“ਲੇਖਕ ਦਾ ਮੱਤ ਹੈ ਕਿ ਜੋ ਲੋਕ ਸਮਾਜ ਦੇ ਚਲਨ-ਵਿਚਰਨ, ਅਚਾਰ-ਵਿਹਾਰ, ਮੁੱਲ ਪ੍ਰਬੰਧ ਨੂੰ ਵੱਡੇ ਪੱਧਰ ’ਤੇ ...”
(29 ਮਾਰਚ 2022)
ਚੰਗੀ ਵਾਰਤਕ ਹਮੇਸ਼ਾ ਪਾਠਕ ਨੂੰ ਖਿੱਚ ਪਾਉਂਦੀ ਹੈ। ਇਸ ਵਾਰਤਕ ਦੀ ਵੱਡੀ ਵਿਸ਼ੇਸ਼ਤਾ ਇਹਦੇ ਆਲੋਚਨਾਤਮਕ ਸੁਭਾਅ ਵਿੱਚ ਛੁਪੀ ਹੁੰਦੀ ਹੈ। ਇਹ ਪਾਠਕ ਸਾਹਮਣੇ ਅਨੇਕਾਂ ਪ੍ਰਸ਼ਨ ਖੜ੍ਹੇ ਕਰਦੀ ਹੈ। ਨਿੱਕੇ ਨਿੱਕੇ ਵੇਰਵਿਆਂ ’ਤੇ ਚਿੰਤਨੀ ਅੰਦਾਜ਼ ਨਾਲ ਘੋਖ ਕਰਦੀ ਹੈ ਤੇ ਇੱਕ ਸਿਆਣਾ ਜਿਹਾ ਮੱਤ ਉਸਾਰ ਕੇ ਪਾਠਕ ਨੂੰ ਸਿੱਖਿਆ ਵੀ ਦੇ ਜਾਂਦੀ ਹੈ। ਜਸਵੰਤ ਸਿੰਘ ਜ਼ਫ਼ਰ ਪੰਜਾਬੀ ਦਾ ਉੱਘਾ ਵਿਅੰਗ-ਕਵੀ ਹੈ। ਉਹ ਵਿਅੰਗ ਨੂੰ ਹਥਿਆਰ ਵਜੋਂ ਵਰਤ ਕੇ ਆਪਣੀ ਕਵਿਤਾ ਦਾ ਅਜਨਬੀਕਰਨ ਕਰਦਾ ਹੈ ਪਰ ਵਾਰਤਕ ਵਿੱਚ ਉਹ ਗਹਿਰ ਗੰਭੀਰ ਨਜ਼ਰ ਆਉਂਦਾ ਹੈ। ਖੋਜੀ ਬਿਰਤੀ ਰਾਹੀਂ ਉਹ ਪਾਠ ਦੀਆਂ ਪਰਤਾਂ ਖੋਲ੍ਹਦਾ ਹੈ। ਨਾਨਕ ਦਾ ਬਿੰਬ ਉਹਦਾ ਪਸੰਦੀਦਾ ਹੈ। ਜੇ ਕਵਿਤਾ ਵਿੱਚ ਉਹ ਕਹਿੰਦਾ ਹੈ ਕਿ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਤਾਂ ਵਾਰਤਕ ਵਿੱਚ ਕਹਿੰਦਾ ਹੈ ਨਾਨਕ ਏਵੈ ਜਾਣੀਐ। ਕਵਿਤਾ ਤੇ ਵਾਰਤਕ ਦੋਹਾਂ ਰਾਹੀਂ ਉਹ ਨਾਨਕ ਦੀ ਫ਼ਿਲਾਸਫ਼ੀ, ਜੀਵਨ ਜਾਚ ਤੇ ਆਦਰਸ਼ਾਂ ਦੀ ਭਾਲ ਵਿੱਚ ਵਰਤਮਾਨ ਦੇ ਬਣੇ ਬਣਾਏ ਖਿਆਲਾਂ ਦਾ ਭੰਜਨ ਕਰਕੇ ਆਪਣੀ ਇੱਕ ਕਿਰਟੀਕ ਉਸਾਰਦਾ ਹੈ। ਇਹੀ ਉਹਦੀ ਵਾਰਤਕ ਦੀ ਵਡਿਆਈ ਹੈ।
ਨਾਨਕ ਬਾਣੀ ਦੇ ਆਦਰਸ਼ਾਂ ਨੂੰ ਜੇ ਉਹਦੇ ਠੀਕ ਪ੍ਰਸੰਗ ਵਿੱਚ ਪਛਾਣਿਆ ਨਹੀਂ ਗਿਆ ਤਾਂ ਲੇਖਕ ਇਸਦੀ ਪੁਣ ਛਾਣ ਕਰਦਾ ਲਿਖਦਾ ਹੈ – ‘ਜੇ ਗੁਰੂ ਨਾਨਕ ਜਾਂ ਗੁਰੂ ਨਾਨਕ ਬਾਣੀ ਦਾ ਮਹੱਤਵ ਸਾਡੀ ਸਮਝ, ਜਾਣਕਾਰੀ ਅਤੇ ਬੋਲ ਬਾਣੀ ਦਾ ਹਿੱਸਾ ਨਹੀਂ ਹੈ ਜਾਂ ਇਹ ਸਾਡੇ ਵਿਹਾਰ ਅਤੇ ਵਤੀਰੇ ਵਿੱਚੋਂ ਸੁਤੇ ਸਿੱਧ ਨਹੀਂ ਝਲਕਦਾ ਤਾਂ ਇਸ ਨੂੰ ਸੱਚਮੁੱਚ ਗੁਆਚਿਆ ਹੋਇਆ ਹੀ ਕਹਿਣਾ ਬਣਦਾ ਹੈ।’ ਇਸੇ ਕਾਣ ਵਿੱਚੋਂ ਉਹ ਆਪਣਾ ਪ੍ਰਵਚਨ ਸਿਰਜਦਾ ਹੈ। ਉਹਦਾ ਪਹਿਲਾ ਇਤਰਾਜ਼ ‘ਗੁਰੂ ਨਾਨਕ ਦੇ ਬਿਰਧ ਪੈਗੰਬਰੀ ਬਿੰਬ’ ’ਤੇ ਹੈ। ਇਸ ਬਿੰਬ ਦੀ ਵਿਆਖਿਆ ਕਰਦਾ ਉਹਦਾ ਸੂਤਰ ਇਹ ਹੈ ਕਿ ਜਿਵੇਂ ਅਸੀਂ ਵੱਡੇ ਵਡੇਰਿਆਂ ਦੇ ਬਿਰਧ ਬਿੰਬ ਸਿਰਜਦੇ ਹਾਂ ਤਾਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਪਰ ਚਾਲਕ ਸ਼ਕਤੀ ਤੇ ਫੈਸਲਿਆਂ ਵਿੱਚ ਉਨ੍ਹਾਂ ਦੀ ਰਾਏ ਜ਼ੀਰੋ ਹੁੰਦੀ ਹੈ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ। ਇਹਦੇ ਲਈ ਉਹ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦੇ ਦੋ ਮੁੱਖ ਬਿੰਦੂਆਂ ‘ਯਾਤਰਾ ਤੇ ਸੰਵਾਦ’ ਰਾਹੀਂ ਉਨ੍ਹਾਂ ਆਦਰਸ਼ਾਂ ਨੂੰ ਅਗਰਭੂਮਤ ਕਰਦਾ ਹੈ ਜਿਹੜੇ ਗੁਰੂ ਸਾਹਿਬ ਨੇ ਆਪਣੀ ਹਯਾਤੀ ਵਿੱਚ ਦ੍ਰਿੜ੍ਹ ਕਰਵਾਏ ਸਨ।
ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰਾਂ ਦੀ ਗੱਲ ਕਰਦਿਆਂ ਲੇਖਕ ਦਾ ਮੱਤ ਹੈ ਕਿ ਜੋ ਲੋਕ ਸਮਾਜ ਦੇ ਚਲਨ-ਵਿਚਰਨ, ਅਚਾਰ-ਵਿਹਾਰ, ਮੁੱਲ ਪ੍ਰਬੰਧ ਨੂੰ ਵੱਡੇ ਪੱਧਰ ’ਤੇ ਰੂਪਾਂਤਰ ਕਰਕੇ ਪੂਰਾ ਪੈਰਾਡਾਈਮ ਤਬਦੀਲ ਕਰਨਾ ਚਾਹੁੰਦੇ ਹੋਣ, ਭਾਵ ਸਮਾਜ ਦੀ ਤਾਸੀਰ ਬਦਲਣਾ ਲੋੜਦੇ ਹੋਣ, ਉਨ੍ਹਾਂ ਲਈ ਲੋਕਾਈ ਦੀਆਂ ਸਮੂਹਕ ਮਨੌਤਾਂ, ਰਵਾਇਤਾਂ, ਧਾਰਨਾਵਾਂ ਆਦਿ ਨੂੰ ਵਿਸਥਾਪਤ ਕਰਨਾ ਲਾਜ਼ਮੀ ਹੁੰਦਾ ਹੈ। ਇਸ ਪ੍ਰਸੰਗ ਵਿੱਚ ਲੇਖਕ ਗੁਰੂ ਨਾਨਕ ਸਾਹਿਬ ਵੱਲੋਂ ਖੜ੍ਹੀਆਂ ਕੀਤੀਆਂ ਵੰਗਾਰਾਂ ਦੇ ਸਰੋਕਾਰਾਂ ਨੂੰ ਪੇਸ਼ ਕਰਦਾ ਹੈ। ਓਅੰਕਾਰ ਦੀ ਪਰਮ ਸੱਤਾ ਨੂੰ ਉਹ ਘਟ ਘਟ ਵਿੱਚ ਵਿਆਪਤ ਦੇ ਸੰਦਰਭ ਵਿੱਚ ਪਰਿਭਾਸ਼ਤ ਕਰਦਾ ਹੈ। ਇਸ ਪਰਮ ਸੱਤਾ ਨੂੰ ਮੱਧਕਾਲ ਵਿੱਚ ਦੁਨਿਆਵੀ ਸੱਤਾ ਤੋਂ ਉੱਪਰ ਸਥਾਪਤ ਕਰਕੇ ਇਸਦੀ ਸੁਪਰਮੇਸੀ ਨੂੰ ਜੜ੍ਹ ਕੀਤਾ ਗਿਆ ਸੀ। ਦੁਨੀਆ ਦੀ ਸੱਤਾ ਬਦਲਣਹਾਰ ਹੈ, ਬਿਨਸਨਹਾਰ ਹੈ ਪਰ ਪਰਮ ਸੱਤਾ ਪੂਰੀ ਯੂਨੀਵਰਸ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਪਰਮ ਸੱਤਾ ਦੀਆਂ ਪਰਤਾਂ ਦੀ ਖੂਬਸੂਰਤ ਵਿਆਖਿਆ ਨਾਨਕ ਬਾਣੀ ਦੇ ਮੂਲ ਸਰੋਕਾਰਾਂ ਵਿੱਚ ਸ਼ਾਮਲ ਹੈ।
ਨਾਨਕ ਬਾਣੀ ਦਾ ਇੱਕ ਵੱਡਾ ਆਦਰਸ਼ ਸੰਵਾਦੀ ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਸੰਵਾਦ ਵਿੱਚੋਂ ਗਿਆਨ ਸ਼ਸਤਰ ਉੱਸਰਦਾ ਹੈ। ਗੁਰੂ ਸਾਹਿਬ ਨੇ ਉਦਾਸੀਆਂ ਦੌਰਾਨ ਜਿਹੜਾ ਸੰਵਾਦ ਸਿਰਜਿਆ, ਉਸਨੇ ਮਨੁੱਖਤਾ ਲਈ ਉੱਚੇ ਆਦਰਸ਼ ਕਾਇਮ ਕੀਤੇ। ਲੰਮੀਆਂ ਯਾਤਰਾਵਾਂ ਵਿੱਚ ਗੁਰੂ ਜੀ ਪਾਂਡਿਆਂ, ਪੁਜਾਰੀਆਂ, ਬੋਧੀਆਂ, ਜੈਨੀਆਂ, ਜੋਗੀਆਂ, ਨਾਥਾਂ, ਕਾਜੀਆਂ ਨਾਲ ਸੰਵਾਦ ਰਚਾਉਂਦੇ ਹਨ। ਤਰਕ ਦੇ ਆਧਾਰ ’ਤੇ ਉਨ੍ਹਾਂ ਦੀਆਂ ਮਨੌਤਾਂ ਦਾ ਖੰਡਨ ਕਰਕੇ ਉਨ੍ਹਾਂ ਨੂੰ ਸੱਚ ਤੇ ਗਿਆਨ ਦੇ ਮਾਰਗ ਦਾ ਪਾਂਧੀ ਬਣਾਉਂਦੇ ਹਨ। ਉਨ੍ਹਾਂ ਦੀ ਇਸੇ ਬਿਰਤੀ ਦੇ ਸੂਤਰ ਨੂੰ ਸਥਾਪਤ ਕਰਦਿਆਂ ਲੇਖਕ ਦਾ ਮੱਤ ਹੈ ਕਿ – ਸੰਵਾਦ ਦਾ ਭਾਵ ਕੇਵਲ ਅਸਹਿਮਤੀ ਪ੍ਰਗਟ ਕਰਨਾ, ਕੇਵਲ ਵਿਆਖਿਆ ਕਰਨਾ, ਕੇਵਲ ਅਰਥਾਉਣਾ, ਕੇਵਲ ਪੁਸ਼ਟੀ ਕਰਨਾ ਜਾਂ ਕੇਵਲ ਵਿਸਥਾਰ ਦੇਣਾ ਆਦਿ ਨਹੀਂ ਹੁੰਦਾ ਸਗੋਂ ਸੰਵਾਦ ਦੇ ਅੰਤਰਗਤ ਇਹ ਸਾਰੀਆਂ ਗੱਲਾਂ ਆਉਂਦੀਆਂ ਹਨ। ਗੁਰੂ ਨਾਨਕ ਸਾਹਿਬ ਦੇ ਹੋਰਨਾਂ ਬਾਣੀਕਾਰਾਂ ਨਾਲ ਸੰਵਾਦ ਸਮੇਂ ਇਹ ਸਾਰੀਆਂ ਗੱਲਾਂ ਵਾਪਰਦੀਆਂ ਹਨ।
‘ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ’ ਇਸ ਕਿਤਾਬ ਦਾ ਇੱਕ ਹੋਰ ਮਹੱਤਵਪੂਰਨ ਲੇਖ ਹੈ। ਨਾਨਕ ਬਾਣੀ ਦਾ ਖਾਸਾ ਬ੍ਰਹਿਮੰਡੀ ਹੈ। ਲੌਕਿਕ ਵਰਤਾਰਿਆਂ ਉੱਪਰ ਅਲੌਕਿਕ ਦੀ ਝਾਲ ਹੈ। ਜੀਵ, ਆਤਮਾ, ਪ੍ਰਮਾਤਮਾ, ਸੰਸਾਰ ਦੀ ਉਪਜ ਤੇ ਹੋਰ ਕਿੰਨੇ ਹੀ ਸੰਕਲਪ ਹਨ ਜੋ ਦੁਨੀਆ ਦੇ ਉਥਾਨ ਨਾਲ ਜੁੜੇ ਹੋਏ ਹਨ। ਹਰ ਧਾਮ, ਸਮੁਦਾਏ, ਕਬੀਲੇ ਵਿੱਚ ਜੀਵ ਉਤਪਤੀ ਤੇ ਸੰਸਾਰ ਸਿਰਜਣਾ ਬਾਰੇ ਅਨੇਕਾਂ ਮੱਤ ਮਿਲਦੇ ਹਨ, ਜਿਵੇਂ ਬਾਈਬਲ ਵਿੱਚ ਆਦਮ ਤੇ ਈਵ ਦੀ ਉਤਪਤੀ ਵਿੱਚ ਸ਼ੈਤਾਨੀ ਤਿਕੋਣ ਨਾਲ ਸਿਰਜਣਾ ਦਾ ਮੁੱਢ ਬੰਨ੍ਹਿਆ ਗਿਆ ਹੈ। ਭਾਰਤੀ ਮਿੱਥਾਂ ਵਿੱਚ ਇਸ ਨੂੰ ਵਿਸ਼ਨੂੰ ਦੀ ਵਿਆਖਿਆ ਨਾਲ ਜੋੜ ਕੇ ਸੰਸਾਰ ਦੀ ਉਤਪਤੀ ਦੀ ਸੂਝ ਦਿੱਤੀ ਗਈ ਹੈ। ਪਰ ਗੁਰੂ ਨਾਨਕ ਸਾਹਿਬ ਪਰੰਪਰਾ ਨੂੰ ਖੰਘਾਲਦੇ ਹਨ ਤੇ ਮਨੁੱਖ ਨੂੰ ਆਪਣੇ ਚੌਗਿਰਦੇ ਦੀ ਉਪਜ ਮੰਨਦੇ ਹਨ। ਇਸ ਨਾਲ ਜੁੜੇ ਵਰਤਾਰੇ ਪੌਣ, ਪਾਣੀ, ਧਰਤੀ, ਅਗਨੀ, ਪਤਾਲ, ਅਕਾਸ਼ ਇਹ ਸਭ ਕੁਦਰਤ ਹਨ। ਕੁਦਰਤ ਮੂਲ ਰੂਪ ਵਿੱਚ ਭਾਵੇਂ ਸਥਿਰ ਜਾਪਦੀ ਹੈ ਪਰ ਇਹਦੇ ਅੰਦਰ ਲਗਾਤਾਰ ਵਿਕਾਸ ਦੀ ਪ੍ਰਕਿਰਿਆ ਗੂੰਜਦੀ ਸੁਣਾਈ ਦਿੰਦੀ ਹੈ। ਕੁਦਰਤ ਦੇ ਬਦਲਾਵਾਂ ਕਰਕੇ ਰੁੱਤਾਂ, ਮੌਸਮ, ਥਿਤੀਆਂ, ਖਿੱਤੀਆਂ, ਸੂਰਜ, ਚੰਦ ਦਿਨ ਰਾਤ ਵਿੱਚ ਨਿਰੰਤਰ ਅਦਲਾ ਬਦਲੀ ਤੇ ਤਬਦੀਲੀ ਦੇ ਭਾਵ ਪਏ ਹਨ। ਜੇ ਅੱਜ ਵਾਤਾਵਰਣ ਗੰਧਲਾ ਹੋ ਗਿਆ ਹੈ, ਪਾਣੀ ਦੂਸ਼ਤ ਹੋ ਗਏ ਹਨ, ਮਿੱਟੀ ਪਲੀਤ ਹੋ ਗਈ ਹੈ ਤੇ ਮਨੁੱਖ ਚੌਗਿਰਦੇ ਕਰਕੇ ਮਰ ਰਿਹਾ ਹੈ ਤਾਂ ਇਸ ਸਭ ਕੁਝ ਪਿੱਛੇ ਅਸਲ ਵਿੱਚ ਮਨੁੱਖੀ ਲਾਲਸਾ ਨਜ਼ਰ ਆਉਂਦੀ ਹੈ ਜਿਸਨੇ ਕੁਦਰਤ ਨੂੰ ਤਬਾਹ ਕਰ ਦਿੱਤਾ ਹੈ। ਹਾਲਾਂਕਿ ਕੁਦਰਤੀ ਤਾਕਤਾਂ ਅੱਗੇ ਮਨੁੱਖ ਦੀ ਹੈਸੀਅਤ ਬੌਣੀ ਹੈ। ਕੁਦਰਤ ਨਾਲ ਮਨੁੱਖ ਦੇ ਸਦੀਵੀਂ ਰਿਸ਼ਤੇ ਬਾਰੇ ਨਾਨਕ ਬਾਣੀ ਜੋ ਬੋਧ ਕਰਾਉਂਦੀ ਹੈ ਤੇ ਮਨੁੱਖ ਨੂੰ ਇਸ ਧਰਤੀ ਦਾ ਸਿਕਦਾਰ ਬਣਾਉਂਦੀ ਹੈ ਉਸ ਬਾਰੇ ਲੇਖਕ ਨੇ ਬਾਣੀ ਵਿਚਲੇ ਹਵਾਲਿਆਂ ਨਾਲ ਇਸਦਾ ਸੂਤਰੀਕਰਨ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ‘ਜਿਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ’ ਲੇਖ ਵੀ ਮਹੱਤਵਪੂਰਨ ਹੈ। ਇਹ ਨਾਨਕ ਪੰਥੀਆਂ ਦੀ ਮਾੜੀ ਦਸ਼ਾ ਬਾਰੇ ਸੁਚੇਤ ਕਰਦਾ ਹੈ। ਬਾਕੀ ਦੇ ਲੇਖ ਵੀ ਪੜ੍ਹਣਯੋਗ ਅਤੇ ਸਮਝ ਵਿੱਚ ਵਾਧਾ ਕਰਨ ਵਾਲੇ ਹਨ। ਆਸ ਹੈ ਪੰਜਾਬੀ ਪਾਠਕ ਅਜਿਹੀ ਪੁਸਤਕ ਤੋਂ ਆਪਣੀ ਸਮਝ ਵਿੱਚ ਇਜ਼ਾਫਾ ਕਰਦੇ ਹੋਏ ਜ਼ਿੰਦਗੀ ਦੇ ਉੱਚ ਆਦਰਸ਼ਾਂ ਦੇ ਧਾਰਨੀ ਬਣਨਗੇ।
*****