“ਤੇ ਦੇਖਦੇ ਦੇਖਦੇ ਹਵਾ ਵਿੱਚ ਹਿੱਲਣ ਲੱਗੀਆਂ ... ਬੰਦ ਮੁੱਠੀਆਂ ਤੇ ਗੂੰਜਣ ਲੱਗੇ ਲੱਖਾਂ ਨਾਅਰੇ ...”
(17 ਦਸੰਬਰ 2021)
1. ਚਾਹ ਤੇ ਸੁਪਨਾ
ਵਾਇਸਰਾਏ ਲੌਜ ਦੇ ਪੈਰਾਂ ਵਿਚ
ਹਰੀ ਰਾਮ ਦਾ ਚਾਹ ਦਾ ਖੋਖਾ
ਜਿੱਥੇ ਸਵੇਰ ਤੋਂ ਲੈਕੇ ਰਾਤ ਤੱਕ
ਉੱਬਲਦੀ ਰਹਿੰਦੀ ਮਸਾਲੇਦਾਰ ਚਾਹ ਦੀ
ਭਿੰਨੀ ਭਿੰਨੀ ਮਹਿਕ
ਦੌੜ ਰਹੀ ਜ਼ਿੰਦਗੀ ਦੀ ਰਫਤਾਰ ਨੂੰ
ਸਾਹ ਦਿੰਦੀ ਤੇ ਸੱਤਾ ਦੇ ਸੱਚ ਝੂਠ ਨੂੰ ਜ਼ਬਾਨ।
ਹਰੀ ਰਾਮ ਗਵਾਹ ਹੈ ਬਦਲਦੀਆਂ ਸਰਕਾਰਾਂ
ਵਧਦੀ ਮਹਿੰਗਾਈ ਤੇ ਉਨ੍ਹਾਂ ਲਾਰਿਆਂ ਦਾ
ਜੋ ਕਦੇ ਵੀ ਉਹਦਾ ਢਿੱਡ ਨਹੀਂ ਭਰ ਸਕੇ।
ਜਿਵੇਂ ਜਿਵੇਂ ਦੇਸ਼ ਭੁੱਖਮਰੀ ਦੀ ਖੱਡ ਵਿਚ
ਡਿੱਗਦਾ ਡਿਗਦਾ ਕਈ ਦੇਸ਼ਾਂ ਨੂੰ ਪਛਾੜ
ਹੋਰ ਹੇਠਾਂ ਖਿਸਕ ਰਿਹਾ
ਹਰੀ ਰਾਮ ਨੂੰ ਲੱਗਦਾ ਹੁਣ ਇਹ
ਧੌਲ ਦੇ ਸਿੰਗਾਂ ਨੂੰ ਹੱਥ ਲਾ ਮੁੜੂ।
ਤੇ ਉਹ ਉੱਬਲ ਰਹੀ ਚਾਹ ਵਿੱਚ ਖੰਡ ਪਾ
ਸੋਚਣ ਲੱਗਾ ਕਿ ਇੰਜ ਤਾਂ ਉਹ ਕਦੇ ਵੀ
ਪ੍ਰਧਾਨ ਪ੍ਰਮੁੱਖ ਨਹੀਂ ਬਣ ਸਕਦਾ
ਜਿਸ ਕਰਕੇ ਉਹ ਬਚਪਨ ਤੋਂ ਚਾਹ ਬਣਾਉਣ ਦੇ
ਆਹਰ ਵਿੱਚ ਰੁੱਝਿਆ ਸੁਪਨੇ ਲੈਂਦਾ
ਪੌਣੀ ਔਧ ਹੰਡਾ ਕੇ ਅਜੇ ਵੀ
ਮਸਾਲੇਦਾਰ ਚਾਹ ਬਣਾ ਰਿਹਾ ਜੋ
ਕਦੇ ਉਹਦਾ ਢਿੱਡ ਨਹੀਂ ਭਰ ਸਕੀ …।
***
2. ਸਮਰ ਹਿੱਲ
ਇਸ ਵਾਰ ਪਹਾੜ ’ਤੇ ਚੜ੍ਹਦਿਆਂ
ਨਿਖਰੇ ਅਸਮਾਨ ਹੇਠਾਂ ਦੇਖੀ
ਸਮਰ ਹਿੱਲ ਦੀ ਖੂਬਸੂਰਤੀ।
ਲੰਡਨੀ ਲਾਂਡਰੀ ਕੀਤੀਆਂ ਇਮਾਰਤਾਂ
ਉਨ੍ਹਾਂ ਵਿੱਚੋਂ ਝਲਕਦਾ ਸੱਤਾ ਦਾ ਗਰੂਰ
ਲਸ਼ ਲਸ਼ ਕਰਦੇ ਘਾਹ ਦੇ ਮੈਦਾਨਾਂ ਵਿਚ
ਖਿੜੇ ਬਸੰਤ ਰੁੱਤ ਦੇ ਆਖਰੀ ਫੁੱਲ।
ਖੱਡਾਂ ਵਿੱਚੋਂ ਉੱਠਦੇ ਬੱਦਲ
ਨਮੀ ਖਿਲਾਰਦੇ ਇਮਾਰਤਾਂ ਨੂੰ ਕੱਜਦੇ
ਤੇ ਮੁੜ ਜਾਂਦੇ ਖੱਡਾਂ ਦੀਆਂ ਝਾੜੀਆਂ ਵੱਲ।
ਇਤਿਹਾਸ ਦੇ ਬੰਦ ਪਏ ਪੰਨੇ
ਹਰ ਰੋਜ਼ ਖੁੱਲ੍ਹਦੇ ਨੇ ਜੋ ਦੁਹਰਾਂਦੇ ਨੇ
ਕਦੇ ਇੱਥੇ ਵਾਇਸਰਾਏ ਦੀ ਸੱਤਾ
ਤੂਤੀ ਵਾਂਗ ਬੋਲਦੀ ਤੇ ਹੁਕਮ ਵਾਂਗ ਗੂੰਜਦੀ ਸੀ।
ਅੱਜ ਵੀ ਖਾਮੋਸ਼ ਸੱਤਾ ਉੱਥੇ ਉਂਝ ਹੀ ਬੈਠੀ
ਕਰ ਰਹੀ ਦਿੱਲੀ ਤੋਂ ਰਾਜ
ਦਿੱਲੀ ਜੋ ਕਦੇ ਦਿਲ ਵਾਲਿਆਂ ਦੀ ਨਹੀਂ
ਆਕੜੇ ਸਿਰਾਂ ਤੇ ਅੜਬ ਹਾਕਮਾਂ ਦੀ ਰਹੀ
ਜੋ ਕਾਲੀ ਡਾਇਣ ਵਾਂਗ ਖੂਨ ਮੰਗਦੀ
ਤੇ ਖੱਪਰ ਭਰ ਭਰ ਪੀਂਦੀ
ਕਿਸੇ ਜੁੱਗ ਵਿੱਚ ਨਹੀਂ ਰੱਜੀ।
***
3. ਗਿਰਗਿਟ
ਇਹ ਗਿਰਗਿਟਾਂ ਦਾ ਜ਼ਮਾਨਾ ਹੈ
ਇਸ ਨਿੱਕੇ ਜਿਹੇ ਜਨੌਰ ਨੇ
ਮਨੁੱਖ ਨੂੰ ਕਿੰਨਾ ਕੁਝ ਸਮਝਾ ਦਿੱਤਾ
ਕਿ ਹੁਣ ਉਹ ਏਹਦੇ ਨਾਲੋਂ ਵੀ ਜ਼ਿਆਦਾ
ਰੰਗ ਬਦਲਣ ਵਿੱਚ ਹੋ ਗਿਆ ਮਾਹਰ
ਸੱਚ ਨੂੰ ਲੁਕਾਉਣ ਨਾਲ ਮਿਲਦੀ ਹੈ
ਵੱਡੀ ਇੱਜ਼ਤ, ਰੁਤਬਾ, ਸਲਾਮ ਤੇ ਸੱਤਾ
ਮਖੌਟਿਆਂ ਨਾਲ ਰਚਿਆ ਜਾਂਦਾ
ਭਰਮਾਉਣ ਦਾ ਰੰਗ ਰੰਗੀਲਾ ਬਜ਼ਾਰ
ਦੋਮੂੰਹੀ ਜ਼ਬਾਨ, ਦੋਮੂੰਹੇ ਬੋਲ, ਦੋਮੂੰਹੀ ਨੈਤਿਕਤਾ
ਇਕ ਬੋਲਣ ਵਾਲੀ ਇੱਕ ਅਮਲਾਂ ਵਾਲੀ।
ਅਮਲੀ ਨੈਤਿਕਤਾ ਨੂੰ ਕਿਹਾ ਜਾਂਦਾ ਯਥਾਰਥਵਾਦ
ਯਥਾਰਥ ਦਾ ਕਾਨੂੰਨ ਤਾਕਤ ਦਾ ਕਾਨੂੰਨ
ਜਿਨ੍ਹਾਂ ਹੱਥਾਂ ਵਿੱਚ ਹਕੂਮਤ ਦੀ ਵਾਗਡੋਰ
ਉਹ ਸਿਖਾਂਦੇ ਨੇ ਨੈਤਿਕਤਾ ਨੂੰ ਅਨੈਤਿਕਤਾ
ਤਾਂ ਕਿ ਹਕੀਕਤ ਗ਼ੈਰ ਹਕੀਕੀ ਨਾ ਲੱਗੇ।
***
4. ਚਿੜੀ ਦੀ ਸੋਚ
ਉਹ ਨਿੱਕੀ ਜਿਹੀ ਚਿੜੀ
ਜੋ ਹਰ ਰੋਜ਼ ਸਰਹੱਦ ’ਤੇ ਖੜ੍ਹੇ
ਫੌਜੀ ਦੀ ਬੰਦੂਕ ਕੋਲ ਆ ਕੇ ਬਹਿ ਜਾਂਦੀ
ਫੌਜੀ ਉਹਨੂੰ ਦੇਖਦਾ, ਦਾਣਾ ਪਾ ਦੇਂਦਾ
ਚਿੜੀ ਬੰਦੂਕ ਭੁੱਲ ਦਾਣਾ ਚੁਗਦੀ
ਫਰਰ ਫਰਰ ਕਰਕੇ ਉੱਡ ਜਾਂਦੀ।
ਇੱਕ ਦਿਨ ਚਿੜੀ ਆਈ
ਤੇ ਉੱਥੇ ਬੰਦੂਕ ਦੀ ਥਾਂ ਸਿਰਫ
ਫੌਜੀ ਦੀ ਲਾਸ਼ ਪਈ ਸੀ
ਚਿੜੀ ਨੇ ਇੱਧਰ ਉੱਧਰ ਦੇਖਿਆ
ਓਥੇ ਕੋਈ ਵੀ ਨਹੀਂ ਸੀ
ਉਹਨੇ ਇੱਕ ਤੀਲਾ ਚੁੱਗ
ਫੌਜੀ ਦੀ ਲਾਸ਼ ’ਤੇ ਰੱਖ ਦਿੱਤਾ।
ਹੁਣ ਉੱਥੇ ਕਿੰਨੀਆਂ ਹੀ ਚਿੜੀਆਂ ਹਰ ਰੋਜ਼ ਆ
ਇੱਕ ਇੱਕ ਤੀਲਾ ਰੱਖੀ ਜਾਂਦੀਆਂ
ਤੇ ਸੁੱਖ ਮੰਗਦੀਆਂ ਨੇ
ਕਦੇ ਕੋਈ ਬੰਦੂਕ ਗੋਲੀ ਨਾ ਉਗਲੇ
ਤੇ ਨਾ ਕਦੇ ਕੋਈ ਫੌਜੀ ਇੰਜ ਮਰੇ।
***
5. ਸਫਾਏ ਦਾ ਮਨਸੂਬਾ
ਸਾਰਾ ਘਾਹ ਖੁਰਚ ਖੁਰਚ ਕੇ ਕਰ ਦਿਓ ਨਸ਼ਟ
ਹਰ ਆਖਰੀ ਜਿੰਦਾ ਚੀਜ਼ ਨੂੰ
ਜੜ੍ਹੋਂ ਉਖਾੜ ਉਖਾੜ ਕੇ ਕਰ ਦਿਓ ਤਬਾਹ।
ਧਰਤੀ ’ਤੇ ਲੂਣ ਛਿੜਕ ਛਿੜਕ ਕੇ
ਇਹਨੂੰ ਕਰ ਦਿਓ ਬੰਜਰ
ਇਸ ਤੋਂ ਬਾਅਦ ਘਾਹ ਦੀਆਂ ਸਾਰੀਆਂ ਯਾਦਾਂ
ਸਰੇ-ਬਜ਼ਾਰ ਕਤਲ ਕਰ
ਜਮੀਰਾਂ ਮਾਰਨ ਵੱਲ ਦਿਓ ਧਿਆਨ
ਉਨ੍ਹਾਂ ਨੂੰ ਝੰਬ ਝੰਬ ਕੇ ਕਰ ਦਿਓ ਖਾਲੀ।
ਬੀਤੇ ਦੇ ਸ਼ਾਨਦਾਰ ਇਤਿਹਾਸਾਂ ਤੋਂ
ਉਨ੍ਹਾਂ ਗਵਾਹੀਆਂ ਨੂੰ ਝੂਠਾ ਸਾਬਤ ਕਰ ਦਿਓ
ਜੋ ਇਹ ਦੱਸਣ ਕਿ ਇਸ ਧਰਤੀ ਦੀ ਖਾਮੋਸ਼ੀ,
ਜੇਲ੍ਹਾਂ ਤੇ ਕਬਰਾਂ ਤੋਂ ਸਿਵਾਏ
ਕਦੇ ਇੱਥੇ ਕੁਝ ਹੋਰ ਵੀ ਸੀ
ਯਾਦ ਕਰਨ ’ਤੇ ਲਾ ਦਿਓ ਪਾਬੰਦੀ
ਕੈਦੀਆਂ ਨੂੰ ਕੰਮ ਕਰਨ ਵਾਲੇ ਗਿਰੋਹਾਂ ਵਿੱਚ ਵੰਡ
ਰਾਤੋ ਰਾਤ ਲਾ ਦਿਓ
ਕੰਧਾਂ ’ਤੇ ਲਿਖੇ ਨਾਅਰਿਆਂ ਨੂੰ ਕਲੀ ਕਰਨ
ਜੋ ਸੁਰਖ ਇਬਾਰਤਾਂ ਵਾਂਗ ਕੰਧਾਂ ’ਤੇ ਚਿਪਕੇ
ਵੰਗਾਰ ਰਹੇ ਨੇ ਜਾਗਦੀਆਂ ਜ਼ਮੀਰਾਂ ਨੂੰ।
ਕੰਧਾਂ ’ਤੇ ਅਚਾਨਕ ਡਿਗਣ ਲੱਗੀ ਬਾਰਸ਼ ਨੇ
ਧੋ ਦਿੱਤੀ ਤਾਜ਼ਾ ਕੀਤੀ ਕਲੀ
ਤੇ ਹੇਠੋਂ ਫਿਰ ਝਾਤੀਆਂ ਮਾਰਨ ਲੱਗੇ
ਅੜੀਅਲ, ਜ਼ਿੱਦੀ ਨਾਅਰੇ
ਜੋ ਪਹਿਲਾਂ ਨਾਲੋਂ ਵੀ ਵਧੇਰੇ ਸੁਰਖ ਹੋ
ਦਗਣ ਲੱਗੇ ਵਾਂਗ ਅੰਗਾਰਾਂ।
ਤੇ ਦੇਖਦੇ ਦੇਖਦੇ ਹਵਾ ਵਿੱਚ ਹਿੱਲਣ ਲੱਗੀਆਂ
ਬੰਦ ਮੁੱਠੀਆਂ ਤੇ ਗੂੰਜਣ ਲੱਗੇ ਲੱਖਾਂ ਨਾਅਰੇ।
(ਐਦੁਆਰਦੋ ਗਾਲੇਆਨੋ ਤੋਂ ਪ੍ਰੇਰਤ)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3210)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)