੇ ਬਾਥਰੂਮ ਵਿੱਚੋਂ ਚਹੇਤਿਆਂ ਨੂੰ ਫੋਨ ਕਰਦੇ ਹਨ ਕਿ – ਬਾਬਿਓ ਆਪਾਂ ਕੁੱਟ ਲਏ ਜੇ ਪੰਜ ਲੱਖ ਰੁਪਏਹੁਣ ਸਕਾਚ ਦੀ ਬੋਤਲ ਤਿਆਰ ਰੱਖੀਂ।’ ਹਰ ਕੋਈ ਆਪਣਿਆਂ ਨੂੰ ਵਧਾਈਆਂ ਦੇ ਕੇ ਮੋਰਚੇ ਫਤਹਿ ਹੋਣ ਦੇ ਨਾਅਰੇ ਮਾਰ ਰਿਹਾ ਹੈਇੰਜ ਇਨ੍ਹਾਂ ਦੀ ਖੇਡ ਰੇੜ੍ਹੇ ਪਈ ਰਹਿੰਦੀ ਹੈਹਰ ਕੋਈ ਦੂਜੇ ਨੂੰ ਮਾਤ ਦੇਣ ਲਈ ਚਾਲ ਚਲਦਾ ਹੈ – ‘ਇਨਾਮਾਂ ਦੀ ਰਾਜਨੀਤੀ ਕੁਝ ਹੋਰ ਹੈਇਹ ਰਾਜਨੀਤੀ ਉਨ੍ਹਾਂ ਨੂੰ ਬਹੁਤ ਆਉਂਦੀ ਹੈ ਜਿਹੜੇ ਲੇਖਕ ਨਹੀਂ ਹੁੰਦੇ, ਪਰ ਲੇਖਕਾਂ ਵਾਂਗ ਦਿਸਦੇ ਹਨ

ਯੂਨੀਵਰਸਿਟੀਆਂ ਵਿੱਚ ਕਾਬਜ਼ ਕੁਝ ਵਿਸ਼ੇਸ਼ ਅਧਿਆਪਕਾਂ ਦਾ ਵੀ ਪੋਲ ਖੋਲ੍ਹਿਆ ਹੈ ਜੋ ਕੁੜੀਆਂ ਦਾ ਖੋਜ ਦੇ ਪਹਿਰੇ ਹੇਠ ਸ਼ੋਸ਼ਣ ਕਰਦੇ ਹਨ ਇਸੇ ਤਰ੍ਹਾਂ ਦਾ ਕੇਸ ਨਸੀਬ ਧਾਮੀ ਦਾ ਹੈਇਸ ਤਰ੍ਹਾਂ ਦੇ ਵਿਦਵਾਨ ਜਦੋਂ ਦਿੱਲੀਓਂ ਆ ਕੇ ਖਚਰ ਖੇਡ ਖੇਡਦੇ ਹਨ ਤਾਂ ਉਸ ਸਥਿਤੀ ਉੱਪਰਲਾ ਵਿਅੰਗ ਵੇਖਣ ਯੋਗ ਹੈ –

ਹਮੇਸ਼ਾ ਵਾਂਗ ਇਸ ਵਾਰ ਵੀ ਡਾਕਟਰ ਹਰਵੰਤ ਦੀ ਪੰਜਾਬ ਫੇਰੀ ਮੁਨਾਫੇ ਵਾਲੀ ਰਹੀਉਹ ਅੱਜ ਸਵੇਰੇ ਦਿੱਲੀ ਤੋਂ ਆਇਆ ਸੀਭਲਕ ਸ਼ਾਮ ਤਕ ਉਹਨੇ ਕਾਗਜ਼ਾਂ ਵਿੱਚ ਦਿੱਲੀ ਪਹੁੰਚ ਜਾਣਾ ਸੀਮਾਣ-ਭੱਤੇ ਦੇ ਕਲੇਮ ਵਾਲੇ ਬਿੱਲਾਂ ਵਿੱਚ ਉਹਨੇ ਚਾਰ ਵਾਰ ਹੀ ਦਿੱਲੀ ਤੋਂ ਆਉਣਾ ਸੀ ਤੇ ਚਾਰ ਵਾਰ ਹੀ ਜਾਣਾ ਸੀ

ਲੋਕ ਅਦਬ ਅਕਾਦਮੀ ਦਾ ਸਕੱਤਰ ਸੁੱਚਾ ਸਿੰਘ ਸੈਣੀ ਇੱਕ ਹੋਰ ਅਜਿਹਾ ਪਾਤਰ ਹੈ ਜਿਸਨੇ ਡਾਕਟਰ ਹਰਵੰਤ ਨਾਲ ਮਿਲ ਕੇ ਦਿੱਲੀ ਵਿੱਚ ਇੱਕ ਅਜਿਹਾ ਗਰੁੱਪ ਤਿਆਰ ਕੀਤਾ ਹੈ ਜੋ ਇਨਾਮਾਂ/ਸਨਮਾਨਾਂ ਦੇ ਪਿੱਛੇ ਫਿਰਨ ਵਾਲੇ ਲਾਲ੍ਹਾਂ ਸੁੱਟਦੇ ਲੋਕਾਂ ਨੂੰ ਜਕੜਦਾ ਹੈ, ਕਵਿੱਤਰੀਆਂ ਨੂੰ ਫਸਾਉਂਦਾ ਹੈ, ਸੈਮੀਨਾਰਾਂ, ਵਰਕਸ਼ਾਪਾਂ ਵਿੱਚ ਆਪਣੇ ਰਸੂਖ ਕਰਕੇ ਪੈਂਠ ਬਣਾਉਂਦਾ ਹੈ ਤੇ ਫਿਰ ਸਾਹਿਤ ਦੇ ਨਾਂ ’ਤੇ ਆਪਣੀ ਸ਼ਤਰੰਜ ਵਿਛਾਉਂਦਾ ਹੈ

ਇਨ੍ਹਾਂ ਦੀ ਇਸ ਸਾਜ਼ਿਸ਼ੀ ਬਿਰਤੀ ਨੂੰ ਇੱਕ ਉਪ ਕਥਾ ਰਾਹੀਂ ਲੇਖਕ ਦੱਸਦਾ ਹੈ – ‘ਪਹਿਲੋਂ ਸੁਣ ਇੱਕ ਕਹਾਣੀ’ ਪ੍ਰੋਫੈਸਰ ਕਿਸ਼ੌਰੀ ਲਾਲ ਨੇ ਇਸ਼ਾਰੇ ਨਾਲ ਸੈਣੀ ਨੂੰ ਚਾਹ ਮੰਗਵਾਉਣ ਲਈ ਆਖਿਆ ਤੇ ਗੱਲ ਅਗਾਂਹ ਤੋਰੀ, ‘ਸਾਡੀ ਕੁਝ ਜ਼ਮੀਨ ਬਿਆਸ ਦਰਿਆ ਦੇ ਮੰਡ ਵਿੱਚ ਹੁੰਦੀ ਸੀਉਸ ਜ਼ਮੀਨ ਵਿੱਚ ਨਿੱਕੇ ਨਿੱਕੇ ਨਾਲੇ ਵੀ ਸਨ ਤੇ ਢੰਨਾਂ ਵੀਢੰਨਾਂ ਨਿੱਕੇ ਛੱਪੜ ਵਾਂਗ ਸਨਬਿਆਸ ਦੇ ਉਛਾਲ ਨਾਲ ਉਹ ਢੰਨਾਂ ਪਾਣੀ ਨਾਲ ਭਰ ਜਾਂਦੀਆਂ ਸਨਅਸੀਂ ਉਨ੍ਹਾਂ ਢੰਨਾਂ ਵਿੱਚ ਕੁੰਡੀਆਂ ਸੁੱਟ ਦਿੰਦੇ ਸਾਂ

‘ਕੁੰਡੀਆਂ ਦੀ ਸੂਤਲੀ ਅਸੀਂ ਬੂਝਿਆਂ ਨਾਲ ਬੰਨ੍ਹ ਕੇ ਘਰ ਆ ਜਾਂਦੇ ਸਾਂਅਗਲੀ ਸਵੇਰ ਅਸੀਂ ਕੁੰਡੀਆਂ ਬਾਹਰ ਖਿੱਚ ਲੈਂਦੇ ਸਾਂਸਾਡੇ ਵਿੱਚੋਂ ਕਈਆਂ ਦੀਆਂ ਕੁੰਡੀਆਂ ਖਾਲੀ ਹੁੰਦੀਆਂ ਸਨ ਤੇ ਕਈਆਂ ਦੀਆਂ ਕੁੰਡੀਆਂ ਨਾਲ ਮੱਛੀ ਫਸੀ ਹੁੰਦੀ ਸੀ

‘ਮੱਛੀ ਤਾਂ ਫਿਰ ਉਸੇ ਕੁੰਡੀ ਨਾਲ ਹੀ ਫਸੂ ਜਿਸਦੇ ਨਾਲ ਉਹਦੇ ਖਾਣ ਲਈ ਕੁਝ ਸੁਆਦੀ ਲੱਗਾ ਹੋਊ

‘ਤਾਂ ਵੀ ਆਪਾਂ ਤਿੰਨੇ ਢੰਨ ਵਿੱਚ ਆਪੋ ਆਪਣੀ ਕੁੰਡੀ ਸੁਟਾਂਗੇਅੱਗੇ ਮੱਛੀ ਦੀ ਮਰਜ਼ੀ।’ ਇਸ ਸਾਰੀ ਕਹਾਣੀ ਦਾ ਸੰਬੰਧ ਨਸੀਬ ਧਾਮੀ ਨਾਲ ਜੁੜਦਾ ਹੈ ਜੋ ਕਵਿਤਾ ਪੜ੍ਹਨ ਲਈ ਦਿੱਲੀ ਆਈ ਹੋਈ ਹੈ

ਇਸ ਸਥਿਤੀ-ਮੂਲਕ ਨਾਵਲ ਵਿੱਚੋਂ ਵੱਡੇ ਵੱਡੇ ਲੇਖਕਾਂ ਦੇ ਦਰਸ਼ਨ ਹੁੰਦੇ ਹਨ ਜੋ ਇਸ ਤਿਕੜਮਬਾਜ਼ੀ ਦੇ ਮਾਹਰ ਹਨਮਸਲਨ –

ਉਸ ਪੁਰਸਕਾਰ ਯੱਗ ਦਾ ਕੜਾਹ ਵਰਤਾਉਣ ਵਾਲਿਆਂ ਵਿੱਚ ਗੁਰਦੀਪ ਪਨੇਸਰ ਅਤੇ ਉਹਦੀ ਢਾਣੀ ਦੇ ਕੁਝ ਬੰਦੇ ਵੀ ਸਨਪੰਜਾਬੀ ਅਕਾਦਮੀ ਲੁਧਿਆਣਾ ਦੀ ਚੋਣ ਵੇਲੇ ਡਾ. ਹਰਵੰਤ ਸਿੰਘ ਹੀਰਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀਪ੍ਰਧਾਨਗੀ ਦੀ ਚੋਣ ਜਿੱਤਣ ਵਾਲਾ ਗੁਰਦੀਪ ਪਨੇਸਰ ਸੀ ਇਸੇ ਖੇਡ ਵਿੱਚ ਗੁਰਦੀਪ ਪਨੇਸਰ ਦੀ ਪ੍ਰੇਮਕਾ ਬਰਿੰਦਰ ਕੌਰ ਬੀਰਾਂ ਸ਼੍ਰੋਮਣੀ ਕਵੀ ਹੋ ਗਈ ਸੀ

ਪੰਜਾਬੀ ਭਾਸ਼ਾ ਦੇ ਨਾਂ ’ਤੇ ਰਾਜਨੀਤਕਾਂ ਦਾ ਪਰਦਾ ਵੀ ਖੋਲ੍ਹਿਆ ਹੈ –

ਰਾਜ ਭਵਨ ਵਿੱਚ ਲੇਖਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆਉਪ ਮੁੱਖ ਮੰਤਰੀ ਰਣਬੀਰ ਸਿੰਘ ਭਾਗੋਪੁਰੀਆਂ ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀਉਹਨੇ ਆਪਣੀ ਅੰਗਰੇਜ਼ੀ ਦੇ ਗਿਆਨ ਦਾ ਪੂਰਾ ਲਾਹਾ ਲਿਆਉਹਨੇ ਮੰਗ ਪੱਤਰ ਅੰਗਰੇਜ਼ੀ ਵਿੱਚ ਪੇਸ਼ ਕੀਤਾਪ੍ਰਭਾਵਸ਼ਾਲੀ ਅੰਗਰੇਜ਼ੀ ਵਿੱਚ ਹੀ ਉਸ ਨੇ ਚੰਡੀਗੜ੍ਹ ਵਿੱਚ ਪੰਜਾਬੀ ਨਾਲ ਹੋ ਰਹੇ ਅਨਿਆਂ ਦੀ ਗੱਲ ਕੀਤੀਉਹਨੇ ਗਵਰਨਰ ਨੂੰ ਇਹ ਵੀ ਦੱਸਿਆ ਕਿ ਪੰਜਾਬੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਬਣੇਸਕੂਲਾਂ, ਕਾਲਜਾਂ ਵਿੱਚ ਪੜ੍ਹਾਈ ਜਾਵੇ ਅਤੇ …’

ਇਹ ਪੰਜਾਬੀ ਭਾਸ਼ਾ ਦੇ ਨਾਂ ’ਤੇ ਖੇਡੀ ਰਾਜਨੀਤੀ ਹੈਕਿਉਂਕਿ ਇਹੀ ਉਹ ਨੇਤਾ ਹਨ ਜਿਨ੍ਹਾਂ ਨੇ ਪੰਜਾਬੀ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਖੋਰਾ ਲਾਇਆ ਤੇ ਹੁਣ ਰਾਜਨੀਤੀ ਚਮਕਾਉਣ ਲਈ ਇਹੀ ਉਹਦੇ ਸਭ ਤੋਂ ਵੱਡੇ ਹਿਤੈਸ਼ੀ ਬਣ ਕੇ ਲੋਕਾਂ ਨੂੰ ਗੁਮਰਾਹ ਕਰਦੇ ਆਏ ਹਨ

ਇਨਾਮ ਦਿਵਾਉਣ ਵਾਲੇ ਬੋਰਡ ਦੇ ਇੱਕ ਸਲਾਹਕਾਰ ਪ੍ਰੋਫੈਸਰ ਕਿਸ਼ੋਰੀ ਲਾਲ ਦੇ ਨਿੱਜੀ ਗੁਣਾਂ ਨੂੰ ਉਭਾਰ ਕੇ ਲੇਖਕ ਦੱਸਦਾ ਹੈ ਕਿ ਅਜਿਹੇ ਚੌਧਰੀ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਵਾਹ ਵਾਸਤਾ ਨਹੀਂ ਕਿਵੇਂ ਇਨਾਮਾਂ ਦੀ ਰਾਜਨੀਤੀ ਖੇਡਦੇ ਹਨ –

ਤਰਲੋਚਨ ਭਾਦਸੋਂ ਜਾਣਦਾ ਸੀ, ਸ਼ੌਂਕੀ ਉਹਦੀ ਅੱਲ ਪੱਕੀ ਹੋਈ ਸੀ

ਉਹ ਸੁਹਣੀਆਂ ਔਰਤਾਂ ਦਾ ਸ਼ੌਂਕੀ ਸੀ
ਉਹਨੂੰ ਸਾਹਿਤਕਾਰ ਦਿਸਣ ਦਾ ਸ਼ੌਂਕ ਸੀ।
ਉਹਨੂੰ ਸਾਹਿਤਕ ਸਮਾਗਮਾਂ ਦੀ ਪ੍ਰਧਾਨਗੀ ਕਰਨ ਦਾ ਸ਼ੌਂਕ ਸੀ।
ਉਹਨੂੰ ਵਿਸ਼ਵ ਕਾਨਫ੍ਰੰਸਾਂ ਕਰਨ ਦਾ ਸ਼ੌਂਕ ਸੀ

ਉਹਨੂੰ ਲਿਖਣ-ਪੜ੍ਹਨ ਦਾ … ਨਹੀਂ, ਨਹੀਂਇਹ ਸ਼ੌਂਕ ਪ੍ਰੋਫੈਸਰ ਕਿਸ਼ੌਰੀ ਲਾਲ ਨੂੰ ਹਰਗਿਜ਼ ਨਹੀਂ ਸੀ

ਇਸ ਪਾਤਰ ਦੀ ਨਾਲਾਇਕੀ ਨੂੰ ਅੱਗੇ ਜਾ ਕੇ ਲੇਖਕ ਨੇ ਹੋਰ ਉਭਾਰਿਆ ਹੈ ਕਿ ਕਿਵੇਂ ਉਹਨੇ ਕਾਲਜਾਂ ਵਿੱਚ ਨਲਾਇਕਾਂ ਦਾ ਗੰਦ ਭਰਿਆ, ਉਹਦੇ ਖੋਟੇ ਸਿੱਕੇ ਵੀ ਕਮਾਲ ਦੇ ਨੇਉਹ ਵਿਸ਼ਵ ਕਾਨਫਰੰਸਾਂ ਦਾ ਚਹੇਤਾ ਹੈ – ਉਹਦੀਆਂ ਜੜ੍ਹਾਂ ਤਾਂ ਵਿਦੇਸ਼ਾਂ ਤਕ ਵੀ ਫੈਲੀਆਂ ਹੋਈਆਂ ਨੇਤੂੰ ਸੁਣਦਾ ਪੜ੍ਹਦਾ ਨਹੀਂ? ਹਰ ਤੀਜੇ ਮਹੀਨੇ ਤਾਂ ਉਹ ਪੰਦਰਾਂ ਬੰਦਿਆਂ ਵਾਲੀ ਵਿਸ਼ਵ ਕਾਨਫਰੰਸ ਕਰਵਾ ਲੈਂਦਾ ਏਉਹਦੇ ਬਾਰੇ ਲੇਖਕ ਉਹਦੇ ਮੂੰਹੋਂ ਉਹਦੇ ਅੰਦਰਲੀ ਸਚਾਈ ਕਢਵਾਉਂਦਾ ਲਿਖਦਾ ਹੈ – ਤੈਨੂੰ ਪਤਾ ਏ ਨਾ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਡੀਨ ਸਾਂਤੈਥੋਂ ਕਾਦ੍ਹਾ ਲੁਕਾ ਏਉਦੋਂ ਮੈਂ ਕਾਲਜਾਂ ਵਿੱਚ ਨਲਾਇਕਾਂ ਦਾ ਬੜਾ ਗੰਦ ਭਰਿਆਮੇਰਾ ਇੱਕ ਚੇਲਾ ਖੇਤੀਬਾੜੀ ਦਾ ਸਬ ਇੰਸਪੈਕਟਰ ਸੀ ਇੱਕ ਹੋਰ ਚੇਲਾ ਮੇਰਾ ਟਾਈਪਿਸਟ ਸੀਉਹ ਦੋਵੇਂ ਹੁਣ ਕਾਲਜ ਵਿੱਚ ਪ੍ਰੋਫੈਸਰ ਨੇਬੜਿਆਂ ਦਾ ਭਲਾ ਹੋਇਆ ਮੇਰੇ ਹੱਥੋਂਮੇਰੇ ਉਹ ਖੋਟੇ ਸਿੱਕੇ ਵੀ ਕਮਾਲ ਦੇ ਨੇਜਿਹੜੀਆਂ ਕੁੜੀਆਂ ਦਾ ਮੈਂ ਗਾਈਡ ਹਾਂ, ਉਹ ਮੇਰੇ ਕਰਜ਼ੇ ਦੀਆਂ ਕਿਸ਼ਤਾਂ ਨਾਲੋ ਨਾਲ ਤਾਰਦੀਆਂ ਹੀ ਰਹਿੰਦੀਆਂ ਨੇ, ਉਨ੍ਹਾਂ ਕੋਲ ਸੋਹਣਾ ਸਰੀਰ ਜੋ ਹੁੰਦਾ ਏਇੰਜ ਉਹਦੀਆਂ ਪਰਤਾਂ ਉਧੇੜੀਆਂ ਨੇ ਕਿ ਉਹ ਤਰਲੋਚਨ ਨੂੰ ਕਿਵੇਂ ਇਨਾਮ ਦਿਵਾਉਣ ਲਈ ਸੌਦੇਬਾਜ਼ੀ ਕਰਦਾ ਹੈ ਇਸੇ ਤਰ੍ਹਾਂ ਇੱਕ ਵਿਦੇਸ਼ੀ ਲੇਖਕ ਨੂੰ ਇਨਾਮ ਦਿਵਾਉਣ ਲਈ ਡਾਕਟਰ ਹੀਰਾ ਜਿਊਰੀ ਮੈਂਬਰਾਂ ਨੂੰ ਲਿਫਾਫੇ ਵੰਡਦਾ ਹੈ ਤੇ ਆਪ ਵੀ ਲਿਫਾਫੇ ਦਾ ਭਾਰਾ ਹਿੱਸਾ ਗ੍ਰਹਿਣ ਕਰਦਾ ਹੈ

ਇਸ ਤੋਂ ਅੱਗੇ ਗੱਲ ਸਾਹਿਤ ਅਕਾਦਮੀ ਦੀ ਤੁਰਦੀ ਹੈ, ਕਿਵੇਂ ਉੱਥੇ ਵੀ ਅਜਿਹੀ ਹੀ ਬਿਸਾਤ ਵਿਛਾਈ ਹੋਈ ਹੈਇਸਦਾ ਸੰਕੇਤ ਗੋਸ਼ਤ ਦੇ ਚਿੰਨ੍ਹ ਤੋਂ ਮਿਲਦਾ ਹੈ –

‘ਸਹੇਲੀਏ! ਉਹ ਗੋਸ਼ਤ ਜੋ ਪੰਜ ਸਿਤਾਰਾ ਹੋਟਲ ਹੁੰਦੇ ਏਉਹ ਗੋਸ਼ਤ ਹਵਾਈ ਜਹਾਜ਼ ਦਾ ਸਫਰ ਹੁੰਦਾ ਏਉਹ ਗੋਸ਼ਤ ਕੌਮੀ ਮਿਆਰ ਦੇ ਲੇਖਕ ਹੋ ਜਾਣ ਦਾ ਭਰਮ ਹੁੰਦਾ ਹੈਉਹ ਗੋਸ਼ਤ …’

ਇਸ ਨਾਵਲ ਦਾ ਅੰਤਲਾ ਕਿੱਸਾ ਜੋ ਡਾਕਟਰ ਹਰਵੰਤ ਹੀਰੇ ਦੀ ਮੌਤ ਨਾਲ ਸੰਬੰਧਿਤ ਹੈ – ਬੜਾ ਦਰਦਨਾਕ ਹੈ। ਵਡੇਰੀ ਉਮਰ ਵਿੱਚ ਉਹ ਕਨੇਡਾ ਵਿੱਚੋਂ ਭੇਜੀਆਂ ਵਿਆਗਰਾਂ ਦੀਆਂ ਗੋਲੀਆਂ ਪਰਖਦਾ ਮੌਤ ਦੇ ਮੂੰਹ ਜਾ ਪੈਂਦਾ ਹੈਉਹ ਪ੍ਰੇਮਕਾ ਨਾਲ ਅੰਤਮ ਭੋਗ ਕਰਦਾ ਹੈ ਤੇ ਫਿਰ ਜਿਵੇਂ ਨਰਕਾਂ ਦੀ ਅੱਗ ਵਿੱਚ ਝੁਲਸਿਆ ਜਾਂਦਾ ਹੈ

ਉਹਦੀ ਮੌਤ ਕਈ ਚਿਰ ਅਚੰਭਾ ਬਣੀ ਰਹੀਫਿਰ ਹੌਲੀ ਹੌਲੀ ਭੇਦ ਖੁੱਲ੍ਹਣ ਲੱਗੇਉਹਦੀ ਥਾਂ ਸੁੱਚਾ ਸਿੰਘ ਸੈਣੀ ਲੈਣ ਲੱਗਾਹੁਣ ਉਹਨੂੰ ਡਾਕਟਰ ਦਾ ਕੋਈ ਡਰ ਭਓ ਨਹੀਂ ਸੀਉਹ ਵੀ ਉਹੋ ਜਿਹੀਆਂ ਸ਼ਬਾਬੀ ਖੇਡਾਂ ਖੇਡਣ ਲੱਗਾ ਕਵਿੱਤਰੀ ਨਸੀਬ ਨੂੰ ਆਪਣੇ ਮੱਕੜਜਾਲ ਵਿੱਚ ਫਸਾਉਣ ਲਈ ਉਹ ਪੂਰੀ ਤਿਆਰ ਨਾਲ ਕੁੰਡੀ ਲਾਉਂਦਾ ਹੈ, ਪਰ ਕਾਮਯਾਬ ਨਹੀਂ ਹੁੰਦਾਉਹਦੀ ਕਮੀਨਗੀ, ਬੇਸ਼ਰਮੀ, ਲਾਲਸਾ ਤੇ ਵਾਸ਼ਨਾ ਨੂੰ ਲੇਖਕ ਨੇ ਇੱਕ ਪੂਰੇ ਨੈਰੇਟਿਵ ਵਿੱਚ ਫੈਲਾਇਆ ਹੈਮਸਲਨ – ਵੇਖ ਨਸੀਬ, ਤੂੰ ਤਾਂ ਗੁਰੂ ਨਾਲ ਮੇਰੇ ਰਿਸ਼ਤੇ ਨੂੰ ਜਾਣਨੀ ਏਬਾਬੇ ਦਾ ਤੇਰੇ ਨਾਲ ਦਿਲੋਂ ਮੋਹ ਸੀਉਹ ਚਾਹੁੰਦਾ ਸੀ, ਤੂੰ ਸਾਹਿਤ ਦੀ ਡਾਕਟਰ ਬਣੇਂ ਤੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੀ ਪ੍ਰੋਫੈਸਰ ਵੀਉਹ ਤੈਨੂੰ ਇੱਕ ਮਸ਼ਹੂਰ ਲੇਖਕਾ ਬਣੀ ਵੇਖਣਾ ਚਾਹੁੰਦਾ ਸੀਡਾਕਟਰ ਹੀਰੇ ਦਾ ਅਧੂਰਾ ਰਹਿ ਗਿਆ ਕੰਮ ਮੈਂ ਪੂਰਾ ਕਰਨਾ ਹੈਮੈਂ ਇਹ ਵੀ ਕਰਨਾ ਹੈ ਕਿ …’

ਅੰਤਲਾ ਹਿੱਸਾ ਬਿਖਰੀਆਂ ਲੀਰਾਂ ਦੀ ਹੋਣੀ ਦਾ ਹੈ ਜਿਸ ਵਿੱਚ ਡਾ. ਹੀਰੇ ਦੀ ਪ੍ਰੇਮਕਾ ਨੂੰ ਅਕਾਦਮੀ ਇਨਾਮ ਮਿਲਣ ਦੇ ਦ੍ਰਿਸ਼ ਨੂੰ ਚਿਤਰਿਆ ਹੈ ਉੱਥੇ ਵੀ ਸੁੱਚਾ ਸੈਣੀ, ਜੋ ਹੁਣ ਡਾਕਟਰ ਹੀਰੇ ਦਾ ਗੱਦੀ ਨਸ਼ੀਨ ਹੈ, ਉਹਦੇ ਰਾਹੀਂ ਪ੍ਰੇਮਕਾ ਉਰਵਸ਼ੀ ਦੇ ਇਨਾਮ ਦਾ ਭੇਦ ਤੇ ਡਾਕਟਰ ਹੀਰੇ ਨਾਲ ਉਹਦੇ ਸਬੰਧਾਂ ਦਾ ਪਤਾ ਉਹਦੇ ਪਤੀ ਜਗਮੋਹਨ ਖੰਨੇ ਕੋਲ ਖੁੱਲ੍ਹਦਾ ਹੈਅਜਿਹੀਆਂ ਦੁਖਾਂਤਕ ਸਥਿਤੀਆਂ ਦਾ ਅੰਤ ਉਰਵਸ਼ੀ ਵੱਲੋਂ ਕੀਤੀ ਖ਼ੁਦਕੁਸ਼ੀ ਨਾਲ ਹੁੰਦਾ ਹੈ

ਇਸ ਤਰ੍ਹਾਂ ਇਹ ਨਾਵਲ ਉਨ੍ਹਾਂ ਵਿਕਟ ਸਥਿਤੀਆਂ ਦੇ ਗੋਰਖਧੰਦੇ ਨਾਲ ਭਰਿਆ ਪਿਆ ਹੈ ਜੋ ਸਾਹਿਤ ਤੇ ਭਾਸ਼ਾ ਦੇ ਨਾਂ ’ਤੇ ਭ੍ਰਸ਼ਟਾਚਾਰ ਤੇ ਸ਼ੋਸ਼ਣ ਨਾਲ ਲਬਰੇਜ਼ ਹਨਇਸ ਵਿਚਲੇ ਸਾਰੇ ਪਾਤਰ ਪਛਾਣਨਯੋਗ ਚਿਹਰੇ ਹਨਹੋ ਸਕਦਾ ਪਾਠਕ ਇਨ੍ਹਾਂ ਨੂੰ ਪਛਾਣ ਲੈਣ ਤੇ ਇਨ੍ਹਾਂ ਨੂੰ ਨਫਰਤ ਕਰਨਕਈ ਚਿਹਰੇ ਤੜਫ ਵੀ ਸਕਦੇ ਹਨ ਪਰ ਹੁਣ ਉਹ ਆਪਣੀ ਤੜਫਣ ਜੱਗ ਜ਼ਾਹਰ ਨਹੀਂ ਕਰਨਗੇ ਕਿਉਂਕਿ ਇਸ ਨਾਲ ਬਦਨਾਮੀ ਦਾ ਡਰ ਹੈਲੇਖਕ ਨੇ ਗਲਪੀ ਓਹਲੇ ਵਿੱਚ ਜਿਹੜੇ ਪਾਜ ਉਘੇੜੇ ਹਨ ਨਿਸਚੇ ਹੀ ਉਨ੍ਹਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨਕੁਝ ਲੇਖਕ ਇਨ੍ਹਾਂ ਇਨਾਮਾਂ ਦੇ ਭ੍ਰਸ਼ਟਾਚਾਰ ਲਈ ਅਦਾਲਤ ਵੀ ਪਹੁੰਚ ਗਏ ਹਨਅਦਾਲਤ ਨੇ ਅਗਲੇ ਹੁਕਮ ਤਕ ਇਨਾਮਾਂ ’ਤੇ ਰੋਕ ਲਾ ਦਿੱਤੀ ਹੈਇਸ ਗਲਪੀ ਪਾਠ ਦੀਆਂ ਲਿਸ਼ਕੋਰਾਂ ਵਿੱਚੋਂ ਸਾਹਿਤ ’ਤੇ ਖਿਲਰੀ ਧੁੰਦ ਸਪਸ਼ਟ ਦੇਖੀ ਜਾ ਸਕਦੀ ਹੈਸਾਹਿਤ ਦੇ ਨਾਂ ’ਤੇ ਫੈਲੇ ਭ੍ਰਿਸ਼ਟਾਚਾਰ ਦੀ ਇਹ ਮਹਾਂ ਗਾਥਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3036)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author