ParamjitSDhingra7ਪਿਛਲੇ ਦਿਨੀਂ ਭਾਸ਼ਾ ਦੇ ਸੰਬੰਧ ਵਿੱਚ ਦੋ ਘਟਨਾਵਾਂ ਵਾਪਰੀਆਂ। ਪਹਿਲੀ ਇਹ ਕਿ ...
(30 ਸਤੰਬਰ 2019)

 

ਹਰ ਮਨੁੱਖ ਲਈ ਭਾਸ਼ਾ ਜੀਣ ਥੀਣ ਦਾ ਸਬੱਬ ਹੁੰਦੀ ਹੈਉਹਦੀ ਸਮਾਜ ਸਭਿਆਚਾਰਕ ਪਛਾਣ ਉਹਦੀ ਭਾਸ਼ਾ ਵਿੱਚ ਸ਼ਾਮਲ ਹੁੰਦੀ ਹੈਭਾਸ਼ਾ ਮਨੁੱਖ ਦੀ ਅਦੁੱਤੀ ਕਾਢ ਹੈਇਸ ਵਿੱਚੋਂ ਮਨੁੱਖੀ ਸਿਰਜਣਾ ਤੇ ਤਰੱਕੀ ਦੇ ਰਾਹ ਖੁੱਲ੍ਹਦੇ ਹਨਪ੍ਰਕਿਰਤੀ ਦੀ ਪਛਾਣ ਤੇ ਕੁਦਰਤੀ ਰਹੱਸਾਂ ਤੋਂ ਪਰਦਾ ਉੱਠਦਾ ਹੈ, ਮਨੁੱਖੀ ਬੁੱਧੀ ਨੂੰ ਚਰਮ ਸੀਮਾ ਤੱਕ ਪਹੁੰਚਾਉਣ ਲਈ ਭਾਸ਼ਾ ਨੇ ਕੋਈ ਕਸਰ ਬਾਕੀ ਨਹੀਂ ਛੱਡੀਮਨੁੱਖੀ ਵਿਰਸੇ, ਇਤਿਹਾਸ, ਕਲਾ, ਸਾਹਿਤ, ਸੰਗੀਤ, ਨਾਚ ਭਾਸ਼ਾ ਰਾਹੀਂ ਪ੍ਰਫੁੱਲਤ ਹੁੰਦੇ ਹਨ ਅਤੇ ਭਾਸ਼ਾ ਇਨ੍ਹਾਂ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਨੂੰ ਸੌਂਪ ਦਿੰਦੀ ਹੈਮਨੁੱਖ ਪਹਿਲੀ ਕਿਲਕਾਰੀ ਤੋਂ ਲੈ ਕੇ ਅੰਤਮ ਸਵਾਸ ਭਾਵ ‘ਹੇ ਰਾਮ!’ ਤੱਕ ਭਾਸ਼ਾ ਵਿੱਚ ਜਿਊਂਦਾ ਹੈਇਸੇ ਕਰਕੇ ਕਿਹਾ ਜਾਂਦਾ ਹੈ ਕਿ ਭਾਸ਼ਾ ਹੀ ਮਨੁੱਖ ਹੈ ਤੇ ਮਨੁੱਖ ਹੀ ਭਾਸ਼ਾਭਾਸ਼ਾ ਦਾ ਕਮਾਲ ਹੈ ਕਿ ਇਹ ਮਨੁੱਖ ਦੀ ਖਮੋਸ਼ੀ ਨੂੰ ਜ਼ਬਾਨ ਦਿੰਦੀ ਹੈਮਨੁੱਖ ਦੇ ਸੁਹਜ ਭਾਵਾਂ ਨੂੰ ਖੂਬਸੂਰਤੀ ਦਿੰਦੀ ਹੈਇਨਕਲਾਬਾਂ ਨੂੰ ਨਾਅਰੇ ਤੇ ਦੁੱਖਾਂ, ਸੁਖਾਂ, ਗਮੀਆਂ ਤੇ ਖੁਸ਼ੀਆਂ ਨੂੰ ਢਾਰਸ ਤੇ ਚੀਕ ਬੁਲਬੁਲੀਆਂ ਦਿੰਦੀ ਹੈਹਰ ਇੱਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਹੈਕੋਈ ਇਸ ਨੂੰ ਨਾ ਨਕਾਰ ਸਕਦਾ ਹੈ ਨਾ ਕੋਈ ਖੋਹ ਸਕਦਾ ਹੈ

ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਆਪਣੇ ਆਪ ਵਿੱਚ ਇੱਕ ਉਪ ਮਹਾਂਦੀਪ ਹੈਇਹਦੇ ਵਿੱਚ ਅਨੇਕਾਂ ਸੂਬੇ ਹਨ ਤੇ ਹਰ ਸੂਬਾ ਭਾਸ਼ਾ ਤੇ ਸਭਿਆਚਾਰਕ ਵੰਨ ਸੁਵੰਨਤਾ ਪੱਖੋਂ ਵੱਖਰਾ ਹੈਭਾਰਤੀ ਇਤਿਹਾਸ ਦੀਆਂ ਲੋਕ ਪਰੰਪਰਾਵਾਂ ਇਸੇ ਬਹੁ-ਭਾਸ਼ਾਈ ਤੇ ਬਹੁ-ਸਭਿਆਚਾਰਕ ਸੰਵਾਦ ਵਿੱਚ ਪਈਆਂ ਹਨਭਾਰਤ ਸ਼ਾਇਦ ਦੁਨੀਆ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਸੈਂਕੜੇ ਜ਼ਬਾਨਾਂ ਬੋਲੀਆਂ ਜਾਂਦੀਆਂ ਹਨਦੁਨੀਆ ਭਰ ਦੀਆਂ 6800 ਜ਼ਬਾਨਾਂ ਵਿੱਚੋਂ ਕੇਵਲ 65 ਜ਼ਬਾਨਾਂ ਅਜਿਹੀਆਂ ਹਨ ਜਿਨ੍ਹਾਂ ਦੇ ਬੋਲਣਹਾਰੇ ਇੱਕ ਕਰੋੜ ਤੋਂ ਲੈ ਕੇ ਕਈ ਕਰੋੜ ਤੱਕ ਹਨਇਨ੍ਹਾਂ 65 ਜ਼ਬਾਨਾਂ ਵਿੱਚ ਭਾਰਤ ਵਿਚਲੀਆਂ ਬੰਗਾਲੀ, ਤਮਿਲ, ਪੰਜਾਬੀ, ਤੈਲਗੂ, ਮਰਾਠੀ, ਕੰਨੜ, ਗੁਜਰਾਤੀ, ਸਿੰਧੀ, ਅਸਾਮੀ, ਉੜੀਆ, ਹਿੰਦੀ, ਮਲਿਆਲਮ, ਰਾਜਸਥਾਨੀ ਆਦਿ ਸ਼ਾਮਲ ਹਨ

1991 ਦੀ ਮਰਦਮ ਸ਼ੁਮਾਰੀ ਵਿੱਚ 1652 ਜ਼ਬਾਨਾਂ ਦਰਜ਼ ਹੋਈਆਂ ਸਨ ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਲੋਕਾਂ ਨੇ ਮਾਤ ਭਾਸ਼ਾ ਵਜੋਂ ਦਰਜ਼ ਕਰਾਇਆਇਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਕੋਸ਼, ਵਿਆਕਰਣ, ਉਚਾਰਣ ਵੱਖਰੇ ਵੱਖਰੇ ਹਨਇਨ੍ਹਾਂ ਤੋਂ ਇਲਾਵਾ 1796 ਜ਼ਬਾਨਾਂ ਨੂੰ ਦੂਸਰੀਆਂ ਹੋਰ ਮਾਂ ਬੋਲੀਆਂ ਦੇ ਵਰਗ ਵਿੱਚ ਰੱਖਿਆ ਗਿਆ ਹੈਅਨੁਮਾਨ ਹੈ ਕਿ ਪਿਛਲੇ ਦਸਾਂ ਵਰ੍ਹਿਆਂ ਵਿੱਚ ਇਨ੍ਹਾਂ 3448 ਭਾਸ਼ਾਵਾਂ ਤੇ ਉਪ ਭਾਸ਼ਾਵਾਂ ਵਿੱਚੋਂ ਕਾਫੀ ਮਰ ਚੁੱਕੀਆਂ ਹਨ ਤੇ ਬਹੁਤ ਸਾਰੀਆਂ ਖਤਮ ਹੋਣ ਦੇ ਕੰਢੇ ਹਨਭਾਰਤੀ ਭਾਸ਼ਾਵਾਂ ਦਾ ਇਹ ਰੰਗਲਾ ਦ੍ਰਿਸ਼ ਵੱਡੇ ਮਹੱਤਵ ਵਾਲਾ ਹੈਪਰ ਇਨ੍ਹਾਂ ਭਾਸ਼ਾਵਾਂ ਦੀ ਤਰੱਕੀ ਤੇ ਸਾਂਭ ਸੰਭਾਲ ਦੀ ਬਜਾਏ ਇਨ੍ਹਾਂ ਉੱਤੇ ਇੱਕ ਭਾਸ਼ਾ ਠੋਸਣ ਦੇ ਯਤਨ ਹੋ ਰਹੇ ਹਨਇਨ੍ਹਾਂ ਵਿੱਚੋਂ ਕਈ ਭਾਸ਼ਾਵਾਂ ਵਿਧਾਨਕ ਮਾਨਤਾ ਲਈ ਤਰਸ ਰਹੀਆਂ ਹਨਲੋਕ ਉਹਦੇ ਲਈ ਜੱਦੋਜਹਿਦ ਕਰ ਰਹੇ ਹਨ, ਵਿਸ਼ੇਸ਼ ਕਰਕੇ ਰਾਜਸਥਾਨੀ ਲਈ

ਪਿਛਲੇ ਦਿਨੀਂ ਭਾਸ਼ਾ ਦੇ ਸੰਬੰਧ ਵਿੱਚ ਦੋ ਘਟਨਾਵਾਂ ਵਾਪਰੀਆਂਪਹਿਲੀ ਇਹ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਦੇਸ਼ ਲਈ-ਇੱਕ ਰਾਸ਼ਟਰ, ਇੱਕ ਭਾਸ਼ਾ ਦਾ ਨਾਅਰਾ ਦਿੱਤਾਜੇ ਇਸਦੀ ਤਹਿ ਵਿੱਚ ਜਾਈਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਰਾਜ ਕਰਨ ਵਾਲੀ ਪਾਰਟੀ ਆਪਣੀ ਵਿਚਾਰਧਾਰਕ ਨੀਤੀ ਨੂੰ ਦੇਸ਼ ਉੱਤੇ ਥੋਪ ਕੇ ਇਹਦੀ ਵੰਨ ਸੁਵੰਨਤਾ ਨੂੰ ਢਾਹ ਲਾਉਣਾ ਚਾਹੁੰਦੀ ਹੈਰਾਜ ਕਰਨ ਵਾਲੀ ਪਾਰਟੀ ਦਾ ਨਾਅਰਾ ਹਿੰਦ, ਹਿੰਦੂ, ਹਿੰਦੀ, ਹਿੰਦੂਤਵ ਇੱਕ ਤਰ੍ਹਾਂ ਨਾਲ ਉਹ ਨੀਤੀ ਹੈ ਜਿਹੜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾ ਸਕਦੀ ਹੈਇਸ ਨਾਅਰੇ ਦਾ ਦੇਸ਼ ਦੇ ਕਈ ਸੂਬਿਆਂ ਵਲੋਂ ਭਰਵਾਂ ਵਿਰੋਧ ਹੋਇਆ ਹੈ

ਤਾਮਿਲ ਨਾਢੂ ਵਿੱਚ ਡੀ. ਐੱਮ. ਕੇ ਦੇ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਗ੍ਰਹਿ ਮੰਤਰੀ ਨੂੰ ਬਿਆਨ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਅਸੀਂ ਲਗਾਤਾਰ ਹਿੰਦੀ ਥੋਪੇ ਜਾਣ ਦਾ ਵਿਰੋਧ ਕਰਦੇ ਆ ਰਹੇ ਹਾਂਇਸ ਬਿਆਨ ਨੇ ਸਾਨੂੰ ਝਟਕਾ ਦਿੱਤਾ ਹੈਇਸ ਨਾਲ ਦੇਸ਼ ਦੀ ਏਕਤਾ ਉੱਤੇ ਅਸਰ ਪਏਗਾਦੇਸ਼ ਨੂੰ ਇੱਕ ਭਾਸ਼ਾ ਦੀ ਲੋੜ ਨਹੀਂਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੋਈ ਭਾਸ਼ਾ ਥੋਪੀ ਨਹੀਂ ਜਾਣੀ ਚਾਹੀਦੀਹੋਰ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੋ ਪਰ ਮਾਤ ਭਾਸ਼ਾ ਨੂੰ ਕਦੇ ਨਹੀਂ ਭੁਲਣਾ ਚਾਹੀਦਾਪੂਰਬੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਖੇਤਰੀ ਪਾਰਟੀਆਂ ਗ੍ਰਹਿ ਮੰਤਰੀ ਦੇ ਬਿਆਨ ਦਾ ਡਟਵਾਂ ਵਿਰੋਧ ਕਰ ਰਹੀਆਂ ਹਨਸਾਰੇ ਇੱਕ ਸੁਰ ਵਿੱਚ ਕਹਿ ਰਹੇ ਹਨ ਕਿ ਜੇ ਉਨ੍ਹਾਂ ਉੱਤੇ ਹਿੰਦੀ ਥੋਪ ਦਿੱਤੀ ਗਈ ਤਾਂ ਅਜਿਹਾ ਕਦਮ ਦੇਸ਼ ਨੂੰ ਵੰਡਣ ਵਾਲਾ ਹੋਵੇਗਾਤਾਮਿਲ ਨਾਢੂ ਦੀਆਂ ਖੇਤਰੀ ਪਾਰਟੀਆਂ ਡੀ.ਐੱਮ.ਕੇ, ਅੰਨਾ ਡੀ.ਐੱਮ.ਕੇ, ਪੀ.ਐੱਮ.ਕੇ ਦੇ ਨੇਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਿੰਦੀ ਮਨਜ਼ੂਰ ਨਹੀਂਵਾਇਕੋ ਨੇ ਕਿਹਾ ਹੈ ਕਿ ਜੇ ਹਿੰਦੀ ਥੋਪੀ ਗਈ ਤਾਂ ਦੇਸ਼ ਵੰਡਿਆ ਜਾਵੇਗਾਸਾਡੇ ਕੋਲ ਸਿਰਫ਼ ਇੱਕੋ ਹਿੰਦੀ ਇੰਡੀਆ ਹੋਵੇਗਾਪਾਂਡੀਚਰੀ ਦੇ ਸੀ.ਐੱਮ. ਨਰਾਇਣ ਸਵਾਮੀ ਨੇ ਵੀ ਇਹਦਾ ਵਿਰੋਧ ਕੀਤਾ ਹੈਕਰਨਾਟਕ, ਕੇਰਲ, ਤੇਲੰਗਾਨਾ ਵਿੱਚ ਵੀ ਹਿੰਦੀ ਥੋਪੇ ਜਾਣ ਦਾ ਵਿਰੋਧ ਹੋ ਰਿਹਾ ਹੈ

ਸੰਸਦ ਮੈਂਬਰ ਅਵੈਸੀ ਦਾ ਕਹਿਣਾ ਦਰੁਸਤ ਹੈ ਕਿ ਹਿੰਦੀ ਸਾਰੇ ਭਾਰਤੀਆਂ ਦੀ ਮਾਤ ਭਾਸ਼ਾ ਨਹੀਂਹਰ ਸੂਬੇ ਦੀ ਆਪਣੀ ਮਾਤ ਭਾਸ਼ਾ ਹੈਸੰਵਿਧਾਨ ਦਾ ਅਨੁਛੇਦ 29 ਹਰ ਭਾਰਤੀ ਨੂੰ ਵੱਖਰੀ ਭਾਸ਼ਾ, ਲਿੱਪੀ ਤੇ ਸੰਸਕ੍ਰਿਤੀ ਬਣਾਈ ਰੱਖਣ ਦਾ ਹੱਕ ਦਿੰਦਾ ਹੈਅਨੁਛੇਦ 343 ਵਿੱਚ ਸੰਘ ਦੀ ਰਾਜ ਭਾਸ਼ਾ ਹਿੰਦੀ ਅਤੇ ਲਿੱਪੀ ਦੇਵਨਾਗਰੀ ਅੰਕਿਤ ਕੀਤੀ ਗਈ ਹੈਇਸ ਵਿੱਚ ਕਿਤੇ ਵੀ ਰਾਸ਼ਟਰ ਭਾਸ਼ਾ ਦਾ ਜ਼ਿਕਰ ਨਹੀਂਇਸ ਨੂੰ ਇੱਕ ਸੰਪਰਕ ਭਾਸ਼ਾ ਦੇ ਤੌਰ ਉੱਤੇ ਸਥਾਪਤ ਕੀਤਾ ਗਿਆ ਹੈਅਨੁਛੇਦ 346-347 ਦੇ ਉਪ ਅਨੁਛੇਦ ਵਿੱਚ ਹਰ ਸੂਬੇ ਨੂੰ ਆਪਣੀ ਭਾਸ਼ਾ ਵਿੱਚ ਵਰਤੋਂ ਵਿਹਾਰ ਕਰਨ ਲਈ ਅਧਿਕਾਰ ਦਿੱਤਾ ਗਿਆ ਹੈਭਾਰਤੀ ਸੰਵਿਧਾਨ ਵਿੱਚ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਕੌਮੀ ਭਾਸ਼ਾਵਾਂ ਦਾ ਦਰਜਾ ਪ੍ਰਾਪਤ ਹੈਅਜਿਹੀ ਸੰਵਿਧਾਨਕ ਵਿਵਸਥਾ ਦੇ ਬਾਵਜੂਦ ਜਦੋਂ ਇੱਕ ਭਾਸ਼ਾ ਇੱਕ ਰਾਸ਼ਟਰ ਦਾ ਨਾਅਰਾ ਦਿੱਤਾ ਜਾਂਦਾ ਹੈ ਤਾਂ ਇਹ ਜਿੱਥੇ ਸੰਵਿਧਾਨ ਦੀ ਤੌਹੀਨ ਹੈ, ਉੱਥੇ ਭਾਸ਼ਾਈ ਵੰਨ ਸੁਵੰਨਤਾ ਨੂੰ ਬਰਬਾਦ ਕਰਨ ਦੇ ਤੁੱਲ ਵੀ ਹੈ

ਹੈਰਾਨੀ ਵਾਲੀ ਗੱਲ ਹੈ ਕਿ ਇਸ ਨਾਅਰੇ ਦਾ ਪੰਜਾਬ ਵਿਚਲੀ ਸਰਕਾਰੀ ਧਿਰ ਅਤੇ ਵਿਰੋਧੀ ਧਿਰ ਦੋਹਾਂ ਵਿੱਚੋਂ ਕਿਸੇ ਨੇ ਵਿਰੋਧ ਨਹੀਂ ਕੀਤਾਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਪੰਜਾਬੀ ਭਾਸ਼ਾ ਨਾਲ ਕਦੇ ਵਫਾ ਨਹੀਂ ਕੀਤੀ, ਮੰਤਰੀਆਂ ਨੇ ਤਾਂ ਸਹੁੰ ਤੱਕ ਅੰਗਰੇਜ਼ੀ ਵਿੱਚ ਚੁੱਕੀ ਹੈਇਹ ਪੰਜਾਬੀਆਂ ਨਾਲ ਅਤੇ ਪੰਜਾਬ ਰਾਜ ਭਾਸ਼ਾ ਐਕਟ ਨਾਲ ਧੋਖਾ ਹੈ ਪੰਜਾਬੀਆਂ ਨੇ ਵੋਟਾਂ ਪਾ ਕੇ ਜਿਹੜੀ ਸਰਕਾਰ ਚੁਣੀ ਉਹਦੇ ਮੂੰਹੋਂ ਇੱਕ ਲਫਜ਼ ਵੀ ਇਸ ਨਾਅਰੇ ਖਿਲਾਫ ਨਹੀਂ ਆਇਆਵਿਰੋਧੀ ਪਾਰਟੀਆਂ ਨੇ ਵੀ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀਅਕਾਲੀ ਦਲ, ਜਿਹੜਾ ਪੰਥਕ ਹੋਣ ਦੇ ਨਾਲ ਨਾਲ ਪੰਜਾਬ ਦਾ ਹਿਤੈਸ਼ੀ ਹੋਣ ਦਾ ਦਮ ਭਰਦਾ ਹੈ, ਉਹ ਛੋਟੇ ਮੋਟੇ ਮਸਲਿਆਂ ਉੱਤੇ ਵੱਡੇ ਵੱਡੇ ਬਿਆਨ ਦਾਗਣ ਵਿੱਚ ਮਾਹਰ ਹੈ, ਉਹਨੇ ਵੀ ਪੰਜਾਬੀ ਦੇ ਹੱਕ ਲਈ ਨਾਅਰਾ ਨਹੀਂ ਮਾਰਿਆਇਸ ਤੋਂ ਸਪਸ਼ਟ ਹੈ ਕਿ ਉਹ ਕੇਂਦਰ ਵਿੱਚ ਆਪਣੀ ਭਾਈਵਾਲੀ ਕਰਕੇ ਪੰਜਾਬੀਆਂ ਨੂੰ ਪਿੱਠ ਦਿਖਾ ਕੇ ਲੁਕਣਾ ਚਾਹੁੰਦਾ ਹੈਇਹ ਜ਼ਰੂਰ ਹੈ ਕਿ ਕੁਝ ਧਾਰਮਕ ਸੰਸਥਾਵਾਂ ਨੇ ਇਸ ਮੁੱਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ, ਜੋ ਸੁਆਗਤਯੋਗ ਹੈ

ਪੰਜਾਬੀ ਦਾ ਕਾਂਗਰਸ ਤੇ ਅਕਾਲੀਆਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈਕਦੇ ਪੰਜਾਬੀ ਧੁਰ ਹਿਮਾਚਲ ਤੋਂ ਲੈ ਕੇ ਸਮੁੱਚੇ ਪੰਜਾਬ ਦੀ ਭਾਸ਼ਾ ਸੀਭਾਵੇਂ ਕੇਂਦਰ ਨੇ ਇਸ ਨੂੰ ਦੋ-ਭਾਸ਼ੀ ਖਿੱਤਾ ਬਣਾ ਦਿੱਤਾ ਸੀ ਪਰ ਦੇਰ ਸਵੇਰ ਪੰਜਾਬੀ ਦੀ ਚੜ੍ਹਤ ਹੋਣੀ ਸੀਅਕਾਲੀ ਪਾਰਟੀ ਨੇ ਰਾਜਨੀਤਕ ਸਵਾਰਥਾਂ ਕਰਕੇ ਪੰਜਾਬੀ ਤੇ ਪੰਜਾਬ ਦੇ ਟੋਟੇ ਕਰ ਦਿੱਤੇਨਾ ਕਿਸੇ ਨੇ ਹਰਿਆਣਾ ਮੰਗਿਆ ਸੀ ਨਾ ਹਿਮਾਚਲਪੰਜਾਬ ਨੇ ਆਪਣੇ ਹਿੱਸੇ ਕੱਟ ਕੇ ਦੋ ਨਵੇਂ ਰਾਜ ਬਣਾ ਦਿੱਤੇਕਾਂਗਰਸ ਨੇ ਹੋਛੀਆਂ ਰਾਜਨੀਤਕ ਚਾਲਾਂ ਚੱਲ ਕੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਦਿੱਤੇਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਕਰ ਦਿੱਤੀਪੰਜਾਬੀ ਭਾਸ਼ਾ ਤੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਕੋਈ ਵੀ ਪਾਰਟੀ ਸੰਜੀਦਾ ਨਹੀਂਪੰਜਾਬ ਵਿੱਚੋਂ ਕੱਟ ਕੇ ਬਣੇ ਚੰਡੀਗੜ੍ਹ ਨੂੰ ਕੇਂਦਰ ਨੇ ਆਪਣੀ ਬਸਤੀ ਬਣਾ ਲਿਆ ਤੇ ਉੱਥੇ ਹਿੰਦੀ ਭਾਸ਼ਾ ਥੋਪ ਦਿੱਤੀਅੱਜ ਜੇ ਪੰਜਾਬੀ ਦੀ ਤਰਸਯੋਗ ਹਾਲਤ ਹੈ ਤਾਂ ਇਹਦੇ ਲਈ ਸਿਆਸੀ ਦਲ ਜ਼ਿੰਮੇਵਾਰ ਹਨ

ਇੱਥੇ ਹੀ ਬੱਸ ਨਹੀਂ ਜੰਮੂ ਅਤੇ ਰਾਜਸਥਾਨ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨਹਰਿਆਣੇ ਅਤੇ ਦਿੱਲੀ ਵਿੱਚ ਵੀ ਪੰਜਾਬੀਆਂ ਦੀ ਵੱਡੀ ਗਿਣਤੀ ਮਿਲਦੀ ਹੈ ਤੇ ਸੰਵਿਧਾਨਕ ਵਿਵਸਥਾ ਅਨੁਸਾਰ ਉੱਥੇ ਵੀ ਪੰਜਾਬੀਆਂ ਨੂੰ ਆਪਣੀ ਭਾਸ਼ਾ, ਲਿੱਪੀ ਤੇ ਸਭਿਆਚਾਰ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਪਰ ਉੱਥੋਂ ਦੀਆਂ ਸਰਕਾਰਾਂ ਨੇ ਕਦੇ ਇਸ ਪ੍ਰਤੀ ਉਤਸ਼ਾਹ ਨਹੀਂ ਦਿਖਾਇਆ ਨਾ ਇਨ੍ਹਾਂ ਨੂੰ ਵਿਧਾਨਕ ਮਾਨਤਾ ਦਿੱਤੀ ਹੈਵੋਟਾਂ ਵੇਲੇ ਜ਼ਰੂਰ ਬਿਆਨਬਾਜ਼ੀ ਹੁੰਦੀ ਹੈ, ਵਾਅਦੇ ਕੀਤੇ ਜਾਂਦੇ ਹਨ ਪਰ ਅਮਲੀ ਰੂਪ ਵਿੱਚ ਭਾਸ਼ਾਵਾਂ ਹਾਸ਼ੀਏ ਉੱਤੇ ਹੀ ਰਹਿ ਜਾਂਦੀਆਂ ਹਨ

1966 ਤੋਂ ਪਹਿਲਾਂ ਪੰਜਾਬੀ ਦੀ ਸਥਿਤੀ ਦੋ-ਭਾਸ਼ਾਈ ਸੀ1961 ਵਿੱਚ ਪੰਜਾਬ ਦੇ ਹਿੰਦੂ ਸਮੁਦਾਏ ਨੇ ਪੰਜਾਬੀ ਮਾਤ ਭਾਸ਼ਾ ਹੁੰਦਿਆਂ ਆਪਣੀ ਭਾਸ਼ਾ ਤੋਂ ਮੁੱਖ ਮੋੜ ਲਿਆ ਤੇ ਹਿੰਦੀ ਦੇ ਹੱਕ ਵਿੱਚ ਭੁਗਤ ਗਏਭਾਸ਼ਾਵਾਂ ਨੂੰ ਧਰਮ ਨਾਲ ਜੋੜਨ ਦੀ ਲੀਲ੍ਹਾ ਅੰਗਰੇਜ਼ਾਂ ਨੇ ਰਚਾਈ ਸੀ ਤੇ ਪੰਜਾਬ ਇਸਦਾ ਸ਼ਿਕਾਰ ਹੋ ਗਿਆਪੰਜਾਬੀ ਸਾਰੇ ਪੰਜਾਬੀਆਂ ਦੀ ਸਾਂਝੀ ਜ਼ਬਾਨ ਸੀ ਪਰ ਇਸ ਨੂੰ ਸਿੱਖਾਂ ਨਾਲ ਖਾਹਮਖਾਹ ਜੋੜ ਦਿੱਤਾ ਗਿਆਨਤੀਜੇ ਵਜੋਂ ਹੀ ਪੰਜਾਬ ਦੀ ਕੱਟ ਵੱਢ ਹੋਈਉੱਧਰ ਜੰਮੂ ਵਿਚਲੀ ਡੋਗਰੀ ਪੰਜਾਬੀ ਦੀ ਇੱਕ ਉਪ ਭਾਸ਼ਾ ਸੀ ਪਰ ਇਸ ਨੂੰ ਪੰਜਾਬੀ ਭਾਸ਼ਾ ਨਾਲੋਂ ਤੋੜ ਕੇ ਸੁਤੰਤਰ ਭਾਸ਼ਾ ਬਣਾ ਦਿੱਤਾ ਗਿਆਇੱਥੇ ਹੀ ਬੱਸ ਨਹੀਂ, ਡੋਗਰੀ ਨੂੰ ਲਿਖਣ ਲਈ ਗੁਰਮੁਖੀ ਲਿੱਪੀ ਦੀ ਥਾਂ ਦੇਵਨਾਗਰੀ ਲਿੱਪੀ ਦੇ ਦਿੱਤੀ ਗਈ ਜਦ ਕਿ ਤਕਨੀਕੀ ਤੌਰ ਉੱਤੇ ਡੋਗਰੀ ਦਾ ਦੇਵਨਾਗਰੀ ਲਿੱਪੀ ਨਾਲ ਕੋਈ ਸੰਬੰਧ ਨਹੀਂ ਜੁੜਦਾਹੌਲੀ ਹੌਲੀ ਡੋਗਰੀ ਵੀ ਆਪਣੇ ਅਸਲ ਸਰੂਪ ਤੋਂ ਹਿੰਦੀ ਦੀ ਇੱਕ ਬੋਲੀ ਬਣ ਕੇ ਰਹਿ ਜਾਏਗੀਹਰਿਆਣਵੀ, ਹਿਮਾਚਲੀ, ਰਾਜਸਥਾਨੀ, ਮੈਥਲੀ, ਅਵਧੀ, ਬ੍ਰਜ ਸੁਤੰਤਰ ਭਾਸ਼ਾਵਾਂ ਹੁੰਦੀਆਂ ਹੋਈਆਂ ਵੀ ਹਿੰਦੀ ਦੀਆਂ ਉਪ ਬੋਲੀਆਂ ਬਣ ਕੇ ਰਹਿ ਗਈਆਂ ਹਨਇਨ੍ਹਾਂ ਨੂੰ ਇਨ੍ਹਾਂ ਦਾ ਵਿਧਾਨਕ ਹੱਕ ਨਹੀਂ ਦਿੱਤਾ ਗਿਆਜਿਨ੍ਹਾਂ ਭਾਸ਼ਾਵਾਂ ਨੂੰ ਦੇਵ ਨਾਗਰੀ ਲਿੱਪੀ ਨਾਲ ਮੜ੍ਹ ਦਿੱਤਾ ਗਿਆ ਉਨ੍ਹਾਂ ਨੂੰ ਹੌਲੀ ਹੌਲੀ ਹਿੰਦੀ ਨੇ ਆਤਮਸਾਤ ਕਰ ਲਿਆਅਜਿਹੀਆਂ ਸਥਿਤੀਆਂ ਕਰਕੇ ਖੇਤਰੀ ਭਾਸ਼ਾਵਾਂ ਸੰਕਟ ਵਿੱਚ ਘਿਰੀਆਂ ਰਹੀਆਂ ਹਨ

ਇਸਦੇ ਨਾਲ ਦੂਸਰੀ ਘਟਨਾ ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ਵਿੱਚ ਹਿੰਦੀ ਦਿਵਸ ਮਨਾਏ ਜਾਣ ਸਮੇਂ ਵਾਪਰੀਪੰਜਾਬੀ ਦੇ ਇੱਕ ਵਿਦਵਾਨ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਭਾਸ਼ਾਈ-ਵੰਨ ਸੁਵੰਨਤਾ ਤੇ ਇਹਦੇ ਆਪਸੀ ਸੰਵਾਦ ਬਾਰੇ ਗੱਲ ਕਰਦਿਆਂ ਕਹਿ ਦਿੱਤਾ ਕਿ ਕਿਸੇ ਸੂਬੇ ਵਿਚਲੀ ਦੂਸਰੀ ਭਾਸ਼ਾ ਵਿੱਚੋਂ ਉੱਥੋਂ ਦੀ ਮਿੱਟੀ ਦੀ ਮਹਿਕ ਆਉਣੀ ਚਾਹੀਦੀ ਹੈਪਰ ਉੱਥੇ ਹਾਜ਼ਰ ਸਰਕਾਰੀ ਸੋਚ ਵਾਲਿਆਂ ਨੇ ਪੰਜਾਬੀ ਜ਼ਬਾਨ ਬਾਰੇ ਮੰਦਾ ਚੰਗਾ ਬੋਲ ਕੇ ਧਮਕੀ ਭਰੇ ਲਹਿਜੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਦੋ ਸਾਲਾਂ ਬਾਅਦ ਦੇਖਾਂਗੇ ਕਿ ਹਿੰਦੀ ਕੀ ਹੈਇਹ ਇੱਕ ਤਰ੍ਹਾਂ ਨਾਲ ਭਾਸ਼ਾਈ ਚੁਣੌਤੀ ਹੈ

ਭਾਸ਼ਾਵਾਂ ਵਿੱਚ ਵੈਰ ਵਿਰੋਧ ਵਾਲੀ ਸਥਿਤੀ ਬਸਤੀ ਕਾਲ ਤੋਂ ਤੁਰੀ ਆ ਰਹੀ ਹੈਅੰਗਰੇਜ਼ਾਂ ਨੇ ਆਪਣੇ ਭਾਸ਼ਾਈ ਸਾਮਰਾਜ ਨੂੰ ਕਾਇਮ ਕਰਨ ਲਈ ਸਥਾਨਕ ਭਾਸ਼ਾਵਾਂ ਵਿੱਚ ਵੈਰ ਵਿਰੋਧ ਪੈਦਾ ਕੀਤੇਭਾਰਤ ਪਾਕ ਵੰਡ ਵਿੱਚ ਭਾਸ਼ਾਵਾਂ ਦਾ ਵੀ ਵੱਡਾ ਰੋਲ ਸੀਪੰਜਾਬ ਵਿੱਚ ਪੰਜਾਬੀ ਦੀ ਥਾਂ ਉਰਦੂ ਨੂੰ ਸਿੱਖਿਆ ਦਾ ਮਾਧਿਅਮ ਬਣਾ ਕੇ ਪੰਜਾਬੀ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਗਿਆਉਰਦੂ ਨੂੰ ਅਜਿਹੀ ਨਿਆਂ ਦੀ ਭਾਸ਼ਾ ਬਣਾਇਆ ਕਿ ਅਜੇ ਤੱਕ ਉਹਦਾ ਪ੍ਰਭਾਵ ਕਾਇਮ ਹੈ

ਭਾਰਤੀ ਇਤਿਹਾਸ ਵਿੱਚ ਭਾਸ਼ਾਵਾਂ ਬਾਰੇ ਇੱਕ ਬੜੀ ਦਿਲਚਸਪ ਸਥਿਤੀ ਮਿਲਦੀ ਹੈਮੁਗਲਾਂ ਦੇ ਰਾਜ ਵਿੱਚ ਦਰਬਾਰ ਦੀ ਭਾਸ਼ਾ ਫਾਰਸੀ ਸੀ। ਹੋਰ ਵੀ ਜਿਹੜੇ ਹਮਲਾਵਾਰ ਆਏ ਜੋ ਇੱਥੇ ਹੀ ਵਸ ਗਏ, ਉਨ੍ਹਾਂ ਨੇ ਆਪਣੇ ਆਪ ਨੂੰ ਭਾਰਤੀਅਤਾ ਵਿੱਚ ਜਜ਼ਬ ਕਰ ਲਿਆ ਤੇ ਉਨ੍ਹਾਂ ਦੀਆਂ ਭਾਸ਼ਾਵਾਂ ਤੇ ਸ਼ਬਦਾਵਲੀ ਇੱਥੋਂ ਦੀਆਂ ਭਾਸ਼ਾਵਾਂ ਵਿੱਚ ਰਚ ਮਿਚ ਗਈਪਰ ਅੰਗਰੇਜ਼ਾਂ ਨੇ ਨਾ ਤਾਂ ਆਪਣੇ ਆਪ ਨੂੰ ਭਾਰਤੀਅਤਾ ਵਿੱਚ ਆਤਮਸਾਤ ਕੀਤਾ ਤੇ ਨਾ ਹੀ ਇੱਥੋਂ ਕੁਝ ਸਿੱਖਿਆਉਲਟਾ ਉਨ੍ਹਾਂ ਨੇ ਅੰਗਰੇਜ਼ੀ ਨੂੰ ਇਸ ਰੂਪ ਵਿੱਚ ਬੀਜਿਆ ਕਿ ਅੱਜ ਅੰਗਰੇਜ਼ੀ ਇੱਕ ਵੱਡਾ ਛਤਰ ਬਣ ਕੇ ਭਾਰਤੀ ਭਾਸ਼ਾਵਾਂ ਉੱਤੇ ਛਾਈ ਹੋਈ ਹੈ

ਮਹਾਤਮਾ ਗਾਂਧੀ ਸਾਰੇ ਦੇਸ਼ ਲਈ ਇੱਕ ਅਜਿਹੀ ਲਿੰਗੂਆ ਫਰੈਂਕਾ ਚਾਹੁੰਦੇ ਸਨ ਜੋ ਸਾਰੇ ਲੋਕਾਂ ਲਈ ਸੌਖੀ ਅਤੇ ਉਨ੍ਹਾਂ ਦੇ ਹਿਤ ਵਿੱਚ ਹੋਵੇਉਨ੍ਹਾਂ ਨੇ ਇਸ ਨੂੰ ਹਿੰਦੋਸਤਾਨੀ ਨਾਂ ਦਿੱਤਾਇਸ ਵਿੱਚ ਵੱਖ ਵੱਖ ਇਲਾਕਾਈ ਸ਼ਬਦ ਸ਼ਾਮਲ ਸਨ ਤੇ ਇਹ ਲੋਕਾਂ ਦੇ ਵਰਤੋਂ ਵਿਹਾਰ ਦੀ ਭਾਸ਼ਾ ਸੀਪਰ ਜਦੋਂ ਭਾਸ਼ਾ ਨੂੰ ਧਰਮ ਨਾਲ ਜੋੜਕੇ ਬਾਕੀ ਭਾਸ਼ਾਵਾਂ ਨੂੰ ਨਫਰਤ ਦੀ ਨਿਗਾਹ ਨਾਲ ਦੇਖਿਆ ਜਾਵੇ ਤਾਂ ਇੱਕ ਵੱਖਰੀ ਤਰ੍ਹਾਂ ਦਾ ਭਾਸ਼ਾਈ ਸ਼ਾਵਨਵਾਦ ਪੈਦਾ ਹੁੰਦਾ ਹੈਗਾਂਧੀ-ਨਹਿਰੂ ਦਾ ਹਿੰਦੋਸਤਾਨੀ ਭਾਸ਼ਾ ਦਾ ਵਿਚਾਰ ਯਥਾਰਥਕ ਸੀ ਕਿਉਂਕਿ ਭਾਸ਼ਾ ਸਾਰੇ ਲੋਕਾਂ ਦੀ ਸਾਂਝੀ ਵਿਰਾਸਤ ਹੁੰਦੀ ਹੈ ਤੇ ਉਹ ਇਸਨੂੰ ਸੰਭਾਲਦੇ ਹੀ ਨਹੀਂ, ਸਗੋਂ ਵਰਤੋਂ ਵਿਹਾਰ ਰਾਹੀਂ ਇਹਦਾ ਵਿਕਾਸ ਵੀ ਕਰਦੇ ਹਨਖੇਤਰੀ ਭਾਸ਼ਾਵਾਂ ਦੀ ਅਣਦੇਖੀ ਕਰਕੇ ਹੀ ਕੋਈ ਭਾਸ਼ਾ ਲਿੰਗੁਆ ਫਰੈਂਕਾ ਨਹੀਂ ਬਣ ਸਕੀ ਤੇ ਉਲਟਾ ਇੱਕ ਭਾਸ਼ਾ ਥੋਪਣ ਦੇ ਯਤਨ ਜਾਰੀ ਹਨ ਤੇ ਲੰਬੇ ਸਮੇਂ ਤੋਂ ਥੋਪਣ ਦੀ ਇਸ ਪ੍ਰਕਿਰਿਆ ਲਈ ਹਿੰਦੀ ਦੀ ਚੋਣ ਕੀਤੀ ਗਈ ਹੈਅੱਜ ਜਿਵੇਂ ਹਿੰਦੀ ਸੰਸਕ੍ਰਿਤੀਕਰਨ ਕੀਤਾ ਗਿਆ ਹੈ, ਇਹ ਭਾਸ਼ਾ ਆਮ ਲੋਕਾਂ ਦੀ ਸਮਝ ਤੋਂ ਪਰੇ ਹੈ

ਜੇ ਇਸ ਪ੍ਰਕਾਰ ਦੇ ਨਾਅਰੇ ਨੂੰ ਸੱਚਮੁੱਚ ਸਰਕਾਰ ਨੇ ਨੀਤੀਗਤ ਮਸਲਾ ਬਣਾ ਕੇ ਥੋਪ ਦਿੱਤਾ ਤਾਂ ਇਹ ਖੇਤਰੀ ਭਾਸ਼ਾਵਾਂ ਲਈ ਵੱਡਾ ਖਤਰਾ ਹੋਵੇਗਾਮਾਤ ਭਾਸ਼ਾ ਵਿੱਚ ਜਿਊਂਦਾ ਮਨੁੱਖ ਕਿਸੇ ਦੂਸਰੀ ਭਾਸ਼ਾ ਨੂੰ ਨਹੀਂ ਝੱਲ ਸਕਦਾਇਹ ਠੀਕ ਹੈ ਕਿ ਉਹ ਆਪਣੀ ਮਾਤ ਭਾਸ਼ਾ ਦੇ ਉਚਿਤ ਗਿਆਨ ਰਾਹੀਂ ਭਾਵੇਂ ਜਿੰਨੀਆਂ ਮਰਜ਼ੀ ਹੋਰ ਭਾਸ਼ਾਵਾਂ ਸਿੱਖ ਲਵੇ ਪਰ ਆਪਣੀ ਭਾਸ਼ਾ ਦੀ ਕੀਮਤ ਉੱਤੇ ਜੇ ਹੋਰ ਭਾਸ਼ਾ ਥੋਪੀ ਜਾਵੇ ਤਾਂ ਭਾਸ਼ਾ ਦੇ ਨਾਲ ਨਾਲ ਉਸ ਭਾਸ਼ਾ ਦਾ ਬੰਦਾ ਵੀ ਤਬਾਹ ਹੋ ਜਾਂਦਾ ਹੈ

ਪੰਜਾਬੀ ਭਾਸ਼ਾ ਦੀ ਪਰੰਪਰਾ ਇਤਿਹਾਸਕ ਰੂਪ ਵਿੱਚ ਅੱਜ ਤੋਂ ਅੱਠ ਸੌ ਵਰ੍ਹੇ ਪਹਿਲਾਂ ਬਾਬਾ ਫਰੀਦ ਦੇ ਸਲੋਕਾਂ ਨਾਲ ਜਨਮੀ ਸੀਗੁਰੂ ਸਾਹਿਬਾਨ, ਸੂਫੀਆਂ, ਫਕੀਰਾਂ, ਕਿੱਸਾਕਾਰਾਂ, ਢਾਡੀਆਂ, ਰਾਗੀਆਂ, ਕਵੀਸ਼ਰਾਂ ਤੇ ਇਸ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਇਸ ਨੂੰ ਅਮੀਰ ਹੀ ਨਹੀਂ ਬਣਾਇਆ ਸਗੋਂ ਸਿਰ ਦਾ ਤਾਜ ਬਣਾ ਕੇ ਵੀ ਰੱਖਿਆ ਹੈਅੱਜ ਤੱਕ ਇਹ ਨੂੰ ਰਾਜਸੀ ਛਤਰ ਛਾਇਆ ਨਹੀਂ ਮਿਲੀ ਪਰ ਦਰਿਆਵਾਂ ਦੀ ਰਵਾਨੀ, ਮਿੱਟੀ ਦੀ ਮਹਿਕ, ਕਿਰਤ ਦੇ ਗੁਣਾਂ ਨੇ ਇਸ ਨੂੰ ਤਾਕਤ ਬਖਸ਼ੀ ਹੈਅੱਜ ਇਹ ਕੌਮਾਂਤਰੀ ਭਾਸ਼ਾ ਦਾ ਦਰਜਾ ਰੱਖਦੀ ਹੈਡੇਢ ਸੌ ਮੁਲਕਾਂ ਵਿੱਚ ਵਸਦੇ ਪੰਜਾਬੀ ਜਿੱਥੇ ਇਸਨੂੰ ਪਿਆਰ ਕਰਦੇ ਹਨ ਉੱਥੇ ਇਹਦੇ ਪ੍ਰਚਾਰ ਤੇ ਪ੍ਰਸਾਰ ਲਈ ਜਤਨਸ਼ੀਲ ਹਨਕਈ ਮੁਲਕਾਂ ਵਿੱਚ ਇਸ ਨੂੰ ਦੂਸਰੀ ਭਾਸ਼ਾ ਦਾ ਦਰਜਾ ਹਾਸਲ ਹੈਅਜਿਹੀ ਭਾਸ਼ਾ ਨੂੰ ਝਗੜਾਲੂ ਜਾਂ ਮੰਦੀ ਕਹਿਣ ਤੋਂ ਭਾਵ ਹੈ ਕਿ ਤੁਸੀਂ ਉਸ ਪਰੰਪਰਾ ਨੂੰ ਗਾਲ਼੍ਹ ਕੱਢ ਰਹੇ ਹੋ ਜਿਸਨੇ ਮਧਕਾਲੀ ਵੰਨ ਸੁਵੰਨਤਾ ਵਿੱਚੋਂ ਜਿਊਣ ਦੀ ਜਾਚ ਦੱਸੀ ਹੈ

ਕੀ ਅਜਿਹੀਆਂ ਗੌਰਵਸ਼ਾਲੀ ਭਾਸ਼ਾਵਾਂ ਨੂੰ ਭਾਸ਼ਾਈ ਸ਼ਾਵਨਵਾਦ ਹੇਠ ਮਿੱਧ ਦਿੱਤਾ ਜਾਏਗਾ? ਖੇਤਰੀ ਭਾਸ਼ਾਵਾਂ ਲਈ ਇਹ ਵੱਡੇ ਸੰਕਟ ਦੀ ਘੜੀ ਹੈ, ਇਸਦਾ ਡਟਵਾਂ ਵਿਰੋਧ ਇੱਕ ਲਹਿਰ ਦੇ ਰੂਪ ਵਿੱਚ ਹੋਣਾ ਚਾਹੀਦਾ ਹੈਇਹੋ ਜਿਹੀ ਪ੍ਰਤੀਬੱਧਤਾ ਦਿਖਾਉਣੀ ਚਾਹੀਦੀ ਹੈ ਕਿ ਇਹ ਸਿਰਫ ਭਾਸ਼ਾਵਾਂ ਦੇ ਗੁਆਚਣ ਦਾ ਮਸਲਾ ਹੀ ਨਹੀਂ ਸਗੋਂ ਸਾਡੀ ਹੋਂਦ ਦਾ ਵੀ ਮਸਲਾ ਹੈਭਾਸ਼ਾ ਪ੍ਰਤੀ ਵਫਾਦਾਰੀ ਸਮੇਂ ਦੀ ਮੰਗ ਹੈਇਸ ਲਈ ਭਾਵੇਂ ਰਾਜਨੀਤਕ ਧਿਰਾਂ ਖਾਮੋਸ਼ ਹਨ ਪਰ ਪੰਜਾਬੀਆਂ ਨੂੰ ਇੱਕ ਰਾਸ਼ਟਰ ਇੱਕ ਭਾਸ਼ਾ ਦੇ ਵਿਰੋਧ ਵਿੱਚ ਡਟਣਾ ਚਾਹੀਦਾ ਹੈ ਤਾਂ ਜੋ ਭਾਰਤ ਦੀਆਂ ਇਤਿਹਾਸਕ ਪਰੰਪਰਾਵਾਂ ਤੇ ਵੰਨ ਸੁਵੰਨਤਾ ਨੂੰ ਓਵੇਂ ਹੀ ਕਾਇਮ ਰੱਖਿਆ ਜਾ ਸਕੇ ਜਿਵੇਂ ਇਹ ਸਦੀਆਂ ਤੋਂ ਚਲੀ ਆ ਰਹੀ ਹੈ

ਭਾਵੇਂ ਗ੍ਰਹਿ ਮੰਤਰੀ ਨੇ ਆਪਣੇ ਬਿਆਨ ਤੋਂ ਪੈਰ ਪਿੱਛੇ ਖਿੱਚ ਲਏ ਹਨ ਪਰ ਇਹਦਾ ਇਹ ਮਤਲਬ ਨਹੀਂ ਕਿ ਸਭ ਕੁਝ ਠੀਕ ਠਾਕ ਹੈ2014 ਵਿੱਚ ਗ੍ਰਹਿ ਵਿਭਾਗ ਨੇ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਵਿਰੋਧ ਤੋਂ ਬਾਅਦ ਸਰਕਾਰ ਪਿੱਛੇ ਹਟ ਗਈ ਸੀ2015, 2017, 2019 ਵਿੱਚ ਯੂਪੀਐੱਸਸੀ ਦੀਆਂ ਪਰੀਖਿਆਵਾਂ ਵਿੱਚ, ਨਵੀਂ ਸਿੱਖਿਆ ਨੀਤੀ ਤੇ ਹੋਰ ਕਈ ਮਸਲਿਆਂ ਵਿੱਚ ਹਿੰਦੀ ਥੋਪਣ ਤੇ ਖੇਤਰੀ ਭਾਸ਼ਾਵਾਂ ਨੂੰ ਛੁਟਿਆਉਣ ਦੇ ਯਤਨ ਹੋਏ ਹਨਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਖੇਤਰੀ ਭਾਸ਼ਾਵਾਂ ਪ੍ਰਤੀ ਇਸ ਰਵੱਈਏ ਦੇ ਵਿਰੋਧ ਵਿੱਚ ਲਾਮਬੰਧ ਹੋ ਕੇ ਇਨ੍ਹਾਂ ਭਾਸ਼ਾਵਾਂ ਨੂੰ ਮਿਲੇ ਵਿਧਾਨਕ ਅਧਿਕਾਰ ਦੇ ਮੱਦੇਨਜ਼ਰ ਇਨ੍ਹਾਂ ਦੀ ਤਰੱਕੀ ਤੇ ਪ੍ਰਸਾਰ ਲਈ ਭਰਪੂਰ ਯਤਨ ਕੀਤੇ ਜਾਣ ਤਾਂ ਜੋ ਹਰ ਭਾਸ਼ਾ ਆਪਣੇ ਖਿੱਤੇ ਵਿਚਲੇ ਲੋਕਾਂ ਦੀਆਂ ਸਮੁੱਚੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬਣ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1753)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author