“ਪਰ ਮਸ਼ੀਨਾਂ ਜਿਸ ਤੇਜ਼ੀ ਨਾਲ ਸਿੱਖ ਰਹੀਆਂ ਹਨ ਤੇ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਜਿਸ ਤਰੀਕੇ ਨਾਲ ...”
(2 ਜੂਨ 2022)
ਮਹਿਮਾਨ: 712.
ਕੋਵਿਡ ਦੀ ਮਹਾਂਮਾਰੀ ਨੇ ਜਿੱਥੇ ਮਨੁੱਖਤਾ ਸਾਹਮਣੇ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ ਓਥੇ ਕਈ ਅਹਿਮ ਸਵਾਲ ਵੀ ਖੜ੍ਹੇ ਕੀਤੇ ਹਨ। ਮਨੁੱਖ ਨੇ ਜਦੋਂ ਇਸ ਧਰਤੀ ’ਤੇ ਜਨਮ ਲਿਆ ਤਾਂ ਉਹਦੇ ਸਾਹਮਣੇ ਅਨੇਕਾਂ ਚੁਣੌਤੀਆਂ ਸਨ ਪਰ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਆਪਣੇ ਆਪ ਨੂੰ ਇਸ ਧਰਤੀ ਦਾ ਮਾਲਕ ਤੇ ਬਾਕੀ ਜੀਵਾਂ ਮੁਕਾਬਲੇ ਸਰਬੋਤਮ ਕਿਵੇਂ ਬਣਾਉਣਾ ਹੈ। ਅੱਜ ਜਦੋਂ ਉਹ ਇਸ ਧਰਤੀ ਦਾ ਮਾਲਕ ਹੀ ਨਹੀਂ, ਸਗੋਂ ਬ੍ਰਹਿਮੰਡ ’ਤੇ ਕਬਜ਼ਾ ਜਮਾਉਣ ਦੇ ਆਹਰ ਵਿੱਚ ਹੈ, ਤਾਂ ਫੇਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਤੋਂ ਅੱਗੇ ਕੀ ਹੈ?
ਕੋਵਿਡ ਨੇ ਦੁਨੀਆ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਅਸਲ ਵਿੱਚ ਉਹ ਮਾਲਕ ਨਹੀਂ ਸਗੋਂ ਮਜ਼ਲੂਮ ਹੈ। ਉਸ ਦੇ ਇਸ ਸੰਸਾਰ ਨਾਲ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਨੂੰ ਕੋਵਿਡ ਨੇ ਨਵੇਂ ਸਿਰਿਓਂ ਪਰਿਭਾਸ਼ਤ ਕਰ ਦਿੱਤਾ ਹੈ। ਮਾਨਵੀ ਮੁੱਲ, ਸੰਵੇਦਨਾਵਾਂ, ਨੈਤਿਕਤਾ ਤੇ ਰਿਸ਼ਤੇ ਆਪਣੇ ਅਰਥ ਗੁਆ ਚੁੱਕੇ ਹਨ। ਕੋਵਿਡ ਦੌਰਾਨ ਮਰ ਚੁੱਕੀਆਂ ਦੇਹਾਂ ਨਾਲ ਜੋ ਸਲੂਕ ਕੀਤਾ ਗਿਆ, ਉਹ ਮਨੁੱਖਤਾ ਲਈ ਡੁੱਬ ਮਰਨ ਬਰਾਬਰ ਹੈ। ਕੋਵਿਡ ਨੇ ਮਨੁੱਖ ਦੇ ਕੁਦਰਤ ਤੇ ਮਸ਼ੀਨ ਨਾਲ ਜੁੜੇ ਰਿਸ਼ਤਿਆਂ ਨੂੰ ਵੀ ਪੁਨਰ ਪਰਿਭਾਸ਼ਤ ਕੀਤਾ ਹੈ। ਇਹ ਮਹਾਂਮਾਰੀ ਕੁਦਰਤ ਨੇ ਪੈਦਾ ਨਹੀਂ ਕੀਤੀ ਸਗੋਂ ਇਹ ਮਨੁੱਖ ਦੀ ਘਿਰਣਤ ਸੋਚ ਵਿੱਚੋਂ ਪੈਦਾ ਹੋਈ ਹੈ ਤੇ ਇਹਦਾ ਅੰਤ ਵੀ ਛੇਤੀ ਹੋਣ ਵਾਲਾ ਨਹੀਂ।
ਇਸ ਮਹਾਂਮਾਰੀ ਨੇ ਗਲੋਬਲ ਪਿੰਡ ਦਾ ਮਨੁੱਖੀ ਸੁਪਨਾ ਸੱਚ ਕਰ ਵਿਖਾਇਆ ਹੈ। ਇਸ ਨਾਲ ਲੜਨ ਦੇ ਸਾਧਨ, ਇਹਦੇ ਇਲਾਜ ਲਈ ਖੋਜ ਤੇ ਇਹਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਪ੍ਰਬੰਧ ਸਾਰੀ ਦੁਨੀਆ ਵਿੱਚ ਇੱਕੋ ਜਿਹੇ ਨਜ਼ਰ ਆਉਂਦੇ ਹਨ। ਸਾਰੇ ਦੇਸ਼ ਇੱਕ ਦੂਜੇ ਵੱਲ ਪਾਟੀਆਂ ਨਜ਼ਰਾਂ ਨਾਲ ਦੇਖਦੇ ਮੌਤ ਦੇ ਅੰਕੜੇ ਜਾਰੀ ਕਰ ਰਹੇ ਸਨ। ਕੀ ਮੌਤ ਦਾ ਤਾਂਡਵ ਹੋ ਰਿਹਾ ਸੀ? ਸ਼ਾਇਦ ਇਸੇ ਨੂੰ ਮਨੁੱਖ ਨੇ ਕਿਆਮਤ ਦੇ ਦਿਹਾੜੇ ਵਜੋਂ ਚਿਤਵਿਆ ਸੀ। ਇੱਕ ਵਾਰ ਤਾਂ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਇਹ ਧਰਤੀ ’ਤੇ ਮਹਾਂ-ਮਨੁੱਖ ਦੀ ਅੰਤਿਮ ਮਹਾਂ-ਯਾਤਰਾ ਦਾ ਵਿਧਾਨ ਘੜਿਆ ਗਿਆ ਹੈ ਤੇ ਅੰਤਿਮ ਤੌਰ ’ਤੇ ਥਾਲੀਆਂ, ਗਲਾਸ, ਕੜਛੀਆਂ ਖੜਕਾ ਕੇ, ਮੋਮਬੱਤੀਆਂ ਜਲਾ ਕੇ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਪਰ ਵਿਗਿਆਨੀ ਆਪਣੀ ਧੁਨ ਵਿੱਚ ਚਮਤਕਾਰ ਕਰਨ ਦੇ ਰੌਂ ਵਿੱਚ ਸਨ। ਉਨ੍ਹਾਂ ਨੇ ਅਖੀਰ ਇਸਦਾ ਕੁਝ ਬੰਨ੍ਹ ਸੁੱਬ ਕਰ ਲਿਆ।
ਗਲੋਬਲ ਪਿੰਡ ਸਿਰਜਣ ਲਈ ਕੌਣ ਕੀਮਤ ਚੁੱਕਾ ਰਿਹਾ ਹੈ, ਇਹ ਬੜਾ ਪ੍ਰਮੁੱਖ ਸਵਾਲ ਹੈ। ਇਹ ਪਿੰਡ ਮਸ਼ੀਨਾਂ ਅਤੇ ਸੂਚਨਾ ਤਕਨਾਲੋਜੀ ਦੇ ਸਿਰ ’ਤੇ ਸਿਰਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਮਨੁੱਖੀ ਦਿਮਾਗ਼ ਦੀ ਤਰਜ਼ ’ਤੇ ਨਕਲ ਕਰਨ ਵਾਲੇ ਪਾਵਰਫੁੱਲ ਸਾਫਟਵੇਅਰ ਬਣਾਏ ਜਾ ਰਹੇ ਹਨ। ਇਹਦੀ ਸਭ ਤੋਂ ਵੱਡੀ ਕੀਮਤ ਚੁੱਕਾ ਰਿਹਾ ਹੈ - ਮਨੁੱਖੀ ਵਾਤਾਵਰਣ। ਹਰ ਰੋਜ਼ ਹਵਾ ਵਿੱਚ ਚੁੰਬਕੀ ਖੇਤਰ ਦਾ ਪਾਸਾਰ ਹੋ ਰਿਹਾ ਹੈ, ਈਕੋ ਸਿਸਟਮ ਬਦਲ ਰਿਹਾ ਹੈ। ਯੂ ਐੱਨ ਓ ਦੀ ਇੱਕ ਰਿਪੋਰਟ ਅਨੁਸਾਰ ਹਰ ਰੋਜ਼ ਥਲ, ਜਲ ਦੇ ਜੀਵਾਂ ਦੀਆਂ 150 ਤੋਂ ਵਧੇਰੇ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਟਾਵਰਾਂ ਨੇ ਚਿੜੀਆਂ ਮੁਕਾ ਦਿੱਤੀਆਂ ਹਨ।
ਮਹਾਂਮਾਰੀ ਨੇ ਸਾਰੇ ਦੇਸ਼ਾਂ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ। ਦੂਸ਼ਨਬਾਜ਼ੀ ਵੀ ਹੋਈ, ਸਾਂਝਾਂ ਵੀ ਪਈਆਂ ਤੇ ਲੈਣ ਦੇਣ ਵੀ ਹੋਇਆ। ਇਹ ਹੈ ਗਲੋਬਲ ਪਿੰਡ ਦੀ ਤਾਕਤ। ਇਸ ਨੇ ਪੂਰੀ ਦੁਨੀਆ ਵਿੱਚ ਇੱਕ ਕੋਡ ਲਾਗੂ ਕਰ ਦਿੱਤਾ। ਇੱਕੋ ਤਰ੍ਹਾਂ ਦੇ ਪ੍ਰਸ਼ਾਸਨਿਕ ਫੈਸਲੇ, ਇੱਕੋ ਤਰ੍ਹਾਂ ਦੇ ਇਲਾਜ, ਇੱਕੋ ਤਰ੍ਹਾਂ ਦੀਆਂ ਪਬੰਦੀਆਂ, ਜਿਵੇਂ ਸਾਰੇ ਇੱਕੋ ਸੂਤਰ ਵਿੱਚ ਪਰੋ ਦਿੱਤੇ ਹੋਣ। ਹੁਣ ਜੇ ਕੋਈ ਹੋਰ ਮਹਾਂਮਾਰੀ ਆ ਜਾਂਦੀ ਹੈ ਤਾਂ ਇਹ ਗਲੋਬਲ ਪਿੰਡ ਸ਼ਾਇਦ ਹੋਰ ਤਰ੍ਹਾਂ ਕੰਮ ਕਰੇ ਕਿਉਂਕਿ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ ਕਿ ਸਾਡੀਆਂ ਸਰਕਾਰਾਂ ਨੇ ਕੋਵਿਡ ਤੋਂ ਕੀ ਸਿੱਖਿਆ? ਪਰ ਕੋਈ ਸਰਕਾਰ ਇਸਦਾ ਜਵਾਬ ਦੇਣ ਲਈ ਤਿਆਰ ਨਹੀਂ। ਸ਼੍ਰੀ ਲੰਕਾ ਆਰਥਿਕ ਤੌਰ ’ਤੇ ਤਬਾਹ ਹੋ ਗਿਆ ਹੈ। ਬੰਗਲਾਦੇਸ਼ ਤਿਆਰੀ ਵਿੱਚ ਹੈ। ਹੋਰ ਕਈ ਛੋਟੇ ਵੱਡੇ ਦੇਸ਼ ਆਰਥਿਕ ਮਾਰ ਝੱਲ ਰਹੇ ਹਨ। ਭਾਰਤੀ ਰੁਪਇਆ ਜਿਵੇਂ ਹੇਠਲੀ ਪੌੜ੍ਹੀ ’ਤੇ ਜਾ ਪਹੁੰਚਿਆ ਹੈ, ਇਹ ਸਭ ਮਹਾਂਮਾਰੀ ਦੀ ਕਰਾਮਾਤ ਹੈ।
ਹੁਣ ਇਸ ਤੋਂ ਅੱਗੇ ਕੀ ਹੋਣ ਵਾਲਾ ਹੈ, ਇਸਦੀ ਭਵਿੱਖ ਬਾਣੀ ਨਹੀਂ ਕੀਤੀ ਜਾ ਸਕਦੀ। ਪਰ ਮਨੁੱਖ ਨੇ ਭਵਿੱਖ ਨੂੰ ਇੱਕ ਨਵੀਂ ਤਰ੍ਹਾਂ ਅਚੰਭਿਤ ਕਰਨ ਲਈ ਮਨਸੂਬੇ ਘੜ ਲਏ ਹਨ। ਉਹਨੇ ਤਕਨਾਲੌਜੀ ਨੂੰ ਇੰਨਾ ਉੱਨਤ ਕਰ ਲਿਆ ਹੈ ਕਿ ਮਸ਼ੀਨਾਂ ਹੁਣ ਮਨੁੱਖੀ ਦਿਮਾਗ਼ ਦੀ ਮਸ਼ੀਨੀ ਤਰੀਕੇ ਨਾਲ ਨਕਲ ਨਹੀਂ ਕਰਦੀਆਂ, ਸਗੋਂ ਉਹ ਮਨੁੱਖੀ ਦਿਮਾਗ਼ ਦੇ ਉਨ੍ਹਾਂ ਸੂਖਮ ਪੈਟਰਨਾਂ ਨੂੰ ਸਮਝਣ ਦੇ ਕਾਬਲ ਹੋ ਗਈਆਂ ਹਨ ਤੇ ਕਈ ਪੱਖਾਂ ਤੋਂ ਤਾਂ ਮਨੁੱਖੀ ਦਿਮਾਗ਼ ਤੋਂ ਬੇਹਤਰ ਨਤੀਜੇ ਦੇ ਰਹੀਆਂ ਹਨ। ਇਹ ਮਸ਼ੀਨ ਲਰਨਿੰਗ ਤੇ ਇੰਟੈਲੀਜੈਂਸ ਪੈਦਾ ਕਰਨ ਦਾ ਦੌਰ ਹੈ। ਇਸ ਦੌਰ ਵਿੱਚ ਰਬੋਟ ਮਸ਼ੀਨ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਦੁਨੀਆ ਵਿੱਚ ਇਸ ਗੱਲ ’ਤੇ ਬਹਿਸ ਚੱਲ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਰਬੋਟ ਮਸ਼ੀਨਾਂ ਇੱਕ ਦਿਨ ਮਨੁੱਖ ਨਾਲੋਂ ਤਾਕਤਵਰ ਬਣ ਜਾਣਗੀਆਂ ਤੇ ਉਹ ਆਪਣੀ ਤਾਕਤ ਨਾਲ ਮਨੁੱਖਾਂ ਦਾ ਸਫਾਇਆ ਕਰ ਦੇਣਗੀਆਂ। ਇਹ ਖਦਸ਼ਾ ਕੋਈ ਕੋਰੀ ਕਲਪਨਾ ਜਾਂ ਅਫਵਾਹ ਨਹੀਂ ਬਲਕਿ ਮਸ਼ੀਨਾਂ ਦੀ ਤਰੱਕੀ ਦੇਖ ਕੇ ਇਹ ਡਰਾਉਣੇ ਭਵਿੱਖ ਦੀ ਚਿਤਾਵਨੀ ਲੱਗਦਾ ਹੈ।
ਮਨੁੱਖ ਨੂੰ ਸਮਾਜਕ ਪ੍ਰਾਣੀ ਦੇ ਨਾਲ ਨਾਲ ਭਾਸ਼ਾ ਪ੍ਰਾਣੀ ਦਾ ਦਰਜਾ ਵੀ ਹਾਸਲ ਹੈ। ਲੱਖਾਂ ਸਾਲਾਂ ਤੋਂ ਉਹਨੇ ਆਪਣੀ ਭਾਸ਼ਾ ਵਿੱਚ ਨਵੇਂ ਨਵੇਂ ਸ਼ਬਦਾਂ ਦਾ ਅਵਿਸ਼ਕਾਰ ਕੀਤਾ ਹੈ, ਪਰ ਇਸ ਨਵੀਂ ਤਰੱਕੀ ਨੇ ਮਨੁੱਖ ਨੂੰ ਭਾਸ਼ਾ ਪੱਖੋਂ ਵੀ ਕਮਜ਼ੋਰ ਕਰ ਦਿੱਤਾ ਹੈ। ਉਹ ਕਿਸੇ ਨਵੀਂ ਕਾਢ ਦਾ ਨਾਮਕਰਨ ਕਰਕੇ ਅਜੇ ਸੋਚ ਹੀ ਰਿਹਾ ਹੁੰਦਾ ਹੈ ਕਿ ਕੋਈ ਹੋਰ ਨਵੀਂ ਕਾਢ ਨਾਮਕਰਨ ਲਈ ਆ ਹਾਜ਼ਰ ਹੁੰਦੀ ਹੈ। ਇਹ ਅਮਲ ਬੜੀ ਤੇਜ਼ੀ ਨਾਲ ਵਾਪਰ ਰਿਹਾ ਹੈ। ਮਸਲਨ ‘ਆਰਟੀਫੀਸ਼ਲ ਇੰਟੈਲੀਜੈਂਸੀ’ ਸ਼ਬਦ ਹੁਣੇ ਜਿਹੇ ਚਰਚਿਤ ਹੋਇਆ। ਇਸ ਪਿੱਛੇ ਇਹ ਸੰਕਲਪ ਪਿਆ ਸੀ ਕਿ ਕੁਦਰਤੀ ਤੌਰ ’ਤੇ ਬੁੱਧੀ ਉੱਤੇ ਮਨੁੱਖ ਦਾ ਏਕਾਧਿਕਾਰ ਹੈ ਕਿਉਂਕਿ ਸਦੀਆਂ ਤੋਂ ਉਹਨੇ ਇਸ ਰਾਹੀਂ ਧਰਤੀ ’ਤੇ ਜੀਵਾਂ ਨੂੰ ਕੰਟਰੋਲ ਕੀਤਾ ਹੈ। ਮਸ਼ੀਨਾਂ ਮਨੁੱਖ ਨੇ ਬਣਾਈਆਂ ਹਨ, ਇਸ ਲਈ ਇਹ ਉਸ ਤੋਂ ਉੱਪਰ ਨਹੀਂ ਹੋ ਸਕਦੀਆਂ। ਇਨ੍ਹਾਂ ਵਿਚਲੀ ਸਮਝ ਬਣਾਉਟੀ ਤਰਜ਼ ਦੀ ਹੋਵੇਗੀ। ਪਰ ਮਸ਼ੀਨਾਂ ਜਿਸ ਤੇਜ਼ੀ ਨਾਲ ਸਿੱਖ ਰਹੀਆਂ ਹਨ ਤੇ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਵਿਕਸਤ ਕਰ ਰਹੀਆਂ ਹਨ, ਉਨ੍ਹਾਂ ਸਾਹਮਣੇ ਮਨੁੱਖ ਦੀ ਹੋਂਦ ਤੇ ਦਾਅਵੇਦਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਮਸ਼ੀਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਯੋਗਤਾ ਨੂੰ ਘੱਟ ਸਮਝਣਾ ਮਨੁੱਖ ਲਈ ਘਾਟੇਵੰਦਾ ਸੌਦਾ ਹੀ ਨਹੀਂ ਸਗੋਂ ਹਾਨੀਕਾਰਕ ਵੀ ਹੋਵੇਗਾ। ਜਿਹੜੀਆਂ ਆਗਿਆਕਾਰੀ ਮਸ਼ੀਨਾਂ ਨੇ ਮਨੁੱਖ ਨੂੰ ਪੁਲਾੜ ਅਤੇ ਮੰਗਲ ਗ੍ਰਹਿ ਬਾਰੇ ਜਾਣਕਾਰੀ ਲਿਆ ਕੇ ਦਿੱਤੀ, ਹੁਣ ਉਹ ਆਪਣੇ ਆਪ ਵਿੱਚ ਮਰਜ਼ੀ ਦੀ ਸਮਰੱਥਾ ਪੈਦਾ ਕਰਨ ਦੇ ਕਾਬਲ ਹੋ ਰਹੀਆਂ ਹਨ। ਇਸ ਕਰਕੇ ਉਨ੍ਹਾਂ ਲਈ ਆਰਟੀਫੀਸ਼ਲ ਸ਼ਬਦ ਬੇਮਾਇਨੇ ਹੋ ਗਿਆ ਹੈ।
ਮਨੁੱਖ ਨੇ ਜਦੋਂ ਕੁਦਰਤ ਤੇ ਆਪਣੇ ਤੋਂ ਤਾਕਤਵਰ ਜੀਵਾਂ ਨੂੰ ਸਿਧਾ ਲਿਆ ਤਾਂ ਉਹਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਹ ਅਜਿੱਤ ਹੈ। ਉਹਨੇ ਬਾਕੀ ਸਭ ਪ੍ਰਜਾਤੀਆਂ ਤੋਂ ਆਪਣੇ ਆਪ ਨੂੰ ਸ੍ਰੇਸ਼ਟ ਐਲਾਨ ਦਿੱਤਾ। ਹੁਣ ਬਾਕੀ ਜੀਵ ਜੰਤੂ, ਥਲਚਰ ਸਾਰੇ ਉਹਦੀ ਕਿਰਪਾ ਦੇ ਪਾਤਰ ਬਣ ਗਏ ਤੇ ਉਹਦੇ ਰਹਿਮੋਕਰਮ ’ਤੇ ਹੋ ਗਏ। ਇੱਥੋਂ ਹੀ ਮਾਨਵਵਾਦ ਦਾ ਜਨਮ ਹੋਇਆ। ਮਨੁੱਖ ਦੀ ਸੋਚ ਸੀ ਕਿ ਜਿਹੜਾ ਉਹਦੇ ਲਈ ਚੰਗਾ, ਸ਼ੁਭ ਤੇ ਕਲਿਆਣਕਾਰੀ ਹੈ, ਉਹ ਸਭ ਲਈ ਹੈ। ਸਾਰਾ ਬ੍ਰਹਿਮੰਡ ਉਹਦੀ ਆਗਿਆ ਵਿੱਚ ਹੈ। ਜਿਹੜੀਆਂ ਚੀਜ਼ਾਂ, ਵਿਚਾਰ, ਸੰਕਲਪ ਮਨੁੱਖ ਨੂੰ ਨਹੀਂ ਸਨ ਭਾਉਂਦੇ, ਉਨ੍ਹਾਂ ਲਈ ਅਮਾਨਵੀ ਸ਼ਬਦਾਂ ਦੀ ਘਾੜਤ ਕੀਤੀ ਗਈ ਤਾਂ ਜੋ ਮਨੁੱਖ ਦੀ ਸੁਪਰਮੇਸੀ ਤੇ ਹੈਜੇਮਨੀ ਕਾਇਮ ਰਹੇ। ਨਵੀਆਂ ਕਾਢਾਂ ਨੇ ਉਹਨੂੰ ਸੁਪਰਮੈਨ ਦਾ ਦਰਜਾ ਦੇ ਦਿੱਤਾ। ਪਰ ਨਾਲ ਹੀ ਨਵੀਆਂ ਖੋਜਾਂ ਨੇ ਉਹਦੇ ਇਸ ਦਾਅਵੇ ਨੂੰ ਖਾਰਿਜ ਵੀ ਕਰ ਦਿੱਤਾ ਕਿ ਮਨੁੱਖਾਂ ਤੇ ਹੋਰ ਜੀਵ ਜੰਤੂਆਂ ਵਿੱਚ ਜੈਵਿਕ ਪੱਧਰ ’ਤੇ ਬਹੁਤੀ ਵਿਭਿੰਨਤਾ ਨਹੀਂ। ਛੋਟੇ ਛੋਟੇ ਸੂਖਮ ਜੀਵ ਵੀ ਮਨੁੱਖਾਂ ਵਾਂਗ ਦੁੱਖ ਦਰਦ ਤੇ ਪੀੜ ਮਹਿਸੂਸ ਕਰਦੇ ਹਨ।
ਮਹਾਂਮਾਰੀ ਨੇ ਮਨੁੱਖੀ ਸੁਭਾਅ ਵਿੱਚ ਜਿਹੋ ਜਿਹੀ ਤਬਦੀਲੀ ਲਿਆਂਦੀ ਹੈ, ਉਸ ਨਾਲ ਮਨੁੱਖ ਦਾ ਅੱਖੜਪੁਣਾ ਵੀ ਜ਼ਾਹਰ ਹੋਇਆ ਹੈ। ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਜਿਸ ਤਰ੍ਹਾਂ ਉਹਨੇ ਆਣਾਕਾਨੀ ਕੀਤੀ ਹੈ, ਉਸ ਤੋਂ ਜ਼ਾਹਰ ਹੈ ਕਿ ਉਹਨੂੰ ਆਪਣੀ ਧਰਤੀ ’ਤੇ ਜੀਵਾਂ ਦੀ ਕੋਈ ਚਿੰਤਾ ਨਹੀਂ। ਇਸ ਨਾਲ ਉਹ ਆਪਣੀ ਹਿੰਡ ਤਾਂ ਪੁਗਾ ਲਵੇਗਾ ਪਰ ਆਉਣ ਵਾਲੀਆਂ ਨਸਲਾਂ ਲਈ ਧਰਤੀ ਨਰਕ ਸਮਾਨ ਛੱਡ ਜਾਏਗਾ। ਇਸ ਨਾਲ ਕੁਦਰਤ ਨੂੰ ਤਾਂ ਸ਼ਾਇਦ ਕੋਈ ਫਰਕ ਨਾ ਪਵੇ ਕਿਉਂਕਿ ਉਹ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਸਮਰੱਥ ਹੈ ਪਰ ਮਨੁੱਖ ਦੀ ਹੋਂਦ ਬੜੀ ਅਲਪ ਤੇ ਤਰਸਯੋਗ ਹੋ ਜਾਏਗੀ।
ਮਸ਼ੀਨਾਂ ਨੇ ਜਿਵੇਂ ਆਪਣਾ ਸਾਮਰਾਜ ਕਾਇਮ ਕਰਨ ਲਈ ਪਹਿਲਕਦਮੀ ਕਰ ਲਈ ਹੈ, ਉਹ ਸ਼ਾਇਦ ਇਸ ਤੋਂ ਪਿੱਛੇ ਨਾ ਮੁੜਨ। ਇਸ ਦ੍ਰਿਸ਼ ਸਾਹਮਣੇ ਮਨੁੱਖ ਕੋਲ ਦੋ ਹੀ ਰਾਹ ਬਚੇ ਰਹਿ ਗਏ ਹਨ- ਪਹਿਲਾ ਇਹ ਕਿ ਉਹ ਆਪਣੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਨੂੰ ਰੋਕ ਕੇ ਵਾਪਸ ਮੁੜ ਜਾਵੇ ਜਾਂ ਘੱਟੋ ਘੱਟ ਅਜਿਹੀ ਕੋਸ਼ਿਸ਼ ਕਰੇ। ਦੂਜਾ ਮਸ਼ੀਨੀ ਸਾਮਰਾਜ ਨਾਲ ਸਤੁੰਲਤ ਰਿਸ਼ਤਾ ਬਣਾਵੇ। ਪਿੱਛੇ ਮੁੜਨ ਵਾਲਾ ਤਰਕ ਤਾਂ ਸ਼ਾਇਦ ਅੱਜ ਦੇ ਮਨੁੱਖ ਨੂੰ ਰਾਸ ਨਾ ਆਵੇ, ਪਰ ਮਸ਼ੀਨੀ ਸਾਮਰਾਜ ਨਾਲ ਸੰਤੁਲਨ ਰੱਖਣਾ ਵੀ ਉਹਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ।
ਦੂਜੇ ਰਾਹ ’ਤੇ ਤੁਰਨ ਲਈ ਵੀ ਮਨੁੱਖ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਹਦੇ ਲਈ ਯੋਰਪ ਵਿੱਚ ਟਰਾਂਸਹਿਊਮਿਨਿਜ਼ਮ ਤੇ ਪੋਸਟ ਹਿਊਮਿਨਿਜ਼ਮ ਵਰਗੇ ਸ਼ਬਦ ਹੋਂਦ ਵਿੱਚ ਆਏ ਤੇ ਬਹਿਸ ਦਾ ਵਿਸ਼ਾ ਬਣੇ। ਕੋਵਿਡ ਤੋਂ ਪਹਿਲਾਂ ਇਹ ਸ਼ਬਦ ਵਿਚਾਰ ਤੇ ਦਰਸ਼ਨ ਵਿੱਚ ਹੀ ਪ੍ਰਚਲਿਤ ਸਨ ਤੇ ਉਨ੍ਹਾਂ ਸੰਦਰਭਾਂ ਵਿੱਚ ਹੀ ਵਿਚਾਰੇ ਜਾਂਦੇ ਸਨ ਪਰ ਹੁਣ ਇਹ ਸਮਾਜਕ, ਰਾਜਨੀਤਕ ਤੇ ਰੂਸ, ਯੂਕਰੇਨ ਦੀ ਧਰੁਵੀ ਜੰਗ ਵਿੱਚ ਸ਼ਾਮਲ ਹੋ ਗਏ ਹਨ। ਭਾਰਤ ਵਿੱਚ ਕਿਸਾਨੀ ਅੰਦੋਲਨ ਵਿੱਚ ਇਹ ਸ਼ਬਦ ਆਉਣ ਵਾਲੇ ਭਵਿੱਖ ਦੇ ਨਕਸ਼ ਵਾਹ ਰਹੇ ਸਨ ਪਰ ਕੇਂਦਰ ਸਰਕਾਰ ਨੇ ਖੇਤੀ ਬਿੱਲਾਂ ਨੂੰ ਵਾਪਸ ਲੈਕੇ ਆਪਣੀ ਜਿੱਤ ਦਾ ਡੰਕਾ ਵਜਾਹ ਦਿੱਤਾ। ਇਸ ਨਾਲ ਉਨ੍ਹਾਂ ਸਾਰੀਆਂ ਆਸਾਂ ’ਤੇ ਪਾਣੀ ਫਿਰ ਗਿਆ ਜੋ ਅਮਲੀ ਰੂਪ ਵਿੱਚ ਇਨਕਲਾਬੀ ਜਾਪਦੀਆਂ ਸਨ। ਇਨ੍ਹਾਂ ਦੀ ਸਪਿਰਿਟ ਨੂੰ ਇੱਕ ਪਿੰਨ ਦੀ ਚੋਭ ਨਾਲ ਪੰਕਚਰ ਕਰ ਦਿੱਤਾ। ਅਜਿਹੀਆਂ ਸਥਿਤੀਆਂ ਵਿੱਚ ਉੱਤਰ-ਅੰਦੋਲਨਵਾਦੀ ਤਾਕਤਾਂ ਵੀ ਖਿੰਡ ਗਈਆਂ। ਇਨ੍ਹਾਂ ਦਾ ਖਿੰਡਾਅ ਇਤਿਹਾਸਕ ਪਤਨ ਦਾ ਕਾਰਨ ਬਣੇਗਾ।
ਕੋਵਿਡ ਤੋਂ ਪਹਿਲਾਂ ਇੱਕ ਹੈਰਾਨੀਜਨਕ ਵਰਤਾਰਾ ਵਾਪਰ ਰਿਹਾ ਸੀ ਕਿ ਜੈਨੇਟਿਕ ਕੋਡ ਵਿੱਚ ਕਿਵੇਂ ਪਰਿਵਰਤਨ ਕੀਤੇ ਜਾਣ। ਇਸ ਨਾਲ ਕਲੋਨਿੰਗ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਤੇ ਡੌਲੀ ਭੇਡ ਦਾ ਜਨਮ ਹੋਇਆ। ਇਸ ਕੋਡ ਪਰਿਵਰਤਨ ਤੇ ਕਲੋਨਿੰਗ ਰਾਹੀਂ ਇੱਕ ਨਵੇਂ ਮਨੁੱਖੀ ਸੰਸਾਰ ਦੀ ਕਲਪਨਾ ਕੀਤੀ ਗਈ। ਆਰਟੀਫੀਸ਼ਲ ਇੰਟੈਲੀਜੈਂਸੀ ਨੇ ਮਨੁੱਖ ਵਿੱਚ ਇੱਕ ਡਰ ਵੀ ਪੈਦਾ ਕਰ ਦਿੱਤਾ ਕਿ ਜੇ ਮਸ਼ੀਨਾਂ ਇਸੇ ਤਰ੍ਹਾਂ ਵਿਕਸਤ ਹੋ ਕੇ ਇੱਕ ਨਵੀਂ ਇੰਟੈਲੀਜੈਂਸ ਸਿਰਜ ਲੈਣਗੀਆਂ ਤਾਂ ਨਿਸਚੇ ਹੀ ਉਹ ਮਨੁੱਖ ਨੂੰ ਗੁਲਾਮ ਬਣਾ ਲੈਣਗੀਆਂ ਤੇ ਧਰਤੀ ’ਤੇ ਬ੍ਰਹਿਮੰਡ ’ਤੇ ਕਬਜ਼ਾ ਕਰ ਲੈਣਗੀਆਂ। ਮਾਨਵਵਾਦੀ ਚਿੰਤਕਾਂ ਦੀ ਵੱਡੀ ਚਿੰਤਾ ਇਹ ਹੈ ਕਿ ਜੈਨੇਟਿਕ ਕੋਡ ਪਰਿਵਰਤਨ ਵਾਲੇ ਮਨੁੱਖ ਕੀ ਅਸਲੀ ਹੋਣਗੇ ਜਾਂ ਉਹ ਵੀ ਮਸ਼ੀਨਾਂ ਵਾਂਗ ਵੱਖਰੀ ਕਿਸਮ ਦੇ ਤਾਕਤਵਰ ਹੋਣਗੇ? ਜਦੋਂ ਕਲੋਨਿੰਗ ਪ੍ਰਯੋਗ ਸਫਲ ਹੋ ਗਿਆ ਤਾਂ ਦੁਨੀਆ ਭਰ ਵਿੱਚ ਇਹ ਆਵਾਜ਼ ਉੱਠੀ ਸੀ ਕਿ ਮਨੁੱਖੀ ਕਲੋਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਇਸਦੇ ਬਾਵਜੂਦ ਇਹਦੇ ਹੱਕ ਵਿੱਚ ਵੀ ਕਈ ਧਿਰਾਂ ਸਨ ਕਿ ਵਿਗਿਆਨਕ ਚਾਲ ਨੂੰ ਰੋਕਣਾ ਨਹੀਂ ਚਾਹੀਦਾ।
ਕੋਵਿਡ ਮਹਾਂਮਾਰੀ ਤੋਂ ਬਾਅਦ ਬਹਿਸਾਂ ਤੇਜ਼ ਹੋ ਗਈਆਂ ਹਨ ਕਿ ਪੋਸਟ ਹਿਊਮਿਨਿਜ਼ਮ ਦਾ ਦ੍ਰਿਸ਼ ਕਿਹੋ ਜਿਹਾ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਦੁਨੀਆ ਦੇ ਆਰਥਿਕ, ਰਾਜਨੀਤਕ, ਸਮਾਜਕ, ਸੱਭਿਆਚਾਰਕ ਤੇ ਮਨੁੱਖੀ ਸ੍ਰੋਤਾਂ ਨੂੰ ਮਾਨਵਤਾਵਾਦ ਦੇ ਸੂਤਰ ਵਿੱਚ ਪਰੋਇਆ ਜਾਵੇ ਤੇ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਇੰਨਾ ਭਾਰੂ ਨਾ ਹੋਣ ਦਿੱਤਾ ਜਾਵੇ ਕਿ ਮਨੁੱਖੀ ਹੋਂਦ ਸੰਕਟ ਦਾ ਸ਼ਿਕਾਰ ਹੋ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3603)
(ਸਰੋਕਾਰ ਨਾਲ ਸੰਪਰਕ ਲਈ: