“ਉਨ੍ਹਾਂ ਨੇ ਪਿਘਲੇ ਜੁਮਲੇ ... ਪਾ ਦਿੱਤੇ ਅਸਾਡਿਆਂ ਕੰਨਾਂ ’ਚ ... ਅਸੀਂ ਸੁਣਨਾ ਭੁੱਲ ਗਏ ...”
(9 ਜਨਵਰੀ 2021)
ਹਕੂਮਤੀ ਆਕੜੀਆਂ ਧੁੱਪਾਂ ਨਾਰਾਜ਼ ਨੇ
ਕਿ ਉਨ੍ਹਾਂ ਦੇ ਸੂਰਜ ਨੂੰ ਕੱਜਣ ਲਈ
ਕੌਣ ਭੇਜ ਰਿਹੈ ਇਹ ਕਾਫ਼ਲੇ
ਕਾਫ਼ਲੇ ਜੋ ਵਾਹੋਦਾਹੀ ਭੱਜ ਰਹੇ ਨੇ
ਟਰੈਕਟਰਾਂ-ਟਰਾਲੀਆਂ ਦੇ ਸ਼ੋਰ ਨਾਲ
ਰਾਹ ਦੀਆਂ ਰੋਕਾਂ ਨੂੰ ਭੰਨ
ਪਾਣੀ ਦੀਆਂ ਬੁਛਾੜਾਂ ਦੇ ਮੂੰਹ ਮੋੜ
ਫ਼ਤਿਹ ਕਰਨ ਤੁਰ ਪਏ ਨੇ
ਰਾਜਧਾਨੀ ... ਦਿੱਲੀ
ਉਨ੍ਹਾਂ ਨੂੰ ਰੋਸਾ ਇਸ ਗੱਲ ਦਾ ਏ
ਕਿ ਕੌਣ ਹੁੰਦੇ ਨੇ ਇਹ
ਭੰਨਣ ਵਾਲੇ ਸਾਡੀ ਹੈਂਕੜ
ਹੈਂਕੜ ਕਿ ਜਿਸ ਨਾਲ ਅਸਾਂ
ਕਾਬੂ ਕੀਤਾ ਦੇਸ਼
ਉਨ੍ਹਾਂ ਦੀਆਂ ਬੁਖਲਾਈਆਂ ਧੁੱਪਾਂ ਨਾਰਾਜ਼ ਨੇ
ਕਿਉਂ ਹਵਾਵਾਂ ਇਨ੍ਹਾਂ ਸੰਗ ਰਲ
ਉਡਾ ਰਹੀਆਂ ਨੇ ਇਨ੍ਹਾਂ ਦੇ ਪਰਚਮ
ਉਨ੍ਹਾਂ ਠਾਕ ਦਿੱਤੀਆਂ ਜੀਭਾਂ ਅਸਾਡੀਆਂ
ਅਸੀਂ ਚੁੱਪ ਕਰ ਗਏ
ਉਨ੍ਹਾਂ ਸਿਊਂ ਦਿੱਤੀਆਂ ਅੱਖਾਂ ਅਸਾਡੀਆਂ
ਅਸੀਂ ਦੇਖਣਾ ਭੁੱਲ ਗਏ
ਉਨ੍ਹਾਂ ਨੇ ਪਿਘਲੇ ਜੁਮਲੇ
ਪਾ ਦਿੱਤੇ ਅਸਾਡਿਆਂ ਕੰਨਾਂ ’ਚ
ਅਸੀਂ ਸੁਣਨਾ ਭੁੱਲ ਗਏ
ਪਰ ਉਹ ਭੁੱਲ ਗਏ ਕਿ ਅਸੀਂ ਹਵਾਵਾਂ ਦੇ ਜਾਏ
ਕਦੇ ਘੋੜਿਆਂ ਦੀਆਂ ਪਿੱਠਾਂ ਸਨ ਘਰ ਅਸਾਡੇ
ਸਾਡੇ ਅੰਦਰ ਅਜੇ ਵੀ ਗੂੰਜਦੀ ਲਰਜ਼ਦੀ
ਤੇਗ ਬਹਾਦਰੀ ਇਲਾਹੀ ਧੁਨ
“ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ”
ਅਸੀਂ ਹੱਕਾਂ ਦੀ ਮੰਗ ਲਈ ਬੰਨ੍ਹੇ ਕਾਫ਼ਲੇ
ਹਵਾਵਾਂ ਸੰਗ ਸਾਡੀ ਯਾਰੀ
ਏਸੇ ਕਰਕੇ ਉਹ ਬਿਫਰ ਬਿਫਰ ਕੇ
ਮੱਥਾ ਫੜੀ ਬੈਠੇ ਨੇ
ਕਿ ਕਿਉਂ ਨਹੀਂ ਛੱਡ ਰਹੀਆਂ ਸਾਨੂੰ
ਚਾਰੇ ਦਿਸ਼ਾਵਾਂ ’ਚੋਂ ਵਗ ਤੁਰੀਆਂ
ਤਿੱਖੀਆਂ ਤੇਜ ਹਵਾਵਾਂ
ਨਾਅਰਿਆਂ ਦੇ ਜੋਸ਼ ’ਚ
ਫੜਫੜਾਂਦੇ ਝੰਡਿਆਂ ਦੇ ਕਾਫਲੇ
ਕਿਉਂ ਹੜ੍ਹਾਂ ਵਾਂਗ ਸੜਕਾਂ ’ਤੇ ਵਹਿ ਰਹੇ ਨੇ
ਸਾਨੂੰ ਪਤੈ-
ਹਵਾਵਾਂ ਚੱਲਣ ਤਾਂ ਹਨੇਰੀਆਂ ਬਣਦੀਆਂ ਨੇ
ਹਨੇਰੀਆਂ ਚੱਲਣ ਤਾਂ ਝੱਖੜ ਝੁੱਲਦੇ ਨੇ
ਝੱਖੜ ਝੁੱਲਣ ਤਾਂ ਸਿੰਘਾਸਨ ਡੋਲਦੇ ਨੇ
ਪਾਵੇ ਤਿੜਕ ਜਾਂਦੇ ਨੇ
ਸੂਰਜ ਸਾਥ ਛੱਡ ਜਾਂਦੇ ਨੇ
ਧੁੱਪਾਂ ਪਰਾਈਆਂ ਹੋ ਜਾਂਦੀਆਂ ਨੇ
ਏਸੇ ਕਰਕੇ ਉਹ ਕਰੋਧ ’ਚ ਨੇ
ਕਿ ਪਾਣੀਆਂ ਨੇ ਉਨ੍ਹਾਂ ਦੇ ਰੰਗ ਘੋਲਣ ਤੋਂ
ਕਿਉਂ ਕਰ ਦਿੱਤੀ ਨਾਂਹ
ਹਵਾਵਾਂ ਨੇ ਉਨ੍ਹਾਂ ਦੇ ਸਬਕ ਪੜ੍ਹਣ ਤੋਂ
ਕਿਉਂ ਕਰ ਦਿੱਤਾ ਇਨਕਾਰ
ਉਨ੍ਹਾਂ ਨੂੰ ਗਿਲਾ ਏਸ ਗੱਲ ਦਾ ਏ
ਕਿ ਸਾਰੇ ਰੰਗ ਕਿਉਂ ਇਨ੍ਹਾਂ ਦੀ ਰੂਹ ’ਚ ਘੁਲ਼ ਗਏ
ਸਾਰੇ ਕਾਫ਼ਲੇ ਕਿਉਂ ਇਨ੍ਹਾਂ ਦੀ ਬੋਲੀ ਬੋਲਣ ਲੱਗ ਪਏ
ਪਰਾਏ ਵੀ ਕਿਉਂ ਇਨ੍ਹਾਂ ਦੇ ਹਮਦਰਦ ਬਣ ਗਏ
ਕਿਉਂ ਸ਼ਾਂਤ ਬਰੂਦ ਇਨ੍ਹਾਂ ਦੀ ਕਾਇਆ ’ਚ ਬੀਜੇ ਗਏ
ਏਸੇ ਕਰਕੇ ਉਹ ਲੱਭ ਲਿਆਏ ਨੇ ਫੁੱਟ ਦੇ ਕੀੜੇ
ਪਰ ਉਹ ਨਹੀਂ ਜਾਣਦੇ
ਕਿ ਹਵਾਵਾਂ ’ਚ ਵਿਰਲਾਂ ਨਹੀਂ ਹੁੰਦੀਆਂ
ਜਿਨ੍ਹਾਂ ਵਿਚ ਵੜ ਜਾਣ ਇਹ ਫੁੱਟ ਦੇ ਕੀੜੇ
ਹਰ ਦਿਨ ਹਵਾ ਉੱਚੀ ਹੋ ਕੇ ਵਗ ਰਹੀ ਏ
ਝੂਲਦੇ ਪਰਚਮਾਂ ’ਚੋਂ ਦਸ਼ਮੇਸ਼-ਬਾਣੀ ਗੂੰਜ ਰਹੀ ਏ-
“ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ”
ਹਵਾ ਹੁਣ ਸਾਡੀ ਰੂਹ ਬਣ ਗਈ ਏ
ਸਾਡੇ ਸਾਹਾਂ ਦੇ ਤੀਰ ਬਣ ਗਈ ਏ
ਸਾਡੇ ਸਾਹ ਹੁਣ ਉਨ੍ਹਾਂ ਨੂੰ ਵਿੰਨ ਰਹੇ ਨੇ
ਸਾਡੇ ਸਾਹਾਂ ਤੋਂ ਬਚਣ ਲਈ ਹੁਣ ਉਹ
ਹਵਾ ਦੇ ਉਲਟ ਚਲ ਪਏ ਨੇ
ਹਵਾ ਨੂੰ ਬਦਨਾਮ ਕਰਨ ਲਈ
ਦੇਸ਼ ਧ੍ਰੋਹ ਦੇ ਸ਼ਬਦੀ ਬੰਬ ਚਲਾ ਰਹੇ ਨੇ
ਪਰ ਅੰਦਰੋਂ ਹਵਾ ਦੀ ਰਫਤਾਰ ਤੋਂ ਕੰਬ ਰਹੇ ਨੇ
ਝੂਲਦੇ ਪਰਚਮਾਂ ਤੋਂ ਡਰ ਰਹੇ ਨੇ
ਸੜਕਾਂ ’ਤੇ ਫਿਰਦੇ ਹੜ੍ਹਾਂ ਤੋਂ ਤ੍ਰਹਿ ਰਹੇ ਨੇ
ਹੱਕ ਤੇ ਸੱਚ ਦੀ ਸੰਘੀ ਉਹ ਨਹੀਂ ਘੁੱਟ ਸਕਦੇ
ਕਦੇ ਵੀ ਨਹੀਂ ਘੁੱਟ ਸਕਦੇ ...
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2515)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)