“ਸਾਡੇ ਬੱਚਿਆਂ ਦੇ ਮੂਰਖ ਮਾਪੇ ਉਨ੍ਹਾਂ ਨੂੰ ਮਨੁੱਖ ਬਣਾਉਣ ਦੀ ਥਾਂ ਡਾਕਟਰੀ, ਇੰਜਨੀਅਰੀ ਦੀਆਂ ...”
(10 ਜੂਨ 2022)
ਮਹਿਮਾਨ: 140.
ਅੱਜ ਮੈਂ ਆਪਣੀ ਭਵਿੱਖੀ ਪੀੜ੍ਹੀ, ਬੇਟੀ ਦੀ ਤਿੰਨ ਸਾਲਾ ਬੇਟੀ ਦੀਆਂ ਰੰਗ ਬਿਰੰਗੀਆਂ ਵਾਹੀਆਂ ਲਕੀਰਾਂ ਦੇਖ ਕੇ ਸੋਚ ਰਿਹਾ ਸਾਂ ਕਿ ਇਨ੍ਹਾਂ ਊਲ ਜਲੂਲ ਖਾਕਿਆਂ, ਰੇਖਾਵਾਂ, ਗੋਲ਼ ਦਾਇਰਿਆਂ ਅਤੇ ਟੋਭਿਆਂ ਵਿੱਚ ਕੀ ਭਵਿੱਖ ਦੀ ਕਲਾ ਲੁਕੀ ਹੋ ਸਕਦੀ ਹੈ? ਆਪਣਾ ਬਚਪਨ ਯਾਦ ਆ ਗਿਆ। ਹਰ ਸੋਹਣੀ ਤਸਵੀਰ ਦੀ ਮੈਂ ਨਕਲ ਕਰਨ ਦੀ ਕੋਸ਼ਿਸ਼ ਕਰਦਾ ਸਾਂ। ਹੌਲੀ ਹੌਲੀ ਰੰਗਾਂ ਦੀ ਸਮਝ ਆ ਗਈ, ਸ਼ੇਡਜ਼ ਤੇ ਸ਼ੈਡੋ ਦੀ ਕਹਾਣੀ ਪਤਾ ਲੱਗ ਗਈ। ਇੱਕ ਪੇਂਟਰ ਨੂੰ ਉਸਤਾਦ ਧਾਰ ਲਿਆ। ਉਹਨੇ ਖਾਕੇ ਬਣਾਉਣੇ ਸਿਖਾਏ। ਤੇਲ ਵਾਲੇ ਤੇ ਪਾਣੀ ਵਾਲੇ ਰੰਗਾਂ ਦੀ ਸਮਝ ਦਿੱਤੀ। ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਪੇਂਟਰ ਨਾ ਬਣ ਸਕਿਆ। ਚੰਗੀ ਡਰਾਇੰਗ ਕਰ ਲੈਂਦਾ ਸਾਂ ਪਰ ਸ਼ਬਦ ਦੀ ਖਿੱਚ ਮੈਨੂੰ ਆਪਣੇ ਨਾਲ ਵਹਾ ਕੇ ਲੈ ਗਈ ਤੇ ਮੈਂ ਸ਼ਬਦ ਨੂੰ ਆਪਣੀ ਹੋਣੀ ਮੰਨ ਲਿਆ। ਅੱਜ ਵੀ ਮੈਂ ਚੰਗੀਆਂ ਪੇਂਟਿੰਗਜ਼ ਦੇਖ ਕੇ ਉਨ੍ਹਾਂ ਵਿੱਚ ਗੁਆਚ ਜਾਂਦਾ ਹਾਂ। ਵਿਸ਼ਵ ਦੇ ਤੇ ਕਈ ਭਾਰਤੀ ਪੇਂਟਰਾਂ ਦੀਆਂ ਐਲਬਮਾਂ ਮੇਰੇ ਕੋਲ ਹਨ। ਫੁਰਸਤ ਵੇਲੇ ਉਨ੍ਹਾਂ ਦੇ ਦਰਸ਼ਨ ਦਿਦਾਰੇ ਕਰਕੇ ਮਨ ਨੂੰ ਸਕੂਨ ਮਿਲਦਾ ਹੈ।
ਬਚਪਨ ਵਿੱਚ ਹੀ ਜਦੋਂ ਕਰਟੂਨ ਦੇਖਦਾ ਸਾਂ ਤਾਂ ਸਮਝ ਨਹੀਂ ਸੀ ਆਉਂਦੀ ਕਿ ਲਮਕੇ ਨੱਕ, ਵੱਡੇ ਵੱਡੇ ਕੰਨ, ਚੌੜੇ ਮੱਥੇ, ਬਾਹਰ ਨਿਕਲੇ ਡੇਲੇ, ਬੇਡੌਲ ਸਰੀਰ ਦੇ ਕੀ ਭਾਵ ਜਾਂ ਅਰਥ ਹਨ। ਜਦੋਂ ਸਮਝ ਆਈ ਤਾਂ ਪਤਾ ਲੱਗਿਆ ਕਿ ਕਾਰਟੂਨ ਇੱਕ ਬੜੀ ਸਮਰੱਥ ਕਲਾ ਹੈ। ਇਸ ’ਤੇ ਵੀ ਹੱਥ ਅਜ਼ਮਾਇਆ ਪਰ ਇਹਦੀਆਂ ਬਰੀਕੀਆਂ ਦੱਸਣ ਵਾਲਾ ਕੋਈ ਨਾ ਮਿਲਿਆ। ਕਾਰਟੂਨਾਂ ਦੀ ਦੁਨੀਆ ਹਮੇਸ਼ਾ ਆਕਰਸ਼ਤ ਕਰਦੀ ਰਹੀ। ਅੱਜ ਪਾਕਿਸਤਾਨ ਦੀ ਅਸੈਂਬਲੀ ਦੀ ਬਹਾਲੀ ’ਤੇ ਇੱਕ ਵਧੀਆ ਕਾਰਟੂਨ ਦੇਖਣ ਨੂੰ ਮਿਲਿਆ ਜਿਸ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਹੱਥ ਜਨਾਬ ਇਮਰਾਨ ਖਾਨ ਦਾ ਕੰਨ ਖਿੱਚ ਰਿਹਾ ਹੈ। ਕੰਨ ਖਿੱਚਣਾ ਮੁਹਾਵਰੇ ਨੂੰ ਕਾਰਟੂਨ ਵਿੱਚ ਢਾਲ ਦਿੱਤਾ।
ਪ੍ਰਸਿੱਧ ਕਾਰਟੂਨਿਸਟ ਆਰ.ਕੇ. ਲਛਮਣ ਦਾ ਮੈਂ ਹਮੇਸ਼ਾ ਫੈਨ ਰਿਹਾ ਹਾਂ। ਅੱਜ ਉਹਦੀ ਜ਼ਿੰਦਗੀ ਦੇ ਕੁਝ ਅਨੁਭਵ ਪੜ੍ਹਦਿਆਂ ਬੜਾ ਸਕੂਨ ਮਿਲਿਆ। ਉਹ ਲਿਖਦਾ ਹੈ:
ਮੈਨੂੰ ਨਹੀਂ ਯਾਦ ਕਿ ਮੈਂ ਕਦੇ ਡਰਾਇੰਗ ਤੋਂ ਇਲਾਵਾ ਕੁਝ ਹੋਰ ਕਰਨ ਬਾਰੇ ਸੋਚਿਆ ਹੋਵੇ। ਬੱਚਾ ਸਾਂ ਤਦ ਵੀ, ਜਦੋਂ ਕੁਝ ਵੱਡਾ ਹੋਇਆ ਤਦ ਵੀ, ਕਾਲਜ ਪੜ੍ਹਨ ਵਾਲੇ ਨੌਜਵਾਨ ਦੇ ਰੂਪ ਵਿੱਚ ਵੀ ਤੇ ਜਦੋਂ ਰੋਜ਼ੀ ਰੋਟੀ ਦਾ ਜੁਗਾੜ ਕਰਨ ਲਈ ਸੋਚਿਆ ਤਦ ਵੀ ਮੈਂ ਲੋਕਾਂ ਦੇ ਚਿਹਰੇ ਵਿਗਾੜਦਾ ਰਿਹਾ। ਖੇਡਣ ਨੂੰ ਤਾਂ ਮੈਂ ਫੁੱਟਬਾਲ ਤੇ ਕ੍ਰਿਕੇਟ ਵੀ ਖੇਡਦਾ ਸਾਂ, ਪਰ ਮੇਰਾ ਮਨ ਕਦੇ ਵੀ ਇਨ੍ਹਾਂ ਖੇਡਾਂ ਵਿੱਚ ਨਹੀਂ ਰਮਿਆ। ਚਿੱਤਰ ਬਣਾਉਣਾ ਹੀ ਮੇਰਾ ਜਨੂੰਨ ਰਿਹਾ ਹੈ। ਮੈਂ ਹਮੇਸ਼ਾ ਕਲਾਕਾਰ ਬਣਨ ਦੀ ਇੱਛਾ ਮਨ ਵਿੱਚ ਰੱਖੀ। ਮੈਂ ਪਰੀਖਿਆਵਾਂ ਜ਼ਰੂਰ ਪਾਸ ਕਰਦਾ ਸਾਂ, ਪਰ ਚੰਗੇ ਨੰਬਰਾਂ ਲਈ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ। ਆਪਣੇ ਸਮੇਂ ਨੂੰ ਮੈਂ ਕਲਾਸ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੇ ਆਪਣੇ ਅੰਦਰ ਦੀ ਇੱਛਾ ਅਨੁਸਾਰ ਕੰਮ ਕਰਨ ਨੂੰ ਬਰਾਬਰ ਬਰਾਬਰ ਹਿੱਸਿਆਂ ਵਿੱਚ ਵੰਡ ਲੈਂਦਾ ਸਾਂ।
ਮੈਂ ਆਪਣੇ ਛੇ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸਾਂ। ਇਨ੍ਹਾਂ ਵਿੱਚੋਂ ਹਰ ਸਾਲ ਕੋਈ ਨਾ ਕੋਈ ਫੇਲ ਹੁੰਦਾ ਹੀ ਰਹਿੰਦਾ ਸੀ। ਸਾਨੂੰ ਇਸ ਗੱਲ ਦਾ ਕਦੇ ਡਰ ਨਹੀਂ ਰਿਹਾ ਕਿ ਪਿਤਾ ਦਾ ਗੁੱਸਾ ਜਦੋਂ ਜਵਾਲਾਮੁਖੀ ਵਾਂਗ ਫਟਿਆ ਤਦ ਕੀ ਹੋਵੇਗਾ। ਉਂਜ ਪਿਤਾ ਬੜੇ ਗੁੱਸੇਖੋਰ ਸਨ। ਸਾਰੇ ਮੈਸੂਰ ਵਿੱਚ ਉਹ ਸਖਤ ਅਨੁਸ਼ਾਸਨ ਵਾਲੇ ਹੈਡਮਾਸਟਰ ਦੇ ਰੂਪ ਵਿੱਚ ਪ੍ਰਸਿੱਧ ਸਨ। ਮੈਂ ਛੋਟਾ ਹੀ ਸਾਂ ਜਦੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੇਰੀ ਮਾਂ ਦਾ ਸੁਭਾਅ ਪਿਤਾ ਤੋਂ ਬਿਲਕੁਲ ਉਲਟ ਸੀ। ਉਹਨੂੰ ਲੋਕਾਂ ਵਿੱਚ ਘਿਰੇ ਰਹਿਣਾ ਪਸੰਦ ਸੀ। ਉਹ ਹਮੇਸ਼ਾ ਖੁਸ਼ ਰਹਿੰਦੀ।
ਕਾਰਟੂਨਾਂ ਨਾਲ ਲਿਖੀਆਂ ਇਬਾਰਤਾਂ ਅਤੇ ਚੁਟਕਲੇ ਮੈਨੂੰ ਪੜ੍ਹਨੇ ਨਹੀਂ ਸਨ ਆਉਂਦੇ। ਪਰ ਮੈਂ ਘੰਟਿਆਂ ਬੱਧੀ ਉਨ੍ਹਾਂ ਨੂੰ ਦੇਖਦਾ ਰਹਿੰਦਾ ਤੇ ਉਨ੍ਹਾਂ ਦੀ ਗੁਣਵੱਤਾ ਬਾਰੇ ਸੋਚਦਾ ਰਹਿੰਦਾ। ਇਸ ਪ੍ਰਕਿਰਿਆ ਰਾਹੀਂ ਮੈਨੂੰ ਵਿਅੰਗ ਦੀ ਤਿੱਖੀ ਧਾਰ ਦੀ ਸਮਝ ਆਈ। ਇਹ ਵੀ ਪਤਾ ਲੱਗਿਆ ਕਿ ਨਿਸ਼ਾਨਾ ਟਿਕਾਣੇ ’ਤੇ ਲਾਉਣ ਲਈ ਕਿਹੋ ਜਿਹੇ ਸ਼ਬਦਾਂ ਦੀ ਚੋਣ ਕਰਨੀ ਹੈ। ਮਨੁੱਖ ਦੇ ਸਰੀਰ ਦੇ ਵੱਖ ਵੱਖ ਕੋਣਾਂ ਦੀ ਸਮਝ ਵਿਕਸਤ ਹੋਈ। ਅਣਜਾਣਪੁਣੇ ਵਿੱਚ ਹੀ ਮੈਂ ਕਿਸੇ ਸਥਿਤੀ ਵਿਚਲੇ ਮੂਲ ਭਾਵ ਨੂੰ ਸਮਝ ਜਾਂਦਾ ਤੇ ਉਹਦੇ ਬਾਰੇ ਟਿੱਪਣੀ ਉੱਭਰ ਆਉਂਦੀ। ਇੱਕ ਦਿਨ ‘ਪੰਚ’ ਦਾ ਇੱਕ ਕਾਰਟੂਨ ਮੈਨੂੰ ਇੰਨਾ ਚੰਗਾ ਲੱਗਿਆ ਕਿ ਮੈਂ ਕਾਗਜ਼ ਪੈਂਸਿਲ ਲੈ ਕੇ ਉਹਦੀ ਨਕਲ ਕਰਨ ਲੱਗਾ।
ਅਜੇ ਮੈਂ ਨਕਲ ਕਰਨੀ ਸ਼ੁਰੂ ਕੀਤੀ ਹੀ ਸੀ ਕਿ ਮੇਰਾ ਇੱਕ ਭਰਾ ਓਥੋਂ ਲੰਘਿਆ। ਉਹਨੇ ਰੁਕ ਕੇ ਮੈਨੂੰ ਨਕਲ ਕਰਦਿਆਂ ਦੇਖਿਆ ਤੇ ਕਹਿਣ ਲੱਗਾ, “ਨਕਲ? ਬਿਲਕੁਲ ਨਹੀਂ। ਆਲੇ ਦੁਆਲੇ ਦੇਖ, ਸਮਝ ਤੇ ਫਿਰ ਡਰਾਇੰਗ ਬਣਾ। ਨਕਲ ਕਰਕੇ ਤੂੰ ਕਦੇ ਵੱਡਾ ਆਰਟਿਸਟ ਨਹੀਂ ਬਣ ਸਕਦਾ। ਇਹ ਕਿਸੇ ਦੂਸਰੇ ਦੀ ਪਲੇਟ ਵਿੱਚੋਂ ਖਾਣ ਦੇ ਤੁੱਲ ਹੈ।” ਇਸ ਤੁਲਨਾ ਨੂੰ ਮੈਂ ਓਦੋਂ ਨਹੀਂ ਸਾਂ ਸਮਝ ਸਕਿਆ। ਪਰ ਇਸ ਝਿੜਕ ਤੇ ਸਮਝਾਉਣੀ ਦਾ ਮੇਰੇ ’ਤੇ ਅਸਰ ਜ਼ਰੂਰ ਹੋਇਆ ਤੇ ਫਿਰ ਕਦੇ ਵੀ ਨਕਲ ਕਰਨ ਦੀ ਮੇਰੀ ਹਿੰਮਤ ਨਹੀਂ ਪਈ।
ਸਾਡੇ ਮਾਸਟਰ ਜੀ ਨੂੰ ਬੀੜੀ ਪੀਣ ਦੀ ਆਦਤ ਸੀ। ਜਦੋਂ ਤਲਬ ਹੁੰਦੀ ਉਹ ਅਕਸਰ ਕਲਾਸ ਵਿੱਚੋਂ ਉੱਠ ਕੇ ਬਾਹਰ ਚਲੇ ਜਾਂਦੇ। ਇੱਕ ਦਿਨ ਉਹ ਸਾਨੂੰ ਸਾਰਿਆਂ ਨੂੰ ਕਰਨ ਲਈ ਕੰਮ ਦੇ ਕੇ ਬਾਹਰ ਚਲੇ ਗਏ। ਕੰਮ ਸੀ ਇੱਕ ਪੱਤੇ ਦਾ ਚਿੱਤਰ ਬਣਾਉਣਾ। ਕਿਸੇ ਵੀ ਪੱਤੇ ਦਾ। ਅਸੀਂ ਸਾਰੇ ਬੜੇ ਜੋਸ਼ ਨਾਲ ਪੱਤੇ ਦਾ ਚਿੱਤਰ ਬਣਾਉਣ ਵਿੱਚ ਰੁੱਝ ਗਏ। ਸਾਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਮਾਸਟਰ ਜੀ ਕਲਾਸ ਵਿੱਚ ਵਾਪਸ ਆ ਗਏ। ਉਨ੍ਹਾਂ ਆਉਂਦਿਆਂ ਮੇਜ਼ ’ਤੇ ਮੁੱਕਾ ਮਾਰਿਆ। ਅਸੀਂ ਸਾਰੇ ਸਾਵਧਾਨ ਹੋ ਗਏ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਲਾਈਨ ਵਿੱਚ ਖੜ੍ਹਾ ਕਰ ਦਿੱਤਾ ਤੇ ਹਰ ਇੱਕ ਵਿਦਿਆਰਥੀ ਦਾ ਬਣਾਇਆ ਪੱਤਾ ਦੇਖਣ ਲੱਗੇ। ਹਰ ਪੱਤੇ ਦੀ ਬਣਤਰ ਅਨੁਸਾਰ ਉਹ ਨੰਬਰ ਦਿੰਦੇ ਜਾ ਰਹੇ ਸਨ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਬਣਾਇਆ ਪੱਤੇ ਦਾ ਚਿੱਤਰ ਉਹ ਕਾਫੀ ਦੇਰ ਦੇਖਦੇ, ਪਰਖਦੇ ਰਹੇ। ਫਿਰ ਕਹਿਣ ਲੱਗੇ ਕਿ ਲਛਮਣ ਇਹ ਤੂੰ ਬਣਾਇਐ? ਤਾਂ ਮੈਂ ਇਹ ਸੁਣ ਕੇ ਡਰ ਗਿਆ। ਥੋੜ੍ਹਾ ਪਿੱਛੇ ਹਟ ਗਿਆ, ਇਹ ਸੋਚ ਕੇ ਕਿ ਹੁਣ ਫੈਂਟੀ ਲੱਥਣ ਦੀ ਤਿਆਰੀ ਹੈ। ਮੇਰੇ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ, ਮੈਂ ਬੁੜਬੁੜ ਕਰੀ ਜਾ ਰਿਹਾ ਸਾਂ।
ਪਰ ਜਦੋਂ ਉਨ੍ਹਾਂ ਨੇ ਮੇਰੀ ਸਲੇਟ ਉੱਪਰ ਕਰਦਿਆਂ ਸਾਰੀ ਕਲਾਸ ਨੂੰ ਕਿਹਾ, “ਦੇਖੋ, ਲਛਮਣ ਨੇ ਕਿੰਨਾ ਸੋਹਣਾ ਪੱਤਾ ਬਣਾਇਆ ਹੈ।” ਤਾਂ ਮੈਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ। ਫਿਰ ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗੇ, “ਇੱਕ ਦਿਨ ਤੂੰ ਬਹੁਤ ਵੱਡਾ ਕਲਾਕਾਰ ਬਣੇਂਗਾ। ਸ਼ਾਬਾਸ਼!” ਉਨ੍ਹਾਂ ਨੇ ਮੈਨੂੰ ਉਸ ਚਿੱਤਰ ਦੇ ਦਸਾਂ ਵਿੱਚੋਂ ਦਸ ਨੰਬਰ ਦਿੱਤੇ। ਮਾਸਟਰ ਜੀ ਦੀ ਇਸ ਹੌਸਲਾ ਅਫ਼ਜ਼ਾਈ ਨੇ ਮੇਰੇ ਅੰਦਰ ਕਲਾ ਲਈ ਹੋਰ ਜ਼ਿਆਦਾ ਜਨੂੰਨ ਤੇ ਪ੍ਰੇਰਨਾ ਭਰ ਦਿੱਤੀ। ਮੈਂ ਆਪਣੇ ਆਪ ਨੂੰ ਹੋਣਹਾਰ ਚਿੱਤਰਕਾਰ ਸਮਝਣ ਲੱਗ ਪਿਆ। ਮੈਨੂੰ ਵਿਸ਼ਵਾਸ ਹੋ ਗਿਆ ਕਿ ਮਾਸਟਰ ਜੀ ਦੀ ਭਵਿੱਖਬਾਣੀ ਮੇਰੀ ਹੋਣੀ ਹੈ ਤੇ ਫਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਪੋਸਟ ਸਕ੍ਰਿਪਟ: ਕਲਾ ਸਾਧਨਾ, ਸਿਰੜ ਤੇ ਜਨੂੰਨ ਦੀ ਮੰਗ ਕਰਦੀ ਹੈ। ਕਿਸੇ ਨਾ ਕਿਸੇ ਕਲਾ ਦੇ ਬੀਜ ਹਰ ਬੱਚੇ ਅੰਦਰ ਲੁਕੇ ਹੁੰਦੇ ਹਨ, ਪਰ ਉਨ੍ਹਾਂ ਨੂੰ ਪੁੰਗਰਨ, ਵਿਗਸਣ ਤੇ ਸੇਧ ਦੇਣ ਲਈ ਕਿਸੇ ਪਾਰਖੂ ਅੱਖ ਦੀ ਲੋੜ ਹੁੰਦੀ ਹੈ। ਲਛਮਣ ਵਿੱਚ ਕਲਾ ਦਾ ਬੀਜ ਪੁੰਗਰ ਪਿਆ ਸੀ ਤੇ ਮਾਸਟਰ ਜੀ ਦੀ ਪਾਰਖੂ ਅੱਖ ਨੇ ਜਨੂੰਨ ਤੇ ਜੋਸ਼ ਭਰ ਕੇ ਹੋਣੀ ਤੈਅ ਕਰ ਦਿੱਤੀ। ਅੱਜ ਸਾਨੂੰ ਅਜਿਹੇ ਅਧਿਆਪਕਾਂ ਦੀ ਲੋੜ ਹੈ ਜੋ ਬੱਚਿਆਂ ਵਿਚਲੇ ਗੁਣਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਅਗਵਾਈ ਦੇ ਸਕਣ। ਸਾਡੇ ਬੱਚਿਆਂ ਦੇ ਮੂਰਖ ਮਾਪੇ ਉਨ੍ਹਾਂ ਨੂੰ ਮਨੁੱਖ ਬਣਾਉਣ ਦੀ ਥਾਂ ਡਾਕਟਰੀ, ਇੰਜਨੀਅਰੀ ਦੀਆਂ ਪੈਸੇ ਬਣਾਉਣ ਵਾਲੀਆਂ ਮਸ਼ੀਨਾਂ ਬਣਾਉਣ ਵਿੱਚ ਲੱਗੇ ਹੋਏ ਹਨ। ਜ਼ਿੰਦਗੀ ਦੇ ਅਰਥਾਂ ਨੂੰ ਖੁਦ ਹੀ ਮਿਟਾ ਕੇ ਬੱਚਿਆਂ ਦੇ ਰਬੋਟ ਬਣ ਜਾਣ ਤੋਂ ਬਾਅਦ ਪਛਤਾਉਂਦੇ ਹਨ। ਬੱਚਿਆਂ ਨੂੰ ਕੁਦਰਤ ਦੀਆਂ ਵਸਤਾਂ ਤੇ ਜੀਆਂ ਜੰਤਾਂ ਵਾਂਗ ਵਧਣ ਫੁੱਲਣ ਦਾ ਮੌਕਾ ਦੇਣਾ ਚਾਹੀਦਾ ਹੈ। ਕਿਸੇ ਬੱਚੇ ਨੇ ਬੜੇ ਵਧੀਆ ਬੋਲ ਕਹੇ ਸਨ ਕਿ ‘ਮੈਂ ਤਾਂ ਬੜਾ ਅਕਲਮੰਦ ਜੰਮਿਆ ਸਾਂ ਪਰ ਇਸ ਸਿੱਖਿਆ ਨੇ ਮੈਨੂੰ ਤਬਾਹ ਕਰ ਦਿੱਤਾ।’ ਸਾਨੂੰ ਸ਼ਾਨਦਾਰ ਭਵਿੱਖ ਦੀ ਉਸਾਰੀ ਲਈ ਬੱਚੇ ਦੀ ਸੋਚ ਨੂੰ ਪਛਾਣਨ ਤੇ ਉਹਦੀ ਆਵਾਜ਼ ਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3619)
(ਸਰੋਕਾਰ ਨਾਲ ਸੰਪਰਕ ਲਈ: